“ਕਾਫੀ ਲੰਮੇ ਚੌੜੇ ਵਿਸ਼ਾਲ ਇਨ੍ਹਾਂ ਫਾਰਮਾਂ ਵਿੱਚ ਕੋਈ ਵੱਟ ਬੰਨਾ,ਖਾਲ਼ ਆਦਿ ਵੇਖਣ ਨੂੰ ਨਹੀਂ ਮਿਲਦੇ। ਫਸਲਾਂ ਦੀ ...”
(24 ਨਵੰਬਰ 2024)
ਆਸਟ੍ਰੇਲੀਆ ਦੇ ਬਹੁਤ ਸਾਰੇ ਜ਼ਰਖੇਜ਼ ਖਿੱਤਿਆਂ ਵਿੱਚੋਂ ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਦੇ ਦੱਖਣ ਪੂਰਬ ਵਿੱਚ ਵੀ ਇੱਕ ਜ਼ਰਖੇਜ਼ ਖਿੱਤਾ ਹੈ ਜੋ ਭੂਗੋਲਿਕ ਤੌਰ ’ਤੇ ਪੁਰਾਤਨ ਪੰਜਾਬ ਦਾ ਪੂਰਾ ਝਾਕਾ ਪਾਉਂਦਾ ਨਜ਼ਰ ਆਉਂਦਾ ਹੈ। ਨੀਮ ਪਹਾੜੀਆਂ ਵਿੱਚ ਘਿਰਿਆ ਮੈਦਾਨੀ ਇਲਾਕਾ ਕਾਫੀ ਹੱਦ ਤਕ ਪੱਧਰਾ ਹੈ। ਦੂਰ ਦੂਰ ਤਕ ਜਿੱਧਰ ਵੀ ਝਾਤੀ ਮਾਰੀ ਜਾਵੇ, ਮੀਲਾਂ ਦੇ ਮੀਲ ਚਰਾਂਦਾਂ, ਖੇਤੀ ਫਾਰਮ ਹੀ ਨਜ਼ਰ ਆਉਂਦੇ ਹਨ। ਦੂਰ ਦੂਰ ਵਿਰਲੇ ਟਾਵੇਂ ਘਰ ਜਾਂ ਫਾਰਮ ਹਾਊਸ ਬਾਰੀਂ ਕੋਹੀਂ ਦੀਵਾ ਜਗਣ ਦੀ ਬਾਤ ਪਾਉਂਦੇ ਜਾਪਦੇ ਹਨ। ਵਿਸ਼ਾਲ ਵਲਗਣਾਂ (ਚਰਾਂਦਾਂ) ਵਿੱਚ ਭੇਡਾਂ, ਗਾਵਾਂ ਤੇ ਹੋਰ ਬਹੁਤ ਸਾਰੇ ਪਾਲਤੂ ਪਸ਼ੂਆਂ ਦੇ ਝੁੰਡ ਬੜੀ ਮਸਤੀ ਨਾਲ ਘਾਹ ਪੱਠਾ ਚੁਗਦੇ ਨਜ਼ਰ ਆਉਂਦੇ ਹਨ। ਵਧੇਰੇ ਕਰਕੇ ਕੁਦਰਤੀ ਵਾਤਾਵਰਣ ਵਿੱਚ ਆਪਣੀ ਹੀ ਆਜ਼ਾਦੀ ਨਾਲ ਪਲਦੇ ਇਹ ਜਾਨਵਰ ਆਪਣੇ ਦੁੱਧ, ਮਾਸ ਤੇ ਉੱਨ ਆਦਿ ਨਾਲ ਆਸਟ੍ਰੇਲੀਆ ਦੀ ਅਰਥਵਿਵਸਥਾ ਵਿੱਚ ਇੱਕ ਵੱਡਾ ਯੋਗਦਾਨ ਪਾਉਂਦੇ ਹਨ।
ਜਦੋਂ ਤੋਂ ਇਸ ਮੈਦਾਨੀ ਮਿੱਟੀ ਦੀ ਉਪਜਾਊ ਸ਼ਕਤੀ ਦੀ ਪਛਾਣ ਹੋਈ ਤਾਂ ਆਸਟ੍ਰੇਲੀਅਨ ਸਰਕਾਰ ਨੇ ਉਦੋਂ ਤੋਂ ਹੀ ਇਸ ਇਲਾਕੇ ਨੂੰ ਖੇਤੀ ਉਤਪਾਦਨ ਵਜੋਂ ਵਿਕਸਿਤ ਕਰਨ ਦੀਆਂ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਅਧੀਨ 1912 ਵਿੱਚ ਮੁਹਰੱਮਬੀਜੇ ਦਰਿਆ ਉੱਤੇ ਬਰੀਇੰਜਕ ਡੈਮ ਅਤੇ ਸੰਨ 1950 ਵਿੱਚ ਟੀਮੁਟ ਦਰਿਆ ਉੱਤੇ ਬਲੋਰਿੰਗ ਡੈਮ ਦੀ ਉਸਾਰੀ ਕਰਕੇ ਇਸ ਜ਼ਰਖੇਜ਼ ਜ਼ਮੀਨ ਦੀ ਸਿੰਚਾਈ ਲਈ ਨਹਿਰੀ ਪਾਣੀ ਦਾ ਬੰਦੋਬਸਤ ਕਰ ਦਿੱਤਾ।
ਲੀਟਨ, ਨਰਿੰਦਰਾ ਤੇ ਗ੍ਰਿਫਥ ਕਸਬਿਆਂ ਦੀ ਉਸਾਰੀ ਹੋਈ। ਇਸ ਜ਼ਰਖੇਜ਼ ਭੂਮੀ ਦਾ ਕੇਂਦਰ ਬਿੰਦੂ ਗ੍ਰਿਫਥ ਹੋਣ ਕਰਕੇ ਇਹ ਕਸਬਾ ਨਿਊ ਸਾਊਥ ਵੇਲਜ਼ ਦੇ ਪ੍ਰਮੁੱਖ ਕਸਬੇ ਵਜੋਂ ਜਾਣਿਆ ਜਾਣ ਲੱਗਾ। ਪਹਿਲਾਂ ਇਤਾਲਵੀ ਤੇ ਫਿਰ ਅੱਧੀ ਕੁ ਸਦੀ ਤੋਂ ਪੰਜਾਬੀ ਲੋਕਾਂ ਨੇ ਇੱਥੇ ਪਹੁੰਚ ਕਰਕੇ ਆਪਣੀ ਮਿਹਨਤ ਸਦਕਾ ਇਸ ਇਲਾਕੇ ਨੂੰ ਹਰਿਆ ਭਰਿਆ ਕਰਦਿਆਂ ਜਿੱਥੇ ਉਹ ਸੈਂਕੜੇ, ਹਜ਼ਾਰਾਂ ਏਕੜਾਂ ਦੇ ਮਾਲਕਾਂ ਵੀ ਬਣੇ, ਉੱਥੇ ਉਹ ਬਹੁਤ ਸਾਰੇ ਖੇਤੀ ਉਤਪਾਦਨਾਂ ਰਾਹੀਂ ਆਸਟ੍ਰੇਲੀਆ ਦੇ ਖ਼ੁਰਾਕੀ ਭੰਡਾਰ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਖਾਸ ਕਰਕੇ ਫਲ ਮਾਲਟੇ, ਸੰਤਰੇ, ਨਿੰਬੂ ਅੰਗੂਰ, ਡਰਾਈ ਫਰੂਟ ਬਦਾਮ ਅਖਰੋਟ ਤੇ ਸੀਰੀਅਲ/ਅਨਾਜ (ਕਣਕ, ਮੱਕੀ, ਬਾਜਰਾ, ਜੌਂ, ਛੋਲੇ, ਮਸਰ, ਚੌਲ ਅਤੇ ਸਬਜ਼ੀਆਂ ਮੂਲੀਆਂ, ਗਾਜਰਾਂ, ਸ਼ਲਗਮ, ਟਮਾਟਰ ਅਤੇ ਤੇਲ ਬੀਜ ਸਰ੍ਹੋਂ ਆਦਿ ਇੱਥੋਂ ਦੀਆਂ ਪ੍ਰਮੁੱਖ ਫਸਲਾਂ ਦੀ ਭਰਪੂਰ ਪੈਦਾਵਾਰ ਕਾਰਨ ਇੱਥੋਂ ਦੇ ਇਲਾਕੇ ਨੂੰ ‘ਅਸਟ੍ਰੇਲੀਅਨ ਫੂਡ ਬਾਊਲ’ (ਆਸਟ੍ਰੇਲੀਅਨ ਭੋਜਨ ਛਾਬਾ) ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਕਰਕੇ ਹੀ ਇੱਥੇ ਫੂਡ ਪ੍ਰੋਸੈਸਿੰਗ ਉਦਯੋਗਾਂ ਦੀ ਵੀ ਕਾਫੀ ਭਰਮਾਰ ਹੈ।
ਬਾਗ਼ ਬਗ਼ੀਚੇ ਖੇਤਰ ਜਿੱਥੇ ਕਿਤੇ ਵੀ ਜ਼ਮੀਨ ਹੇਠਾਂ ਖਾਰੇ ਪਾਣੀ ਦੀ ਹੋਂਦ ਹੈ। ਜਦੋਂ ਉੱਥੇ ਇਸ ਖਾਰੇ ਪਾਣੀ ਦਾ ਪੱਧਰ ਉੱਚਾ ਹੋ ਕੇ ਬਾਗ਼ ਬਗ਼ੀਚੇ ਦੇ ਪੌਦਿਆਂ ਦੀਆਂ ਜੜ੍ਹਾਂ ਤਕ ਪਹੁੰਚ ਜਾਂਦਾ ਹੈ ਤਾਂ ਫਿਰ ਪੌਦਿਆਂ ਦੇ ਸੜਨ, ਗਲਣ ਦਾ ਖ਼ਤਰਾ ਵੀ ਪੈਦਾ ਕਰਦਾ ਹੈ। ਸੋ ਇਸ ਖਾਰੇ ਪਾਣੀ ਦੀ ਮਾਰ ਤੋਂ ਬਚਾਉਣ ਲਈ ਇਸ ਖਾਰੇ ਪਾਣੀ ਦੀ ਨਿਕਾਸੀ ਲਈ ਜ਼ਮੀਨ ਹੇਠਾਂ ਜਾਲ਼ੀਦਾਰ ਪਾਈਪਾਂ ਦਾ ਜਾਲ਼ ਵਿਛਾਇਆ ਜਾਂਦਾ ਹੈ ਤਾਂ ਕਿ ਖਾਰੇ ਪਾਣੀ ਦੀ ਪੱਧਰ ਉੱਪਰ ਉੱਠਣ ਤੋਂ ਰੁਕ ਸਕੇ ਤੇ ਬੂਟਿਆਂ ਦੀ ਜੜ੍ਹਾਂ ਤਕ ਮਾਰ ਨਾ ਕਰ ਸਕੇ। ਇਹ ਖਾਰਾ ਪਾਣੀ ਜਾਲੀਦਾਰ ਪਾਈਪ ਰਾਹੀਂ ਫਾਰਮਾਂ ਵਿੱਚ ਬਣਾਈਆਂ ਖੂਹੀਆਂ ਵਿੱਚ ਜਮ੍ਹਾਂ ਹੋਈ ਜਾਂਦਾ ਹੈ। ਫਿਰ ਇਨ੍ਹਾਂ ਖੂਹੀਆਂ ਵਿੱਚੋਂ ਆਟੋਮੈਟਿਕ ਸਿਸਟਮ ਨਾਲ ਲੱਗੀਆਂ ਮੋਟਰਾਂ ਨਾਲ ਪਾਣੀ ਖਿੱਚ ਕੇ ਪਾਈਪਾਂ ਰਾਹੀਂ ਪੱਕੇ ਖਾਲਿਆਂ ਵਿੱਚ ਸੁੱਟ ਕੇ ਅੱਗੋਂ ਦੂਰ ਦੁਰਾਡੇ ਬਣੀਆਂ ਵਿੱਚ ਆਰਜ਼ੀ ਝੀਲਾਂ ਵਿੱਚ ਖਪਾਏ ਜਾਣ ਦੀ ਵਿਵਸਥਾ ਕੀਤੀ ਜਾਂਦੀ ਹੈ।
ਕਾਫੀ ਲੰਮੇ ਚੌੜੇ ਵਿਸ਼ਾਲ ਇਨ੍ਹਾਂ ਫਾਰਮਾਂ ਵਿੱਚ ਕੋਈ ਵੱਟ ਬੰਨਾ, ਖਾਲ਼ ਆਦਿ ਵੇਖਣ ਨੂੰ ਨਹੀਂ ਮਿਲਦੇ। ਫਸਲਾਂ ਦੀ ਸਿੰਚਾਈ ਲਈ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਸਿੰਚਾਈ ਲਈ ਵਰਤੇ ਜਾਂਦੇ ਇਸ ਪਾਣੀ ਦਾ ਕਰਾਇਆ ਭਰਨ ਲਈ ਮੀਟਰ ਲੱਗੇ ਹੁੰਦੇ ਹਨ। ਪਾਣੀ ਦੀ ਖਪਤ ਅਨੁਸਾਰ ਕਿਸਾਨਾਂ ਨੂੰ ਪਾਣੀ ਦਾ ਮੁੱਲ ਅਦਾ ਕਰਨਾ ਪੈਂਦਾ ਹੈ। ਸਿੰਚਾਈ ਲਈ ਅੰਡਰ ਗਰਾਊਂਡ ਪਾਈਪ ਤੋਂ ਅੱਗੇ ਡਰਿੱਪ/ਫੁਹਾਰਾ ਸਿਸਟਮ ਨਾਲ ਸਿੰਚਾਈ ਕੀਤੀ ਜਾਂਦੀ ਹੈ। ਖਾਦ, ਦਵਾਈਆਂ ਦੇ ਤਰਲ ਰੂਪ ਨੂੰ ਡਰਿੱਪ ਸਿਸਟਮ ਨਾਲ ਜੋੜ ਕੇ ਲੋੜ ਅਨੁਸਾਰ ਫਸਲਾਂ ਤਕ ਪਹੁੰਚਾਇਆ ਜਾਂਦਾ ਹੈ। ਡਰਿੱਪ ਸਿਸਟਮ ਨੂੰ ਜਾਮ ਹੋਣ ਤੋਂ ਰੋਕਣ ਲਈ ਨਹਿਰੀ ਪਾਣੀ ਦੀ ਸਾਫ ਸਫਾਈ ਲਈ ਫਿਲਟਰ ਵੀ ਲੱਗੇ ਹੁੰਦੇ ਹਨ। ਵਰਣਨਯੋਗ ਹੈ ਕਿ ਇੱਥੇ ਸਿੰਚਾਈ ਲਈ ਪਾਣੀ ਦੀ ਸੰਜਮ ਭਰੀ ਤਕਨੀਕ ਨਾਲ ਹੀ ਵਰਤੋਂ ਕੀਤੀ ਜਾਂਦੀ ਹੈ। ਇਸੇ ਕਰਕੇ ਪਾਣੀ ਫਜ਼ੂਲ ਵਿੱਚ ਬਰਬਾਦ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇੱਕ ਮੋਟੇ ਅਜਿਹੇ ਅੰਦਾਜ਼ੇ ਮੁਤਾਬਿਕ ਜਿੱਥੇ ਸਾਡੇ ਪੰਜਾਬ ਵਿੱਚ ਇੱਕ ਏਕੜ ਦਾ ਝੋਨਾ ਜਿੰਨਾ ਪਾਣੀ ਡਕਾਰ ਜਾਂਦਾ ਹੈ, ਉੰਨੇ ਹੀ ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋਂ ਨਾਲ ਇੱਥੇ ਤੀਹ ਤੋਂ ਪੰਜਾਹ ਏਕੜ ਤਕ ਦੀ ਫ਼ਸਲ ਨੂੰ ਸਫਲਤਾ ਪੂਰਵਕ ਪਾਲ਼ਿਆ ਜਾਣ ਦੀ ਵਿਵਸਥਾ ਹੈ। ਸੋ ਪਾਣੀ ਦੀ ਬੱਚਤ ਤੇ ਵਾਧੂ ਵਰਤੇ ਪਾਣੀ ਦੇ ਬਿੱਲ ਤੋਂ ਵੀ ਬੱਚਤ।
ਇੰਨੇ ਵੱਡੇ ਵੱਡੇ ਫਾਰਮ ਹੋਣ ਕਰਕੇ ਵਾਹੀ ਜੋਤੀ, ਫਸਲਾਂ ਦੀ ਤੰਦਰੁਸਤੀ ਲਈ ਦਵਾਈਆਂ ਆਦਿ ਸਪਰੇ ਕਰਨ ਲਈ ਵੱਡੀ ਵੱਡੀ ਮਿਸ਼ਨਰੀ ਦੀ ਲੋੜ ਹੁੰਦੀ ਹੈ, ਜਿਸ ਵਾਸਤੇ ਕਿਸਾਨਾਂ ਨੂੰ ਬੈਂਕ ਕਰਜ਼ੇ ਦੀ ਦੇਣ ਦੀ ਵਿਵਸਥਾ ਕੀਤੀ ਹੋਈ ਹੈ। ਫਸਲਾਂ ਦੀ ਪੈਦਾਵਾਰ ਦੀ ਸੰਭਾਲ ਲਈ ਲੋੜੀਂਦੀਆਂ ਸਹੂਲਤਾਂ ਵਾਲੇ ਏ ਸੀ ਸਟੋਰ/ਸੈਲੋਜ਼ ਬਣੇ ਹੋਏ ਹਨ, ਜਿੱਥੇ ਫਸਲਾਂ ਦੀ ਪੈਦਾਵਾਰ ਦੀ ਸਾਫ ਸਫਾਈ/ਗੁਣਵੱਤਾ ਅਨੁਸਾਰ ਗਰੇਡਵਾਈਜ਼ ਕਰਕੇ ਸਟੋਰ ਕੀਤਾ ਜਾਂਦਾ ਹੈ। ਭਾਵ ਹਰ ਤਰ੍ਹਾਂ ਦੀ ਪੈਦਾਵਾਰ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਦੇ ਪੂਰੇ ਪ੍ਰਬੰਧ ਹੁੰਦੇ ਹਨ ਤਾਂ ਕਿ ਖਪਤਕਾਰ ਤਕ ਗੁਣਵੱਤਾ ਭਰਪੂਰ ਖਾਧ ਪਦਾਰਥ ਪਹੁੰਚ ਸਕਣ।
ਸਰਕਾਰੀ ਖਰੀਦ ਦੀ ਵਿਵਸਥਾ ਨਾ ਹੋਣ ਕਰਕੇ ਖੇਤੀ ਉਤਪਾਦਨ ਦੀ ਖਰੀਦ ਵੇਚ ਦਾ ਜ਼ਿੰਮਾ ਵਪਾਰੀ ਤਬਕੇ (ਪ੍ਰਾਈਵੇਟ ਕੰਪਨੀਆਂ) ਨੇ ਸੰਭਾਲਿਆ ਹੋਇਆ ਹੈ। ਖੇਤੀ ਉਤਪਾਦਨ ਦੀ ਕੀਮਤ ਨਿਰਧਾਰਤ ਕਰਨ ਸਮੇਂ ਖੇਤੀ ਉਤਪਾਦਨ ਦੇ ਮੁਢਲੇ ਉਤਪਾਦਕ, ਉਤਪਾਦਨ ਦੇ ਸੋਧਕ, ਹੋਲਸੇਲਜ਼ ਤੇ ਖਪਤਕਾਰ ਤਕ ਪਹੁੰਚਣ ਵਾਲੇ ਸਭ ਕਾਰਕਾਂ (ਦੁਕਾਨਾਂ/ਸਟੋਰਾਂ) ਆਦਿ ਤੱਤਾਂ ਦੇ ਹਿਤਾਂ/ਜਾਨੀ ਉਨ੍ਹਾਂ ਦੀ ਖੇਚਲ/ਮਿਹਨਤ ਨੂੰ ਮੱਦੇਨਜ਼ਰ ਰੱਖ ਕੇ ਹੀ ਕੀਮਤਾਂ ਨਿਰਧਾਰਤ ਕੀਤੀ ਜਾਣ ਦੀ ਵਿਵਸਥਾ ਹੈ। ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ ਕਿ ਮੁਢਲੇ ਉਤਪਾਦਕਾਂ (ਕਿਸਾਨਾਂ) ਦਾ ਪੱਲਾ ਵੀ ਪੂਰਾ ਹੁੰਦਾ ਰਹੇ ਤੇ ਖਪਤਕਾਰ ਦੇ ਪੇਟ ਭਰਨ ਉੱਤੇ ਵੀ ਕੋਈ ਵਾਧੂ ਬੋਝ ਨਾ ਪਵੇ। ਭਾਵ ਆਸਾਨੀ ਨਾਲ ਹਰੇਕ ਦਾ ਜੀਵਨ ਨਿਰਬਾਹ ਹੁੰਦਾ ਰਹੇ ਤੇ ਦੇਸ਼ ਦਾ ਅੰਨ ਭੰਡਾਰ ਵੀ ਸੁਰੱਖਿਅਤ ਰਹੇ।
ਇੱਥੋਂ ਦੀ ਖੇਤੀ ਨੂੰ ਵੀ ਇੱਕ ਵਪਾਰ ਵਜੋਂ ਲੈਂਦਿਆਂ ਇਸ ਨੂੰ ਕਾਫੀ ਹੱਦ ਤਕ ਬੀਮੇ ਦੇ ਘੇਰੇ ਵਿੱਚ ਰੱਖਿਆ ਹੋਇਆ ਹੈ। ਸੋਕੇ, ਡੋਬੇ, ਗੜੇਮਾਰੀ ਆਦਿ ਕੁਦਰਤੀ ਆਫ਼ਤਾਂ, ਮੰਡੀਕਰਨ ਕੀਮਤਾਂ ਵਿੱਚ ਗਿਰਾਵਟਾਂ ਜਾਂ ਵਾਧੂ ਉਤਪਾਦਨ ਦੀ ਵਿਕਰੀ ਨਾ ਹੋਣਾ ਆਦਿ ਨਾਲ ਹੋਣ ਵਾਲੇ ਖੇਤੀ ਆਮਦਨੀ ਦੇ ਨੁਕਸਾਨਾਂ ਦੀ ਭਰਪਾਈ ਬੀਮਾ ਕੰਪਨੀਆਂ ਦੁਆਰਾ ਹੋ ਜਾਣ ਨਾਲ ਕਿਸਾਨੀ ਧੰਦਾ ਆਰਥਿਕ ਤੌਰ ’ਤੇ ਕਰੀਬ ਆਪਣੇ ਪੈਰਾਂ ਸਿਰ ਹੀ ਰਹਿੰਦਾ ਹੈ।
ਖੇਤੀ ਕਰਜ਼ਿਆਂ ਉੱਤੇ ਵੀ ਸਬਸਿਡੀਆਂ ਦੀ ਸਹੂਲਤਾਂ ਕਾਰਨ ਕਿਸਾਨੀ ਦੇ ਪੈਰ ਉੱਖੜਦੇ ਨਹੀਂ ਸਗੋਂ ਕਿਸਾਨ ਬੇਫ਼ਿਕਰ ਹੋ ਕੇ ਮਿਹਨਤ ਨਾਲ ਖੇਤੀ ਉਤਪਾਦਨ ਕਰਨ ਵਿੱਚ ਡਟੇ ਰਹਿੰਦੇ ਹਨ। ਵਧੇਰੇ ਕਰਕੇ ਆਪਣੇ ਹੱਥੀਂ ਆਪਣੇ ਕਾਰਜ ਸੁਆਰਨ ਦੀ ਆਦਤ ਤਹਿਤ ਜੀਵਨ ਚਲਦਾ ਹੈ। ਖੇਤੀ ਦੇ ਕੰਮਾਂ ਵਿੱਚ ਆਉਣ ਵਾਲੀ ਮਸ਼ੀਨਰੀ ਦੀ ਘਸਾਈ ਅਤੇ ਟੁੱਟ-ਭੱਜ ਦੀ ਆਮ ਮੁਰੰਮਤ ਵੀ ਕਾਫੀ ਹੱਦ ਤਕ ਕਿਸਾਨ ਪਰਿਵਾਰ ਖੁਦ ਹੀ ਕਰਦਾ ਹੈ, ਜਿਸ ਲਈ ਗੈਰਜ ਤੇ ਟੂਲ ਬਾਕਸ ਪ੍ਰਬੰਧ ਹਰ ਫਾਰਮ ਵਿੱਚ ਆਪੋ ਆਪਣਾ ਹੀ ਹੁੰਦਾ ਹੈ। ਬਹੁਤੇ ਫਾਰਮਾਂ ਵਿੱਚ ਤੇਲ ਖਪਤ ਦੇ ਹਿਸਾਬ ਨਾਲ ਤੇਲ ਟੈਂਕਰ ਵੀ ਰੱਖੇ ਹੋਏ ਹਨ, ਜਿਨ੍ਹਾਂ ਵਿੱਚ ਲੋੜ ਅਨੁਸਾਰ ਤੇਲ ਕੰਪਨੀਆਂ ਤੋਂ ਤੇਲ ਸਪਲਾਈ ਕਰਵਾ ਲਈ ਜਾਂਦੀ ਹੈ।
ਵਰਣਨਯੋਗ ਹੈ ਕਿ ਇੱਥੇ ਕਿਸਾਨੀ ਲਾਈਗਤਾ (ਮਾਰੂ ਪਿਰਤ) ਅਧੀਨ ਅੰਨ੍ਹੇ ਠੂਹੇ ਖੇਤੀ ਦੇ ਢੰਗ ਤਰੀਕੇ ਉੱਕਾ ਹੀ ਨਹੀਂ ਆਪਣਾਉਂਦੇ ਤੇ ਇੱਕ ਪਾਸੇ ਉਲਾਰ ਹੋ ਕੇ ਰਵਾਇਤੀ ਫ਼ਸਲੀ ਚੱਕਰ ਵਿੱਚ ਵੀ ਨਹੀਂ ਫਸਦੇ ਸਗੋਂ ਉਪਜੀਵਕਾ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਖਾਸ ਖੇਤੀ ਨੀਤੀ ਤਹਿਤ ਅਨੁਸਾਰ ‘ਅਕਲ ਨਾਲ ਵਾਹ, ਰੱਜ ਕੇ ਖਾਹ’ ਨਾਲ ਕੀਤੀ ਜਾਂਦੀ ਹੈ। ਫ਼ਸਲੀ ਵਿਭਿੰਨਤਾ ਲਈ ਜ਼ੋਨ ਵੰਡ ਕਰਕੇ ਖੇਤੀ ਕੀਤੀ/ਕਰਵਾਈ ਜਾਂਦੀ ਹੈ। ਇਸ ਆਸ਼ੇ ਨੂੰ ਵੀ ਮੁੱਖ ਰੱਖਿਆ ਜਾਂਦਾ ਹੈ ਕਿ ਗੁਣਵੱਤਾ ਭਰਪੂਰ ਹਰ ਤਰ੍ਹਾਂ ਦੇ ਭੋਜਨ ਦੀ ਲੋੜ ਅਨੁਸਾਰ ਪੂਰਤੀ ਵੀ ਹੁੰਦੀ ਰਹੇ ਤੇ ਕੁਦਰਤੀ ਸਾਧਨ ਦੀ ਬੇਲੋੜੀ ਦੁਰਵਰਤੋਂ ਅਤੇ ਵਾਤਾਵਰਣ ਵਿਗੜਨ ਤੋਂ ਵੀ ਬਚੇ ਰਹਿਣ।
ਇੱਥੇ ਕਿਸਾਨੀ ਦਾ ਅਰਥ ਇੱਕ ਸੂਝਵਾਨ ਮਨੁੱਖ ਤੋਂ ਲਿਆ ਜਾਂਦਾ ਹੈ ਜੋ ਅੰਨਦਾਤਾ ਵੀ ਹੈ ਤੇ ਵਾਤਾਵਰਣ ਦਾ ਰਖਵਾਲਾ ਵੀ ਹੈ। ਫਸਲਾਂ ਦੀ ਬਿਜਾਈ ਅਤੇ ਸੰਭਾਲ਼ ਇੱਕ ਅਨੁਸ਼ਾਸਨ ਹੇਠ ਰਹਿੰਦਿਆਂ ਹੀ ਕੀਤੀ ਜਾਂਦੀ ਹੈ। ਖਾਦਾਂ, ਮਾਰੂ ਨਦੀਨ ਅਤੇ ਕੀੜੇ ਪਤੰਗੇ ਮਾਰ ਦਵਾਈਆਂ ਦੀ ਵਰਤੋਂ ਵੀ ਇੱਕ ਹੱਦ ਵਿੱਚ ਰਹਿ ਕੇ ਹੀ ਕੀਤੀ ਜਾਂਦੀ ਹੈ ਤਾਂ ਕਿ ਪੈਦਾ ਹੋਇਆ ਹਰ ਭੋਜਨ ਕਾਫੀ ਹੱਦ ਤਕ ਜ਼ਹਿਰੀਲੇ ਅੰਸ਼ਾਂ ਤੋਂ ਮੁਕਤ ਅਤੇ ਗੁਣਵੱਤਾ ਭਰਪੂਰ ਹੋਵੇ ਤੇ ਚੌਗਿਰਦਾ ਵੀ ਦੂਸ਼ਿਤ ਨਾ ਹੋਵੇ। ਸਰਕਾਰ ਵੀ ਕਿਸੇ ਸੰਕਟ ਸਮੇਂ ਕਿਸਾਨੀ ਦੀ ਬਾਂਹ ਪਕੜਨ ਤੋਂ ਪਿੱਛੇ ਨਹੀਂ ਹਟਦੀ, ਸਗੋਂ ਹਰ ਮੁਸੀਬਤ ਸਮੇਂ ਕਿਸਾਨੀ ਨਾਲ ਖੜ੍ਹਦੀ ਹੈ।ਇਸ ਤਰ੍ਹਾਂ ਕਿਸਾਨੀ ਤੇ ਖਪਤਕਾਰ ਦੀ ਲੁੱਟ ਖਸੁੱਟ ਦੇ ਰੌਲੇ ਗੌਲ਼ੇ ਦੀ ਅਰਾਜਕਤਾ ਤੋਂ ਬਚਿਆ ਮਾਹੌਲ ਅੰਨ ਭੰਡਾਰ ਭਰਪੂਰ ਵੀ ਕਰਦਾ ਹੈ ਤੇ ਸਾਰਿਆਂ ਦੇ ਹਿਤ ਸੁਰੱਖਿਅਤ ਵੀ ਰੱਖਦਾ ਹੈ।
ਸਰਕਾਰ ਅਤੇ ਲੋਕਾਂ ਦੇ ਬਣੇ ਆਪਸੀ ਵਿਸ਼ਵਾਸ ਨਾਲ ਇਸ ਦੇਸ਼ ਨੇ ਤਰੱਕੀ ਦਾ ਰਾਹ ਫੜਿਆ ਹੋਇਆ ਹੈ ਤੇ ਅਰਥ ਵਿਵਸਥਾ ਵੀ ਸਿਖਰਾਂ ਨੂੰ ਛੂਹਣ ਵੱਲ ਵਧ ਰਹੀ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5473)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)