“ਹਾਲਾਤ ਉੱਪਰ ਕਾਬੂ ਪਾਉਣ ਲਈ ਮੌਕੇ ਦੀਆਂ ਸਰਕਾਰਾਂ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ ਅਤੇ ਬੱਚਿਆਂ ਨੂੰ ...”
(15 ਅਪਰੈਲ 2024)
ਇਸ ਸਮੇਂ ਪਾਠਕ: 160.
ਬਰਬਾਦੀ ਸ਼ਬਦ ਦੀ ਵਰਤੋਂ ਆਮ ਤੌਰ ’ਤੇ ਉਹਨਾਂ ਥਾਵਾਂ ਜਾਂ ਕਾਰੋਬਾਰਾਂ ਲਈ ਵਰਤਿਆ ਜਾਂਦਾ ਹੈ, ਜਿੱਥੇ ਕਿਸੇ ਚੀਜ਼ ਦੀ ਹੋਂਦ ਦਾ ਨਾਮੋ-ਨਿਸ਼ਾਨ ਮਿਟ ਗਿਆ ਹੋਵੇ ਜਾਂ ਮਿੱਟਣ ਵਾਲਾ ਹੋਵੇ। ਜੇਕਰ ਅੱਜ-ਕੱਲ੍ਹ ਪੰਜਾਬ ਦੀ ਧਰਤੀ ਅਤੇ ਇਸਦੇ ਪਿੰਡਾਂ-ਸ਼ਹਿਰਾਂ ਵੱਲ ਧਿਆਨ ਨਾਲ ਨਜ਼ਰ ਮਾਰੀਏ ਤਾਂ ਇਸ ਤਰ੍ਹਾਂ ਮਹਿਸੂਸ ਹੋਵੇਗਾ, ਜਿਵੇਂ ਅਖੌਤੀ ਰੰਗਲਾ ਪੰਜਾਬ ਹੁਣ ਬਹੁਤ ਹੀ ਤੇਜ਼ੀ ਨਾਲ ਕੰਗਲਾ ਜਾਂ ਅੱਧ ਉੱਜੜੇ ਪੰਜਾਬ ਦੀ ਝਲਕ ਪੇਸ਼ ਕਰ ਰਿਹਾ ਹੋਵੇ। ਜਿੱਧਰ ਵੀ ਨਜ਼ਰ ਮਾਰੋ, ਸਾਰੇ ਹੀ ਪਿੰਡ ਜਾਂ ਸ਼ਹਿਰ ਇਸ ਤਰ੍ਹਾਂ ਨਜ਼ਰ ਆਉਂਦੇ ਹਨ, ਜਿਵੇਂ ਬੇ-ਵਕਤੀ ਤੇਜ਼ ਬਾਰਸ਼ ਅਤੇ ਵੱਡੇ ਵੱਡੇ ਗੜਿਆਂ ਨੇ ਵਿੱਚੋਂ ਵਿੱਚੋਂ ਕਿਸਾਨਾਂ ਦੀਆਂ ਪੱਕੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹੋਣ। ਇਸ ਭਿਆਨਕ ਬਿਮਾਰੀ ਦਾ ਮੁੱਖ ਕਾਰਨ ਹੈ ਹਰ ਰੋਜ਼ ਖੁੰਬਾਂ ਦੀ ਤਰ੍ਹਾਂ ਉੱਗ ਰਹੇ ਜਾਂ ਕਹਿ ਲਵੋ ਖੁੱਲ੍ਹ ਗਏ ਅਣਗਣਿਤ ਆਈਲੈਟਸ ਕੇਂਦਰ। ਇਸ ਬਿਮਾਰੀ ਨੇ ਦੇਸ਼ ਅਤੇ ਖਾਸ ਕਰਕੇ ਸਾਰਾ ਪੰਜਾਬ ਘੇਰ ਲਿਆ। ਕਿਸੇ ਵੀ ਪਾਸੇ ਨਜ਼ਰ ਮਾਰੋ ਹਰ ਪਾਸੇ ਆਈਲੈਟਸ ਦੇ ਕੇਂਦਰ ਇਸ ਤਰ੍ਹਾਂ ਨਜ਼ਰ ਆਉਣਗੇ ਜਿਵੇਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਗਿਣਤੀ ਘਟ ਗਈ ਹੋਵੇ ਅਤੇ ਆਈਲੈਟਸ ਕੇਂਦਰਾਂ ਦੀ ਗਿਣਤੀ ਵਧ ਗਈ ਹੋਵੇ।
ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਆਈਲੈਟਸ ਕੇਂਦਰਾਂ ਦਾ ਇੱਕ ਹੜ੍ਹ ਜਿਹਾ ਆਇਆ ਜਾਪਦਾ ਹੈ। ਵਪਾਰਿਕ ਸੋਚ ਰੱਖਣ ਵਾਲੇ ਲੋਕਾਂ ਨੇ ਚੱਪੇ ਚੱਪੇ ’ਤੇ ਆਈਲੈਟਸ ਕੇਂਦਰ ਖੋਲ੍ਹਕੇ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਬਣਾ ਲਿਆ। ਇਸ ਤਰ੍ਹਾਂ ਇਹ ਇੱਕ ਕਮਾਊ ਧੰਦਾ ਬਣਨ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਸਮਾਜਿਕ ਗਿਰਾਵਟ ਵਾਲੇ ਖਤਰਨਾਕ ਕਾਰਨਾਮਿਆਂ ਦੇ ਅੱਡਿਆਂ ਦਾ ਰੂਪ ਵੀ ਧਾਰਨ ਕਰ ਚੁੱਕੇ ਹਨ, ਜਿੱਥੇ ਨੇੜਲੇ ਇਲਾਕੇ ਦੇ ਲੜਕੇ ਲੜਕੀਆਂ ਗਲਤ ਸੰਗਤ ਵਿੱਚ ਪੈ ਕੇ ਬੁਰੀਆਂ ਆਦਤਾਂ ਦੇ ਸ਼ਿਕਾਰ ਹੋ ਰਹੇ ਹਨ। ਇੱਥੇ ਹੀ ਬੱਸ ਨਹੀਂ, ਥਾਂ-ਥਾਂ ਇਹ ਵੀ ਚਰਚਾ ਸੁਣਨ ਨੂੰ ਮਿਲਦੀ ਹੈ ਕਿ ਇੱਥੇ ਆਉਣ ਵਾਲੇ 75 ਫੀਸਦੀ ਤੋਂ ਉੱਪਰ ਲੜਕੇ ਲੜਕੀਆਂ ਕੁਸੰਗਤ ਦੇ ਨਾਲ ਨਾਲ ਹਰ ਤਰ੍ਹਾਂ ਦੇ ਨਸ਼ਿਆਂ ਦੇ ਆਦੀ ਹੋਣ ਤੋਂ ਇਲਾਵਾ ਵੱਡੀ ਪੱਧਰ ’ਤੇ ਨਸ਼ੇ ਇੱਧਰ-ਉੱਧਰ ਭੇਜਣ ਦਾ ਧੰਦਾ ਵੀ ਕਰਦੇ ਨਜ਼ਰ ਆਉਂਦੇ ਹਨ। ਇਹ ਵੀ ਸੁਣਿਆ ਗਿਆ ਹੈ ਆਮ ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਆਈਲੈਟਸ ਵਿੱਚੋਂ ਪਾਸ ਕਰਾਉਣ ਅਤੇ ਚੰਗੇ ਬੈਂਡ ਹਾਸਲ ਕਰਨ ਦੇ ਧੰਦੇ ਵਿੱਚ ਵੀ ਵਿਦਿਆਰਥੀਆਂ ਦਾ ਹਰ ਤਰ੍ਹਾਂ ਨਾਲ ਵੱਡੀ ਪੱਧਰ ’ਤੇ ਸ਼ੋਸ਼ਣ ਕੀਤਾ ਜਾਂਦਾ ਹੈ। ਇਹ ਬਿਮਾਰੀ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਵੱਡੀ ਗਿਣਤੀ ਵਿੱਚ ਇਸ ਅੱਗ ਦੇ ਦਰਿਆ ਵਿੱਚ ਅਖੌਤੀ ਰੰਗਲੇ ਪੰਜਾਬ ਦੀ 75 ਫੀਸਦੀ ਅਬਾਦੀ ਨੇ ਅੱਖਾਂ ਬੰਦ ਕਰਕੇ ਛਾਲ ਮਾਰਕੇ ਆਪਣੇ ਪੁਰਖਿਆਂ ਦੀ ਖੂਨ ਪਸੀਨੇ ਨਾਲ ਬਣਾਈ ਜਾਇਦਾਦ ਬਰਬਾਦ ਕਰ ਦਿੱਤੀ।
ਅੱਜ ਕੱਲ੍ਹ ਪਿੰਡਾਂ ਦੀਆਂ ਸੱਥਾਂ ਵਿੱਚ ਆਮ ਖੁੰਡ ਚਰਚਾ ਸੁਣਨ ਨੂੰ ਮਿਲੇਗੀ ਕਿ ਫਲਾਣੇ ਲਾਣੇਦਾਰਾਂ ਦਾ ਮੁੰਡਾ ਫਲਾਣੇ ਦੇਸ਼ ਵਿੱਚ ਗਿਆ ਸੀ, ਉਸ ਨੇ ਉਸ ਪਰਿਵਾਰ ਦੀ ਗਰੀਬੀ ਧੋ ਦਿੱਤੀ। ਇਹੀ ਚਰਚਾ ਵੀ ਘਰਾਂ ਵਿੱਚ ਸੁਣਨ ਨੂੰ ਮਿਲਦੀ ਹੈ ਕਿ ਢਿਮਕੇ ਦਾ ਮੁੰਡਾ ਕੈਨੇਡਾ ਗਿਆ ਸੀ, ਸੁਣਿਆ ਹੈ, ਉੱਥੇ ਉਸ ਨੇ ਟਰਾਲੇ ਪਾ ਲਏ ਹਨ, ਕਰੋੜਾਂ ਦਾ ਮਾਲਕ ਹੈ। ਇਹ ਵੀ ਸੁਣਿਆ ਹੈ ਕਿ ਫਿੱਡਿਆਂ ਦੇ ਦੀਪੇ ਦਾ ਘੁੰਨਾ ਅਤੇ ਤੋਤੀ ਘੁਮਿਆਰ ਦਾ ਮੁੰਡਾ ਠੋਲੂ ਆਸਟਰੇਲੀਆ ਗਏ ਸਨ, ਉਨ੍ਹਾਂ ਨੇ ਮਾਪਿਆਂ ਦੀ ਜ਼ਿੰਦਗੀ ਸੁਧਾਰ ਦਿੱਤੀ ਹੈ। ਹੁਣ ਜਦੋਂ ਵੀ ਉਹ ਡਾਲਰਾਂ ਦੀਆਂ ਪੰਡਾਂ ਬੰਨ੍ਹ ਕੇ ਪਿੰਡ ਆਉਂਦੇ ਹਨ ਤਾਂ ਦੋ ਦੋ ਮਹੀਨੇ ਕਾਰਾਂ ਲੈ ਕੇ ਅਤੇ ਪੰਜ ਪੰਜ ਲੀਟਰਾਂ ਦੀਆਂ ਅੰਗਰੇਜ਼ੀ ਦਾਰੂ ਦੀਆਂ ਬੋਤਲਾਂ ਲੈ ਕੇ ਆਪਣੇ ਘਰ ਦੇ ਬਜ਼ੁਰਗਾਂ ਅਤੇ ਦੋਸਤਾਂ, ਮਿੱਤਰਾਂ ਦੇ ਨਾਲ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਮੌਜਾਂ ਦੇ ਝੂਟੇ ਦਿਵਾਉਂਦੇ ਨਜ਼ਰ ਆਉਂਦੇ ਹਨ।
ਇਹ ਖੁੰਡ ਚਰਚਾ ਦੀਆਂ ਗੱਲਾਂ ਅਤੇ ਰੀਸ ਦੀ ਅੱਗ ਦਾ ਸੇਕ ਆਮ ਘਰਾਂ ਦੀਆਂ ਦਹਿਲੀਜ਼ਾਂ ਦੀਆਂ ਵਿੱਥਾਂ ਵਿਚਦੀ ਦਾਖਲ ਹੋ ਕੇ ਹਜ਼ਾਰਾਂ ਘਰਾਂ ਨੂੰ ਆਪਣੇ ਬੱਚੇ ਬਾਹਰ ਭੇਜਣ ਲਈ ਮਜਬੂਰ ਕਰ ਦਿੰਦਾ ਹੈ। ਇਸ ਤੋਂ ਇਲਾਵਾ ਜੋ ਲੜਕੇ ਲੜਕੀਆਂ ਕੁਝ ਸਮਾਂ ਵਿਦੇਸ਼ਾਂ ਵਿੱਚ ਰਹਿਕੇ ਕਿਸੇ ਕਾਰਨ ਵਾਪਸ ਦੇਸ਼ ਆਉਂਦੇ ਹਨ, ਉਹ ਬਲਦੀ ਅੱਗ ’ਤੇ ਤੇਲ ਪਾਉਣ ਦਾ ਵਧੇਰੇ ਕੰਮ ਕਰਦੇ ਹਨ। ਉਹ ਜਦੋਂ ਵੀ ਦੇਸ਼ ਆਉਂਦੇ ਹਨ ਤਾਂ ਆਪਣੀ ਫੋਕੀ ਟੌਹਰ ਸਾਬਤ ਕਰਨ ਲਈ ਜਿਸ ਵੀ ਹਵਾਈ ਅੱਡੇ ਉੱਪਰ ਉੱਤਰਦੇ ਹਨ, ਹਵਾਈ ਅੱਡੇ ਦੇ ਬਾਹਰ ਖੁੱਲ੍ਹੀਆਂ ਨਕਲੀ ਵਿਦੇਸ਼ੀ ਕੱਪੜਿਆਂ ਦੀਆਂ ਦੁਕਾਨਾਂ ਤੋਂ ਵਿਦੇਸ਼ੀ ਮਾਰਕਾ ਚੀਜ਼ਾਂ ਸਸਤੀ ਕੀਮਤ ’ਤੇ ਖਰੀਦਕੇ ਬੈਗ ਭਰ ਲਿਆਉਂਦੇ ਹਨ, ਜਿਨ੍ਹਾਂ ਨੂੰ ਖੁਦ ਪਹਿਨਕੇ ਅਤੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਵਿੱਚ ਫੋਕੀ ਭੱਲ ਬਣਾਉਣ ਲਈ ਵੰਡਦੇ ਵੀ ਹਨ।
ਇੱਥੇ ਹੀ ਬੱਸ ਨਹੀਂ, ਬਹੁਤ ਸਾਰੇ ਬੱਚੇ ਤਾਂ ਵਿਦੇਸ਼ਾਂ ਵਿੱਚ ਆਪਣੇ ਵੱਲੋਂ ਡਾਲਰਾਂ ਦੇ ਰੂਪ ਕੀਤੀ ਜਾਂਦੀ ਕਮਾਈ ਜ਼ਾਹਰ ਕਰਨ ਲਈ ਹਵਾਈ ਅੱਡਿਆਂ ਦੇ ਬਾਹਰ ਨਕਲੀ ਸੋਨੇ ਅਤੇ ਹੀਰਿਆਂ ਦੀਆਂ ਦੁਕਾਨਾਂ ਤੋਂ ਸਸਤੇ ਰੇਟਾਂ ਤੇ ਖਰੀਦਕੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਵਿੱਚ ਜਗਤ ਵਿਖਾਵੇ ਦੇ ਡਰਾਮੇ ਕਰਕੇ ਗੁਮਰਾਹ ਵੀ ਕਰਦੇ ਹਨ। ਲੜਕੇ ਤਾਂ ਬਿਨਾਂ ਆਬਕਾਰੀ ਟੈਕਸ ਤੋਂ ਹਵਾਈ ਅੱਡਿਆਂ ਵਿੱਚ ਮਿਲਦੀ ਕੋਈ ਸਸਤੀ ਵਿਸਕੀ ਦੀ ਪੰਜ ਲੀਟਰ ਵਾਲੀ ਬੋਤਲ ਲੈਕੇ ਆਪਣੇ ਘਰੇ ਹੀ ਦੋ ਦਿਨਾਂ ਵਿੱਚ ਪੀ ਕੇ ਫਿਰ ਉਸੇ ਵਿਦੇਸ਼ੀ ਵਿਸਕੀ ਵਾਲੀ ਪੰਜ ਲੀਟਰ ਦੀ ਬੋਤਲ ਵਿੱਚ ਆਪਣੇ ਦੇਸ਼ ਦੀ ਬਣੀ ਘਟੀਆ ਤੋਂ ਘਟੀਆ ਵਿਸਕੀ ਭਰਕੇ, ਵਿਦੇਸ਼ੀ ਵਿਸਕੀ ਕਹਿਕੇ, ਕਿਰਾਏ ’ਤੇ ਲੈ ਕੇ ਜਾਂ ਕੋਈ ਆਪਣੀ ਘਰੇ ਖੜ੍ਹੀ ਖਟਕਾਰਾਂ ਜਿਹੀ ਕਾਰ ਵਿੱਚ ਬੈਠਕੇ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਖਾਸ ਕਰਕੇ ਉਨ੍ਹਾਂ ਲੋਕਾਂ ਪਾਸ ਚੱਕਰ ਲਾਉਂਦੇ ਹਨ, ਜਿਹੜੇ ਉਸ ਦੇ ਵਿਦੇਸ਼ ਜਾਣ ’ਤੇ ਈਰਖਾ ਕਰਦੇ ਸਨ ਜਾਂ ਮਖੌਲ ਉਡਾਉਂਦੇ ਸਨ। ਇਸ ਤਰ੍ਹਾਂ ਇਨ੍ਹਾਂ ਵਿਦੇਸ਼ੋਂ ਆਏ ਲੜਕੇ ਲੜਕੀਆਂ ਦੀ ਨਕਲੀ ਅਮੀਰੀ ਅਤੇ ਫੋਕੀ ਚਕਾਚੌਂਧ ਨੂੰ ਵੇਖਕੇ ਉਨ੍ਹਾਂ ਅਤੇ ਉਨ੍ਹਾਂ ਦੇ ਮਾਪਿਆ ਅੰਦਰ ਇੱਕ ਉਤਸੁਕਤਾ ਜਾਂ ਖ਼ਾਹਿਸ਼ ਪੈਦਾ ਹੁੰਦੀ ਹੈ। ਇਸ ਫੋਕੀ ਅਤੇ ਨਕਲੀ ਸ਼ੋਹਰਤ ਨੂੰ ਹਾਸਲ ਕਰਨ ਲਈ ਮਾਪੇ ਅਤੇ ਬੱਚੇ ਹਰ ਕੀਮਤ ’ਤੇ ਵਿਦੇਸ਼ ਜਾਣ ਲਈ ਆਪਣਾ ਅਤੇ ਆਪਣੇ ਮਾਪਿਆਂ ਦਾ ਸਭ ਕੁਝ ਦਾਅ ’ਤੇ ਲਾ ਦਿੰਦੇ ਹਨ। ਇੱਥੋਂ ਤਕ ਕਿ ਬੱਚੇ +2 (ਬਾਰ੍ਹਵੀਂ) ਪਾਸ ਕਰਦੇ ਹੀ ਆਈਲੈਟਸ ਦੇ ਅਗਨੀ ਦਰਿਆ ਵਿੱਚ ਛਾਲ਼ ਮਾਰ ਦਿੰਦੇ ਹਨ ਅਤੇ ਪੁਰਖਿਆਂ ਦੀ ਖੂਨ ਪਸੀਨੇ ਨਾਲ ਬਣਾਈ ਜਾਇਦਾਦ ਅਤੇ ਹੋਰ ਘਰ ਦੀ ਹਰ ਕੀਮਤੀ ਚੀਜ਼ ਵੇਚ ਕੇ ਵਿਦੇਸ਼ ਭੇਜਣ ਲਈ ਤਿਆਰੀ ਕਰ ਲੈਂਦੇ ਹਨ। ਇੰਜ 70% ਬੱਚਿਆਂ ਅਤੇ ਪਰਿਵਾਰਾਂ ਦੀ ਬਰਬਾਦੀ ਦਾ ਮੁੱਢ ਬੱਝ ਜਾਂਦਾ ਹੈ।
ਅੱਜ ਲੋੜ ਹੈ ਸਾਨੂੰ ਉਪਰੋਕਤ ਹਾਲਾਤ ਦੇ ਪੈਦਾ ਹੋਣ ਦੇ ਮੁੱਖ ਕਾਰਨਾਂ ਦੀ ਗੰਭੀਰਤਾ ਨਾਲ ਪੜਤਾਲ ਅਤੇ ਘੋਖ ਕਰਨ ਦੀ ਕਿ ਪੰਜਾਬ ਵਰਗੀ ਦੁਨੀਆਂ ਦੀ ਸਭ ਤੋਂ ਉਪਜਾਉ ਅਤੇ ਹਰ ਤਰ੍ਹਾਂ ਦੇ ਜਲਵਾਯੂ ਦੀ ਵਿਲੱਖਣਤਾ ਨਾਲ ਭਰਭੂਰ ਧਰਤੀ ਦੇ ਲੋਕ ਇੰਨੀ ਤੇਜ਼ੀ ਅਤੇ ਬੇਸਬਰੀ ਨਾਲ ਇੱਥੋਂ ਦੌੜ ਕਿਉਂ ਰਹੇ ਹਨ। ਜਦੋਂ ਵੀ ਕੋਈ ਬੁੱਧੀਮਾਨ ਜਾਂ ਚਿੰਤਕ ਆਦਮੀ ਇਸ ਗੱਲ ਦੀ ਤਹਿ ਤਕ ਜਾ ਕੇ ਪੜਤਾਲ ਕਰੇਗਾ ਤਾਂ ਇਹ ਗੱਲ ਖੁੱਲ੍ਹਕੇ ਸਾਹਮਣੇ ਆਵੇਗੀ ਕਿ ਪੰਜਾਬ ਦੇ ਲੜਕੇ-ਲੜਕੀਆਂ ਦਾ ਇਸ ਤਰ੍ਹਾਂ ਤੇਜ਼ੀ ਨਾਲ ਵਿਦੇਸ਼ਾਂ ਵੱਲ ਦੌੜਨ ਦਾ ਮੁੱਖ ਕਾਰਨ ਸਾਡੀਆਂ ਹੁਣ ਤਕ ਦੀਆਂ ਸਰਕਾਰਾਂ ਦਾ ਆਪਣੇ ਨਿੱਜੀ ਹਿਤਾਂ ਲਈ ਰਾਜ ਗੱਦੀਆਂ ’ਤੇ ਬਿਰਾਜ਼ਮਾਨ ਹੋਣਾ ਅਤੇ ਬੇਰੁਜ਼ਗਾਰ ਬੱਚਿਆਂ ਦੇ ਭਵਿੱਖ ਵੱਲ ਧਿਆਨ ਹੀ ਨਾ ਦੇਣਾ, ਸਿਰਫ ਅਤੇ ਸਿਰਫ ਆਪਣੇ ਲਈ ਜਾਂ ਆਪਣੇ ਸਕੇ ਸੰਬੰਧੀਆਂ ਦੇ ਨਾਲ ਨਾਲ ਆਪਣੇ ਚਮਚਿਆਂ, ਚਹੇਤਿਆਂ ਦੀ ਮਦਦ ਨਾਲ ਸਰਕਾਰੀ ਪੈਸਾ ਹੜੱਪ ਕਰਨਾ ਹੈ। ਇਸ ਤੋਂ ਇਲਾਵਾ ਇੱਕ ਹੋਰ ਕਰਨ ਕੁਝ ਸਾਲਾਂ ਬਾਅਦ ਵਿਦੇਸ਼ੋਂ ਆਏ ਲੜਕੇ-ਲੜਕੀਆਂ ਵੱਲੋਂ ਵਿਦੇਸ਼ਾਂ ਬਾਰੇ ਉੱਥੋਂ ਦੇ ਰਹਿਣ ਸਹਿਣ, ਕਮਾਈ ਅਤੇ ਉੱਥੋਂ ਦੀ ਐਸ਼ਪ੍ਰਸਤ ਜ਼ਿੰਦਗੀ ਦੀਆਂ ਰੰਗੀਨੀਆਂ ਦੇ ਨਾਲ ਨਾਲ ਬਹੁਤ ਸਾਰੇ ਹੋਰ ਤੱਥਾਂ ਦੀਆਂ ਦਿਲਕਸ਼ ਗੱਲਾਂ ਨੂੰ ਵਧਾ ਚੜ੍ਹਾ ਕੇ ਗਲਤ ਤੱਥਾਂ ਨੂੰ ਵੀ ਚੰਗੇ ਕਹਿ ਕੇ ਪੇਸ਼ ਕਰਨਾ ਹੈ। ਉਨ੍ਹਾਂ ਵੱਲੋਂ ਖਰਚਿਆਂ ਅਤੇ ਆਪਣੇ ਕਾਰੋਬਾਰੀ ਕਿੱਤੇ, ਆਮਦਨ ਅਤੇ ਹੋਰ ਚੀਜ਼ਾਂ ਦੀ ਆਜ਼ਾਦੀ ਦੀਆਂ ਗੱਲਾਂ ਕੁਝ ਆਪਣੇ ਕੋਲੋਂ ਲਾ ਕੇ ਵੀ ਬੱਚਿਆਂ ਅੰਦਰ ਵਿਦੇਸ਼ਾਂ ਵਿੱਚ ਜਾਣ ਦੀ ਚਟਕ ਲਾਉਣਾ ਵੀ ਬੱਚਿਆਂ ਨੂੰ ਵਿਦੇਸ਼ਾਂ ਵੱਲ ਖਿੱਚ ਦਾ ਇੱਕ ਵੱਡਾ ਕਾਰਨ ਹੈ। ਬਾਹਰੋਂ ਆਏ ਬੱਚੇ ਜਦੋਂ ਇੱਧਰ ਆਕੇ ਆਪਣੀ ਫੋਕੀ ਟੌਹਰ ਦਾ ਵਿਖਾਵਾ ਕਰਦੇ ਹਨ ਤਾਂ ਇਹ ਚਮਕ ਦਮਕ ਜਾਂ ਚਕਾਚੌਂਧ ਵੇਖਕੇ ਵੀ ਬੱਚੇ ਇਸ ਅੱਗ ਦੇ ਦਰਿਆ ਵਿੱਚ ਆਪਣਾ ਜੀਵਨ ਪਾਰ ਲਾਉਣ ਵਾਲੀ ਕਿਸ਼ਤੀ ਨੂੰ ਠੇਲ਼੍ਹ ਦਿੰਦੇ ਹਨ। ਇਸ ਕੰਮ ਵਿੱਚ ਭੇਡਚਾਲ ਦੀ ਬਿਮਾਰੀ ਵੀ ਬੱਚਿਆਂ ਨੂੰ ਵੱਡੀ ਗਿਣਤੀ ਵਿੱਚ ਖਿੱਚ ਦਾ ਕਾਰਨ ਬਣਾ ਰਹੀ ਹੈ।
ਉਪਰੋਕਤ ਹਾਲਾਤ ਉੱਪਰ ਕਾਬੂ ਪਾਉਣ ਲਈ ਮੌਕੇ ਦੀਆਂ ਸਰਕਾਰਾਂ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ ਅਤੇ ਬੱਚਿਆਂ ਨੂੰ ਹਰ ਖੇਤਰ ਵਿੱਚ ਰੋਜ਼ਗਾਰ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਸੂਬੇ ਵਿੱਚ ਨਿੱਤ ਨਵੇਂ ਖੁੰਬਾਂ ਦੀ ਤਰ੍ਹਾਂ ਉੱਘ ਰਹੇ ਆਈਲੈਟਸ ਕੇਂਦਰਾਂ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਅਤੇ ਪਹਿਲਾਂ ਖੁੱਲ੍ਹ ਚੁੱਕਿਆਂ ਉੱਪਰ ਸਖ਼ਤ ਸ਼ਰਤਾਂ ਤਹਿਤ ਪਾਬੰਦੀਆਂ ਲਾ ਦੇਣੀਆਂ ਚਾਹੀਦੀਆਂ ਹਨ ਕਿ ਉਹ ਸਾਲ ਵਿੱਚ ਇਸ ਤੋਂ ਜ਼ਿਆਦਾ ਬੱਚੇ ਦਾਖ਼ਲ ਨਹੀਂ ਕਰ ਸਕਦੇ। ਜੇਕਰ ਇਸ ਤਰ੍ਹਾਂ ਜਲਦੀ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਇੰਝ ਨਜ਼ਰ ਆਵੇਗਾ ਜਿਵੇਂ ਬੇਮੌਸਮੀ ਬਾਰਸ਼ ਪੈਣ ਕਾਰਨ ਕਿਸਾਨ ਦੇ ਕਣਕ ਦੇ ਖੇਤ ਵਿੱਚ ਉਜਾੜੇ ਜਾਂ ਫਸਲ ਦੀ ਬਰਬਾਦੀ ਦੇ ਚਿੰਨ੍ਹ ਨਜ਼ਰ ਆਉਂਦੇ ਹਨ। ਮੇਰਾ ਸੁਝਾਉ ਜਲਦੀ ਧਿਆਨ ਮੰਗਦਾ ਹੈ। ਜੇ ਚਿੜੀਆਂ ਖੇਤ ਹੀ ਚੁਗ ਗਈਆਂ ਤਾਂ ਫਿਰ ਪਛਤਾਉਣ ਨਾਲ ਕੁਝ ਵੀ ਪੱਲੇ ਨਹੀਂ ਪਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4891)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)