“ਤਿੰਨ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ’ਤੇ ਵੀ ਕੇਂਦਰ ਸਰਕਾਰ ਦੇ ...”
(14 ਜਨਵਰੀ 2024)
ਕੋਟਕਪੂਰਾ ਸ਼ਹਿਰ ਮੇਰੇ ਪਿੰਡ ਤੋਂ ਤਕਰੀਬਨ 20 ਕੁ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਬੱਚਿਆਂ ਦੀ ਸਕੂਲ ਦੀ ਵਰਦੀ, ਬੈਗ, ਕਿਤਾਬਾਂ, ਕਾਪੀਆਂ ਹੁਣ ਤਕ ਉੱਥੇ ਸਥਿਤ ਇੱਕ ਛੋਟੀ ਜਿਹੀ ਦੁਕਾਨ ਤੋਂ ਹੀ ਮਿਲਦੀਆਂ ਹਨ। ਮੈਂ ਤੇ ਮੇਰਾ ਬੇਟਾ ਉਸਦੇ ਸਕੂਲ ਦਾ ਕੁਝ ਸਮਾਨ ਉਸ ਦੁਕਾਨ ਤੋਂ ਲੈ ਕੇ ਵਾਪਸ ਆਉਂਦੇ ਹੋਏ ਖੇਤ ਕਣਕ ਦੀ ਹਾਲਤ ਦੇਖਣ ਲਈ ਰੁਕ ਗਏ। ਇਸ ਵਾਰ ਤਾਂ ਕਣਕ ਦਾ ਪਾਲਣ ਪੋਸਣ ਨਵ-ਜੰਮੇ ਬੱਚੇ ਤੋਂ ਵੀ ਔਖਾ ਹੋਇਆ ਪਿਆ ਸੀ। ਕਿਸੇ ਦਾ ਅੰਦਾਜ਼ਾ ਸੀ ਕਿ ਕਣਕ ਨੂੰ ਗੁਲਾਬੀ ਸੁੰਡੀ ਹੈ, ਕੋਈ ਕਹੇ ਪਰਾਲੀ ਦੀ ਗਰਮੀ ਕਰਕੇ ਬੂਟੇ ਸੁੱਕ ਰਹੇ ਹਨ। ਕੋਈ ਆਖੇ ਸੁਪਰ ਸੀਡਰ ਨੇ ਜ਼ਮੀਨ ਨੂੰ ਪੋਲੀ ਕਰ ਦਿੱਤਾ, ਜਿਸ ਕਰਕੇ ਇਸਦੀ ਜੜ੍ਹ ਉੱਪਰ ਰਹਿ ਗਈ ਤੇ ਪਾਣੀ ਲਾਉਣ ਤੋਂ ਬਾਅਦ ਬੂਟਾ ਸੁੱਕ ਗਿਆ ਤੇ ਫਿਰ ਸੁੰਡੀ ਨੇ ਅਟੈਕ ਕਰ ਦਿੱਤਾ। ਸੁੰਡੀ ਦਿਨ-ਬ-ਦਿਨ ਵਾਹਣ ਨੂੰ ਵਿਹਲਾ ਕਰੀ ਜਾ ਰਹੀ ਸੀ। ਪਾਣੀ ਲਾ ਦਿੱਤਾ ਸੀ ਤੇ ਵੱਤਰ ਆਉਣ ਤਕ ਕਣਕ ਬੀਜਣ ਦਾ ਸਮਾਂ ਨਿਕਲ ਜਾਣਾ ਸੀ। ਚਿੱਤ ਟਿਕਾਣੇ ਰੱਖਣਾ ਵੀ ਔਖਾ ਸੀ। ਮੁਸ਼ਕਿਲ ਦਾ ਹੱਲ ਸਮਝੋ ਸੀ। ‘ਭਲਾ ਹੁਣ ਸਰਕਾਰਾਂ ਤੋਂ ਪੁੱਛੀਏ ਕਿ ਕੀ ਹੱਲ ਕਰੀਏ?’ ਇਹ ਸ਼ਬਦ ਮੇਰੇ ਜ਼ਿਹਨ ਵਿੱਚੋਂ ਨਿਕਲ ਕੇ ਬੁੱਲ੍ਹਾਂ ’ਤੇ ਆ ਗਏ। ਤਦ ਨੂੰ ਬੇਟਾ ਬੋਲ ਪਿਆ, “ਪਾਪਾ ਜੀ, ਆਪਣੇ ਐਡੇ ਖੇਤ ਆ ਤੇ ਚੀਜ਼ ਵਿਕਦੀ ਨਹੀਂ … … ਕਮਾਈ ਵੀ ਘੱਟ ਆ … … ਉੱਥੇ ਦੇਖਿਆ ਸੀ, ਭੋਰਾ ਜਿੰਨੀ ਦੁਕਾਨ ’ਤੇ ਕਿੰਨਾ ਸਾਮਾਨ ਵਿਕ ਰਿਹਾ ਸੀ। ਛੇਤੀ ਵਾਰੀ ਨਹੀਂ ਆ ਰਹੀ ਸੀ, ਉਨ੍ਹਾਂ ਨੂੰ ਕਿੰਨੀ ਕਮਾਈ ਹੋਵੇਗੀ … … ਹਨਾਂ?”
“ਹੂੰ!” ਬੋਲ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਏ। ਮੇਰਾ ਅਸਲ ਧਿਆਨ ਤਾਂ ਸਾਹਮਣੇ ਵਾਲੇ ਖੇਤ ਵੱਲ ਸੀ। ਮੈਂ ਮੋਟਰ ਸਾਇਕਲ ਦੀ ਕਿੱਕ ਮਾਰੀ ਤੇ ਅਸੀਂ ਘਰ ਆ ਗਏ। ਘਰ ਪਿਤਾ ਜੀ ਐੱਲ.ਈ.ਡੀ ਉੱਪਰ ਖਬਰਾਂ ਸੁਣ ਰਹੇ ਸਨ। ਖਬਰਾਂ ਕਿਰਸਾਨੀ ਅੰਦੋਲਨ ਦੀਆਂ ਸਨ, ਜਿਨ੍ਹਾਂ ਵਿੱਚ ਜਗਜੀਤ ਸਿੰਘ ਡੱਲੇਵਾਲ ਦੀਆਂ ਤਸਵੀਰਾਂ ਅਤੇ ਵੀਡੀਓ ਬਾਰੇ ਪ੍ਰੈੱਸ ਰਿਪੋਰਟਰ ਰਿਪੋਰਟ ਪੇਸ਼ ਕਰਦੇ ਕਹਿ ਰਹੇ ਸਨ, “ਡੱਲੇਵਾਲ ਨੂੰ ਇੰਨੇ ਦਿਨ ਬੀਤ ਗਏ ਮਰਨ ਵਰਤ ’ਤੇ ਬੈਠਿਆਂ, ਕਿਸੇ ਸਰਕਾਰ ਨੇ ਉਹਨਾਂ ਦੀ ਅਜੇ ਤਕ ਸਾਰ ਨਹੀਂ ਲਈ। ਹੁਣ ਤਾਂ ਉਨ੍ਹਾਂ ਦੀ ਸਿਹਤ ਵਿੱਚ ਵੀ ਦਿਨ-ਬ-ਦਿਨ ਖਾਸਾ ਨਿਘਾਰ ਆ ਰਿਹਾ ਹੈ। ਹਾਲਤ ਚਿੰਤਾਜਨਕ ਹੈ। ...”
ਮੈਨੂੰ ਲੱਗਾ ਕਿ ਸਰਕਾਰਾਂ ਜੋ ਆਪਣੇ ਆਪ ਨੂੰ ਸਭ ਦਾ ਮਾਈ-ਬਾਪ ਸਮਝਦੀਆਂ ਹਨ, ਉਹ ਵੀ ਬਾਂਹ ਫੜਨ ਤੋਂ ਮੁਨਕਰ ਹੋ ਰਹੀਆਂ ਹਨ। ਇਸਦਾ ਮਤਬਲ ਹੁਣ ਭਵਿੱਖ ਦਾ ‘ਅੱਲਾ ਬੇਲੀ’ ਹੈ। ਦੂਸਰੇ ਪਾਸੇ ਧਨੀ ਰਾਮ ਚਾਤ੍ਰਿਕ ਦੀਆਂ ਲਿਖੀਆਂ ਕੁਝ ਸਤਰਾਂ ਦਿਮਾਗ ਵਿੱਚ ਘੁੰਣ ਲੱਗੀਆਂ,
ਹਾਏ ਓ ਰੱਬਾ ਡਾਢਿਆ! ਕੀ ਬਣੀਆਂ ਮੇਰੇ ਨਾਲ,
ਮਰ ਗਿਆ ਕਰਦਾ ਮਿਹਨਤਾਂ, ਓੜਕ ਭੈੜਾ ਹਾਲ।
ਪਤਾ ਨਹੀਂ ਕੀ ਕੀ ਵਿਚਾਰ ਚਿੱਤ ਨੂੰ ਚਿਤਵਣੀ ਜਿਹੀ ਲਾ ਰਹੇ ਸਨ। ਸਿਆਣੇ ਕਹਿੰਦੇ ਹਨ ‘ਇਕੱਠ ਲੋਹੇ ਦੀ ਲੱਠ’। ਕਿਸਾਨ ਦਿੱਲੀ ਦੀਆਂ ਬਰੂਹਾਂ ਉੱਪਰ ਇੱਕ ਸਾਲ ਤੋਂ ਵੱਧ ਸਮਾਂ ਬੈਠੇ ਰਹੇ। ਆਖਰ ਇਕੱਠ ਅੱਗੇ ਝੁਕੀ ਸਰਕਾਰ ਨੇ ਤਿੰਨੋਂ ਖੇਤੀ ਬਿੱਲ ਵਾਪਸ ਲੈਣ ਅਤੇ ਘੱਟੋ ਘੱਟ ਖਰੀਦ ਕੀਮਤ ਨਿਸ਼ਚਿਤ ਕਰਨ ਦਾ ਵਾਅਦਾ ਕਰ ਲਿਆ। ਕਿਸਾਨਾਂ ਨੇ ਕੇਂਦਰ ਸਰਕਾਰ ’ਤੇ ਵਿਸ਼ਵਾਸ ਕਰਦਿਆਂ ਹੋਇਆਂ ਧਰਨਾ ਚੁੱਕ ਕੇ ਘਰ ਵਾਪਸੀ ਕਰ ਲਈ। ਨਿਰਾਸ਼ਜਨਕ ਖਬਰ ਇਹ ਰਹੀ ਕਿ ਇਸ ਸੰਘਰਸ਼ ਵਿੱਚ 700 ਤੋਂ ਵੱਧ ਕਿਸਾਨਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ। ਵਿਧਾਨ ਸਭਾ ਇਲੈਕਸ਼ਨਾਂ ਵਿੱਚ ਇਹ ਕਿਸਾਨ ਜਥੇਬੰਦੀਆਂ ਫਾੜੀ-ਫਾੜੀ ਹੋ ਗਈਆਂ।
ਤਿੰਨ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ’ਤੇ ਵੀ ਕੇਂਦਰ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ, ਨਾ ਹੀ ਇਹ ਕਿਸਾਨ ਯੂਨੀਅਨਾਂ ਇੱਕ ਹੋ ਸਕੀਆਂ। ਕੁਝ ਕੁ ਯੂਨੀਅਨਾਂ ਨੇ ਫਿਰ ਸੰਘਰਸ਼ ਦਾ ਝੰਡਾ ਚੁੱਕ ਕੇ ਦਿੱਲੀ ਵੱਲ ਚਾਲੇ ਪਾ ਦਿੱਤੇ। ਇਸ ਵਾਰ ਚੌਕੰਨੀ ਸਰਕਾਰ ਨੇ ਇਨ੍ਹਾਂ ਨੂੰ ਪੰਜਾਬ ਪਾਰ ਨਾ ਕਰਨ ਦਿੱਤਾ। ਸੰਤ ਰਾਮ ਉਦਾਸੀ ਨੇ ਜੋ ਬਿਆਨਿਆਂ, ਉਹ ਬਿਲਕੁਲ ਸੱਚ ਜਾਪਦਾ ਹੈ,
ਜਿੱਥੇ ਲੋਕ ਬੜੇ ਮਜਬੂਰ ਜਿਹੇ
ਦਿੱਲੀ ਦੇ ਦਿਲ ਤੋਂ ਦੂਰ ਜਿਹੇ
ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ
ਜਿੱਥੇ ਮਰ ਕੇ ਚਾਂਭਲ ਜਾਂਦੇ ਹਨ ਭੂਤ ਜਠੇਰੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।
ਕੁਝ ਆਪਣੇ ਹੀ ਆਪਣਿਆਂ ਨੂੰ ਸੰਨ੍ਹ ਲਾਉਣ ਲੱਗ ਪਏ। ਕਈ ਕਿਸਾਨ ਯੂਨੀਅਨਾਂ ਨੇ ਤਾਂ ਇਸ ਵਿਦਰੋਹ ਦੀ ਨਿੰਦਿਆ ਵੀ ਕੀਤੀ। ਸਰਕਾਰਾਂ ਦਾ ਕੰਮ ਖੁਦ-ਬ-ਖੁਦ ਆਪ ਹੀ ਹੋਣ ਲੱਗ ਪਿਆ। ਨਾ ਤਾਂ ਇਸ ਵਾਰ ਸੰਘਰਸ਼ ਉੰਨਾ ਜ਼ੋਰ ਫੜ ਸਕਿਆ ਅਤੇ ਨਾ ਹੀ ਸਰਕਾਰਾਂ ਉੱਪਰ ਉਹ ਪ੍ਰਭਾਵ ਪਿਆ। ਆਖਰ ਮਰਦੇ ਬੰਦੇ ਨੂੰ ਅੱਕ ਚੱਬਣਾ ਹੀ ਪੈਂਦਾ ਹੈ। ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਰੱਖ ਕੇ ਸਭ ਨੂੰ ਜਗਾ ਦਿੱਤਾ। ਚਾਰ-ਚੁਫੇਰੇ ਹਲਚਲ ਵਧ ਗਈ। ਜੇ ਬਾਕੀ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਕੇ ਦੇਖ ਦੇਈਏ ਤਾਂ ਤਰਸ ਕਰਕੇ ਉਸ ਇਨਸਾਨ ਦੀ ਜਾਨ ਦਾ ਫਿਕਰ ਕਰਦੇ ਹੋਏ ਹੁਣ ਇਨ੍ਹਾਂ ਸਭ ਯੂਨੀਅਨਾਂ ਨੂੰ ਫਿਰ ਤੋਂ ਇੱਕ ਮੁੱਠ ਹੋ ਜਾਣਾ ਚਾਹੀਦਾ ਹੈ। ਜਿਸ ਇਨਸਾਨ ਨੇ ਸਭ ਦੇ ਲਈ ਆਪਣੀ ਜਾਨ ਦੀ ਬਾਜ਼ੀ ਲਾਈ ਹੈ, ਉਸ ਲਈ ਅਰਦਾਸ ਬੇਨਤੀ ਦੇ ਨਾਲ ਨਾਲ ਉਸ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਾ ਚਾਹੀਦਾ ਹੈ। ਸਰਕਾਰਾਂ ਨੂੰ ਵੀ ਘੇਸਲ ਮਾਰ ਕੇ ਨਹੀਂ ਬਹਿਣਾ ਚਾਹੀਦਾ, ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਆਉਣ ਵਾਲੇ ਨਤੀਜਿਆਂ ਪ੍ਰਤੀ ਸੁਹਿਰਦਤਾ ਦਿਖਾਉਣੀ ਚਾਹੀਦੀ ਹੈ। ਕਿਤੇ ਇਹ ਨਾ ਹੋਵੇ ਕਿ ਇਹ ਕਿਸਾਨੀ ਸੰਘਰਸ਼ ਕਿਸੇ ਹੋਰ ਪਾਸੇ ਵੱਲ ਮੋੜਾ ਕੱਟ ਜਾਵੇ। ਆਪਸੀ ਤਣਾਅ ਨਾ ਪਨਪ ਪਵੇ। ਕਿਸਾਨੀ ਇੰਨੀ ਸੌਖੀ ਨਹੀਂ ਜਿੰਨੀ ਛੱਤ ਹੇਠ ਜ਼ਿੰਦਗੀ ਗੁਜ਼ਾਰ ਰਹੇ ਲੋਕ ਸਮਝਦੇ ਹਨ। ਇਹ ਸੱਪ-ਸਪੋਲੀਆਂ ਦੀਆਂ ਸਿਰੀਆ ਮਿੱਧ ਕੇ, ਪੈਰ ਕੰਢਿਆਂ ’ਤੇ ਟਿਕਾ ਕੇ, ਜੇਠ ਹਾੜ੍ਹ ਦੀਆਂ ਧੁੱਪਾਂ ਅਤੇ ਲੂ ਨਾਲ ਖੂਨ ਕਾਲਾ ਕਰਕੇ ਸਿਰੇ ਲਗਦੀ ਹੈ। ਇਸ ਸੰਬੰਧੀ ਧਨੀ ਰਾਮ ਚਾਤ੍ਰਿਕ ਲਿਖਦਾ ਹੈ,
ਸਿਖਰ ਦੁਪਹਿਰੇ ਜੇਠ ਦੀ, ਵਰ੍ਹਨ ਪਏ ਅੰਗਿਆਰ,
ਲੋਆਂ ਵਾਉ-ਵਰੋਲਿਆਂ, ਰਾਹੀ ਲਏ ਖਲਾਰ।
ਲੋਹ ਤਪੇ ਜਿਉਂ ਪ੍ਰਿਥਵੀ, ਭਖ ਲਵਣ ਅਸਮਾਨ,
ਪਸ਼ੂਆਂ ਜੀਭਾਂ ਸੁੱਟੀਆਂ, ਪੰਛੀ ਭੁੱਜਦੇ ਜਾਣ।
ਅਜਿਹੇ ਹਾਲਾਤ ਜੋ ਕਵੀ ਨੇ ਬਿਆਨ ਕੀਤੇ ਹਨ, ਸੋਚੋ ਕਿ ਧੁੱਪ ਸਿਰ ਉੱਤੋਂ ਦੀ ਲੰਘਾਉਣੀ ਕਿੰਨੀ ਕਠਿਨ ਪ੍ਰਤੀਤ ਹੁੰਦੀ ਹੈ। ਨਾ ਹੀ ਸਰਦੀ ਵਿੱਚ ਖੇਤ ਬਲੋਅਰ ਜਾਂ ਹੀਟਰ ਲੱਗੇ ਹੁੰਦੇ ਹਨ। ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਵਿਭਿੰਨੀ ਖੇਤੀ ਦਾ ਹੱਲ ਲੱਭਣ, ਪਰਾਲੀ ਦਾ ਹੱਲ ਲੱਭਣ। ਬੀਮਾ ਯੋਜਨਾ ਆਦਿ ਸ਼ੁਰੂ ਕਰਨ। ਦੂਜੇ ਦੇਸ਼ਾਂ ਨਾਲ ਫਸਲੀ ਵਾਪਾਰ ਰਾਹੀਂ ਵੱਧ ਤੋਂ ਵੱਧ ਮੁਨਾਫਾ ਕਮਾਉਣ। ਸਰਮਾਏਦਾਰੀ ਤੋਂ ਬਿਨਾਂ ਜ਼ਿਮੀਦਾਰ ਅਤੇ ਕਿਸਾਨ ਵੀ ਤਕਨੀਕੀ ਖੇਤੀ ਕਰ ਸਕਦੇ ਹਨ। ਯੋਜਨਾਵਾਂ ਸਰਕਾਰਾਂ ਨੇ ਬਣਾਉਣੀਆਂ ਹਨ ਅਤੇ ਅਮਲ ਕਿਸਾਨਾਂ ਨੇ ਕਰਨਾ ਹੈ। ਕਿਸਾਨ ਤਾਂ ਖੁਦ ਬੇਸਬਰੀਆਂ ਨਿਗਾਹਾਂ ਨਾਲ ਸਰਕਾਰਾਂ ਵੱਲ ਦੇਖਦੇ ਹਨ। ਸਰਕਾਰਾਂ ਦਾ ਫਰਜ਼ ਬਣਦਾ ਕਿ ਕਿਸਾਨਾਂ ਤੋਂ ਬੇਮੁੱਖ ਨਾ ਹੋਣ, ਸਗੋਂ ਕਿਸਾਨਾਂ ਦੀ ਬਾਂਹ ਫੜਨ, ਜਿਸ ਤਰ੍ਹਾਂ ਕਿਸਾਨੀ ਦੀ ਬਾਂਹ ਫੜ ਕੇ 1966-67 ਵਿੱਚ ਕ੍ਰਾਂਤੀ ਲਿਆਂਦੀ ਸੀ, ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਦਿੱਤਾ ਸੀ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5616)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)