“ਔਰਤ ਦੀ ਜ਼ਿੰਦਗੀ ਵਿੱਚ ਮਰਦ ਨਾਲੋਂ ਬਹੁਤ ਵੱਖਰੇ ਪੜਾਅ ਆਉਂਦੇ ਹਨ। ਔਰਤ ਬਚਪਨ ਵਿੱਚ ਆਪਣੇ ...”
(6 ਨਵੰਬਰ 2024)
ਇਹ ਆਮ ਦੇਖਿਆ ਗਿਆ ਹੈ ਕਿ ਦੇਸ਼ ਬਿਦੇਸ਼ ਵਿੱਚ ਔਰਤਾਂ ਮਾਨਸਿਕ ਤੌਰ ’ਤੇ ਜ਼ਿਆਦਾ ਬਿਮਾਰ ਹੁੰਦੀਆਂ ਹਨ। ਬਹੁਤ ਸਾਰੇ ਸਰਵੇ ਇਸਦੇ ਗਵਾਹ ਹਨ ਕਿ ਸਾਡੇ ਦੇਸ਼ ਦੇ ਪਿੰਡਾਂ ਵਿੱਚ ਔਰਤਾਂ ਨੂੰ ਮਾਨਸਿਕ ਵਿਕਾਰ ਜ਼ਿਆਦਾ ਘੇਰਦੇ ਰਹੇ ਹਨ। ਪੰਜਾਬ ਦੇ ਪਿੰਡਾਂ ਅਤੇ ਪਛੜੇ ਇਲਾਕਿਆਂ ਵਿੱਚ ਹਰ ਪੰਜਵੀਂ ਔਰਤ (19%) ਕਿਸੇ ਨਾ ਕਿਸੇ ਮਾਨਸਿਕ ਸਮੱਸਿਆ ਨਾਲ ਜੂਝ ਰਹੀ ਹੁੰਦੀ ਹੈ। ਭਾਵੇਂ ਇਹ ਰੋਗ ਗੰਭੀਰ ਨਾ ਵੀ ਹੋਵੇ ਪਰ ਦੂਸਰੇ ਪਾਸੇ ਮਰਦਾਂ ਦੀ ਗਿਣਤੀ ਇਹਨਾਂ ਦੇ ਮੁਕਾਬਲੇ 12 ਫੀਸਦੀ ਹੀ ਵੇਖੀ ਗਈ ਹੈ। ਚਿੰਤਾ ਰੋਗ ਅਤੇ ਡਿਪਰੈਸ਼ਨ ਦੇ ਸੰਬੰਧ ਵਿੱਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਦੁੱਗਣੀ ਹੈ। ਹਿਸਟੀਰੀਆ ਤੇ ਸੀਜ਼ੋਫਰੀਨਿਆ ਆਦਿ ਗੰਭੀਰ ਮਾਨਸਿਕ ਵਿਕਾਰਾਂ ਦੀ ਨੀਂਹ ਔਰਤਾਂ ਵਿੱਚ 20 ਤੋਂ 30 ਸਾਲ ਦੀ ਉਮਰ ਵਿੱਚ ਰੱਖੀ ਜਾਂਦੀ ਹੈ। ਜਿਨ੍ਹਾਂ ਦੇਸ਼ਾਂ ਨੂੰ ਅਸੀਂ ਬਹੁਤ ਤਰੱਕੀ ਜ਼ਾਫਤਾ ਮੰਨਦੇ ਹਾਂ, ਉਹਨਾਂ ਦੇ ਵਾਸੀ ਵੀ ਮਾਨਸਿਕ ਰੋਗਾਂ ਤੋਂ ਨਹੀਂ ਬਚ ਸਕੇ। ਅਮਰੀਕਾ ਵਿੱਚ 2021 ਵਿੱਚ ਕੀਤੇ ਸਰਵੇ ਦੱਸਦੇ ਹਨ ਕਿ ਉੱਥੇ 18 ਸਾਲ ਉਮਰ ਦੇ 57.8 ਮਿਲੀਅਨ ਬਾਲਗਾਂ ਵਿੱਚੋਂ 22.8% ਕਿਸੇ ਨਾ ਕਿਸੇ ਮਾਨਸਿਕ ਰੋਗ ਤੋਂ ਪੀੜਤ ਸਨ। ਇਹਨਾਂ ਵਿੱਚੋਂ 27.2% ਔਰਤਾਂ ਸਨ ਅਤੇ ਮਰਦ 18.1% ਸਨ। ਭਾਵ ਇੱਥੇ ਵੀ ਔਰਤਾਂ ਦੀ ਗਿਣਤੀ ਜ਼ਿਆਦਾ ਹੈ। ਅਮਰੀਕਾ ਦੀ ਮਾਨਸਿਕ ਸਿਹਤ ਨਾਲ ਸੰਬੰਧਿਤ ਕੌਮੀ ਸੰਸਥਾ (NIMH) ਨੇ ਵੀ ਇਹਨਾਂ ਅੰਕੜਿਆਂ ’ਤੇ ਆਪਣੀ ਮੋਹਰ ਲਾਈ ਹੈ। ਕਨੇਡਾ ਵਰਗੇ ਦੇਸ਼ ਵਿੱਚ ਵੀ ਬਹੁਤ ਸਾਰੇ ਮਨੋਵਿਗਿਆਨਕ ਸਰਵੇ ਕੀਤੇ ਗਏ। ਉਹਨਾਂ ਦੇ ਨਤੀਜੇ ਵੀ ਇਸੇ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਔਰਤਾਂ (ਖਾਸ ਕਰਕੇ ਪੰਜਾਬੀ ਔਰਤਾਂ) ਮਰਦਾਂ ਨਾਲੋਂ ਜ਼ਿਆਦਾ ਮਾਨਸਿਕ ਰੋਗਾਂ ਨਾਲ ਗ੍ਰਸਤ ਹਨ। ਇਹ ਵੀ ਦੇਖਿਆ ਗਿਆ ਹੈ ਕਿ ਸਾਡੇ ਦੇਸ਼ ਵਿੱਚ ਮਾਨਸਿਕ ਰੋਗਾਂ ਦੇ ਸ਼ਿਕਾਰ ਔਰਤਾਂ ਤੇ ਮਰਦਾਂ ਵਿੱਚੋਂ 80% ਲੋਕ ਕਿਸੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਕੋਲ ਨਹੀਂ ਜਾਂਦੇ। ਪੁਰਾਣੇ ਜ਼ਮਾਨੇ ਵਿੱਚ ਇਹਨਾਂ ਦਾ ਇਲਾਜ ਆਮ ਕਰਕੇ ਅਨਪੜ੍ਹ ਸਾਧਾਂ ਸੰਤਾ ਜਾਂ ਭੂਤ ਕੱਢਣ ਵਾਲੇ ਚੇਲਿਆਂ ਆਦਿ ਤੋਂ ਧਾਗੇ ਤਬੀਤ ਲੈ ਕੇ ਕੀਤਾ ਜਾਂਦਾ ਰਿਹਾ ਹੈ। ਬਚਪਨ ਵਿੱਚ ਅਸੀਂ ਪਿੰਡਾਂ ਵਿੱਚ ਵੇਖਦੇ ਰਹੇ ਹਾਂ ਕਿ ਇਹ ਚੇਲੇ ਕਈ ਵਾਰੀ ਔਰਤਾਂ ’ਤੇ ਬਹੁਤ ਅੱਤਿਆਚਾਰ ਕਰਦੇ ਅਤੇ ਉਹਨਾਂ ਦੇ ਸਰੀਰ ਨਾਲ ਵੀ ਖੇਡਦੇ। ਉਹਨਾਂ ਨੂੰ ਲਾਲ ਮਿਰਚਾਂ ਦੀਆਂ ਧੂਣੀਆਂ ਦਿੱਤੀਆਂ ਜਾਂਦੀਆਂ ਸਨ। ਇਹ ਸਾਰੀ ਖੇਡ ਭੂਤ ਜਾਂ ਚੁੜੇਲ ਨੂੰ ਕੱਢਣ ਦੇ ਨਾਂ ’ਤੇ ਖੇਡੀ ਜਾਂਦੀ ਸੀ। ਬਾਕੀ ਪਰਿਵਾਰਕ ਮੈਂਬਰ ਅਨਪ੍ਹੜ ਹੋਣ ਕਰਕੇ ਸਹਿਮੇ ਹੋਏ, ਬੇਵੱਸ ਹੋਏ ਦੇਖਦੇ ਵੀ ਅਤੇ ਜਰਦੇ ਵੀ ਸਨ। ਜੇਕਰ ਉਹਨਾਂ ਦਾ ਤਸ਼ੱਦਦ ਵੀ ਕੁਝ ਨਾ ਸੰਵਾਰ ਸਕਦਾ ਤਾਂ ਉੱਚਿਆਂ ਪਹਾੜਾਂ ’ਤੇ ਬਣੇ ਵੱਡੇ ਡੇਰਿਆਂ ਕੋਲੋਂ ਇਹਨਾਂ ਦਾ ਇਲਾਜ ਲੱਭਿਆ ਜਾਂਦਾ ਰਿਹਾ ਹੈ। ਪਹਾੜੀ ਝਰਨਿਆਂ ਦੀ ਪਾਣੀ ਦੀ ਭਾਰੀ ਧਾਰ ਹੇਠ ਕਰ ਦਿੱਤਾ ਜਾਂਦਾ, ਜਿਸ ਨਾਲ ਮਰੀਜ਼ ਨੂੰ ਕੁਝ ਦੇਰ ਅਰਾਮ ਮਿਲਦਾ ਪਰ ਕੁਝ ਸਮੇਂ ਪਿੱਛੋਂ ਫਿਰ ਉਹ ਪਹਿਲਾਂ ਵਾਲੀ ਹਾਲਤ ਵਿੱਚ ਪਹੁੰਚ ਜਾਂਦਾ। ਅਸਲ ਵਿੱਚ ਇਹਨਾਂ ਰੋਗਾਂ ਨੂੰ ਕੋਈ ਰੋਗ ਹੀ ਨਹੀਂ ਸਮਝਦਾ ਸੀ ਸਗੋਂ ਇਹਨਾਂ ਨੂੰ ਬਾਹਰਲੀਆ ਕਸਰਾਂ ਨਾਲ ਜੋੜ ਕੇ ਵੇਖਿਆ ਜਾਂਦਾ ਸੀ। ਜਿਵੇਂ ਜਿਵੇਂ ਵਿਗਿਆਨ ਤੇ ਮਨੋਵਿਗਿਆਨ ਦਾ ਗਿਆਨ ਵਧਿਆ, ਹੁਣ ਇਹਨਾਂ ਰੋਗਾਂ ਨੂੰ ਮਾਨਸਿਕ ਰੋਗ ਸਮਝਕੇ ਇਲਾਜ ਕੀਤਾ ਜਾਣ ਲੱਗਾ ਹੈ।
ਉਪਰੋਕਤ ਅੰਕੜੇ ਇਹ ਗੱਲ ਨੂੰ ਸਿੱਧ ਕਰਦੇ ਹਨ ਕਿ ਔਰਤਾਂ ਮਰਦਾਂ ਨਾਲੋਂ ਵੱਧ ਗਿਣਤੀ ਵਿੱਚ ਮਾਨਸਿਕ ਰੋਗਾਂ ਦੀਆਂ ਸ਼ਿਕਾਰ ਹੁੰਦੀਆਂ ਰਹੀਆਂ ਹਨ। ਇਸਦਾ ਕਾਰਨ ਔਰਤਾਂ ਦਾ ਬਚਪਨ ਤੋਂ ਪਾਲਣ-ਪੋਸਣ ਦਾ ਢੰਗ, ਆਲਾ-ਦੁਆਲਾ, ਮਾਪਿਆਂ ਅਤੇ ਸਹੁਰਿਆਂ ਦਾ ਉਹਨਾਂ ਪ੍ਰਤੀ ਰਵਈਆ, ਸਮਾਜ ਦਾ ਉਹਨਾਂ ਪ੍ਰਤੀ ਵਿਵਹਾਰ ਜਾਂ ਸਮਾਜਿਕ ਵਿਤਕਰਾ ਅਤੇ ਮਰਦ ਪ੍ਰਧਾਨ ਪਰਿਵਾਰਕ ਸੰਗਠਨ ਆਦਿ ਕਾਰਕ ਇਸਦੇ ਜ਼ਿੰਮੇਵਾਰ ਬਣਦੇ ਹਨ। ਸਾਡੇ ਦੇਸ਼ ਵਿੱਚ ਕੁਝ ਪਰਿਵਾਰ ਅਨਪੜ੍ਹਤਾ ਕਾਰਨ ਲੜਕੀ ਨੂੰ ਅਜੇ ਵੀ ਲੜਕੇ ਨਾਲੋਂ ਘਟੀਆ, ਪੱਥਰ, ਬੋਝ, ਪਰਾਈ ਆਦਿ ਸਮਝਕੇ ਹੀ ਪਾਲਦੇ ਹਨ। ਉਸਦੇ ਖੰਭ ਬਚਪਨ ਤੋਂ ਹੀ ਕੱਟਣੇ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਉਹਨਾਂ ਦੇ ਹੁਕਮ ਤੋਂ ਬਿਨਾਂ ਉਹ ਜ਼ਿੰਦਗੀ ਦੀ ਕਿਸੇ ਵੀ ਪਰਵਾਜ਼ ਲਈ ਪਰ ਨਾ ਖੋਲ੍ਹ ਸਕੇ, ਸਗੋਂ ਇੱਕ ਇੱਕ ਕਦਮ ਉਹਨਾਂ ਦੀ ਆਗਿਆ ਨਾਲ ਹੀ ਚੁੱਕੇ। ਇਸਦੇ ਉਲਟ ਲੜਕੇ ਨੂੰ ਉਸ ਦੇ ਮੁਕਾਬਲੇ ਹਰ ਤਰ੍ਹਾਂ ਦੀ ਖੁੱਲ੍ਹ ਦੇ ਛੱਡਦੇ ਹਨ, ਜਿਹੜੀ ਕਿ ਕਈ ਵਾਰੀ ਉਹਨਾਂ ਨੂੰ ਵਿਗਾੜਨ ਵਿੱਚ ਪੂਰਾ ਰੋਲ ਅਦਾ ਕਰਦੀ ਹੈ।
ਘੱਟ ਵਿਕਸਿਤ ਅਤੇ ਅਨਪੜ ਪਰਿਵਾਰਾਂ ਵਿੱਚ ਲੜਕੀਆਂ ਨਾਲ ਅਜੇ ਵੀ ਖਾਣੇ ਵਿੱਚ ਅਤੇ ਹੋਰ ਵਰਤ-ਵਰਤਾਰੇ ਵਿੱਚ ਵੀ ਫਰਕ ਕੀਤਾ ਜਾਂਦਾ ਹੈ। ਅਜੇ ਵੀ ਇਹੀ ਸੋਚਿਆ ਜਾਂਦਾ ਹੈ ਕਿ ਕੁੜੀਆਂ ਤਾਂ ਬਿਗਾਨਾ ਧੰਨ ਹੈ, ਘਰ ਲਈ ਕਮਾਈ ਤਾਂ ਲੜਕਿਆਂ ਨੇ ਹੀ ਕਰਨੀ ਹੈ। ਉਹ ਇਸ ਗੱਲ ਤੋਂ ਅਵੇਸਲੇ ਰਹਿੰਦੇ ਹਨ ਕਿ ਲੜਕੀ ਨੇ ਤਾਂ ਪੂਰੇ ਪਰਿਵਾਰ ਦਾ ਭਾਰ ਚੁੱਕਣਾ ਹੁੰਦਾ ਹੈ। ਲੜਕੀਆਂ ਨੂੰ ਹੋਰ ਸਹੂਲਤਾਂ ਦੇਣ ਵੇਲੇ ਵੀ ਵੀਹ ਵਾਰੀ ਸੋਚਿਆ ਜਾਂਦਾ ਹੈ। ਹਮੇਸ਼ਾ ਇਹ ਹੀ ਸੋਚਿਆ ਜਾਂਦਾ ਹੈ ਕਿ ਜੇ ਲੜਕੀ ਘਰੋਂ ਬਾਹਰ ਗਈ ਤਾਂ ਵਿਗੜ ਜਾਵੇਗੀ ਪਰ ਲੜਕੇ ਬਾਰੇ ਇਸ ਤਰ੍ਹਾਂ ਨਹੀਂ ਸੋਚਿਆ ਜਾਂਦਾ। ਜ਼ਿਹਨੀ ਤੌਰ ’ਤੇ ਲੜਕੀ ਸਾਰੀ ਜ਼ਿੰਦਗੀ ਪੇਕੇ-ਸਹੁਰੇ ਪਰਾਈ ਰਹਿੰਦੀ ਹੈ। ਜਵਾਨ ਹੋਈ ਲੜਕੀ ਨਾਲ ਬਾਹਰ ਜਾਣ ਵੇਲੇ ਸੱਤ-ਅੱਠ ਸਾਲ ਦੇ ਭਰਾ ਨੂੰ ਉਸ ਦੀ ਰੱਖਿਆ ਲਈ ਭੇਜਿਆ ਜਾਂਦਾ ਹੈ, ਉਸ ਦਾ ਆਤਮ ਵਿਸ਼ਵਾਸ ਤੇ ਸਵੈ-ਮਾਣ ਬਣਨ ਹੀ ਨਹੀਂ ਦਿੱਤਾ ਜਾਂਦਾ। ਲੜਕੀ ਲਈ ਮਾਨਸਿਕ ਰੋਗਾਂ ਦੀ ਨੀਂਹ ਅਸੀਂ ਬਚਪਨ ਵਿੱਚ ਹੀ ਉਸਦੇ ਜ਼ਿਹਨ ਵਿੱਚ ਰੱਖ ਦਿੰਦੇ ਹਾਂ। ਗਰੀਬ ਤੇ ਅਨਪੜ੍ਹ ਪ੍ਰਵਾਰਾਂ ਵਿੱਚ ਲੜਕੀਆਂ ਅਤੇ ਔਰਤਾਂ ਨਾਲ ਮਰਦਾਂ ਵੱਲੋਂ ਗ਼ਾਲੀ ਗਲੋਚ ਤੇ ਕੁੱਟ ਮਾਰ ਕਰਨੀ ਆਮ ਵਰਤਾਰਾ ਹੈ। ਮਰਦ ਤਾਂ ਲੜਦੇ ਵਕਤ ਵੀ ਗ਼ਾਲਾਂ ਮਾਂ, ਧੀ, ਭੈਣ ਦੀਆਂ ਹੀ ਕੱਢਦੇ ਹਨ। ਇਹੀ ਗੱਲਾਂ ਔਰਤਾਂ ਵਿੱਚ ਮਾਨਸਿਕ ਗੁੰਝਲਾਂ ਬਣ ਜਾਂਦੀਆਂ ਹਨ, ਜਿਹੜੀਆਂ ਅੱਗੇ ਜਾਕੇ ਵੱਡੀਆਂ ਸਮੱਸਿਆਵਾਂ ਵਿੱਚ ਬਦਲ ਜਾਂਦੀਆਂ ਹਨ।
ਸਧਾਰਨ ਉਦਾਸੀ ਮਾਨਸਿਕ ਰੋਗ ਨਹੀਂ ਹੁੰਦੀ ਸਗੋਂ ਇਹ ਇੱਕ ਕੁਝ ਸਮੇਂ ਲਈ ਮਹਿਸੂਸ ਹੋ ਰਹੀ ਇੱਕ ਭਾਵਨਾ ਹੁੰਦੀ ਹੈ, ਜਿਹੜੀ ਕਿ ਸਾਰੇ ਪ੍ਰਾਣੀਆਂ ਨੂੰ ਸਮੇਂ ਸਮੇਂ ਮਹਿਸੂਸ ਹੁੰਦੀ ਹੈ ਪਰ ਇਸ ਨਾਲ ਸਾਡੇ ਰੋਜ਼ਾਨਾ ਕੰਮਕਾਰ ਜਿਵੇਂ ਪੜ੍ਹਾਈ, ਕਾਰੋਬਾਰ ਜਾਂ ਹੋਰ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਕੋਈ ਖਲਲ ਨਹੀਂ ਪੈਂਦਾ। ਇਹ ਸਧਾਰਨ ਗੱਲਬਾਤ ਨਾਲ ਹੀ ਠੀਕ ਹੋ ਸਕਦੀ ਹੈ। ਜਦੋਂ ਇਹ ਮਾਨਸਿਕ ਵਿਕਾਰ ਜਾਂ ਉਦਾਸੀ ਰੋਗ (ਡਿਪਰੈਸ਼ਨ) ਬਣਨਾ ਸ਼ੁਰੂ ਹੋ ਜਾਂਦਾ ਹੈ ਤਾਂ ਔਰਤ/ਮਰਦ ਨੂੰ ਸਹੀ ਤਰ੍ਹਾਂ ਸੋਚਣ, ਪੜ੍ਹਨ-ਲਿਖਣ, ਆਪਣੇ ਜਜ਼ਬਾਤਾਂ ’ਤੇ ਕੰਟਰੋਲ ਕਰਨ ਵਿੱਚ, ਦੂਸਰਿਆਂ ਨਾਲ ਸਹੀ ਵਿਵਹਾਰ ਕਰਨ ਵਿੱਚ, ਸਮਾਜਿਕ ਰਿਸ਼ਤੇ ਨਿਭਾਉਣ ਵਿੱਚ ਅਤੇ ਦੂਸਰਿਆਂ ਨੂੰ ਤੇ ਆਪਣੇ ਆਪ ਨੂੰ ਸਮਝਣ ਵਿੱਚ ਔਖ ਮਹਿਸੂਸ ਹੋਣ ਲਗਦੀ ਹੈ। ਇਸਦੇ ਨਾਲ ਕਈ ਸਰੀਰਕ ਲੱਛਣ ਵੀ ਪ੍ਰਗਟ ਹੋਣ ਲੱਗਦੇ ਹਨ। ਭੁੱਖ ਤੇ ਨੀਂਦਰ ਜਾਂ ਤਾਂ ਘਟ ਜਾਂਦੀ ਹੈ ਜਾਂ ਬਹੁਤ ਵਧ ਜਾਂਦੀ ਹੈ। ਰੋਜ਼ਾਨਾ ਦੇ ਕੰਮਕਾਰ ਵਿੱਚ ਦਿਲਚਸ਼ਪੀ ਘਟ ਜਾਂਦੀ ਹੈ। ਘਰ ਦੇ ਮੈਂਬਰਾਂ ਨਾਲ ਤੇ ਮਿੱਤਰਾਂ ਦੋਸਤਾਂ ਵਿੱਚ ਵੀ ਲਗਾ ਨਹੀਂ ਰਹਿੰਦਾ। ਮਾਨਸਿਕ ਤੇ ਸਰੀਰਕ ਸੰਤੁਲਨ ਵੀ ਵਿਗੜਨ ਲਗਦਾ ਹੈ। ਉਸ ਦੇ ਅੰਦਰ ਆਪਣੇ ਆਪ ਲਈ ਅਤੇ ਦੂਸਰਿਆਂ ਲਈ ਖਤਰਨਾਕ ਰੁਝਾਨ ਪੈਦਾ ਹੋਣ ਲਗਦੇ ਹਨ। ਇਹ ਸਭ ਕੁਝ ਉਦਾਸੀ ਰੋਗ ਦੀਆਂ ਪਹਿਲੀਆਂ ਸਟੇਜਾਂ ਵਿੱਚ ਔਰਤਾਂ ਵਿੱਚ ਜਲਦੀ ਪ੍ਰਗਟ ਹੋਣ ਲਗਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਮ ਕਰਕੇ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ। ਜੇਕਰ ਇਹ ਵਿਕਾਰ ਦੋ ਜਾਂ ਤਿੰਨ ਹਫਤਿਆਂ ਤੋਂ ਜ਼ਿਆਦਾ ਸਮਾਂ ਚੱਲੇ ਤਾਂ ਕਿਸੇ ਮਨੋ-ਵਿਗਿਆਨੀ ਜਾਂ ਮਨੋ-ਚਕਿਸਤਕ ਦੀ ਲੋੜ ਪੈ ਸਕਦੀ ਹੈ ਕਿਉਂਕਿ ਰੋਗੀ ਅਕੇਵਾਂ, ਥਕੇਵਾਂ, ਨਿਰਾਸ਼ਤਾ, ਨਮੋਸ਼ੀ, ਨੀਂਦ ਤੇ ਭੁੱਖ ਘਟਣਾ ਜਾਂ ਬਹੁਤ ਵਧ ਜਾਣਾ, ਯਾਦਦਾਸ਼ਤ ਘਟਣਾ, ਛੋਟੇ ਮੋਟੇ ਫੈਸਲੇ ਨਾ ਕਰ ਸਕਣਾ ਆਦਿ ਮਹਿਸੂਸ ਕਰਨ ਲਗਦਾ ਹੈ। ਰੋਗੀ ਔਰਤ ਹਮੇਸ਼ਾ ਉਦਾਸੀ ਅਤੇ ਗੰਭੀਰ ਮੂਡ ਵਿੱਚ ਰਹਿਣ ਲਗਦੀ ਹੈ। ਉਸਦੀ ਯਾਦਦਾਸ਼ਤ ਘਟਣ ਲਗਦੀ ਹੈ। ਔਰਤ ਜਵਾਨੀ ਵਿੱਚ ਹੀ ਬੁਢਾਪਾ ਮਹਿਸੂਸ ਕਰਨ ਲਗਦੀ ਹੈ। ਜ਼ਿੰਦਗੀ ਵਿੱਚ ਉਸਦੀ ਦਿਲਚਸਪੀ ਘਟਣ ਲਗਦੀ ਹੈ। ਜੇਕਰ ਇਲਾਜ ਨਾ ਕਰਾਇਆ ਜਾਵੇ ਤਾਂ ਇਹ ਰੋਗ ਹੌਲੀ ਹੌਲੀ ਗੰਭੀਰ ਹੁੰਦਾ ਜਾਂਦਾ ਹੈ। ਇਸਦੇ ਕਾਰਨ ਸਰੀਰਕ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈੱਸ਼ਰ, ਸ਼ੱਕਰ ਰੋਗ ਅਤੇ ਪਹਿਲਾਂ ਲੱਗੀਆਂ ਹੋਰ ਬਿਮਾਰੀਆਂ ਵੀ ਗੰਭੀਰ ਹੋਣ ਲੱਗਦੀਆਂ ਹਨ। ਪਰ ਰੋਗੀ ਦਾ ਇਹਨਾਂ ਵਲ ਧਿਆਨ ਹੀ ਨਹੀਂ ਜਾਂਦਾ ਸਗੋਂ ਉਹ ਹਰ ਤਰ੍ਹਾਂ ਅਨਿਯਮਤ ਹੋਣ ਲਗਦੀ/ਲਗਦਾ ਹੈ। ਆਤਮ ਵਿਸ਼ਵਾਸ ਬਿਲਕੁਲ ਨਹੀਂ ਰਹਿੰਦਾ, ਹਰ ਗੱਲ ਵਿੱਚ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨਾ, ਇਕਾਗਰਤਾ ਘਟਣੀ, ਬੇਵਸੀ ਤੇ ਨਮੋਸ਼ੀ ਦੀ ਭਾਵਨਾ ਪੈਦਾ ਹੋਣਾ ਆਦਿ।
ਕਈ ਵਾਰੀ ਔਰਤਾਂ ਨੂੰ ਗੰਭੀਰ ਮਾਨਸਿਕ ਰੋਗ ਕਾਰਨ ਸਰੀਰ ਦੇ ਕਈ ਅੰਗਾਂ ਵਿੱਚ ਰੁਮਾਂਟਿਕ ਪੀੜਾ ਮਹਿਸੂਸ ਹੁੰਦੀਆਂ ਹਨ ਜਿਹਨਾਂ ਦਾ ਕੋਈ ਕਾਰਨ ਸਰੀਰਕ ਟੈਸਟਾਂ ਵਿੱਚ ਵੀ ਨਹੀਂ ਲੱਭਦਾ। ਹਮੇਸ਼ਾ ਘਬਰਾਹਟ ਮਹਿਸੂਸ ਹੋਣ ਲਗਦੀ ਹੈ। ਬਹੁਤੇ ਵਿਕਸਿਤ ਦੇਸ਼ਾਂ ਵਿੱਚ ਤਾਂ ਔਰਤਾਂ ਮਰਦਾ ਵਾਂਗ ਹੀ ਬਹੁਤੇ ਨਸ਼ਿਆਂ ਵੱਲ ਵੀ ਹੋ ਤੁਰਦੀਆਂ ਹਨ, ਸਾਡੇ ਦੇਸ਼ ਵਿੱਚ ਇਹ ਘੱਟ ਵਾਪਰਦਾ ਹੈ, ਪਰ ਆਪਣੇ ਆਪ ਵਿੱਚ ਹੀ ਕੁੜ੍ਹਦੀਆਂ ਰਹਿੰਦੀਆਂ ਹਨ। ਰੋਗੀ ਔਰਤ ਆਮ ਲੋਕਾਂ ਵਿੱਚ ਵਿਚਰਣ ਤੋਂ ਗੁਰੇਜ਼ ਕਰਨ ਲਗਦੀ ਹੈ। ਸਮੇਂ ਸਮੇਂ ਹਿਸਟਿਰੀਆ ਦੇ ਦੌਰੇ ਵੀ ਪੈਣ ਲੱਗਦੇ ਹਨ। ਜਲਦੀ ਭੜਕ ਪੈਣਾ, ਹੱਸਦਿਆਂ ਹੱਸਦਿਆਂ ਅਚਾਨਕ ਉੱਚੀ ਰੋਣ ਲੱਗ ਜਾਣਾ ਜਾਂ ਤਰ੍ਹਾਂ ਤਰ੍ਹਾਂ ਦੀਆਂ ਅਜੀਬ ਅਵਾਜ਼ਾਂ ਸੁਣਾਈ ਦੇਣੀਆਂ ਆਦਿ। ਜ਼ਿੰਦਗੀ ਬੋਝ ਮਹਿਸੂਸ ਹੋਣ ਲਗਦੀ ਹੈ ਤੇ ਕਈ ਵਾਰੀ ਖੁਦਕੁਸ਼ੀ ਦੇ ਵਿਚਾਰ ਵੀ ਆਉਣ ਲੱਗਦੇ ਹਨ।
ਔਰਤ ਦੀ ਜ਼ਿੰਦਗੀ ਵਿੱਚ ਮਰਦ ਨਾਲੋਂ ਬਹੁਤ ਵੱਖਰੇ ਪੜਾਅ ਆਉਂਦੇ ਹਨ। ਔਰਤ ਬਚਪਨ ਵਿੱਚ ਆਪਣੇ ਮਾਪਿਆਂ ਦੇ ਦਬਾਅ ਹੇਠ ਰਹਿੰਦੀ ਹੈ, ਜਵਾਨੀ ਵੇਲੇ ਭਰਾ ਉਸ ਨੂੰ ਆਪਣੀ ਨਿਗਰਾਨੀ ਵਿੱਚ ਰੱਖਦੇ ਹਨ, ਵਿਆਹ ਤੋਂ ਬਾਅਦ ਪਤੀ-ਪਰਮੇਸ਼ਰ ਬਣਿਆ ਰਹਿੰਦਾ ਹੈ ਅਤੇ ਬੁਢਾਪਾ ਪੁੱਤਰਾਂ ਦੇ ਦਬਾਅ ਹੇਠ ਕੱਟਦੀ ਹੈ। ਹਰ ਸਟੇਜ ’ਤੇ ਮਰਦ ਦੀ ਪ੍ਰਧਾਨਗੀ ਚਲਦੀ ਹੈ। ਭਾਵੇਂ ਹੁਣ ਇਹ ਵਰਤਾਰਾ ਵਿੱਦਿਆ ਦੇ ਚਾਨਣ ਨਾਲ ਕੁਝ ਸੁਧਰ ਰਿਹਾ ਹੈ ਪਰ ਫਿਰ ਵੀ ਇਸਦੇ ਪ੍ਰਭਾਵ ਨੂੰ ਨਕਾਰਿਆ ਨਹੀਂ ਜਾ ਸਕਦਾ। ਨੈਸ਼ਨਲ ਫੈਮਲੀ ਹੈਲਥ ਸਰਵੇ 2019-21 ਮੁਤਾਬਕ ਅਜੇ ਵੀ 30% ਔਰਤਾਂ ਕਦੇ ਨਾ ਕਦੇ ਮਰਦਾਂ ਦੀ ਮਾਰ-ਕੁੱਟ ਦਾ ਸ਼ਿਕਾਰ ਹੁੰਦੀਆਂ ਹਨ, ਜਿਸ ਕਾਰਨ ਉਹ ਚਿੰਤਾ-ਰੋਗ ਅਤੇ ਉਦਾਸੀ ਰੋਗ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ।
ਔਰਤ ਗਰਭ ਧਾਰਨ ਕਰਨ ਤੋਂ ਲੈ ਕੇ ਬੱਚੇ ਦੇ ਜਨਮ ਤਕ ਬਹੁਤ ਗੰਭੀਰ ਪੜਾਵਾਂ ਵਿੱਚੋਂ ਗੁਜ਼ਰਦੀ ਹੈ। ਸਾਡੇ ਸਮਾਜ ਵਿੱਚ ਉਸ ਨੂੰ ਲੜਕਾ-ਲੜਕੀ ਦੇ ਵਿਚਾਰ ਹੀ ਘੇਰੀ ਰੱਖਦੇ ਹਨ ਜਦੋਂ ਕਿ ਉਸਦੇ ਆਲੇ ਦੁਆਲੇ ਲੜਕੇ ਦੀਆਂ ਅਵਾਜ਼ਾਂ ਗੂੰਜਦੀਆਂ ਰਹਿੰਦੀਆਂ ਹਨ। ਇਹ ਵਰਤਾ ਵੀ ਉਸ ਨੂੰ ਡਿਪਰੈਸ਼ਨ ਵਲ ਲੈ ਕੇ ਜਾਂਦਾ ਹੈ। ਬੱਚਿਆਂ ਦਾ ਪਾਲਣ-ਪੋਸਣ, ਬਜ਼ੁਰਗਾਂ ਦੀ ਸਾਭ-ਸੰਭਾਲ, ਘਰ-ਰਸੋਈ ਦੇ ਕੰਮ ਵੀ ਉਸਦੀ ਬਾਹਰਲੀ ਨੌਕਰੀ ਤੋਂ ਇਲਾਵਾ ਉਸਦੀ ਸਿਰਦਰਦੀ ਬਣਿਆ ਰਹਿੰਦਾ ਹੈ। ਸਾਡੇ ਦੇਸ਼ ਵਿੱਚ ਬਹੁਤੀਆਂ ਔਰਤਾਂ ਨੂੰ ਪੜ੍ਹਾਈ ਅਤੇ ਰੁਜ਼ਗਾਰ ਦੇ ਸੀਮਤ ਮੌਕੇ ਮਿਲਦੇ ਹਨ, ਜਿਸ ਕਾਰਨ ਉਸ ਦੇ ਆਤਮ ਵਿਸ਼ਵਾਸ ਅਤੇ ਹਾਉਮੈ ਨੂੰ ਸੱਟ ਵੱਜਦੀ ਹੈ। ਇਸ ਨਾਲ ਉਸਦੀ ਸੁਰਤ ਢਹਿੰਦੀ ਕਲਾ ਵੱਲ ਜਾਂਦੀ ਹੈ।
ਮੀਨੋਪਾਜ਼ ਦਾ ਸਮਾਂ ਔਰਤ ਲਈ ਬਹੁਤ ਹੀ ਸੰਵੇਦਨਸ਼ੀਲ ਪੜਾਅ ਹੁੰਦਾ ਹੈ। ਉਸ ਸਮੇਂ ਵਿੱਚ ਉਸ ਦੇ ਸਰੀਰਕ ਢਾਂਚੇ ਵਿੱਚ ਬਦਲਾਅ ਦੇ ਨਾਲ ਨਾਲ ਬਹੁਤ ਸਾਰੇ ਮਾਨਸਿਕ ਵਿਕਾਰ ਵੀ ਸ਼ੁਰੂ ਹੋ ਜਾਂਦੇ ਹਨ। ਹਾਰਮੋਨਜ਼ ਵਿੱਚ ਅਸੰਤੁਲਨ ਪੈਦਾ ਹੋਣ ਨਾਲ ਕਈ ਵਾਰੀ ਉਸ ਨੂੰ ਉਦਾਸੀ ਦੇ ਨਾਲ ਹਿਸਟੀਰੀਆਂ ਦੇ ਦੌਰੇ ਵੀ ਪੈਂਦੇ ਹਨ। ਇਹ ਦੌਰ ਪੰਜਤਾਲੀ ਸਾਲ ਦੀ ਉਮਰ ਤੋਂ ਪੰਜਾਹ ਸਾਲ ਦੀ ਉਮਰ ਤਕ ਵੀ ਚੱਲ ਸਕਦਾ ਹੈ। ਤਲਾਕ-ਸ਼ੁਦਾ ਅਤੇ ਵਿਧਵਾ ਔਰਤਾਂ ਸਮਾਜ ਦੇ ਤਾਹਨੇ-ਮਿਹਣਿਆਂ ਦਾ ਸ਼ਿਕਾਰ ਹੋਈਆਂ ਰਹਿੰਦੀਆਂ ਹਨ। ਬਹੁਤ ਸਾਰੇ ਸਮਾਜਿਕ ਰੀਤੀ-ਰਿਵਾਜ਼ਾਂ ਅਤੇ ਰਸਮਾਂ ਵੇਲੇ ਉਹਨਾਂ ਨੂੰ ਨਹਿਸ਼ ਸਮਝਕੇ ਗੁਸਤਾਖ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ, ਜਿਸ ਕਾਰਨ ਉਹਨਾਂ ਦੇ ਮਾਨਸਿਕ ਢਾਂਚੇ ’ਤੇ ਬਹੁਤ ਡੂੰਘੀਆਂ ਦੁਖਦਾਈ ਲਕੀਰਾਂ ਖਿਚੀਆਂ ਜਾਂਦੀਆਂ ਹਨ, ਜਿਹੜੀਆਂ ਅੰਦਰੋਂ-ਅੰਦਰੀ ਉਹਨਾਂ ਨੂੰ ਖਾਈ ਜਾਂਦੀਆਂ ਹਨ ਜੋ ਕਿ ਮਾਨਸਿਕ ਸਿਹਤ ਲਈ ਘਾਤਕ ਸਿੱਧ ਹੁੰਦੀਆਂ ਹਨ।
ਵੱਖਰੇ ਵੱਖਰੇ ਖੇਤਰਾਂ ਵਿੱਚ ਵਿਚਰਦੀਆਂ ਔਰਤਾਂ ਸਮਾਜਿਕ, ਆਰਥਿਕ ਤੇ ਘਰੇਲੂ ਸਮੱਸਿਆਵਾਂ ਨੂੰ ਵੱਖਰੀ ਤਰ੍ਹਾਂ ਮਹਿਸੂਸ ਕਰਦੀਆਂ ਹਨ ਅਤੇ ਵੱਖਰੀ ਤਰ੍ਹਾਂ ਦਾ ਪ੍ਰਭਾਵ ਕਬੂਲਦੀਆਂ ਹਨ। ਮੰਦਬੁੱਧੀ ਤੇ ਘੱਟ ਆਈ-ਕਿਉਂ ਵਾਲੀਆਂ ਔਰਤਾਂ ਮਾੜੇ-ਚੰਗੇ ਹਾਲਾਤ ਨੂੰ ਬਹੁਤਾ ਨਹੀਂ ਗੌਲਦੀਆਂ ਪਰ ਗੰਭੀਰ ਮਾਨਸਿਕ ਰੋਗਾਂ ਤੋਂ ਬਚੀਆਂ ਰਹਿੰਦੀਆਂ ਹਨ। ਆਮ ਔਰਤਾਂ ਲਈ ਕਈ ਵਾਰੀ ਧਾਰਮਿਕ ਕੱਟੜਤਾ ਵੀ ਮਾਨਸਿਕ ਰੋਗ ਬਣ ਜਾਂਦੀ ਹੈ। ਰਾਜਨੀਤਕ ਖੇਤਰ ਵਿੱਚ ਕੰਮ ਕਰਦੀਆਂ ਔਰਤਾਂ ਵਿੱਚ ਖਾਹਿਸ਼ਾਂ ਉੱਚੀਆਂ ਪਦਵੀਆਂ ਨਾਲ ਬੱਝੀਆਂ ਹੁੰਦੀਆਂ ਹਨ ਤੇ ਵੱਡੇ ਸੁਪਨੇ ਟੁੱਟਦੇ ਹਨ ਤਾਂ ਉਹਨਾਂ ਨੂੰ ਵੀ ਕਈ ਵਾਰੀ ਮਨੋਵਿਗਿਆਨਕਾਂ ਕੋਲ ਸਲਾਹ ਲੈਣ ਜਾਣਾ ਪੈਦਾ ਹੈ।
ਔਰਤਾਂ ਤੇ ਮਰਦ ਲੇਖਕ, ਕਵੀ, ਕਲਾਕਾਰ ਸੱਚਮੁੱਚ ਆਮ ਲੋਕਾਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਹਰ ਘਟਨਾ, ਦੁਰਘਟਨਾ ਨੂੰ ਆਮ ਲੋਕਾਂ ਨਾਲੋਂ ਜ਼ਿਆਦਾ ਤੀਬਰਤਾ ਨਾਲ ਮਹਿਸੂਸ ਕਰਦੇ ਹਨ ਅਤੇ ਉਸਦਾ ਤੀਖਣ ਪ੍ਰਭਾਵ ਕਬੂਲਦੇ ਹਨ। ਉਹ ਇਹਨਾਂ ਨੂੰ ਆਪਣੇ ਵਿਚਾਰਾਂ ਵਿੱਚ ਢਾਲ ਕੇ ਖੂਬਸੂਰਤ ਰਚਨਾਵਾਂ, ਕਲਾਕ੍ਰਿਤੀਆ ਪੈਦਾ ਕਰਦੇ ਹਨ ਪਰ ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਨਵੀਂ ਕਰੀਏਸ਼ਨ ਅਤੇ ਮਾਨਸਿਕ ਰੋਗਾਂ ਦਾ ਡੂੰਘਾ ਸੰਬੰਧ ਹੈ। ਆਮ ਅਬਾਦੀ ਵਿੱਚ ਮਾਨਸਿਕ ਰੋਗੀ ਸਿਰਫ 5% ਹੁੰਦੇ ਹਨ ਪਰ ਲੇਖਕ-ਲੇਖਕਾਵਾਂ, ਕਵੀ-ਕਵਿੱਤਰੀਆਂ, ਸਟੇਜ਼ੀ ਜਾਂ ਫਿਲਮੀ ਕਲਾਕਾਰਾਂ ਵਿੱਚ ਮਾਨਸਿਕ ਬਿਮਾਰਾਂ ਦੀ ਗਿਣਤੀ 30% ਤੋਂ 50% ਤਕ ਵੀ ਦੇਖੀ ਗਈ ਹੈ। ਕੰਮ ਦਾ ਬੋਝ, ਕੰਮ ਮਿਲਣ ਦੀ ਅਸਥਿਰਤਾ, ਭਵਿੱਖ ਦੀ ਅਨਿਸਚਤਾ, ਸਾਥੀਆਂ ਨਾਲ ਮੁਕਾਬਲੇਬਾਜ਼ੀ ਅਤੇ ਸ਼ੱਕੀ ਸੁਭਾਅ ਇਹਨਾਂ ਨੂੰ ਮਾਨਸਿਕ ਵਿਕਾਰਾਂ ਵਲ ਲੈ ਜਾਂਦੇ ਹਨ। ਬਹੁਤ ਧਨਵਾਨ ਤੇ ਮਹਾਨ ਔਰਤ ਹਸਤੀਆਂ ਵੀ ਘੋਰ ਡਿਪਰੈਸ਼ਨ ਵਿੱਚ ਘਿਰੀਆਂ ਵੇਖੀਆਂ ਗਈਆਂ ਹਨ। ਇਹ ਲੋਕ ਆਪਣੇ ਆਪ ਨੂੰ ਠੀਕ ਕਰਨ ਵਿੱਚ ਵੀ ਆਮ ਲੋਕਾਂ ਨਾਲੋਂ ਹੁਸ਼ਿਆਰ ਹੁੰਦੇ ਹਨ ਤੇ ਜਲਦੀ ਸੰਭਲ ਜਾਂਦੇ ਹਨ ਕਿਉਂਕਿ ਇਹਨਾਂ ਕੋਲ ਸਾਧਨ ਤੇ ਆਰਥਿਕ ਸਮਰੱਥਾ ਵੀ ਵੱਧ ਹੁੰਦੀ ਹੈ। ਆਮ ਜਨਤਾ ਲਈ ਇਹ ਵਿਕਾਰ ਵੱਡੀ ਸਮੱਸਿਆ ਬਣ ਜਾਂਦੇ ਹਨ।
ਔਰਤਾਂ ਵਿੱਚ ਬਹੁਤੇ ਮਾਨਸਿਕ ਵਿਕਾਰ ਜਾਂ ਰੋਗ ਚਿੰਤਾ, ਘੋਰ ਉਦਾਸੀ ਤੋਂ ਹੀ ਸ਼ੁਰੂ ਹੁੰਦੇ ਹਨ। ਫਿਰ ਹੌਲੀ ਹੌਲੀ ਖਾਣ ਪੀਣ ਨਾਲ ਸੰਬੰਧਿਤ ਵਿਕਾਰ, ਸ਼ਖਸੀਅਤ ਸੰਬੰਧੀ ਵਿਕਾਰ, ਹਿਸਟੀਰੀਆ, ਬਾਈ-ਪੋਲਰ, ਭਰਮ ਰੋਗ ਅਤੇ ਸ਼ਿਜ਼ੋਫਰੀਨੀਆ ਵਰਗੇ ਮਾਨਸਿਕ ਰੋਗਾਂ ਤਕ ਪਹੁੰਚ ਸਕਦੇ ਹਨ। ਜਿਹੜੇ ਸਧਾਰਨ ਨਿਰੌਟਿਕ ਰੋਗ ਤਾਂ ਮਨੋਵਿਗਿਆਨੀ ਰੋਗੀ ਨਾਲ ਵਾਰਤਾਲਾਪ (ਮਨੋ-ਵਿਸ਼ਲਸ਼ਣ) ਕਰਕੇ ਹੀ ਉਹਨਾਂ ਦੇ ਅੰਦਰ ਬਣੀਆਂ ਮਾਨਸਿਕ ਗੁੰਝਲਾਂ ਨੂੰ ਸੁਲਝ ਕੇ ਠੀਕ ਕਰ ਦਿੰਦੇ ਹਨ। ਘੋਰ ਡਿਪਰੈਸ਼ਨ ਅਤੇ ਵੱਡੀਆਂ ਵੱਡੀਆਂ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਮਨੋ-ਚਕਿਸਤਕ ਦਵਾਈਆਂ ਦੀ ਮਦਦ ਲੈਂਦੇ ਹਨ। ਜ਼ਿਆਦਾ ਗੰਭੀਰ ਮਾਨਸਿਕ ਰੋਗਾਂ ਲਈ ਕਈ ਵਾਰੀ ਬਿਜਲੀ ਦੇ ਹਲਕੇ ਝਟਕੇ ਵੀ ਦੇਣੇ ਪੈਂਦੇ ਹਨ। ਜੇਕਰ ਪ੍ਰਾਣੀ ਆਪ ਹੀ ਆਪਣੇ ਆਪ ਨੂੰ ਸਮਝਕੇ ਆਪਣੇ ਆਪ ਨੂੰ ਮਾਨਸਿਕ ਰੋਗਾਂ ਤੋਂ ਬਚਾਉਣਾ ਚਾਹੁੰਦਾ ਹੋਵੇ ਤਾਂ ਉਸ ਨੂੰ ਹਰ ਰੋਜ਼ ਬਣਦੀ ਕਸਰਤ ਕਰਨੀ ਜ਼ਰੂਰੀ ਹੈ। ਸਕਾਰਆਤਮਿਕ ਵਿਚਾਰ, ਸਾਦਾ ਤੇ ਪੌਸ਼ਟਕ ਭੋਜਨ, ਕਾਫੀ ਮਾਤਰਾ ਵਿੱਚ ਸਵੱਸ਼ ਪਾਣੀ ਦਾ ਸੇਵਨ ਅਤੇ ਲੋੜੀਂਦੀ ਵਧੀਆ ਨੀਂਦਰ ਆਮ ਮਨੁੱਖ ਨੂੰ ਮਾਨਸਿਕ ਰੋਗਾਂ ਤੋਂ ਬਚਾ ਸਕਦੀ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5422)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)