“ਖੂਨਦਾਨ ਕੈਂਪ ਲਾਉਣ ਵਾਲੀਆਂ ਸੰਸਥਾਵਾਂ ਨੂੰ ਇੱਕ ਪਲੇਟ ਫਾਰਮ ’ਤੇ ਇਕੱਠਾ ਹੋਣਾ ਚਾਹੀਦਾ ਅਤੇ ਇੱਕ ਸਾਂਝੀ ਸੰਸਥਾ ...”
(17 ਦਸੰਬਰ 2024)
ਕਿਸੇ ਵੀ ਔਖੇ ਵੇਲੇ ਕਿਸੇ ਵਿਅਕਤੀ ਦੀ ਖੂਨਦਾਨ ਦੀ ਲੋੜ ਕੇਵਲ ਇੱਕ ਖੂਨਦਾਨੀ ਹੀ ਪੂਰਾ ਕਰ ਸਕਦਾ। ਵਿਗਿਆਨ ਵੱਲੋਂ ਬੇਸ਼ੁਮਾਰ ਕੀਤੀ ਤਰੱਕੀ ਅਤੇ ਖੋਜਾਂ ਦੇ ਬਾਵਜੂਦ ਅਜੇ ਤਕ ਮਨੁੱਖੀ ਖੂਨ ਦਾ ਬਦਲ ਨਹੀਂ ਲੱਭਿਆ ਜਾ ਸਕਿਆ। ਜਿਵੇਂ ਜਿਵੇਂ ਸਮਾਜ ਨੇ ਤਰੱਕੀ ਕੀਤੀ, ਉਸ ਕੋਲ ਸਹੂਲਤਾਂ ਆਈਆਂ। ਮਨੁੱਖ ਦੇ ਸਫਰ ਲਈ ਬਣਾਏ ਗਏ ਜ਼ਰੂਰੀ ਸਾਧਨ ਅੱਜ ਉਸ ਦੀ ਮਜਬੂਰੀ ਬਣ ਗਏ ਹਨ। ਕਦੇ ਸਮਾਂ ਸੀ ਜਦੋਂ ਆਉਣ ਜਾਣ ਦੇ ਸਾਧਨ ਸੀਮਤ ਸਨ, ਜਿਸ ਕਾਰਨ ਦੁਰਘਟਨਾਵਾਂ ਵੀ ਬਹੁਤ ਘੱਟ ਹੁੰਦੀਆਂ ਸਨ। ਪਰ ਜਿਵੇਂ ਹੀ ਵਾਹਣਾਂ ਦੀ ਗਿਣਤੀ ਵਧੀ, ਦੁਰਘਟਨਾਵਾਂ ਦੀ ਗਿਣਤੀ ਵੀ ਵਧਣ ਲੱਗ ਪਈ ਅਤੇ ਨਾਲ ਹੀ ਮਨੁੱਖ ਨੂੰ ਬਚਾਉਣ ਲਈ ਖੂਨ ਦੀ ਮੰਗ ਵਧਣ ਲੱਗ ਪਈ।
1990 ਤੋਂ ਪਹਿਲਾਂ ਖੂਨਦਾਨ ਪ੍ਰਤੀ ਲੋਕਾਂ ਦੀ ਜਾਗਰੂਕਤਾ ਕਿੰਨੀ ਕੁ ਸੀ ਇਹ ਸਰਕਾਰੀ ਹਸਪਤਾਲ ਦੇ ਅੰਕਿੜਆਂ ਨੂੰ ਦੇਖ ਕੇ ਪਤਾ ਲੱਗ ਸਕਦਾ ਹੈ ਜਦੋਂ ਦੋ ਚਾਰ ਮਹੀਨੇ ਬਾਅਦ ਇੱਕ ਕੈਂਪ ਲਗਦਾ ਸੀ ਅਤੇਾ ਬਹੁਤ ਮੁਸ਼ਿਕਲ ਨਾਲ ਖੂਨ ਮਿਲਦਾ ਸੀ, ਲੋਕ ਖੂਨ ਨਾ ਮਿੱਲਣ ਕਰਕੇ ਮਰ ਵੀ ਜਾਦੇਂ ਸਨ। 1992 ਤੋਂ 1996 ਦੇ ਸਮੇਂ ਵਿੱਚ ਸਮਾਜਿਕ ਸੰਸਥਾਵਾਂ ਵੱਲੋਂ ਕੀਤੀ ਮਦਦ ਅਤੇ ਚਲਾਈ ਜਾਗਰੂਕਤਾ ਮੁਹਿੰਮ ਨਾਲ ਇਸ ਮੁਹਿੰਮ ਨੇ 1998 ਵਿੱਚ ਕੁਝ ਤੇਜ਼ੀ ਲਿਆਂਦੀ। ਇਹ ਗੱਲ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਵੱਖ ਵੱਖ ਸੰਸਥਾਵਾਂ, ਜਿਨ੍ਹਾਂ ਦੀ ਗਿਣਤੀ ਬਹੁਤ ਹੈ, ਉਨ੍ਹਾਂ ਦੀ ਸਖਤ ਮਿਹਨਤ ਨਾਲ ਅੱਜ ਦੇ ਦਿਨ ਇਸ ਮੁਹਿੰਮ ਨੂੰ ਲਹਿਰ ਬਣਾ ਦਿੱਤਾ ਹੈ। ਲੋੜ ਪੈਣ ’ਤੇ ਹੁਣ ਬਲੱਡ ਲਈ ਬਲੱਡ ਬੈਂਕ ਵਿੱਚ ਜਾਕੇ ਬਹੁਤ ਤਰਲੇ ਮਿੰਨਤਾਂ ਨਹੀਂ ਕਰਨੀਆਂ ਪੈਂਦੀਆਂ। ਇੱਕ ਉਹ ਸਮਾਂ ਸੀ ਜਦੋਂ ਬਲੱਡ ਬੈਂਕ ਵੀ ਜ਼ਿਲ੍ਹੇ ਵਿੱਚ ਇੱਕ ਜਾਂ ਦੋ ਹੀ ਹੁੰਦੇ ਸਨ।
ਸਰਕਾਰੀ ਬਲੱਡ ਬੈਂਕ ਦੇ ਨਾਲ ਪ੍ਰਾਈਵੇਟ ਬਲੱਡ ਬੈਂਕ ਖੁੱਲ੍ਹਣ ਨਾਲ ਬਣੀ ਲਹਿਰ ਇਸ ਸਮੇਂ ਸਰਕਾਰੀ ਦੇ ਨਾਲ ਨਾਲ ਪ੍ਰਾਈਵੇਟ ਖੂਨਦਾਨ ਬੈਂਕ ਵੀ ਕੰਮ ਕਰ ਰਹੇ ਹਨ। 2012 ਤੋਂ ਬਾਅਦ ਇਸ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਯੂਥ ਕਲੱਬਾਂ ਅਤੇ ਖੂਨਦਾਨ ਨਾਲ ਜੁੜੀਆਂ ਸੰਸਥਾਵਾਂ ਨੇ ਬਹੁਤ ਵੱਡੀ ਭੂਮਿਕਾ ਅਦਾ ਕੀਤੀ। ਕਿਸੇ ਇੱਕ ਵਿਅਕਤੀ ਨੂੰ ਇਸਦਾ ਕਰੈਡਿਟ ਨਹੀਂ ਦਿੱਤਾ ਜਾ ਸਕਦਾ ਪਰ ਅਜਿਹੇ ਬਹੁਤ ਨੌਜਵਾਨ ਹਨ ਜੋ ਇਸ ਮੁਹਿੰਮ ਨਾਲ ਪਿਛਲੇ 35-36 ਸਾਲ ਤੋਂ ਲਗਾਤਾਰ ਜੁੜੇ ਹੋਏ ਹਨ। ਕੁਝ ਦਿਨ ਹੋਏ ਮਾਨਸਾ ਮੈਨੂੰ ਕਿਸੇ ਮੇਰੇ ਜਾਣੂ ਨੇ ਫੋਨ ਕੀਤਾ ਦੋ ਯੂਨਿਟ ਖੂਨ ਲਈ। ਮੈਂ ਅੱਗੇ ਖੂਨਦਾਨ ਨਾਲ ਜੁੜੇ ਨੌਜਵਾਨ ਨੂੰ ਕਿਹਾ ਤਾਂ ਦੋ ਯੂਨਿਟ ਦੀ ਥਾਂ 4-5 ਨੌਜਵਾਨ ਬਲੱਡ ਬੈਂਕ ਵਿੱਚ 15 ਮਿੰਟ ਵਿੱਚ ਪਹੁੰਚ ਗਏ। ਇਸ ਲਈ ਉਹ ਮਹਾਨ ਨਾਇਕਾਂ ਦੇ ਕਾਰਨ ਅੱਜ ਕਿਸੇ ਵੀ ਵਿਅਕਤੀ ਨੂੰ ਬਲੱਡ ਦੀ ਘਾਟ ਕਾਰਨ ਮਰਨ ਨਹੀਂ ਦਿੱਤਾ ਜਾਂਦਾ। ਹੁਣ ਅਸੀਂ ਦੇਖਦੇ ਹਾਂ ਕਿ ਰੋਜ਼ਾਨਾ ਹੀ ਕਿਤੇ ਨਾ ਕਿਤੇ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ। 40-45 ਯੂਨਿਟਾਂ ਵਾਲੇ ਕੈਂਪਾਂ ਤੋਂ ਸ਼ੁਰੂ ਹੋਕੇ 500 ਯੂਨਿਟ ਤਕ ਦੇ ਕੈਂਪ ਲੱਗ ਰਹੇ ਹਨ। ਇੰਝ ਅਸੀਂ ਕਹਿ ਸਕਦੇ ਹਾਂ ਕਿ ਖੂਨਦਾਨ ਮੁਹਿੰਮ ਰਾਤੋ ਰਾਤ ਕਾਮਯਾਬ ਨਹੀਂ ਹੋਈ ਇਸਦਾ ਸਫਰ ਲਮੇਰਾ ਹੈ। ਪਰ ਉਕਤ ਉਦਾਰਹਣਾਂ ਨੂੰ ਦੇਖ ਅਸੀਂ ਕਹਿ ਸਕਦੇ ਹਾਂ ਹੁਣ ਇਹ ਮੁਹਿੰਮ ਨਹੀਂ ਲਹਿਰ ਬਣ ਚੁੱਕੀ ਹੈ।
ਇੱਕ ਉਹ ਸਮਾਂ ਸੀ ਜਦੋਂ ਸਰਕਾਰੀ ਬਲੱਡ ਬੈਂਕ ਵਾਲੇ ਹੀ ਅੰਗਹੀਣ ਵਿਅਕਤੀ ਤੋਂ ਬਲੱਡ ਨਹੀਂ ਲੈਂਦੇ ਸਨ। ਪਰ ੳਨ੍ਹਾਂ ਦਾ ਉਤਸ਼ਾਹ ਇੰਨਾ ਸੀ ਕਿ ਆਖਰ ਉਨ੍ਹਾਂ ਨੂੰ ਵੀ ਸ਼ਾਮਲ ਕਰਨਾ ਪਿਆ। ਇਹੋ ਜਿਹੀ ਧਾਰਨਾ ਲੜਕੀਆਂ ਬਾਰੇ ਸੀ ਪਰ ਹੌਲੀ ਹੌਲੀ ਇਸ ਧਾਰਨਾ ਨੂੰ ਵੀ ਲੜਕੀਆਂ ਨੇ ਹੀ ਖਤਮ ਕਰ ਦਿੱਤਾ। ਅੱਜ ਕਈ ਲੜਕੀਆਂ ਸਾਲ ਵਿੱਚ ਚਾਰ ਵਾਰ ਨਹੀਂ ਤਾਂ ਤਿੰਨ ਵਾਰ ਬਲੱਡ ਜ਼ਰੂਰ ਦੇ ਰਹੀਆਂ ਹਨ। ਹੁਣ 100 ਯੂਨਿਟ ਦਾ ਕੈਂਪ ਇਕੱਲਾ ਲੜਕੀਆਂ ਦਾ ਲੱਗ ਰਿਹਾ ਹੈ। ਖਾਸ ਤੌਰ ’ਤੇ ਅਸੀਂ ਦੇਖਦੇ ਹਾਂ ਕਿ ਵੱਖ ਵੱਖ ਧਾਰਮਿਕ ਸੰਸਥਾਵਾਂ ਨਾਲ ਜੁੜੀਆਂ ਔਰਤਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ।
ਬੱਚਿਆਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ, ਬਜ਼ੁਰਗਾਂ ਦੇ ਭੋਗ ਜਾਂ ਬਰਸੀ, ਨੌਕਰੀ ਮਿਲਣ ਦੀ ਖੁਸ਼ੀ ਸਾਂਝੀ ਕਰਨ ਲਈ ਖੂਨਦਾਨ ਕੈਂਪ ਦੀ ਮੁਹਿੰਮ ਚਲਾਉਣ ਦਾ ਸਿਹਰਾ ਪੂਰੀ ਤਰ੍ਹਾਂ ਯੂਨਾਈਟਡ ਵੈੱਲਫੇਅਰ ਸੁਸਾਇਟੀ ਬਠਿੰਡਾ ਨੂੰ ਜਾਂਦਾ ਹੈ। ਜਦੋਂ ਇਸਦੀ ਸ਼ਰੂਆਤ ਕੀਤੀ ਗਈ ਸੀ, ਹਰ ਵਿਅਕਤੀ ਨੂੰ ਅਜੀਬ ਲਗਦਾ ਸੀ। ਇਹ ਮੁਹਿੰਮ ਇੰਨੀ ਸਫਲਤਾ ਨਾਲ ਚਲੇਗੀ, ਇਸਦਾ ਅੰਦਾਜ਼ਾ ਸ਼ਾਇਦ ਪ੍ਰਬੰਧਕਾਂ ਨੂੰ ਵੀ ਨਹੀਂ ਸੀ। ਮੈਨੂੰ ਯਾਦ ਹੈ ਜਦੋਂ 2003-2004 ਵਿੱਚ ਜਦੋਂ ਮੈਂ ਯੂਨਾਈਟਡ ਵੈੱਲਫੇਅਰ ਸੁਸਾਇਟੀ ਬਠਿੰਡਾ ਤੋਂ ਮਿਲੇ ਉਤਸ਼ਾਹ ਕਾਰਨ ਆਪਣੇ ਦੋਨਾਂ ਬੱਚਿਆਂ ਦੇ ਜਨਮ ਦਿਨ ’ਤੇ ਖੂਨਦਾਨ ਕੈਂਪ ਲਾਉਣ ਦਾ ਫੈਸਲਾ ਕੀਤਾ। ਹੁਣ ਇਹ ਗੱਲ ਨਵੀਂ ਨਹੀਂ ਲੱਗ ਰਹੀ, ਹੁਣ ਆਮ ਹੀ ਲੋਕ ਆਪਣੇ ਜਨਮ ਦਿਨ, ਬੱਚਿਆਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇ-ਗੰਢ ਅਤੇ ਬਜ਼ੁਰਗਾਂ ਦੇ ਭੋਗ ਜਾਂ ਬਰਸੀ ’ਤੇ ਖੂਨਦਾਨ ਕੈਂਪ ਲਗਾ ਰਹੇ ਹਨ।
ਵੈਸੇ ਤਾਂ ਹਰ ਮੁਹਿੰਮ ਵਿੱਚ ਅਜਿਹੇ ਲੋਕ ਬਹੁਤ ਹੁੰਦੇ ਹਨ ਜੋ ਨਾ ਤਾਂ ਆਪ ਕੁਝ ਕਰਦੇ ਹਨ ਅਤੇ ਸਮਾਜ ਸੇਵਕਾਂ ਵੱਲੋਂ ਕੀਤੇ ਜਾ ਰਹੇ ਕੰਮ ਵਿੱਚ ਕਿੰਤੂ ਪ੍ਰੰਤੂ ਕਰਦੇ ਹਨ। ਪਰ ਜਦੋਂ ਕਦੇ ਕੋਈ ਮੁਹਿੰਮ ਲਈ ਨਕਾਰਤਾਮਕ ਗੱਲ ਵਾਪਰਦੀ ਤਾਂ ਉਨ੍ਹਾਂ ਨੂੰ ਹੋਰ ਮੌਕਾ ਮਿਲ ਜਾਂਦਾ ਹੈ। ਪ੍ਰਾਈਵੇਟ ਬਲੱਡ ਬੈਂਕ ਵੱਲੋਂ ਲਾਏ ਜਾਂਦੇ ਕੈਪਾਂ ਵਿੱਚ ਦਿੱਤੀ ਜਾਂਦੀ ਰਿਫਰੈਸ਼ਮੈਂਟ ਦੇ ਖਰਚਿਆਂ ਦਾ ਲੋਕਾਂ ਵਿੱਚ ਇਹ ਪ੍ਰਚਾਰ ਕਰ ਦਿੱਤਾ ਜਾਂਦਾ ਕਿ ਸੰਸਥਾਵਾਂ ਪੈਸੇ ਲੈਂਦੀਆਂ ਹਨ।
ਇਸੇ ਤਰ੍ਹਾਂ ਸਾਲ 2016 ਵਿੱਚ ਬਠਿੰਡਾ ਦੇ ਇੱਕ ਪ੍ਰਾਈਵੇਟ ਬਲੱਡ ਬੈਂਕ ਦੇ ਮੁਲਾਜ਼ਮਾਂ ਤੋਂ ਬਠਿੰਡਾ ਪੁਲੀਸ ਦੇ ਸੀ.ਆਈ ਵਿੰਗ ਵੱਲੋਂ ਇੱਕ ਕਰੋੜ 25 ਲੱਖ ਦੀ ਕੀਮਤ ਦੇ 21752 ਪਲਾਜ਼ਮਾ ਦੇ ਨਕਲੀ ਪੈਕਟ ਬਰਾਮਦ ਕੀਤੇ ਗਏ। ਇਨ੍ਹਾਂ ਪਲਾਜ਼ਮਾ ਨੂੰ ਨਕਲੀ ਪ੍ਰੋਟੀਨ ਪਦਾਰਥਾਂ ਤੋਂ ਤਿਆਰ ਕੀਤਾ ਗਿਆ ਸੀ। ਜਦੋਂ ਵੀ ਕਿਸੇ ਵਿਸ਼ੇ ਨਾਲ ਸੰਬੰਧਿਤ ਅਜਿਹੀਆਂ ਖਬਰਾਂ ਆਉਂਦੀਆਂ ਹਨ ਤਾਂ ਇੱਕ ਵਾਰ ਮੁਹਿੰਮ ਨੂੰ ਧੱਕਾ ਲਗਦਾ ਹੈ।
ਜਿਵੇਂ ਜਿਵੇਂ ਇਹ ਮੁਹਿੰਮ ਸਿਖਰਾਂ ’ਤੇ ਪਹੁੰਚ ਰਹੀ ਹੈ ਤਾਂ ਕਈ ਧਾਰਮਿਕ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਮੈਗਾ ਖੂਨਦਾਨ ਕੈਂਪ ਲਾਏ ਜਾਂਦੇ ਹਨ। ਪਰ ਅਸੀਂ ਜਾਣਦੇ ਹਾਂ ਕਿ ਕਿਸੇ ਵਿਅਕਤੀ ਵੱਲੋਂ ਦਾਨ ਕੀਤੇ ਬਲੱਡ ਨੂੰ ਸਟੋਰ ਕਰਨ ਦੀ ਸਮਾਂ ਸੀਮਾ ਹੁੰਦੀ। ਜਦੋਂ ਉਹ ਸਮਾਂ ਲੰਘ ਜਾਂਦਾ ਹੈ ਤਾਂ ਉਹ ਬਲੱਡ ਮਰੀਜ਼ ਨੂੰ ਨਹੀਂ ਲਾਇਆ ਜਾ ਸਕਦਾ ਅਤੇ ਬਲੱਡ ਬੈਕਾਂ ਵੱਲੋਂ ਉਸ ਨੂੰ ਵੈਸਟੇਜ ਕਹਿ ਕੇ ਡਿਸਕਾਰਡ ਕਰ ਦਿੱਤਾ ਜਾਂਦਾ ਹੈ। ਰਜਤ ਅਗਰਵਾਲ ਵੱਲੋਂ ਸੂਚਨਾ ਦੇ ਅਧਿਕਾਰ ਅਧੀਨ ਮੰਗੀ ਗਈ ਸੂਚਨਾ ਵਿੱਚ ਦੱਸਿਆ ਗਿਆ ਕਿ ਪਿਛਲੇ ਸਾਲ ਸਮੁੱਚੇ ਭਾਰਤ ਵਿੱਚ 6.5 ਲੱਖ ਯੂਨਿਟ ਬਲੱਡ ਵੇਸਟੇਜ ਹੋਣ ਕਾਰਨ ਡਿਸਕਾਰਡ ਕਰ ਦਿੱਤਾ ਗਿਆ। ਚੰਗਾ ਹੁੰਦਾ ਜੇਕਰ ਸਮੇਂ ਤੇ ਉਸ ਬਲੱਡ ਨੂੰ ਕਿਸੇ ਅਜਿਹੇ ਬਲੱਡ ਬੈਂਕ ਨੂੰ ਦੇ ਦਿੱਤਾ ਜਾਂਦਾ ਜਿਨ੍ਹਾਂ ਕੋਲ ਬਲੱਡ ਦੀ ਘਾਟ ਸੀ।
ਕਿਉਂਕਿ ਕਈ ਸਮਾਜਿਕ ਸੰਸਥਾਵਾਂ ਵੱਡੇ ਟੀਚਿਆਂ ਦੀ ਪ੍ਰਾਪਤੀ ਅਤੇ ਸਨਮਾਨ ਲਈ ਵੱਡੇ ਵੱਡੇ ਕੈਂਪ ਲਾਉਂਦੀਆਂ ਹਨ, ਇਸ ਵਿੱਚ ਇਕੱਠਾ ਹੋਇਆ ਬਲੱਡ ਵਰਤੋਂ ਵਿੱਚ ਨਾ ਆਉਣ ਕਾਰਨ ਵੈਸਟੇਜ ਚਲਾ ਜਾਂਦਾ ਹੈ। ਕਿਉਂਕਿ ਸਾਡੇ ਬਲੱਡ ਬੈਂਕਾਂ ਦਾ ਢਾਂਚਾ ਇੰਨਾ ਚੰਗਾ ਨਹੀਂ ਕਿ ਉਹ ਬਲੱਡ ਨੂੰ ਲੰਮੇ ਸਮੇਂ ਤਕ ਸਾਂਭ ਸਕੇ। ਇਸੇ ਕਾਰਨ ਮਿਤੀ ਲੰਘ ਜਾਣ ਜਾਂ ਹੋਰ ਕਾਰਨਾਂ ਕਰਕੇ ਦਾਨ ਕੀਤਾ ਬਲੱਡ ਖਰਾਬ ਹੋ ਰਿਹਾ ਹੈ।
ਅਸਲ ਵਿੱਚ ਖੂਨਦਾਨ ਕੈਂਪ ਬਲੱਡ ਦੀ ਘਾਟ ਨੂੰ ਵੀ ਪੂਰਾ ਕਰਦਾ ਪਰ ਇਸ ਨਾਲ ਲੋਕਾਂ ਵਿੱਚ ਜਾਗਰੂਕਤਾ ਵੀ ਫੈਲਦੀ। ਇਸ ਸਮੇਂ ਜਦੋਂ ਮੁਹਿੰਮ ਪ੍ਰਤੀ ਬਹੁਤ ਜਾਗਰੂਕਤਾ ਹੈ ਤਾਂ ਚਾਹੀਦਾ ਹੈ ਕਿ ਹਰ ਸੰਸਥਾ ਉਨ੍ਹਾਂ ਲੋਕਾਂ ਦੀ ਇੱਕ ਲਿਸਟ ਬਣਾਕੇ ਆਪਣੇ ਕੋਲ ਰੱਖੇ ਅਤੇ ਇੱਕ ਕਾਪੀ ਨੇੜੇ ਦੇ ਹਸਪਤਾਲਾਂ ਵਿੱਚ ਦਿੱਤੀ ਜਾਵੇ ਤਾਂ ਜੋ ਜ਼ਰੂਰਤ ਪੈਣ ’ਤੇ ਲੋੜਵੰਦ ਨੂੰ ਬੈੱਡ ਟੂ ਬੈੱਡ ਬਲੱਡ ਦਿੱਤਾ ਜਾ ਸਕੇ। ਇਸ ਨਾਲ ਜਿੱਥੇ ਬਲੱਡ ਵੈਸਟੇਜ ਨਹੀਂ ਹੋਵੇਗਾ, ਉੱਥੇ ਹੀ ਖੂਨਦਾਨੀ ਅਤੇ ਲੋੜਵੰਦ ਵਿਅਕਤੀ ਵਿੱਚ ਭਾਈਚਾਰਕ ਸਾਂਝ ਵੀ ਬਣੇਗੀ।
ਮਾਨਸਾ, ਬਠਿੰਡਾ, ਰਾਮਪੁਰਾ, ਤਲਵੰਡੀ ਸਾਬੋ, ਬੁਢਲਾਡਾ, ਸਰਦੂਲਗੜ ਅਤੇ ਮੌੜ ਅਜਿਹੇ ਛੋਟੇ ਛੋਟੇ ਸ਼ਹਿਰ ਹਨ ਪਰ ਜਦੋਂ ਵੀ ਕੋਈ ਸੰਸਥਾ ਕੈਂਪ ਲਾਉਂਦੀ ਹੈ ਤਾਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਜਾਂਦੀਆਂ। ਉਹ ਲੋਕ ਜੋ ਕਦੇ ਮੰਦਿਰ ਵਿੱਚ ਮੱਥਾ ਟੇਕਣ ਲਈ ਲਾਈਨ ਵਿੱਚ ਲੱਗਣ ਦੀ ਥਾਂ ਕੋਈ ਹੋਰ ਤਾਰੀਕਾ ਭਾਲਦੇ ਹਨ ਖੂਨਦਾਨ ਕੈਂਪ ਤੇ ਖੂਨਦਾਨ ਕਰਨ ਲਈ ਇੱਕ ਇੱਕ ਘੰਟਾ ਲਾਈਨ ਵਿੱਚ ਲੱਗਕੇ ਉਡੀਕ ਕਰ ਸਕਦੇ ਹਨ। ਇਹ ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ ਅਤੇ ਉਨ੍ਹਾਂ ਨਾਇਕ ਕਾਰਨ ਹੈ, ਜਿਨ੍ਹਾਂ ਨੇ ਖੂਨਦਾਨ ਮੁਹਿੰਮ ਨੂੰ ਆਪਣੀ ਜ਼ਿੰਦਗੀ ਦਾ ਮੁੱਖ ਮੰਤਵ ਬਣਾਇਆ ਹੋਇਆ ਹੈ।
ਸਰਕਾਰ ਬੇਸ਼ਕ ਖੂਨਦਾਨ ਕਰਨ ਵਾਲਿਆਂ ਜਾਂ ਲਾਉਣ ਵਾਲੀਆਂ ਸੰਸਥਾਵਾਂ ਨੂੰ ਪਹਿਲਾਂ ਤੋਂ ਹੀ ਸਨਮਾਨਿਤ ਕਰਦੀ ਹੈ ਪਰ ਇਸ ਵਿੱਚ ਹੋਰ ਵਾਧਾ ਕਰਨ ਦੀ ਜ਼ਰੂਰਤ ਹੈ। ਜੋ ਸੰਸਥਾਵਾਂ ਨਿੱਜੀ ਤੌਰ ’ਤੇ ਅਤੇ ਜਿਨ੍ਹਾਂ ਖੂਨਦਾਨੀਆਂ ਨੇ 100 ਤੋਂ ਜ਼ਿਆਦਾ ਵਾਰ (ਦਿਵਿਆਂਗ ਅਤੇ ਲੜਕੀਆਂ ਲਈ 50 ਵਾਰ) ਖੂਨਦਾਨ ਕੀਤਾ ਹੈ, ਉਨ੍ਹਾਂ ਦੇ ਨਾਮ ਜ਼ਿਲ੍ਹਾ ਕੰਪਲੈਕਸ, ਸਿਹਤ ਵਿਭਾਗ ਜਾਂ ਕਿਸੇ ਸਾਂਝੀ ਥਾਂ ’ਤੇ ਲਾਏ ਜਾਣ ਅਤੇ ਇਨ੍ਹਾਂ ਨੂੰ ਅਵਾਰਡ ਆਫ ਆਨਰ ਕਿਹਾ ਜਾਵੇ। ਹੋ ਸਕੇ ਤਾਂ ਉਹਨਾਂ ਨੂੰ ਸਰਕਾਰੀ ਕਮੇਟੀਆਂ ਵਿੱਚ ਵੀ ਸ਼ਾਮਲ ਕੀਤਾ ਜਾਵੇ। ਅੱਜ ਮੁਹਿੰਮ ਨੂੰ ਲਹਿਰ ਬਣਾਉਣ ਲਈ ਪਾਏ ਯੋਗਦਾਨ ਵਿੱਚ ਜਿਨ੍ਹਾਂ ਯੋਧਿਆਂ ਦਾ ਯੋਗਦਾਨ ਹੈ, ਉਨ੍ਹਾਂ ਦਾ ਬਣਦਾ ਸਨਮਾਨ ਜ਼ਰੂਰ ਹੋਣਾ ਚਾਹੀਦਾ। ਇਹ ਹੋਰ ਵੀ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਵਾਲੀ ਗੱਲ ਹੋਵੇਗੀ ਜੇਕਰ ਸ਼ਹਿਰ ਦੇ ਕਿਸੇ ਚੌਂਕ ਦਾ ਨਾਮ ‘ਖੂਨਦਾਨੀਆਂ ਦਾ ਚੌਕ’ ਰੱਖਿਆ ਜਾਵੇ।
ਖੂਨਦਾਨ ਕੈਂਪ ਲਾਉਣ ਵਾਲੀਆਂ ਸੰਸਥਾਵਾਂ ਨੂੰ ਇੱਕ ਪਲੇਟ ਫਾਰਮ ’ਤੇ ਇਕੱਠਾ ਹੋਣਾ ਚਾਹੀਦਾ ਅਤੇ ਇੱਕ ਸਾਂਝੀ ਸੰਸਥਾ ਬਣਾਈ ਜਾਣੀ ਚਾਹੀਦੀ ਹੈ। ਸਾਰੇ ਸਹਿਮਤ ਹੋਣ ਤਾਂ ਸਾਂਝੀ ਸੰਸਥਾ ਵਿੱਚ ਡਿਪਟੀ ਕਮਿਸ਼ਨਰ, ਸਿਵਲ ਸਰਜਨ ਜਾਂ ਰੈੱਡ ਕਰਾਸ ਸੁਸਾਇਟੀ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਜਿਸ ਖੇਤਰ ਵਿੱਚ ਉਹ ਸੰਸਥਾ ਕੰਮ ਕਰ ਰਹੀ ਹੋਵੇ, ਉਸ ਖੇਤਰ ਦੇ ਸਮੂਹ ਬਲੱਡ ਬੈਂਕ (ਸਰਕਾਰੀ ਅਤੇ ਪ੍ਰਾਈਵੇਟ) ਦੇ ਸਟੋਰ ਕਰਨ ਦੀ ਕਪੈਸਟੀ ਜਨਤਕ ਹੋਣੀ ਚਾਹੀਦੀ ਹੈ। ਬਲੱਡ ਬੈਂਕ ਨੂੰ ਖੂਨਦਾਨ ਕੈਂਪ ਦੇਣ ਤੋਂ ਪਹਿਲਾਂ ਉਸ ਕੋਲ ਕਿੰਨੇ ਯੂਨਿਟ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਅੰਦਾਜ਼ਨ ਕਿੰਨੇ ਬਲੱਡ ਦੀ ਜ਼ਰੂਰਤ ਪੈ ਸਕਦੀ, ਇਸਦਾ ਅੰਦਾਜ਼ਾ ਅਗਾਊਂ ਲਾਇਆ ਜਾਵੇ। ਸਭ ਤੋਂ ਅਹਿਮ ਹੈ ਕਿ ਬਲੱਡ ਬੈਂਕਾਂ ਦੀ ਐਮਰਜੈਂਸੀ ਬਲੱਡ ਦੀ ਜ਼ਰੂਰਤ ਨੂੰ ਪੂਰਾ ਕਰਕੇ ਜ਼ਿਆਦਾ ਤੋਂ ਜ਼ਿਆਦਾ ਬਲੱਡ ਬੈੱਡ ਟੂ ਬੈੱਡ ਦਿੱਤਾ ਜਾਵੇ। ਇਸ ਨਾਲ ਜਿੱਥੇ ਭਾਈਚਾਰਕ ਸਾਂਝ ਪੈਦਾ ਹੁੰਦੀ, ਉੱਥੇ ਖੂਨ ਅਜਾਈਂ ਨਹੀਂ ਜਾਂਦਾ ਅਤੇ ਵਿਅਕਤੀ ਨਾਲ ਭਾਵੁਕ ਰਿਸ਼ਤਾ ਵੀ ਬਣਦਾ ਹੈ।
ਖੂਨਦਾਨ ਨਾਲ ਜੁੜੇ ਹਰ ਵਿਅਕਤੀ ਅਤੇ ਸੰਸਥਾ ਨੂੰ ਮਿਲਕੇ ਬੈਠਣ ਲਈ ਆਉ ਆਪਣਾ ਯੋਗਦਾਨ ਪਾਈਏ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5536)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)