“ਜਿਵੇਂ ਮੋਟਾ ਹੋਣ ’ਤੇ ਕਈ ਸਾਲ ਲੱਗਦੇ ਹਨ, ਉਸੇ ਤਰ੍ਹਾਂ ਭਾਰ ਘਟਾਉਣ ’ਤੇ ਵੀ ਲੰਮਾ ਸਮਾਂ ਲੱਗ ਜਾਂਦਾ ਹੈ। ਜੇਕਰ ...”
(29 ਦਸੰਬਰ 2023)
ਇਸ ਸਮੇਂ ਪਾਠਕ: 190.
ਮੁਟਾਪਾ ਇੱਕ ਗੰਭੀਰ ਸਮੱਸਿਆ ਹੈ। ਤੁਸੀਂ ਕਿਸੇ ਵੀ ਪਿੰਡ, ਸ਼ਹਿਰ, ਬਜ਼ਾਰ, ਗਲੀ ਮਹੱਲੇ ਵਿੱਚ ਚਲੇ ਜਾਓ, ਤੁਹਾਨੂੰ ਵੱਡੀਆਂ ਵੱਡੀਆਂ ਗੋਗੜਾਂ ਵਾਲੇ ਵਿਅਕਤੀਆਂ ਦੇ ਦਰਸ਼ਨ ਆਮ ਹੀ ਹੋ ਜਾਣਗੇ। ਮੁਟਾਪਾ ਆਮ ਤੌਰ ’ਤੇ ਚਰਬੀ ਦਾ ਭੰਡਾਰ ਵਧਣ ਕਾਰਨ ਹੁੰਦਾ ਹੈ। ਚਰਬੀ ਦਾ ਭੰਡਾਰ ਵੱਧ ਖਾਣ ਨਾਲ ਵਧਦਾ ਹੈ। ਜਿਸ ਵਿਅਕਤੀ ਦਾ ਭਾਰ ਉਸਦੇ ਲੋੜੀਂਦੇ ਭਾਰ ਨਾਲੋਂ 10% ਵਧ ਜਾਵੇ ਤਾਂ ਉਸ ਨੂੰ ਮੁਟਾਪਾ ਆਖਦੇ ਹਨ। ਜੇ ਕਿਸੇ ਵਿਅਕਤੀ ਦਾ ਭਾਰ ਲੋੜੀਂਦੇ ਭਾਰ ਨਾਲੋਂ 20% ਵਧ ਜਾਵੇ ਤਾਂ ਉਸ ਨੂੰ ਬੇਹੱਦ ਮੋਟਾਪਾ ਕਹਿੰਦੇ ਹਨ। ਮੋਟਾਪੇ ਦੀ ਪ੍ਰੀਭਾਸ਼ਾ ਦਾ ਕੋਈ ਪ੍ਰਮਾਣੀ ਕਾਰਨ ਨਹੀਂ, ਇਸ ਕਰਕੇ ਇਹ ਠੀਕ ਤਰ੍ਹਾਂ ਨਹੀਂ ਕਿਹਾ ਜਾ ਸਕਦਾ ਕਿ ਇਸ ਸਮੱਸਿਆ ਤੋਂ ਕਿੰਨੇ ਲੋਕ ਪ੍ਰਭਾਵਿਤ ਹਨ।
ਮੋਟਾਪਾ ਕਈ ਕਾਰਣਾਂ ਕਰਕੇ ਹੁੰਦਾ ਹੈ। ਇਹ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਮੁਟਾਪਾ ਔਰਤਾਂ ਨੂੰ ਆਦਮੀਆਂ ਨਾਲੋਂ ਵੱਧ ਹੁੰਦਾ ਹੈ। ਇਹ ਕਈ ਪਰਿਵਾਰਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ। ਜ਼ਿਆਦਾਤਰ ਮੋਟਾਪੇ ਦਾ ਕਾਰਣ ਲੋੜ ਤੋਂ ਵੱਧ ਖਾਣਾ ਹੈ। ਕਈ ਵਾਰ ਮੁਟਾਪਾ ਅੰਦਰ ਨਿਕਾਸੀ ਰੋਗਾਂ ਕਾਰਨ ਵੀ ਹੋ ਜਾਂਦਾ ਹੈ। ਖਾਣ ਪੀਣ ਦੀਆਂ ਆਦਤਾਂ ਬਚਪਨ ਵਿੱਚ ਹੀ ਬਣਦੀਆਂ ਹਨ। ਥੋੜ੍ਹੀ ਥੋੜ੍ਹੀ ਦੇਰ ਬਾਅਦ ਕੁਝ ਖਾਣ ਨਾਲ, ਖਾਸ ਕਰਕੇ ਮਿੱਠੀਆਂ ਅਤੇ ਚਟਪਟੀਆਂ ਚੀਜ਼ਾਂ ਖਾਣ ਨਾਲ ਵੀ ਮੁਟਾਪਾ ਹੋ ਜਾਂਦਾ ਹੈ। ਕੁਝ ਮਾਨਸਿਕ ਕਾਰਣਾਂ ਕਰਕੇ ਵੀ ਮੁਟਾਪਾ ਹੋ ਸਕਦਾ ਹੈ।
ਮੁਟਾਪੇ ਦੇ ਮੁਲਾਂਕਣ ਲਈ ਸਰੀਰ ਦਾ ਭਾਰ ਹੀ ਸਭ ਤੋਂ ਵਧੀਆ ਪੈਮਾਨਾ ਹੈ। ਭਾਰ ਅਤੇ ਕੱਦ ਅਨੁਸਾਰ ਵਿਅਕਤੀਆਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਮੋਟੇ, ਠੀਕ ਭਾਰ ਵਾਲੇ ਅਤੇ ਘੱਟ ਭਾਰ ਵਾਲੇ ਵਿਅਕਤੀ। ਬ੍ਰੋਕਾ ਸੂਚਕ ਅੰਕ ਰਾਹੀਂ ਅਸੀਂ ਜਾਣ ਸਕਦੇ ਹਾਂ ਕਿ ਇੱਕ ਵਿਅਕਤੀ ਦਾ ਲੋੜੀਂਦਾ ਭਾਰ ਕਿੰਨਾ ਕੁ ਹੋਣਾ ਚਾਹੀਦਾ ਹੈ।
ਬ੍ਰੋਕਾ ਅੰਕ: ਵਿਅਕਤੀ ਦਾ ਲੋੜੀਂਦਾ ਭਾਰ (ਕਿਲੋਗ੍ਰਾਮ) ਵਿੱਚ ਉਸਦੀ ਲੰਬਾਈ (ਸੈਂਟੀਮੀਟਰ) ਅਨੁਸਾਰ ਮਾਪਿਆ ਜਾਂਦਾ ਹੈ।
ਜਿਸ ਵਿਅਕਤੀ ਦਾ ਭਾਰ ਸੂਚਕ ਅੰਕ ਰਾਹੀਂ ਬਣੇ ਭਾਰ ਤੋਂ ਵੱਧ ਹੋਵੇ, ਉਸ ਨੂੰ ਮੋਟਾ ਕਹਿੰਦੇ ਹਨ। ਚਮੜੀ ਦੀ ਤਹਿ ਦੀ ਮੁਟਾਈ ਵੀ ਵਿਅਕਤੀ ਦੇ ਮੋਟੇ ਹੋਣ ਬਾਰੇ ਜਾਣਕਾਰੀ ਦਿੰਦੀ ਹੈ। ਮੋਟੇ ਵਿਅਕਤੀ ਦਾ ਜ਼ਿਆਦਾ ਭਾਰ ਚਮੜੀ ਹੇਠਾਂ ਚਰਬੀ ਕਾਰਣ ਹੁੰਦਾ ਹੈ।
ਮੋਟਾਪੇ ਕਾਰਣ ਖੂਨ ਦੇ ਦਬਾਅ ਦਾ ਵਧਣ ਲਗਦਾ ਹੈ। ਦਿਲ ਦੇ ਦੌਰੇ, ਸ਼ੱਕਰ ਰੋਗ, ਗੱਲ ਬਲੈਡਰ ਦੇ ਰੋਗ ਦਾ ਖਦਸ਼ਾ ਵਧ ਜਾਂਦਾ ਹੈ, ਜੋੜਾਂ ਦਾ ਦਰਦ ਵੀ ਸ਼ੁਰੂ ਹੋ ਜਾਂਦਾ ਹੈ। ਮੋਟਾਪੇ ਕਾਰਣ ਉਮਰ ਵੀ ਘਟ ਜਾਂਦੀ ਹੈ।
ਖਾਣ ਪੀਣ ਦੀਆਂ ਆਦਤਾਂ ਬਦਲਕੇ ਅਤੇ ਕਸਰਤ ਕਰਕੇ ਮੁਟਾਪੇ ਤੋਂ ਬਚਿਆ ਜਾ ਸਕਦਾ ਹੈ। ਆਮ ਜਾਂ ਕਦੇ ਕਦੇ ਵਰਜਿਸ਼ ਕਰਨ ਨਾਲ ਭਾਰ ਨਹੀਂ ਘਟ ਸਕਦਾ। ਮੋਟੇ ਵਿਅਕਤੀ ਨੂੰ ਉਹ ਭੋਜਨ ਲੈਣਾ ਚਾਹੀਦਾ ਹੈ ਜਿਹੜਾ ਘੱਟ ਊਰਜਾ ਦੇਵੇ ਅਤੇ ਵੱਧ ਤੋਂ ਵੱਧ ਸੈਲਿਊਲੋਜ਼। ਮੁਟਾਪਾ ਘਟਾਉਣ ਵਾਲੀਆਂ ਦਵਾਈਆਂ ਖਾਣ ਅਤੇ ਚੀਰ ਫਾੜ ਕਰਵਾਉਣ ਦੇ ਵੀ ਅਕਸਰ ਨੁਕਸਾਨ ਹੁੰਦੇ ਹਨ। ਅੱਜ ਕੱਲ੍ਹ ਲੋਕਾਂ ਨੂੰ ਮੁਟਾਪਾ ਘਟਾਉਣ ਲਈ ਕੁਝ ਸੌਖੇ ਤਰੀਕੇ ਦੱਸ ਕੇ ਚੱਕਰਾਂ ਵਿੱਚ ਪਾਇਆ ਜਾ ਰਿਹਾ ਹੈ। ਜਿਵੇਂ ਕਿ ਅੱਗ ਵਰਗਾ ਗਰਮ ਪਾਣੀ, ਚਾਹ ਪੱਤੀ ਉਬਾਲ ਕੇ ਪੀਣ, ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਵੀ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ। ਭਾਰ ਘਟਾਉਣ ਵਾਸਤੇ ਵਿਅਕਤੀ ਨੂੰ ਇਹੋ ਜਿਹਾ ਭੋਜਨ ਖਾਣਾ ਚਾਹੀਦਾ ਹੈ ਜਿਸ ਵਿੱਚ ਭੋਜਨ ਦੀ ਮਾਤਰਾ ਘੱਟ ਨਾ ਹੋਵੇ ਪਰ ਇਸ ਤੋਂ ਮਿਲਣ ਵਾਲੀਆਂ ਤਾਪ ਇਕਾਈਆਂ ਘੱਟ ਹੋਣ। ਮਿੱਠਾ, ਫੈਟ ਅਤੇ ਮਸਾਲੇਦਾਰ ਭੋਜਨ ਨਹੀਂ ਖਾਣਾ ਚਾਹੀਦਾ। ਰੋਟੀ ਅਤੇ ਚਾਵਲ ਘੱਟ ਤੋਂ ਘੱਟ ਖਾਓ। ਪੇਟ ਭਰਨ ਲਈ ਜ਼ਿਆਦਾ ਪਾਣੀ ਅਤੇ ਸਲਾਦ ਦੀ ਵਰਤੋਂ ਕਰਨੀ ਚਾਹੀਦੀ ਹੈ। ਸਲਾਦ ਵਿੱਚ ਟਮਾਟਰ, ਖੀਰਾ, ਕੱਕੜੀ, ਗਾਜਰ, ਮੂਲੀ ਅਤੇ ਪੱਤ-ਗੋਭੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਜਿਵੇਂ ਮੋਟਾ ਹੋਣ ’ਤੇ ਕਈ ਸਾਲ ਲੱਗਦੇ ਹਨ, ਉਸੇ ਤਰ੍ਹਾਂ ਭਾਰ ਘਟਾਉਣ ’ਤੇ ਵੀ ਲੰਮਾ ਸਮਾਂ ਲੱਗ ਜਾਂਦਾ ਹੈ। ਜੇਕਰ ਤੁਸੀਂ ਹਮੇਸ਼ਾ ਫਿੱਟ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਜ਼ਿੰਦਗੀ ਦੇ ਨਿਯਮ ਵੀ ਸਖਤ ਬਣਾਉਣੇ ਪੈਣਗੇ। ਜਿਹੜੇ ਲੋਕ ਸਰੀਰਕ ਮਿਹਨਤ ਨਹੀਂ ਕਰਦੇ ਉਨ੍ਹਾਂ ਨੂੰ ਨਿਯਮਤ ਰੂਪ ਵਿੱਚ ਖੇਡਣ, ਕਸਰਤ, ਸੈਰ, ਯੋਗ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਆਪਣੇ ਸਰੀਰ ਦੀ ਬਿਨਾਂ ਨਾਗਾ ਪਾਏ ਹਰ ਰੋਜ਼ ਸੰਭਾਲ ਕਰਨੀ ਚਾਹੀਦੀ ਹੈ। ਬਜ਼ਾਰੂ ਖਾਣਾ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਘਰ ਦੀ ਬਣੀ ਖੁਰਾਕ ਖਾਣੀ ਚਾਹੀਦੀ ਹੈ। ਤਲੀਆਂ, ਮਸਾਲੇਦਾਰ, ਜ਼ਿਆਦਾ ਮਿੱਠੀਆਂ, ਜੰਕ ਫੂਡ, ਫਾਸਟ ਫੂਡ ਖਾਣ ਤੋਂ ਬਚਣਾ ਚਾਹੀਦਾ ਹੈ। ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਨਿਯਮਤ ਕਰ ਲਈਏ ਅਤੇ ਸਿਹਤ ਪ੍ਰਤੀ ਸਮਰਪਿਤ ਹੋ ਜਾਈਏ ਤਾਂ ਭਾਰ ਵਧਣ ਦੀ ਸਮੱਸਿਆ ਆਉਂਦੀ ਹੀ ਨਹੀਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4581)
(ਸਰੋਕਾਰ ਨਾਲ ਸੰਪਰਕ ਲਈ: (