“ਮੈਨੂੰ ਤਾਂ ਸਬਕ ਮਿਲ ਗਿਆ ਕਿ ਗੱਡੀ ਹਮੇਸ਼ਾ ਹੀ ਪਾਰਕਿੰਗ ਵਾਲੀ ਥਾਂ ’ਤੇ ਲਾਉਣੀ ਚਾਹੀਦੀ ਹੈ, ਐਵੇਂ ਵੀਹ ਪੰਜਾਹ ...”
(15 ਨਵੰਬਰ 2024)
ਅਣਗਹਿਲੀ ਹਮੇਸ਼ਾ ਹੀ ਨੁਕਸਾਨ ਕਰਦੀ ਹੈ। ਅਣਗਹਿਲੀ ਅਤੇ ਗਲਤੀ ਦੋਵਾਂ ਦਾ ਇੱਕ ਹੀ ਰੂਪ ਹੈ। ਕੁਝ ਲੋਕ ਗਲਤੀ ਜਾਣ-ਬੁੱਝ ਕੇ ਕਰਦੇ ਹਨ ਅਤੇ ਕੁਝ ਅਣਜਾਣੇ ਵਿੱਚ ਕਰਦੇ ਹਨ। ਅਣਗਹਿਲੀ ਕਾਰਨ ਜੋ ਨੁਕਸਾਨ ਹੁੰਦਾ ਹੈ, ਉਹ ਕਈ ਵਾਰ ਤਾਂ ਭਰਨ ਯੋਗ ਹੁੰਦਾ ਹੈ ਅਤੇ ਕਈ ਵਾਰ ਨਾ ਪੂਰਾ ਕੀਤਾ ਜਾਣ ਵਾਲਾ ਘਾਟਾ ਹੁੰਦਾ ਹੈ। ਕੁਝ ਲੋਕ ਪਤਾ ਹੋਣ ਦੇ ਬਾਵਜੂਦ ਵੀ ਵਾਰ-ਵਾਰ ਅਣਗਹਿਲੀ ਕਰਦੇ ਹਨ ਅਤੇ ਬਾਅਦ ਵਿੱਚ ਪਛਤਾਉਂਦੇ ਵੀ ਹਨ। ਅਣਗਹਿਲੀ ਜਾਂ ਗਲਤੀ ਨਾਲ ਬਹੁਤ ਸਾਰੇ ਲੋਕ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਅੱਜ ਕੱਲ੍ਹ ਭੱਜ-ਦੌੜ ਦੀ ਜ਼ਿੰਦਗੀ ਵਿੱਚ ਹਰ ਕੋਈ ਆਸਾਨੀ ਨਾਲ ਹੀ ਅਣਗਹਿਲੀ ਦਾ ਸ਼ਿਕਾਰ ਹੋ ਜਾਂਦਾ ਹੈ। ਮਨੁੱਖ ਦੀ ਆਦਤ ਹੈ ਕਿ ਉਹ ਗਲਤੀ ਕਰਕੇ ਮੰਨਦਾ ਨਹੀਂ, ਸਗੋਂ ਦੂਸਰਿਆਂ ਨੂੰ ਦੋਸ਼ੀ ਠਹਿਰਾਉਣ ਲਈ ਕਈ ਤਰ੍ਹਾਂ ਦੀਆਂ ਚਾਲਾਂ ਚੱਲਦਾ ਹੈ।
ਪਿਛਲੇ ਮਹੀਨੇ ਦੀ ਗੱਲ ਹੈ ਕਿ ਮੇਰੇ ਇੱਕ ਦੋਸਤ ਦਾ ਬੇਟਾ ਪੀ ਜੀ ਆਈ ਵਿਖੇ ਦਾਖਲ ਸੀ। ਉਸਦੇ ਦਿਮਾਗ ਦਾ ਅਪ੍ਰੇਸ਼ਨ ਹੋਇਆ ਸੀ। ਮੇਰੇ ਦੋਸਤ ਨੇ ਮੈਨੂੰ ਮਦਦ ਲਈ ਫੋਨ ਕੀਤਾ ਤਾਂ ਮੈਂ ਤੁਰੰਤ ਗੱਡੀ ਲੈ ਕੇ ਪੀ ਜੀ ਆਈ ਪਹੁੰਚ ਗਿਆ। ਮੈਂ ਗੱਡੀ ਨੂੰ ਪਾਰਕਿੰਗ ਵਿੱਚ ਲਾਉਣ ਦੀ ਬਜਾਏ ਅਤੇ ਮਹਿਜ਼ ਸਿਰਫ਼ 15-20 ਰੁਪਏ ਬਚਾਉਣ ਲਈ ਬਾਹਰ ਸੜਕ ’ਤੇ ਹੀ ਇੱਕ ਸਾਇਡ ’ਤੇ ਲਾ ਦਿੱਤਾ ਕਿਉਂਕਿ ਉੱਥੇ ਹੋਰ ਵੀ ਗੱਡੀਆਂ ਖੜ੍ਹੀਆਂ ਸਨ। ਮੈਂ ਗੱਡੀ ਵਿੱਚੋਂ ਸਮਾਨ ਚੁੱਕ ਕੇ ਸਿੱਧਾ ਨਿਊਰੋ ਸਰਜਰੀ ਵਾਰਡ ਚਲਾ ਗਿਆ। ਉੱਥੇ ਮਰੀਜ਼ ਦਾ ਹਾਲ-ਚਾਲ ਜਾਣਿਆ। ਮਰੀਜ਼ ਦੀ ਹਾਲਤ ਕਾਫ਼ੀ ਗੰਭੀਰ ਸੀ। ਉਸ ਨੂੰ ਬਣਾਉਟੀ ਸਾਹ ਦੇਣ ਲਈ ਮੇਰੀ ਡਿਊਟੀ ਲਗਾਈ ਗਈ। ਦੋ ਤਿੰਨ ਘੰਟੇ ਮੈਂ ਲਗਾਤਾਰ ਸਾਹ ਦਿੰਦਾ ਰਿਹਾ। ਉਸ ਤੋਂ ਬਾਅਦ ਮੇਰੇ ਦੋਸਤ ਨੇ ਡਿਊਟੀ ਸੰਭਾਲ ਲਈ। ਮੈਂ ਜਦੋਂ ਵਾਪਸ ਗੱਡੀ ਕੋਲ ਆਇਆ ਤਾਂ ਗੱਡੀ ਗਾਇਬ ਸੀ। ਮੇਰੇ ਹੋਸ਼ ਉਡ ਗਏ। ਮੈਨੂੰ ਲੱਗਿਆ ਜਿਵੇਂ ਮੈਨੂੰ ਵੀ ਬਣਾਉਟੀ ਸਾਹ ਦੀ ਲੋੜ ਹੋਵੇ। ਮੈਂ ਆਸੇ ਪਾਸੇ ਪਤਾ ਕੀਤਾ ਤਾਂ ਇੱਕ ਡਿਊਟੀ ਵਾਲੇ ਨੇ ਦੱਸਿਆ ਕਿ ਤੁਹਾਡੀ ਗੱਡੀ ਨੂੰ ਟ੍ਰੈਫਿਕ ਇਨਫੋਰਸਮੈਂਟ ਪੁਲਿਸ ਵਾਲੇ ਚੁੱਕ ਕੇ ਲੈ ਗਏ ਹਨ। ਔਹ ਸਾਹਮਣੇ ਅੰਦਰ ਹੀ ਉਹਨਾਂ ਦਾ ਦਫਤਰ ਹੈ, ਤੁਸੀਂ ਜਾ ਕੇ ਪਤਾ ਕਰ ਲਵੋ। ਉਸਦੀ ਗੱਲ ਸੁਣਕੇ ਮੈਨੂੰ ਲੱਗਾ ਜਿਵੇਂ ਮੈਂ ਆਈ ਸੀ ਯੂ ਵਿੱਚੋਂ ਬਾਹਰ ਆ ਗਿਆ ਹੋਵਾਂ।
ਮੈਂ ਤੁਰੰਤ ਇਨਫੋਰਸਮੈਂਟ ਦਫਤਰ ਪਹੁੰਚਿਆ ਅਤੇ ਆਪਣੀ ਗੱਡੀ ਸਾਹਮਣੇ ਖੜ੍ਹੀ ਦੇਖ ਖੁਸ਼ ਹੋ ਗਿਆ। ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਗੱਡੀ ਦੇਣ ਲਈ ਬੇਨਤੀ ਕੀਤੀ। ਪਹਿਲਾਂ ਮਰੀਜ਼ ਦੀ ਗੰਭੀਰ ਹਾਲਤ ਅਤੇ ਫਿਰ ਨਾਸਮਝੀ ਦਾ ਵਾਸਤਾ ਪਾਇਆ। ਜਦੋਂ ਉਨ੍ਹਾਂ ਨਾ ਮੰਨੀ ਤਾਂ ਫਿਰ ਸਰਕਾਰਾਂ ਦੁਆਰਾ ਲੋਕਾਂ ਨੂੰ ਤੰਗ ਅਤੇ ਲੁੱਟ ਕਰਨ ਦਾ ਰੌਲਾ ਪਾਇਆ ਪਰ ਉਨ੍ਹਾਂ ਨੇ ਮੇਰੀ ਇੱਕ ਨਾ ਮੰਨੀ। ਅਖੀਰ ਉਹਨਾਂ ਨੇ ਮੈਨੂੰ ਗਲਤੀ ਦਾ ਅਹਿਸਾਸ ਵੀ ਕਰਵਾਇਆ ਅਤੇ ਜੁਰਮਾਨੇ ਵਜੋਂ ਪੰਜ-ਸੌ ਰੁਪਏ ਵਸੂਲ ਕੇ ਗੱਡੀ ਦੇ ਦਿੱਤੀ।
ਪਿਛਲੇ ਹਫ਼ਤੇ ਇੱਕ ਹੋਰ ਘਟਨਾ ਵਾਪਰੀ, ਮੈਨੂੰ ਖਾਸ ਜਿਗਰੀ ਦੋਸਤ ਦਾ ਫੋਨ ਆਇਆ ਤੇ ਉਹ ਕਹਿਣ ਲੱਗਿਆ, “ਭਰਾਵਾ, ਮੇਰੀ ਹਾਲਤ ਬਹੁਤ ਤਰਸਯੋਗ ਹੈ। ਸ਼ਾਇਦ ਤੈਨੂੰ ਪਤਾ ਨਹੀਂ ਹੋਣਾ, ਮੇਰਾ ਪਿਛਲੇ ਮਹੀਨੇ ਐਕਸੀਡੈਂਟ ਹੋ ਗਿਆ ਸੀ, ਮੇਰੀ ਲੱਤ ਟੁੱਟ ਗਈ ਸੀ। ਮਲਟੀਪਲ ਫਰੈਕਚਰ ਹੋਣ ਕਾਰਨ ਮੈਂ ਡੀ ਐੱਮ ਸੀ ਲੁਧਿਆਣਾ ਤੋਂ ਅਪ੍ਰੇਸ਼ਨ ਵੀ ਕਰਵਾ ਲਿਆ। ਪਰ ਹੁਣ ਡਾਕਟਰ ਤੋਂ ਦੁਬਾਰਾ ਚੈੱਕਅਪ ਕਰਵਾਉਣਾ ਹੈ। ਬਾਈ ਬਣਕੇ ਤੂੰ ਮੇਰੀ ਮਦਦ ਕਰ, ਆਪਣੀ ਗੱਡੀ ਲੈਕੇ ਚੱਲ। ਡਾਕਟਰ ਤੋਂ ਵਾਰੀ ਲੈ ਲਈ ਹੈ। ਐਤਵਾਰ ਨੂੰ ਸਵੇਰੇ ਜਲਦੀ ਚੱਲਣਾ ਹੈ।”
ਮੈਂ ਦੋਸਤ ਦੀ ਮੁਸੀਬਤ ਨੂੰ ਸਮਝਦਿਆਂ ਹਾਂ ਕਹਿ ਦਿੱਤੀ ਤੇ ਸਵੇਰੇ 6 ਵਜੇ ਇੱਕ ਹੋਰ ਮਿੱਤਰ ਨੂੰ ਨਾਲ ਬਿਠਾ ਗੱਡੀ ਉਸਦੇ ਬੂਹੇ ਅੱਗੇ ਲਾ ਦਿੱਤੀ। ਅਸੀਂ ਦੋ ਤਿੰਨ ਜਣਿਆਂ ਨੇ ਉਸ ਨੂੰ ਚੁੱਕ ਕੇ ਗੱਡੀ ਵਿੱਚ ਬਿਠਾਇਆ ਤੇ ਠੀਕ 9 ਵਜੇ ਲੁਧਿਆਣੇ ਡਾਕਟਰ ਦੇ ਬੂਹੇ ਅੱਗੇ ਪਹੁੰਚ ਗਏ। ਮਰੀਜ਼ ਨੂੰ ਉਤਾਰ ਕੇ ਮੈਂ ਗੱਡੀ ਪਾਰਕਿੰਗ ਵਿੱਚ ਲਾਉਣ ਦੀ ਬਜਾਏ ਪਿੱਛੇ ਗਲੀ ਵਿੱਚ ਲਗਾ ਦਿੱਤੀ। ਇਸ ਵਾਰ ਮੈਨੂੰ ਪਤਾ ਸੀ ਕਿ ਪਾਰਕਿੰਗ ਫੀਸ 70 ਰੁਪਏ ਹੈ ਪਰ ਮੈਂ ਪੈਸੇ ਬਚਾਉਣ ਲਈ ਹੀ ਗੱਡੀ ਨੂੰ ਪਿੱਛੇ ਗਲੀ ਵਿੱਚ ਲਾ ਦਿੱਤਾ ਕਿਉਂਕਿ ਉੱਥੇ ਹੋਰ ਵੀ ਗੱਡੀਆਂ ਖੜ੍ਹੀਆਂ ਸਨ। ਮੈਂ ਗੱਡੀ ਲੌਕ ਕਰਕੇ ਆਪਣੇ ਮਰੀਜ਼ ਮਿੱਤਰ ਕੋਲ ਚਲਾ ਗਿਆ। ਅੱਗੋਂ ਉਹ ਕਹਿਣ ਲੱਗਿਆ, “ਭਰਾਵਾ, ਡਾਕਟਰ ਦੇ ਚੈੱਕਅਪ, ਪੱਟੀ ਕਰਨ ਅਤੇ ਟੈਸਟਾਂ ’ਤੇ ਤਿੰਨ ਕੁ ਘੰਟੇ ਲੱਗ ਜਾਣਗੇ, ਉੰਨਾ ਚਿਰ ਤੁਸੀਂ ਕਿਤੇ ਘੁੰਮ ਫਿਰ ਆਉ।”
ਮੈਂ ਤੇ ਮੇਰੇ ਸਾਥੀ ਨੇ ਰਾਇ ਬਣਾਈ ਕਿ ਆਪਾਂ ਘੰਟਾ ਘਰ ਚੌਂਕ ਚੱਲਦੇ ਹਾਂ। ਉੱਥੋਂ ਕੋਈ ਸਸਤਾ ਸਮਾਨ ਖਰੀਦ ਲਿਆਵਾਂਗੇ। ਭੀੜ ਭੜੱਕੇ ਤੋਂ ਬਚਣ ਲਈ ਅਸੀਂ ਆਪਣੀ ਗੱਡੀ ਦੀ ਬਜਾਏ ਥ੍ਰੀ-ਵੀਲਰ ’ਤੇ ਚੜ੍ਹਕੇ ਘੰਟਾ ਘਰ ਚੌਂਕ ਪਹੁੰਚ ਗਏ। ਉੱਥੋਂ ਪੰਜ-ਸੱਤ ਸੌ ਦਾ ਸਸਤਾ ਸਮਾਨ ਖਰੀਦ ਖੁਸ਼ ਹੋ ਗਏ। ਜਦੋਂ ਅਸੀਂ ਵਾਪਸ ਆਕੇ ਗੱਡੀ ਵਾਲੀ ਥਾਂ ’ਤੇ ਪਹੁੰਚੇ ਤਾਂ ਗੱਡੀ ਗਾਇਬ ਸੀ। ਮੈਨੂੰ ਇੱਕ ਦਮ ਘਬਰਾਹਟ ਹੋਈ ਤੇ ਮਹਿਸੂਸ ਹੋਇਆ ਬਈ ਗੱਡੀ ਤਾਂ ਗਈ। ਆਸੇ-ਪਾਸੇ ਪੁੱਛਿਆ ਤੇ ਫਿਰ ਜਿਸ ਘਰ ਅੱਗੇ ਗੱਡੀ ਖੜ੍ਹੀ ਕੀਤੀ ਸੀ, ਉਸ ਮਕਾਨ ਮਾਲਕ ਨੇ ਦੱਸਿਆ ਕਿ ਤੁਹਾਡੀ ਗੱਡੀ ਤਾਂ ਇਨਫੋਰਸਮੈਂਟ ਪੁਲਿਸ ਵਾਲੇ ਲੈ ਗਏ ਹਨ। ਇਸ ਵਾਰ ਇਹ ਦਫਤਰ ਪੰਜ ਕਿਲੋਮੀਟਰ ਦੂਰ ਸੀ। ਥ੍ਰੀ-ਵੀਲਰ ਲਿਆ ਤੇ ਪੁੱਛਦੇ-ਪੁਛਾਉਂਦੇ ਹੋਏ ਉੱਥੇ ਪਹੁੰਚ ਗਏ। ਅੱਗੋਂ ਦਫਤਰ ਵਾਲਿਆਂ ਦੱਸਿਆ ਕਿ ਤੁਸੀਂ ਗਲਤ ਥਾਂ ਗੱਡੀ ਲਗਾਈ ਸੀ। ਮਕਾਨ ਮਾਲਕ ਵੱਲੋਂ ਤੁਹਾਡੀ ਸ਼ਿਕਾਇਤ ਕੀਤੀ ਗਈ ਹੈ। ਅਸੀਂ ਉਹਨਾਂ ਕੋਲ ਬਹੁਤ ਬਹੁੜੀ ਪਾਈ। ਪਹਿਲਾਂ ਮਰੀਜ਼ ਦੀ ਹਾਲਤ ਦਾ ਵਾਸਤਾ ਵੀ ਪਾਇਆ ਫਿਰ ਆਪਣੇ-ਆਪ ਨੂੰ ਅਣਜਾਣ ਹੋਣ ਦਾ ਤੇ ਫਿਰ ਗਰੀਬ ਹੋਣ ਦਾ ਅਤੇ ਫਿਰ ਸਰਕਾਰਾਂ ਦੀ ਲੁੱਟ ਦਾ ਰੌਲਾ ਪਾਇਆ। ਆਪਣੀ ਗਲਤੀ ਨੂੰ ਮੰਨਣ ਦੀ ਬਜਾਏ ਜੋ ਕੁਝ ਵੀ ਬੋਲਿਆ ਗਿਆ ਅਸੀਂ ਬੋਲੇ। ਪਰ ਉਨ੍ਹਾਂ ਸਾਨੂੰ 1500 ਰੁਪਏ ਜੁਰਮਾਨਾ ਠੋਕ ਦਿੱਤਾ।
ਆਖਿਰ ਘੰਟੇ ਦੀ ਬਹਿਸ ਤੋਂ ਬਾਅਦ ਬੜੇ ਦੁਖੀ ਮਨ ਨਾਲ ਜੁਰਮਾਨਾ ਭਰਿਆ। ਆਪਣੀ ਗੱਡੀ ਲਈ, ਮਰੀਜ਼ ਨੂੰ ਵਿੱਚ ਬਿਠਾਇਆ ਤੇ ਵਾਪਸ ਚੱਲ ਪਏ। ਸਾਰੇ ਹੀ ਰਸਤੇ ਅਣਗਹਿਲੀ ਅਤੇ ਜੁਰਮਾਨੇ ਦੀਆਂ ਗੱਲਾਂ ਕਰਦੇ ਰਹੇ। ਅਖੀਰ ਮੈਂ ਇਹੋ ਸਿੱਟਾ ਕੱਢਿਆ ਕਿ ਸਿਰਫ਼ ਮੈਂ ਹੀ ਨਹੀਂ ਸਗੋਂ ਹੋਰ ਪਤਾ ਨਹੀਂ ਕਿੰਨੇ ਕੁ ਲੋਕ ਅਣਗਹਿਲੀ ਜਾਂ ਜਾਣਬੁੱਝ ਕੇ ਗਲਤੀ ਕਰਦੇ ਹੋਣਗੇ, ਜੁਰਮਾਨੇ ਵੀ ਭਰਦੇ ਹੋਣਗੇ? ਪਰ ਇਨਸਾਨ ਦੂਸਰਿਆਂ ਵਿੱਚ ਨੁਕਸ ਕੱਢਣ ਦੀ ਬਜਾਏ ਜੇਕਰ ਆਪਣੇ ਆਪ ਨੂੰ ਠੀਕ ਕਰ ਲਵੇ ਤਾਂ ਪ੍ਰੇਸ਼ਾਨੀ ਤੋਂ ਬਚ ਸਕਦਾ ਹੈ। ਮੈਨੂੰ ਤਾਂ ਸਬਕ ਮਿਲ ਗਿਆ ਕਿ ਗੱਡੀ ਹਮੇਸ਼ਾ ਹੀ ਪਾਰਕਿੰਗ ਵਾਲੀ ਥਾਂ ’ਤੇ ਲਾਉਣੀ ਚਾਹੀਦੀ ਹੈ, ਐਵੇਂ ਵੀਹ ਪੰਜਾਹ ਰੁਪਏ ਪਿੱਛੇ ਰਿਸਕ ਨਹੀਂ ਲੈਣਾ ਚਾਹੀਦਾ। ਮੇਰੇ ਗਲਤ ਥਾਂ ’ਤੇ ਗੱਡੀ ਲਾਉਣ ਕਾਰਨ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਹੋਵੇਗੀ? ਮੈਨੂੰ ਮਹਿਸੂਸ ਹੋਇਆ ਕਿ ਸਿਰਫ਼ ਕੇਵਲ ਦਸ-ਵੀਹ ਰੁਪਏ ਦੇਣ ਨਾਲ ਤੁਸੀਂ ਵੀ ਸੁਰੱਖਿਅਤ ਅਤੇ ਦੂਸਰੇ ਵੀ ਸੁਰੱਖਿਅਤ ਰਹਿ ਸਕਦੇ ਹਨ। ਕਦੇ ਵੀ ਗਲਤੀ ਨਾ ਕਰੋ, ਗੱਡੀ ਹਮੇਸ਼ਾ ਪਾਰਕਿੰਗ ਵਾਲੀ ਥਾਂ ’ਤੇ ਹੀ ਲਾਓ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5446)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)