“ਇਸ ਤੋਂ ਬਿਨਾਂ ਸਾਹਿਤਕ ਨਿਘਾਰ ਦਾ ਇੱਕ ਹੋਰ ਵੀ ਵੱਡਾ ਕਾਰਨ ...”
(31 ਦਸੰਬਰ 2024)
ਆਧੁਨਿਕ ਪੰਜਾਬੀ ਸਾਹਿਤ ਦਾ ਆਰੰਭ 19ਵੀਂ ਸਦੀ ਦੇ ਦੂਜੇ ਅੱਧ ਤੋਂ ਮੰਨਿਆ ਜਾਂਦਾ ਹੈ। ਇਹ ਉਹ ਸਮਾਂ ਹੈ ਜਦੋਂ ਅੰਗਰੇਜ਼ ਸਾਮਰਾਜ ਨੇ ਭਾਰਤੀ ਸਮਾਜ ਉੱਤੇ ਆਪਣੇ ਪੈਰ ਪਸਾਰ ਕੇ ਪ੍ਰਭਾਵ ਪਾਉਣੇ ਸ਼ੁਰੂ ਕੀਤੇ ਜਿਸ ਸਦਕਾ ਸਾਹਿਤ ਦੇ ਖੇਤਰ ਅੰਦਰ, ਜਿਸ ਵਿੱਚ ਨਾਵਲ, ਨਾਟਕ, ਨਿਬੰਧ ਅਤੇ ਕਵਿਤਾ ਦੀਆਂ ਨਵੀਂਆਂ ਵਿਧਾਵਾਂ ਦੀ ਆਮਦ ਅਤੇ ਉਨ੍ਹਾਂ ਦਾ ਪਸਾਰਾ ਵੇਖਣ ਨੂੰ ਮਿਲਦਾ ਹੈ। ਜਿੱਥੋਂ ਤਕ ਪੰਜਾਬੀ ਸਾਹਿਤ ਦੀ ਮੁੱਖ ਵੰਨਗੀ ਕਵਿਤਾ ਦੀ ਗੱਲ ਹੈ, ਇਸਦੇ ਜਨਮ ਸੰਬੰਧੀ ਖੋਜਕਾਰਾਂ ਵਿੱਚ ਦੋ ਮੱਤ ਵੇਖਣ ਨੂੰ ਮਿਲਦੇ ਹਨ। ਇਨ੍ਹਾਂ ਵਿੱਚ ਇੱਕ ਧਿਰ ਦਾ ਇਹ ਮੱਤ ਹੈ ਕਿ ਪੰਜਾਬੀ ਕਵਿਤਾ ਦਾ ਆਰੰਭ ਨਾਥ ਜੋਗੀਆਂ ਦੀਆਂ ਅਧਿਆਤਮਿਕ ਰਚਨਾਵਾਂ ਦੀ ਸਿਰਜਣਾ ਤੋਂ ਸ਼ੁਰੂ ਹੁੰਦਾ ਹੈ, ਜਿਨ੍ਹਾਂ ਵਿੱਚ ਮਛੰਧਰ ਨਾਥ, ਜਲੰਧਰ ਨਾਥ, ਗੋਰਖ ਨਾਥ ਸ਼ਾਮਲ ਹਨ, ਜਦੋਂ ਕਿ ਦੂਜੀ ਧਿਰ ਇਸ ਧਾਰਨਾ ਨਾਲ ਇਤਫ਼ਾਕ ਨਹੀਂ ਰੱਖਦੀ। ਇਹ ਦੂਜੀ ਧਿਰ ਬਾਬਾ ਫਰੀਦ ਦੇ ਸਲੋਕਾਂ ਦੀ ਸਿਰਜਣਾ ਤੋਂ ਪੰਜਾਬੀ ਕਵਿਤਾ ਦਾ ਆਰੰਭ ਮੰਨਦੀ ਹੈ। ਇਸ ਪਰੰਪਰਾ ਵਿੱਚ ਉਹ ਪੰਜਾਬ ਤੋਂ ਬਾਹਰਲੇ ਕਵੀਆਂ ਭਗਤ ਨਾਮਦੇਵ, ਕਬੀਰ ਅਤੇ ਰਵਿਦਾਸ ਨੂੰ ਵੀ ਸ਼ਾਮਲ ਕਰਦੇ ਹਨ। ਪਰ ਇੱਕ ਗੱਲ ਸਪਸ਼ਟ ਹੈ ਕਿ 19ਵੀਂ ਸਦੀ ਦੇ ਅੰਤ ਤਕ ਗੁਰਮਤਿ ਕਾਵਿ ਧਾਰਾ, ਪੰਜਾਬੀ ਕਵਿਤਾ ਦਾ ਮੂਲ਼ ਧੁਰਾ ਰਹੀ ਹੈ।
ਜੇਕਰ ਆਪਾਂ ਮੱਧ ਕਾਲੀਨ ਕਾਵਿ ਦੀ ਗੱਲ ਕਰੀਏ ਤਾਂ ਇਸ ਵਿੱਚ ਸੂਫ਼ੀ, ਸੰਤਾਂ, ਫ਼ਕੀਰਾਂ ਦੀ ਮੁੱਖ ਦੇਣ ਰਹੀ ਹੈ। ਗੁਰਮਤਿ, ਸੂਫ਼ੀ, ਕਿੱਸਾ ਅਤੇ ਬੀਰ ਕਾਵਿ ਇਸਦੇ ਚਾਰ ਥੰਮ੍ਹ ਸਨ। ਇਸਦੀਆਂ ਵਿਲੱਖਣ ਅਹਿਮ ਪ੍ਰਾਪਤੀਆਂ ਕਾਰਨ ਇਸ ਨੂੰ ਪੰਜਾਬੀ ਸਾਹਿਤ ਦਾ ‘ਸੁਨਹਿਰਾ ਕਾਲ’ ਕਿਹਾ ਜਾਂਦਾ ਹੈ। ਜਿੱਥੋਂ ਤਕ ਆਧੁਨਿਕ ਪੰਜਾਬੀ ਕਵਿਤਾ ਦੀ ਗੱਲ ਹੈ, ਇਸਦੀ ਸ਼ੁਰੂਆਤ ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ ਅਤੇ ਪ੍ਰੋ਼. ਪੂਰਨ ਸਿੰਘ ਦੀਆਂ ਲਿਖਤਾਂ ਤੋਂ ਮੰਨੀ ਜਾਂਦੀ ਹੈ, ਜਿਨ੍ਹਾਂ ਉੱਤੇ ਪ੍ਰਕਿਰਤੀਵਾਦ, ਰੋਮਾਂਸਵਾਦ ਅਤੇ ਰਹੱਸਵਾਦ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਵਿਸ਼ੇ ਦੇ ਪੱਖ ਤੋਂ ਭਾਈ ਵੀਰ ਸਿੰਘ ਦੀ ਕਵਿਤਾ ਗੁਰਮਤਿ ਰਹੱਸਵਾਦ ਅਤੇ ਪ੍ਰਕਿਰਤੀ ਪਿਆਰ ਨਾਲ ਓਤਪੋਤ ਸੀ। ਇਸੇ ਤਰ੍ਹਾਂ ਪ੍ਰੋ. ਪੂਰਨ ਸਿੰਘ ਦੀਆਂ ਕਵਿਤਾਵਾਂ ਦਾ ਵਿਸ਼ਾ ਪੰਜਾਬ, ਪੰਜਾਬੀਅਤ ਅਤੇ ਗੁਰਮਤਿ ਰਹੱਸਵਾਦ ਤੋਂ ਪ੍ਰਭਾਵਤ ਸੀ। ਇਸ ਤੋਂ ਇਲਾਵਾ ਇੱਕ ਗੱਲ ਹੋਰ ਨੋਟ ਕਰਨਯੋਗ ਹੈ ਕਿ ਉਸ ਨੇ ਛੰਦ ਮੁਕਤ ਖੁੱਲ੍ਹੀ ਕਵਿਤਾ ਦੀ ਸਿਰਜਣਾ ਵੀ ਕੀਤੀ।
ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇੱਕ ਅਹਿਮ ਮੋੜ 1935 ਤੋਂ ਬਾਅਦ ਆਉਂਦਾ ਹੈ ਜਦੋਂ ਕਵਿਤਾ ਵਿੱਚ ਪ੍ਰਗਤੀਵਾਦ ਇੱਕ ਨਵੇਂ ਵਿਸ਼ੇ ਦੇ ਰੂਪ ਵਿੱਚ ਸਿਰਜਣਾ ਦੇ ਖੇਤਰ ਉੱਤੇ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰਦਾ ਹੈ। ਪ੍ਰੋ. ਮੋਹਨ ਸਿੰਘ, ਬਾਵਾ ਬਲਵੰਤ, ਅਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ ਪ੍ਰਗਤੀਵਾਦ ਦੇ ਪ੍ਰਭਾਵ ਅਧੀਨ ਕਵਿਤਾ ਨੂੰ ਇੱਕ ਨਵਾਂ ਮੋੜਾ ਦਿੰਦੇ ਹੋਏ ਸਮਾਜੀ, ਜਮਾਤੀ ਪਾੜਿਆਂ ਦੀ ਗੱਲ ਤੋਰਦੇ ਹਨ। ਇਹ ਕਵੀ ਜਗੀਰੂ ਕਦਰਾਂ ਕੀਮਤਾਂ ਵਿੱਚ ਨਪੀੜੀ ਜਾ ਰਹੀ ਨਾਰੀ ਦੇ ਮਸਲੇ ਨੂੰ ਵੀ ਜਮਾਤੀ ਦ੍ਰਿਸ਼ਟੀਕੋਣ ਤੋਂ ਉਭਾਰਦੇ ਵੇਖੇ ਜਾ ਸਕਦੇ ਹਨ।
ਪੰਜਾਬੀ ਕਵਿਤਾ ਵਿੱਚ ਅਹਿਮ ਮੋੜ ਉਦੋਂ ਵੀ ਆਉਂਦਾ ਹੈ ਜਦੋਂ 20 ਵੀਂ ਸਦੀ ਦੇ ਅੱਧ ਵਿੱਚ ਜਾ ਕੇ ਸੁਹਜਵਾਦ ਅਤੇ ਰੁਮਾਂਟਿਕ ਪ੍ਰਗਤੀਵਾਦ ਤੋਂ ਇਲਾਵਾ ‘ਹਰੀ ਕ੍ਰਾਂਤੀ’ ਤੋਂ ਬਾਅਦ ਨਕਸਲਵਾਦ ਆਪਣਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਭਾਵ ਪਾਉਣਾ ਸ਼ੁਰੂ ਕਰਦੇ ਹਨ। ਇਸ ਦੌਰ ਵਿੱਚ ਪੰਜਾਬ ਸੰਕਟ, ਪ੍ਰਵਾਸ, ਦਲਿਤ ਸਰੋਕਾਰਾਂ ਵਾਲੀ ਕਵਿਤਾ ਵੇਖਣ ਨੂੰ ਮਿਲਦੀ ਹੈ। ਇਸ ਵਿੱਚ ਵੀ ਅਗਾਂਹ ਕਈ ਕਵੀ ਵੰਨਗੀਆਂ ਵੇਖਣ ਨੂੰ ਮਿਲਦੀਆਂ ਹਨ।
ਪ੍ਰਗਤੀਸ਼ੀਲ ਕਵਿਤਾ ਦੀ ਸਿਰਜਣਾ ਵਿੱਚ ਗੁਰਚਰਨ ਰਾਮਪੁਰੀ, ਜਗਤਾਰ, ਹਰਭਜਨ ਹੁੰਦਲ ਅਤੇ ਪ੍ਰੀਤਮ ਸਿੰਘ ਰਾਹੀ ਦਾ ਵੱਡਾ ਯੋਗਦਾਨ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਸਰਪ੍ਰਸਤੀ ਵਾਲੀ ਸਟੇਜੀ ਕਵਿਤਾ ਵਿੱਚ ਹਜਾਰਾ ਸਿੰਘ ਗੁਰਦਾਸਪੁਰੀ ਅਤੇ ਇੰਦਰਜੀਤ ਸਿੰਘ ਹਸਨਪੁਰੀ ਸ਼ਾਮਲ ਹਨ। ਪ੍ਰਯੋਗਸ਼ੀਲ ਕਵਿਤਾ ਵਿੱਚ ਸਭ ਤੋਂ ਮੋਹਰੀ ਨਾਂ ਜਸਬੀਰ ਸਿੰਘ ਆਹਲੂਵਾਲੀਆ ਦਾ ਹੈ, ਜਿਸ ਤੋਂ ਬਿਨਾਂ ਅਜਾਇਬ ਕਮਲ, ਸੁਖਪਾਲਵੀਰ ਹਸਰਤ ਅਤੇ ਰਵਿੰਦਰ ਰਵੀ ਵੀ ਸ਼ਾਮਲ ਹਨ। ਆਧੁਨਿਕ ਪੰਜਾਬੀ ਕਵਿਤਾ ਵਿੱਚ ਡਾ. ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ ਅਤੇ ਸ਼ਿਵ ਕੁਮਾਰ ਬਟਾਲਵੀ ਮੁੱਖ ਤੌਰ ’ਤੇ ਸ਼ਾਮਲ ਹਨ। ਜੁਝਾਰਵਾਦੀ ਕਵਿਤਾ ਵਿੱਚ ਅਵਤਾਰ ਪਾਸ਼, ਸੰਤ ਰਾਮ ਉਦਾਸੀ, ਸੁਰਜੀਤ ਪਾਤਰ, ਲਾਲ ਸਿੰਘ ਦਿਲ, ਅਮਰਜੀਤ ਚੰਦਨ, ਗੁਰਦੀਪ ਗਰੇਵਾਲ, ਹਰਭਜਨ ਹਲਵਾਰਵੀ, ਦਰਸ਼ਨ ਖਟਕੜ, ਫਤਹਿਜੀਤ, ਜਸਵੰਤ ਖਟਕੜ ਅਤੇ ਲੋਕ ਨਾਥ ਮੁੱਖ ਤੌਰ ’ਤੇ ਸ਼ਾਮਲ ਹਨ। ਇਸੇ ਦੌਰ ਦੀ ਇੱਕ ਹੋਰ ਵੰਨਗੀ ਪ੍ਰਵਾਸੀ ਸ਼ਾਇਰੀ ਦੀ ਸਿਰਜਣਾ ਵਿੱਚ ਅਮਰਜੀਤ ਟਾਂਡਾ, ਨਵਤੇਜ ਭਾਰਤੀ, ਸਾਧੂ ਬਿਨਿੰਗ ਖਾਸ ਤੌਰ ’ਤੇ ਜ਼ਿਕਰਯੋਗ ਹਨ।
ਪੰਜਾਬੀ ਸਾਹਿਤ ਹਮੇਸ਼ਾ ਹੀ ਅੰਦੋਲਨਾਂ/ਲਹਿਰਾਂ ਤੋਂ ਪ੍ਰਭਾਵਤ ਰਿਹਾ ਹੈ ਪਰ ਜਦੋਂ ਆਪਾਂ ਅੱਜ ਦੇ ਦੌਰ ਦੀ ਗੱਲ ਕਰਦੇ ਹਾਂ ਤਾਂ ਇਸਦਾ ਮਤਲਬ ਕੋਈ ਖਾਸ ਸਮਾਂ ਜਾਂ ਸਾਲ ਨਹੀਂ ਸਗੋਂ ਇਹ ਵਕਤ ਦੇ ਉਸ ਦੌਰ ਨਾਲ ਸੰਬੰਧਿਤ ਹੈ ਜਦੋਂ ਦੇਸ਼ ਦੇ ਨਵ ਅਰਥਚਾਰੇ ਦੀਆਂ ਨੀਤੀਆਂ ਤਹਿਤ ਇੱਕ ਵਿਸ਼ੇਸ਼ ਮੋੜਾ ਕੱਟਿਆ, ਜਿਸ ਵਿੱਚ ਖੁੱਲ੍ਹੀ ਮੰਡੀ ਦੇ ਨਾਂ ਹੇਠ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਆਰਥਿਕ ਨੀਤੀਆਂ ਲਾਗੂ ਕੀਤੀਆਂ ਗਈਆਂ। ਇਹ ਪਦਾਰਥਕ ਹਾਲਤਾਂ ਸਮੁੱਚੇ ਸਾਹਿਤ, ਜਿਸ ਵਿੱਚ ਕਵਿਤਾ ਇੱਕ ਵਿਸ਼ੇਸ਼ ਵਿਧਾ ਹੈ, ਨੂੰ ਵੀ ਪ੍ਰਭਾਵਤ ਕਰਦੀਆਂ ਹਨ।
ਕਵਿਤਾ ਦੇ ਖੇਤਰ ਵਿੱਚ ਆਈ ਤਬਦੀਲੀ ਨੂੰ 4 ਪੱਧਰ ਉੱਤੇ ਵੇਖਿਆ ਜਾਂ ਮਾਪਿਆ ਜਾ ਸਕਦਾ ਹੈ, ਜਿਨ੍ਹਾਂ ਵਿੱਚ ਵਿਸ਼ਾ, ਰੂਪ, ਕਵੀ ਅਤੇ ਕਿਤਾਬ ਆਉਂਦੇ ਹਨ। ਭਾਵੇਂ ਕਵੀ ਦੀ ਹੋਂਦ ਤੋਂ ਬਿਨਾਂ ਕੁਝ ਵੀ ਨਹੀਂ ਚਿਤਵਿਆ ਜਾ ਸਕਦਾ ਅਤੇ ਵਿਅਕਤੀ ਦਾ ਆਪਣਾ ਇੱਕ ਸਥਾਨ ਅਤੇ ਰੋਲ ਹੁੰਦਾ ਹੈ ਪਰ ਮੇਰੀ ਜਾਂਚੇ ਕਵੀ ਜਾਂ ਕਿਤਾਬ ਦੀ ਥਾਂ ਵਿਸ਼ਿਆਂ ਅਤੇ ਰੂਪਾਂ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ। ਵਿਸ਼ੇ ਪੱਖੋਂ ਭਾਵੇਂ ਦਲਿਤ, ਨਾਰੀਵਾਦੀ ਅਤੇ ਪਰਵਾਸ ਜਿਹੇ ਵਿਸ਼ੇ ਫਿਰ ਚਰਚਾ ਵਿੱਚ ਰਹੇ ਪਰ ਉਨ੍ਹਾਂ ਵਿਚਲੇ ਮਸਲੇ ਬਦਲੇ ਹੋਏ ਮਿਲੇ। ਦਲਿਤਾਂ ਲਈ ਹੁਣ ਰਾਜਸੀ ਚੇਤਨਾ ਦੀ ਥਾਂ ਸਮਾਜਕ ਸਨਮਾਨਯੋਗ ਬਰਾਬਰਤਾ ਦਾ ਮਸਲਾ ਜ਼ਿਆਦਾ ਉੱਭਰ ਰਿਹਾ ਹੈ, ਜਿਸਦੀ ਗੱਲ ਅਕਸਰ ਬਲਵੀਰ ਮਾਧੋਪੁਰੀ, ਗੁਰਮੀਤ ਸਿੰਘ ਕੱਲਰਮਾਜਰੀ, ਸੰਤੋਖ ਸਿੰਘ ਸੁੱਖੀ, ਮਦਨ ਵੀਰਾ ਆਪਣੀਆਂ ਕਵਿਤਾਵਾਂ ਵਿੱਚ ਕਰਦੇ ਵੇਖੇ ਜਾ ਸਕਦੇ ਹਨ। ਨਾਰੀਵਾਦੀ ਕਵਿਤਾ ਵਿੱਚ ਨਾਰੀ ਦੀ ਹੋਂਦ ਬਚਾਉਣ ਦਾ ਮੁੱਦਾ ਪਾਲ ਕੌਰ, ਸੁਖਵਿੰਦਰ ਅਮ੍ਰਿਤ, ਸ਼ਸ਼ੀ ਸਮੁੰਦਰਾ, ਮਨਜੀਤ ਇੰਦਰਾ, ਸੋਮਾ ਸਬਲੋਕ, ਭੁਪਿੰਦਰ ਕੌਰ ਪ੍ਰੀਤ, ਪਰਮਜੀਤ ਕੌਰ ਪਰਮ ਦੀਆਂ ਕਵਿਤਾਵਾਂ ਵਿੱਚ ਵੇਖਿਆ ਜਾ ਸਕਦਾ ਹੈ। ਪਰਵਾਸ ਹਮੇਸ਼ਾ ਹੀ ਕਾਫੀ ਮੋਹਰੀ ਮੁੱਦਾ ਰਿਹਾ ਹੈ ਪਰ ਪ੍ਰਵਾਸੀ ਕਵਿਤਾ ਅੱਜ ਕੱਲ੍ਹ ਵਤਨੀ ਉਦਰੇਵੇਂ ਨੂੰ ਤਿਆਗ ਕੇ, ਸਮਕਾਲੀ ਸੰਕਟਾਂ ਨੂੰ ਸੰਬੋਧਨ ਹੁੰਦੀ ਵੇਖੀ ਜਾ ਸਕਦੀ ਹੈ। ਇਸ ਸੰਬੰਧ ਵਿੱਚ ਸਰਬਜੀਤ ਸੋਹੀ, ਸੁਰਜੀਤ ਕੌਰ, ਹਰਦਮ ਮਾਨ, ਰਵਿੰਦਰ ਰਵੀ, ਇਕਬਾਲ ਰਾਮੂਵਾਲੀਆ ਪੜ੍ਹੇ ਜਾ ਸਕਦੇ ਹਨ। ਇਸੇ ਹੀ ਸਮੇਂ ਦੇਹ ਦੇ ਜਸ਼ਨ ਦੀ ਕਵਿਤਾ ਦਾ ਰੁਝਾਨ ਵੀ ਵੇਖਣ ਨੂੰ ਮਿਲਦਾ ਹੈ ਜਿਸਦੀ ਨੁਮਾਇੰਦਗੀ ਸਵਰਨਜੀਤ ਸਵੀ ਕਰਦਾ ਹੈ।
ਗੁਰੂ ਨਾਨਕ ਦੇ ਫਲਸਫੇ ਦੇ ਪਿਛੋਕੜ ਵਿੱਚੋਂ ਜਸਵੰਤ ਗ਼ਫਰ ਮੌਜੂਦਾ ਦੌਰ ਵਿੱਚ ਨਿੱਜਵਾਦ ਦੀ ਵਧਦੀ ਲਾਲਸਾ ਨੂੰ ਸਮਝਣ ਲਈ ‘ਅਸੀਂ ਨਾਨਕ ਦੇ ਕੀ ਲਗਦੇ ਹਾਂ’ ਰਾਹੀਂ ਬਾਤ ਪਾਉਂਦਾ ਹੈ। ਬੁੱਧ ਤੋਂ ਪ੍ਰਭਾਵਿਤ ਅਤੇ ਕੁਦਰਤ ਨਾਲ ਸੰਵਾਦ ਰਚਾਉਂਦੀ ਕਵਿਤਾ ਦੇ ਸੰਬੰਧ ਵਿੱਚ ਪਰਮਿੰਦਰ ਸੋਢੀ ਦੀਆਂ ਰਚਨਾਵਾਂ ਪੜ੍ਹੀਆਂ ਜਾ ਸਕਦੀਆਂ ਹਨ। ਪੰਜਾਬ ਦੇ ਪਿਛੋਕੜ, ਪੰਜਾਬ ਦੇ ਉਜਾੜੇ ਅਤੇ ਵੰਡਵਾਰੇ ਦੇ ਉਦਰੇਵੇਂ, ਪੰਜਾਬੀਅਤ ਦੀ ਖੁ਼ਰ ਅਤੇ ਉੱਭਰ ਰਹੀ ਪਛਾਣ ਅਤੇ ਪੰਜਾਬ ਦੇ ਕੁਦਰਤੀ ਸਰੋਤਾਂ ਦੀ ਸੱਤਾਧਾਰੀ ਅਤੇ ਪੂੰਜੀਵਾਦੀ ਤਾਕਤਾਂ ਵੱਲੋਂ ਕੀਤੀ ਜਾ ਰਹੀ ਲੁੱਟ ਦੇ ਮੁੱਦੇ ਵੀ ਈਸ਼ਵਰ ਦਿਆਲ ਗੌੜ ਦੀ ‘ਸੁਰਮੇਦਾਨੀ’, ਹਰਵਿੰਦਰ ਸਿੰਘ ਦੀ ਕਿਤਾਬ ‘ਪੰਜ ਨਦੀਆਂ ਦਾ ਗੀਤ’ ਅਤੇ ਡਾ. ਮੇਹਰ ਮਾਣਕ ਦੇ ਆਏ ਦੋ ਕਾਵਿ ਸੰਗ੍ਰਹਿ ‘ਡੂੰਘੇ ਦਰਦ ਦਰਿਆਵਾਂ ਦੇ’ (2022) ਅਤੇ ‘ਸ਼ੂਕਦੇ ਆਬ ਤੇ ਖ਼ਾਬ’ (2024) ਵਿੱਚੋਂ ਵੇਖੇ ਜਾ ਸਕਦੇ ਹਨ।
ਖੇਤੀ ਸੰਕਟ ਵਿੱਚੋਂ ਨਿਕਲੇ ਆਤਮਘਾਤੀ ਰੁਝਾਨ ਅਤੇ ਫਿਰ ਪੈਦਾ ਹੋਏ ਇਤਿਹਾਸਕ ਅੰਦੋਲਨ ਨੇ ਵੀ ਕਵਿਤਾ ਨੂੰ ਵੱਡੇ ਪੱਧਰ ਉੱਤੇ ਪ੍ਰਭਾਵਤ ਕੀਤਾ ਹੈ। ਇਸੇ ਸਮੇਂ ਦੌਰਾਨ ਬਹੁਤ ਸਾਰੇ ਕਵੀਆਂ ਨੇ ਕਵਿਤਾਵਾਂ ਦੀ ਸਿਰਜਣਾ ਕੀਤੀ ਜਿਨ੍ਹਾਂ ਵਿੱਚ ਸੁਖਿੰਦਰ, ਡਾ਼ ਮੇਹਰ ਮਾਣਕ, ਅਮਰਜੀਤ ਟਾਂਡਾ, ਸਲੀਮ ਪਾਸ਼ਾ, ਬਲਵੀਰ ਕੌਰ ਰਾਏਕੋਟੀ, ਲਖਵਿੰਦਰ ਜੌਹਲ, ਗੁਰਮਿੰਦਰ ਸਿੱਧੂ, ਕਿਹਰ ਸ਼ਰੀਫ਼, ਰਤਨ ਸਿੰਘ ਢਿੱਲੋਂ, ਜਗਤਾਰ ਸਾਲਮ, ਪਿਆਰਾ ਸਿੰਘ ਕੁੱਦੋਵਾਲ, ਡਾ. ਸ਼ਿਆਮ ਸੁੰਦਰ ਦੀਪਤੀ, ਡਾ. ਅਰਵਿੰਦਰ ਕੌਰ ਕਾਕੜਾ, ਸੁਰਿੰਦਰ ਗੀਤ, ਨਿਰਮਲਾ ਗਰਗ, ਨਿਰੰਜਣ ਬੋਹਾ, ਅਮਰੀਕ ਪਲਾਹੀ ਆਦਿ ਸ਼ਾਮਲ ਹਨ।
ਸੁਖਿੰਦਰ ਨੇ ਇਸ ਸੰਬੰਧੀ ਇੱਕ ਵਿਸ਼ੇਸ਼ ਕਾਵਿ ਸੰਗ੍ਰਹਿ ‘ਅੰਦੋਲਨ ਮੇਲਾ ਨਹੀਂ ਹੁੰਦਾ’ (2022) ਕੱਢਿਆ ਤਾਂ ਕਿ 52 ਕਿਰਤਾਂ ਨੂੰ ਸਮੱਗਰ ਰੂਪ ਵਿੱਚ ਸਾਂਭਿਆ ਜਾ ਸਕੇ। ਇਸ ਤੋਂ ਇਲਾਵਾ ਸੁਖਿੰਦਰ ਨੇ ਆਪਣੀ ਨਵੀਂ ਕਾਵਿ ਪੁਸਤਕ ‘ਜੰਗਬਾਜ਼ਾਂ ਦੇ ਖਿਲਾਫ’ (2024) ਸਮਾਜ ਦੇ ਸਨਮੁਖ ਕੀਤੀ। ਮੰਡੀ ਅਤੇ ਸੱਤਾ ਦੇ ਬਾਜ਼ਾਰੀਕਰਨ ਹੋਣ ਕਾਰਨ ਜੰਗ ਅਤੇ ਅਮਨ ਭਾਵੇਂ ਬਹੁਤ ਹੀ ਭਖਦੇ ਮੁੱਦੇ ਹਨ ਪਰ ਛਿੜ ਰਹੀਆਂ ਜੰਗਾਂ ਦੇ ਖਿਲਾਫ ਸੁਖਿੰਦਰ ਅਤੇ ਡਾ. ਮੇਹਰ ਮਾਣਕ ਤੋਂ ਇਲਾਵਾ ਸ਼ਾਇਦ ਕੁਝ ਕੁ ਕਵੀ ਹੀ ਬੋਲੇ ਹੋਣਗੇ ਕਿਉਂਕਿ ਸਾਡੀ ਅਜੋਕੀ ਕਵਿਤਾ ਦਾ ਦਾਇਰਾ ਬੌਣਾ ਅਤੇ ਸਵੈ ਕੇਂਦਰਿਤ ਨਿੱਜਵਾਦੀ ਹੁੰਦਾ ਜਾ ਰਿਹਾ ਹੈ। ਭਾਵੇਂ ਪੰਜਾਬੀ ਕਵਿਤਾ ਦੇ ਵਿਸ਼ਾਲ ਹਿੱਸੇ ਸਮਾਜਿਕ ਸਥਾਪਤੀਆਂ ਦੇ ਵੱਖ ਵੱਖ ਰੂਪਾਂ ਦੇ ਖਿਲਾਫ ਬੋਲਦੇ ਵੇਖੇ ਜਾ ਸਕਦੇ ਹਨ ਪਰ ਰਾਜਸੀ ਸਥਾਪਤੀ ਦੇ ਖਿਲਾਫ ਸਮਾਜਕ ਮੁੱਦਿਆਂ ਦੀ ਜਿਸ ਪੱਧਰ ਉੱਤੇ ਸਾਹਿਤਕ ਕਿਰਤਾਂ ਵਿੱਚ ਗੱਲ ਹੋਣੀ ਚਾਹੀਦੀ ਹੈ, ਉਹ ਨਹੀਂ ਹੋ ਰਹੀ। ਬੇਸ਼ਕ ਕਵਿਤਾ ਵਿੱਚ ਬੜੇ ਨਵੇਂ ਨਵੇਕਲੇ ਤਜਰਬੇ ਵੇਖਣ ਨੂੰ ਮਿਲ ਰਹੇ ਹਨ ਪਰ ਦਾਇਰੇ ਸੁੰਗੜ ਰਹੇ ਹਨ। ਬਹੁਤੀ ਅਜੋਕੀ ਪੰਜਾਬੀ ਕਵਿਤਾ ਬੜੀ ਹੀ ਅੱਖੜ ਅਤੇ ਨੀਰਸ ਸੁਭਾਅ ਵਾਲੀ ਹੈ। ਕਵਿਤਾ ਵਿੱਚੋਂ ਕਾਵਿ ਭਾਸ਼ਾ, ਕਾਵਿ ਮੁਹਾਵਰਾ, ਕਾਵਿਕ ਬਿੰਬ, ਕਾਵਿਕ ਰਵਾਨਗੀ ਗੁੰਮ ਹੋ ਰਹੇ ਹਨ। ਬਹੁਤੀ ਸਿਰਜੀ ਜਾ ਰਹੀ ਕਵਿਤਾ ਦੇ ਸ਼ਬਦ ਅਤੇ ਸ਼ਾਬਦਿਕ ਵਾਕ ਬਣਤਰ ਹੀ ਵਾਰਤਕ ਹੈ। ਹੋਰ ਤਾਂ ਹੋਰ ਕਈ ਅਖੌਤੀ ਵੱਡੇ ਕਵੀ ਆਲੋਚਨਾ ਵਿੱਚ ਵਰਤੀ ਜਾ ਰਹੀ ਸ਼ਬਦਾਵਲੀ ਨੂੰ ਅੰਨ੍ਹੇਵਾਹ ਵਰਤ ਕੇ ਵੱਡੇ ਹੋਣ ਦਾ ਭਰਮ ਪਾਲੀ ਬੈਠੇ ਹਨ। ਸਰਕਾਰੇ ਦਰਬਾਰੇ ਪਹੁੰਚ ਕਾਰਨ ਆਲੋਚਨਾ ਦੇ ਮਾਹਿਰ ਇਸ ਨੂੰ ਕਵਿਤਾ ਦੇ ਉੱਚ ਪੜਾਅ ਦਾ ਲਕਬ ਦੇ ਕੇ ਖਹਿੜਾ ਛੁੜਾਉਣ ਵਿੱਚ ਹੀ ਭਲਾਈ ਸਮਝਦੇ ਹਨ। ਅਜਿਹੀ ਕਵਿਤਾ ਪੜ੍ਹਦੇ ਸਮੇਂ ਰੂਹ ਨੂੰ ਹਲਕਾ ਕਰਨ ਦੀ ਥਾਂ ਹੱਦੋਂ ਵੱਧ ਬੋਝਲ ਲਗਦੀ ਹੈ। ਕਵੀ ਤਾਂ ਕਵੀ ਵਿਚਾਰਾ ਪਾਠਕ, ਕਵਿਤਾ ਤੋਂ ਕਿਤੇ ਦੂਰ ਜਾ ਚੁੱਕਾ ਹੈ। ਕੱਚ ਘਰੜੀਆਂ ਕਿਤਾਬਾਂ ਛਪ ਕੇ ਧੜਾਧੜ ਰਲੀਜ਼ ਹੋ ਰਹੀਆਂ ਹਨ। ਆਲੋਚਕ ਕਿਤਾਬ ਦੀ ਆਲੋਚਨਾ ਕਰਕੇ ਦੁਸ਼ਮਣੀ ਖੱਟਣ ਦੀ ਥਾਂ ਸਿਫ਼ਤਾਂ ਕਰਕੇ ਯਾਰੀਆਂ ਨਿਭਾ ਜਾਂਦਾ ਹੈ। ਗੋਸ਼ਟੀ ਵਿੱਚ ਸ਼ਾਮਲ ਸਰੋਤਿਆਂ ਵਿੱਚ ਸ਼ਾਇਦ ਹੀ ਕੋਈ ਪਾਠਕ ਹੁੰਦਾ ਹੈ ਜਿਸ ਨੇ ਕਿਤਾਬ ਪੜ੍ਹੀ ਹੋਵੇ। ਉਹੀ ਪ੍ਰਧਾਨਗੀਆਂ, ਉਹੀ ਮੰਡਲ, ਉਹੀ ਭਾਸ਼ਣ ਅਤੇ ਓਹੀ ਰਾਸ਼ਣ ਚਲਦਾ ਵੇਖਿਆ ਜਾ ਸਕਦਾ ਹੈ। ਇੱਕੋ ਸ਼ਹਿਰ ਵਿੱਚ ਕਈ ਕਈ ਸਾਹਿਤ ਸਭਾਵਾਂ ਬਣੀਆਂ ਹੋਈਆਂ ਵੇਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਵਿੱਚ ਸਰੋਤੇ ਜ਼ਿਆਦਾ ਅਤੇ ਪਾਠਕ ਨਾਂ ਮਾਤਰ ਹੁੰਦੇ ਹਨ। ਇਨ੍ਹਾਂ ਸਭਾਵਾਂ ਦੇ ਲੜੀਵਾਰ ਪ੍ਰੋਗਰਾਮ ਚੱਲਦੇ ਸਹਿਜੇ ਹੀ ਵੇਖੇ ਜਾ ਸਕਦੇ ਹਨ। ਸਾਹਿਤ ਦੇ ਖੇਤਰ ਵਿੱਚ ਸਭ ਕੁਝ ਰਸਮੀ ਹੋ ਕੇ ਰਹਿ ਗਿਆ ਹੈ।
ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਬਹੁਤੇ ਸਾਹਿਤਕ ਨੇਤਾ ਪਾਠਕਾਂ ਤੋਂ ਤਾਂ ਕੀ, ਇਹ ਖੁਦ ਕਿਰਤ ਕਰਨ ਤੋਂ ਕੋਹਾਂ ਦੂਰ ਜਾ ਚੁੱਕੇ ਹਨ, ਜਦੋਂ ਕਿ ਕਿਰਤ ਹੀ ਸਿਰਜਣਾ ਦਾ ਅਧਾਰ ਹੁੰਦੀ ਹੈ। ਅਕਸਰ ਵੇਖਿਆ ਗਿਆ ਹੈ ਕਿ ਇਨ੍ਹਾਂ ਨੇਤਾਵਾਂ ਨੂੰ ਸਭਾਵਾਂ ਜਾਂ ਅਕਾਦਮੀਆਂ ਦੀਆਂ ਚੋਣਾਂ ਵੇਲੇ ਇਹ ਵੀ ਨਹੀਂ ਪਤਾ ਹੁੰਦਾ ਕਿ ਉਸ ਵਕਤ ਪੇਂਡੂ ਕਾਮਾ ਤਪਦੀਆਂ ਦੁਪਹਿਰਾਂ ਵਿੱਚ ਫਸਲ ਬਚਾ ਕੇ ਘਰ ਪਹੁੰਚਦੀ ਕਰਨ ਦੇ ਅਹਾਰ ਵਿੱਚ ਹੁੰਦਾ ਹੈ। ਕਣਕ ਦੀਆਂ ਵਾਢੀਆਂ ਪੂਰੇ ਜ਼ੋਰਾਂ ਉੱਤੇ ਹੁੰਦੀਆਂ ਹਨ, ਦਿਹਾੜੀਆ/ਮਜ਼ਦੂਰ ਕਿਧਰੇ ਭਾਲਿਆ ਨਹੀਂ ਮਿਲਦਾ। ਅਜਿਹੇ ਅੱਤ ਰੁਝੇਵੇਂ ਭਰੇ ਸਮੇਂ ਸਾਡੇ ਸਾਹਿਤਕ ਲੀਡਰ ਇਸ ਸਭ ਕੁਝ ਤੋਂ ਅਣਜਾਣ ਵੋਟਰਾਂ ਨੂੰ ਦਿਨ ਰਾਤ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਚੋਣਾਂ ਵਾਲੇ ਦਿਨ ਰਾਜਸੀ ਪਾਰਟੀਆਂ ਦੀ ਤਰਜ਼ ’ਤੇ ਰਿਝਾਉਣ ਅਤੇ ਬੂਥਾਂ ਵੱਲ ਢੋਣ ਵਿੱਚ ਲੱਗੇ ਹੁੰਦੇ ਹਨ। ਇਨ੍ਹਾਂ ਨੇਤਾਵਾਂ ਵੱਲੋਂ ਹਰ ਹਰਬਾ ਜਰਬਾ ਵਰਤ ਕੇ ਚੋਣ ਜਿੱਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਰਿਸ਼ਤੇ-ਨਾਤੇ, ਯਾਰੀਆਂ, ਪਾਰਟੀਆਂ ਦੇ ਕਾਰਡ ਹੋਲਡਰ ਭਗਤ, ਅਖੌਤੀ ਇਨਕਲਾਬੀ ਸਫਬੰਦੀਆਂ, ਜਾਤ, ਧਰਮ, ਇਲਾਕਾ, ਪਹੁੰਚ ਅਤੇ ਹੋਰ ਸੇਵਾ ਸੰਭਾਲ ਦੇ ਤੌਰ ਤਰੀਕੇ ਵਰਤ ਕੇ ਬੌਣੀਆਂ ਜਿਹੀਆਂ ਕੁਰਸੀਆਂ ਨੂੰ ਹਥਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੋਰ ਤਾਂ ਹੋਰ, ਕਈ ਮਹਾਨ ਸ਼ਖਸ ਤਾਂ ਕਈ ਅਹੁਦਿਆਂ ਉੱਤੇ ਕੀਤੇ ਲੰਮੇ ਕਬਜ਼ੇ ਨੂੰ ਆਪਣੀ ਕਾਬਲੀਅਤ ਦੱਸਦੇ ਨਹੀਂ ਥੱਕਦੇ। ਕਈ ਵਾਰ ਤਾਂ ਇਵੇਂ ਲਗਦਾ ਹੈ ਕਿ ਇਹ ਲੋਕ ਸਮਾਜਕ ਜ਼ਿੰਮੇਵਾਰੀਆਂ ਤੋਂ ਬਿਲਕੁਲ ਮੁਕਤ ਸਿਰਫ ਤੇ ਸਿਰਫ ਅਹੁਦੇ ਹਥਿਆਉਣ ਨੂੰ ਹੀ ਆਪਣੇ ਜੀਵਨ ਦੀ ਮੰਜ਼ਲ ਸਮਝਦੇ ਹਨ। ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਲਵੋ ਕਿ ਅਜਿਹੇ ਲੋਕਾਂ ਵੱਲੋਂ ਸਿਰਜਿਆ ਸਾਹਿਤ ਕਿੰਨਾ ਕੁ ਸਮਾਜ ਦਾ ਸ਼ੀਸ਼ਾ ਅਤੇ ਮਾਰਗ ਦਰਸ਼ਕ ਹੋ ਸਕਦਾ ਹੈ। ਇਵੇਂ ਲਗਦਾ ਹੈ ਕਿ ਧਰਤੀ ਉੱਤੇ ਵਿਹਲੜਾਂ ਦੀ ਇੱਕ ਵੱਡੀ ਫੌਜ ਰਾਜਨੀਤਕ ਅਖਾੜੇ ਵਿੱਚ ਹੀ ਨਹੀਂ ਸਗੋਂ ਸੱਤਾ ਦੇ ਨੇੜੇ ਪੁੱਜਣ ਲਈ ਸਾਹਿਤਕ ਹਲਕਿਆਂ ਵਿੱਚ ਵੀ ਆਪਣੇ ਬੌਣੇ ਜਿਹੇ ਦਾਇਰੇ ਅਤੇ ਕੱਦ ਮੁਤਾਬਿਕ ਸਰਗਰਮ ਹੈ। ਇਸਦਾ ਮਤਲਬ ਇਹ ਨਹੀਂ ਕਿ ਸਾਰੇ ਸਾਹਿਤਕਾਰ ਵਿਹਲੇ ਹਨ, ਬਹੁਤ ਸਾਰੇ ਸਾਹਿਤਕਾਰ ਅੱਜ ਵੀ ਸਮਾਜਕ ਅਤੇ ਆਰਥਿਕ ਜੀਵਨ ਵਿੱਚ ਆਪਣੇ ਵਿੱਤ ਮੁਤਾਬਿਕ ਹਿੱਸਾ ਪਾਉਂਦੇ ਵੇਖੇ ਜਾ ਸਕਦੇ ਹਨ। ਕਿਰਤ ਅਤੇ ਸਮਾਜਕ ਜੀਵਨ ਨਾਲੋਂ ਟੁੱਟੇ ਲੋਕ ਸਾਹਿਤ ਅਤੇ ਕਲਾ ਦੀ ਸਿਰਜਣਾ ਨਹੀਂ ਕਰ ਸਕਦੇ।
ਇਸ ਤੋਂ ਬਿਨਾਂ ਸਾਹਿਤਕ ਨਿਘਾਰ ਦਾ ਇੱਕ ਹੋਰ ਵੀ ਵੱਡਾ ਕਾਰਨ ਬਜ਼ਾਰ ਵਿੱਚ ਬੈਠੇ ਸਥਾਪਤ ਲੇਖਕ, ਪ੍ਰਕਾਸ਼ਕ ਅਤੇ ਯੂਨੀਵਰਸਿਟੀਆਂ ਦੇ ਕੁਝ ਅਖੌਤੀ ਸਾਹਿਤਕ ਬੁੱਧੀਜੀਵੀ ਵੀ ਹਨ। ਆਮ ਲੇਖਕ ਭਾਵੇਂ ਵਧੀਆ ਵੀ ਲਿਖਦਾ ਹੋਵੇ, ਉਸ ਤੋਂ ਪ੍ਰਕਾਸ਼ਕ ਪੂਰੇ ਪੈਸੇ ਲੈ ਕੇ, ਲੇਖਕ ਸਿਰ ਸਾਰੀ ਜ਼ਿੰਮੇਵਾਰੀ ਸੁੱਟ ਸੁਰਖ਼ਰੂ ਹੋ ਜਾਂਦਾ ਹੈ। ਦੂਜੇ ਬੰਨੇ ਮੱਠਧਾਰੀ ਪ੍ਰਭਾਵਸ਼ਾਲੀ ਜੁਗਾੜੂ ਲੇਖਕ ਪ੍ਰਕਾਸ਼ਕਾਂ ਨਾਲ ਗੰਢਤੁੱਪ ਕਰਕੇ ਮੁਫ਼ਤ ਕਿਤਾਬ ਛਪਵਾ ਕੇ ਯੂਨੀਵਰਸਿਟੀ ਦੇ ਸਲੇਬਸਾਂ ਵਿੱਚ ਲਗਵਾ ਕੇ ਖੂਬ ਵਾਹਵਾ-ਵਾਹਵਾ ਦੇ ਨਾਲੋ ਨਾਲ ਖੱਟੀ ਵੀ ਖੂਬ ਖੱਟਦੇ ਹਨ। ਸਰਕਾਰੇ ਦਰਬਾਰੇ ਪਹੁੰਚ ਕਾਰਨ ਉੱਚੇ ਅਹੁਦਿਆਂ ਉੱਤੇ ਬਿਰਾਜਮਾਨ ਹੋ ਕੇ, ਹਲਕੀਆਂ ਤੇ ਪੇਤਲੀਆਂ ਲਿਖਤਾਂ ਨੂੰ ਪ੍ਰਮੋਟ ਕਰਦੇ ਹਨ। ਜਦੋਂ ਅਜਿਹੇ ਹਾਲਾਤ ਹੋਣ ਤਾਂ ਸਾਹਿਤਕ ਵਿਕਾਸ ਦੇ ਦਾਅਵੇ ਹਾਸੋਹੀਣੇ ਕਿਉਂ ਨਾ ਲੱਗਣ? ਰਹਿੰਦੀ ਖੂੰਦੀ ਕਸਰ ਸਨਮਾਨਾਂ ਦੇ ਲੱਗ ਰਹੇ ਰੋਜ਼ਾਨਾ ਮੇਲਿਆਂ ਨੇ ਪੂਰੀ ਕਰ ਦਿੱਤੀ ਹੈ। ਕੀ ਕੋਈ ਲਾਲਸਾ ਅਤੇ ਸਨਮਾਨਾਂ ਦਾ ਭੁੱਖਾ ਇਨਸਾਨ ਵਧੀਆ ਸਾਹਿਤਕ ਰਚਨਾ ਦੀ ਸਿਰਜਣਾ ਕਰ ਸਕਦਾ ਹੈ, ਜਦੋਂ ਉਸ ਦਾ ਮਕਸਦ ਹੀ ਸਿਰਫ ਤੇ ਸਿਰਫ ਸਨਮਾਨ ਪ੍ਰਾਪਤੀ ਅਤੇ ਅਹੁਦੇ ਹੋਣ?
ਇੱਥੇ ਇੱਕ ਹੋਰ ਵੀ ਵਰਨਣਯੋਗ ਗੱਲ ਹੈ ਕਿ ਭਾਵੇਂ ਸੁਰਜੀਤ ਜੱਜ, ਹਰਮੀਤ ਵਿਦਿਆਰਥੀ, ਡਾ. ਮੇਹਰ ਮਾਣਕ ਅਤੇ ਸ਼ਬਦੀਸ਼ ਜਿਹੇ ਕਵੀਆਂ ਦੀ ਕਵਿਤਾ ਸਥਾਪਤੀਆਂ ਦਾ ਪਾਜ ਉਘੇੜਦੀ ਸਮਿਆਂ ਨਾਲ ਦਸਤਪੰਜਾ ਲੈਂਦੀ ਵੇਖੀ ਜਾ ਸਕਦੀ ਹੈ ਪਰ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਸਾਹਿਤ ਵਿਚਲੀ ਬਹੁਤੀ ਕਵਿਤਾ ਸਵੈ ਤਸੱਲੀ ਜਾਂ ਤਰੱਕੀ ’ਤੇ ਹੀ ਕੇਂਦਰਿਤ ਰਹੀ ਹੈ। ਸਮਾਜ ਦੀ ਬਹੁ ਵੱਸੋਂ ਨਾਲੋਂ ਟੁੱਟੇ ਸ਼ਹਿਰੀ ਨਿਜ਼ਾਮੀ ਵਰਗ ਦਾ ਸਿਰਜਿਆ ਸਾਹਿਤ ਕਦੇ ਵੀ ਆਵਾਮੀ ਤੌਰ ’ਤੇ ਪ੍ਰਵਾਣਤ ਨਹੀਂ ਹੋ ਸਕਦਾ। ਇਸ ਕਰਕੇ ਇਹ ਥੀਮ, ਰੂਪ ਅਤੇ ਰੂਹ ਪੱਖੋਂ ਅਵਾਮ ਤੋਂ ਕੋਹਾਂ ਦੂਰ ਚਲਾ ਗਿਆ ਹੈ। ਸਾਹਿਤ ਸਿਰਜਣਹਾਰਿਆਂ ਨੂੰ ਇਸ ਪੱਖ ਵੱਲ ਵੀ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5577)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)