“ਜੇਕਰ ਮਨੁੱਖ ਨੇ ਸਹੀ ਪਾਠ ਪੜ੍ਹਿਆ ਹੁੰਦਾ ਤਾਂ ਅੱਜ ਧਾਰਮਿਕ ਸਥਾਨਾਂ ਦੀ ਗਿਣਤੀ ...”
(21 ਅਗਸਤ 2023)
ਜੰਗਲੀ ਮਨੁੱਖ ਨੇ ਸਭਿਅਕ ਹੋਣ ਵੱਲ ਜਿੰਨੇ ਕਦਮ ਪੁੱਟੇ ਹਨ, ਇਸ ਨੇ ਆਪਣੇ ਵੱਖਰੇ ਕਬੀਲੇ ਸਿਰਜਣ ਵਲ ਵੀ ਉਸ ਤੋਂ ਵੱਧ ਕਦਮ ਪੁੱਟੇ ਹਨ। ਜੰਗਲ ਵਿੱਚ ਇਸ ਨੂੰ ਜਾਨਵਰਾਂ ਦੇ ਸ਼ਿਕਾਰ ਲਈ ਅਤੇ ਖੂੰਖਾਰ ਜਾਨਵਰਾਂ ਨੂੰ ਮਾਰਨ ਲਈ ਮਨੁੱਖੀ ਝੁੰਡ ਬਣਾਉਣੇ ਪਏ। ਇੱਕ ਦੂਸਰੇ ਤੋਂ ਸ਼ਿਕਾਰ ਖੋਹਣ ਲਈ ਗਰੁੱਪ ਆਪਸ ਵਿੱਚ ਵੀ ਲੜਦੇ ਰਹੇ। ਇਹਨਾਂ ਗਰੁੱਪਾਂ ਤੋਂ ਹੀ ਵੱਖਰੇ ਵੱਖਰੇ ਕਬੀਲੇ ਹੋਂਦ ਵਿੱਚ ਆਏ। ਸ਼ਾਇਦ ਉਹੀ ਜੰਗਲੀ ਰੁਚੀ ਸੱਭਿਆ ਸਮਾਜ ਸਿਰਜਣ ਤੋਂ ਬਾਅਦ ਵੀ ਇਸਦੇ ਅਵਚੇਤਨ ਦਾ ਹਿੱਸਾ ਬਣੀ ਹੋਈ ਹੈ। ਇਹਨਾਂ ਕਬੀਲਿਆਂ ਵਿੱਚ ਮਹਜ਼ਬ, ਧਰਮ, ਜਾਤਪਾਤ ਅਤੇ ਊਚ-ਨੀਚ ਦੀਆਂ ਦੀਵਾਰਾਂ ਉੱਸਰਦੀਆਂ ਗਈਆਂ। ਹਰ ਮਜ਼ਹਬ ਦੇ ਆਗੂਆਂ ਨੇ ਆਪਣੇ ਆਪਣੇ ਕਬੀਲੇ ਦੀ ਵਿਚਾਰਧਾਰਾ ਘੜੀ ਅਤੇ ਸਖਤ ਨਿਯਮ ਬਣਾਏ, ਸਖਤੀ ਨਾਲ ਉਹਨਾਂ ਨਿਯਮਾਂ ਦੀ ਪਾਲਣਾ ਕਰਵਾਈ। ਹੌਲੀ ਹੌਲੀ ਬੰਦੇ ਨੂੰ ਬੰਦਾ ਬਣਾਉਣ ਲਈ ਵੱਖਰੇ ਵੱਖਰੇ ਧਰਮ ਹੋਂਦ ਵਿੱਚ ਆਏ ਸਨ ਪਰ ਬੰਦੇ ਦੀ ਘਟੀਆਂ ਸੋਚ ਕਾਰਨ ਆਪਣੇ ਦਾਇਰਿਆਂ ਵਿੱਚ ਸੀਮਤ ਹੋ ਕੇ ਇੱਕ ਦੂਸਰੇ ਨਾਲ ਸਿੰਗ ਫਸਾ ਕੇ ਬੈਠ ਗਏ। ਭਾਵੇਂ ਹਰ ਧਰਮ ਦੀ ਰੂਹ ਇਨਸਾਨੀਅਤ/ਮਨੁੱਖਤਾ ਅਤੇ ਮਾਨਵਤਾ ਦਾ ਪ੍ਰਚਾਰ ਕਰਦੀ ਹੈ ਪਰ ਧਰਮਾਂ ਦੇ ਪੈਰੋਕਾਰਾਂ ਨੇ ਆਪਣੀ ਜੰਗਲੀ ਰੁਚੀ ਕਾਰਨ ਦੂਸਰੇ ਧਰਮ ਦੇ ਪੀਰਾਂ-ਪੰਗਬਰਾਂ, ਧਾਰਮਿਕ ਗ੍ਰੰਥਾਂ ਅਤੇ ਧਾਰਮਿਕ ਸਥਾਨਾਂ ਨੂੰ ਨੀਚਾ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਇਹੀ ਜੰਗਲੀ ਰੁਚੀ ਹੁਣ ਇਨਸਾਨ ਨੂੰ ਬਹੁਤ ਹੇਠਲੇ ਪੱਧਰ ’ਤੇ ਲੈ ਆਈ ਹੈ। ਹਰਿਆਣੇ ਦੇ ਨੂਹ ਸ਼ਹਿਰ ਵਿਖੇ ਦੋ ਮਸਜ਼ਿਦਾਂ ਅਤੇ ਦੁਕਾਨਾਂ ਨੂੰ ਅੱਗ ਲਗਾਈ ਗਈ। ਹਰਿਆਣੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਟਕਰਾ ਬਹੁਤ ਮੰਦਭਾਗਾ ਹੋ ਨਿੱਬੜਿਆ ਹੈ। ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਕੱਢੀ ਗਈ ਸ਼ੋਭਾ ਯਾਤਰਾ ਦੌਰਾਨ ਹੋਏ ਦੰਗਿਆਂ ਦਾ ਸੇਕ ਨੂਹ, ਸੁਹਾਣਾ, ਗੁਰੂਗਰਾਮ ਕਸਵਿਆ ਤੋਂ ਹੁੰਦਾ ਹੋਇਆ ਫਰੀਦਾਬਾਦ ਤਕ ਪਹੁੰਚਿਆ। ਭੜਕੀ ਭੀੜ ਵੱਲੋਂ ਇੱਕ ਖਾਸ ਫਿਰਕੇ ਦੀ ਦੁਕਾਨ ਨੂੰ ਅੱਗ ਲਗਾਈ ਗਈ। ਗੁਰੂਗਰਾਮ ਦੇ ਸੈਕਟਰ 56-57 ਵਿੱਚ ਨਿਰਮਾਣ ਅਧੀਨ ਇੱਕ ਧਾਰਮਿਕ ਸਥਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਕੁਝ ਮੌਤਾਂ ਵੀ ਹੋਈਆਂ ਦੱਸੀਆਂ ਗਈਆਂ ਹਨ। ਅਫਵਾਹ ਇਹ ਸੀ ਕਿ ਮੋਨੂ ਮਾਨੇਸਰ, ਜਿਸ ਉੱਤੇ ਦੋ ਮੁਸਲਮਾਨਾਂ ਦੀ ਹੱਤਿਆ ਦਾ ਦੋਸ਼ ਲੱਗਿਆ ਹੋਇਆ ਹੈ ਕਿ ਉਹ ਵੀ ਸ਼ੋਭਾ ਯਾਤਰਾ ਵਿੱਚ ਆ ਰਿਹਾ ਹੈ, ਪਰ ਉਹ ਨਹੀਂ ਆਇਆ। ਮੁਸਲਮਾਨਾਂ ਨੂੰ ਪਹਿਲਾਂ ਹੀ ਉਸ ਨਾਲ ਨਫਰਤ ਸੀ। ਉਸ ਵੱਲੋਂ ਦਿੱਤੀਆਂ ਗਈਆਂ ਧਮਕੀਆਂ ਵੀ ਨਫਰਤ ਦਾ ਕਾਰਨ ਬਣੀਆਂ।
ਮਨੀਪੁਰ ਵਿੱਚ ਤਾਂ ਇਹ ਸੰਪਰਦਾਇਕ ਹਿੰਸਾ ਲਗਭਗ ਪਿਛਲੇ ਤਿੰਨ ਮਹੀਨਿਆਂ ਤੋਂ ਕੁਕੀ ਭਾਈਚਾਰੇ ਅਤੇ ਮੈਤੋਈ ਭਾਈਚਾਰੇ ਵਿੱਚ ਚੱਲ ਰਹੀ ਹੈ। ਇਹ ਅੱਗ ਲੰਬੇ ਅਰਸੇ ਤੋਂ ਸੁਲਗ ਰਹੀ ਸੀ ਪਰ ਜਦੋਂ ਮੈਤੋਈ ਪੁਰਸ਼ਾਂ ਨੇ ਕੁਕੀ ਭਾਈਚਾਰੇ ਨਾਲ ਸਬੰਧਤ ਦੋ ਔਰਤਾਂ ਨੂੰ ਨਗਨ ਕਰਕੇ ਸ਼ਰੇਆਮ ਉਹਨਾਂ ਨਾਲ ਕੁਕਰਮ ਕੀਤੇ ਅਤੇ ਉਹਨਾਂ ਨੂੰ ਇਸੇ ਹਾਲਤ ਵਿੱਚ ਬਜ਼ਾਰਾਂ ਵਿੱਚ ਘੁਮਾਇਆ ਤਾਂ ਇਹ ਅੱਗ ਭਾਬੜ ਬਣ ਗਈ ਜਿਹੜੀ ਕਿ ਹੁਣ ਬੁਝਣ ਦਾ ਨਾਂ ਨਹੀਂ ਲੈ ਰਹੀ। ਹਰ ਰੋਜ਼ ਕੱਟ ਵੱਢ ਹੋ ਰਹੀ ਹੈ, ਲੋਕ ਮਾਰੇ ਜਾ ਰਹੇ ਹਨ, ਸੈਂਕੜੇ ਲੋਕ ਜ਼ਖਮੀ ਹੋ ਰਹੇ ਹਨ ਪਰ ਸਰਕਾਰਾਂ ਜਾਣਬੁੱਝ ਕੇ ਆਪਣੇ ਰਾਜਨੀਤਕ ਹਿਤਾਂ ਦੀ ਪੂਰਤੀ ਲਈ ਇਸ ਹਿੰਸਾ ਨੂੰ ਰੋਕਣ ਵਲ ਪੁਖਤਾ ਕਦਮ ਨਹੀਂ ਉਠਾ ਰਹੀਆਂ। ਇਹ ਵੀ ਦੋਸ਼ ਲੱਗ ਰਹੇ ਹਨ ਕਿ ਸਰਕਾਰਾਂ ਕੁਕੀ ਲੋਕਾਂ ਦੇ ਜੰਗਲਾਂ ਉੱਤੇ ਕਾਰਪੋਰੇਟ ਸੈਕਟਰ ਦਾ ਕਬਜ਼ਾ ਵੀ ਕਰਵਾਉਣਾ ਚਾਹੁੰਦੀਆਂ ਹਨ। ਕੁਕੀ ਭਾਈਚਾਰੇ ਦੇ ਮਾਰੇ ਗਏ ਲੋਕਾਂ ਨੂੰ ਦਫਨਾਉਣ ’ਤੇ ਵੀ ਪਾਬੰਦੀਆਂ ਲੱਗ ਰਹੀਆਂ ਹਨ। ਅਜ਼ਾਦੀ ਤੋਂ ਪਹਿਲਾਂ ਵੀ ਇਹੋ ਜਿਹੇ ਮੰਦਭਾਗੇ ਵਰਤਾਰੇ ਹੁੰਦੇ ਰਹੇ ਹਨ। ਇਸੇ ਲਈ ਈਸਵੀ 1904 ਵਿੱਚ ਉਰਦੂ ਦੇ ਉੱਘੇ ਸ਼ਾਇਰ ਮੁਹੰਮਦ ਇਕਬਾਲ ਨੇ ਦੇਸ਼ ਪਿਆਰ ਦੀ ਇੱਕ ਗ਼ਜ਼ਲ ਵਿੱਚ ਲਿਖਿਆ ਸੀ-
ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ …।
ਪਰ ਹੁਣ ਵਰਤਾਰਾ ਇਸਦੇ ਉਲਟ ਹੋ ਗਿਆ ਹੈ। ਫਿਰਕੂ ਦੰਗਿਆਂ ਦਾ ਇਤਿਹਾਸ ਭਾਵੇਂ ਸਾਰੇ ਸੰਸਾਰ ਵਿੱਚ ਮਿਲਦਾ ਹੈ ਪਰ ਸਾਡੇ ਮੁਲਕ ਵਿੱਚ ਇਹਨਾਂ ਦਾ ਰੰਗ ਕੁਝ ਜ਼ਿਆਦਾ ਹੀ ਗੂੜ੍ਹਾ ਹੈ। ਭਾਗਲਪੁਰ ਵਿਖੇ ਸੰਨ 1989 ਮਿਤੀ 24 ਅਕਤੂਬਰ ਨੂੰ ਰਾਮ ਸ਼ਿਲਾ ਪੂਜਨ ਸਮੇਂ ਕੱਢੀ ਗਈ ਯਾਤਰਾ ਤੋਂ ਬਾਅਦ ਦੰਗੇ ਭੜਕੇ ਅਤੇ ਹਿੰਦੂ ਮੁਸਲਮਾਨਾਂ ਵਿੱਚ ਮਾਰ-ਧਾੜ ਸ਼ੁਰੁ ਹੋਈ ਜਿਹੜੀ ਕਿ ਦੋ ਮਹੀਨੇ ਚਲਦੀ ਰਹੀ। ਸ਼ੁਰੁ ਵਿੱਚ ਹੀ 27 ਅਕਤੂਬਰ 1989 ਨੂੰ 116 ਲੋਕਾਂ ਨੂੰ ਮਾਰ ਕੇ ਖੇਤਾਂ ਵਿੱਚ ਦਫਨਾ ਕੇ ਉੱਪਰ ਗੋਭੀ ਬੀਜ ਦਿੱਤੀ ਗਈ। ਇਹਨਾਂ ਦੰਗਿਆਂ ਵਿੱਚ ਲਗਭਗ 1062 ਲੋਕਾਂ ਦੀ ਮੌਤ ਹੋਈ।
ਇਸੇ ਤਰ੍ਹਾਂ ਗੁਜਰਾਤ ਵਿੱਚ ਸੰਨ 2002 ਵਿੱਚ ਦੰਗੇ ਭੜਕੇ ਜਿਸ ਵਿੱਚ 790 ਮੁਸਲਮਾਨ ਅਤੇ 254 ਹਿੰਦੂ ਮਾਰੇ ਗਏ। ਇਹ ਦੰਗੇ ਵੀ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਹੋਏ। ਕਾਰਨ ਇਹ ਬਣਿਆ ਕਿ ਹਿੰਦੂਆਂ ਨੂੰ ਸ਼ੱਕ ਹੋ ਗਿਆ ਸੀ ਕਿ ਮੁਸਲਮਾਨ ਹਿੰਦੂਆਂ ਨੂੰ ਲਿਜਾ ਰਹੀ ਟਰੇਨ ’ਤੇ ਹਮਲਾ ਕਰਨਗੇ। ਇਸੇ ਸ਼ੱਕ ਅਧੀਨ ਹਿੰਦੂਆਂ ਨੇ ਮੁਸਲਮਾਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਤਿੰਨ ਦਿਨਾਂ ਵਿੱਚ ਹੀ ਇੰਨੇ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ। ਗੁਜਰਾਤ ਵਿੱਚ 1969 ਈਸਵੀ ਸਤੰਬਰ ਵਿੱਚ ਵੀ ਇਹਨਾਂ ਦੋਵੇਂ ਫਿਰਕਿਆ ਵਿੱਚ ਦੰਗੇ ਭੜਕੇ ਸਨ ਕਿਉਂਕਿ ਮੁਸਲਿਮ ਲੋਕਾਂ ਨੇ ਕੁਝ ਹਿੰਦੂ ਸਾਧੂਆਂ ਉੱਤੇ ਹਮਲਾ ਕਰ ਦਿੱਤਾ ਸੀ ਅਤੇ ਇੱਕ ਮੰਦਰ ਨੂੰ ਨੁਕਸਾਨ ਪੁੰਚਾਇਆ ਸੀ। ਇਸ ਤੋਂ ਬਾਅਦ ਹਿੰਦੂਆਂ ਨੇ ਮੁਸਲਿਮ ਦਰਗਾਹ ’ਤੇ ਹਮਲਾ ਕਰ ਕੇ ਬੰਦੇ ਮਾਰ ਦਿੱਤੇ ਸਨ। ਇਹਨਾਂ ਦੰਗਿਆਂ ਵਿੱਚ ਦੋਵੇਂ ਧਿਰਾਂ ਦੇ ਤਕਰੀਬਨ 512 ਲੋਕ ਮਾਰੇ ਗਏ ਸਨ, ਜਿੰਨ੍ਹਾਂ ਵਿੱਚ 430 ਮੁਸਲਿਮ ਸਨ। ਹਜ਼ਾਰਾਂ ਲੋਕ ਜ਼ਖਮੀ ਹੋਏ ਸਨ ਅਤੇ 48000 ਲੋਕਾਂ ਦੇ ਘਰਬਾਰ ਤਬਾਹ ਹੋਏ ਸਨ।
ਕਲਕੱਤਾ ਵਿਖੇ ਸੰਨ 1946 ਵਿੱਚ 16 ਅਗਸਤ ਤੋਂ 19 ਅਗਸਤ ਤਕ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਭੇੜ ਹੁੰਦਾ ਰਿਹਾ। ਇੱਕ ਅੰਦਾਜ਼ੇ ਮੁਤਾਬਕ ਇਹਨਾਂ ਚਾਰ ਦਿਨਾਂ ਵਿੱਚ 5 ਹਜ਼ਾਰ ਲੋਕ ਮਾਰੇ ਗਏ ਅਤੇ 15 ਹਜ਼ਾਰ ਜ਼ਖਮੀ ਹੋਏ ਸਨ। ਜੰਮੂ ਕਸ਼ਮੀਰ ਵਿੱਚ ਵੀ ਪੈਦਾ ਹੋਈ ਮਿਲੀਟੈਂਸੀ ਦੇ ਕਾਰਨ ਬਹੁਤ ਸਾਰੇ ਦੰਗੇ ਹੁੰਦੇ ਰਹੇ। ਇਹ ਵੀ ਮਜ਼ਹਬਾਂ ਦਾ ਵਿਕਰਾਲ ਰੂਪ ਹੀ ਸੀ। ਇਸ ਕਾਰਨ ਸੰਨ 1990 ਵਿੱਚ ਤਕਰੀਬਨ 177 ਹਿੰਦੂ ਅਤੇ 679 ਮੁਸਲਿਮ ਮਾਰੇ ਗਏ। ਸੰਨ 1991 ਵਿੱਚ 34 ਹਿੰਦੂ ਅਤੇ 549 ਮੁਸਲਿਮ ਜਾਨੋ ਗਏ। ਸੰਨ 1992 ਵਿੱਚ 67 ਹਿੰਦੂ ਅਤੇ 747 ਮੁਸਲਿਮ ਜਾਨ ਤੋਂ ਹੱਥ ਧੋ ਬੈਠੇ। ਸੰਨ 1993 ਵਿੱਚ 88 ਹਿੰਦੂ ਅਤੇ 891 ਮੁਸਲਿਮ ਮਾਰੇ ਗਏ। ਦੋਵਾਂ ਧਰਮਾਂ ਵਿੱਚ ਅਜੇ ਵੀ ਖਿੱਚੋਤਾਣ ਚਲਦੀ ਰਹਿੰਦੀ ਹੈ ਤੇ ਬੰਦੇ ਮਾਰਦੇ ਅਤੇ ਮਰਦੇ ਰਹਿੰਦੇ ਹਨ। ਸੰਨ 1984 ਵਿੱਚ ਦਿੱਲੀ ਦੰਗਿਆਂ ਵਿੱਚ ਇੱਕੋ ਫਿਰਕੇ ਦੇ ਲਗਭਗ 3 ਹਜ਼ਾਰ ਲੋਕ ਮਾਰ ਦਿੱਤੇ ਗਏ ਅਤੇ ਹੋਰ 40 ਸ਼ਹਿਰਾਂ ਵਿੱਚ ਵੀ ਅੰਦਾਜ਼ਨ ਹਜ਼ਾਰਾਂ ਲੋਕਾਂ ਨੂੰ ਜ਼ਿੰਦਗੀ ਤੋਂ ਹੱਥ ਧੋਣੇ ਪਏ। ਇਹ ਵੀ ਇੱਕ ਕਿਸਮ ਦਾ ਮਜ਼ਹਬੀ ਵਰਤਾਰਾ ਸੀ। ਇਸੇ ਤਰ੍ਹਾਂ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਮੁਸਲਿਮ ਔਰਤਾਂ ਵੱਲੋਂ ਦਿੱਤਾ ਗਿਆ ਧਰਨਾ ਭਾਵੇਂ ਸੀ.ਏ.ਏ, ਐੱਨ.ਆਰ.ਸੀ ਅਤੇ ਐੱਨ.ਪੀ.ਆਰ ਐਕਟਾਂ ਦੇ ਖਿਲਾਫ ਸੀ ਪਰ ਡੁੰਘਾਈ ਵਿੱਚ ਵੇਖਿਆ ਮਹਿਸੂਸ ਹੁੰਦਾ ਹੈ ਕਿ ਇਹ ਅੰਦੋਲਨ ਵੀ ਮਜ਼ਹਬੀ ਧੱਕੇਸ਼ਾਹੀ ਖਿਲਾਫ ਹੀ ਸੀ ਕਿਉਂਕਿ ਇਸ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਵੀ ਲਗਭਗ ਇੱਕੋ ਮਜ਼ਹਬ ਨਾਲ ਸਬੰਧ ਰੱਖਦੀਆਂ ਸਨ।
ਬਹੁਤ ਸਾਰੇ ਦੇਸ਼ਾਂ ਦੀ ਵੰਡ ਵੀ ਮਜ਼ਹਬ ਦੇ ਅਧਾਰ ’ਤੇ ਹੀ ਹੋਈ ਜਿਵੇਂ ਕਿ ਹਿੰਦੂਸਤਾਨ ਅਤੇ ਪਾਕਿਸਤਾਨ। ਇਹਨਾਂ ਦੋਹਾਂ ਮੁਲਕਾਂ ਦੀ ਵੰਡ ਨੇ ਤਕਰੀਬਨ ਦਸ ਲੱਖ ਤੋਂ ਵੱਧ ਭਾਰਤੀ ਨਿਗਲ ਲਏ, ਹਜ਼ਾਰਾਂ ਔਰਤਾਂ ਦੀ ਬੇਪੱਤੀ ਹੋਈ, ਹਜ਼ਾਰਾਂ ਯਤੀਮ ਹੋਏ, ਕਰੋੜਾਂ ਦੀਆਂ ਜਾਇਦਾਦਾਂ ਤਬਾਹ ਹੋਈਆਂ ਅਤੇ ਦੋਵੇਂ ਖਿੱਤਿਆਂ ਦੇ ਸਾਂਝੇ ਸੱਭਿਆਚਾਰਕ ਵਿਰਸੇ ਬਿਖਰ ਗਏ। ਦੋਵੇਂ ਦੇਸ਼ਾਂ ਦੀ ਆਰਥਿਕ ਹਾਲਤ ਵੀ ਬੁਰੀ ਤਰ੍ਹਾਂ ਪਤਲੀ ਪੈ ਗਈ ਜਿਸ ਨੂੰ ਸੁਧਾਰਨ ਲਈ ਅਜੇ ਤਕ ਜੱਦੋਜਹਿਦ ਚੱਲ ਰਹੀ ਹੈ।
ਹੋਰ ਵੀ ਬਹੁਤ ਸਾਰੇ ਦੇਸ਼ ਜਿਵੇਂ ਕਿ ਬੋਸਨੀਆਂ ਤੇ ਯੂਗੋਸਲਾਵੀਆ ਵੰਡੇ ਗਏ ਕਿਉਂਕਿ ਬੋਸਨੀਆਂ ਵਿੱਚ ਵੀ ਮੁਸਲਿਮ ਲੋਕ ਜ਼ਿਆਦਾ ਸਨ। ਆਇਰਲੈਂਡ ਦੇ ਵਖਰੇਵੇਂ ਦਾ ਕਾਰਨ ਵੀ ਪ੍ਰੋਟੈਸਟੈਂਟ ਅਤੇ ਕੈਥੋਲਿਕ ਬਣੇ। ਤੀਮੋਰ ਤੇ ਇੰਡੋਨੇਸ਼ੀਆ, ਨੋਰਥ ਸੁਡਾਨ ਤੇ ਸਾਊਥ ਸੁਡਾਨ, ਇਜ਼ਰਾਇਲ ਤੇ ਪੋਲਿਸਟਰੇਟ ਆਦਿ ਵੀ ਧਰਮਾਂ/ਫਿਰਕਿਆਂ ਦੇ ਅਧਾਰ ’ਤੇ ਵੰਡੇ ਗਏ। ਕਿਤੇ ਸੂਨੀ ਅਤੇ ਸ਼ੀਆ ਦੇ ਵੀ ਮਸਲੇ ਹਨ। ਭਾਰਤ, ਰੋਮਾਨੀਆ, ਨਿਪਾਲ, ਟਰਕੀ, ਆਸਟਰੇਲੀਆ, ਕੈਨੇਡਾ, ਸਿੰਘਾਪੁਰ, ਸਾਊਥ ਅਫਰੀਕਾ, ਸਾਊਥ ਕੋਰੀਆ, ਸ਼ਵਿਟਜ਼ਰਲੈਂਡ ਆਦਿ ਦੇਸ਼ਾਂ ਦਾ ਕੋਈ ਰਾਸ਼ਟਰੀ ਧਰਮ ਨਹੀਂ ਹੈ। ਧਰਮਾਂ ਨੇ ਲੋਕਾਂ ਨੂੰ ਰਾਜਨੀਤੀ ਨਾਲੋਂ ਵੀ ਵੱਧ ਵੰਡਿਆ ਹੈ। ਇਸਦੇ ਨਾਲ ਨਾਲ ਧਰਮਾਂ ਵਿੱਚ ਕੁਰੱਪਸ਼ਨ ਅਤੇ ਮਸੰਦਪੁਣੇ ਨੇ ਇਹਨਾਂ ਦਾ ਉਦੇਸ਼ ਹੀ ਬਦਲ ਦਿੱਤਾ ਹੈ। ਜਿੱਥੇ ਧਰਮ ਬੰਦੇ ਨੂੰ ਬੰਦਾ ਬਣਾਉਣ ਲਈ ਪੈਦਾ ਹੋਏ ਸਨ ਉੱਥੇ ਉੰਨਾ ਹੀ ਇਹ ਬੰਦੇ ਨੂੰ ਇਨਸਾਨੀਅਤ ਤੋਂ ਦੂਰ ਲਿਜਾ ਰਹੇ ਹਨ। ਜਿਹੜੇ ਮੁਲਕਾਂ ਨੂੰ ਅਸੀਂ ਨਾਸਤਿਕ ਸਮਝਦੇ ਹਾਂ, ਉਹਨਾਂ ਮੁਲਕਾਂ ਵਲ ਆਸਤਿਕ ਮੁਲਕਾਂ ਦੇ ਬੱਚੇ ਰੋਜ਼ੀ ਰੋਟੀ ਲਈ ਪਰਸਥਾਨ ਕਰ ਰਹੇ ਹਨ। ਇੱਕ ਫਿਰਕੇ ਦੇ ਧਾਰਮਿਕ ਸਥਾਨ ਢਾਹ ਕੇ ਦੂਸਰੇ ਧਰਮ ਸਥਾਨ ਉਸਾਰੇ ਜਾਂਦੇ ਰਹੇ ਹਨ ਤੇ ਹੁਣ ਵੀ ਇਹੀ ਦੁਹਰਾਇਆ ਜਾ ਰਿਹਾ ਹੈ।
ਅੰਗਰੇਜ਼ਾਂ ਨੇ ‘ਪਾੜੋ ਤੇ ਰਾਜ ਕਰੋ’ ਨੀਤੀ ਸਾਰੇ ਥਾਂਈਂ ਰਾਜ ਕਰਨ ਲਈ ਵਰਤੀ ਤੇ ਜਿੱਥੇ ਵੀ ਉਹ ਗਏ, ਉੱਥੋਂ ਦੇ ਲੋਕਾਂ ਦੇ ਜ਼ਿਹਨ ਵਿੱਚ ਵੀ ਇਸਦਾ ਬੀਜ ਬੀਜ ਗਏ। ਸਾਡੇ ਦੇਸ਼ ਵਿੱਚ ਧਰਮਾਂ ਦਾ ਵੀ ਇਹੀ ਵਰਤਾਰਾ ਚੱਲ ਰਿਹਾ ਹੈ। ਧਰਮਾਂ ਦੇ ਕੁਝ ਲਾਲਚੀ ਲੀਡਰ ਧਰਮ, ਲੋਕਾਂ ਨੂੰ ਅਤੇ ਧਾਰਮਿਕ ਸਥਾਨਾਂ ਨੂੰ ਵੀ ਪਾੜ ਕੇ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਕਰਦੇ ਹਨ। ਹਰ ਧਰਮ ਦੇ ਸਿਰਜਕਾਂ ਨੇ ਇਨਸਾਨੀਅਤ, ਮਨੁੱਖਤਾ ਤੇ ਮਾਨਵਤਾ ਦਾ ਪਾਠ ਪੜ੍ਹਾਇਆ ਹੈ ਪਰ ਪੈਰੋਕਾਰਾਂ ਨੇ ਉਹਨਾਂ ਦੀ ਸਿੱਖਿਆ ਉੱਤੇ ਅਮਲ ਕਰਨ ਦੀ ਬਜਾਏ ਅਰਥਾਂ ਦੇ ਅਨਰਥ ਕਰ ਛੱਡੇ ਹਨ। ਧਾਰਮਿਕ ਸਥਾਨਾਂ ਨੂੰ ਵੀ ਫਿਰਕਿਆਂ, ਜਾਤਾਂ-ਗੋਤਾਂ ਅਤੇ ਊਚਨੀਚ ਵਿੱਚ ਵੰਡ ਛੱਡਿਆ ਹੈ। ਜੇਕਰ ਮਨੁੱਖ ਨੇ ਸਹੀ ਪਾਠ ਪੜ੍ਹਿਆ ਹੁੰਦਾ ਤਾਂ ਅੱਜ ਧਾਰਮਿਕ ਸਥਾਨਾਂ ਦੀ ਗਿਣਤੀ ਬਹੁਤ ਘੱਟ ਹੋਣੀ ਸੀ। ਵਿੱਦਿਅਕ ਅਦਾਰਿਆਂ, ਸਰਕਾਰੀ ਮਹਿਕਮਿਆਂ ਵਿੱਚ ਹੱਕਾਂ ਲਈ ਲੜਨ ਲਈ ਯੂਨੀਅਨਾਂ ਵੀ ਜਾਤਾਂ ਅਧਾਰਤ ਬਣੀਆਂ ਹੋਈਆਂ ਹਨ। ਪੰਜਾਬੀ ਸਿਰਮੌਰ ਗ਼ਜ਼ਲਕਾਰ ਉਲਫਤ ਬਾਜਵਾ ਨੇ ਠੀਕ ਹੀ ਲਿਖਿਆ ਹੈ-
ਚੰਗਾ ਰੱਬ ਦਾ ਰਾਹ ਦਿਖਲਾਇਆ ਮਜ਼੍ਹਬਾਂ ਨੇ,
ਜੱਗ ਨੂੰ ਭੰਬਲਭੂਸੇ ਪਾਇਆ ਮਜ਼੍ਹਬਾਂ ਨੇ।
ਵੇਦ ਕਿਤਾਬਾਂ ਵਿੱਚ ਹੈ ਪਾਠ ਮੁਹੱਬਤ ਦਾ,
ਪਰ ਨਫਰਤ ਦਾ ਪਾਠ ਪੜ੍ਹਾਇਆ ਮਜ਼੍ਹਬਾਂ ਨੇ।
ਬਣ-ਮਾਣਸ ਬਣਿਆ ਸੀ ਬੰਦਾ ਮਸਾਂ ਮਸਾਂ,
ਇਸ ਨੂੰ ਬਾਂਦਰ ਫੇਰ ਬਣਾਇਆ ਮਜ਼੍ਹਬਾਂ ਨੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4167)
(ਸਰੋਕਾਰ ਨਾਲ ਸੰਪਰਕ ਲਈ: (