“ਪੰਜਾਬੀ ਭਾਸ਼ਾ ਵਿੱਚ ਵੱਡੇ ਭਾਸ਼ਾਈ ਸ੍ਰੋਤ ਤਿਆਰ ਕਰਨ ਲਈ ਵੀ ਹਿੰਦੀ ਦੀ ਚੋਣ ਅੰਗਰੇਜ਼ੀ ਨਾਲੋਂ ਵਧੇਰੇ ਲਾਹੇਵੰਦ ਹੈ। ਸ਼ਬਦ ...”
(20 ਫਰਵਰੀ 2024)
ਇਸ ਸਮੇਂ ਪਾਠਕ: 515.
ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬੀ ਭਾਸ਼ਾ ਦੇ ਅਮੀਰ ਹੋਣ ਦੀ ਗਵਾਹੀ ਭਰਦਾ ਹੈ।
ਹਰ ਸਾਲ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਇਸਦੀ ਸ਼ੁਰੂਆਤ 21 ਫਰਵਰੀ 2000 ਤੋਂ ਕੀਤੀ ਗਈ। ਇਸ ਲਈ ਮਾਂ-ਬੋਲੀ ਦੇ ਪ੍ਰੇਮੀਆਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਪਰ ਅਫਸੋਸ ਦੀ ਗੱਲ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਇੰਨੀ ਕੀਮਤੀ ਹੋਣ ਦੇ ਬਾਵਜੂਦ ਸਾਡੇ ਹਾਕਮਾਂ ਨੇ ਇਸਦਾ ਘੇਰਾ ਸੀਮਤ ਕਰ ਦਿੱਤਾ ਹੈ। ਪੰਜਾਬ ਵਿੱਚ ਮਾਤ ਭਾਸ਼ਾ ਦਿਵਸ ਉਸ ਦਿਨ ਮਨਾਇਆ ਜਾਂਦਾ ਹੈ ਜਿਸ ਦਿਨ ਸਾਡੀ ਮਾਂ-ਬੋਲੀ ਦਾ ਘੇਰਾ ਸੀਮਤ ਹੋਇਆ। ਪਰ ਵਿਸ਼ਵ ਪੱਧਰ ’ਤੇ ਪੰਜਾਬੀ ਭਾਸ਼ਾ ਦੀ ਅਮੀਰੀ ਸੰਬੰਧੀ ਲੋਕਾਂ ਨੂੰ ਜਾਣੂ ਕਰਵਾਉਣ ਹਿਤ ਅੰਤਰਰਾਸ਼ਟਰੀ ਮਾਤ ਭਾਸ਼ਾ ਵਾਲੇ ਦਿਨ ਸੀਮਤ ਜਿਹੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ।
ਹਰ ਵਿਅਕਤੀ ਦੀ ਆਪਣੀ ਮਾਤ-ਭਾਸ਼ਾ ਹੁੰਦੀ ਹੈ ਜਿਸ ਨੂੰ ਸਿੱਖਣ ਲਈ ਉਸ ਨੂੰ ਵਿਸ਼ੇਸ਼ ਤਰੱਦਦ ਨਹੀਂ ਕਰਨਾ ਪੈਂਦਾ, ਉਹ ਇਸ ਭਾਸ਼ਾ ਨੂੰ ਆਪਣੇ ਬਚਪਨ ਤੋਂ ਹੀ ਆਪਣੀ ਮਾਂ ਤੋਂ ਸਿੱਖ ਲੈਂਦਾ। ਅਸੀਂ ਜਾਣਦੇ ਹਾਂ ਕਿ ਭਾਸ਼ਾ ਉਹ ਸਾਧਨ ਹੈ ਜਿਸ ਰਾਹੀਂ ਇਨਸਾਨ ਆਪਸ ਵਿੱਚ ਸੰਵਾਦ ਕਰਦੇ ਹਨ, ਬੀਤੇ ਸਮੇਂ ਤੋਂ ਸਬਕ ਲੈਂਦੇ ਹਨ ਅਤੇ ਭਵਿੱਖ ਦੇ ਸੁਪਨੇ ਵੇਖਦੇ ਹਨ। ਲੋਕ ਲੁੱਟ, ਅਨਿਆਂ ਅਤੇ ਡਰ ਤੋਂ ਮੁਕਤ ਸਮਾਜ ਦੇ ਸੁਪਨੇ ਆਪਣੀ ਮਾਂ-ਬੋਲੀ ਵਿੱਚ ਹੀ ਦੇਖ ਸਕਦੇ ਹਨ। ਭਾਸ਼ਾ ਜਮਾਤੀ ਸੰਘਰਸ਼ ਦਾ ਸਭ ਤੋਂ ਮਹੱਤਵਪੂਰਨ ਹਥਿਆਰ ਹੈ ਤੇ ਸਾਡੇ ਹਾਕਮ ਸਾਥੋਂ ਇਹ ਹਥਿਆਰ ਖੋਹ ਲੈਣਾ ਚਾਹੁੰਦੇ ਹਨ।
ਜੇਕਰ ਅੱਜ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਪਤਾ ਚਲਦਾ ਹੈ ਕਿ ਕਿਸ ਤਰ੍ਹਾਂ ਬੰਗਲਾ ਭਾਸ਼ਾ ਨੂੰ ਲਾਗੂ ਕਰਵਾਉਣ ਲਈ ਬੰਗਲਾ ਦੇਸ਼ ਦੇ ਲੋਕਾਂ ਨੇ ਆਪਣੀਆਂ ਜਾਨਾਂ ਕਰਬਾਨ ਕੀਤੀਆਂ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਦਾ ਪ੍ਰਸਤਾਵ ਬੰਗਲਾ ਦੇਸ਼ ਦੇ ਨਾਗਰਿਕ ਰਫੀਕ ਵੱਲੋਂ ਸਯੁਕੰਤ ਰਾਸ਼ਟਰ ਸੰਘ ਨੂੰ ਭੇਜਿਆ ਗਿਆ ਜਿਸ ਵੱਲੋਂ 1999 ਵਿੱਚ ਇਸ ਨੂੰ ਰਸਮੀ ਪ੍ਰਵਾਨਗੀ ਦੇਣ ਤੋਂ ਬਾਅਦ ਪਹਿਲੀ ਵਾਰ 21 ਫਰਵਰੀ 2000 ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ।
ਅਸਲ ਵਿੱਚ ਜਦੋਂ ਭਾਰਤ ਪਾਕਿਸਤਾਨ ਦੀ 1947 ਵਿੱਚ ਵੰਡ ਹੋਈ ਤਾਂ ਪਾਕਿਸਤਾਨ ਦੀ ਸੰਵਿਧਾਨ ਸਭਾ ਨੇ 1948 ਵਿੱਚ ਕੇਵਲ ਉਰਦੂ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦੇ ਦਿੱਤੀ ਜਦੋਂ ਕਿ ਈਸਟ ਪਾਕਿਸਤਾਨ ਵਿੱਚ ਰਹਿਣ ਵਾਲੇ ਬਹੁਗਿਣਤੀ ਲੋਕਾਂ ਵੱਲੋਂ ਬੰਗਾਲੀ/ਬੰਗਲਾ ਭਾਸ਼ਾ ਬੋਲੀ ਜਾਂਦੀ ਸੀ। ਉਹਨਾਂ ਦਾ ਸੱਭਿਆਚਾਰ ਅਤੇ ਰਹਿਣ ਸਹਿਣ ਵੀ ਪੱਛਮੀ ਪਾਕਿਸਤਾਨ ਦੇ ਲੋਕਾਂ ਨਾਲ ਵੱਖ ਸੀ। ਇਸ ਸੰਬੰਧੀ ਧੀਰੇਂਦਰਨਾਥ ਦੱਤਾ ਨੇ 23 ਫਰਵਰੀ 1948 ਨੂੰ ਪਾਕਿਸਤਾਨ ਦੀ ਸੰਵਿਧਾਨ ਸਭਾ ਵਿੱਚ ਵੀ ਇਸ ਮੁੱਦੇ ਨੂੰ ਚੁੱਕਿਆ ਗਿਆ ਸੀ। ਉਹਨਾਂ ਦੀ ਮੰਗ ਸੀ ਕਿ ਘੱਟ ਤੋਂ ਘੱਟ ਬੰਗਲਾ ਭਾਸ਼ਾ ਨੂੰ ਰਾਸ਼ਟਰੀ ਭਾਸ਼ਾਵਾਂ ਵਿੱਚ ਹੀ ਸ਼ਾਮਲ ਕਰ ਲਿਆ ਜਾਵੇ। ਪੂਰਬੀ ਪਾਕਿਸਤਾਨ ਜੋ ਬਾਅਦ ਵਿੱਚ ਬੰਗਲਾ ਦੇਸ਼ ਬਣਿਆ, ਵੱਲੋਂ ਆਪਣੀ ਮਾਤ ਭਾਸ਼ਾ ਨੂੰ ਦਰਜਾ ਦਿਵਾਉਣ ਹਿਤ ਪਾਕਿਸਤਾਨ ਵਿੱਚ ਲਗਾਤਾਰ ਸੰਘਰਸ਼ ਅਤੇ ਜਨਤਕ ਰੈਲੀਆਂ ਕੀਤੀਆਂ ਗਈਆਂ। ਜਿਵੇਂ ਜਿਵੇਂ ਇਹ ਸੰਘਰਸ਼ ਤੇਜ਼ ਹੁੰਦਾ ਗਿਆ, ਪਾਕਿਸਤਾਨ ਹਕੂਮਤ ਨੇ ਜਨਤਕ ਰੈਲੀਆਂ ਅਤੇ ਮੀਟਿੰਗਾਂ ’ਤੇ ਰੋਕ ਲਗਾ ਦਿੱਤੀ, ਜਿਸ ਕਾਰਣ ਲੋਕਾਂ ਵਿੱਚ ਆਪਣੀ ਮਾਤ ਭਾਸ਼ਾ ਨੂੰ ਲਾਗੂ ਕਰਵਾਉਣ ਹਿਤ ਗੁੱਸਾ ਹੋਰ ਵੱਧ ਗਿਆ। 21 ਫਰਵਰੀ 1952 ਨੂੰ ਬੰਗਲਾਦੇਸ਼ ਦੀ ਮੁੱਖ ਢਾਕਾ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਆਮ ਲੋਕਾਂ ਵੱਲੋਂ ਜਬਰਦਸਤ ਪ੍ਰਦਸ਼ਨ ਕੀਤਾ ਗਿਆ, ਜਿਸਦਾ ਭਾਰਤ ਦੇਸ਼ ਦੇ ਪੱਛਮੀ ਬੰਗਾਲ, ਅਸਾਮ, ਝਾਰਖੰਡ, ਸਿੱਕਮ, ਤ੍ਰਿਪੁਰਾ ਅਤੇ ਅੰਡੇਮਾਨ ਨਿੱਕੋਬਾਰ ਕੇਂਦਰੀ ਸ਼ਾਸਤ ਪ੍ਰਦੇਸ਼ ਵੱਲੋਂ ਇਸਦਾ ਸਮਰਥਨ ਕੀਤਾ ਗਿਆ। ਇਹ 21 ਫਰਵਰੀ 1952 ਵਿੱਚ ਇਤਿਹਾਸ ਦੀ ਇੱਕ ਖਾਸ ਘਟਨਾ ਸੀ ਜਿਸ ਵਿੱਚ ਲੋਕਾਂ ਨੇ ਮਾਂ-ਬੋਲੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਪੁਲੀਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਵਿੱਚ ਬੰਗਲਾ ਭਾਸ਼ਾ ਦੇ ਮੁੱਖ ਆਗੂ ਰਫੀਕ ਉਦੀਨ ਅਹਿਮਦ, ਅਬਦਲ ਸਲਾਮ, ਅਬੁਲ ਬਰਕਤ, ਅਬਦੁਲ ਜਬਾਰ ਅਤੇ ਸਫੀਉਰ ਰਹਿਮਾਨ ਦੀ ਮੌਤ ਹੋ ਗਈ, ਜੋ ਬਾਅਦ ਵਿੱਚ ਵੱਖਰੇ ਬੰਗਲਾ ਦੇਸ਼ ਬਣਨ ਦਾ ਕਾਰਣ ਬਣਿਆ। ਉਸ ਦਿਨ ਤੋਂ ਹੀ ਬੰਗਲਾ ਦੇਸ਼ ਦੇ ਲੋਕ ਇਸ ਦਿਨ ਨੂੰ ਮਾਂ ਬੋਲੀ ਦੇ ਦੁਖਦਾਈ ਦਿਨ ਵਜੋਂ ਮਨਾਉਂਦੇ ਹਨ। ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਰਕ ਅਤੇ ਸ਼ਹੀਦ ਮੀਨਾਰ ਬਣਾਏ ਗਏ ਹਨ ਜਿੱਥੇ 21 ਫਰਵਰੀ ਵਾਲੇ ਦਿਨ ਲੋਕ ਇਕੱਠੇ ਹੁੰਦੇ ਹਨ ਅਤੇ ਮਾਂ ਬੋਲੀ ਲਈ ਸ਼ਹੀਦੀ ਦੇਣ ਵਾਲਿਆਂ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕਰਦੇ ਹਨ। ਇਸ ਦਿਨ ਬੰਗਲਾ ਦੇਸ਼ ਵਿੱਚ ਰਾਸ਼ਟਰੀ ਛੁੱਟੀ ਹੁੰਦੀ।
ਪਰ ਜਿਵੇਂ ਜਿਵੇਂ ਸੰਸਾਰੀਕਰਣ ਹੁੰਦਾ ਜਾ ਰਿਹਾ ਹੈ, ਲੋਕਾਂ ਨੂੰ ਹੋਰ ਭਾਸ਼ਾਵਾਂ ਸਿੱਖਣ ਦੀ ਵੀ ਜ਼ਰੂਰਤ ਪੈਂਦੀ ਹੈ, ਜਿਸ ਲਈ ਵਿਅਕਤੀ ਨੂੰ ਵਿਸ਼ੇਸ਼ ਸਿਖਲਾਈ ਲੈਣੀ ਪੇਂਦੀ। ਪਰ ਕਿਹਾ ਜਾਂਦਾ ਕਿ ਜੇਕਰ ਕਿਸੇ ਨੂੰ ਬਹੁਤ ਵੱਡੀ ਬਦ-ਅਸੀਸ ਦੇਣੀ ਹੋਵੇ ਤਾਂ ਉਸ ਨੂੰ ਕਿਹਾ ਜਾਂਦਾ ਕਿ ਜਾ ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ। ਇਹ ਸਭ ਜਾਣਦੇ ਹਨ ਕਿ ਜੋ ਗੱਲ ਅਸੀਂ ਆਪਣੀ ਮਾਂ ਬੋਲੀ ਵਿੱਚ ਕਹਿ ਸਕਦੇ ਹਾਂ, ਉਹ ਕਿਸੇ ਹੋਰ ਭਾਸ਼ਾ ਵਿੱਚ ਨਹੀਂ ਕਹਿ ਸਕਦੇ ਕਿਉਂਕਿ ਮਾਂ-ਬੋਲੀ ਉਹ ਬੋਲੀ ਹੈ ਜੋ ਸਾਨੂੰ ਜਨਮ ਦੇਣ ਵਾਲੀ ਮਾਂ ਜਨਮ ਤੋਂ ਸਿਖਾਉਂਦੀ ਹੈ। ਮਾਤ ਭਾਸ਼ਾ ਰਾਹੀਂ ਅਸੀਂ ਆਪਣੇ ਸੱਭਿਆਚਾਰ, ਬਾਰੇ ਸਿਖਦੇ ਹਾਂ, ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਦੇ ਹਾਂ ਅਤੇ ਸਮਾਜ ਵਿੱਚ ਵਿਚਰਣਾ ਸਿੱਖਦੇ।
ਸਮੁੱਚੇ ਵਿਸ਼ਵ ਵਿੱਚ ਸੱਤ ਹਜ਼ਾਰ ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸਾਡੇ ਭਾਰਤ ਦੇਸ਼ ਵਿੱਚ ਹੀ 160-70 ਦੇ ਕਰੀਬ ਵੱਖ ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ 28 ਭਾਸ਼ਾਵਾਂ ਨੂੰ ਤਾਂ ਸੰਵਿਧਾਨਕ ਤੌਰ ’ਤੇ ਵੀ ਮਾਨਤਾ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਪੰਜਾਬੀ ਵੀ ਇੱਕ ਭਾਸ਼ਾ ਹੈ। ਪਰ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਵੋ, ਅੰਗਰੇਜ਼ੀ ਭਾਸ਼ਾ ਦਾ ਹੀ ਬੋਲਬਾਲਾ ਹੈ। ਇਸ ਕਾਰਣ ਹੀ ਸਾਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਬਚਾਉਣ ਹਿਤ ਦੋ ਪਾਸਿਆਂ ਤੋਂ ਲੜਾਈ ਲੜਨੀ ਪੈ ਰਹੀ ਹੈ। ਹਿੰਦੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਠੀਕ ਹੈ ਕਿ ਇਹ ਬਹੁ ਗਿਣਤੀ ਲੋਕਾਂ ਵੱਲੋਂ ਬੋਲੀ ਜਾਂਦੀ ਹੈ ਪਰ ਭਾਰਤ ਦੇ ਇੱਕ ਵੱਡੇ ਖੇਤਰ ਦੇ ਲੋਕ ਆਪਣੀ ਭਾਸ਼ਾ ਨੂੰ ਪਹਿਲ ਦਿੰਦੇ ਹਨ ਜਿਵੇਂ ਤਮਿਲਨਾਡੂ, ਆਂਧਰਾ ਪ੍ਰਦੇਸ, ਤਿੰਲੇਗਾਨਾ, ਕੇਰਲਾ, ਕਰਨਾਟਕਾ, ਮਹਾਰਾਸ਼ਟਰ। ਇਸ ਲਈ ਸਾਨੂੰ ਕਿਸੇ ਹੀਣ ਭਾਵਨਾ ਦਾ ਸ਼ਿਕਾਰ ਹੋਏ ਬਿਨਾਂ ਆਪਣੀ ਮਾਂ-ਬੋਲੀ ਵਿੱਚ ਆਪਣੀ ਗੱਲ ਕਰਨੀ ਚਾਹੀਦੀ ਹੈ। ਪਰ ਸਾਡੇ ਹਾਕਮਾਂ ਨੇ ਹੀ ਇਸ ਮਾਤ ਭਾਸ਼ਾ ਨੂੰ ਦੂਜੇ ਦਰਜੇ ਦੀ ਭਾਸ਼ਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਦੁੱਖ ਦੀ ਗੱਲ ਹੈ ਕਿ ਮਾਤ ਭਾਸ਼ਾ ਨੂੰ ਬਚਾਉਣ ਲਈ ਸਾਨੂੰ ਆਪਣਿਆਂ ਨਾਲ ਹੀ ਲੜਨਾ ਪੈ ਰਿਹਾ ਹੈ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਸਕੂਲ ਵਿੱਚ ਪੜ੍ਹਦੇ ਸੀ ਤਾਂ ਉਸ ਸਮੇਂ ਅੰਗਰੇਜ਼ੀ ਭਾਸ਼ਾ ਛੇਵੀਂ ਕਲਾਸ ਤੋਂ ਸ਼ੁਰੂ ਕੀਤੀ ਜਾਂਦੀ ਸੀ ਪਰ ਪੰਜਾਬ ਵਿੱਚ ਅਕਾਲੀ ਦਲ ਸਰਕਾਰ ਸਮੇਂ ਉਸ ਸਮੇਂ ਦੇ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਵੱਲੋਂ ਪਹਿਲੀ ਕਲਾਸ ਤੋਂ ਹੀ ਅੰਗਰੇਜ਼ੀ ਭਾਸ਼ਾ ਲਾਗੂ ਕਰ ਦਿੱਤੀ ਗਈ।
ਜਿਵੇਂ ਅਸੀਂ ਦੇਖਿਆ ਕਿ ਬੰਗਲਾ ਭਾਸ਼ਾ ਨੂੰ ਲਾਗੂ ਕਰਵਾਉਣ ਹਿਤ ਕੁਰਬਾਨੀਆਂ ਦਿੱਤੀਆਂ ਗਈਆਂ, ਉਸੇ ਤਰ੍ਹਾਂ ਆਪਣੀ ਮਾਂ ਬੋਲੀ ਦਾ ਪਿਆਰ ਦੇਖਣਾ ਹੋਵੇ ਤਾਂ ਸਾਡੇ ਦੇਸ਼ ਦੇ ਤਾਮਿਲਨਾਡੂ ਰਾਜ ਵਿੱਚ ਤਾਮਿਲ ਜਾਂ ਤੈਲਗੂ ਬੋਲਣ ਵਾਲੇ ਲੋਕ ਆਪਣੀ ਮਾਤ ਭਾਸ਼ਾ ਪ੍ਰਤੀ ਪਿਆਰ ਕਿਵੇਂ ਕਰਦੇ ਹਨ।
ਪਿਛਲੇ ਦਿਨੀਂ ਮੈਨੂੰ ਕੈਨੇਡਾ ਦੇ ਮੌਂਟਰੀਅਲ ਸ਼ਹਿਰ ਜਾਣ ਦਾ ਮੌਕਾ ਮਿਲਿਆ ਜੋ ਕਿਊਬਕ ਰਾਜ ਵਿੱਚ ਹੈ ਅਤੇ ਉਹਨਾਂ ਦੀ ਮਾਂ-ਬੋਲੀ ਫਰੈਂਚ ਹੈ। ਕਿਊਬਕ ਵਿੱਚ ਤੁਹਾਨੂੰ ਹਰ ਸੜਕ ਦਾ ਮੀਲ ਪੱਥਰ, ਵੱਖ ਵੱਖ ਸਥਾਨਾਂ ਦੇ ਦਿਸ਼ਾ ਨਿਰਦੇਸ਼, ਟਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਵਾਲੇ ਸਾਈਨ ਬੋਰਡ, ਦੁਕਾਨਾਂ ਅਤੇ ਦਫਤਰਾਂ ਦੇ ਸਾਈਨ ਬੋਰਡ ਫਰੈਂਚ ਵਿੱਚ ਹੀ ਮਿਲਣਗੇ। ਉਹ ਆਪਣੀ ਮਾਤ ਭਾਸ਼ਾ ਨੂੰ ਇੰਨਾ ਪਿਆਰ ਕਰਦੇ ਹਨ ਕਿ ਅੰਗਰੇਜ਼ੀ ਭਾਸ਼ਾ ਜਾਣਦੇ ਹੋਣ ਦੇ ਬਾਵਜੂਦ ਉਹ ਫਰੈਂਚ ਤੋਂ ਬਿਨਾਂ ਕਿਸੇ ਨਾਲ ਬਹੁਤ ਘੱਟ ਗੱਲ ਕਰਦੇ ਹਨ। ਜੇਕਰ ਤੁਹਾਨੂੰ ਫਰੈਂਚ ਆਉਂਦੀ ਹੈ ਤਾਂ ਤੁਹਾਨੂੰ ਕੰਮ ਵੀ ਅਸਾਨੀ ਨਾਲ ਮਿਲ ਜਾਂਦਾ ਹੈ ਅਤੇ ਲੋਕ ਉਸ ਨੂੰ ਸਿੱਖਣ ਦੀ ਵੀ ਕੋਸ਼ਿਸ਼ ਕਰਦੇ ਹਨ। ਇੱਥੋਂ ਤਕ ਕਿ ਫਰੈਂਚ ਭਾਸ਼ਾ ਦੇ ਜਾਣਕਾਰ ਨੂੰ ਪੀਆਰ ਮਿਲਣ ਵਿੱਚ ਵੀ ਪਹਿਲ ਮਿਲਦੀ ਹੈ।
21 ਫਰਵਰੀ 2024 ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦਾ ਮੁੱਖ ਮੰਤਵ ਇੱਕ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਅਤੇ ਇਹਨਾਂ ਟੀਚੀਆਂ ਦੀ ਪ੍ਰਾਪਤੀ ਲਈ ਇੱਕ ਥੰਮ੍ਹ ਵਜੋਂ ਬਹੁ-ਭਾਸ਼ਾਈ ਸਿੱਖਿਆ ਨੀਤੀ ਹੈ। ਜਿਸ ਵਿੱਚ ਹਰ ਲਈ ਮਿਆਰੀ ਸਿੱਖਿਆ ਅਤੇ ਜੀਵਨ ਭਰ ਸਿੱਖਣ ਦੀ ਮੰਗ ਕੀਤੀ ਗਈ ਹੈ। ਇਸ ਲਈ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੂੰ ਅਜਿਹੇ ਟੀਚੇ ਨਿਰਧਾਰਤ ਕਰਨੇ ਚਾਹੀਦੇ ਹਨ। ਜਿਵੇਂ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਪਿਛਲੇ ਸਮੇਂ ਤੋਂ ਯਤਨ ਕੀਤੇ ਵੀ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਰਕਾਰੀ ਵਿਭਾਗਾਂ ਦੇ ਨਾਲ ਨਾਲ ਪ੍ਰਾਈਵੇਟ ਅਦਾਰਿਆਂ, ਫੈਕਟਰੀਆਂ, ਦੁਕਾਨਦਾਰਾਂ ਨੂੰ ਆਪਣੀ ਆਪਣੀ ਇਮਾਰਤ ਤੇ ਪੰਜਾਬੀ ਭਾਸ਼ਾ ਵਿੱਚ ਬੋਰਡ ਲਿਖਣ ਦੀ ਅਪੀਲ ਕੀਤੀ ਜਿਸਦਾ ਸਮੂਹ ਦੁਕਾਨਦਾਰਾਂ, ਕਾਰਪੋਰੇਟ ਅਦਾਰਿਆਂ, ਸਕੂਲਾਂ, ਕਾਲਜਾਂ ਵੱਲੋਂ ਹਾਂ ਪੱਖੀ ਹੁੰਗਾਰਾ ਮਿਲਿਆ ਅਤੇ ਸਾਰੇ ਬਜ਼ਾਰ ਵਿੱਚ ਪੰਜਾਬੀ ਭਾਸ਼ਾ ਵਿੱਚ ਲਿਖੇ ਬੋਰਡ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰ ਰਹੇ ਹਨ। ਇਸ ਲਈ ਸਾਨੂੰ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਦੀ ਲੋੜ ਹੈ। ਅਸੀਂ ਦੇਖਦੇ ਹਾਂ ਕਿ ਬਹੁਤ ਲੰਮਾ ਸਮਾਂ ਅਸੀਂ ਬਸਤੀਵਾਦ, ਅੰਗਰੇਜ਼ਾਂ ਮੁਗਲਾਂ ਦੇ ਗੁਲਾਮ ਰਹੇ ਜਿਸ ਕਾਰਣ ਅੰਗਰੇਜ਼ੀ ਭਾਸ਼ਾ ਨੇ ਸਾਡੀਆਂ ਭਾਸ਼ਾਵਾਂ ਨੂੰ ਦਬਾਈ ਰੱਖਿਆ ਅੱਜ ਵੀ ਰਾਜ ਅਤੇ ਕੇਂਦਰ ਸਰਕਾਰ ਦੇ ਅਦਾਰਿਆਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਦਬਦਬਾ ਹੈ। ਜਿਵੇਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਕਿਹਾ ਕਿ ਲੱਖਾਂ ਲੋਕਾਂ ਨੂੰ ਅੰਗਰੇਜ਼ੀ ਭਾਸ਼ਾ ਦਾ ਗਿਆਨ ਦੇਣਾ ਉਹਨਾਂ ਨੂੰ ਗੁਲਾਮ ਬਣਾਉਣਾ ਹੈ। ਕੀ ਇਹ ਦੁੱਖ ਵਾਲੀ ਗੱਲ ਨਹੀਂ ਕਿ ਜੇਕਰ ਇਨਸਾਫ ਲੈਣ ਲਈ ਅਦਾਲਤ ਵਿੱਚ ਤਾਂ ਮੈਨੂੰ ਉਸ ਭਾਸ਼ਾ ਵਿੱਚ ਗੱਲ ਕਰਨੀ ਪਵੇ ਜਿਸ ਭਾਸ਼ਾ ਬਾਰੇ ਮੈਂ ਨਹੀਂ ਜਾਣਦਾ ਜੇ ਮੈਂ ਵਕੀਲ ਬਣ ਜਾਵਾਂ ਪਰ ਆਪਣੀ ਭਾਸ਼ਾ ਵਿੱਚ ਗੱਲ ਨਾ ਕਰ ਸਕਾਂ ਅਤੇ ਕਿਸੇ ਅੁਨਵਾਦਕ ਨੂੰ ਮੇਰੇ ਵੱਲੋਂ ਕਹੀ ਗੱਲ ਦਾ ਅੁਨਵਾਦ ਕਰਨਾ ਪਵੇ। ਇਹ ਠੀਕ ਹੈ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਇਸਦਾ ਗਿਆਨ ਅਤਿ ਜ਼ਰੂਰੀ ਹੈ। ਅਨੇਕਾਂ ਭਾਸ਼ਾਵਾਂ ਵਾਲਾ ਸੰਸਾਰ ਵੱਖ ਵੱਖ ਰੰਗਾਂ ਵਾਲੇ ਫੁੱਲਾਂ ਦੇ ਮੇਦਾਨ ਵਰਗਾ ਹੋਣਾ ਚਾਹੀਦਾ ਹੈ। ਕੋਈ ਅਜਿਹਾ ਫੁੱਲ ਨਹੀਂ ਹੋਣਾ ਚਾਹੀਦਾ ਜੋ ਆਕਾਰ ਵਜੋਂ ਹੋਰਨਾਂ ਫੁੱਲਾਂ ਤੇ ਹਾਵੀ ਹੋਵੇ।
ਪੰਜਾਬੀ ਭਾਸ਼ਾ ਦੀ ਅਮੀਰੀ ਸ਼ਬਦ ਸਮੱਰਥਾ ਅਤੇ ਸਿਰਜਣਾ ਨੂੰ ਦੇਖਣਾ ਹੋਵੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਬ ਤੋਂ ਵੱਡੀ ਉਦਰਾਹਣ ਹੈ। ਮੈਂ ਅੰਗਰੇਜ਼ੀ ਭਾਸ਼ਾ ਸਿੱਖਣ ਦੇ ਵਿਰੋਧ ਵਿੱਚ ਨਹੀਂ, ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਸਾਡੇ ਗਿਆਨ ਦੇ ਪੱਧਰ ਵਿੱਚ ਵਾਧਾ ਕਰਦਾ ਹੈ, ਪਰ ਮਾਂ ਬੋਲੀ ਦਾ ਭੁੱਲਣਾ ਜਾਂ ਉਸ ਨੂੰ ਅਣਡਿੱਠ ਕਰਨਾ ਸਾਡੇ ਨਿਘਾਰ ਦਾ ਕਾਰਣ ਬਣ ਸਕਦਾ ਹੈ। ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਵਿੱਚ ਹੀ ਹੋਣਾ ਚਾਹੀਦਾ ਅਤੇ ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਚੰਗੀ ਅੰਗਰੇਜ਼ੀ ਸਿੱਖਣ ਲਈ ਮਾਤ ਭਾਸ਼ਾ ਦੀ ਸਿਖਲਾਈ ਜ਼ਰੂਰੀ ਹੈ।
ਜਿੱਥੋਂ ਤਕ ਪੰਜਾਬੀ ਅਤੇ ਦੂਜੇ ਭਾਰਤੀ ਨਾਗਰਿਕਾਂ ਨਾਲ ਅਦਾਨ ਪ੍ਰਦਾਨ ਕਰਨ ਦਾ ਸਵਾਲ ਹੈ ਦੋ ਭਾਸ਼ਾਵਾਂ ਪ੍ਰਵਾਨਗੀ ਪ੍ਰਾਪਤ ਕਰਨ ਲਈ ਆਪਸ ਵਿੱਚ ਇੱਕ ਦੂਜੇ ਨੂੰ ਟੱਕਰ ਦੇ ਰਹੀਆਂ ਹਨ। ਇਹ ਭਾਸ਼ਾਵਾਂ ਹਨ ਹਿੰਦੀ ਅਤੇ ਅੰਗਰੇਜ਼ੀ ਪਰ ਭਾਸ਼ਾਈ ਦ੍ਰਿਸ਼ਟੀਕੋਣ ਤੋਂ ਹਿੰਦੀ ਨੂੰ ਵੱਧ ਤਰਕਸੰਗਤ ਮੰਨਿਆ ਜਾਂਦਾ ਹੈ। ਭਾਰਤ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਦੀ ਗਿਣਤੀ ਹਿੰਦੀ ਬੋਲਣ ਵਾਲਿਆਂ ਦੇ ਮੁਕਾਬਲੇ ਬਹੁਤ ਘੱਟ ਹੈ।
ਇਸ ਤੋਂ ਇਲਾਵਾ ਪੰਜਾਬੀ ਅਤੇ ਹਿੰਦੀ ਦਾ ਅਤਿਅੰਤ ਨੇੜਲਾ ਭਾਸ਼ਾਈ ਰਿਸ਼ਤਾ ਹੈ। ਦੋਹਾਂ ਭਾਸ਼ਾਵਾਂ ਵਿਚਕਾਰ ਸ਼ਬਦਾਵਲੀ ਅਤੇ ਵਾਕ ਬਣਤਰ ਦੀਆਂ ਪੱਧਰਾਂ ਉੱਤੇ ਬਹੁਤ ਨੇੜੇ ਦਾ ਸੰਬੰਧ ਹੈ। ਪੰਜਾਬੀ ਬੁਲਾਰਾ ਹਿੰਦੀ ਭਾਸ਼ਾ ਵਿੱਚ ਸਹਿਜੇ ਹੀ ਆਪਣੀ ਗੱਲ ਕਰ ਸਕਦਾ ਹੈ। ਪੰਜਾਬੀ ਭਾਸ਼ਾ ਵਿੱਚ ਵੱਡੇ ਭਾਸ਼ਾਈ ਸ੍ਰੋਤ ਤਿਆਰ ਕਰਨ ਲਈ ਵੀ ਹਿੰਦੀ ਦੀ ਚੋਣ ਅੰਗਰੇਜ਼ੀ ਨਾਲੋਂ ਵਧੇਰੇ ਲਾਹੇਵੰਦ ਹੈ। ਸ਼ਬਦ ਬਣਤਰ ਪੱਖੋਂ ਵੀ ਦੋਵੇਂ ਭਾਸ਼ਾਵਾਂ ਇੰਨੀਆਂ ਨੇੜੇ ਹਨ ਕਿ ਦੋਹਾਂ ਦੇ ਸਰੋਤਾਂ ਨੂੰ ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਇੱਕ ਦੂਜੇ ਵਿੱਚ ਬਦਲਿਆ ਜਾ ਸਕਦਾ ਹੈ। ਪਰ ਅੰਗਰੇਜ਼ੀ ਬਾਰੇ ਅਜਿਹਾ ਨਹੀਂ ਕਿਹਾ ਜਾ ਸਕਦਾ। ਇਸ ਲਈ ਮਾਤ ਭਾਸ਼ਾ ਦਿਵਸ ਉੱਤੇ ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਬੱਚਿਆਂ ਨੂੰ ਮੁਢਲੀ ਸਿੱਖਿਆ ਮਾਂ ਬੋਲੀ ਵਿੱਚ ਦੇਈਏ ਅਤੇ ਸੰਪਰਕ ਭਾਸ਼ਾ ਦੇ ਤੌਰ ’ਤੇ ਹਿੰਦੀ ਭਾਸ਼ਾ ਦੀ ਚੋਣ ਕਰੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4739)
(ਸਰੋਕਾਰ ਨਾਲ ਸੰਪਰਕ ਲਈ: (