“ਬੇਸ਼ਕ ਕਿਹਾ ਜਾਂਦਾ ਕਿ ਇਹ ਅਵਾਰਡ ਬਿਨਾਂ ਕਿਸੇ ਭੇਦਭਾਵ ਤੋਂ ਦਿੱਤਾ ਜਾਂਦਾ ਹੈ ਪਰ ਜਿਵੇਂ ਹੀ ਸਰਕਾਰ ਵੱਲੋਂ ...”
(24 ਫਰਵਰੀ 2024)
ਇਸ ਸਮੇਂ ਪਾਠਕ: 310.
ਭਾਰਤ ਰਤਨ ਅਵਾਰਡ ਦੀ ਸ਼ੁਰੂਆਤ ਦੇਸ਼ ਦੀ ਅਜ਼ਾਦੀ ਤੋਂ 7 ਸਾਲ ਬਾਅਦ 1954 ਵਿੱਚ ਕੀਤੀ ਗਈ ਹੈ। ਇਹ ਅਵਾਰਡ ਕਿਸੇ ਵਿਅਕਤੀ ਵੱਲੋਂ ਸਮਾਜ ਲਈ ਵਿਗਿਆਨ, ਕਲਾ, ਮਨੁੱਖਤਾ ਦੀ ਭਲਾਈ ਅਤੇ ਸਾਹਿਤ ਦੇ ਖੇਤਰ ਵਿੱਚ ਕੀਤੀਆਂ ਵਿਲੱਖਣ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। 2011 ਵਿੱਚ ਇਸ ਨੂੰ ਸੋਧ ਕਰਕੇ ਮਨੁੱਖੀ ਸੇਵਾਵਾਂ ਦੇ ਕਿਸੇ ਖੇਤਰ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਗਿਆ।
ਬੇਸ਼ਕ ਇਸ ਅਵਾਰਡ ਵਿੱਚ ਕੋਈ ਨਗਦ ਰਾਸ਼ੀ ਸ਼ਾਮਲ ਨਹੀਂ ਪਰ ਇਸ ਅਵਾਰਡ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਭਾਰਤੀ ਗਣਤੰਤਰ ਵਿੱਚ ਭਾਰਤ ਰਤਨ ਅਵਾਰਡ ਧਾਰਕ ਨੂੰ ਸੱਤਵਾਂ ਰੈਂਕ ਪ੍ਰਾਪਤ ਹੈ। ਇਸ ਤੋਂ ਇਲਾਵਾ ਕਿਸੇ ਵੀ ਰਾਜ ਵਿੱਚ ਯਾਤਰਾ ਕਰਨ ਸਮੇਂ ਸਰਕਾਰੀ ਮਹਿਮਾਨ ਅਤੇ ਡਾਕਟਰੀ ਸਹੂਲਤਾਂ, ਵਿਦੇਸ਼ ਵਿੱਚ ਭਾਰਤੀ ਮਿਸ਼ਨ ਵਿੱਚ ਵਿਸ਼ੇਸ਼ ਸਹੂਲਤ, ਡਿਪਲੋਮੈਟਿਕ ਪਾਸਪੋਰਟ ਅਤੇ ਫਲੈਗ ਕੈਰੀਅਰ ਏਅਰ ਇੰਡੀਆ ’ਤੇ ਵਿਸ਼ੇਸ਼ ਸਹੂਲਤ ਦੇ ਹੱਕਦਾਰ ਹੁੰਦੇ ਹਨ। ਭਾਰਤ ਰਤਨ ਅਵਾਰਡ ਲਈ ਰਸਮੀ ਤੌਰ ’ਤੇ ਅਪਲਾਈ ਨਹੀਂ ਕੀਤਾ ਜਾਂਦਾ, ਪ੍ਰਧਾਨ ਮੰਤਰੀ ਵੱਲੋਂ ਆਪਣੇ ਪੱਧਰ ’ਤੇ ਇਸਦੀ ਸਿਫਾਰਸ਼ ਦੇਸ਼ ਦੇ ਰਾਸ਼ਟਰਪਤੀ ਨੂੰ ਕੀਤੀ ਜਾਂਦੀ ਹੈ।
ਭਾਰਤ ਰਤਨ ਅਵਾਰਡ ਚੋਣ ਦਾ ਢੰਗ ਅਤੇ ਇਸਦਾ ਇਤਿਹਾਸ:
ਭਾਰਤ ਰਤਨ ਅਵਾਰਡ ਵਿੱਚ ਪ੍ਰਮਾਣ ਪੱਤਰ (ਸਨਦ), ਜਿਸ ਉੱਪਰ ਰਾਸ਼ਟਰਪਤੀ ਦੇ ਦਸਤਖਤ ਹੁੰਦੇ ਹਨ ਅਤੇ ਪਿੱਪਲ ਦੇ ਪੱਤੇ ਦੇ ਆਕਾਰ ਦਾ ਮੈਡਲ, ਉੱਪਰ ਭਾਰਤੀ ਐਮਬਲਮ ਅਤੇ ਸਤਿਯਮ ਜੈਯੰਤੇ ਲਿਖਿਆ ਹੁੰਦਾ ਹੈ। 1954 ਵਿੱਚ ਸ਼ੁਰੂ ਕੀਤਾ ਇਹ ਅਵਾਰਡ ਕਿਸੇ ਜੀਵਤ ਸ਼ਖਸੀਅਤ ਨੂੰ ਹੀ ਦਿੱਤਾ ਜਾਂਦਾ ਸੀ ਪਰ 1966 ਵਿੱਚ ਜਦੋਂ ਇਹ ਅਵਾਰਡ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੂੰ ਦੇਣਾ ਸੀ ਤਾਂ ਉਸ ਸਮੇਂ ਇਸ ਵਿੱਚ ਸੋਧ ਕਰਕੇ ਇਹ ਅਵਾਰਡ ਮਰਨ ਉਪਰੰਤ ਵੀ ਦਿੱਤਾ ਜਾਣ ਲੱਗਿਆ। ਸਾਡੇ ਦੇਸ਼ ਦੀ ਇਹ ਤ੍ਰਾਸਦੀ ਹੈ ਕਿ ਕਿਸੇ ਸ਼ਖਸੀਅਤ ਨੂੰ ਮਾਣ-ਸਨਾਮਨ ਦੇਣ ਸਮੇਂ ਵੀ ਰਾਜਨੀਤੀ ਕੀਤੀ ਜਾਂਦੀ ਹੈ। ਲਾਲ ਬਹਾਦਰ ਸ਼ਾਸਤਰੀ ਜੀ ਤੋਂ ਇਲਾਵਾ ਹੁਣ ਤਕ 17 ਹੋਰ ਅਜਿਹੀਆਂ ਸ਼ਖਸੀਅਤਾਂ ਹਨ, ਜਿਨ੍ਹਾਂ ਨੂੰ ਇਹ ਅਵਾਰਡ ਉਹਨਾਂ ਦੀ ਮੌਤ ਤੋਂ ਕਾਫੀ ਸਮੇਂ ਬਾਅਦ ਵਿੱਚ ਦਿੱਤਾ ਗਿਆ। ਜਿਵੇਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਉ ਅੰਬੇਦਕਰ, ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਵਿੱਚ ਯੋਗਦਾਨ ਤੋਂ ਇਲਾਵਾ ਸੰਵਿਧਾਨ ਦੇ ਨਿਰਮਾਣ ਅਤੇ ਦਲਿਤਾਂ ਦੇ ਸਰਵਪੱਖੀ ਵਿਕਾਸ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ, ਉਹਨਾਂ ਨੂੰ ਭਾਰਤ ਰਤਨ ਅਵਾਰਡ ਉਹਨਾਂ ਦੀ ਸਵਰਗਵਾਸ ਹੋਣ ਤੋਂ ਵੀ 34 ਸਾਲ ਬਾਅਦ 1990 ਵਿੱਚ ਕੀਤਾ ਗਿਆ। ਇਸੇ ਤਰ੍ਹਾਂ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਨਾਲ ਹੋਇਆ, ਜੋ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ, ਸੁਤੰਤਰਤਾ ਸੈਨਾਨੀ ਸਨ ਅਤੇ ਜਿਨ੍ਹਾਂ ਨੇ ਦੇਸ਼ ਨੂੰ ਇਕੱਠਾ ਰੱਖਣ ਹਿਤ ਵੱਖ ਵੱਖ ਰਿਆਸਤਾਂ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਭਾਰਤੀ ਪ੍ਰਸ਼ਾਸਨਕ ਸੇਵਾਵਾਂ ਦੀ ਸ਼ੁਰੂਆਤ ਵੀ ਉਨ੍ਹਾਂ ਦੇ ਸਮੇਂ ਹੀ ਕੀਤੀ ਗਈ ਪਰ ਸਰਦਾਰ ਵੱਲਭ ਭਾਈ ਪਟੇਲ ਨੂੰ ਵੀ ਇਹ ਅਵਾਰਡ ਉਹਨਾਂ ਦੀ ਮੌਤ ਤੋਂ 41 ਸਾਲ ਬਾਅਦ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਕਈ ਅਹਿਮ ਸ਼ਖਸੀਅਤਾਂ, ਜਿਨ੍ਹਾਂ ਨੂੰ ਉਹਨਾਂ ਦੇ ਮਰਨ ਤੋਂ ਲੰਮੇ ਬਾਅਦ ਦਿੱਤਾ ਗਿਆ, ਉਹਨਾਂ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿੰਮਾ ਰਾਉ, ਚੌਧਰੀ ਚਰਨ ਸਿੰਘ, ਅਬੁਲ ਕਲਾਮ ਅਜ਼ਾਦ, ਸੀ.ਐੱਨ. ਰਾਉ, ਮਦਨ ਮੋਹਨ ਮਾਲਵੀਆ, ਭੂਪੇਨ ਹਜਾਰਕੇ, ਐੱਮ.ਸਵਾਮੀਨਾਥਨ ਆਦਿ ਸ਼ਾਮਲ ਹਨ।
ਭਾਰਤ ਰਤਨ ਅਵਾਰਡ ਅਤੇ ਵਾਦ ਵਿਵਾਦ
ਭਾਰਤ ਰਤਨ ਅਵਾਰਡ ਦਾ ਵਿਵਾਦਾਂ ਨਾਲ ਗਹਿਰਾ ਸੰਬੰਧ ਹੈ। ਜਦੋਂ 1992 ਵਿੱਚ ਸੁਭਾਸ਼ ਚੰਦਰ ਬੋਸ ਮਰਨ ਉਪਰਾਂਤ ਇਹ ਅਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਤਾਂ ਉਹਨਾਂ ਨਾਲ ਸਬੰਧਤ ਕੁਝ ਵਿਅਕਤੀਆਂ ਅਤੇ ਪਰਿਵਾਰ ਦੇ ਮੈਬਰਾਂ ਨੇ ਉਹਨਾਂ ਦੀ ਮੌਤ ਨਾ ਹੋਣ ਜਾਂ ਹੋਰ ਕਾਰਣ ਵਿਰੋਧ ਕੀਤਾ। ਜਿਸ ਬਾਰੇ ਸੁਪਰੀਮ ਕੋਰਟ ਨੇ 1997 ਵਿੱਚ ਅਵਾਰਡ ਨਾ ਦੇਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਹੋਰ ਵੀ ਕਈ ਸਮਿਆਂ ’ਤੇ ਇਸ ਅਵਾਰਡ ਸੰਬੰਧੀ ਅਦਾਲਤੀ ਦਖਲ ਅੰਦਾਜ਼ੀ ਕਰਨੀ ਪਈ। ਜਦੋਂ ਭਾਰਤੀ ਕ੍ਰਿਕਟਰ ਸਚਿਨ ਤੰਦੁਲਕਰ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਤਾਂ ਕੁਝ ਹਾਕੀ ਖੇਡ ਨਾਲ ਸਬੰਧਤ ਪ੍ਰੇਮੀਆਂ ਨੇ ਸਚਿਨ ਤਦੂਲਕਰ ਦੇ ਨਾਲ ਹਾਕੀ ਟੀਮ ਦੇ ਜਾਦੂਗਰ ਦੇ ਨਾਮ ਤੇ ਮਸ਼ਹੂਰ ਮੇਜਰ ਧਿਆਨ ਚੰਦ ਦਾ ਨਾਮ ਵੀ ਸ਼ਾਮਲ ਕਰਨ ਦੀ ਬੇਨਤੀ ਕੀਤੀ। ਇਸੇ ਤਰ੍ਹਾਂ ਵਿਗਿਆਨੀ ਸੀ.ਐੱਨ. ਰਾਉ ਦੇ ਸੰਬੰਧ ਵਿੱਚ ਵੀ ਤਰਕ ਦਿੱਤਾ ਗਿਆ ਕਿ ਹੋਮੀ ਭਾਵਾ ਅਤੇ ਵਿਗਿਆਨੀ ਵਿਕਰਮ ਸਾਰਾਭਾਈ ਦਾ ਯੋਗਦਾਨ ਰਾਉ ਤੋਂ ਕਿਤੇ ਵੱਧ ਸੀ, ਜਿਸ ਨੂੰ ਅਦਾਲਤ ਵਿੱਚ ਚੈਲੇਂਜ ਕੀਤਾ ਗਿਆ ਪਰ ਅਦਾਲਤ ਵੱਲੋਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ। ਸਰਕਾਰ ਵੱਲੋਂ 1977 ਤੋਂ 1980 ਅਤੇ 1992 ਤੋਂ 1995 ਤਕ ਇਹ ਅਵਾਰਡ ਨਹੀਂ ਦਿੱਤੇ ਗਏ।
ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ (ਉਮਰ 40 ਸਾਲ), ਜਿਨ੍ਹਾਂ ਨੂੰ 2014 ਵਿੱਚ ਅਵਾਰਡ ਦਿੱਤਾ ਗਿਆ, ਸਭ ਤੋਂ ਛੋਟੀ ਉਮਰ ਅਤੇ ਸਮਾਜ ਸੁਧਾਰਕ ਢੋਡੋ ਕੇਸ਼ਵ, ਜਿਨ੍ਹਾਂ ਨੂੰ ਉਹਨਾਂ ਦੇ 100 ਵੇਂ ਜਨਮ ਦਿਨ ’ਤੇ 1958 ਵਿੱਚ ਇਹ ਅਵਾਰਡ ਦਿੱਤਾ ਗਿਆ, ਸਭ ਤੋਂ ਵੱਡੀ ਉਮਰ ਦੇ ਅਵਾਰਡ ਪ੍ਰਾਪਤ ਕਰਨ ਵਾਲੇ ਵਿਅਕਤੀ ਹਨ। ਇਸ ਤੋਂ ਇਲਾਵਾ ਭਾਰਤ ਰਤਨ ਅਵਾਰਡ ਦੋ ਵਿਦੇਸ਼ੀ ਨਾਗਿਰਕਾਂ, ਜਿਨ੍ਹਾਂ ਵਿੱਚ ਅਬਦੁਲ ਗਫੁਰ ਖਾਂ, ਜਿੰਨਾ ਦਾ ਜਨਮ ਬ੍ਰਿਟੇਨ ਵਿੱਚ ਹੋਇਆ ਪਰ ਬਾਅਦ ਵਿੱਚ ਪਾਕਿਸਤਾਨ ਦੀ ਨਾਗਿਰਕਤਾ ਹਾਸਲ ਕੀਤੀ, ਨੂੰ 1987 ਵਿੱਚ ਅਤੇ ਨੈਲਸਨ ਮੰਡੇਲਾ, ਜੋ ਸਾਊਥ ਅਫਰੀਕਾ ਤੋਂ ਸਨ, ਜਿਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਹਿਤ ਲੰਮਾ ਸਮਾਂ ਜੇਲ੍ਹ ਵਿੱਚ ਰਹਿਣਾ ਪਿਆ, ਨੂੰ 1991 ਵਿੱਚ ਇਹ ਅਵਾਰਡ ਦਿੱਤਾ ਗਿਆ। ਮਦਰ ਟਰੈਸਾ ਇੱਕੋ ਇੱਕ ਕੁਦਰਤੀ ਨਾਗਿਰਕ ਸਨ ਜਿਨ੍ਹਾਂ ਨੂੰ 1979 ਵਿੱਚ ਨੋਬਲ ਪੁਰਸਕਾਰ ਮਿਲਣ ਤੋਂ ਬਾਅਦ 1980 ਵਿੱਚ ਭਾਰਤ ਸਰਕਾਰ ਵੱਲੋਂ ਸਮਾਜ ਪ੍ਰਤੀ ਸੇਵਾਵਾਂ ਲਈ ਭਾਰਤ ਰਤਨ ਅਵਾਰਡ ਦਿੱਤਾ ਗਿਆ।
ਪੰਡਤ ਜਵਾਹਰ ਲਾਲ ਨਹਿਰੂ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਉਸ ਸਮੇਂ ਭਾਰਤ ਰਤਨ ਅਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਜਦੋਂ ਉਹ ਖੁਦ ਪ੍ਰਧਾਨ ਮੰਤਰੀ ਸਨ। ਉਹਨਾਂ ਦਾ ਨਾਮ ਖੁਦ ਰਾਸ਼ਟਰਪਤੀ ਵੱਲੋਂ ਆਪਣੇ ਤੌਰ ’ਤੇ ਹੀ ਕਰ ਦਿੱਤਾ ਗਿਆ। ਪਰ ਜਿਵੇਂ ਕਹਾਵਤ ਹੈ ਕਿ ਤਕੜੇ ਦਾ ਸੱਤ ਵੀਹੀਂ ਸੌ, ਜਿਸ ਕੋਲ ਤਾਕਤ ਹੁੰਦੀ ਉਸ ਲਈ ਨਿਯਮ ਵੀ ਉਸ ਅੁਨਸਾਰ ਹੀ ਬਣ ਜਾਂਦੇ ਹਨ। ਇਸ ਗੱਲ ਦਾ ਅੰਦਾਜ਼ਾ ਇੱਥੋਂ ਵੀ ਲਾਇਆ ਜਾ ਸਕਦਾ ਕਿ ਪੰਜਾਬ, ਜਿਸ ਨੇ ਦੇਸ਼ ਦੀ ਅਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਇਆ ਅਤੇ ਦੇਸ਼ ਦੀ ਅਜ਼ਾਦੀ ਦੇ 70 ਸਾਲ ਦੇ ਸਮੇਂ ਤੋਂ ਬਾਅਦ ਵੀ ਅਜੇ ਤਕ ਕਿਸੇ ਵੀ ਪੰਜਾਬ ਦੇ ਵਸਨੀਕ ਜਾਂ ਪੰਜਾਬੀ ਨੂੰ ਇਹ ਅਵਾਰਡ ਨਹੀਂ ਦਿੱਤਾ ਗਿਆ। ਬੇਸ਼ਕ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਗੁਲਜ਼ਾਰੀ ਲਾਲ ਨੰਦਾ ਜੀ ਨੂੰ ਭਾਰਤ ਰਤਨ ਅਵਾਰਡ ਦੀ ਸੂਚੀ ਵਿੱਚ ਪੰਜਾਬ ਤੋਂ ਦਰਸਾਇਆ ਗਿਆ ਪਰ ਉਹਨਾਂ ਦਾ ਜਨਮ ਪਾਕਿਸਤਾਨ ਵਿੱਚ ਸਥਿਤ ਸਿਆਲਕੋਟ ਪੰਜਾਬ ਵਿੱਚ ਹੋਇਆ ਅਤੇ ਉਹਨਾਂ ਨੇ ਆਪਣੀਆਂ ਸਾਰੀਆਂ ਲੋਕ ਸਭਾ ਚੋਣਾਂ ਉੱਤਰ ਪ੍ਰਦੇਸ਼, ਗੁਜਰਾਤ ਜਾਂ ਹਰਿਆਣਾ ਤੋਂ ਹੀ ਲੜੀਆਂ ਅਤੇ ਉਹਨਾਂ ਦੀ ਰਿਹਾਇਸ਼ ਵੀ ਅਲਾਹਾਬਾਦ ਵਿੱਚ ਸੀ। ਦੇਸ਼ ਨੂੰ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਫੌਜ ਦਾ ਮੁਖੀ, ਸੁਪਰੀਮ ਕੋਰਟ ਦਾ ਚੀਫ ਜਸਟਿਸ ਤੋਂ ਇਲਾਵਾ ਮਨੁੱਖਤਾ ਦੀ ਸੇਵਾ ਵਿੱਚ ਭਗਤ ਪੂਰਨ ਸਿੰਘ ਅਤੇ ਖੇਡਾਂ, ਸੱਭਿਆਚਾਰ, ਕਲਾ, ਵਿਗਿਆਨ ਦੇ ਹਰ ਖੇਤਰ ਵਿੱਚ ਆਪਣਾ ਵਿਲੱਖਣ ਯੋਗਦਾਨ ਪਾਇਆ, ਕੀ ਹਾਕਮਾਂ ਨੂੰ ਦੇਸ਼ ਦੀ ਅਜ਼ਾਦੀ ਦੇ 76 ਸਾਲ ਬਾਅਦ ਵੀ ਪੰਜਾਬ ਵਿੱਚੋਂ ਕੋਈ ਭਾਰਤ ਰਤਨ ਦਾ ਹੱਕਦਾਰ ਨਹੀਂ ਮਿਲਿਆ?
ਬੇਸ਼ਕ ਕਿਹਾ ਜਾਂਦਾ ਕਿ ਇਹ ਅਵਾਰਡ ਬਿਨਾਂ ਕਿਸੇ ਭੇਦਭਾਵ ਤੋਂ ਦਿੱਤਾ ਜਾਂਦਾ ਹੈ ਪਰ ਜਿਵੇਂ ਹੀ ਸਰਕਾਰ ਵੱਲੋਂ ਭਾਰਤ ਰਤਨ ਅਵਾਰਡ ਦੇਣ ਦਾ ਐਲਾਨ ਕੀਤਾ ਜਾਂਦਾ ਹੈ, ਵਾਦ-ਵਿਵਾਦ ਖੜ੍ਹਾ ਹੋ ਜਾਂਦਾ ਹੈ, ਜਿਸ ਨਾਲ ਲੋਕਾਂ ਵਿੱਚ ਇਸ ਅਵਾਰਡ ਪ੍ਰਤੀ ਸੰਦੇਹ ਪੈਦਾ ਹੁੰਦਾ ਹੈ। ਇਸ ਲਈ ਸਰਕਾਰ ਨੂੰ ਇਸਦੀ ਚੋਣ ਨਿਰਪੱਖਤਾ ਅਤੇ ਪਾਰਦਰਸ਼ਤਾ ਨਾਲ ਕਰਨੀ ਚਾਹੀਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4750)
(ਸਰੋਕਾਰ ਨਾਲ ਸੰਪਰਕ ਲਈ: (