“ਬਈ ਸਾਇਕਲ ਤਾਂ ਤੁਹਾਡਾ ਲੱਭ ਜਾਊਗਾ ਪਰ ਤੁਹਾਨੂੰ ਮਿਹਨਤ ਕਰਨੀ ਪਊਗੀ। ਚੋਰ ਦਸ-ਪੰਦਰਾਂ ਮਿੰਟ ਪਹਿਲਾਂ ਹੀ ਮੈਥੋਂ ...”
(17 ਜਨਵਰੀ 2024)
ਇਸ ਸਮੇਂ ਪਾਠਕ: 125.
ਚੋਰ ਤਾਂ ਚੋਰ ਹੀ ਹੁੰਦਾ ਹੈ, ਭਾਵੇਂ ਉਹ ਛੋਟੀ ਚੋਰੀ ਕਰਦਾ ਹੋਵੇ ਜਾਂ ਵੱਡੀ, ਦਿਨ ਦਿਹਾੜੇ ਚੋਰੀ ਕਰਦਾ ਹੋਵੇ ਜਾਂ ਰਾਤਾਂ ਦੇ ਹਨੇਰੇ ਵਿੱਚ। ਚੋਰੀ ਕਰਨਾ ਉਸਦੀ ਆਦਤ ਹੋਵੇ ਜਾਂ ਮਜਬੂਰੀ। ਉਹ ਸਮਾਨ ਚੋਰੀ ਕਰਦਾ ਹੋਵੇ ਜਾਂ ਨਕਦੀ। ਬਾਹਰੋਂ ਚੋਰੀ ਕਰਦਾ ਹੋਵੇ ਜਾਂ ਘਰਾਂ ਦੇ ਅੰਦਰੋਂ। ਉਹ ਵਿਅਕਤੀ ਜੋ ਦੂਸਰਿਆਂ ਦੀਆਂ ਨਜ਼ਰਾਂ ਨੂੰ ਧੋਖਾ ਦੇ ਕੇ ਕੋਈ ਵੀ ਠੱਗੀ ਮਾਰਦਾ ਹੈ, ਉਹ ਚੋਰ ਹੀ ਤਾਂ ਹੁੰਦਾ ਹੈ। ਕੀ ਚੋਰ ਕਦੇ ਭਲਾਮਾਣਸ ਜਾਂ ਇਮਾਨਦਾਰ ਹੋ ਸਕਦਾ ਹੈ? ਕੀ ਚੋਰ ਵੀ ਸਾਫ ਨੀਅਤ ਵਾਲਾ ਹੋ ਸਕਦਾ ਹੈ? ਪਿਛਲੇ ਦਿਨਾਂ ਦੀ ਗੱਲ ਹੈ, ਮੈਂ ਆਪਣੇ ਦਫਤਰ ਵਿੱਚ ਜ਼ਰੂਰੀ ਕੰਮ ਵਿੱਚ ਰੁੱਝਿਆ ਹੋਇਆ ਸਾਂ। ਅਚਾਨਕ ਮੇਰੇ ਦੋਸਤ ਦਾ ਫੋਨ ਆਇਆ ਤੇ ਕਹਿਣ ਲੱਗਾ, “ਭਰਾਵਾ ਜਿੱਥੇ ਵੀ ਹੈਂ, ਜਲਦੀ ਬੱਸ ਅੱਡੇ ’ਤੇ ਆਜਾ। ਮੇਰਾ ਸਾਇਕਲ ਚੋਰੀ ਹੋ ਗਿਆ ਹੈ। ਮੈਂ ਅੱਡੇ ਦੇ ਕੋਲ ਇੱਕ ਨਾਈ ਦੀ ਦੁਕਾਨ ’ਤੇ ਵਾਲ ਕਟਵਾ ਰਿਹਾ ਸੀ। ਸਾਇਕਲ ਬਾਹਰ ਖੜ੍ਹਾ ਕਰ ਦਿੱਤਾ, ਕਾਹਲੀ ਵਿੱਚ ਜਿੰਦਰਾ ਲਾਉਣਾ ਭੁੱਲ ਗਿਆ। ਜਦੋਂ ਵਾਲ ਕਟਵਾ ਕੇ ਬਾਹਰ ਆਇਆ ਤਾਂ ਸਾਇਕਲ ਗਾਇਬ ਸੀ। ਤੂੰ ਜਲਦੀ ਆ। ਆਪਾਂ ਦੋਵੇਂ ਮਿਲਕੇ ਕੋਈ ਹੋਰ ਹੀਲਾ-ਵਸੀਲਾ ਕਰਾਂਗੇ। ਹੋਰ ਨਹੀਂ ਤਾਂ ਥਾਣੇ ਰਪਟ ਹੀ ਲਿਖਵਾ ਦੇਵਾਂਗੇ।”
ਮੇਰਾ ਮਿੱਤਰ ਇੱਕੋ ਸਾਹ ਕਿੰਨਾ ਕੁਝ ਕਹਿ ਗਿਆ। ਮੈਂ ਮੋਟਰਸਾਈਕਲ ਚੁੱਕਿਆ ਤੇ ਤੁਰੰਤ ਬੱਸ ਅੱਡੇ ’ਤੇ ਪਹੁੰਚ ਗਿਆ। ਮੇਰਾ ਦੋਸਤ ਬਹੁਤ ਨਿਰਾਸ਼ ਸੀ। ਮੈਂ ਉਸ ਨੂੰ ਹੌਸਲਾ ਦਿੱਤਾ ਤੇ ਅਸੀਂ ਇੱਕ ਵਾਰ ਫਿਰ ਇੱਧਰ-ਉੱਧਰ ਤਸੱਲੀ ਕਰਨ ਲੱਗੇ। ਬੱਸ ਸਟੈਂਡ ਤੋਂ ਪੁੱਛ ਪੜਤਾਲ ਕਰਦੇ ਹੋਏ ਅਸੀਂ ਅਖੀਰ ਇੱਕ ਪਾਨ ਵਾਲੀ ਦੁਕਾਨ ’ਤੇ ਪਹੁੰਚ ਗਏ। ਉਹ ਦੁਕਾਨਦਾਰ ਸਾਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਉਹ ਸਾਡੇ ਮੁਰਝਾਏ ਹੋਏ ਚਿਹਰੇ ਦੇਖ ਕੇ ਕਹਿਣ ਲੱਗਾ, “ਬੜੇ ਉਦਾਸ ਕਿਉਂ ਲਗਦੇ ਹੋ?”
ਅਸੀਂ ਉਸ ਨੂੰ ਸਾਰੀ ਕਹਾਣੀ ਦੱਸੀ ਤਾਂ ਉਹ ਕਹਿਣ ਲੱਗਾ, “ਬਈ ਸਾਇਕਲ ਤਾਂ ਤੁਹਾਡਾ ਲੱਭ ਜਾਊਗਾ ਪਰ ਤੁਹਾਨੂੰ ਮਿਹਨਤ ਕਰਨੀ ਪਊਗੀ। ਚੋਰ ਦਸ-ਪੰਦਰਾਂ ਮਿੰਟ ਪਹਿਲਾਂ ਹੀ ਮੈਥੋਂ ਜਰਦੇ ਦੀ ਪੁੜੀ ਲੈ ਕੇ ਗਿਆ ਹੈ। ਉਸਦਾ ਨਾਂ ਕਾਲ਼ਾ (ਕਾਲਪਨਿਕ ਨਾਂ) ਹੈ ਅਤੇ ਉਹ ਨੇੜੇ ਹੀ ਪੰਜ-ਸੱਤ ਕਿਲੋਮੀਟਰ ਦੂਰ ਪਿੰਡ ਚਕੇਰੀਆਂ ਰਹਿੰਦੈ। ਉਹ ਇਹੋ ਕੰਮ ਕਰਦਾ ਹੈ। ਤੁਸੀਂ ਛੇਤੀ ਜਾਓ, ਉਸਦਾ ਪਿੱਛਾ ਕਰੋ।”
ਦੁਕਾਨਦਾਰ ਦਾ ਕਹਿਣਾ ਮੰਨ ਕੇ ਅਸੀਂ ਮੋਟਰਸਾਈਕਲ ਪਿੰਡ ਦੇ ਰਾਹ ਪਾ ਲਿਆ। ਪਿੰਡ ਦੀ ਸੱਥ ਵਿੱਚ ਤਾਸ਼ ਖੇਡਦੇ ਬਜ਼ੁਰਗਾਂ ਤੋਂ ਉਸ ਬੰਦੇ ਦਾ ਘਰ ਪੁੱਛਿਆ ਤਾਂ ਅੱਗੋਂ ਉਹ ਹੱਸਣ ਲੱਗ ਪਏ ਤੇ ਇੱਕ ਜਣਾ ਪੱਤੇ ’ਤੇ ਪਤਾ ਸੁੱਟ ਕੇ ਕਹਿਣ ਲੱਗਾ, “ਆਹ ਮਾਂਜਤਾ।”
ਦੂਜਾ ਕਹਿੰਦਾ, “ਬਈ ਔਹ ਸਾਹਮਣੇ ਇੱਕ ਗਲੀ ਛੱਡਕੇ ਅਗਲੀ ਗੁਰਦੁਆਰੇ ਵਾਲੀ ਗਲੀ ਪੈ ਜਿਓ। ਗਲੀ ਦੇ ਅਖੀਰ ’ਤੇ ਜਿਹੜਾ ਘਰ ਦਰਵਾਜੇ ਤੋਂ ਬਿਨਾਂ ਹੋਊ, ਸਮਝ ਲਿਓ ਉਸੇ ਦਾ ਹੈ।”
ਅਸੀਂ ਮੋਟਰਸਾਈਕਲ ਗੁਰਦੁਆਰੇ ਵਾਲੀ ਗਲੀ ਪਾ ਲਿਆ ਤੇ ਬਿਲਕੁਲ ਹੌਲੀ ਕਰਕੇ ਉਸਦੇ ਘਰ ਕੋਲ ਦੀ ਲੰਘੇ। ਜਦੋਂ ਅਸੀਂ ਘਰ ਦੇ ਅੰਦਰ ਨਜ਼ਰ ਮਾਰੀ ਤਾਂ ਉਹ ਵਿਹੜੇ ਵਿੱਚ ਸਾਇਕਲ ਨੂੰ ਸ਼ੈਪੂ ਤੇ ਤੇਲ ਨਾਲ ਐਂ ਚਮਕਾ ਰਿਹਾ ਸੀ ਜਿਵੇਂ ਮੱਝ ਮੰਡੀ ’ਤੇ ਲੈ ਕੇ ਜਾਣ ਲੱਗੇ ਚਮਕਾਉਂਦੇ ਨੇ। ਮੇਰੇ ਦੋਸਤ ਨੇ ਕੈਰੀਅਰ ਤੋਂ ਆਪਣਾ ਸਾਇਕਲ ਪਛਾਣ ਲਿਆ। ਅਸੀਂ ਮੋਟਰਸਾਈਕਲ ਥੋੜ੍ਹੀ ਦੂਰ ਖੜ੍ਹਾ ਕਰ ਦਿੱਤਾ ਤੇ ਇੱਕ ਵਾਰ ਫਿਰ ਪੂਰੀ ਤਸੱਲੀ ਕਰਨ ਲਈ ਉਸਦੇ ਘਰ ਅੱਗੋਂ ਲੰਘੇ। ਜਦੋਂ ਸਾਨੂੰ ਪੂਰੀ ਤਸੱਲੀ ਹੋ ਗਈ ਤਾਂ ਅਸੀਂ ਉਸਦੇ ਘਰ ਦੇ ਅੰਦਰ ਚਲੇ ਗਏ। ਉਹ ਸਾਨੂੰ ਦੇਖ ਕੇ ਸਮਝ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ, “ਜਨਾਬ, ਸਾਇਕਲ ਲੈਣ ਆਏ ਓ? ਜੇ ਤੁਹਾਡਾ ਐ ਤਾਂ ਲੈ ਜਾਓ।”
ਥੋੜ੍ਹੀ ਸਖਤੀ ਵਰਤਦਿਆਂ ਮੇਰੇ ਦੋਸਤ ਨੇ ਕਿਹਾ, “ਕੰਜਰਾ! ਤੂੰ ਚੋਰੀ ਕਿਉਂ ਕੀਤਾ ਹੈ?”
ਉਸਨੇ ਹੱਥ ਜੋੜ ਕੇ ਜਵਾਬ ਦਿੱਤਾ, “ਮੇਰੇ ਘਰ ਦੀ ਹਾਲਤ ਦੇਖੋ, ਨਾ ਬਾਹਰ ਦਰਵਾਜ਼ਾ ਐ ਨਾ ਉੱਪਰ ਛੱਤ ਐ। ਮੈਂ ਭੁੱਕੀ ਖਾਣ ਦਾ ਆਦੀ ਆਂ, ਬੱਸ ਮੇਰੀ ਮਜਬੂਰੀ ਐ।”
ਅਸੀਂ ਥੋੜ੍ਹਾ ਨਰਮ ਪੈ ਗਏ ਅਤੇ ਸਾਇਕਲ ਲੈ ਕੇ ਜਾਣ ਲਈ ਸੋਚਣ ਲੱਗੇ ਤਾਂ ਉਹ ਕਹਿੰਦਾ, “ਜਨਾਬ, ਮੈਂ ਤੁਹਾਡੇ ਘਰ ਤਕ ਛੱਡ ਆਉਂਦਾ ਹਾਂ। ਉਸਨੇ ਝਟਪਟ ਸਾਇਕਲ ਤੋਂ ਲਾਹੀ ਟੱਲੀ ਅਤੇ ਟੋਕਰੀ ਦੁਬਾਰਾ ਫਿੱਟ ਕਰ ਦਿੱਤੀਆਂ ਅਤੇ ਸਾਇਕਲ ਲੈ ਕੇ ਸਾਡੇ ਅੱਗੇ-ਅੱਗੇ ਚੱਲ ਪਿਆ ਅਤੇ ਅਸੀਂ ਮੋਟਰਸਾਈਕਲ ਉਸਦੇ ਪਿੱਛੇ ਲਾ ਲਿਆ।
ਸ਼ਹਿਰ ਪਹੁੰਚ ਕੇ ਉਹ ਕਹਿਣ ਲੱਗਾ, “ਹੁਣ ਤੁਸੀਂ ਮੈਨੂੰ ਵਧੀਆ ਜਿਹੀ ਕੰਡੇ ਵਾਲੀ ਚਾਹ ਪਿਆ ਦਿਉ।”
ਅਸੀਂ ਚਾਹ ਪੀਣ ਲਈ ਇੱਕ ਦੁਕਾਨ ’ਤੇ ਬੈਠ ਗਏ। ਕਾਲ਼ਾ ਆਪਣੀ ਰਾਮ ਕਹਾਣੀ ਫਿਰ ਛੇੜ ਕੇ ਬੈਠ ਗਿਆ, “ਜਨਾਬ! ਮੈਂ ਚੋਰੀ ਜ਼ਰੂਰ ਕਰਦਾ ਹਾਂ ਪਰ ਮੇਰੇ ਅਸੂਲ ਬਹੁਤ ਸਖ਼ਤ ਨੇ। ਪਹਿਲੀ ਗੱਲ ਤਾਂ ਮੈਂ ਆਪਣੇ ਪਿੰਡ ਵਿੱਚ ਕਦੇ ਚੋਰੀ ਨੀ ਕਰਦਾ। ਦੂਜੀ ਗੱਲ, ਮੈਂ ਰਾਤ ਨੂੰ ਕਦੇ ਚੋਰੀ ਨੀ ਕਰਦਾ ਤੇ ਦਿਨ ਦਿਹਾੜੇ ਕੁਝ ਛੱਡਦਾ ਨੀਂ। ਜੇ ਚੋਰੀ ਫੜੀ ਜਾਵੇ ਤਾਂ ਮੁੱਕਰਦਾ ਨਹੀਂ। ਮੇਰੀ ਇਮਾਨਦਾਰੀ ਕਾਰਨ ਮੈਨੂੰ ਥਾਣੇ ਆਲੇ ਵੀ ਬੱਸ ਇੱਕ-ਦੋ ਘੰਟੇ ਰੱਖ ਕੇ ਛੱਡ ਦਿੰਦੇ ਨੇ। ਭਾਵੇਂ ਮੈਂ ਚੋਰ ਆਂ ਪਰ ਮੇਰੀ ਨੀਅਤ ਬਹੁਤ ਸਾਫ ਐ।” ਉਹ ਜਾਂਦਾ ਹੋਇਆ ਹੱਥ ਜੋੜ ਕੇ ਕਹਿੰਦਾ, “ਜਨਾਬ! ਹੁਣ ਤੁਸੀਂ ਮੈਨੂੰ ਪੰਜਾਹ ਰੁਪਏ ਦੇ ਦਿਓ। ਦਸ ਰੁਪਏ ਬੱਸ ਦਾ ਕਿਰਾਇਆ ਅਤੇ ਚਾਲੀ ਰੁਪਏ ਭੁੱਕੀ ਲਈ ਅਤੇ ਯਾਦ ਰੱਖਿਓ ਅੱਗੇ ਤੋਂ ਜਿੰਦਾ ਲਾਉਣਾ ਨਾ ਭੁਲਿਓ।”
ਅਸੀਂ ਉਸ ਨੂੰ ਪੰਜਾਹ ਰੁਪਏ ਦੇ ਦਿੱਤੇ ਤੇ ਉਹ ਚੱਲਦਾ ਬਣਿਆ। ਅਸੀਂ ਕਈ ਦਿਨ ਉਸ ਦੀਆਂ ਗੱਲਾਂ ਕਰਦੇ ਰਹੇ ਬਈ ਬੜਾ ਕਮਾਲ ਦਾ ਚੋਰ ਸੀ। ਚੋਰੀ ਕਰਨ ਤੋਂ ਬਾਅਦ ਵੀ ਦਿਨ-ਦਿਹਾੜੇ ਸ਼ਰੇਆਮ ਵਿਹੜੇ ਵਿੱਚ ਸਾਇਕਲ ਧੋ ਰਿਹਾ ਸੀ। ਚੋਰੀ ਕਰਕੇ ਇੱਕ ਵਾਰ ਵੀ ਮੁੱਕਰਿਆ ਨਹੀਂ। ਚੋਰੀ ਕਰਨ ਤੋਂ ਬਾਅਦ ਵੀ ਸਾਡੇ ਕੋਲੋਂ ਚਾਹ ਤੇ ਭੁੱਕੀ ਦੇ ਪੈਸੇ ਲੈ ਗਿਆ। ਯਾਰ ਬੜਾ ਭਲਾਮਾਣਸ ਚੋਰ ਸੀ। ਜਾਂਦਾ ਹੋਇਆ ਸਾਨੂੰ ਸਾਡੀ ਗਲਤੀ ਦਾ ਅਹਿਸਾਸ ਵੀ ਕਰਵਾ ਗਿਆ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4639)
(ਸਰੋਕਾਰ ਨਾਲ ਸੰਪਰਕ ਲਈ: (