“ਗੁਰੂ ਜੀ ਦੇ ਸੰਦੇਸ਼ ਤੋਂ ਸਬਕ ਲੈ ਕੇ ਸਾਨੂੰ ਰਾਜਨੀਤਕ ਜ਼ੁਲਮ ਅਤੇ ਬੇਇਨਸਾਫੀ ਖਿਲਾਫ ਡਟ ਕੇ ਖੜ੍ਹਨਾ ਚਾਹੀਦਾ ਹੈ ...”
(15 ਨਵੰਬਰ 2024)
ਮੁਢਲੇ ਤੌਰ ’ਤੇ ਗੁਰੂ ਨਾਨਕ ਦੇਵ ਦੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਰਾਜਨੀਤਕ ਭਾਗੀਦਾਰੀ ਦਿਖਾਈ ਨਹੀਂ ਦਿੰਦੀ ਪਰ ਜੇ ਇਤਿਹਾਸ ਨੂੰ ਦੇਖਦੇ ਹਾਂ ਤਾਂ ਜਦੋਂ ਗੁਰੂ ਨਾਨਕ ਦੇਵ ਧਰਤੀ ’ਤੇ ਆਏ, ਉਸ ਸਮੇਂ ਸਮਾਜ ਵਿੱਚ ਸਥਾਪਿਤ ਸਮਾਜਿਕ ਬੁਰਾਈਆਂ ਗਰੀਬਾਂ ਦਾ ਸ਼ੋਸ਼ਣ, ਅੰਧ ਵਿਸ਼ਵਾਸ, ਜਾਤ-ਪਾਤ ਅਤੇ ਔਰਤਾਂ ਦੀ ਤਰਸਯੋਗ ਹਾਲਾਤ ਸਨ। ਧਰਤੀ ਪੂਰੀ ਤਰ੍ਹਾਂ ਬੁਰਿਆਈਆਂ ਨਾਲ ਲੱਦੀ ਹੋਈ ਸੀ। ਉਸ ਸਮੇਂ ਦੇਸ਼ ਸਮਾਜਿਕ, ਧਾਰਮਿਕ, ਆਰਿਥਕ ਅਤੇ ਰਾਜਨੀਤਕ ਦ੍ਰਿਸ਼ਟੀਕੋਣ ਤੋਂ ਉਥਲ-ਪੁਥਲ ਵਾਲੀ ਸਥਿਤੀ ਵਿੱਚ ਸੀ। ਉਸ ਸਥਿਤੀ ਦੇ ਵਰਣਨ ਭਾਈ ਲਾਲੋ ਜੀ ਨੂੰ ਮੁਖਾਤਿਬ ਹੋ ਕੇ ਗੁਰੂ ਨਾਨਕ ਦੇਵ ਜੀ ਨਿਡਰ ਭਾਸ਼ਾ ਵਿੱਚ ਕਹਿੰਦੇ ਹਨ:
ਪਾਪ ਕੀ ਜੰਝ ਲੈ ਕਾਬਲਓ ਧਾਇਆ ਜੋਰੀਂ ਮੰਗੈ ਦਾਨ ਵੇ ਲਾਲੋ॥
ਸ਼ਰਮ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥
ਗੁਰੂ ਨਾਨਕ ਦੇਵ ਜੀ ਇਕੱਲੇ ਹੀ ਅਜਿਹੀ ਸ਼ਖਸੀਅਤ ਸਨ ਜਿਸ ਨੂੰ ਹਿੰਦੂ, ਮੁਸਲਮਾਨ ਅਤੇ ਸਿੱਖ ਆਪਣਾ ਮਾਰਗ ਦਰਸ਼ਕ ਅਤੇ ਰਹਿਬਰ ਮੰਨਦੇ ਹਨ। ਜਦੋਂ ਉਹ ਜਨੇਊ ਨਾ ਧਾਰਨ ਕਰਨ ਬਾਰੇ ਜਾਂ ਸੂਰਜ ਵੱਲੋਂ ਪਾਣੀ ਸੁੱਟ ਕੇ ਪਿਤਰਾਂ ਨੂੰ ਖੁਸ਼ ਕਰਨ ਦਾ ਵਿਰੋਧ ਕਰਦੇ ਹਨ, ਅਜਿਹਾ ਇੱਕ ਸਾਰਥਿਕ ਅਤੇ ਡੂੰਘੀ ਤਰਕਸ਼ੀਲ ਸੋਚ ਵਾਲਾ ਵਿਅਕਤੀ ਹੀ ਕਰ ਸਕਦਾ। ਉਸ ਸਮੇਂ ਦੇ ਹਾਕਮਾਂ ਦੇ ਵਿਰੋਧ ਵਿੱਚ ਬੋਲਣਾ ਗੁਰੂ ਸਾਹਿਬ ਦੀ ਰਾਜਨੀਤਕ ਸੂਝ-ਬੁਝ ਦਾ ਪ੍ਰਤੀਕ ਹੈ। ਜਦੋਂ ਕੋਈ ਸੁਧਾਰ ਲਹਿਰ ਚਲਾਉਣ ਜਾਂ ਜ਼ਾਲਮ ਹਾਕਮਾਂ ਖਿਲਾਫ ਆਵਾਜ਼ ਚੱਕਣ ਨੂੰ ਕਹਿੰਦੇ ਹਨ ਤਾਂ ਸਾਡੇ ਵਰਗਾ ਕੋਈ ਸਾਥ ਨਹੀਂ ਦਿੰਦਾ, ਨਾਲ ਨਹੀਂ ਖੜ੍ਹਦਾ, ਸਭ ਖਹਿੜਾ ਛੁਡਾਉਣਾ ਚਾਹੁੰਦੇ ਹਨ।
ਬਾਬਰ ਦੇ ਜ਼ੁਲਮਾਂ ਖਿਲ਼ਾਫ ਕਿਸੇ ਵਿੱਚ ਬੋਲਣ ਦੀ ਹਿੰਮਤ ਨਹੀਂ ਸੀ ਪਰ ਬਾਬਰ ਨੂੰ ਜਾਬਰ ਅਤੇ ਬਾਬਰ ਦੇ ਅਨਿਆਂ ਪ੍ਰਤੀ ਲਿਖੇ ਸ਼ਬਦ ਅਤੇ ਕਵਿਤਾਵਾਂ ਨੂੰ ਅੱਜ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਮਹਿਸੂਸ ਹੁੰਦਾ ਕਿ ਇਹ ਕੇਵਲ ਉਹ ਹੀ ਲਿਖ ਅਤੇ ਕਰ ਸਕਦੇ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ 360-361 ’ਤੇ ਗੁਰੂ ਨਾਨਕ ਦੇਵ ਜੀ ਦੀਆਂ ਬਾਬਰ ਬਾਣੀ ਦੀਆਂ ਕੁਝ ਪ੍ਰਮੁੱਖ ਕਵਿਤਾਵਾਂ ਵਿੱਚ ਉਹਨਾਂ ਦਾ ਰਾਜਨੀਤਕ ਦ੍ਰਿਸ਼ਟੀਕੋਣ ਸ਼ੀਸ਼ੇ ਵਾਂਗ ਸਪਸ਼ਟ ਹੈ।
ਮੂਲ ਸ਼ਬਦ:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜ੍ਹਾਇਆ।
ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦੁ ਨ ਆਇਆ ॥1॥
ਬਾਬਰ, ਜੋ ਕਿ ਜਮ (ਮੌਤ ਦੇ ਦੂਤ) ਵਾਂਗ ਆਇਆ, ਉਸ ਨੇ ਅਣਗਿਣਤ ਹੱਤਿਆਵਾਂ ਕੀਤੀਆਂ। ਇੰਨੀ ਮਾਰ ਦੇ ਬਾਵਜੂਦ ਤੈਨੂੰ (ਸੁਲਤਾਨ ਨੂੰ) ਕੋਈ ਦੁੱਖ ਨਹੀਂ ਹੋਇਆ?
ਇਹ ਸ਼ਬਦ ਬਾਬਰ ਦੀਆਂ ਫੌਜਾਂ ਦੁਆਰਾ ਕੀਤੀਆਂ ਹੱਤਿਆਵਾਂ ਅਤੇ ਜ਼ੁਲਮਾਂ ਨੂੰ ਦਰਸਾਉਂਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਬੇਗੁਨਾਹ ਲੋਕਾਂ ਦੀਆਂ ਜਾਨਾਂ ਲਈ ਰਾਜਕਰਤਾ ਨੂੰ ਕੋਈ ਦਰਦ ਮਹਿਸੂਸ ਨਹੀਂ ਹੋਇਆ।
ਬਾਬਰ ਦੀਆਂ ਫੌਜਾਂ ਦੁਆਰਾ ਕੀਤੀਆਂ ਹੱਤਿਆਵਾਂ ਅਤੇ ਜ਼ੁਲਮਾਂ ਬਾਰੇ ਗੁਰੂ ਜੀ ਕਹਿੰਦੇ ਹਨ ਕਿ ਬੇਗੁਨਾਹ ਲੋਕਾਂ ਦੀਆਂ ਜਾਨਾਂ ਲੈਣੀਆਂ ਸੂਰਬੀਰਤਾ ਨਹੀਂ, ਕਾਇਰਤਾ ਹੈ।
ਗੁਰੂ ਨਾਨਕ ਨੇ ਕੇਵਲ ਆਪਣੇ ਦੋ ਸਾਥੀਆਂ ਦੀ ਮਦਦ ਨਾਲ 36 ਹਜ਼ਾਰ ਕਿਲੋਮੀਟਰ ਦੇ ਕਰੀਬ ਸਫਰ ਪੈਦਲ ਚੱਲ ਕੇ ਕੀਤਾ। ਗੁਰੂ ਨਾਨਕ ਦੇਵ ਨੇ ਆਪਣੀਆਂ ਯਾਤਰਾਵਾਂ (ਉਦਾਸੀਆਂ) ਦੌਰਾਨ ਜਿੰਨੇ ਵੀ ਲੋਕਾਂ ਨੂੰ ਸਿੱਧੇ ਰਾਹ ਪਾਇਆ, ਆਪਣੇ ਸ਼ਾਂਤੀ ਅਤੇ ਪ੍ਰੇਮ ਦੇ ਸੁਨੇਹੇ ਨਾਲ ਪਾਇਆ। ਕਾਸ਼ ਸਾਡੇ ਆਜੋਕੇ ਸ਼ਾਸਕ ਉਹਨਾਂ ਤੋਂ ਅਧਿਆਤਮਿਕ, ਸਮਾਜਿਕ, ਤਰਕਸ਼ੀਲ ਅਤੇ ਧਾਰਮਿਕ ਸੋਚ ਦੇ ਨਾਲ ਕ੍ਰਾਂਤੀਕਾਰੀ ਯੋਧੇ ਵਾਲੀ ਸਿੱਖਿਆ ਵੀ ਲੈਣ। ਸਚਾਈ ਦੇ ਮਾਰਗ ’ਤੇ ਚੱਲਦੇ ਹੋਏ ਜੇ ਸਿਰ ਵੀ ਦੇਣਾ ਪਵੇ ਤਾਂ ਬਿਲਕੁਲ ਵੀ ਢਿੱਲ ਨਹੀਂ ਕਰਨੀ ਚਾਹੀਦੀ। ਆਪਣੇ ਆਦਰਸ਼ਾਂ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਸਮਾਜ ਦੀ ਸੇਵਾ ਅਤੇ ਸੱਚ ਦੇ ਮਾਰਗ ’ਤੇ ਚੱਲ ਕੇ ਆਪਣੇ ਮਨ ਦੀ ਸ਼ੁੱਧਤਾ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਜਦੋਂ ਉਹ ਸਿਰ ਦੇਣ ਦੀ ਗੱਲ ਕਰਦੇ ਹਨ ਤਾਂ ਇੱਕ ਕ੍ਰਾਂਤੀਕਾਰੀ ਯੋਧੇ ਜਾਪਦੇ ਹਨ।
“ਇਤੁ ਮਾਰਗਿ ਪੈਰੀਐ ਸਿਰੁ ਦੀਜੈ ਕਾਣਿ ਨ ਕੀਜੈ।
ਕਹਿ ਨਾਨਕੁ ਸੱਚ ਧੜਿਆ ਜਿਨਿ ਘਾਲਿ ਘਟਾ ਘਟਾ ਦੀਜੈ।
ਉਨ੍ਹਾਂ ਦੀਆਂ ਸਿੱਖਿਆਵਾਂ ਰਾਜਨੀਤਿਕ ਦ੍ਰਿਸ਼ਟੀਕੋਣਾਂ ਤੋਂ ਬਿਨਾਂ ਨਹੀਂ ਰਹੀਆਂ, ਜੋ ਕਿ ਉਨ੍ਹਾਂ ਸਮਿਆਂ ਦੇ ਸਮਾਜਕ, ਰਾਜਨੀਤਕ ਸੰਕਟਾਂ ਤੇ ਕਾਲਪਨਿਕ ਸਥਿਤੀਆਂ ਨਾਲੋਂ ਬਹੁਤ ਅੱਗੇ ਦੀਆਂ ਗੱਲਾਂ ਸਨ। ਉਹਨਾਂ ਦਾ ਰਾਜਨੀਤਕ ਦ੍ਰਿਸਟੀਕੋਣ ਉਹਨਾਂ ਦੇ ਨੈਤਿਕ ਵਿਚਾਰਾਂ ਨਾਲ ਜੁੜਿਆ ਹੋਇਆ ਸੀ। ਉਹ ਅਕਸਰ ਨੈਤਿਕ ਵਿਚਾਰ ਦੇ ਸਮਰਥਨ ਵਿੱਚ ਅਲੰਕਾਰਾਂ ਦੀ ਵਰਤੋਂ ਕਰਦੇ ਸਨ। ਉਹਨਾਂ ਦੀ ਸਿੱਧੀ ਸਿਆਸੀ ਟਿੱਪਣੀ ਹੋਰ ਵੀ ਪ੍ਰਭਾਵਸ਼ਾਲੀ ਹੈ।
1469 ਵਿੱਚ ਜਦੋਂ ਉਹ ਇਸ ਧਰਤੀ ’ਤੇ ਆਏ, ਉਦੋਂ ਦਿੱਲੀ ਦੇ ਤਿੰਨ ਲੋਧੀ ਸੁਲਤਾਨ ਬਹਿਲੋਲ, ਸਿਕੰਦਰ ਅਤੇ ਇਬਰਾਹੀਮ (1451-1526) ਦੇ ਸ਼ਾਸਨ ਅਤੇ ਫਿਰ ਉਹਨਾਂ ਮੁਗਲ ਸ਼ਾਸਨ ਦੀ ਸ਼ੁਰੂਆਤ ਅਤੇ ਬਾਬਰ ਨੂੰ ਦੇਖਿਆ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੰਤਵ ਸਚਾਈ, ਸਦਾਚਾਰ ਅਤੇ ਲੋਕਾਂ ਦੀ ਭਲਾਈ ਨੂੰ ਰਾਜਨੀਤਕ ਫੈਸਲਿਆਂ ਦਾ ਕੇਂਦਰ ਬਣਾਉਣਾ ਸੀ। ਗੁਰੂ ਨਾਨਕ ਦੇਵ ਜੀ ਦੀਆਂ ਰਾਜਨੀਤਕ ਸਿੱਖਿਆਵਾਂ ਦੀ ਜੇਕਰ ਅਸੀਂ ਸਮਕਾਲੀ ਰਾਜਨੀਤਕ ਸਥਿਤੀ ਨਾਲ ਤੁਲਨਾ ਕਰੀਏ ਤਾਂ ਦੇਖਦੇ ਹਾਂ ਕਿ ਅੱਜ ਜਿੱਥੇ ਰਾਜਨੀਤਿਕ ਭ੍ਰਿਸ਼ਟਾਚਾਰ, ਨੈਤਿਕਤਾ ਦੀ ਕਮੀ ਅਤੇ ਅਸਮਾਨਤਾ ਵਧ ਰਹੀ ਹੈ। ਬਾਬਰ ਦੇ ਅੱਤਿਆਚਾਰ, ਅਨਿਆਂ, ਬੇ-ਇਨਸਾਫੀ ਅਤੇ ਜ਼ੁਲਮ ਖਿਲਾਫ ਕੁਝ ਗੁਰੂ ਨਾਨਕ ਦੇਵ ਜੀ ਹੀ ਲਿਖ ਸਕਦੇ ਸਨ, ਕੋਈ ਹੋਰ ਨਹੀਂ - ਪਾਪ ਕੀ ਜੰਝ ਲਾਇ ਕੈ ਦਿਲੀ ਕੁ ਤੋਹਿ ਮੁਗਲ ਪਠਾਣਾ।
ਗੁਰੂ ਨਾਨਕ ਦੇਵ ਜੀ ਦੀਆਂ ਰਾਜਨੀਤਕ ਸਿੱਖਿਆਵਾਂ:
ਸਮਾਨਤਾ ਅਤੇ ਆਮ ਲੋਕਾਂ ਦੀ ਭਲਾਈ:
ਉਸ ਸਮੇਂ ਦੇ ਮੁਗਲ ਹਕੂਮਤ ਅਤੇ ਸਥਾਨਿਕ ਰਾਜਿਆਂ ਵੱਲੋਂ ਅਮਲ ਕੀਤੀ ਜਾਣ ਵਾਲੀ ਜ਼ੋਰ-ਜ਼ਬਰਦਸਤੀ ਅਤੇ ਜਨਤਾ ਨਾਲ ਹੋ ਰਹੇ ਅਨਿਆਂ ਦੇ ਵਿਰੋਧ ਵਿੱਚ ਗੁਰੂ ਨਾਨਕ ਸਾਹਿਬ ਖੁੱਲ੍ਹ ਕੇ ਸਾਹਮਣੇ ਆਏ ਅਤੇ ਵਿਰੋਧ ਕੀਤਾ। ਉਨ੍ਹਾਂ ਨੇ ਇਹ ਸਿੱਖਿਆ ਦਿੱਤੀ ਕਿ ਸਮਾਨਤਾ ਹਰ ਇਨਸਾਨ ਦਾ ਮੂਲ ਅਧਿਕਾਰ ਹੈ ਅਤੇ ਰਾਜਨੀਤਿਕ ਸਿਸਟਮ ਨੂੰ ਇਹ ਪੱਕਾ ਕਰਨਾ ਚਾਹੀਦਾ ਹੈ ਕਿ ਹਰ ਕੋਈ ਇੱਜ਼ਤਦਾਰ ਜ਼ਿੰਦਗੀ ਬਿਤਾ ਸਕੇ। “ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ” ਇਹ ਕਹਿ ਕੇ ਉਨ੍ਹਾਂ ਨੇ ਧਾਰਮਿਕ ਸਮਾਨਤਾ ਦਾ ਸੰਦੇਸ਼ ਦਿੱਤਾ।
ਨੈਤਿਕਤਾ ਅਤੇ ਸੱਚਾਈ:
ਗੁਰੂ ਨਾਨਕ ਦੇਵ ਜੀ ਨੇ ਰਾਜਨੀਤਕ ਸਿਸਟਮ ਵਿੱਚ ਸਚਾਈ ਅਤੇ ਨੈਤਿਕਤਾ ਦੇ ਮਹੱਤਵ ਨੂੰ ਉਜਾਗਰ ਕੀਤਾ। ਉਹ ਇਹ ਮੰਨਦੇ ਸਨ ਕਿ ਰਾਜਾ ਹੋਵੇ ਜਾਂ ਕੋਈ ਆਮ ਇਨਸਾਨ, ਸਚਾਈ ਦਾ ਰਾਹ ਹੀ ਸਭ ਤੋਂ ਸਹੀ ਰਾਹ ਹੈ।
ਅਨਿਆਂ ਦਾ ਵਿਰੋਧ:
ਗੁਰੂ ਨਾਨਕ ਦੇਵ ਜੀ ਨੇ ਆਪਣੇ ਜ਼ਮਾਨੇ ਦੇ ਰਾਜਨੀਤਕ ਸਿਸਟਮ ਵਿੱਚ ਚੱਲ ਰਹੇ ਅਨਿਆਂ ਨੂੰ ਖਤਮ ਕਰਨ ਲਈ ਕਿਹਾ। ਉਨ੍ਹਾਂ ਦੀਆਂ ਬਾਣੀਆਂ ਵਿੱਚ ਅਨਿਆਂ ਦੇ ਵਿਰੋਧ ਦੀ ਝਲਕ ਹੈ। ਅੱਜ ਦੀ ਰਾਜਨੀਤਿਕ ਸਥਿਤੀ ਵਿੱਚ ਅਨਿਆਂ ਨੂੰ ਦੇਖ ਕੇ ਵੀ ਅੱਖਾਂ ਬੰਦ ਕਰ ਲਈਆਂ ਜਾਂਦੀਆਂ ਹਨ। ਆਧੁਨਿਕ ਰਾਜਨੀਤੀ ਵਿੱਚ ਭ੍ਰਿਸ਼ਟਾਚਾਰ, ਧਰਮ ਦੇ ਨਾਮ ’ਤੇ ਰਾਜਨੀਤੀ ਦੀ ਖੇਡ ਅਤੇ ਧਰਮ ਦੀ ਵਰਤੋਂ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਆਮ ਵਰਤਾਰਾ ਹੈ। ਲੋਭ-ਲਾਲਚ ਮਨੁੱਖ ਨੂੰ ਉਸ ਦੇ ਅਸਲ ਮੰਤਵ ਤੋਂ ਦੂਰ ਕਰਦਾ ਹੈ। ਰਾਜਨੀਤੀ ਵਿੱਚ ਸਮਾਜ ਦੀ ਸੇਵਾ ਮੁੱਖ ਮੰਤਵ ਹੋਣਾ ਚਾਹੀਦਾ ਹੈ। ਗੁਰੂ ਜੀ ਨੇ ਮੌਲਵੀਆਂ ਅਤੇ ਪੰਡਤਾਂ ਦੇ ਭ੍ਰਿਸ਼ਟ ਕਰਮਾਂ ਦੀ ਸਖ਼ਤ ਲਫ਼ਜ਼ਾਂ ਵਿੱਚ ਨਿੰਦਾ ਕੀਤੀ।
ਗੁਰੂ ਨਾਨਕ ਦੇਵ ਜੀ ਨੇ ਰਾਜਿਆਂ ਦੇ ਲਾਲਚ, ਅਨੈਤਿਕ ਕਿਰਦਾਰ ਅਤੇ ਜ਼ੁਲਮਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਵਿੱਚ ਉਹ ਕਹਿੰਦੇ ਹਨ ਕਿ ਜੋ ਰਾਜੇ ਹਨ, ਉਹ ਲੋਕਾਂ ’ਤੇ ਜ਼ੁਲਮ ਕਰਦੇ ਹਨ ਅਤੇ ਸਿਰਫ ਆਪਣੇ ਫਾਇਦੇ ਲਈ ਕੰਮ ਕਰਦੇ ਹਨ। ਉਹਨਾਂ ਨੇ ਦਰਬਾਰਾਂ ਦੇ ਸਿੰਘਾਸਨਾਂ ’ਤੇ ਬੈਠੇ ਹਾਕਮਾਂ ਦੇ ਪਾਪਾਂ ਨੂੰ ਵੀ ਬੇਨਕਾਬ ਕੀਤਾ।
ਰਾਜੇ ਸੀਹ ਮੁਕਦਮ ਕੁੱਤੇ।
ਜਾਇ ਜਗਾਇਨਿ ਬੈਠੇ ਸੁਤੇ॥
ਗੁਰੂ ਨਾਨਕ ਜੀ ਕਹਿੰਦੇ ਹਨ ਕਿ ਰਾਜੇ ਸ਼ੇਰਾਂ ਵਾਂਗ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹਨ, ਬੇਰਹਿਮ ਹਨ। ਮੁਕੱਦਮ (ਜ਼ਿਲ੍ਹਾ ਹਾਕਮ) ਕੁੱਤਿਆਂ ਵਾਂਗ ਹਨ, ਜੋ ਰਾਜਿਆਂ ਦੇ ਆਦੇਸ਼ਾਂ ਦਾ ਪਾਲਣ ਕਰਦੇ ਹਨ। ਇਹਨਾਂ ਹਾਕਮਾਂ ਦੀਆਂ ਕਰਤੂਤਾਂ ਬਿਲਕੁਲ ਕੁੱਤਿਆਂ ਦੀਆਂ ਹਨ। ਅਸੀਂ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਰਾਜਨੀਤਕ ਜ਼ੁਲਮਾਂ ਵਿਰੁੱਧ ਖੜ੍ਹੇ ਹੋਣ ਦੀ ਜ਼ਿੰਮੇਵਾਰੀ ਹਰ ਵਿਅਕਤੀ ਉੱਤੇ ਪਾਈ। ਅਜੋਕੇ ਸਮੇਂ ਵਿੱਚ ਵੀ ਉਨ੍ਹਾਂ ਦਾ ਰਾਜਨੀਤਕ ਪ੍ਰਸੰਗ ਬਹੁਤ ਅਹਿਮ ਹੈ। ਗੁਰੂ ਜੀ ਦੇ ਸੰਦੇਸ਼ ਤੋਂ ਸਬਕ ਲੈ ਕੇ ਸਾਨੂੰ ਰਾਜਨੀਤਕ ਜ਼ੁਲਮ ਅਤੇ ਬੇਇਨਸਾਫੀ ਖਿਲਾਫ ਡਟ ਕੇ ਖੜ੍ਹਨਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5445)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)