“ਕੁਝ ਸਮਾਂ ਪਹਿਲਾਂ ਜਿਹੜਾ ਵਿਅਕਤੀ ਤੁਹਾਡੇ ਲਈ ਅਣਜਾਣ ਹੁੰਦਾ ਹੈ, ਪੰਜ ਸੱਤ ਮਿੰਟ ਗੱਲਾਂ ਕਰਨ ਤੋਂ ਬਾਅਦ ਉਹ ਤੁਹਾਨੂੰ ...”
(21 ਅਪਰੈਲ 2024)
ਇਸ ਸਮੇਂ ਪਾਠਕ: 240.
ਅਸੀਂ ਜਾਣਦੇ ਹਾਂ ਕਿ ਆਧੁਨਿਕ ਸਮਾਜ ਵਿੱਚ ਕਈ ਕਿਸਮ ਦੀਆਂ ਬਿਮਾਰੀਆਂ ਹਨ। ਇਨ੍ਹਾਂ ਵਿੱਚੋਂ ਇੱਕ ਬਿਮਾਰੀ ਦਿਮਾਗੀ ਤਣਾਅ ਵੀ ਹੈ। ਦਿਮਾਗੀ ਤਣਾਅ ਦੂਜੀਆਂ ਬਿਮਾਰੀਆਂ ਨਾਲੋਂ ਵੱਖਰੀ ਬਿਮਾਰੀ ਹੈ। ਇਹ ਬਿਮਾਰੀ ਕਿਸੇ ਕਿਟਾਣੂ ਜਾਂ ਵਾਇਰਸ ਨਾਲ ਨਹੀਂ ਹੁੰਦੀ, ਇਹ ਬਿਮਾਰੀ ਸਾਡੀ ਸੋਚ ਵਿੱਚੋਂ ਅਤੇ ਮਨ ਤੋਂ ਉਪਜਦੀ ਹੈ।
“ਬਾਈ ਜੀ, ਚੜ੍ਹਦੀ ਕਲਾ ਹਾਂ ... ਨਜ਼ਾਰੇ ਲੈਂਦੇ ... ਮੌਜਾਂ ਕਰਦੇ ਹਾਂ ...” ਇਹ ਅਜਿਹੇ ਸ਼ਬਦ ਹਨ, ਜੋ ਹਰ ਵਿਅਕਤੀ ਆਮ ਇਸਤੇਮਾਲ ਕਰਦਾ ਹੈ। ਸਭ ਦੇ ਚਿਹਰੇ ਦੇ ਹਾਵ-ਭਾਵ ਤਾਂ ਕੁਝ ਹੋਰ ਹੀ ਬਿਆਨ ਕਰਦੇ ਹੁੰਦੇ ਹਨ। ਕੁਝ ਸਮਾਂ ਪਹਿਲਾਂ ਜਿਹੜਾ ਵਿਅਕਤੀ ਤੁਹਾਡੇ ਲਈ ਅਣਜਾਣ ਹੁੰਦਾ ਹੈ, ਪੰਜ ਸੱਤ ਮਿੰਟ ਗੱਲਾਂ ਕਰਨ ਤੋਂ ਬਾਅਦ ਉਹ ਤੁਹਾਨੂੰ ਆਪਣੀਆਂ ਸਾਰੀਆਂ ਦੁੱਖ ਤਕਲੀਫਾਂ ਇਸ ਤਰ੍ਹਾਂ ਦੱਸਣ ਲੱਗ ਪੈਂਦਾ ਹੈ, ਜਿਵੇਂ ਤੁਸੀਂ ਉਸਦੇ ਸਭ ਤੋਂ ਨਜ਼ਦੀਕੀ ਅਤੇ ਹਮਦਰਦ ਹੋਵੋਂ।
ਅਸੀਂ ਵਾਰ ਵਾਰ ਲੋਕਾਂ ਨੂੰ ਸਕਾਰਾਤਾਮਕ ਰਹਿਣ ਦੀਆਂ ਗੱਲਾਂ ਕਰਦੇ ਹਾਂ ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਅਸੀਂ ਆਪ ਹਮੇਸ਼ਾ ਸਕਾਰਾਤਾਮਕ ਰਹਿੰਦੇ ਹਾਂ? ਇਹ ਵੀ ਸੱਚ ਹੈ ਕਿ ਅੱਜਕਲ ਕੋਈ ਵਿਅਕਤੀ ਆਪਣੀਆਂ ਨਿੱਜੀ ਮੁਸ਼ਕਲਾਂ ਕਰਕੇ ਘੱਟ ਦੁਖੀ ਹੈ ਪਰ ਲੋਕਾਂ ਦੀਆਂ ਸਹੂਲਤਾਂ ਅਤੇ ਸਾਧਨਾਂ ਨੂੰ ਦੇਖ ਕੇ ਜ਼ਿਆਦਾ ਦੁਖੀ ਹੈ। ਇੱਕ ਪੁਰਣੀ ਸਾਖੀ ਸੁਣਾਈ ਜਾਂਦੀ ਹੈ ਕਿ ਕਿਸੇ ਬੰਦੇ ਦੇ ਪੂਜਾ ਪਾਠ ਅਤੇ ਤਪੱਸਿਆ ’ਤੇ ਖੁਸ਼ ਹੋ ਕੇ ਰੱਬ ਪ੍ਰਗਟ ਹੋਇਆ ਅਤੇ ਉਸਨੇ ਆਪਣੇ ਉਸ ਬੰਦੇ ਨੂੰ ਕੁਝ ਵੀ ਮੰਗਣ ਲਈ ਕਿਹਾ। ਪਰ ਨਾਲ ਹੀ ਸ਼ਰਤ ਰੱਖ ਦਿੱਤੀ ਕਿ ਜਿੰਨਾ ਕੁਝ ਤੈਨੂੰ ਮਿਲੇਗਾ, ਤੇਰੇ ਗੁਆਂਢੀ ਨੂੰ ਤੇਰੇ ਨਾਲੋਂ ਦੁੱਗਣਾ ਮਿਲੇਗਾ। ਪਰ ਬੰਦਾ ਨਹੀਂ ਸੀ ਚਾਹੁੰਦਾ ਕਿ ਉੁਸ ਦੇ ਗੁਆਂਡੀ ਨੂੰ ਦੁੱਗਣਾ ਮਿਲੇ, ਉਸ ਨੇ ਕਿਹਾ ਕਿ ਮੇਰੀ ਇੱਕ ਲੱਤ ਟੁੱਟ ਜਾਵੇ। ਉਸਦੀ ਸੋਚ ਸੀ ਕਿ ਇਸ ਤਰ੍ਹਾਂ ਉਸਦੇ ਗੁਆਂਢੀ ਦੀਆਂ ਦੋਵੇਂ ਲੱਤਾਂ ਟੁੱਟ ਜਾਣਗੀਆਂ। ਸੋ ਇਹ ਹੈ ਸਾਡੀ ਸੋਚ ਕਿ ਅਸੀਂ ਆਪਣੇ ਨੁਕਸਾਨ ਨਾਲੋਂ ਗੁਆਂਢੀ ਦਾ ਵਧੇਰੇ ਨੁਕਸਾਨ ਕਰਾਉਣ ਵਿੱਚੋਂ ਵੀ ਖੁਸ਼ੀ ਲੱਭਦੇ ਹਾਂ।
1980 ਦੇ ਦਾਹਕੇ ਜਾਂ ਇਸ ਤੋਂ ਪਹਿਲਾਂ ਬੱਚਿਆਂ ਨੂੰ ਅਧਿਆਪਕ ਵੱਲੋਂ ਦਿੱਤੀ ਜਾਂਦੀ ਕਿਤਾਬੀ ਸਿੱਖਿਆ ਦੇ ਨਾਲ ਨਾਲ ਨੈਤਿਕ ਸਿੱਖਿਆ ਅਤੇ ਸੰਸਕਾਰਾਂ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ। ਹਰੇਕ ਅਧਿਆਪਕ ਆਪਣੀ ਕਲਾਸ ਦੇ 15 ਮਿੰਟ ਨੈਤਿਕ ਸਿੱਖਿਆ ਅਤੇ ਸੰਸਕਾਰਾਂ ਬਾਰੇ ਗੱਲਬਾਤ ਕਰਦਾ। ਸਵੇਰ ਦੀ ਪ੍ਰਰਾਥਨਾ ਸਭਾ ਵਿੱਚ ਵੀ ਰੋਜ਼ਾਨਾ ਇੱਕ ਅਧਿਆਪਕ ਦੀ ਡਿਊਟੀ ਲੱਗਦੀ ਸੀ, ਜਿਸ ਕਾਰਣ ਪੜ੍ਹਦੇ ਸਮੇਂ ਬੱਚੇ ਉੱਤੇ ਪੜ੍ਹਾਈ ਤੋਂ ਇਲਾਵਾ ਕੋਈ ਤਣਾਅ ਨਹੀਂ ਸੀ ਹੁੰਦਾ।
ਹਮੇਸ਼ਾ ਹਰ ਇੱਕ ਨੂੰ ਮੁਆਫ ਕਰਨ ਦੀ ਪ੍ਰਵਿਰਤੀ ਨਾ ਕੇਵਲ ਤਹਾਨੂੰ ਮਾਨਿਸਕ ਪ੍ਰੇਸ਼ਾਨੀਆਂ ਤੋਂ ਦੂਰ ਰੱਖਦੀ ਹੈ, ਸਮਾਜ ਵਿੱਚ ਵੀ ਤਹਾਡੇ ਕੱਦ ਨੂੰ ਵਧਾਉਂਦੀ ਹੈ। ਸਵਾਮੀ ਵਿਵੇਕਾਨੰਦ ਜੀ ਹਮੇਸ਼ਾ ਕਹਿੰਦੇ ਸਨ ਕਿ ਸ਼ਾਂਤ ਮਨ ਨਾਲ ਕੰਮ ਕਰਨ ਨਾਲ ਸਾਡੀਆਂ ਨਾੜੀਆਂ ਨੂੰ ਸ਼ਾਂਤੀ ਮਿਲਦੀ ਹੈ, ਅਸੀਂ ਸ਼ਾਂਤ ਰਹਿੰਦੇ ਹਾਂ। ਇਸੇ ਲਈ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਹਨ ਕਿ ਸਾਨੂੰ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਇਸ ਨਾਲ ਮਾਨਿਸਕ ਸੰਤੁਲਨ ਬਣਿਆ ਰਹਿੰਦਾ ਹੈ।
ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਕਿਵੇਂ ਕੰਮ ਕਰਨਾ ਪਰ ਇਹ ਨਹੀਂ ਜਾਣਦੇ ਕਿ ਅਰਾਮ ਕਿਵੇਂ ਕਰਨਾ ਹੈ। ਅਸੀਂ ਲਗਾਤਾਰ ਇਸ ਢੰਗ ਨਾਲ ਕੰਮ ਕਰਦੇ ਹਾਂ, ਜਿਸ ਨਾਲ ਮਾਨਿਸਕ ਪ੍ਰੇਸ਼ਾਨੀ ਵਧਦੀ ਜਾਂਦੀ ਹੈ। ਨਤੀਜਾ ਇਹ ਨਿਕਲਦਾ ਕਿ ਅਸੀਂ ਥਕਾਵਟ ਮਹਿਸੂਸ ਕਰਦੇ ਹਾਂ ਅਤੇ ਥੱਕੇ ਥੱਕੇ ਰਹਿੰਦੇ ਹਾਂ, ਜਿਸ ਨਾਲ ਅਸੀਂ ਅਕਸਰ ਪ੍ਰੇਸ਼ਾਨ ਰਹਿਣ ਲੱਗਦੇ ਹਾਂ। ਸਾਡੇ ਵਿੱਚ ਚਿੜਚਿੜਾਪਣ ਆ ਜਾਂਦਾ ਹੈ। ਸਵਾਮੀ ਵਿਵੇਕਾਨੰਦ ਜੀ ਦੱਸਦੇ ਹਨ ਕਿ ਜ਼ਿਆਦਾ ਲੋਕ ਇਸ ਕਾਰਣ ਦੁਖੀ ਹੁੰਦੇ ਹਨ ਕਿਉਂਕਿ ਉਹ ਆਪਣੀ ਸ਼ਕਤੀ ਨੂੰ ਨਕਾਰਾਤਾਮਕ ਕੰਮ ਵਿੱਚ ਲਾਉਂਦੇ ਹਨ।
ਕਾਰਲ ਗੁਸਟਵ ਜੰਗ ਜੋ ਕਿ ਇੱਕ ਆਧੁਨਿਕ ਮਨੋਵਿਗਿਆਨੀ ਹੈ, ਉਹ ਦਿਮਾਗੀ ਪ੍ਰੇਸ਼ਾਨੀ ਦੇ ਕਈ ਕਾਰਨ ਦੱਸਦਾ ਹੈ। ਜੰਗ ਅਨੁਸਾਰ ਦਿਮਾਗੀ ਪ੍ਰੇਸ਼ਾਨੀ ਵਿਅਕਤੀ ਦੇ ਦੋਹਰੇ ਮਾਪਦੰਡ ਕਾਰਨ ਹੁੰਦੀ ਹੈ। ਦੋਹਰੇ ਮਾਪਦੰਡ ਦਾ ਅਰਥ ਹੈ ਅੰਦਰੂਨੀ ਸੋਚ ਕੁਝ ਅਤੇ ਬਾਹਰੋਂ ਸਾਡੇ ਕਰਮ ਕੁਝ ਹੋਰ। ਅਸੀਂ ਦੇਖਦੇ ਹਾਂ ਕਿ ਕਈ ਵਾਰ ਅਸੀਂ ਮਨ ਵਿੱਚ ਹੋਰ ਸੋਚ ਰਹੇ ਹੁੰਦੇ ਹਾਂ ਪਰ ਬਾਹਰੀ ਤੌਰ ’ਤੇ ਉਹ ਕੁਝ ਨਹੀਂ ਕਰਦੇ ਜੋ ਅਸੀਂ ਅੰਦਰੋਂ ਕਰਨਾ ਚਾਹੁੰਦੇ ਹਾਂ। ਇਸ ਵਰਤਾਰੇ ਦਾ ਅਸਰ ਦਿਮਾਗ ’ਤੇ ਪੈਂਦਾ ਹੈ ਜਿਸ ਨਾਲ ਮਾਨਿਸਕ ਪ੍ਰੇਸ਼ਾਨੀ ਦਾ ਹੋਣਾ ਸੁਭਾਵਿਕ ਹੈ। ਇਸ ਲਈ ਸਾਨੂੰ ਹਮੇਸ਼ਾ ਸਕਾਰਾਤਮਕ ਰਹਿੰਦੇ ਹੋਏ ਅਸਲੀਅਤ ਵਿੱਚ ਚੜ੍ਹਦੀ ਕਲਾ ਵਿੱਚ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4906)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)