“ਹਰਜਿੰਦਰ ਕੋਲੋਂ ਇਹ ਜ਼ਰੂਰ ਪਤਾ ਲੱਗਣਾ ਕਿ ਇਹ ਹਮਲਾ ਸਾਡੇ ਨੇੜੇ ਹੀ ਜਾਂ ਸਾਡੇ ਤੋਂ ਥੋੜ੍ਹੀ ਦੂਰ ਹੀ ...”
(24 ਫਰਬਰੀ 2018)
ਜਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਬਹੁਤ ਅਹਿਮੀਅਤ ਹੁੰਦੀ ਹੈ। ਪੈਸੇ ਤੋਂ ਵੱਧ ਕੇ ਰਿਸ਼ਤੇ ਜ਼ਰੂਰੀ ਹਨ। ਇਸਦਾ ਪਤਾ ਕਿਸੇ ਦੇ ਤੁਰ ਜਾਣ ਤੋਂ ਬਾਅਦ ਹੀ ਲੱਗਦਾ ਹੈ। ਕਿਸੇ ਦੇ ਅੰਤਮ ਕਿਰਿਆ ਕਰਮ ਦੌਰਾਨ ਹਰੇਕ ਦੇ ਮੂੰਹ ’ਤੇ ਉਸ ਚਲੇ ਗਏ ਵਿਅਕਤੀ ਦੀਆਂ ਹੀ ਗੱਲਾਂ ਹੁੰਦੀਆਂ ਹਨ। ਉਸ ਵੇਲੇ ਸਾਨੂੰ ਇਹ ਅਹਿਸਾਸ ਹੁੰਦਾ ਕਿ ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਅਸੀਂ ਕਿਉਂ ਸ਼ਰੀਕੇ ਬੰਨ੍ਹਣ ਲੱਗੇ ਹੋਏ ਹਾਂ। ਪਰ ਘਰ ਆ ਕੇ ਸਭ ਭੁੱਲ ਭਲਾ ਜਾਂਦੇ ਹਾਂ। ਇਸੇ ਤਰ੍ਹਾਂ ਦੀ ਹੀ ਇਹ ਇੱਕ ਘਟਨਾ ਹੈ। ਮੇਰੇ ਤਾਏ ਦਾ ਮੁੰਡਾ ਹਰਜਿੰਦਰ ਸੀ.ਆਰ.ਪੀ.ਐੱਫ ਵਿੱਚ ਬਤੌਰ ਹੌਲਦਾਰ ਸੇਵਾਵਾਂ ਨਿਭਾ ਰਿਹਾ ਸੀ। ਅੰਦਾਜ਼ਨ ਮੈਂ ਉਸ ਤੋਂ ਕੋਈ 8-9 ਸਾਲ ਛੋਟਾ ਹੋਵਾਂਗਾ। ਅਸੀਂ ਦਿਲਾਂ ਦੇ ਚੰਗੇ ਸਾਂਝੀ ਸਾਂ। ਕਈ ਵਾਰ ਉਸ ਨੇ ਇਸ ਸਬੰਧੀ ਕਹਿ ਵੀ ਦੇਣਾ ‘ਰਿਸ਼ਤਾ ਉਮਰਾਂ ਦਾ ਨਹੀਂ, ਦਿਲਾਂ ਦਾ ਹੁੰਦਾ ਹੈ।’
ਜਦ ਉਸਨੇ ਛੁੱਟੀ ਆਉਣਾ ਹੁੰਦਾ ਤਾਂ ਅੱਗੋਂ ਲੈਣ ਲਈ ਮੈਂ ਸਾਇਕਲ ’ਤੇ ਪਹਿਲਾਂ ਹੀ ਸਮਾਲਸਰ (ਲਾਗਲੇ ਪਿੰਡ) ਚਲੇ ਜਾਣਾ। ਸੰਨ 2006 ਵਿੱਚ ਮੈਂ ਲੁਧਿਆਣੇ ਲੈਬੌਰੇਟਰੀ ਟੈਕਨੀਸ਼ੀਅਨ ਦਾ ਡਿਪਲੋਮਾ ਕਰ ਰਿਹਾ ਸੀ ਤੇ ਹਰਜਿੰਦਰ ਦੀ ਪੋਸਟਿੰਗ ਦਿੱਲੀ ਵਿਖੇ ਸੀ। ਇਸ ਵਕਤ ਦੌਰਾਨ ਉਸ ਦੇ ਛੋਟੇ ਭਰਾ ਪਲਵਿੰਦਰ ਦੀ ਅਚਾਨਕ ਹੀ ਮੌਤ ਹੋ ਗਈ। ਮੌਤ ਦੀ ਖਬਰ ਸੁਣਦਿਆਂ ਹੀ ਅਸੀਂ ਆਪਣੇ-ਆਪਣੇ ਟਿਕਾਣਿਆਂ ਤੋਂ ਘਰ ਵੱਲ ਨੂੰ ਚੱਲ ਪਏ। ਅਸੀਂ ਦੋਵੇਂ ਮੋਗੇ, ਕੋਟਕਪੂਰਾ ਬਾਈਪਾਸ ’ਤੇ ਇਕੱਠੇ ਹੋ ਗਏ। ‘ਆ ਮੇਰਾ ਭਰਾ ...’ ਕਹਿ ਉਸਦੀ ਭੁੱਬ ਨਿਕਲ ਗਈ। ਇੱਕ ਦੂਜੇ ਨੂੰ ਗਲੇ ਮਿਲ ਕੇ ਅਸੀਂ ਆਪਣਾ ਮਨ ਹਲਕਾ ਕੀਤਾ। ਇੱਥੋਂ ਬੱਸ ਲਈ ਤੇ ਪਿੰਡ ਵੱਲ ਨੂੰ ਚੱਲ ਪਏ। ਘਰ ਦਾ ਗਮਗੀਨ ਮਾਹੌਲ ਨਾ ਝੱਲਣਯੋਗ ਸੀ। ਸਿਆਣੇ ਕਹਿੰਦੇ ਭਰਾ ਤਾਂ ਸੱਜੀਆਂ-ਖੱਬੀਆਂ ਬਾਹਾਂ ਹੁੰਦੇ ਹਨ। ਆਫਤ ਆਉਣ ’ਤੇ ਇੱਕ-ਦੂਜੇ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹਨ। ਪਰ ਰੱਬ ਦੇ ਇਸ ਭਾਣੇ ਅੱਗੇ ਤਾਂ ਬੰਦਾ ਵੀ ਲਾਚਾਰ ਤੇ ਬੇਵੱਸ ਹੁੰਦਾ ਹੈ।
ਕੁਦਰਤ ਦਾ ਭਾਣਾ ਮੰਨਦਿਆਂ ਸਭ ਰੀਤਾਂ ਨੂੰ ਪੂਰੀਆਂ ਕੀਤੀਆਂ। ਘਰ ਦੇ ਹਾਲਾਤ ਕੁਝ ਸਮਾਂ ਤਾਂ ਅਣਸੁਖਾਵੇਂ ਚੱਲਦੇ ਰਹੇ। ਜਿਸਦੇ ਸਿਰ ਦਾ ਸਾਂਈ ਚਲਾ ਗਿਆ ਸੀ, ਉਹ ਭਲਾ ਔਲਾਦ ਤੋਂ ਬਿਨਾਂ ਕਿਸ ਸਹਾਰੇ ਇੱਥੇ ਦਿਨ ਕੱਢਦੀ। ਸਮਾਂ ਪਾ ਕੇ ਉਸ ਨੇ ਕਿਤੇ ਹੋਰ ਵਿਆਹ ਕਰਵਾ ਲਿਆ। ਜ਼ਿੰਦਗੀ ਦੀ ਗੱਡੀ ਹੌਲੀ-ਹੌਲੀ ਆਪਣੀ ਲੀਹ ’ਤੇ ਚੱਲਣ ਲੱਗ ਪਈ।
ਹਰਜਿੰਦਰ ਦੀ ਸਾਖ ਟੁੱਟ ਜਾਣ ਕਰਕੇ ਉਹ ਵੀ ਇਕੱਲਾਪਨ ਮਹਿਸੂਸ ਕਰਦਾ ਸੀ। ਪਰ ਚਾਚੇ-ਤਾਏ ਦੇ ਮੁੰਡਿਆਂ ਵਿੱਚ ਕੀ ਫਰਕ ਹੁੰਦਾ ਹੈ, ਮੈਨੂੰ ਵੀ ਉਸਦੀ ਮੌਤ ਦਾ ਦੁੱਖ ਸੀ ਤੇ ਉਂਝ ਮੈਂ ਵੀ ਇਕੱਲਾ ਹੀ ਸਾਂ। ਹਰਜਿੰਦਰ ਤੇ ਮੈਂ ਬਾਹਰ ਰਹਿੰਦੇ ਹੋਣ ਕਰਕੇ ਉਸਦਾ ਦੋਹਾਂ ਘਰਾਂ ਨੂੰ ਆਸਰਾ ਸੀ। ਸਾਡਾ ਤਿੰਨਾਂ ਦਾ ਮੋਹ ਪਿਆਰ ਹੁਣ ਦੋਹਾਂ ਵਿੱਚ ਵੰਡ ਗਿਆ। ਪਿਤਾ ਜੀ ਤੇ ਤਾਏ ਵਿਚਕਾਰ ਕਦੀ ਉੱਨੀ-ਇੱਕੀ ਹੋ ਵੀ ਜਾਣੀ ਤਾਂ ਵੀ ਅਸੀਂ ਆਪਣਾ ਵਰਤਾਵ ਉਵੇਂ ਹੀ ਰੱਖਦੇ। ਪਰ ਫਿਰ ਜੇ ਕਦੀ ਕੋਈ ਨਿੱਕਾ ਮੋਟਾ ਗਿਲਾ-ਸ਼ਿਕਵਾ ਹੋ ਜਾਣਾ ਤਾਂ ਜਦ ਉਸਨੇ ਛੁੱਟੀ ਆਉਣਾ ਤਾਂ ਅਸੀਂ ਇਕੱਠਿਆਂ ਬੈਠ ਆਪਣੇ ਮਨ-ਮੁਟਾਵ ਸਾਂਝੇ ਕਰ ਲੈਣੇ। ਮੈਨੂੰ ਹਰ ਵੇਲੇ ਉਹ ਸਾਫ ਦਿਲ ਇਨਸਾਨ ਜਾਪਿਆ। ਉਸਨੇ ਕਹਿਣਾ, “ਜੇ ਕਿਤੇ ਕੋਈ ਗਿਲਾ-ਸ਼ਿਕਵਾ ਹੋ ਵੀ ਜਾਂਦਾ ਹੈ ਤਾਂ ਦਿਲ ਵਿੱਚ ਰੱਖਣ ਨਾਲੋਂ, ਬਹਿ ਕੇ ਸਾਂਝਾ ਕਰ ਲੈਣਾ ਚੰਗਾ ਹੁੰਦੈ ...।” ਉਸਦੇ ਇਹ ਸ਼ਬਦ ਉਸਦੀ ਸਿਆਣਪਤਾ ਨੂੰ ਦਰਸਾਉਂਦੇ ਸਨ।
ਮੇਰੇ ਵਿਆਹ ਵੇਲੇ ਵੀ ਸਾਰੀ ਜ਼ਿੰਮੇਵਾਰੀ ਹਰਜਿੰਦਰ ਦੇ ਮੋਢਿਆਂ ’ਤੇ ਸੀ। ਛੋਟਾ ਹੋਣ ਕਰਕੇ ਮੈਂ ਉਸਦੀ ਹਰ ਗੱਲ ਨੂੰ ਸਿਰ ਮੱਥੇ ਮੰਨਦਾ ਸੀ। ਉਹ ਨਿਡਰ, ਵਧੀਆ ਅਗਵਾਈਕਾਰ, ਸੁੱਘੜ-ਸਿਆਣਾ ਇਨਸਾਨ ਸੀ। ਬਾਕੀ ਉਹ ਦੂਜੇ ਫੌਜੀ ਸੈਨਿਕਾਂ ਵਾਂਗ ਆਪਣੀਆਂ ਸੇਵਾਵਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਸੀ।
ਹੁਣ ਹਰਜਿੰਦਰ ਦੀ ਤਾਇਨਾਤੀ ਸ਼੍ਰੀ ਨਗਰ ਦੀ ਸੀ। ਇਸ ਵਾਰ ਛੁੱਟੀ ਕੱਟ ਕੇ ਜਾਣ ਤੋਂ ਬਾਅਦ ਉਸਦੀ ਫੋਨ ’ਤੇ ਘਰ ਗੱਲ ਬਹੁਤ ਘੱਟ ਹੋਈ। ਉੱਥੇ ਨੈੱਟਵਰਕ ਦੀ ਸਮੱਸਿਆ ਅਕਸਰ ਹੀ ਰਹਿੰਦੀ ਸੀ। ਕਈ ਵਾਰ ਮੈਂ ਫੋਨ ਲਾਇਆ ਵੀ ਪਰ ਸੰਪਰਕ ਨਹੀਂ ਹੋ ਪਾਇਆ। ਦਿਲ ਵਿੱਚ ਮੈਂ ਇਹ ਸੋਚਦਾ ਕਿਤੇ ਕੋਈ ਗਿਲਾ-ਸ਼ਿਕਵਾ ਨਾ ਹੋਵੇ ਉਸ ਨੂੰ, ਜੋ ਉਸ ਨੇ ਫੋਨ ਵੀ ਨਹੀਂ ਕੀਤਾ। ਪਰ ਸ੍ਰੀਨਗਰ ਦੇ ਅਣਸੁਖਾਵੇਂ ਹਾਲਾਤਾਂ ਤੋਂ ਵੀ ਅਸੀਂ ਭਲੀਭਾਂਤ ਜਾਣੂ ਸਾਂ। ਇਸੇ ਕਰਕੇ ਸਾਡੇ ਪਰਿਵਾਰ ਨੂੰ ਉਸਦੀ ਜ਼ਿਆਦਾ ਫਿਕਰ ਰਹਿੰਦੀ। ਤਾਇਆ ਜੀ ਅਤੇ ਬਾਕੀ ਪਰਿਵਾਰ ਨੂੰ ਉਸ ਦੂਰ ਬੈਠੇ ਦਾ ਵੀ ਸਹਾਰਾ ਸੀ। ਰੋਜ਼ਾਨਾ ਦੀਆਂ ਨਵੀਆਂ ਖਬਰਾਂ ਸੁਣ ਇੱਥੇ ਬੈਠੇ ਬੰਦੇ ਦਾ ਸਰੀਰ ਵੀ ਸੁੰਨ ਹੋ ਜਾਂਦਾ ਹੈ। ਫਿਰ ਅਜਿਹੇ ਹਾਲਾਤ ਦਾ ਸਾਹਮਣਾ ਉਹ ਕਿਵੇਂ ਕਰਦੇ, ਇਹ ਤਾਂ ਉਹਨਾਂ ਨੂੰ ਹੀ ਪਤਾ ਹੁੰਦਾ। ਕਈ ਵਾਰ ਹਰਜਿੰਦਰ ਕੋਲੋਂ ਇਹ ਜ਼ਰੂਰ ਪਤਾ ਲੱਗਣਾ ਕਿ ਇਹ ਹਮਲਾ ਸਾਡੇ ਨੇੜੇ ਹੀ ਜਾਂ ਸਾਡੇ ਤੋਂ ਥੋੜ੍ਹੀ ਦੂਰ ਹੀ ਹੋਇਆ ਸੀ।
ਪਰ ਢਿੱਲੀ ਗੱਲ ਕਰਨਾ ਹਰਜਿੰਦਰ ਦੇ ਸੁਭਾਅ ਦੇ ਉਲਟ ਸੀ। ਇਹ ਗੱਲ ਕੋਈ ਜੁਲਾਈ 2012 ਦੀ ਹੈ, ਜਦ ਉਸਦੇ ਅਫਸਰ ਦਾ ਫੋਨ ਆਇਆ ਕਿ ਹਰਜਿੰਦਰ ਦੀ ਤਬੀਅਤ ਠੀਕ ਨਹੀਂ ...। ਹਰਜਿੰਦਰ ਦੇ ਘਰ ਵਾਲੀ ਰਿਸ਼ਤੇ ਵਿੱਚੋਂ ਮੇਰੀ ਮਾਸੀ ਲੱਗਦੀ ਸੀ। ਅਫਸਰ ਦੇ ਕਹਿਣ ਮੁਤਾਬਕ ਮਾਸੀ ਅਤੇ ਪਿਤਾ ਜੀ ਸ੍ਰੀਨਗਰ ਵੱਲ ਚੱਲ ਪਏ। ਪਿੱਛੋਂ ਅਸੀਂ ਸਭ ਉਸਦੀ ਖੈਰੀਅਤ ਦੀਆਂ ਦੁਆਵਾਂ ਮੰਗ ਰਹੇ ਸਾਂ। ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਜਦੋਂ ਪਿਤਾ ਜੀ ਉੱਥੇ ਪਹੁੰਚੇ ਤਾਂ ਉਨ੍ਹਾਂ ਤੋਂ ਪਤਾ ਲੱਗਾ ਕਿ ਹਰਜਿੰਦਰ ਦੇ ਦਿਮਾਗ ਦੀ ਨਾੜੀ ਫਟ ਗਈ ਸੀ ਤੇ ... ਉਹ ...।
ਰੱਬ ਦਾ ਇਹ ਭਾਣਾ ਮੰਨਣਾ ਸਾਨੂੰ ਬਹੁਤ ਔਖਾ ਹੋ ਗਿਆ। ਖਬਰ ਸੁਣਦਿਆਂ ਹੀ ਘਰ ਵਿੱਚ ਤਰਥੱਲੀ ਮੱਚ ਗਈ। ਬੱਚਿਆਂ ਸਮੇਤ ਪਰਿਵਾਰ ਨੂੰ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਪੈ ਗਿਆ। ਇਸ ਤਰ੍ਹਾਂ ਦਾ ਘਾਟਾ ਤਾਂ ਰੱਬ ਕਿਸੇ ਨੂੰ ਨਾ ਪਾਵੇ। ਉਸ ਵੇਲੇ ਤਾਂ ਇਹ ਮਹਿਸੂਸ ਹੁੰਦਾ ਸੀ ਕਿ ਪਰਿਵਾਰ ਇਸ ਅਸਹਿ ਦੁੱਖ ਵਿੱਚੋਂ ਕਿਵੇਂ ਨਿਕਲੇਗਾ। ਪਰ ‘ਜੋ ਤਿਸ ਭਾਵੈ ਨਾਨਕਾ ਸੋਈ ਗੱਲ ਚੰਗੀ’ ਵਾਕ ਦੇ ਸਹਾਰੇ ਸਭ ਸਾਧਾਰਨ ਜਿਹੀ ਜਿੰਦਗੀ ਵਿੱਚ ਪਰਤ ਆਏ। ਪਰ ਉਸਦੇ ਕਹੇ ਹੋਏ ਸ਼ਬਦ ‘ਜੇ ਕਿਤੇ ਕੋਈ ਗਿਲਾ-ਸ਼ਿਕਵਾ ਹੋ ਵੀ ਜਾਂਦਾ ਤਾਂ ਦਿਲ ਵਿੱਚ ਰੱਖਣ ਨਾਲੋਂ ਬਹਿ ਕੇ ਸਾਂਝਾ ਕਰ ਲੈਣਾ ਚੰਗਾ ਹੁੰਦੈ ...।’ ਉਪਦੇਸ਼ ਦੇਣ ਦੇ ਨਾਲ-ਨਾਲ ਅੱਜ ਵੀ ਅੱਖਾਂ ਨੂੰ ਨਮ ਕਰ ਦਿੰਦੇ ਹਨ।
*****
(1030)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)