“ਜ਼ਰਾ ਸੋਚੀਏ, ਇਹ ਨਾਮਣੇ ਐਵੇਂ ਨਹੀਂ ਮਿਲੇ ਹੁੰਦੇ ਸਗੋਂ ਸਾਲਾਂਬੱਧੀ ਕੀਤੀ ਸਾਰਥਿਕ ਘਾਲ-ਕਮਾਈ ਦਾ ਨਤੀਜਾ ...”
(14 ਅਪਰੈਲ 2023)
ਇਸ ਸਮੇਂ ਪਾਠਕ: 121.
ਬੱਚਾ ਜਿਉਂ ਜਿਉਂ ਵੱਡਾ ਹੁੰਦਾ ਜਾਂਦਾ ਹੈ, ਤਿਉਂ ਤਿਉਂ ਉਸਨੂੰ ਸੋਝੀ ਆਉਂਦੀ ਜਾਂਦੀ ਹੈ। ਮਾਤਾ ਪਿਤਾ, ਘਰ ਪਰਿਵਾਰ, ਦੋਸਤਾਂ ਮਿੱਤਰਾਂ, ਰਿਸ਼ਤੇਦਾਰਾਂ ਤੇ ਆਲੇ ਦੁਆਲੇ ਦੇ ਸਮਾਜ ਵਿੱਚ ਵਿਚਰਦਿਆਂ ਬੱਚੇ ਦਾ ਵਿਅਕਤੀਤਵ ਉਸਰਨ ਲੱਗਦਾ ਹੈ। ਜੈਸੀ ਸੰਗਤ ਤੈਸੀ ਰੰਗਤ। ਪਰ ਉਸਦੇ ਆਪਣੇ ਗੁਣ ਔਗੁਣ ਖੁਦ ਨੂੰ ਵੀ ਅਤੇ ਆਲੇ ਦੁਆਲੇ ਨੂੰ ਵੀ ਪ੍ਰਭਾਵਿਤ ਕਰਦੇ ਹਨ।
ਸ਼ੌਕ ਰੱਖਣੇ, ਪਾਲਣੇ ਹਰ ਮਨੁੱਖ ਦਾ ਸੁਪਨਾ ਹੁੰਦਾ ਹੈ। ਪਾਏਦਾਰ ਸੌਕ ਪੁਗਾਉਣ ਦਾ ਅਸਲ ਰਾਹ ਮਿਹਨਤ ਦਾ ਪੱਲਾ ਹੀ ਹੁੰਦਾ ਹੈ ਪਰ ਹਵਾਈ, ਪੁੱਠੇ ਸਿੱਧੇ ਸ਼ੌਕ ਪਗਾਉਣ ਲਈ ਵਿੰਗੇ ਟੇਢੇ ਰਾਹ ਅਪਣਾਉਂਦਿਆਂ ਘਤਿੱਤਾਂ (ਸ਼ਰਾਰਤਾਂ) ਕਰਕੇ ਸਮਾਜ ਵਿੱਚਲੇ ਬੁਰਾਈਆਂ ਦੇ ਭੁਕਾਨੇ ਵਿੱਚ ਹੋਰ ਫੂਕ ਭਰ ਜਾਣੀ ਹੀ ‘ਫੁਕਰੇਬਾਜ਼ੀ’ ਅਖਵਾਉਂਦੀ ਹੈ, ਜੋ ਕਰੀਬ ਕਰੀਬ ‘ਬੌਧਿਕ ਕੰਗਾਲੀ’ ਦਾ ਹੀ ਇੱਕ ਪ੍ਰਤੱਖ ਰੂਪ ਹੁੰਦੀ ਹੈ। ਫੁਕਰੇਬਾਜ਼ੀ ਦੀ ਉਮਰ, ਹੱਦ ਕੋਈ ਵੀ ਨਹੀਂ ਹੁੰਦੀ। ਯਾਨੀ ਫੁਕਰੇਬਾਜ਼ੀ ਦੀ ਸੱਪਣੀ ਹਰ ਉਮਰ ਨੂੰ ਹੀ ਡੰਗਦੀ ਹੈ। ਪਰ ਅੱਲੜ ਮੱਤ ਕਰਕੇ ਜਵਾਨੀ ਇਸਦਾ ਸਭ ਵੱਧ ਸ਼ਿਕਾਰ ਬਣਦੀ ਹੈ। ਫੁਕਰੀ ਬਾਹੂਬਲੀ ਬਿਰਤੀ ਹਾਥੀ ਨੂੰ ਕੀੜੀ ਦੇ ਤੁਲ ਸਮਝ ਲੈਂਦੀ ਹੈ ਅਤੇ ਭੂਤਰੇ ਸਾਨ੍ਹ ਦੇ ਸਿੰਗਾਂ ਨੂੰ ਹੱਥ ਪਾ ਕੇ ਹੱਡੀਆਂ ਪੱਸਲੀਆਂ ਇੱਕ ਕਰਵਾ ਬਹਿੰਦੀ ਐ।
ਫੁਕਰੇਬਾਜ਼ੀ ਮਾਨਸਿਕਤਾ ਦੀ ਇੱਕ ਬਹੁਤ ਹੀ ਨਾਜ਼ੁਕ ਸਥਿਤੀ ਹੁੰਦੀ ਹੈ। ਇਸ ਵਿੱਚ ਸੋਚ ਸ਼ਕਤੀ, ਹੋਸ਼ ਹਵਾਸ਼ ਘੱਟ ਪਰ ਅੰਨ੍ਹਾ ਜੋਸ਼ ਵਧੇਰੇ ਹੁੰਦਾ ਹੈ ਇਸ ਸਥਿਤੀ ਵਿੱਚ ਫੈਸਲੇ ਵਧੇਰੇ ਕਰਕੇ ਬਗੈਰ ਸਿਰ (ਦਿਮਾਗ਼ ਦੀ ਵਰਤੋਂ) ਤੋਂ, ਦਿਲਾਂ ਦੇ ਆਖੇ ਲੱਗ ਕੇ ਹੀ ਲਏ ਜਾਂਦੇ ਹਨ। ਇਨ੍ਹਾਂ ਫੈਸਲਿਆਂ ਦੇ ਨਤੀਜੇ ਜ਼ਿਆਦਾ ਕਰਕੇ ਘਾਟੇਵੰਦ ਹੀ ਸਾਬਿਤ ਹੁੰਦੇ ਹਨ। ਕਈ ਵਾਰ ਤਾਂ ਇਹ ਨਤੀਜੇ ਇੰਨੇ ਘਾਤਕ ਹੋ ਨਿੱਬੜਦੇ ਹਨ ਕਿ ਸਾਰੀ ਉਮਰ ਦਾ ਪਛਤਾਵਾ ਤੇ ਰੋਣਾ ਪੱਲੇ ਪਾ ਜਾਂਦੇ ਹਨ। ਕਈ ਵਾਰ ਅੱਥਰੇ ਕੰਮ, ਸਟੰਟ ਜਾਨ ਤੋਂ ਵੀ ਹੱਥ ਧੁਆ ਦਿੰਦੇ ਹਨ।
ਅੱਲੜ੍ਹ ਜਵਾਨੀ ਵਿੱਚ ਘਰ ਪਰਿਵਾਰ ਤੋਂ ਬਾਹਰੇ (ਵੱਡੇ ਵਡੇਰਿਆਂ ਤੋਂ ਬਾਗੀ) ਹੋ ਕੇ ਲਏ ਫੈਸਲੇ ਤਾਂ ਬਹੁਤ ਘੱਟ ਹੀ ਨੇਪਰੇ ਚੜ੍ਹਦੇ ਹਨ ਕਿਉਂਕਿ ਜੀਵਨ ਦੇ ਅਜਿਹੇ ਬਹੁਤ ਸਾਰੇ ਮਹੱਤਵਪੂਰਨ ਫ਼ੈਸਲੇ ਤਜਰਬੇ ਦੀ ਘਾਟ ਕਰਕੇ ਫੁਕਰੇਬਾਜ਼ੀ ਦੇ ਵਹਿਣ ਵਿੱਚ ਵਹਿ ਕੇ ਹੀ ਲਏ ਗਏ ਹੁੰਦੇ ਹਨ। ਅੱਲੜ੍ਹ ਮੱਤ ਦੀ ਬਹੁਗਿਣਤੀ ਮਾਪਿਆਂ ਦੀ ਹੱਡ ਭੰਨਵੀਂ ਕਮਾਈ ਨੂੰ ਆਮ ਕਰਕੇ ਮੁਫ਼ਤ ਦੀ ਕਮਾਈ ਸਮਝ ਕੇ ਦੁਰਵਰਤੋਂ ਕਰਨ ਨੂੰ ਆਪਣਾ ਹੱਕ ਸਮਝਦੀ ਹੈ। ਇਹ ਨਾਜਾਇਜ਼ ਹੱਕ ਨਾ ਮਿਲਣ ’ਤੇ ਬਹੁਤੇ ਘਰਾਂ-ਪਰਿਵਾਰਾਂ ਵਿੱਚ ਕਈ ਤਰ੍ਹਾਂ ਦੇ ਕਾਟੋ ਕਲੇਸ਼ ਦੇ ਪਏ ਖਿਲਾਰੇ ਆਮ ਹੀ ਨਜ਼ਰੀਂ ਪੈਂਦੇ ਹਨ।
ਨਸ਼ਿਆਂ ਦਾ ਪ੍ਰਚਲਣ, ਐਸ਼ੋ ਅਰਾਮ ਦੀਆਂ ਬੇਲੋੜੀਆਂ ਵਸਤਾਂ ਦੀ ਗ਼ੁਲਾਮੀ, ਨੱਕ ਨੂੰ ਉੱਚਾ ਕਰਨ, ਹੋਰਨਾਂ ਵਿੱਚ ਫੋਕਾ ਟੌਹਰ ਮਾਰਨ ਲਈ ਵਿਖਾਵੇ ਲਈ ਝੁੱਗਾ ਚੌੜ ਕਰਨ ਵਾਲੀਆਂ ਵਸਤਾਂ ਦੀ ਨੁਮਾਇਸ਼, ਹੋਰਨਾਂ ਨੂੰ ਦੁਖੀ ਕਰਨ ਲਈ ਚੁਗਲੀਆਂ ਕਰਨ, ਚਵਲੀਆਂ/ਚਗਲੀਆਂ ਮਾਰਨ ਤੇ ਜੀਭ ਦੀਆਂ ਛੁਰੀਆਂ ਚਲਾਉਣ ਆਦਿ ਵਾਲੇ ਬਹੁਤ ਸਾਰੇ ਗ਼ਲਤ ਵਰਤਾਰਿਆਂ ਦੇ ਪੈਦਾ ਹੋਣ ਵਿੱਚ ਫੁਕਰੇਬਾਜ਼ੀ ਦਾ ਹੀ ਸਭ ਵੱਡਾ ਹੱਥ ਹੁੰਦਾ ਹੈ, ਜਿਸ ਨਾਲ ਅਸੱਭਿਅਕ ਸਮਾਜ ਸਿਰਜਣ ਦਾ ਮੁੱਢ ਬੱਝਦਾ ਹੈ।
ਸਾਦਗੀ ਨੂੰ ਛੱਡ ਕੇ ਚਮਕ-ਦਮਕ ਦੇ ਰਾਹੇ ਪੈਣਾ ਵੀ ਫੁਕਰੇਬਾਜ਼ੀ ਹੀ ਹੈ। ਵਿਆਹ ਸ਼ਾਦੀਆਂ ਜਾਂ ਹੋਰ ਰੀਤੀ ਰਿਵਾਜਾਂ ਵਿੱਚ ਨੱਕ ਨਮੂਜ ਰੱਖਣ ਲਈ ਕੀਤੇ ਜਾਂਦੇ ਲੈਣ ਦੇਣ ਦੀਆਂ ਚੋਚਲੇਬਾਜ਼ੀਆਂ, ਫੁਕਰੇਬਾਜ਼ੀਆਂ ਨੇ ਆਮ ਲੋਕ ਦਾ ਭਾਵੇਂ ਕਚੂਮਰ ਕੱਢਿਆ ਹੋਇਆ ਹੈ ਪਰ ਫਿਰ ਵੀ ਇਸ ਫੁਕਰੇਬਾਜ਼ੀ ਦਾ ਫਾਹਾ ਗਲੋਂ ਲਾਹੁਣ ਦੇ ਯਤਨ ਨਾ ਕਰਨੇ ਵੀ ਕਰਜ਼ਾਈ ਹੋਣ ਦਾ ਵੱਡਾ ਸਬੱਬ ਬਣਦੇ। ਜਦੋਂ ਹੱਕ ਹਲਾਲ ਦੀ ਕਮਾਈ ਨਾਲ ਫੁਕਰੇਬਾਜ਼ੀ ਦਾ ਢਿੱਡ ਨਹੀਂ ਭਰਦਾ ਤਾਂ ਬੇਈਮਾਨੀ, ਦੋ ਨੰਬਰ ਦੀ ਕਮਾਈ, ਭ੍ਰਿਸ਼ਟਾਚਾਰ, ਲੁੱਟਾਂ ਖੋਹਾਂ ਦਾ ਪ੍ਰਚਲਨ ਵਧਦਾ ਹੈ। ਬੱਚੇ ਦੇਸ਼ ਸਮਾਜ ਦਾ ਭਵਿੱਖ ਤੇ ਜਵਾਨੀ ਸਮਾਜ ਦਾ ਸ਼ੀਸ਼ਾ ਹੁੰਦੀ ਹੈ। ਇਸਦਾ ਫੁਕਰੇਬਾਜ਼ੀ ਦੇ ਟੇਟੇ ਚੜ੍ਹ ਕੇ ਕੁਰਾਹੇ ਪੈ ਜਾਣਾ ਅਤੇ ਸਮਾਜ ਦੇ ਮੂੰਹ ਮੁਹਾਂਦਰੇ ਨੂੰ ਵਿਗਾੜਨ ਦਾ ਵੱਡਾ ਸਬੱਬ ਬਣਨਾ ਸਾਡੇ ਸਮੇਂ ਦੀ ਇੱਕ ਵੱਡੀ ਤ੍ਰਾਸਦੀ ਬਣੀ ਹੋਈ ਹੈ।
ਅਖੌਤੀ ਮੀਡੀਏ ਦੀ ਫੁਕਰੇਬਾਜ਼ੀ ਦੀਆਂ ਬੇਥਵੀਆਂ ਉਰਲੀਆਂ-ਪਰਲੀਆਂ ਲੋਕਾਂ ਦੀ ਅਕਲ ਦਾ ਪੂਰਾ ਜਨਾਜ਼ਾ ਕੱਢ ਰਹੀਆਂ ਹਨ। ਫੁਕਰੀ ਇਸ਼ਤਿਹਾਰਬਾਜ਼ੀ ਦੀ ਚੱਲ ਰਹੀ ਹਨੇਰੀ ਵਿੱਚ ਅਕਲ ਨੂੰ ਹੱਥ ਮਾਰਨ ਦੀ ਥਾਂ ਸ਼ੀਸ਼ ਮਹਿਲ ਦੇ ਝਾਕੇ ਵਿੱਚ ਆਪਣੀ ਕੁੱਲੀ ਨੂੰ ਹੀ ਢਾਹੁਣ ਲਈ ਪਹਿਲ ਦਿੱਤੀ ਜਾ ਰਹੀ ਹੈ।
ਟਿੱਡੀਆਂ ਨੂੰ ਖੰਭ ਲਾਉਣ ਵਾਲੀਆਂ ਅਫਵਾਹਾਂ, ਐਡਿਟ ਤਕਨੀਕੀ ਨਾਲ ਹੋਰਾਂ ਦੇ ਚੀਰ ਹਰਨ ਕਰਨ, ਇੱਜ਼ਤ ਰੋਲਣ, ਕਿਰਦਾਰ ਕੁਸ਼ੀ ਕਰਨ ’ਤੇ ਚਰਿੱਤਰ ਉੱਤੇ ਚਿੱਕੜ ਉਛਾਲਣ ਵਾਲੀਆਂ ਤਰੋੜ ਮਰੋੜ ਕੇ ਫੋਟੋਆਂ, ਕੁਮੈਂਟਸ ਐਡਿਟ ਕਰਨ ਦੇ ਫੁਕਰੇਪਨ ਦਾ ਬਾਜ਼ਾਰ ਪੂਰਾ ਗਰਮ ਹੈ। ਨਾਲ ਨਾਲ ਹੀ ਅਸੱਭਿਅਕ ਭਾਸ਼ਾ (ਗਾਲੀ ਗਲੋਚ) ਦੇ ਫੁਕਰੇ ਬੋਲਬਾਲੇ ਦਾ ਧਮੱਚੜ (ਖਾਸ ਕਰਕੇ ਜੋ ਸੋਸ਼ਲ ਮੀਡੀਆ ਉੱਤੇ ਪੈ ਰਿਹਾ ਹੈ) ਤਾਂ ਮਾਨੋ ਜਰਵਾਣਿਆਂ ਵੱਲੋਂ ਉਧਾਲੀ ਜਾਂਦੀ ਇੱਜ਼ਤ ਨੂੰ ਛੁਡਵਾਉਣ ਵਾਲੇ ਸੂਰਮਗਤੀ ਦੇ ਸ਼ਾਨਾਮੱਤੇ ਕਿੱਸਿਆਂ ਨੂੰ ਮਿੱਟੀ ਵਿੱਚ ਰੋਲ ਰਿਹਾ ਹੈ। ਜਦੋਂ ਕਿਤੇ ਫੁਕਰਿਆਂ ਨੂੰ ਕਾਨੂੰਨੀ ਸ਼ਿਕੰਜੇ ਦਾ ਵਲ਼ ਵਲੇਵਾਂ ਪੈਂਦਾ ਤਾਂ ਫਿਰ ਨਾਨੀ ਨੂੰ ਚੇਤੇ ਕਰਦੇ ਹੋਏ ਅੱਖਾਂ ਵਿੱਚ ਘਸੁੰਨ ਦੇ ਕੇ ਜ਼ਾਰੋ ਜਾਰ ਰੋਂਦੇ ਵੀ ਦਿਖਾਈ ਦਿੰਦੇਹਨ। ਤੂਤੀ ਬਲਾਉਣ ਦੇ ਚੱਕਰ ਵਿੱਚ ਹਿ ਬਹੁਤ ਸਾਰੇ ਖੁਸ਼ੀ ਦੇ ਮੌਕਿਆਂ ’ਤੇ ਹੀ ਠਾਹ ਠਾਹ ਦੀ ਫੁਕਰੀ ਨਾਲ ਕਿਸੇ ਹਮਾਤੜ ਦੀ ਜਾਨ ਨਾਲ ਖੇਡ ਕੇ ਆਪ ਸਲੀਖਾਂ ਮਗਰ ਹੋ ਜਾਣਾ ਕਿਹੜੀ ਅਕਲਮੰਦੀ ਹੈ? ਪਰ ਫਿਰ ਵੀ ਇਹ ਸਭ ਕੁਝ ਵਾਪਰ ਰਿਹਾ ਹੈ।
ਆਪੂੰ ਬਣੇ ਰੱਬੀ ਦੂਤਾਂ, ਅਖੌਤੀ ਸਾਧ ਸੰਤਾਂ (ਫੁਕਰੇਬਾਜ਼ਾਂ) ਨੇ ਤਾਂ ਆਪਣੇ ਆਪਣੇ ਰੱਬਾਂ ਨੂੰ ਜੇਬਾਂ ਵਿੱਚ ਪਾ ਰੱਖਿਆ ਹੋਇਆ ਹੈ। ਫਿਰ ਮਰਜ਼ੀ ਨਾਲ ਫਰੇਬੀ ਖੇਡਾਂ ਕਰਦਿਆਂ ਉਨ੍ਹਾਂ ਵਿਚਾਰੇ ਰੱਬਾਂ ਤੋਂ ਕੰਮ ਕਰਵਾਉਣ ਦੇ ਫੁਕਰੇ ਦਾਵਿਆਂ, ਫੁਕਰੇ ਲਾਲਚ ਤੇ ਡਰਾਵਿਆਂ ਦੇ ਭਰਮ ਭੁਲੇਖਿਆਂ ਨਾਲ ਹੀ ਆਮ ਲੋਕਾਈ ਨੂੰ ਲੁੱਟਿਆ, ਠੱਗਿਆ ਤੇ ਇੱਜ਼ਤਾਂ ਨਾਲ ਖੇਡਿਆ ਜਾ ਰਿਹਾ ਹੈ।
ਵੋਟਾਂ ਬਟੋਰੂ ਸਿਆਸੀ ਫੁਕਰੇਬਾਜ਼ੀ ਦਾ ਵੀ ਕੋਈ ਸਾਨੀ ਨਹੀਂ। ਪਹਿਲਾਂ ਜਿਸ ਨੂੰ ਖੁਦ ਹੀ ਪਾਣੀ ਪੀ ਪੀ ਕੇ ਕੋਸਿਆ ਹੁੰਦਾ ਹੈ, ਫਿਰ ਉਸੇ ਦੇ ਹੀ ਖੰਭਾਂ ਹੇਠ ਸ਼ਰਣ ਲੈ ਲਈ ਜਾਂਦੀ ਹੈ। ਆਇਓ ਸਰਣਿ ਤੁਹਾਰੀ ਰਾਖੋ ਲਾਜ ਹਮਾਰੀ। ਲੋਕ ਜਾਂ ਦੇਸ਼ ਹਿਤਾਂ ਨੂੰ ਛਿੱਕੇ ਟੰਗ ਕੇ ਦੁਸ਼ਮਣਾਂ, ਵਿਰੋਧੀਆਂ ਨਾਲ ਹੀ ਅੰਦਰੋਂ ਗਿਟਮਿਟ ਰੱਖਣੀ, ਯਾਨੀ ਬੁੱਕਲ ਵਿੱਚ ਨਿੱਜੀ ਮੁਫਾਦਾਂ ਦਾ ਗੁੜ ਭੋਰੀ ਜਾਣਾ ਤੇ ਬਾਹਰੋਂ ਲੋਕਾਂ ਵਿੱਚ ਕਿਸੇ ਨਾ ਕਿਸੇ ਅਣਕਿਆਸੇ ਡਰ ਦਾ ਹਊਆ, ਫਿਰਕੂ ਦੀਵਾਰਾਂ ਖੜ੍ਹੀਆਂ ਕਰਕੇ ਨਫ਼ਰਤੀ ਜ਼ਹਿਰ ਫੈਲਾ ਕੇ ਦੁਸ਼ਮਣ, ਵਿਰੋਧੀ ਵੱਲ ਫੁਕਰੇ ਗੋਲੇ ਦਾਗੇ ਜਾਣ ਦੀ ਆਪਣੇ ਮੁਲਕਾਂ ਨਾਲ ਹੀ ਸਿਆਸੀ ਗਦਾਰੀ ਕਰਨੀ ਆਮ ਗੱਲ ਹੀ ਬਣ ਚੁੱਕੀ ਹੈ। ਵਧੇਰੇ ਕਰਕੇ ਸਿਆਸੀ ਗਦਾਰੀ ਦੀ ਇਹੀ ਸਿਉਂਕ ਹੀ ਅੱਜ ਲੋਕਤੰਤਰ ਨੂੰ ਖਾ ਰਹੀ ਹੈ।
ਵੱਖ ਵੱਖ ਘਿਨਾਉਣੇ ਅਪਰਾਧਾਂ ਵਿੱਚ ਫਸੇ ਸਿਆਸੀ, ਅਖੌਤੀ ਸਾਧ ਲਾਣੇ ਦੀ ਹੋਈ ਜ਼ਮਾਨਤ, ਪਰੋਲ, ਰਿਹਾਈ ਉੱਤੇ ਚੇਲੇ ਚਾਟੜਿਆਂ ਦੀ ਪੂਛਾਂ ਫੇਰੂ ਫੁਕਰੇਬਾਜ਼ੀਆਂ ਸਵੈਮਾਣ, ਆਸਥਾ ਨੂੰ ਕੱਖੋਂ ਹੌਲਾ ਕਰੀ ਜਾ ਰਹੀਆਂ ਹਨ। ਇਹ ਵੀ ਫੁਕਰੇਬਾਜ਼ੀ ਦੀ ਇੱਕ ਇੰਤਾਹ ਹੀ ਹੈ ਕਿ ਭਟਕਣਾ ਵਿੱਚ ਅੱਜਕਲ ਮਨੁੱਖਤਾ ਦੇ ਲਹੂ ਪੀਣਿਆਂ ਗੈਂਗਸਟਰਾਂ ਨੂੰ ਹੀ ਆਪਣਾ ਆਦਰਸ਼ ਮੰਨਿਆ ਜਾ ਰਿਹਾ ਹੈ? ਦੂਰ ਦੁਰਾਡਿਓਂ ਚੱਲ ਕੇ ਕੈਦਖਾਨਿਆਂ ਅੱਗੇ ਆਣ ਅਲਖ ਜਗਾਈ ਜਾਂਦੀ ਐ, ‘ਪਲੀਜ਼ ਸੈਲਫੀ! ਪਲੀਜ਼ ਸੈਲਫੀ!! ਨਹੀਂ ਤੋਂ ਹਮ ਮਰ ਜਾਸੀ।’ ਸਟੰਟ ਸੈਲਫੀਆਂ ਤਾਂ ਬਹੁਤ ਸਾਰਿਆਂ ਨੂੰ ਮੌਤ ਦੇ ਮੂੰਹ ਵਿੱਚ ਵੀ ਧੱਕ ਚੁੱਕੀਆਂ ਹਨ। ਸਮਝੋਂ ਬਾਹਰਾ ਹੈ ਕਿ ਫੁਕਰੇਬਾਜ਼ੀ ਦਾ ਕੋਝਾ ਰੁਝਾਨ ਸਮਾਜ ਨੂੰ ਕਿੱਧਰ ਲਿਜਾ ਰਿਹਾ ਹੈ:
'ਕੇਹੀ ਰੁੱਤ ਆਈ ਵੇ ਲੋਕਾ, ਖਿੜੀ ਬਹਾਰ ਮਰਝਾਈ ਵੇ ਲੋਕਾ। ... ਬਸੰਤ ਰੁੱਤ ਨੂੰ ਹੀ ਪਤਝੜ ਦਾ ਰੰਗ ਚੜ੍ਹੀ ਜਾ ਰਿਹਾ ਹੈ।
ਕੁਝ ਹੱਥ ਪੱਲੇ ਪਾਉਣ ਲਈ ਸਾਨੂੰ ਫੁਕਰੇਪਨ ਨੂੰ ਛੱਡ ਕੇ ਅਸਲੀਅਤ ਨੂੰ ਸਮਝਣਾ ਪਵੇਗਾ:
ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਸਿੰਬਲ਼ਾ ਤੂੰ ਮਾਣ ਨਾ ਕਰੀਂ।
ਭਾਵੇਂ ਕਿ ਹਰ ਮਨੁੱਖ ਦੀ ਤਮੰਨਾ ਹੁੰਦੀ ਹੈ ਕਿ ਉਸ ਦੀ ਵੱਖਰੀ ਪਹਿਚਾਣ ਬਣੇ ਪਰ ਜੋ ਲੋਕ ਪਹਿਲਾਂ ਚੰਗੀ ਸੋਚ, ਉੱਦਮ, ਮਿਹਨਤ ਨਾਲ ਯੋਗਤਾ ਅਤੇ ਤਜਰਬੇ ਪ੍ਰਾਪਤ ਕਰਦੇ ਹਨ, ਫਿਰ ਆਪਣੀ ਲਿਆਕਤ/ ਔਕਾਤ ਨਾਲ ਆਪਣੇ ਲਈ ਵੀ ਤੇ ਸਮਾਜ ਵਾਸਤੇ ਵੀ ਕੁਝ ਨਾ ਕੁਝ ਚੰਗਾ ਕਰਕੇ ਭੱਲ ਖੱਟਦੇ ਹਨ ਅਤੇ ਦੇਸ਼ ਦੁਨੀਆਂ ਵਿੱਚ ਆਪਣੇ ਨਾਮਣੇ ਕਮਾਉਂਦੇ ਹਨ। ਜ਼ਰਾ ਸੋਚੀਏ, ਇਹ ਨਾਮਣੇ ਐਵੇਂ ਨਹੀਂ ਮਿਲੇ ਹੁੰਦੇ ਸਗੋਂ ਸਾਲਾਂਬੱਧੀ ਕੀਤੀ ਸਾਰਥਿਕ ਘਾਲ-ਕਮਾਈ ਦਾ ਨਤੀਜਾ ਹੀ ਹੁੰਦੇ ਹਨ। ਇਨ੍ਹਾਂ ਮਾਣਮੱਤੇ ਲੋਕਾਂ ਦੇ ਕੰਮਾਂ ਵਿੱਚਲੀ ਅਸਲੀਅਤ ਦਾ ਰੰਗ ਹੀ ਆਲੇ ਦੁਆਲੇ ਨੂੰ ਮੌਲਣ ਦੇ ਸਮਰੱਥ ਹੁੰਦਾ ਹੈ:
'ਬਹੁੜੀਂ ਵੇ ਤਬੀਬਾ, ਫੁਕਰੇਬਜ਼ੀ ਤੋਂ ਬਚਾਈਂ ਵੇ ਤਬੀਬਾ,
ਅਸਲੀਅਤ ਸਮਝਾਈਂ ਵੇ ਤਬੀਬਾ।
ਮੰਦੀ ਸੋਚ ਦਿਲ ਵਿੱਚੋਂ ਮਿਟਾਈਂ ਵੇ ਤਬੀਬਾ,
ਚੰਗੇ ਕੰਮੀਂ ਲਵਾਈਂ ਵੇ ਤਬੀਬਾ,
ਮਿਹਨਤਾਂ ਦਾ ਰੰਗ ਚੜ੍ਹਾਈਂ ਵੇ ਤਬੀਬਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3910)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)