“ਲੜਾਈ ਵਿੱਚ ਕੁਰਸੀਆਂ, ਪਲੇਟਾਂ ਜਾਂ ਹੋਰ ਸਾਜ਼ੋ ਸਾਮਾਨ ਦੀ ਖੁੱਲ੍ਹ ਕੇ ਵਰਤੋਂ ...”
(22 ਜਨਵਰੀ 2019)
ਅਸੀਂ ਅਕਸਰ ਹੀ ਵਿਆਹਾਂ ਉੱਪਰ ਕੀਤੀ ਜਾਂਦੀ ਫ਼ਜ਼ੂਲ ਖ਼ਰਚੀ ਬਾਰੇ ਲੇਖ ਪੜ੍ਹਦੇ ਹਾਂ। ਇਸ ਵਿਸ਼ੇ ’ਤੇ ਵਿਚਾਰ ਵੀ ਤਰਕਸੰਗਤ ਤੇ ਅਰਥ ਭਰਪੂਰ ਹੈ। ਮੈਰਿਜ ਪੈਲੇਸ ਦੇ ਬਾਹਰ ਮੈਲੇ ਕੁਚੈਲੇ ਕੱਪੜਿਆਂ ਵਿੱਚ ਅੱਧ ਨੰਗੇ ਬੱਚੇ ਇਸ ਉਡੀਕ ਵਿੱਚ ਹੁੰਦੇ ਹਨ ਕਿ ਕਦ ਜੂਠ ਦੇ ਡਸਟਬਿਨ ਬਾਹਰ ਆਉਣਗੇ ਤੇ ਕਦ ਉਹ ਉਸ ਨਾਲ ਆਪਣੇ ਪੇਟ ਦੀ ਭੁੱਖ ਮਿਟਾਉਣਗੇ। ਇਹ ਗੱਲ ਅੱਜ ਬਿਲਕੁਲ ਸੱਚ ਹੈ ਕਿ ਕਿਸੇ ਨੂੰ ਮਿਲਦਾ ਨਹੀਂ, ਜਿਸ ਨੂੰ ਮਿਲਦਾ ਹੈ, ਉਸ ਨੂੰ ਕਦਰ ਨਹੀਂ। ਅੱਜ ਕੱਲ ਵਿਆਹ ਦੌਰਾਨ ਹਰ ਵਿਅਕਤੀ ਆਪਣੀ ਸਮਰੱਥਾ ਮੁਤਾਬਕ ਆਪਣਾ ਤਾਣ ਲਗਾ ਕੇ ਖੜ੍ਹਦਾ ਹੈ। ਇਸਦੇ ਜ਼ਿੰਮੇਵਾਰ ਕੁਝ ਤੱਤ ਹਨ। ਕੁਝ ਤਾਂ ਸਮਾਜ ਵਿੱਚ ਮੁੱਛ ਖੜ੍ਹੀ ਰੱਖਣ ਲਈ, ਕੁਝ ਲੋਕ ਲੱਜ ਤੋਂ ਡਰਦੇ ਹੋਏ, ਕੁਝ ਆਪਣੀ ਫੋਕੀ ਸ਼ੋਹਰਤ ਦਿਖਾਉਣ ਲਈ ਤੇ ਕੁਝ ਕੁ ਰਿਸ਼ਤੇਦਾਰਾਂ ਜਾਂ ਮੁੰਡੇ ਵਾਲਿਆਂ ਦੇ ਦਬਾਅ ਅਧੀਨ ਅੱਡੀਆਂ ਚੁੱਕਣ ਲਈ ਮਜਬੂਰ ਹੋ ਜਾਂਦੇ ਹਨ। ਅਲੱਗ ਅਲੱਗ ਵੰਨਗੀਆਂ ਦੇ ਖਾਣੇ ਤਿਆਰ ਕਰਵਾ ਕੇ ਪਰੋਸੇ ਜਾਂਦੇ ਹਨ। ਬਹੁਭਾਂਤੇ ਪਕਵਾਨਾਂ ਨਾਲ ਜਿੱਥੇ ਖਰਚ ਵਧੇਰੇ ਹੁੰਦਾ ਹੈ, ਉੱਥੇ ਭੋਜਨ ਪਦਾਰਥਾਂ ਦੀ ਬਰਬਾਦੀ ਵੱਡੇ ਪੱਧਰ ’ਤੇ ਹੁੰਦੀ ਹੈ।
ਅਸੀਂ ਭੁੱਖੇ ਦੇ ਪੇਟ ਵਿੱਚ ਤਾਂ ਪਾਉਣ ਤੋਂ ਕਿਨਾਰਾ ਕਰਦੇ ਹਾਂ ਪਰ ਰੱਜੇ ਨੂੰ ਹੋਰ ਰਜਾਉਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਾਂ। ਹਰੇਕ ਵਿਅਕਤੀ, ਖਾਸ ਤੌਰ ’ਤੇ ਲੜਕੀ ਵਾਲਿਆਂ ਦੀ ਇਹੀ ਇੱਛਾ ਹੁੰਦੀ ਹੈ ਕਿ ਉਹ ਬਣਾਏ ਜਾ ਰਹੇ ਪਕਵਾਨਾਂ ਵਿੱਚੋਂ ਇੱਕ-ਅੱਧੀ ਵੰਨਗੀ ਨੂੰ ਆਮ ਨਾਲੋਂ ਅਲੱਗ ਜਾਂ ਵੱਧ ਬਣਾਵੇ, ਤਾਂ ਜੋ ਰਿਸ਼ਤੇਦਾਰਾਂ ਤੇ ਬਾਕੀ ਸਾਕ ਸਬੰਧੀਆਂ ਵਿੱਚ ਭੱਲ ਬਣ ਜਾਏ। ਇੰਨਾ ਉੱਦਮ ਕਰਨ ਦੇ ਬਾਵਜੂਦ ਵੀ ਕਿਸੇ ਨਾ ਕਿਸੇ ਸੱਜਣ ਨੇ ਕੋਈ ਤਾਂ ਨਘੋਚ ਕੱਢ ਹੀ ਦੇਣੀ ਹੁੰਦੀ ਹੈ। ਪਿਆਕੜਾਂ ਨੂੰ ਜਿੰਨਾ ਚਿਰ ਆਪਣਾ ਖਾਣ-ਪੀਣ ਵਿਆਹ ਵਿੱਚ ਨਹੀਂ ਦਿਸਦਾ, ਉੰਨਾ ਸਮਾਂ ਉਹਨਾਂ ਨੂੰ ਸਾਰਾ ਪ੍ਰੋਗਰਾਮ ਰੁੱਖਾ ਰੁੱਖਾ ਜਾਪਦਾ ਹੈ। ਆਪਸੀ ਘੁਸਰ-ਮੁਸਰ ਵਿੱਚ ਇਹ ਸ਼ਬਦ ਸੁਣਨ ਨੂੰ ਮਿਲਦੇ ਹਨ, ‘ਜੇ ਇੱਥੇ ਪ੍ਰੋਗਰਾਮ ਹੀ ਵੈਸ਼ਨੂੰ ਹੈ ਤਾਂ ਫਿਰ ਸੇਵਾ ਕੀ ਸਵਾਹ ਹੋਊ।’ ਜੇਕਰ ਉਹਨਾਂ ਦੀ ਰੀਝ ਵੀ ਪੂਰੀ ਹੋ ਜਾਵੇ ਤਾਂ ਮੀਟ ਜਾਂ ਸ਼ਰਾਬ ਦੇ ਬ੍ਰਾਂਡ ਵਿੱਚ ਕਿਸੇ ਨਾ ਕਿਸੇ ਨੇ ਕੋਈ ਨਾ ਕੋਈ ਤਾਂ ਨੁਕਤਾਚੀਨੀ ਕਰ ਹੀ ਦੇਣੀ ਹੁੰਦੀ ਹੈ। ਆਮ ਤੌਰ ’ਤੇ ਦੇਖਣ ਵਿੱਚ ਆਇਆ ਹੈ ਕਿ ਵਿਆਹ ਸਮਾਗਮਾਂ ਵਿੱਚ ਲੜਾਈਆਂ ਦਾ ਕਾਰਨ ਸ਼ਰਾਬ ਹੀ ਬਣਦੀ ਹੈ।
ਇੱਕ ਵਿਆਹ ਦੀ ਵੀਡੀਓ ਪਿਛਲੇ ਦਿਨੀਂ ਵਾਇਰਲ ਹੋਈ ਜਿਸ ਬਾਰੇ ਪਤਾ ਚੱਲਿਆ ਕਿ ਬਰਾਤੀਆਂ ਦੀ ਕੁੜੀ ਵਾਲਿਆਂ ਨਾਲ ਇਸ ਗੱਲ ਤੋਂ ਤਕਰਾਰ ਹੋ ਗਈ ਕਿ ਉਹਨਾਂ ਦੀ ਸੇਵਾ-ਸੰਭਾਲ ਵਿੱਚ ‘ਆਹ’ ਕਮੀਆਂ ਕਿਉਂ ਛੱਡੀਆਂ ਹਨ? ਮੱਛੀ ਕਿਉਂ ਨਹੀਂ ਦਿੱਤੀ? ਜਦਕਿ ਰਿਸ਼ਤਾ ਪੱਕਾ ਕਰਨ ਸਮੇਂ ਇਹ ਗੱਲਾਂ ਕੰਨਾਂ ਵਿੱਚ ਪਾਈਆਂ ਗਈਆਂ ਸਨ। ਲੜਾਈ ਵਿੱਚ ਕੁਰਸੀਆਂ, ਪਲੇਟਾਂ ਜਾਂ ਹੋਰ ਸਾਜ਼ੋ ਸਾਮਾਨ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ, ਜਿਸਦਾ ਵੱਡੇ ਪੱਧਰ ਤੇ ਮਾਲੀ ਨੁਕਸਾਨ ਵੀ ਹੋਇਆ। ਇਸਦੀ ਸਾਰੀ ਭਰਪਾਈ ਕੁੜੀ ਦੇ ਪਿਉ ਨੂੰ ਕਰਨੀ ਪਈ। ਇਹ ਪਤਾ ਚੱਲਿਆ ਕਿ ਖੜ੍ਹੇ ਪੈਰ ਮੱਛੀ ਦੇ ਕੇ ਇਸ ਮੁਸੀਬਤ ਤੋਂ ਖਹਿੜਾ ਛੁਡਾਇਆ ਗਿਆ। ਫਿਰ ਸੋਚ ਵਿੱਚ ਆਉਂਦਾ ਹੈ ਕਿ ਭੁੱਖੇ ਉਹ ਹਨ, ਜੋ ਪੈਲੇਸ ਦੇ ਬਾਹਰ ਖੜ੍ਹੇ ਉਡੀਕ ਕਰ ਰਹੇ ਹਨ, ਜਾਂ ਅਜਿਹੇ ਲੋਕ ਜੋ ਪੈਲੇਸ ਦੇ ਅੰਦਰ ਸੱਦੇ ’ਤੇ ਖੁਸ਼ੀ ਭਰੇ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਹਨ।
ਇਸ ਨਾਲ ਮਿਲਦੀ ਜੁਲਦੀ ਇੱਕ ਹੋਰ ਘਟਨਾ ਮੈਂਨੂੰ ਇੱਕ ਵਿਆਹ ਵਿੱਚ ਦੇਖਣ ਨੂੰ ਮਿਲੀ। ਸਾਰਾ ਵਿਆਹ ਖੁਸ਼ੀਆਂ ਨਾਲ ਤੇ ਸੁੱਖ- ਸ਼ਾਂਤੀ ਨਾਲ ਸੰਪੰਨ ਹੋ ਚੁੱਕਾ ਸੀ। ਡੋਲੀ ਵਿਦਾ ਹੋ ਚੁੱਕੀ ਸੀ। ਅੰਤ ਵਿੱਚ ਜਾਣ ਵਾਲੇ ਲਾੜੇ ਦੇ ਕੁਝ ਦੋਸਤ-ਮਿੱਤਰਾਂ ਨੇ ਆਪਣੇ ਨਾਲ ਲਿਜਾਣ ਲਈ ਕੁੜੀ ਵਾਲਿਆਂ ਤੋਂ ਸ਼ਰਾਬ ਦੀ ਬੋਤਲ ਮੰਗੀ ਤਾਂ ਅਗਲਿਆਂ ਨੇ ਸ਼ਰਾਬ ਖਤਮ ਹੋਣ ਦੀ ਸਫਾਈ ਪੇਸ਼ ਕੀਤੀ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਦ ਅਸੀਂ ਸਾਰਾ ਦਿਨ ਪੀਂਦੇ ਨਹੀਂ ਰੱਜਦੇ, ਫਿਰ ਹੋਰ ਕੋਟਾ ਨਾਲ ਲੈ ਕੇ ਜਾਣ ਨਾਲ ਕੀ ਸਾਡੇ ਮਨ ਦੀ ਸਤੁੰਸ਼ਟੀ ਹੋ ਜਾਂਦੀ ਹੈ? ਉਹਨਾਂ ਦੀ ਗੱਲ ਇੱਥੇ ਹੀ ਨਹੀਂ ਰੁੱਕੀ। ਸਗੋਂ ਗਾਲੀ ਗਲੋਚ ਤੋਂ ਹੁੰਦੀ ਹੋਈ ਅੱਗੇ ਹੱਥੋਪਾਈ ਤੱਕ ਪਹੁੰਚ ਗਈ। ਲੜਾਈ ਵਿੱਚ ਦੋਵਾਂ ਧਿਰਾਂ ਦੇ ਕਾਫੀ ਸੱਟਾਂ ਵੱਜੀਆਂ ਤੇ ਕੱਪੜੇ ਲੀਰੋ-ਲੀਰ ਹੋ ਗਏ। ਮਸਲਾ ਥਾਣੇ ਤੱਕ ਪੁੱਜ ਗਿਆ। ਪੁਲਿਸ ਕੋਲ ਦੋਵਾਂ ਧਿਰਾਂ ਨੇ ਜੇਬਾਂ ਢਿੱਲੀਆਂ ਕੀਤੀਆਂ।
ਕਹਿੰਦੇ ਹਨ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਅੰਤ ਬੇਵੱਸ ਦੋਵਾਂ ਧਿਰਾਂ ਨੇ ਆਪਸੀ ਰਾਜੀਨਾਮਾ ਕਰ ਲਿਆ। ਦੋਵੇਂ ਧਿਰਾਂ ਕਈ ਦਿਨ ਪਿੰਡ ਵਾਲਿਆਂ ਦੀ ਖੁੰਢ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਨਾਲ ਹੀ ਸਾਡੇ ਡਿੱਗਦੇ ਚਰਿੱਤਰ ਤੇ ਉੱਠਦੀਆਂ ਉਂਗਲਾਂ ਇਹ ਗੱਲ ਸਿੱਧ ਕਰਨ ਵਿੱਚ ਕਾਮਯਾਬ ਹੁੰਦੀਆਂ ਹਨ ਕਿ ਸਾਡੇ ਢਿੱਡ ਚਾਹੇ ਭਰ ਜਾਣ ਪਰ ਨੀਅਤ ਨਹੀਂ ਭਰਦੀ, ਉਸਦੇ ਲਈ ਭਲੇ ਲੈਣੇ ਦੇ ਦੇਣੇ ਪੈ ਜਾਣ। ਉੱਤੋਂ ਜੱਗ ਹਸਾਈ ਅਲੱਗ ...। ਕੁੜੀ ਜਾਂ ਮੁੰਡੇ ਵਾਲਿਆਂ ਦੀ ਕੀਤੀ ਕਰਾਈ ਖੇਹ ਵਿੱਚ ਇਸ ਕਦਰ ਪੈਂਦੀ ਹੈ ਕਿ ਅਗਲਾ ਸਾਰੀ ਉਮਰ ਯਾਦ ਰੱਖਦਾ ਹੈ। ਕਈ ਵਾਰ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਮਨਾਂ ਵਿੱਚ ਮਨ ਮੁਟਾਵ ਸਾਰੀ ਉਮਰ ਲਈ ਭਰ ਜਾਂਦੇ ਹਨ। ਕਹਾਵਤ ਹੈ ਕਿ ਰਿਸ਼ਤੇ ਜੋੜਨੇ ਔਖੇ ਹਨ, ਤੋੜਨ ’ਤੇ ਕੀ ਵਕਤ ਲੱਗਦਾ ਹੈ। ਹੁਣ ਅਸੀਂ ਵਿਗਿਆਨ ਦੀ 21ਵੀਂ ਸਦੀ ਦੇ ਪੜ੍ਹੇ ਲਿਖੇ ਨਾਗਰਿਕ ਹਾਂ। ਸਾਨੂੰ ਅਜਿਹੀ ਪਿਛਾਂਹ ਖਿੱਚੂ ਸੋਚ ਤਿਆਗ ਦੇਣੀ ਚਾਹੀਦੀ ਹੈ। ਹਰ ਸਮਾਗਮ ਵਿੱਚ ਇਵੇਂ ਸ਼ਾਮਲ ਹੋਣਾ ਚਾਹੀਦਾ ਹੈ, ਜਿਵੇਂ ਉਹ ਸਾਡਾ ਆਪਣਾ ਹੋਵੇ। ਆਪਣਾ ਸਮਝਕੇ ਹੀ ਤਾਂ ਸੱਦਣ ਵਾਲਿਆਂ ਨੇ ਸੱਦਿਆ ਹੁੰਦਾ ਹੈ।
*****
(1468)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)