“ਲੇਖਕਾਂ ਦਾ ਫਰਜ਼ ਬਣਦਾ ਹੈ ਕਿ ਉੱਚਾ-ਸੁੱਚਾ, ਸ਼ੁੱਧ ਅਤੇ ਸੱਚ ਬੇਝਿਜਕ ਹੋ ਕੇ ਬਿਆਨ ਕਰਨ ...”
(26 ਅਗਸਤ 2018)
ਸਾਹਿਤ ਵਿਅਕਤੀ ਦੀ ਰੂਹ ਦੀ ਖੁਰਾਕ ਹੁੰਦਾ ਹੈ। ਸਾਹਿਤਕਾਰ ਵਿਅਕਤੀ ਨੂੰ ਬੁੱਧੀਮਾਨ ਅਤੇ ਸੂਝਵਾਨ ਮੰਨਿਆ ਜਾਂਦਾ ਹੈ। ਹੁਣ ਤੱਕ ਇਸ ਵਰਗ ਨੇ ਸਮਾਜ ਵਿੱਚ ਜਾਗਰਤੀ ਲਿਆਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਉੰਨੀ ਤਾਕਤ ਹਥਿਆਰਾਂ ਵਿੱਚ ਨਹੀਂ ਹੁੰਦੀ ਜਿੰਨੀ ਕਿ ਕਲਮ ਵਿੱਚ ਹੁੰਦੀ ਹੈ। ਉਸ ਵਿਅਕਤੀ ਨੂੰ ਕਰਮਯੋਗੀ ਮੰਨਿਆ ਜਾਂਦਾ ਹੈ, ਜਿਸਦੇ ਹੱਥ ਵਿੱਚ ਕਲਮ ਦੀ ਦਾਤ ਦੀ ਬਖਸ਼ਸ਼ ਹੁੰਦੀ ਹੈ। ਇਸੇ ਤਰ੍ਹਾਂ ਦੀ ਹੀ ਨਾਮਵਰ ਲੇਖਕਾ ਪ੍ਰਭਜੋਤ ਕੌਰ ਢਿੱਲੋਂ (ਮੁਹਾਲੀ) ਹੈ, ਜਿਨ੍ਹਾਂ ਦੀ ਕਲਮ ਵਿੱਚ ਸਾਹਸ, ਦਲੇਰੀ, ਨਿਡਰਤਾ, ਸਚਾਈ, ਤਿੱਖੀ ਚੋਭ ਆਦਿ ਗੁਣ ਸ਼ਾਮਲ ਹਨ। ਨਿਡਰਤਾ - ਦਲੇਰੀ ਇਕੱਲੀ ਕਲਮ ਵਿੱਚ ਹੀ ਨਹੀਂ ਹੈ। ਕਿਸੇ ਮੁਲਾਜ਼ਮ, ਅਫ਼ਸਰ ਜਾਂ ਨੇਤਾ ਦੇ ਮੱਥੇ ਬੜੀ ਬਹਾਦਰੀ ਨਾਲ ਲੱਗਣ ਦੀ ਜ਼ੁਰਅਤ ਰੱਖਣ ਵਾਲੀ ਔਰਤ ਹੈ। ਇਹ ਲੇਖਕਾ ਸਮਾਜ ਸੇਵੀ ਕੰਮਾਂ ਅਤੇ ਕਲਮ ਰਾਹੀਂ ਦੇਸ਼ ਦੀਆਂ ਨਾਮਵਾਰ ਔਰਤਾਂ ਦੀ ਕਤਾਰ ਵਿੱਚ ਆਣ ਖੜ੍ਹੀ ਹੈ।
ਪ੍ਰਭਜੋਤ ਕੌਰ ਢਿੱਲੋਂ ਦਾ ਜਨਮ 2 ਦਸੰਬਰ 1958 ਵਿੱਚ ਪਿੰਡ ਭੁੱਲਰ ਬੇਟ, ਜ਼ਿਲ੍ਹਾ ਕਪੂਰਥਲਾ ਵਿੱਚ ਪਿਤਾ ਸਵਰਗੀ ਸਰਦਾਰ ਬਲਵੰਤ ਸਿੰਘ ਭੁੱਲਰ ਅਤੇ ਮਾਤਾ ਸ੍ਰੀਮਤੀ ਪ੍ਰਿਤਪਾਲ ਕੌਰ ਭੁੱਲਰ (ਸਿਹਤ ਵਿਭਾਗ) ਜੀ ਦੀ ਕੁੱਖੋਂ ਹੋਇਆ। ਪਿਤਾ ਜੀ ਬਤੌਰ ਸਕੂਲ ਮੁਖੀ ਰਿਟਾਇਰਡ ਹੋਏ। 2012 ਵਿੱਚ ਅਚਾਨਕ ਹੀ ਪਿਤਾ ਜੀ ਨੂੰ ਹਰਟ ਅਟੈਕ ਆ ਜਾਣ ਕਰਕੇ, ਉਹ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਇਹ ਇਨ੍ਹਾਂ ਦੀ ਜ਼ਿੰਦਗੀ ਦੇ ਬਹੁਤ ਨਿਰਾਸ਼ਾਜਨਕ ਅਤੇ ਦੁੱਖਦਾਇੱਕ ਪਲ ਸਨ। ਪ੍ਰਭਜੋਤ ਕੌਰ ਢਿੱਲੋਂ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਇਨ੍ਹਾਂ ਦੇ ਇਸ ਸ਼ੌਕ ਨੂੰ ਉਦੋਂ ਫਲ ਲੱਗਿਆ ਜਦ ਕਾਲਜ ਦੀ ਪੜ੍ਹਾਈ ਸਮੇਂ ਕਵਿਤਾਵਾਂ ਅਤੇ ਲੇਖ ਲਿਖਣ ਦੀ ਚੇਟਕ ਲੱਗ ਗਈ। ਸੰਨ 1980 ਵਿੱਚ ਡੀ.ਏ.ਵੀ ਕਾਲਜ ਜਲੰਧਰ ਤੋਂ ਐੱਮ.ਏ ਪੰਜਾਬੀ ਤੱਕ ਦੀ ਪੜ੍ਹਾਈ ਕੀਤੀ। ਐੱਮ.ਏ ਦੀ ਪੜ੍ਹਾਈ ਦੌਰਾਨ ਹੀ ਕਾਲਜ ਦੇ ਮੈਗਜ਼ੀਨ ਵਿੱਚ ਇਨ੍ਹਾਂ ਦੀਆਂ ਕੁੱਝ ਰਚਨਾਵਾਂ ਵੀ ਛਪੀਆਂ। ਇਹ ਸਮਾਂ ਇਨ੍ਹਾਂ ਲਈ ਇਹ ਬੜੇ ਮਾਣ ਵਾਲਾ ਸੀ। ਕਾਲਜ ਵਿੱਚ ਇਨ੍ਹਾਂ ਨੇ ਲੜਕੀਆਂ ਦੇ ਗਿੱਧੇ ਦੀ ਟੀਮ ਦੀ ਅਗਵਾਈ ਵੀ ਕੀਤੀ। ਸਾਹਿਤ ਪੜ੍ਹਨਾ-ਲਿਖਣਾ ਅਤੇ ਗਿੱਧਾ ਹੀ ਇਸ ਲੇਖਿਕਾ ਦੇ ਮੁੱਖ ਸ਼ੌਕ ਸਨ।
1982 ਵਿੱਚ ਇਨ੍ਹਾਂ ਦਾ ਵਿਆਹ ਅਮਰਜੀਤ ਸਿੰਘ ਢਿੱਲੋਂ ਵਾਸੀ ਜੱਲੂਵਾਲ (ਜ਼ਿਲ੍ਹਾ ਅਮ੍ਰਿਤਸਰ) ਜੋ ਕਿ ਇੰਡੀਅਨ ਏਅਰ ਫੋਰਸ ਵਿਚ ਬਤੌਰ ਫਲਾਈਟ ਲੈਫਟੀਨੈਂਟ ਅਫਸਰ ਸਨ ਨਾਲ ਹੋਇਆ। ਮਾਤਾ-ਪਿਤਾ ਤੋਂ ਇਲਾਵਾ ਪਰਿਵਾਰ ਵਿੱਚ ਸਰਦਾਰ ਅਮਰਜੀਤ ਸਿੰਘ ਹੋਰੀਂ ਦੋ ਭਰਾ ਅਤੇ ਦੋ ਭੈਣਾਂ ਸਨ। ਵਿਆਹ ਤੋਂ ਕੁਝ ਸਮੇਂ ਬਾਅਦ ਇਨ੍ਹਾਂ ਦੇ ਘਰ ਇੱਕ ਬੇਟੇ ਅਮਨਜੋਤ ਸਿੰਘ ਨੇ ਜਨਮ ਲਿਆ। ਪ੍ਰਭਜੋਤ ਕੌਰ ਢਿੱਲੋਂ ਨੇ ਇੱਕ ਪਤਨੀ, ਨੂੰਹ ਅਤੇ ਮਾਂ ਦੇ ਰੂਪ ਵਿੱਚ ਉੱਤਮ ਭੂਮਿਕਾ ਨਿਭਾਈ। ਇਨ੍ਹਾਂ ਦੀ ਵਧੀਆ ਦੇਖ-ਭਾਲ ਸਦਕਾ ਹੀ ਬੇਟਾ ਅੱਜ ਐੱਚ.ਡੀ.ਐੱਫ.ਸੀ ਬੈਂਕ ਵਿੱਚ ਬਤੌਰ ਸੀਨੀਅਰ ਮੈਨੇਜਰ ਸੇਵਾਵਾਂ ਨਿਭਾ ਰਿਹਾ ਹੈ। ਪ੍ਰਭਜੋਤ ਕੌਰ ਦਾ ਲੇਖਕ ਉਸ ਸਮੇਂ ਬਾਹਰ ਨਿਕਲਿਆ ਜਦੋਂ ਇਨ੍ਹਾਂ ਦੀ ਮੁਲਾਕਾਤ ਸਾਹਿਤਕਾਰ ਅਤੇ ਪ੍ਰੈੱਸ ਰਿਪੋਰਟਰ ਸਰਦਾਰ ਗੁਰਦਰਸ਼ਨ ਸਿੰਘ ਬਾਹੀਆ, ਰਾਮਪੁਰਾ ਫੂਲ ਨਾਲ ਹੋਈ। ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਸਦਕਾ ਇਨ੍ਹਾਂ ਨੂੰ 1989 ਤੋਂ ਅਲੱਗ-ਅਲੱਗ ਅਖ਼ਬਾਰਾਂ ਤੇ ਮੈਗਜ਼ੀਨਾਂ ਵਿੱਚ ਛਪਣ ਦਾ ਸੁਭਾਗ ਪ੍ਰਾਪਤ ਹੋਇਆ।
ਇਨ੍ਹਾਂ ਨੇ ਜ਼ਿਆਦਾਤਰ ਸਮਾਂ ਆਪਣੇ ਪਤੀ ਨਾਲ ਪੰਜਾਬ ਤੋਂ ਬਾਹਰ ਰਹਿ ਕੇ ਹੀ ਬਿਤਾਇਆ। 1995-2005 ਤੱਕ ਆਗਰੇ ਅਤੇ ਵੱਖ-ਵੱਖ ਏਅਰ ਫੋਰਸ ਸਟੇਸ਼ਨਾਂ ’ਤੇ ਰਹਿਣ ਕਰਕੇ ਇਹ ਪੰਜਾਬੀ ਸਾਹਿਤ ਅਤੇ ਪੰਜਾਬੀਅਤ ਨਾਲੋਂ ਟੁੱਟੇ ਰਹੇ। ਆਪਣੇ ਪਤੀ ਨਾਲ ਇਹ ਦਿੱਲੀ, ਪੂਨਾ, ਸ੍ਰੀਨਗਰ, ਚੰਡੀਗੜ੍ਹ, ਆਗਰਾ, ਬਹਿਰਾਮਪੁਰ ਆਦਿ ਸ਼ਹਿਰਾਂ ਵਿਖੇ ਰਹਿ ਚੁੱਕੇ ਹਨ। ਇਨ੍ਹਾਂ ਦੇ ਪਤੀ ਸ. ਅਮਰਜੀਤ ਸਿੰਘ ਨੂੰ ਵੀ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਹੈ, ਜਿਨ੍ਹਾਂ ਨੇ ਹਮੇਸ਼ਾ ਹੀ ਇਨ੍ਹਾਂ ਨੂੰ ਸਮਾਜਿਕ ਵਿਸ਼ਿਆਂ ਉੱਪਰ ਲਿਖਣ ਲਈ ਪ੍ਰੇਰਿਆ। ਅਜਿਹੇ ਯਤਨਾਂ ਸਦਕਾ 2005 ਤੋਂ ਇਨ੍ਹਾਂ ਦੀ ਕਲਮ ਨੂੰ ਹੋਰ ਬਲ ਮਿਲਿਆ।
2008 ਵਿੱਚ ਸਰਦਾਰ ਅਮਰਜੀਤ ਸਿੰਘ ਜੀ ਦੀ ਰਿਟਾਇਰਮੈਂਟ ਦਿੱਲੀ ਤੋਂ ਬਤੌਰ ਗਰੁੱਪ ਕੈਪਟਨ (ਫੌਜ ਦੇ ਫੁੱਲ ਕਰਨਲ ) ਦੇ ਅਹੁਦੇ ਤੋਂ ਹੋਈ। ਇਨ੍ਹਾਂ ਨੇ ਸੱਚਾਈ, ਨਿਡਰਤਾ, ਨਿਰਪੱਖ, ਸਚਾਰੂ ਤੇ ਅਗਾਂਹ ਵਧੂ ਅਣਗਿਣਤ ਲੇਖ ਲਿਖ ਕੇ ਸਾਹਿਤ ਦੀ ਝੋਲੀ ਪਾਏ। ਇਹਨਾਂ ਨੇ ਆਮ ਤੌਰ ’ਤੇ ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ, ਸਮਾਜਕ ਕੁਰੀਤੀਆਂ, ਨਿੱਘਰਦੇ ਸਿਸਟਮ, ਬਜ਼ੁਰਗ ਮਾਪਿਆਂ ਦੀ ਬੁਰੀ ਹਾਲਤ, ਨਸ਼ੇ, ਪਰਦੂਸ਼ਣ, ਭਿਆਨਕ ਬਿਮਾਰੀਆਂ, ਦੇਸ਼ ਦੀ ਖਸਤਾ ਹਾਲਤ, ਭਰੂਣ ਹੱਤਿਆ, ਡੰਡਾਤੰਤਰ, ਮਹਿੰਗਾਈ, ਗ਼ਰੀਬੀ ਆਦਿ ਪੇਚੀਦਾ ਮਸਲਿਆਂ ਉੱਪਰ ਆਪਣੀ ਕਲਮ ਚੁੱਕੀ ਅਤੇ ਸਰਕਾਰਾਂ ਨੂੰ ਹਮੇਸ਼ਾ ਹੀ ਜਗਾਉਣ ਦੀ ਕੋਸ਼ਿਸ਼ ਕੀਤੀ। ਇਹਨਾਂ ਨੂੰ ਨਡਾਲਾ ਸਾਹਿਤ ਸਭਾ ਵੱਲੋਂ ਵਧੀਆ ਲੇਖਕਾ ਦੇ ਤੌਰ ’ਤੇ ਸਨਮਾਨਿਆ ਵੀ ਜਾ ਚੁੱਕਾ ਹੈ। ਇਨ੍ਹਾਂ ਦੇ ਪਸੰਦੀਦਾ ਲੇਖਕ ਜਸਵੰਤ ਕੰਵਲ, ਨਰਿੰਦਰ ਸਿੰਘ ਕਪੂਰ ਅਤੇ ਸ਼ਿਵ ਕੁਮਾਰ ਬਟਾਲਵੀ ਹਨ।
ਪ੍ਰਭਜੋਤ ਕੌਰ ਢਿੱਲੋਂ ਨੇ ਹੁਣ ਤੱਕ ਅਜੀਤ, ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਦੇਸ਼ ਸੇਵਕ, ਲੋਕ ਭਲਾਈ ਆਦਿ ਅਖਬਾਰਾਂ ਰਾਹੀਂ ਅਤੇ ਸੁਨੇਹਾ, ਪੰਜ ਦਰਿਆ, ਸੱਤ ਸਮੁੰਦਰੋਂ ਪਾਰ, ਸੀਰਤ, ਪੰਜਾਬੀ ਸਾਂਝ, ਸਰੋਕਾਰ ਆਦਿ ਮੈਗਜ਼ੀਨਾਂ ਵਿੱਚ ਅਣਗਿਣਤ ਲੇਖਾਂ ਰਾਹੀਂ ਦੇਸ਼ ਵਿੱਚ ਫੈਲੀਆਂ ਅਲਾਮਤਾਂ ਦੇ ਖਿਲਾਫ ਖੁੱਲ੍ਹ ਕੇ ਲਿਖਿਆ ਹੈ। ਸੁਭਾਅ ਦੇ ਤੌਰ ’ਤੇ ਪ੍ਰਭਜੋਤ ਕੌਰ ਢਿੱਲੋਂ ਹਸਮੁੱਖ, ਮਿਲਾਪੜੀ, ਮਿਠਬੋਲੜੀ, ਸਾਫ਼ ਦਿਲ ਤੇ ਸੱਚ ਕਹਿਣ ਵਾਲੀ ਲੇਖਿਕਾ ਹੈ। ਇਨ੍ਹਾਂ ਦਾ ਵਿਚਾਰ ਹੈ ਕਿ ਸਾਹਿਤਕਾਰ ਸਮਾਜ ਦਾ ਅਨਿੱਖੜਵਾਂ ਅੰਗ ਹੁੰਦੇ ਹਨ। ਸਰਕਾਰਾਂ ਨੂੰ ਸਾਹਿਤਕਾਰਾਂ ਨੂੰ ਵਿਸ਼ੇਸ਼ ਦਰਜਾ ਦੇਣਾ ਚਾਹੀਦਾ ਹੈ। ਪਿੰਡਾਂ ਅਤੇ ਸਕੂਲਾਂ ਵਿੱਚ ਵੱਧ ਤੋਂ ਵੱਧ ਲਾਇਬਰੇਰੀਆਂ ਖੋਲ੍ਹਣ ਦੀ ਲੋੜ ਹੈ।
ਇਨ੍ਹਾਂ ਨੇ ਕਿਹਾ ਕਿ ਵਾਤਾਵਰਨ, ਮਾਤ ਭਾਸ਼ਾ, ਵਿਰਸਾ, ਸਾਫ ਸੁਥਰੀ ਗਾਇਕੀ, ਧੀਆਂ, ਦੇਸ਼ ਦੀ ਨੌਜਵਾਨੀ ਆਦਿ ਬਚਾਉਣ ਦੀ ਸਖਤ ਜਰੂਰਤ ਹੈ। ਇਨ੍ਹਾਂ ਵਿਸ਼ਿਆਂ ਬਾਰੇ ਚਿੰਤਤ ਹੋਣ ਕਰਕੇ ਉਹ ਵਧੇਰੇ ਸੋਚਦੀ ਅਤੇ ਲਿਖਦੀ ਵੀ ਹੈ। ਇਸ ਤੋਂ ਇਲਾਵਾ ਗ਼ਰੀਬੀ, ਬੇਰੁਜ਼ਗਾਰੀ, ਅੰਧ ਵਿਸ਼ਵਾਸ, ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ, ਨਸ਼ੇ, ਕਤਲੋਗਾਰਤ, ਚੋਰੀਆਂ ਆਦਿ ਦੇਸ ਉੱਪਰ ਕਲੰਕ ਹਨ। ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਸਮੇਂ ਦੀ ਮੁੱਖ ਲੋੜ ਹੈ। ਸਰਕਾਰਾਂ ਨੂੰ ਅਜਿਹੇ ਵਰਤਾਰਿਆਂ ਖ਼ਿਲਾਫ਼ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ, ਜਾਗਰੂਕ ਮੁਹਿੰਮਾਂ ਵੀ ਚਲਾਉਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਪੜ੍ਹੇ-ਲਿਖੇ ਅਤੇ ਬੁੱਧੀਮਾਨ ਵਰਗ ਨੂੰ ਵੀ ਅੱਗੇ ਆ ਕੇ ਆਪਣੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ।
ਪ੍ਰਭਜੋਤ ਕੌਰ ਢਿੱਲੋਂ ਅਨੁਸਾਰ ਲੇਖਕਾਂ ਦਾ ਫਰਜ਼ ਬਣਦਾ ਹੈ ਕਿ ਉੱਚਾ-ਸੁੱਚਾ, ਸ਼ੁੱਧ ਅਤੇ ਸੱਚ ਬੇਝਿਜਕ ਹੋ ਕੇ ਬਿਆਨ ਕਰਨ। ਕਹਿਣੀ ਅਤੇ ਕਥਨੀ ਦੇ ਧਾਰਨੀ ਬਣਨ। ਉਹ ਖੁਦ ਹਮੇਸ਼ਾ ਇਸ ਵਿਚਾਰਧਾਰਾ ’ਤੇ ਪਹਿਰਾ ਦੇਵੇਗੀ ਅਤੇ ਬੇਝਿਜਕ ਸੱਚ ਬਿਆਨ ਕਰੇਗੀ।
ਜਿੱਥੇ ਪਰਭਜੋਤ ਕੌਰ ਲੇਖ ਲਿਖਣ ਵਿੱਚ ਮਾਹਿਰ ਹਨ, ਉੱਥੇ ਕਵਿਤਾ ਰਾਹੀਂ ਵੀ ਲੋਕਾਂ ਦੇ ਦਰਦ ਬਿਆਨ ਕਰਦੇ ਹਨ।
*****
(1176)