“ਤੇਰੀ ਕਬੀਲਦਾਰੀ ਵਾਂਗੂ ਵੀਹ-ਪੱਚੀ ਡੱਬਿਆਂ ਨੇ ਇਹਦਾ ਵੀ ਧੂੰਆਂ ਕੱਢ ਰੱਖਿਐ ...”
(19 ਦਸੰਬਰ 2017)
ਉਹ ਆਪਣੀ ਜ਼ਿੰਦਗੀ ਦੀ ਉਲਝੀ ਹੋਈ ਤਾਣੀ ਦੀਆਂ ਗੰਢਾਂ ਨੂੰ ਇੱਕ ਇੱਕ ਕਰਕੇ ਖੋਲ੍ਹਦਾ ਗਿਆ। ਪਰ ਮੈਂ ਤਾਂ ਉਸ ਨੂੰ ਜਾਣਦਾ ਤੱਕ ਵੀ ਨਹੀਂ ਸੀ। ਇਹ ਗੱਲ ਕੋਈ ਪੰਦਰਾਂ ਕੁ ਸਾਲ ਪੁਰਾਣੀ ਹੈ, ਜਦੋਂ ਮੈਂ ਮਾਨਸਾ ਸ਼ਹਿਰ ਦੇ ਨੇੜੇ ਇੱਕ ਪਿੰਡ ਦੇ ਛੋਟੇ ਜਿਹੇ ਹਸਪਤਾਲ ਵਿੱਚ ਸਿਹਤ ਵਰਕਰ ਦੇ ਤੌਰ ’ਤੇ ਨਵੀਂ ਡਿਊਟੀ ਜੁਆਇਨ ਕੀਤੀ ਸੀ। ਮੇਰਾ ਕੰਮ ਘਰ ਘਰ ਜਾ ਕੇ ਲੋਕਾਂ ਨੂੰ ਸਿਹਤ ਸਿੱਖਿਆ ਦੇਣਾ ਅਤੇ ਛੋਟੀਆਂ ਮੋਟੀਆਂ ਬਿਮਾਰੀਆਂ ਦਾ ਇਲਾਜ ਕਰਨਾ ਸੀ। ਜਦੋਂ ਉਹ ਅਧਖੜ ਜਿਹੀ ਉਮਰ ਦਾ ਲਿੱਬੜਿਆ-ਤਿੱਬੜਿਆ ਜਿਹਾ ਬੰਦਾ ਮੇਰੇ ਕੋਲ ਪਹਿਲੀ ਵਾਰ ਆਇਆ ਤਾਂ ਕਹਿਣ ਲੱਗਾ, “ਸਾਸਰੀ ਕਾਲ ਡਾਕਟਰ ਜੀ, ਆਹ ਚਾਰ ਕੁ ਗੋਲੀਆਂ ਹੱਡ-ਪੈਰ ਦੁਖਦੇ ਦੀਆਂ ਤਾਂ ਦਿਓ।”
ਮੈਂ ਇੱਕ ਡੱਬੀ ਵਿੱਚੋਂ ਪੈਰਾਸੀਟਾਮੋਲ ਦੀਆਂ ਗੋਲੀਆਂ ਦਿੱਤੀਆਂ ਤੇ ਉਹ ਗੋਲੀਆਂ ਲੈ ਕੇ ਚਲਾ ਗਿਆ। ਪੰਜਾਂ-ਛੇਆਂ ਦਿਨਾਂ ਬਾਅਦ ਉਹ ਫਿਰ ਆ ਗਿਆ ਤੇ ਕਹਿਣ ਲੱਗਾ, “ਡਾਕਟਰ ਜੀ, ਮੇਰਾ ਨਾ ਦੀਸ਼ਾ ਐ। ਮੈਂ ਸੱਚ ਬੋਲਦੈਂ, ਮੈਂ ਕਈ ਸਾਲਾਂ ਤੋਂ ਭੁੱਕੀ ਖਾਨੈ। ਆਹ ਓਦਣ ਵਾਲੀਆਂ ਗੋਲੀਆਂ ਤਾਂ ਦਿਉ।”
ਤਕਰੀਬਨ ਦਸ-ਪੰਦਰਾਂ ਦਿਨ ਬਾਅਦ ਉਹ ਫਿਰ ਆਇਆ ਅਤੇ ‘ਸਾਸਰੀ ਕਾਲ’ ਬੁਲਾ ਕੇ ਮੇਰੇ ਕੋਲ ਬੈਠ ਗਿਆ ਤੇ ਕਹਿਣ ਲੱਗਾ, “ਡਾਕਟਰ ਜੀ, ਸੋਨੂੰ ਤਾਂ ਲੱਗਦੈ ਹੋਣੈ ਬਈ ਮੈਂ ਅਨਪੜ੍ਹ ਹੋਊਂਗਾ। ਮੈਂ ਸੰਨ 70 ਦਾ ਅੱਠਵੀ ਪਾਸ ਆਂ। ਅਸੀਂ ਪੰਡਿਤ ਹੁੰਦੇ ਆਂ ਜੀ। ਛੋਟੀ ਉਮਰ ਵਿੱਚ ਪਿਉ ਮਰ ਗਿਆ ਸੀ। ਕਬੀਲਦਾਰੀ ਵੱਡੀ ਐ ... ਇੱਕ ਮੁੰਡਾ ਤੇ ਚਾਰ ਕੁੜੀਆਂ ਨੇ। ਦੋ ਕਿੱਲੇ ਜਮੀਨ ਐ। ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋ ਕੇ ਰੋਟੀ ਮਸਾਂ ਪੂਰੀ ਹੁੰਦੀ ਐ ਜਿਸ ਕਰਕੇ ਇਹ ਹਾਲਤ ਬਣ ਗਈ ਐ। ਜੇ ਉਦੋਂ ਕਿਤੇ ਲੱਗ ਗਏ ਹੁੰਦੇ ਤਾਂ ਅੱਜ ਨੂੰ ਸੋਡੇ ਵਾਂਗੂ ਕੁਰਸੀ ’ਤੇ ਬੈਠੇ ਹੁੰਦੇ। ਕਿਸਮਤ ਨੇ ਸਾਥ ਨਹੀਂ ਦਿੱਤਾ। ਮੇਰੀ ਜ਼ਿੰਦਗੀ ਦੀ ਕਹਾਣੀ ਬੜੀ ਲੰਮੀ ਐ ਜੀ। ਕਦੇ ਤੁਸੀਂ ਵਿਹਲੇ ਹੋਏ ਫੇਰ ਸੁਣਾਊਂਗਾਂ।” ਇਹ ਕਹਿਕੇ ਉਹ ਗੋਲੀਆ ਲੈ ਕੇ ਚਲਾ ਗਿਆ।
ਪੂਰਾ ਇੱਕ ਮਹੀਨਾ ਬੀਤ ਗਿਆ। ਦੀਸ਼ਾ ਮੁੜਕੇ ਹਸਪਤਾਲ ਨਾ ਆਇਆ। ਮੈਂ ਉਸ ਬਾਰੇ ਸੋਚਣ ਲੱਗਾ, ਬਈ ਕਿੰਨਾ ਸੱਚਾ-ਸੁੱਚਾ ਤੇ ਸਧਾਰਣ ਬੰਦਾ ਹੈ। ਆਪਣੇ ਘਰ ਦੀ ਹਰ ਗੱਲ ਮੇਰੇ ਕੋਲ ਕਰ ਦਿੰਦਾ ਹੈ। ਮੈਨੂੰ ਉਸ ਨਾਲ ਹਮਦਰਦੀ ਜਿਹੀ ਹੋਣ ਲੱਗੀ। ਮੈਨੂੰ ਲੱਗਾ ਜਿਵੇਂ ਹਰ ਦੁਖੀ ਇਨਸਾਨ ਨੂੰ ਦਿਲਾਸੇ ਦੀ ਲੋੜ ਹੁੰਦੀ ਐ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਉਹ ਦੀਸ਼ਾ ਸਿਰ ਉੱਤੇ ਟੀਂਡਿਆਂ ਦੀ ਪੰਡ ਚੁੱਕੀ ਅੰਦਰ ਆ ਗਿਆ। ਉਸ ਨੇ ਪੰਡ ਸਿਰੋਂ ਲਾਹ ਕੇ ਫਰਸ਼ ਉੱਤੇ ਰੱਖੀ ਅਤੇ ਥੋੜ੍ਹਾ ਚਿਰ ਆਰਾਮ ਕਰਕੇ ਬੋਲਿਆ, “ਡਾਕਟਰ ਜੀ,” ਅੱਜ ਮੈਂ ਤੁਹਾਨੂੰ ਜ਼ਿੰਦਗੀ ਦੀ ਸੱਚੀ ਕਹਾਣੀ ਸਣਾਉਣੀ ਐਂ। ਕਈ ਸਾਲ ਪਹਿਲਾਂ ਦੀ ਗੱਲ ਐ, ਉਦੋਂ ਆਹ ਡੀਜਲ ਵਾਲੇ ਇੰਜਣ ਨਹੀਂ ਸੀ ਚੱਲੇ। ਮੈਂ ਇੱਕ ਦਿਨ ਜ਼ਿੰਦਗੀ ਤੋਂ ਬਹੁਤ ਅੱਕ ਗਿਆ ਸੀ। ...”
ਦੀਸ਼ੇ ਨੇ ਆਪਣੀ ਰਾਮ ਕਹਾਣੀ ਸ਼ੁਰੂ ਕਰ ਦਿੱਤੀ, “ਮੈਨੂੰ ਆਪਣੀ ਕਬੀਲਦਾਰੀ ਦੇ ਫਿਕਰ ਕਰਕੇ ਕਈ ਰਾਤਾਂ ਨੀਂਦ ਨਾ ਆਈ। ਮੈਂ ਸਿਖਰ ਦੁਪਹਿਰੇ ਭੁੱਕੀ ਨਾਲ ਡੱਕ ਲਿਆ। ਘਰਦਿਆਂ ਤੋਂ ਚੋਰੀ ਮੈਂ ਖੇਤਾਂ ਵਿੱਚੋਂ ਦੀ ਹੁੰਦਾ ਹੋਇਆ ਆਹ ਨਾਲਦੇ ਪਿੰਡ ਕੋਲੋਂ ਦੀ ਲੰਘਦੀ ਗੱਡੀ ਦੀ ਲਾਈਨ ਵਿੱਚ ਜਾ ਕੇ ਖੜ੍ਹ ਗਿਆ। ਉੱਧਰੋਂ ਕੋਲੇ ਵਾਲਾ ਇੰਜਣ ਛੱਕ-ਛੱਕ ਕਰਦਾ ਧੂੰਆਂ ਛੱਡਦਾ ਹੋਇਆ ਵੀਹ-ਪੱਚੀ ਡੱਬਿਆਂ ਨੂੰ ਖਿੱਚੀ ਹੌਲੀ ਹੌਲੀ ਮੇਰੇ ਵੱਲ ਆ ਰਿਹਾ ਸੀ। ਉਹ ਐਨਾ ਹੌਲੀ ਸੀ ਕਿ ਮੈਨੂੰ ਸੋਚਣ ਦਾ ਟਾਈਮ ਮਿਲ ਗਿਆ। ਮੇਰੇ ਦਿਮਾਗ ਨੇ ਕੰਮ ਕੀਤਾ। ਮੈਂ ਸੋਚਿਆ, ਬਈ ਦੀਸ਼ਿਆ, ਤੇਰੇ ਤੇ ਇੰਜਣ ਵਿਚ ਤਾਂ ਕੋਈ ਫਰਕ ਹੀ ਨਹੀਂ, ਇੰਜਣ ਕੋਲੇ ਨਾਲ ਸਟਾਰਟ ਹੁੰਦੈ ਤੇ ਤੂੰ ਭੁੱਕੀ ਨਾਲ। ਤੇਰੀ ਕਬੀਲਦਾਰੀ ਵਾਂਗੂ ਵੀਹ-ਪੱਚੀ ਡੱਬਿਆਂ ਨੇ ਇਹਦਾ ਵੀ ਧੂੰਆਂ ਕੱਢ ਰੱਖਿਐ। ਇਹਦੀ ਧੂੰਏਂ ਨੇ ਸ਼ਕਲ ਵਿਗਾੜ ਰੱਖੀ ਐ ਤੇ ਤੇਰੀ ਮਿੱਟੀ ਘੱਟੇ ਨੇ। ਦੀਸ਼ਿਆ ... ਤੂੰ ਮਰ ਨਾ। ਜਿਵੇਂ ਇਹ ਇੰਜਣ ਐਨੇ ਡੱਬਿਆਂ ਨੂੰ ਖਿੱਚੀ ਆ ਰਿਹੈ ਤੂੰ ਵੀ ਆਪਣੀ ਕਬੀਲਦਾਰੀ ਨੂੰ ਖਿੱਚੀ ਚੱਲ। - ਇੰਜਣ ਤੋਂ ਸਿੱਖਿਆ ਲੈ ਕੇ ਮੈਂ ਘਰ ਵਾਪਿਸ ਆ ਗਿਆ। ਉਸ ਦਿਨ ਤੋਂ ਬਾਅਦ ਮੇਰੇ ਦਿਮਾਗ ਵਿੱਚ ਮਰਨ ਦਾ ਵਿਚਾਰ ਕਦੇ ਨਹੀਂ ਆਇਆ। ਅੱਜ ਮੇਰੇ ਬੱਚੇ ਪੜ੍ਹ ਲਿਖ ਗਏ ਹਨ। ਮੈਂ ਪਿਛਲੇ ਮਹੀਨੇ ਹਸਪਤਾਲ ਵਿੱਚ ਦਾਖਲ ਹੋ ਕੇ ਭੁੱਕੀ ਵੀ ਛੱਡ ਦਿੱਤੀ ਐ। ਹੁਣ ਮੈਂ ਅਸਲੀ ਇਨਸਾਨ ਬਣ ਗਿਆ ਹਾਂ। ... ਡਾਕਟਰ ਜੀ, ਮੈਂ ਤਾਂ ਇਹੀ ਕਹਿੰਦਾ ਹਾਂ ਕਿ ਬੰਦੇ ਨੂੰ ਜਿਉਂਦੇ ਜੀਅ ਦੁੱਖ ਸੁਖ ਝੱਲਣੇ ਚਾਹੀਦੇ ਹਨ ... ਆਤਮ ਹੱਤਿਆ ਬਿਲਕੁਲ ਨਹੀਂ ਕਰਨੀ ਚਾਹੀਦੀ। ...”
ਕੁਝ ਮਹੀਨਿਆਂ ਤੋਂ ਬਾਅਦ ਭਾਵੇਂ ਮੇਰੀ ਉਸ ਪਿੰਡ ਤੋਂ ਬਦਲੀ ਹੋ ਗਈ ਸੀ ਪਰ ਅੱਜ ਤੱਕ ਮੈਨੂੰ ਦੀਸ਼ੇ ਦੀ ਗੱਲ ਭੁੱਲੀ ਨਹੀਂ। ਉਂਝ ਵੀ ਅਜੋਕੇ ਸਮੇਂ ਵਿੱਚ ਦੀਸ਼ੇ ਦੀ ‘ਕੋਲੇ ਵਾਲੇ ਇੰਜਣ’ ਵਾਲੀ ਗੱਲ ਬੜਾ ਮਹੱਤਵ ਰੱਖਦੀ ਹੈ, ਕਿਉਂਕਿ ਅੱਜ ਮਨੁੱਖ ਮਾਨਸਿਕ ਤੌਰ ’ਤੇ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਮੁਸ਼ਕਿਲਾਂ ਤੋਂ ਘਬਰਾ ਕੇ ਖੁਦਕੁਸ਼ੀ ’ਤੇ ਰਾਹ ਤੁਰ ਪੈਂਦਾ ਹੈ।
*****
(936)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)