LakhwinderSRaiya7“ਪਰ ਇੱਕ ਤਾਂਘ ਸੀ, ਇੱਕ ਸਿੱਕ ਸੀ ਕਿ ਮੇਰੇ ਪੇਕਿਆਂ ਵਲੋਂ ਵੀ ਕੋਈ ਆਵੇ, ਜਿੱਥੋਂ ਦੀ ਮੈਂ ਜੰਮੀ ਪਲੀ ਆਂ, ਉੱਥੋਂ ਦੀ ਮਿੱਟੀ ...”
(17 ਮਾਰਚ 2023)
ਇਸ ਸਮੇਂ ਪਾਠਕ: 198.


ਇੱਕ
ਵਾਰ ਨਨਕਾਣਾ ਸਾਹਿਬ (ਪਾਕਿਸਤਾਨ) ਜਾਣ ਦਾ ਮੌਕਾ ਮਿਲਿਆ ਅਸੀਂ ਉਥੋਂ ਦੀਆਂ ਗਲੀਆਂ ਬਾਜ਼ਾਰਾਂ ਵਿਚ ਘੁੰਮ ਫਿਰ ਰਹੇ ਸਾਂ ਦੂਰ ਖੜ੍ਹੀ ਇੱਕ ਬਜ਼ੁਰਗ ਔਰਤ ਬੜੀ ਰੀਝ ਨਾਲ ਮੱਥੇ ’ਤੇ ਹੱਥ ਰੱਖ ਕੇ ਸਾਡੇ ਵਲ ਤੱਕ ਰਹੀ ਸੀ ਸਾਡੇ ਨੇੜੇ ਪੁੱਜਣ ’ਤੇਉਹ ਪੁੱਛਣ ਲੱਗੀ, “ਵੇ ਜਿਊਣ ਜੋਗਿਓ! ਓਧਰਲੇ ਪੰਜਾਬ ਤੋਂ ਕਿਹੜੇ ਇਲਾਕੇ ਤੋਂ ਆਉਣਾ ਕੀਤਾ ਜੇ?

ਜਦ ਅਸਾਂ ਆਪਣੇ ਪਿੰਡ ‘ਰੰਗੜਾਂ ਵਾਲਾ’ ਦੱਸਿਆ ਤਾਂ ਉਹ ਖੁਸ਼ੀ ਵਿੱਚ ਪਾਗ਼ਲ ਹੀ ਹੋ ਉੱਠੀ ਤੇ ਬਾਂਹਾਂ ਖਿਲਾਰ ਕੇ ਉਸ ਨੇ ਸਾਡਾ ਰਾਹ ਰੋਕ ਲਿਆਬੜੀ ਹੀ ਮੋਹ ਭਰੀ ਆਵਾਜ਼ ਵਿਚ ਆਖਣ ਲੱਗੀ, “ਵੇ ਹਮਸਾਇਓ! ਮਾਂ ਪਿਓ ਜਾਇਓ, ਮੈਂ ਤੁਹਾਡੀ ਭੂਆ ਲੱਗਦੀ ਆਂ, ਭੂਆ ਹੁਣ ਤੁਹਾਨੂੰ ਭੂਆ ਦੇ ਘਰ ਜਾਣਾ ਹੀ ਪਊ

ਅਸੀਂ ਠਠੰਬਰ ਕੇ ਸ਼ਸ਼ੋਪੰਜ ਵਿਚ ਪੈ ਗਏ ਕਿ ਇਹ ਸਾਡੀ ਭੂਆ ਕਿਹੜੇ ਸਾਕੋਂ ਲੱਗਦੀ ? ਪਰ ਉਹ ਮਮਤਾ ਭਰੇ ਹਾੜ੍ਹੇ ਕੱਢਦੀ ਤੇ ਡਿੰਗੋਰੀ ਸੰਭਾਲਦੀ ਹੋਈ ਸਾਡੇ ਅੱਗੇ ਅੱਗੇ ਲੱਗ ਤੁਰੀ ਅਸੀਂ ਵੀ ਜੱਕੋਤੱਕੀ ਵਿਚ ਉਸ ਦੇ ਪਿੱਛੇ ਪਿੱਛੇ ਤੁਰਦੇ ਉਸ ਦੇ ਘਰ ਪਹੁੰਚ ਗਏ ਘਰ ਦੀ ਸਰਦਲ ਟੱਪਦਿਆਂ ਹੀ ਉਹ ਨੂੰਹਾਂ ਪੁੱਤਾਂ ਤੇ ਪੋਤਰੇ ਪੋਤਰੀਆਂ ਨੂੰ ਆਖਣ ਲੱਗੀ, “ਵੇਖੋ, ਇਹ ਮੇਰੀ ਜੰਮਣ ਭੋਇੰ ਤੋਂ ਭਤੀਜੇ ਆਏ ਨੇ। ਤੁਸੀਂ ਚਾਹ ਪਾਣੀ ਨਾਲ ਏਨ੍ਹਾਂ ਦੀ ਖ਼ਿਦਮਤ ਕਰੋ ਤੇ ਮੈਂ ਇਨ੍ਹਾਂ ਕੋਲ ਬੈਠ ਕੇ ਆਪਣੇ ਪੇਕਿਆਂ ਦੀ ਸੁੱਖ ਸਾਂਦ ਪੁੱਛ ਲਵਾਂ

ਬੜੇ ਚਾਵਾਂ ਮਲਾਰਾਂ ਭਰੇ ਅਦਬ ਨਾਲ ਸਾਨੂੰ ਬਿਠਾ ਕੇ ਉਹ ਸਾਡੇ ਨਾਲ ਹੀ ਢੁੱਕ ਕੇ ਬੈਠ ਗਈ ਕੁਝ ਪਲ ਸੋਚਣ ਤੋਂ ਬਾਅਦ ਡੂੰਘਾ ਸਾਹ ਲੈਂਦਿਆਂ ਉਸ ਨੇ ਨਮ ਅੱਖਾਂ ਨਾਲ ਆਪਣੀਆਂ ਯਾਦਾਂ ਦੀ ਪਟਾਰੀ ਫਰੋਲਣੀ ਸ਼ੁਰੂ ਕੀਤੀ, “ਰੌਲਿਆਂ (ਸੰਨ ਸੰਤਾਲੀ ਦੇ ਦੰਗਿਆਂ) ਵੇਲੇ ਮੈਂ ਵਿਆਹੁਣ ਯੋਗ ਹੋ ਗਈ ਸਾਂ ਅੱਬੂ ਨੇ ਯੋਗ ਵਰ ਘਰ ਲੱਭ ਕੇ ਨਿਕਾਹ ਕਰ ਦਿੱਤਾ ਛੇਤੀ ਬਾਅਦ ਹੀ ਸਿਆਸੀ ਲੂੰਬੜਾਂ ਨੇ ਐਸੀ ਤੀਲੀ ਲਾਈ ਕਿ ਫ਼ਿਰਕੂ ਫ਼ਸਾਦਾਂ ਨੇ ਭਾਈਚਾਰਕ ਸਾਂਝ ਦੇ ਰੰਗਲੇ ਸਮੇਂ ਨੂੰ ਐਸਾ ਪੁੱਠਾ ਗੇੜਾ ਦਿੱਤਾ ... ਇਨਸਾਨਾਂ ਵਿਚ ਹੈਵਾਨੀਅਤ ਦਾ ਵਾਸਾ ਹੋ ਗਿਆ ਤੇ ਵੱਢ ਟੁੱਕ ਸ਼ੁਰੂ ...। ਭਰਾ ਹੀ ਭਰਾ ਦਾ ਕਾਤਲ ਬਣ ਗਿਆ ਧਰਮ ਦੀ ਆੜ ਵਿੱਚ ਮੌਤ ਦਾ ਅਜਿਹਾ ਤਾਂਡਵ ਨਾਚ ਹੋਣ ਲੱਗਾ ਕਿ ਧਰਤੀ ਦਾ ਚੱਪਾ ਚੱਪਾ ਬੇਦੋਸ਼ਿਆਂ ਦੇ ਲਹੂ ਨਾਲ ਲਾਲ ਸੁਰਖ ਰੰਗਿਆ ਜਾਣ ਲੱਗਾ। ‘ਅੱਲਾ ... ਤੋਬਾ ... ਅੱਲਾ’ ਕਰਦਿਆਂ ਉਸ ਨੇ ਆਪਣੇ ਹੱਥ ਜ਼ਮੀਨ ਨੂੰ ਛੂਹ ਕੇ ਕੰਨਾਂ ਨੂੰ ਜਾ ਲਾਏ

ਮੈਂ ਆਪਣੇ ਸਹੁਰਾ ਪਰਿਵਾਰ ਨਾਲ ਕਿਸੇ ਨਾ ਕਿਸੇ ਤਰ੍ਹਾਂ ਬਚ ਕੇ ਏਧਰ ਗਈ ਪਰ ਮੇਰੇ ਪੇਕੇ ਪਰਵਾਰ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਕਿ ਉਹ ਆਰ ਕਿ ਪਾਰ ਉਸ ਪਰਵਾਰ ਦਾ ਕੋਈ ਵਾਰਸ ਜਿਊਂਦਾ ਵੀ ਜਾਂ ਸਭ ਅੱਲਾ ਨੂੰ ਪਿਆਰ ਹੋ ਚੁੱਕੇ ਐ, ਇਹ ਤਾਂ ਅੱਲਾ ਹੀ ਜਾਣਦੈ? ਮੈਂਨੂੰ ਉਨ੍ਹਾਂ ਦੀ ਅਜੇ ਵੀ ਉਡੀਕ ... ਸ਼ਾਇਦ ਉਹ ਨਹੀਂ ਪਰਤਣਗੇ ...” ਇਹ ਆਖਦਿਆਂ ਉਸ ਨੇ ਲੰਮਾ ਹਟਕੋਰਾ ਲਿਆ

“ਪਰ ... ਪਰ ਇੱਕ ਤਾਂਘ ਸੀ, ਇੱਕ ਸਿੱਕਸੀ ਕਿਮੇਰੇ ਪੇਕਿਆਂ ਵਲੋਂ ਵੀ ਕੋਈ ਆਵੇ, ਜਿੱਥੋਂ ਦੀ ਮੈਂ ਜੰਮੀ ਪਲੀ ਆਂ, ਉੱਥੋਂ ਦੀ ਮਿੱਟੀ ਦੀ ਧੂੜ, ਆਬੋ ਹਵਾ ਦੀ ਖੁਸ਼ਬੂਈ ਨਾਲ ਮੇਰੇ ਇਸ ਘਰ ਬਾਹਰ ਨੂੰ ਪਾਕ ਪਵਿੱਤਰ ਕਰ ਕੇ ਮੇਰੀ ਰੂਹ ਨੂੰ ਸਰਸ਼ਾਰ ਕਰ ਦਏ ਤੇ ਮੇਰਾ ਫੌਤ ਹੋਣਾ ਅਸਾਨ ਹੋ ਸਕੇ ਉੱਧਰੋਂ (ਚੜ੍ਹਦੇ ਪੰਜਾਬ) ਵੱਲੋਂ ਹਰ ਵਾਰ ਆਉਂਦਿਆਂ ਜਾਂਦਿਆਂ ਨੂੰ ਪੁੱਛ ਗਿੱਛ ਕੇ ਹਾਰ ਹੰਭ ਚੁੱਕੀ ਸਾਂ ਪਰ ਅਜੇ ਤੱਕ ਮੇਰੇ ਪੇਕਿਆਂ ਦੀ ਮਿੱਟੀ ਦੀ ਖੁਸ਼ਬੂਈ ਦੇਣ ਵਾਲਾ ਕੋਈ ਨਹੀਂ ਸੀ ਬਹੁੜਿਆ ਮਨ ਵਿਚ ਡੋਬੂ ਜਿਹੇ ਪੈਣ ਲੱਗ ਪਏ ਸਨ ਕਿ ਹੁਣ ਪੇਕਿਆਂ ਦੇ ਮਿਲਾਪ ਦੀ ਤਮੰਨਾ ਦਿਲ ਵਿਚ ਲੈ ਕੇ ਹੀ ਫੌਤ ਹੋਊਂ ... ਪਰ ... ਤੁਸਾਂ ਤਾਂ ਮੇਰੀ ਤੱਤੜੀ ਦੇ ਪੇਕਿਆਂ ਦਾ ਨਾਓਂ ‘ਰੰਗੜਾਂ ਵਾਲਾ’ ਲੈ ਕੇ ਬਿਰਹੋਂ ਦੀ ਅੱਗ ਨਾਲ ਮੱਚ ਰਹੇ ਕਾਲਜੇ ਨੂੰ ਠੰਢਾ ਠਾਰ ਕਰ ਦਿੱਤਾ ਜੇ ਇੰਜ ਲੱਗਣ ਲੱਗ ਪਿਆ ਕਿ ਜਿਵੇਂ ਕਿ ਚਿਰੇ ਵਿਛੁੰਨੜੇ ਮੇਰੇ ਮਾਪੇ ਜਾਨੀ ਮੇਰਾ ਪੇਕਾ ਪਰਵਾਰ ਹੀ ਮਿਲ ਪਿਆ ਹੋਵੇ ਤੁਸੀਂ ਵੀ ਉਸੇ ਭੋਇੰ ਦੇ ਜੰਮਪਲ ਓਂ,ਜਿੱਥੋਂ ਦੀ ਮੈਂ ਆਂ।” ਇਹ ਆਖਦਿਆਂ ਸਾਨੂੰ ਵਾਰੀ ਘੁੱਟ ਘੁੱਟ ਕੇ ਗਲਵਕੜੀਆਂ ਪਾਉਂਦੀ ਹੋਈ ਕਈ ਹੋਰ ਵੀ ਦਰਦਮੰਦਾਂ ਦੀਆਂ ਆਹਾਂ (ਨਿੱਕੀਆਂ ਨਿੱਕੀਆਂ ਗੱਲਾਂ) ਛੇੜ ਕੇ ਆਪਣਾ ਮਨ ਹੌਲਾ ਕਰਦੀ ਗਈ ਉਸ ਵਲੋਂ ਸੁਣਾਈਆਂ ਗਈਆਂ ਇਹ ਰਾਮ ਕਹਾਣੀਆਂ ਸਾਡੇ ਵੱਡੇ ਵਡੇਰਿਆਂ ਵਲੋਂ ਸੁਣਾਈਆਂ ਗਈਆਂ ਪੰਜਾਬ ਵੰਡ ਵੇਲਿਆਂ ਦੀਆਂ ਦੁਖਾਂਤਕ ਵੇਦਨਾ ਭਰਪੂਰ ਕਥਾ ਕਹਾਣੀਆਂ ਨਾਲ ਪੂਰੀਆਂ ਮੇਲ ਖਾ ਰਹੀਆਂ ਸਨ

ਸਾਡੇ ਪਿਓ ਦਾਦਿਆਂ ਨੂੰ ਭਾਊ ਮੂਲਾ ਸਿੰਘ, ਭਾਊ ਸੋਹਣ ਸਿੰਘਭਾਊ ਤੇਜਾ ਸਿੰਘ, ਭਾਊ ਬਚਨ ਸਿੰਘ ਤੇ ਭਾਊ ਮਹਿਲ ਸਿੰਘ ਦੇ ਨਾਮ ਲੈ ਕੇ ਭਰਾਵਾਂ ਅਤੇ ਮਾਵਾਂ ਮਹਿਤਾਬ ਕੌਰ, ਧੰਨ ਕੌਰ, ਤੇਜ਼ ਕੌਰ ਸਵਰਨ ਕੌਰ ਆਦਿ ਨਾਲ ਭਰਜਾਈਆਂ ਵਾਲੇ ਮਾਣੇ ਰਿਸ਼ਤੇ ਅਤੇ ਭਲੇ ਵੇਲਿਆਂ ਨੂੰ ਭਰੇ ਮਨ ਨਾਲ ਯਾਦ ਕਰਦਿਆਂ ਉਹ ਕਹਿਣ ਲੱਗੀ, “ਉਨ੍ਹਾਂ ਵੇਲਿਆਂ ਵਿਚ ਆਪਸੀ ਧਰਮਾਂ ਪ੍ਰਤੀ ਕੋਈ ਵੀ ਮੇਰ ਤੇਰ ਨਹੀਂ ਸੀ ਸਭ ਇੱਕ ਦੂਜੇ ਦੇ ਦੁੱਖ ਸੁਖ ਅਤੇ ਇੱਜਤਾਂ ਦੇ ਭਾਈਵਾਲ ਸਨ ਬਹੁਤੇ ਰੀਤੀ ਰਿਵਾਜ ਵੀ ਇਕੱਠੇ ਹੀ ਸਨ ਕੰਮ ਧੰਦਿਆਂ ਵਿੱਚ ਵੀ ਆਪਸੀ ਪੂਰੀ ਸਾਂਝ ਸੀ ਤੇ ਇੱਕ ਦੂਜੇ ਦੇ ਕੰਮ ਆਉਣ ਨੂੰ ਪਹਿਲ ਦਿੰਦੇ ਸਨ” ਇਸ ਤਰ੍ਹਾਂ ਮਨ ਦਾ ਗੁੱਭ ਗੁਭਾਟ ਕੱਢਦਿਆਂ ਉਹ ਕਾਫੀ ਸਹਿਜ ਹੋ ਗਈ

ਏਨੇ ਚਿਰ ਨੂੰ ਉਸ ਦੀ ਨੂੰਹ ਚਾਹ ਪਾਣੀ ਲੈਣ ਆਈ ਤੇ ਉਸ ਨੇ ਆਪਣੀ ਹੱਥੀਂ ਚਾਈਂ ਚਾਈਂ ਇੰਜ ਚਾਹ ਵਰਤਾਈ ਜਿਵੇਂ ਉਸ ਦੇ ਮਨ ਤੋਂ ਵਿਛੋੜੇ ਦੇ ਸੱਲ ਦਾ ਮਣਾਂ ਮੂੰਹੀਂ ਦਾ ਬੋਝ ਲਹਿ ਗਿਆ ਹੋਵੇ ਤੇ ਫਿਰ ਉਸ ਨੇ ਭੂਆ ਵਾਲੀ ਚਾਵਾਂ ਵਾਲੀ ਮਮਤਾ ਭਰੀ ਵਿਦਾਇਗੀ ਦੇ ਕੇ ਸਾਨੂੰ ਤੋਰਿਆ ਤੇ ਬੂਹੇ ਦੀ ਸਰਦਲ ਵਿਚ ਖਲੋ ਕੇ ਉਹ ਸਾਨੂੰ ਦੂਸਰੀ ਗਲੀ ਦਾ ਮੋੜ ਕੱਟਣ ਜਾਨੀ ਨਜ਼ਰਾਂ ਤੋਂ ਉਹਲੇ ਹੋਣ ਤੱਕ ਨਿਹਾਰਦੀ ਰਹੀ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3855)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਲਖਵਿੰਦਰ ਸਿੰਘ ਰਈਆ

ਲਖਵਿੰਦਰ ਸਿੰਘ ਰਈਆ

Phone: (91 - 98764 - 74858)
Email (lakhwinderhaviliana@yahoo.com)