“ਕਈ ਵਾਰ ਕਿਸੇ ਕੁੰਢੀਆਂ ਮੁੱਛਾਂ ਤੇ ਪੋਚਵੀਂ ਪੱਗ ਵਾਲੇ ਭਾਈ ਨੇ ਸਿੱਧਾ ਹੀ ...”
(6 ਜਨਵਰੀ 2019)
ਲੋਕ ਸਭਾ ਚੋਣਾਂ ਜਿੱਤਣ ਤੋਂ ਪਹਿਲਾਂ ਲੋਕਾਂ ਨੂੰ ਭਾਜਪਾ, ਖਾਸ ਤੌਰ ’ਤੇ ਸ਼੍ਰੀ ਨਰਿੰਦਰ ਮੋਦੀ ਤੋਂ ਬਹੁਤ ਆਸਾਂ ਸਨ। ਉਨ੍ਹਾਂ ਦੇ ਜੋਸ਼ੀਲੇ ਭਾਸ਼ਣਾਂ ਤੋਂ ਇੰਜ ਜਾਪਦਾ ਸੀ ਕਿ ਹੁਣ ਦੇਸ਼ ਵਿੱਚੋਂ ਬਹੁਤ ਜਲਦ ਬੇਰੁਜ਼ਗਾਰੀ ਖ਼ਤਮ ਹੋ ਜਾਵੇਗੀ। ਕਾਲਾ ਧਨ ਭਾਰਤ ਵਿੱਚ ਆਵੇਗਾ, ਜਿਸ ਨਾਲ ਅਸੀਂ ਮਾਲਾ-ਮਾਲ ਹੋ ਜਾਵਾਂਗੇ। ਫਿਰ ਭਾਰਤ ਮੁੱਢਲੇ ਦੇਸ਼ਾਂ ਦੀ ਆਰਥਿਕ ਕਤਾਰ ਵਿੱਚ ਆਣ ਖੜ੍ਹਾ ਹੋ ਜਾਵੇਗਾ। ਭਾਰਤ ਵਿੱਚੋਂ ਸਨਅਤਾਂ ਵਧਣ ਨਾਲ ਮਹਿੰਗਾਈ ਘੱਟ ਜਾਵੇਗੀ। ਪਾਕਿਸਤਾਨ ਨੂੰ ਇੱਟ ਦਾ ਜਾਵਾਬ ਪੱਥਰ ਵਿੱਚ ਦੇ ਕੇ ਅਸੀਂ ਉਸਦਾ ਮੂੰਹ ਬੰਦ ਕਰਾ ਦੇਵਾਂਗੇ। ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖਤਮ ਹੋ ਜਾਵੇਗੀ। ਕਿਆ ਬਾਤ ਹੈ - ਬਹੁਤ ਜਲਦ ‘ਅੱਛੇ ਦਿਨ ਆਨੇ ਵਾਲੇ ਹੈਂ’।
ਇਹ ਸੋਚ ਸੀ ਦੇਸ਼ ਦੀ ਆਮ ਜਨਤਾ ਦੀ। ਪਰ ਸਰਕਾਰ ਦੇ ਚਾਰ ਸਾਲ ਬੀਤ ਜਾਣ ਨਾਲ ਪਰਨਾਲਾ ਉੱਥੇ ਦਾ ਉੱਥੇ ਹੀ ਖੜ੍ਹਾ ਹੈ। ਪੈਟਰੋਲ-ਡੀਜ਼ਲ ਨੇ ਆਮ ਜਨਤਾ ਦੇ ਧਰਨ ਪਾ ਕੇ ਰੱਖ ਦਿੱਤੀ ਹੈ। ਹੁਣ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਲਾਰੇ ਹੰਝੂਓਂ ਖ਼ਾਰੇ ਨਿਕਲੇ। ਮੋਦੀ ਨੇ ਸਵੱਛ ਭਾਰਤ ਅਭਿਆਨ ਵੀ ਚਲਾਇਆ ਪਰ ਸਸਤੇ ਵਿੱਚ ਸਾਰਨ ਨਾਲ ਸੁਪਨੇ ਮਿੱਟੀ ਵਿੱਚ ਮਿਲ ਕੇ ਰਹਿ ਗਏ। ‘ਮਨ ਕੀ ਬਾਤ’ ਵਿੱਚ ਮਨ ਦੀਆਂ ਗੱਲਾਂ ਜ਼ਰੂਰ ਹੁੰਦੀਆਂ ਰਹੀਆਂ, ਪਰ ਉਹ ਸਾਰੀਆਂ ਮਨਾਂ ਅੰਦਰ ਹੀ ਦੱਬ ਕੇ ਰਹਿ ਗਈਆਂ। ਇਸ ਸਮੇਂ ਦੌਰਾਨ ਦੇਸ਼ ਨੂੰ ਨਾਅਰਿਆਂ ਦੀਆਂ ਪੰਡਾਂ ਬੰਨ੍ਹ ਕੇ ਜ਼ਰੂਰ ਮਿਲ ਰਹੀਆਂ ਹਨ। ਇਹ ਨਾਅਰੇ ਸਿਰਫ ਸੁਪਨੇ ਬਣ ਕੇ ਰਹਿ ਗਏ ਹਨ।
ਕੇਂਦਰ ਸਰਕਾਰ ਨੇ ਬਹੁਤ ਸਾਰੇ ਫੈਸਲੇ ਅੱਭੜਵਾਹੇ ਵਿੱਚ ਲਏ, ਜੋ ਸਾਰਥਿਕ ਸਿੱਧ ਨਹੀਂ ਹੋਏ - ਜਿਨ੍ਹਾਂ ਵਿੱਚੋਂ ਇੱਕ ਸੀ ਨੋਟਬੰਦੀ। ਨੋਟਬੰਦੀ ਦੇ ਜ਼ਖਮ ਅਜੇ ਤੱਕ ਵੀ ਰਿਸ ਰਹੇ ਹਨ। ਇਸ ਨਾਲ ਦੇਸ਼ ਦੇ ਆਰਥਿਕ ਢਾਂਚੇ ਨੂੰ ਕਾਫੀ ਵੱਡੀ ਢਾਹ ਲੱਗੀ। ਮੈਂ ਨੋਟਬੰਦੀ ਦੀ ਅਜਿਹੀ ਦਾਸਤਾਂ, ਜੋ ਤਕਰੀਬਨ ਹਰ ਇੱਕ ਨਾਲ ਬੀਤੀ, ਸਾਂਝੀ ਕਰਨੀ ਚਾਹੁੰਦਾ ਹਾਂ। ਇਸ ਨੋਟਬੰਦੀ ਵਿੱਚ ਝੁਲਸਿਆ ਤਾਂ ਹਰ ਕੋਈ ਗਿਆ ਹੈ, ਕੌਣ ਕਿੰਨਾ ਜਲਿਆ ਇਸ ਬਾਰੇ ਸਵੈ ਪੜਚੋਲ ਕਰਕੇ ਪਤਾ ਲੱਗੇਗਾ।
ਮੈਂ ਠੇਕਾ ਮੁਲਾਜ਼ਮ ਅਧਿਆਪਕ ਦੇ ਤੌਰ ’ਤੇ ਪਿਛਲੇ ਅੱਠ ਸਾਲਾਂ ਤੋਂ ਤਨਦੇਹੀ ਨਾਲ ਸੇਵਾ ਨਿਭਾ ਰਿਹਾ ਹਾਂ। ਪਿਤਾ ਜੀ ਆਰਮੀ ਵਿੱਚੋਂ ਬਤੌਰ ਸੂਬੇਦਾਰ ਰਿਟਾਇਰ ਹੋਏ ਹਨ। ਰਿਟਾਇਰਮੈਂਟ ਤੋਂ ਬਾਦ ਘਰ ਆ ਕੇ ਪਿਤਾ ਜੀ ਨੇ ਖੇਤੀਬਾੜੀ ਦਾ ਧੰਦਾ ਸਾਂਭ ਲਿਆ ਹੈ। ਤੀਲਾ ਤੀਲਾ ਜੋੜ ਕੇ ਅਸੀਂ ਘਰ ਵਿੱਚ ਲੋੜ ਅਨੁਸਾਰ ਸਾਰੇ ਸੰਦ-ਸਾਧਨ ਜੁਟਾ ਲਏ ਹਨ।
ਸੰਨ 2016 ਵਿੱਚ ਅਸੀਂ ਕੁਝ ਜ਼ਮੀਨ ਦਾ ਸੌਦਾ ਕੀਤਾ ਸੀ। ਮੈਨੂੰ ਲੱਗਦਾ ਹੈ ਕਿ ਇਸਦੀ ਕੁੱਲ ਬਣਦੀ ਰਕਮ ਸਾਡੀ ਹੈਸੀਅਤ ਤੋਂ ਜ਼ਿਆਦਾ ਸੀ। ਪਰ ਰਿਸ਼ਤੇਦਾਰਾਂ ਨੇ ਮਦਦ ਦਾ ਹੱਥ ਅੱਗੇ ਕੱਢ ਕੇ ਸਾਨੂੰ ਹੌਸਲਾ ਤੇ ਆਸਰਾ ਜ਼ਰੂਰ ਦਿੱਤਾ। ਜਦ ਪਿਤਾ ਜੀ ਫ਼ੌਜ ਵਿੱਚ ਸੇਵਾ ਨਿਭਾ ਰਹੇ ਸਨ ਤਾਂ ਦਾਦਾ ਜੀ ਅਤੇ ਤਾਇਆ ਜੀ ਖੇਤੀ ਦੇ ਧੰਦੇ ਵਿੱਚ ਰੁੱਝੇ ਹੋਏ ਸਨ। ਦਾਦੇ ਪੜ੍ਹਦਾਦੇ ਦੀ ਜੱਦੀ ਜ਼ਮੀਨ ਦੇ ਨਾਲ ਤਾਂ ਆਈ ਚਲਾਈ ਹੀ ਚੱਲਦੀ ਸੀ। ਤਾਇਆ ਜੀ ਨੇ ਜ਼ਮੀਨ ਦੇ ਸਾਰੇ ਹੀ ਸੌਦੇ ਆਪਣੇ ਜਿਗਰੇ ਨਾਲ ਕੀਤੇ। ਨਾ ਹੀ ਰਿਸ਼ਤੇਦਾਰ ਨੇ ਤਾਏ ਵਲੋਂ ਕਦੀ ਮੂੰਹ ਮੋੜਿਆ। ਰਿਸ਼ਤੇਦਾਰੀਆਂ ਲੋੜ ਪੈਣ ’ਤੇ ਜਾਂ ਭੀੜ ਪੈਣ ’ਤੇ ਹੀ ਪਰਖੀਆਂ ਜਾਂਦੀਆਂ ਹਨ। ਤਾਇਆ ਜੀ ਦਾ ਇੱਕ ਕਥਨ ਸੀ ਕਿ ਬੰਦਾ ਸੌਦਾ ਇੱਕ ਵਾਰ ਹੱਥੋਂ ਨਾ ਜਾਣ ਦੇਵੇ ਬਾਕੀ ਦੇਣਾ ਲੈਣਾ ਤਾਂ ਹੌਲੀ ਹੌਲੀ ਉੱਤਰ ਜਾਂਦਾ ਹੈ। ਉਹਨਾਂ ਨੇ ਸਾਰੀ ਜ਼ਮੀਨ ਇਸ ਧਾਰਨਾ ਅਧੀਨ ਹੀ ਜੋੜੀ ਸੀ।
ਸਾਡਾ ਇਹ ਸੌਦਾ ਵੀ ਤਾਏ ਨੇ ਹੀ ਕਰਾਇਆ ਸੀ। ਇਸ ਵਾਰ ਵੀ ਰਿਸ਼ਤੇਦਾਰਾਂ ਨੇ ਮੂੰਹ ਨਾ ਵੱਟਿਆ। ਜਦ ਰਿਸ਼ਤੇਦਾਰ ਆਸਰਾ ਦੇਣ ਤਾਂ ਹੌਸਲੇ ਦੇ ਨਾਲ ਨਾਲ ਬੰਦੇ ਦਾ ਖੂਨ ਦੁੱਗਣਾ ਹੋ ਜਾਂਦਾ ਹੈ। ਇਸ ਤਰ੍ਹਾਂ ਅਸੀਂ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਘਰ ਵਿੱਚ ਸਾਰਾ ਪੈਸਾ ਇਕੱਠਾ ਕਰ ਲਿਆ ਸੀ। ਕੁਝ ਦਿਨ ਜ਼ਮੀਨ ਵੇਚਣ ਵਾਲਿਆਂ ਨੂੰ ਆਪਣੇ ਕੰਮਾਂ ਤੋਂ ਵਿਹਲ ਨਾ ਮਿਲੀ, ਜਿਸ ਕਰਕੇ ਅਸੀਂ ਰਜਿਸਟਰੀ ਕਰਵਾਉਣ ਤੋਂ ਖੁੰਝਦੇ ਰਹੇ। ਇੱਕ ਦਿਨ ਉਨ੍ਹਾਂ ਨੇ ਸੁਨੇਹਾ ਭੇਜ ਦਿੱਤਾ ਕਿ ਕੋਈ ਨਾ, ਬੱਸ ਪਰਸੋਂ ਤੱਕ ਰਜਿਸਟਰੀ ਕਰਾ ਲਵਾਂਗੇ। ਅਸੀਂ ਬਿਲਕੁਲ ਤਿਆਰੀ ਵਿੱਚ ਸਾਂ। ਪਰ 9 ਨਵੰਬਰ 2016 ਦੀ ਰਾਤ ਤੋਂ ਦੇਸ਼ ਵਿੱਚੋਂ ਕਾਲਾ ਧਨ ਬਾਹਰ ਕੱਢਣ ਲਈ ਨੋਟਬੰਦੀ ਹੋ ਗਈ। ਖਬਰ ਸੁਣਦਿਆਂ ਸਾਡੇ ਤਾਂ ਰੰਗ ਉੱਡ ਗਏ। ਅਗਲਿਆਂ ਨੇ ਤਾਂ ਸੁਨੇਹਾ ਭੇਜ ਦਿੱਤਾ ਸੀ ਕਿ ਜੇ ਰਜਿਸਟਰੀ ਕਰਵਾਉਣੀ ਹੈ ਤਾਂ ਕਰਾ ਲਉ, ਪਰ ਅਸੀਂ ਨੋਟ ਨਵੇਂ ਲਵਾਂਗੇ।
ਇਹ ਸ਼ਰਤ ਸਾਡੇ ਲਈ ਵੱਸੋਂ ਬਾਹਰ ਦੀ ਗੱਲ ਸੀ। ਬਾਕੀ ਅਗਲੇ ਵੀ ਆਪਣੀ ਥਾਂ ’ਤੇ ਠੀਕ ਸਨ। ਘਰ ਪਈ ਸਾਰੀ ਰਕਮ ਬੈਂਕ ਵਿੱਚ ਜਮ੍ਹਾਂ ਕਰਾਉਣ ਤੋਂ ਡਰ ਸੀ, ਕਿਉਂਕਿ ਥਾਂ-ਥਾਂ ਤੋਂ ਪੈਸਾ ਇਕੱਠਾ ਕੀਤਾ ਸੀ। ਉੱਤੋਂ ਸਰਕਾਰ ਨੇ ਬਿਆਨ ਦੇ ਦਿੱਤਾ ਸੀ ਕਿ ਜੇਕਰ ਕੋਈ ਵਿਅਕਤੀ ਦੋ ਜਾਂ ਢਾਈ ਲੱਖ ਤੋਂ ਵੱਧ ਰਕਮ ਬੈਂਕ ਵਿੱਚ ਜਮ੍ਹਾਂ ਕਰਵਾਉਂਦਾ ਹੈ ਤਾਂ ਉਸਦੀ ਪੁੱਛ ਪੜਤਾਲ ਕੀਤੀ ਜਾਵੇਗੀ। ਇੱਕ ਦਿਨ ਫ਼ਿਕਰ ਕਰਦੇ ਹੋਏ ਪਿਤਾ ਜੀ ਕਹਿਣ ਲੱਗੇ ਇੰਨਾ ਫਿਕਰ ਤਾਂ ਧੀ ਦੇ ਵਿਆਹ ਦਾ ਨਹੀਂ ਸੀ ਜਿੰਨਾ ...। ਬਾਕੀ ਇੱਕਰਾਰਨਾਮੇ ਦੀ ਵੀ ਤਰੀਕ ਲੰਘਦੀ ਜਾ ਰਹੀ ਸੀ। ਸਾਨੂੰ ਇਹ ਵੀ ਡਰ ਸੀ ਕਿ ਜੇਕਰ ਅਗਲਿਆਂ ਨੇ ਤਰੀਕ ਨਾ ਵਧਾਈ ਤਾਂ ...? ਬਿਆਨਾ ਵੀ ਉਹਨਾਂ ਵੱਲ ਵਾਹਵਾ ਜਾ ਚੁੱਕਾ ਸੀ। ਸਥਿਤੀ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਬਣ ਗਈ।
ਕਹਾਵਤ ਹੈ ਕਿ ਅੱਗੇ ਸੱਪ ਅਤੇ ਪਿੱਛੇ ਸ਼ੀਂਹ। ਘਰ ਵਿੱਚ ਇਸ ਸਥਿਤੀ ਨਾਲ ਨਜਿੱਠਣ ਲਈ ਵਿਚਾਰ ਚਰਚਾ ਚੱਲਦੀ ਰਹਿੰਦੀ। ਇਸ ਸਬੰਧੀ ਰਿਸ਼ਤੇਦਾਰ ਵੀ ਫੋਨਾਂ ਉੱਪਰ ਹਮਦਰਦੀ ਪ੍ਰਗਟ ਕਰਦੇ ਰਹਿੰਦੇ। ਆਖ਼ਰ ਕੁਝ ਸੱਜਣਾਂ ਮਿੱਤਰ੍ਹਾਂ ਦੇ ਸਹਿਯੋਗ ਨਾਲ ਘਰ ਵਿੱਚਲਾ ਪੈਸਾ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤਾ, ਤਾਂ ਜਾ ਕੇ ਥੋੜ੍ਹਾ ਜਿਹਾ ਸੁਖ ਦਾ ਸਾਹ ਆਇਆ। ਫਿਰ ਵਾਰੀ ਨਵੇਂ ਨੋਟ ਇਕੱਠੇ ਕਰਨ ਦੀ ਆਈ। ਕੜਾਕੇ ਦੀ ਠੰਢ ਦੇ ਦਿਨ ਸਨ। ਸਾਨੂੰ ਸਾਰਾ-ਸਾਰਾ ਦਿਨ ਬੈਂਕ ਸਾਹਮਣੇ ਕਤਾਰਾਂ ਵਿੱਚ ਖੜ੍ਹੇ ਰਹਿਣਾ ਪੈਂਦਾ। ਜੇ ਵਾਰੀ ਵੀ ਆਉਣੀ ਤਾਂ ਸਿਰਫ਼ 25 ਸੌ ਜਾਂ ਚਾਰ ਕੁ ਹਜ਼ਾਰ ਰੁਪਏ ਮਿਲਣੇ। ਇਸ ਨਾਲ ਤਾਂ ਘਰ ਦੀ ਹੀ ਆਈ ਚਲਾਈ ਚੱਲਦੀ ਸੀ। ਕਈ ਵਾਰ ਤਾਂ ਸਵੇਰੇ ਚਾਰ ਵਜੇ ਬੈਂਕ ਅੱਗੇ ਖੜ੍ਹੇ ਹੋ ਜਾਣਾ। ਅੰਤ ਸ਼ਾਮ ਨੂੰ ਬੇਰੰਗ ਘਰ ਪਰਤ ਆਉਣਾ। ਉੱਤੋਂ ਬੈਂਕ ਅੱਗੇ ਸਾਰਾ ਦਿਨ ਲੜਾਈ ਵਾਲਾ ਮਾਹੌਲ ਬਣਿਆ ਰਹਿਣਾ।
ਕਈ ਵਾਰ ਕਿਸੇ ਕੁੰਢੀਆਂ ਮੁੱਛਾਂ ਤੇ ਪੋਚਵੀਂ ਪੱਗ ਵਾਲੇ ਭਾਈ ਨੇ ਸਿੱਧਾ ਹੀ ਬੈਂਕ ਅੰਦਰ ਧਸ ਜਾਣਾ। ਧਰਮ ਨਾਲ ਬੜਾ ਗੁੱਸਾ ਆਉਣਾ। ਕਈਆਂ ਦੀ ਤਾਂ ਭੁੱਬ ਨਿਕਲ ਜਾਣੀ। ਇਸ ਤੋਂ ਇਲਾਵਾ ਕਈਆਂ ਦੇ ਚਿਹਰਿਆਂ ਦਾ ਫਿੱਕਾ ਪਿਆ ਰੰਗ ਉਹਨਾਂ ਦੀ ਅਤੇ ਉਹਨਾਂ ਦੇ ਘਰ ਦੀ ਦਾਸਤਾਨ ਦਰਸਾਉਂਦਾ ਸੀ। ਕਿਸੇ ਨੇ ਕਹਿਣਾ ਕਿ ਮੇਰੀ ਕਿਸ਼ਤ ਉਤਾਰਨ ਵਾਲੀ ਪਈ ਹੈ, ਆੜ੍ਹਤੀਏ ਤੋੜ-ਤੋੜ ਖਾਂਦੇ ਨੇ। ਕਿਸੇ ਦੀ ਧੀ ਦਾ ਵਿਆਹ ਸਿਰ ’ਤੇ ਸੀ। ਕਿਸੇ ਨੂੰ ਲੈਣ ਵਾਲਾ ਤੰਗ ਕਰ ਰਿਹਾ ਹੁੰਦਾ ’ਤੇ ਕਿਸੇ ਦੇ ਘਰ ਦੇ ਠੰਢੇ ਪਏ ਚੁੱਲ੍ਹੇ ...। ਅੱਡ-ਅੱਡ ਦੇਣਦਾਰੀਆਂ ਸਵੇਰ ਤੋਂ ਹੀ ਸਭ ਦੇ ਦਿਲਾਂ ਵਿੱਚ ਭਾਂਬੜ ਬਾਲ ਦਿੰਦੀਆਂ।
ਕਬੀਲਦਾਰਾਂ ਨੂੰ ਜਾਂ ਹੇਠਲੇ ਵਰਗ ਨੂੰ ਰਜਾਈ ਵਿੱਚ ਮੂੰਹ ਦਿੱਤਿਆਂ ਕਿੱਥੇ ਨੀਂਦ ਆਉਂਦੀ ਸੀ? 24 ਘੰਟੇ ਝੋਰਾ ਵੱਢ ਵੱਢ ਖਾਂਦਾ ਸੀ। ਮਸਲਾ ਹੱਲ ਨਾ ਹੁੰਦਾ ਦੇਖ ਕੇ ਅਸੀਂ ਅਗਲੇ ਤੋਂ ਕੁਝ ਦਿਨ ਦੀ ਮੋਹਲਤ ਮੰਗੀ। ਆਖਰ ਥੋੜ੍ਹੀ-ਬਹੁਤੀ ਨਕਦੀ ਅਸੀਂ ਜੋੜ ਲਈ, ਬਾਕੀ ਰਕਮ ਅਗਲਿਆਂ ਚੈੱਕ ਰਾਹੀਂ ਲੈਣੀ ਮੰਨ ਲਈ। ਪਰ ਫਿਰ ਵੀ ਇੰਨੇ ਨਾਲ ਰਕਮ ਪੂਰੀ ਨਹੀਂ ਸੀ ਹੋਣੀ। ਉਹਨਾਂ ਨੇ ਆਪਣਾ ਲੈਣ-ਦੇਣ ਉਤਾਰ ਕੇ ਬਾਕੀ ਰਕਮ ਦੀ ਜ਼ਮੀਨ ਗਹਿਣੇ ਲੈਣੀ ਸੀ। ਮੈਂ ਪਿਤਾ ਜੀ ਨੂੰ ਕਿਹਾ, “ਨਿੱਤ ਦੇ ਝੋਰੇ ਨਾਲੋਂ ਚੰਗਾ, ਆਪਾਂ ਕੁਝ ਜ਼ਮੀਨ ਇਹਨਾਂ ਕੋਲ ਹੀ ਦੋ ਸਾਲ ਲਈ ਗਿਰਵੀ ਰੱਖ ਦਿੰਦੇ ਹਾਂ।” ਇਸਦਾ ਸਿੱਧਾ ਸਿੱਧਾ ਅਰਥ ਸਾਨੂੰ ਢਾਈ ਤੋਂ ਤਿੰਨ ਲੱਖ ਦਾ ਘਾਟਾ ਪੈਣਾ ਸੀ। ਪਰ ਫਿਰ ਵੀ ਤਣਾਅ ਮੁਕਤ ਹੋਣ ਲਈ ਮੇਰੀ ਇਹ ਸਕੀਮ ਪਿਤਾ ਜੀ ਨੂੰ ਜਚ ਗਈ ’ਤੇ ਅਗਲਿਆਂ ਨੇ ਵੀ ਇਸ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ। ਵਾਧੇ-ਘਾਟੇ ਤਾਂ ਜ਼ਿੰਦਗੀ ਵਿੱਚ ਪੈਂਦੇ ਹੀ ਰਹਿੰਦੇ। ਸਿਆਣੇ ਕਹਿੰਦੇ ਹਨ ਕਿ ਬੰਦੇ ਦੀ ਸੁੱਖ ਚਾਹੀਦੀ ਹੈ, ਪੈਸਾ ਤਾਂ ਹੱਥਾਂ ਦੀ ਮੈਲ ਹੈ।
ਅੰਤ ਜਦ ਬੈਂਕਾਂ ਵਿੱਚੋਂ ਭੀੜ ਘਟੀ ਤਾਂ ਰਿਸ਼ਤੇਦਾਰਾਂ ਤੋਂ ਲਈ ਮਦਦ ਨਵੇਂ ਨੋਟਾਂ ’ਤੇ ਧੰਨਵਾਦ ਸਹਿਤ ਵਾਪਸ ਕਰ ਦਿੱਤੀ। ਇਸ ਵਾਰ ਰਿਸ਼ਤੇਦਾਰਾਂ ਤੋਂ ਲਈ ਮਦਦ ਨੋਟਬੰਦੀ ਵਿੱਚ ਵਹਿ ਗਈ, ਕਿਉਂ ਜੋ ਜ਼ਮੀਨ ਗਿਰਵੀ ਰੱਖ ਕੇ ਸਾਡਾ ਮਸਲਾ ਹੱਲ ਹੋ ਗਿਆ ਸੀ। ਇਸ ਗੱਲ ਵਿੱਚ ਸੱਚਾਈ ਹੈ ਕਿ ਰਿਸ਼ਤੇਦਾਰਾਂ ਨੇ ਤਾਂ ਨਹੀਂ ਪਿੱਠ ਦਿਖਾਈ ਪਰ ...।
ਮੇਰੇ ਇੱਕ ਦੋਸਤ ਦਾ ਵਿਆਹ ਨੋਟਬੰਦੀ ਵਿੱਚ ਹੋਇਆ। ਇੱਕ ਦਿਨ ਉਹ ਹੱਸਦਾ ਹੋਇਆ ਮੈਨੂੰ ਕਹਿਣ ਲੱਗਾ ਕਿ ਮੈਂ ਆਪਣੀ ’ਤੇ ਨੋਟਬੰਦੀ ਸਾਲਗ੍ਰਹਾ ਕਦੀ ਨਹੀਂ ਭੁੱਲ ਸਕਦਾ। ਇਹ ਨੋਟਬੰਦੀ ਦਾ ਸੇਕ ਕਿਸੇ ਇੱਕ ਚੁੱਲ੍ਹੇ ਜਾਂ ਇੱਕ ਘਰ ਤੱਕ ਨਹੀਂ ਪਹੁੰਚਿਆ, ਸਗੋਂ ਇਹ ਘਰ ਘਰ ਦੀ ਕਹਾਣੀ ਬਣ ਗਈ। ਅਜਿਹੇ ਫੈਸਲੇ ਲੈਣ ਦਾ ਸਿੱਧਾ ਅਰਥ ਸੀ ਦੇਸ਼ ਦੀ ਆਰਥਿਕਤਾ ਨਾਲ ਸਿੱਧਾ ਜੂਆ ਖੇਡਣਾ। ਤਾਂ ਹੀ ਵੱਖ ਵੱਖ ਅਰਥ ਸ਼ਾਸ਼ਤਰੀਆਂ ਨੇ ਇਸ ਉੱਪਰ ਉਂਗਲ ਉਠਾਈ ਸੀ। ਕਾਲਾ ਧੰਨ ਰੱਖਣ ਵਾਲਿਆਂ ਦਾ ਤਾਂ ਵਾਲ ਵੀ ਵਿੰਗਾ ਨਹੀਂ ਹੋਇਆ। ਇਹ ਸ਼ਬਦ ਸੱਚ ਜਾਪਦੇ ਹਨ ਕਿ ਨੋਟਬੰਦੀ ਦੇ ਜ਼ਖਮ ਅਜੇ ਤੱਕ ਵੀ ਰਿਸ ਰਹੇ ਹਨ, ਦੇਸ਼ ਦੇ ਧਨਾਢ ਤਾਂ ਨੋਟਬੰਦੀ ਉੱਪਰ ਅੱਜ ਵੀ ਹੱਸ ਰਹੇ ਹਨ।
*****
(1452)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)