RavinderChote7ਇਹਨਾਂ ਦੀ ਠੀਕ ਮਿਕਦਾਰ ਦੀ ਮੌਜੂਦਗੀ ਨਾਲ ਮਨੁੱਖ ਜ਼ਿੰਦਗੀ ਦੀਆਂ ਔਖੀਆਂ ਘੜੀਆਂ ਵਿੱਚੋਂ ਵੀ ਸਹਿਜੇ ਹੀ ਗੁਜ਼ਰ ਜਾਂਦਾ ...”
(26 ਨਵੰਬਰ 2023)
ਇਸ ਸਮੇਂ ਪਾਠਕ: 352.


ਮਨੁੱਖੀ ਸਰੀਰ ਨੂੰ ਸਮਝਣਾ ਸਾਰੀ ਕਾਇਨਾਤ ਨੂੰ ਸਮਝਣ ਨਾਲੋਂ ਵੀ ਔਖਾ ਹੈ
ਅੱਜ ਤਕ ਖਗੋਲ ਵਿਗਿਆਨੀ ਜਿੰਨਾ ਕੁ ਬ੍ਰਹਿਮੰਡ ਨੂੰ ਜਾਣ ਸਕੇ ਹਨ, ਉੰਨਾ ਕੁ ਹੀ ਸਰੀਰਕ ਵਿਗਿਆਨੀ ਅਜੇ ਮਨੁੱਖੀ ਸਰੀਰ ਨੂੰ ਸਮਝ ਸਕੇ ਹਨਸਰੀਰ ਦੀ ਬਣਤਰ ਇੰਨੀ ਗੁੰਝਲਦਾਰ ਹੈ ਕਿ ਅਜੇ ਵੀ ਡਾਕਟਰੀ ਕਿੱਤੇ ਨਾਲ ਸਬੰਧਤ ਲੋਕ ਬਿਮਾਰ ਦਾ ਇਲਾਜ ਕਰਨ ਵੇਲੇ ਬਹੁਤ ਕੁਝ ਕੁਦਰਤ ’ਤੇ ਛੱਡ ਦਿੰਦੇ ਹਨ ਕਿਉਂਕਿ ਸਰੀਰ ਬਾਰੇ ਬਹੁਤ ਸਾਰੇ ਭੇਦ ਅਜੇ ਉਹਨਾਂ ਲਈ ਵੀ ਰਹੱਸ ਬਣੇ ਹੋਏ ਹਨਇਸੇ ਲਈ ਗੁਰਬਾਣੀ ਵਿੱਚ ਭਗਤ ਪੀਪਾ ਜੀ ਨੇ ਫਰਮਾਇਆ ਹੈ:

“ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ”

ਉਂਜ ਭਾਵੇਂ ਅਧਿਆਤਮਕ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਜਿਹੜਾ ਪ੍ਰਮਾਤਮਾ ਦਾ ਅੰਸ਼ ਮਨੁੱਖ ਦੇ ਅੰਦਰ ਹੈ ਉਹੀ ਸਾਰੇ ਬ੍ਰਹਮੰਡ ਵਿੱਚ ਵਸਿਆ ਹੋਇਆ ਹੈਅਜੋਕੇ ਵਿਗਿਆਨਕ ਤਰਕ ਮੁਤਾਬਕ ਵੀ ਮਨੁੱਖੀ ਸਰੀਰ ਵਿੱਚ ਸਾਰੇ ਬ੍ਰਹਿਮੰਡੀ ਤੱਤ ਸਮਾਏ ਹੋਏ ਹਨਮਨੁੱਖ ਦਾ ਵਿਵਹਾਰ ਉਸਦੇ ਅੰਦਰਲੇ ਦਾ ਬਾਹਰਲੇ ਵਾਤਾਵਰਣ ਦੇ ਸਬੰਧ ਵਿੱਚ ਹੀ ਪ੍ਰਤੀਕਰਮ ਹੁੰਦਾ ਹੈਇਸੇ ਤੱਥ ਉੱਤੇ ਮਨੋਵਿਗਿਆਨ ਦਾ ਅਧਾਰ ਟਿਕਿਆ ਹੋਇਆ ਹੈਮਨੋ-ਵਿਸ਼ਲੇਸ਼ਣ ਨੇ ਇਹ ਵੀ ਸਿੱਧ ਕੀਤਾ ਹੈ ਕਿ ਕੁਝ ਹੱਦ ਤਕ ਬਾਹਰੀ ਕਾਰਕ ਵੀ ਸਾਡੇ ਵਿਵਹਾਰ ਨੂੰ ਪ੍ਰਭਾਵਤ ਕਰਦੇ ਹਨਇਸ ਮੱਤ ਦੇ ਧਾਰਨੀ ਮਨੋ ਵਿਗਿਆਨੀ ਜੋਹਨ ਬੀ. ਵਾਟਸਨ ਨੇ ਦੱਸਿਆ ਕਿ ਬਾਹਰੀ ਕਾਰਕ, ਜਿਵੇਂ ਕਿ ਧਰਤੀ, ਪੌਣ-ਪਾਣੀ ਅਤੇ ਵਾਤਾਵਰਣ ਵਿੱਚ ਵਾਪਰਨ ਵਾਲੇ ਹਾਦਸੇ ਸਾਡੇ ਵਿਵਹਾਰ ਨੂੰ ਪ੍ਰਭਾਵਤ ਕਰਦੇ ਹਨ ਇਸਦੇ ਨਾਲ ਨਾਲ ਸਾਡੇ ਅੰਦਰਲੇ ਕਾਰਕ ਜਿਵੇਂ ਕਿ ਸਰੀਰ ਅੰਦਰ ਵੱਖਰੀਆਂ ਵੱਖਰੀਆਂ ਗ੍ਰੰਥੀਆਂ (ਗਲੈਂਡਜ਼) ਵੱਖਰੀ ਵੱਖਰੀ ਤਰ੍ਹਾਂ ਦੇ ਰਸ ਪੈਦਾ ਕਰਦੀਆਂ ਹਨ ਜਿਹੜੇ ਕਿ ਸਰੀਰ ਵੱਲੋਂ ਆਪਣੇ ਵਰਤਾਰੇ ਲਈ ਵਰਤੇ ਜਾਂਦੇ ਹਨਇਹ ਰਸ ਜਾਂ ਹਾਰਮੋਨਜ਼ ਸਾਡੇ ਸਰੀਰ ਦੁਆਰਾ ਪੈਦਾ ਕੀਤੇ ਖਾਸ ਤਰ੍ਹਾਂ ਦੇ ਰਸਾਇਣ ਹੁੰਦੇ ਹਨ ਜਿਹੜੇ ਕਿ ਮਨੁੱਖ ਦੇ ਅੰਦਰਲੇ ਅਤੇ ਬਾਹਰਲੇ ਵਿਵਹਾਰ ਵਿੱਚ ਸਮਤੋਲ ਪੈਦਾ ਕਰਦੇ ਹਨਹਾਰਮੋਨਜ਼ ਜ਼ਿੰਦਗੀ ਦੀ ਹਰ ਜ਼ਰੂਰੀ ਕ੍ਰਿਆ ਲਈ ਜ਼ਰੂਰੀ ਹਨ ਜਿਵੇਂ ਕਿ ਪਾਚਣ-ਕ੍ਰਿਆ, ਸਾਡੇ ਸਰੀਰ ਦੇ ਅੰਦਰਲੇ ਅੰਗਾ ਦੇ ਵਾਧੇ ਲਈ, ਸਾਡੇ ਸੁਭਾਅ ਤੇ ਮੂਡ ਨੂੰ ਕੰਟਰੋਲ ਕਰਨ ਲਈਖੁਸ਼ੀ ਮੌਕੇ ਵੱਖਰੀ ਤਰ੍ਹਾਂ ਦੇ ਹਾਰਮੋਨਜ਼ ਕੰਮ ਕਰਦੇ ਹਨ ਅਤੇ ਡੂੰਘੇ ਗ਼ਮ, ਦੁੱਖ-ਕਲੇਸ਼, ਡਰ ਅਤੇ ਚਿੰਤਾਵਾਂ ਤੋਂ ਛੁਟਕਾਰਾ ਦਿਵਾਉਣ ਲਈ ਹੋਰ ਤਰ੍ਹਾਂ ਦੇ ਹਾਰਮੋਨਜ਼ ਸਾਡੀ ਮਦਦ ਲਈ ਅੱਗੇ ਆਉਂਦੇ ਹਨਇੱਥੇ ਵੱਖਰੀਆਂ ਵੱਖਰੀਆਂ ਸਮੱਸਿਆਵਾਂ ਦਾ ਅਧਿਆਨ ਕਰਕੇ ਇਹਨਾਂ ਬਾਰੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ

ਕਦੇ ਕਦੇ ਅਸੀਂ ਬਹੁਤ ਖੁਸ਼ ਮਹਿਸੂਸ ਕਰਦੇ ਹਾਂ, ਸਾਡਾ ਤਨ ਮਨ ਖਿੜਿਆ ਹੁੰਦਾ ਹੈਕਈ ਵਾਰੀ ਅਸੀਂ ਬਗੈਰ ਕਿਸੇ ਬਾਹਰਲੇ ਕਾਰਨ ਤੋਂ ਬੁਝੇ ਬੁਝੇ ਮਹਿਸੂਸ ਕਰਦੇ ਹਾਂ, ਸਾਨੂੰ ਸਾਡੀ ਉਦਾਸੀ ਦਾ ਕੋਈ ਕਾਰਨ ਨਹੀਂ ਲੱਭਦਾਇਹ ਸਾਡੇ ਸਰੀਰ ਵਿੱਚ ਪੈਦਾ ਹੋਣ ਵਾਲੇ ਐਨਡੋਰਫਿਨ ਹਾਰਮੋਨ ਦੇ ਵਾਧੇ ਘਾਟੇ ਕਾਰਨ ਵਾਪਰਦਾ ਹੈਇਹ ਹਾਰਮੋਨ ਸਾਡੇ ਸਰੀਰ ਵਿੱਚ ਕਸਰਤ ਕਰਨ ਜਾਂ ਕੋਈ ਵੀ ਮਨ-ਭਾਉਂਦਾ ਕੰਮ ਕਰਨ ਨਾਲ ਪੈਦਾ ਹੁੰਦਾ ਹੈਇਹ ਸਾਡੇ ਸਰੀਰ ਅਤੇ ਮਨ ਨੂੰ ਕਿਸੇ ਵੀ ਪੀੜ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦਾ ਹੈਫਲਾਇੰਗ ਸਿੱਖ ਮਿਲਖਾ ਸਿੰਘ ਨੇ ਇੱਕ ਵਾਰੀ ਆਪਣੀ ਇੰਟਰਵਿਊ ਵਿੱਚ ਦੱਸਿਆ ਸੀ ਕਿ ਜਦੋਂ ਉਸ ਨੂੰ ਸਿਰ ਪੀੜ ਜਾਂ ਕੋਈ ਹੋਰ ਪੀੜ ਹੋਵੇ ਤਾਂ ਅਰਾਮ ਕਰਨ ਦੀ ਬਜਾਏ ਟਰੈਕ-ਸੂਟ ਪਾ ਕੇ ਜੌਗਿੰਗ ਕਰਨ ਚਲੇ ਜਾਂਦਾ ਹੈਦੌੜਨ ਨਾਲ ਉਸ ਦੀ ਸਾਰੀ ਪੀੜ ਦੂਰ ਹੋ ਜਾਂਦੀ ਹੈਦੌੜਨ ਨਾਲ ਇਹ ਹਾਰਮੋਨ ਸਰੀਰ ਵਿੱਚ ਕੁਦਰਤੀ ਮਾਰਫਿਨ (ਦੁੱਖ-ਦਰਦ ਨਿਵਾਰਨ ਵਾਲੀ ਦਵਾਈ) ਪੈਦਾ ਕਰਦਾ ਹੈ, ਜਿਸ ਨਾਲ ਪੀੜ ਮਹਿਸੂਸ ਨਹੀਂ ਹੁੰਦੀਇਸ ਵਿੱਚ ਅਮੀਨੋ ਤਿਜ਼ਾਬ ਹੁੰਦੇ ਹਨ ਜੋ ਕਿ ਸਾਡੇ ਕੇਂਦਰੀ ਨਰਵਸ ਸਿਸਟਮ ਅਤੇ ਪਿਚੀਟਰੀ ਗ੍ਰੰਥੀ ਦੁਆਰਾ ਪੈਦਾ ਕੀਤੇ ਹੁੰਦੇ ਹਨਇਹ ਅਮੀਨੋ-ਤਿਜ਼ਾਬ ਪੀੜ ਨਾ ਮਹਿਸੂਸ ਕਰਨ ਵਿੱਚ ਦਿਮਾਗ਼ ਦੀ ਮਦਦ ਕਰਦੇ ਹਨਪੀੜ ਘੱਟ ਕਰਕੇ ਖੁਸ਼ੀ ਭਰਪੂਰ ਮੂਡ ਬਣਾਉਂਦੇ ਹਨਇਹ ਹਾਰਮੋਨ ਸਹੀ ਮਾਤਰਾ ਵਿੱਚ ਹੋਵੇ ਤਾਂ ਅਸੀਂ ਆਸ਼ਾਵਾਦੀ ਰਹਿੰਦੇ ਹਾਂਸਾਡਾ ਆਤਮ ਵਿਸ਼ਵਾਸ ਬਣਿਆ ਰਹਿੰਦਾ ਹੈਅਸੀਂ ਆਪਣਾ ਆਤਮ ਸਨਮਾਨ ਵੀ ਮਹਿਸੂਸ ਕਰਦੇ ਹਾਂ ਅਤੇ ਇਹ ਸਾਡੀ ਪਾਚਣ ਕ੍ਰਿਆ ਤੇ ਭਾਰ ਨੂੰ ਵੀ ਕੰਟਰੋਲ ਕਰਦਾ ਹੈਇਸ ਹਾਰਮੋਨ ਦੀ ਘਾਟ ਸਾਡੇ ਵਿੱਚ ਉਦਾਸੀ, ਚਿੰਤਾ, ਦੁੱਖ-ਦਰਦ, ਨੀਂਦ ਦੀ ਸਮੱਸਿਆ ਅਤੇ ਸਾਡਾ ਵਿਵਹਾਰ ਵੀ ਪ੍ਰਭਾਵਤ ਹੁੰਦਾ ਹੈਇਹ ਆਪਣੇ ਮਿੱਤਰਾਂ ਅਤੇ ਪ੍ਰਵਾਰ ਦੇ ਮੈਂਬਰਾਂ ਵਿੱਚ ਬੈਠ ਕੇ ਗੱਲਬਾਤ ਕਰਨ ਨਾਲ, ਪਸੰਦੀਦਾ ਸੰਗੀਤ ਸੁਣਨ ਨਾਲ, ਕੋਈ ਮਨ ਭਾਉਂਦੀ ਫਿਲਮ ਜਾਂ ਟੀ.ਵੀ ਸ਼ੋ ਦੇਖਣ ਨਾਲ ਸਾਡੀ ਪਿਚੀਟਰੀ ਗ੍ਰੰਥੀ ਵਿੱਚ ਜਮ੍ਹਾਂ ਹੁੰਦਾ ਰਹਿੰਦਾ ਹੈ

ਇਸੇ ਤਰ੍ਹਾਂ ਦਾ ਇੱਕ ਹੋਰ ਹਾਰਮੋਨ ਡੋਪਾਮਾਈਨ ਹੈ ਜਿਹੜਾ ਕਿ ਸਾਡੇ ਸਰੀਰ ਵਿੱਚ ਹੀ ਪੈਦਾ ਹੁੰਦਾ ਹੈਇਸ ਨੂੰ ਸਾਡਾ ਨਰਵਸ ਸਿਸਟਮ ਦਿਮਾਗ਼ ਤੋਂ ਸਾਰੇ ਸਰੀਰ ਨੂੰ ਸੁਨੇਹੇ ਭੇਜਣ ਲਈ ਵਰਤਦਾ ਹੈਇਹ ਮਹੱਤਵਪੂਰਨ ਨਿਉਰੋ-ਰਸਾਇਣ ਸਾਡਾ ਮੂੜ ਠੀਕ ਰੱਖਣ, ਧਿਆਨ ਲਗਾਉਣ ਤੇ ਸਿੱਖਣ, ਸਾਡੀਆਂ ਹਰਕਤਾਂ ਨੂੰ ਕੰਟਰੋਲ ਕਰਨ, ਨਵੇਂ ਵਿਚਾਰ ਪੈਦਾ ਕਰਨ ਅਤੇ ਗਿਆਨ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈਇਹ ਹਾਰਮੋਨ ਹੀ ਸਾਨੂੰ ਅਜਿਹੇ ਕੰਮ ਕਰਨ ਲਈ ਉਤਸ਼ਾਹਿਤ ਕਰਦਾ ਹੈ ਜਿਸ ਤੋਂ ਲੋਕ ਸਾਡੀ ਪ੍ਰਸ਼ੰਸਾ ਕਰਨ ਜਦੋਂ ਅਸੀਂ ਕਿਸੇ ਦੀ ਪ੍ਰਸ਼ੰਸਾ ਕਰਦੇ ਹਾਂ ਜਾਂ ਕੋਈ ਸਾਡੀ ਪ੍ਰਸ਼ੰਸਾ ਕਰਦਾ ਹੈ ਤਾਂ ਦੋਵਾਂ ਵਿੱਚ ਇਹ ਹਾਰਮੋਨ ਵਧਦਾ ਹੈ ਬੱਚਿਆਂ ਦੀ ਵਧੀਆ ਸ਼ਖਸੀਅਤ ਬਣਾਉਣ ਵਿੱਚ ਉਹਨਾਂ ਦੇ ਕੀਤੇ ਚੰਗੇ ਕੰਮਾਂ ਲਈ, ਖੇਡਾਂ ਅਤੇ ਪੜ੍ਹਾਈ ਵਿੱਚ ਲਏ ਇਨਾਮਾਂ ਅਤੇ ਉਸਦੇ ਚੰਗੇ ਵਿਵਹਾਰ ਦੀ ਪ੍ਰਸ਼ੰਸਾ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਉਹਨਾਂ ਵਿੱਚ ਇਹ ਹਾਰਮੋਨ ਪੈਦਾ ਹੁੰਦਾ ਹੈ ਜੋ ਕਿ ਉਹਨਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਦਾ ਹੈਜੇਕਰ ਉਸ ਨੂੰ ਕੋਈ ਉਤਸ਼ਾਹ ਨਾ ਮਿਲੇ ਤਾਂ ਇਸਦੀ ਘਾਟ ਕਾਰਨ ਉਸ ਵਿੱਚ ਅੰਦਰੂਨੀ ਤੌਰ ’ਤੇ ਉਦਾਸੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਜੋ ਕਿ ਲੰਮੇ ਸਮੇਂ ਵਿੱਚ ਉਸ ਦੇ ਵਿਆਕਤੀਤਵ ਲਈ ਘਾਤਕ ਸਿੱਧ ਹੁੰਦੀ ਹੈਖਿਡਾਰੀਆਂ ਲਈ ਖੇਡ ਦੇ ਮੈਦਾਨ ਵਿੱਚ ਉਹਨਾਂ ਦੀ ਵਧੀਆ ਖੇਡ ਲਈ ਵਾਹ ਵਾਹ, ਕਵੀਆਂ ਅਤੇ ਕਲਾਕਾਰਾਂ ਲਈ ਉਹਨਾਂ ਦੇ ਸਰੋਤਿਆਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ‘ਠੋਕੋ ਤਾਲੀ’ ਦੇ ਫਲਸਫੇ ਅਧੀਨ ਮਾਰੀਆਂ ਗਈਆਂ ਤਾਲੀਆਂ ਵੀ ਉਹਨਾਂ ਦੇ ਡੋਪਾਮਾਈਨ ਨੂੰ ਵਧਾ ਕੇ ਹੋਰ ਵਧੀਆਂ ਕਰਨ ਲਈ ਪ੍ਰੇਰਦੀਆਂ ਹਨ

ਦਫਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਬੌਸ ਜੇਕਰ ਉਹਨਾਂ ਵੱਲੋਂ ਕੀਤੇ ਗਏ ਕੰਮਾਂ ਦੀ ਪ੍ਰਸ਼ੰਸਾ ਨਾ ਕਰਨ ਤਾਂ ਉਹਨਾਂ ਦੀ ਕਾਰਜ ਕੁਸ਼ਲਤਾ ਘਟਦੀ ਜਾਂਦੀ ਹੈਜਿਸ ਮਨੁੱਖ ਨੂੰ ਸਾਰੀ ਉਮਰ ਕਿਸੇ ਕੋਲੋਂ ਸਨੇਹ ਪਿਆਰ ਦੇ ਨਾਲ ਪ੍ਰਸ਼ੰਸਾ ਨਹੀਂ ਮਿਲਦੀ ਉਸ ਨੂੰ ਆਮ ਕਰਕੇ ਬੁਢਾਪੇ ਵਿੱਚ ਪਾਰਕਿੰਨਸਨ ਬਿਮਾਰੀ ਦਾ ਸ਼ਿਕਾਰ ਹੋਣ ਦੇ ਮੌਕੇ ਵਧ ਜਾਂਦੇ ਹਨਜੇਕਰ ਇਸ ਹਾਰਮੋਨ ਦੀ ਘਾਟ ਹੋਵੇ ਤਾਂ ਹੋਰ ਗੰਭੀਰ ਮਾਨਸਿਕ ਬਿਮਾਰੀਆਂ ਵੀ ਹੋ ਸਕਦੀਆਂ ਹਨਇਸ ਹਾਰਮੋਨ ਨੂੰ ਵਧਾਉਣ ਲਈ ਚੰਗੀ ਖੁਰਾਕ ਜਿਸ ਵਿੱਚ ਪਨੀਰ, ਮੀਟ, ਮੱਛਲੀ, ਸੋਇਆ, ਬਦਾਮ ਆਦਿ ਖਾਣ ਦੇ ਨਾਲ ਨਾਲ ਰੋਜ਼ਾਨਾ ਕਸਰਤ ਕਰਨੀ, ਭਰਪੂਰ ਨੀਂਦਰ ਲੈਣੀ, ਸਾਹ ਦੀਆਂ ਕ੍ਰਿਆਵਆਂ ਕਰਨੀਆਂ ਵੀ ਜ਼ਰੂਰੀ ਹਨ

ਖੁਸ਼ੀ ਨਾਲ ਸਬੰਧਤ ਇੱਕ ਹੋਰ ਹਾਰਮੋਨ ਸਰੋਟੋਨਿਨ ਹੈ ਜਿਹੜਾ ਕਿ ਨਰਵ-ਸੈਲਾਂ ਵਿੱਚ ਹੀ ਪੈਦਾ ਹੁੰਦਾ ਹੈਇਹ ਪਾਚਣ-ਅੰਗਾਂ ਅਤੇ ਖੂਨ ਦੇ ਪਲੇਟਲੈਟਸ ਵਿੱਚ ਵੀ ਪਾਇਆ ਜਾਂਦਾ ਹੈਇਹ ਨੀਂਦਰ ਲੈਣ, ਖਾਣ ਤੇ ਪਚਾਉਣ, ਚਿੰਤਾ ਤੇ ਉਦਾਸੀ ਨੂੰ ਘਟਾਉਣ, ਜ਼ਖਮਾਂ ਨੂੰ ਠੀਕ ਕਰਨ ਅਤੇ ਹੱਡੀਆਂ ਨੂੰ ਨਰੋਇਆ ਰੱਖਣ ਵਿੱਚ ਸਾਡੀ ਮਦਦ ਕਰਦਾ ਹੈਇਹ ਰਸਾਇਣ ਸਾਨੂੰ ਜ਼ਿਆਦਾ ਖੁਸ਼ੀ, ਸ਼ਾਂਤੀ, ਇਕਾਗਰਤਾ ਅਤੇ ਜਜ਼ਬਾਤੀ ਤੌਰ ’ਤੇ ਸਥਿਰਤਾ ਬਖਸ਼ਦਾ ਹੈਇਹ ਰਸਾਇਣ ਸਰੀਰ ਦੇ ਸਾਰੇ ਹਿੱਸਿਆਂ ਨੂੰ ਪ੍ਰਭਾਵਤ ਕਰਦਾ ਹੈਸੂਰਜ ਦੀ ਧੁੱਪ ਵਿੱਚ ਬੈਠਣ, ਚੰਗੀ ਖੁਰਾਕ ਲੈਣ ਅਤੇ ਧਿਆਨ ਲਗਾਉਣ ਨਾਲ ਇਸ ਨੂੰ ਸਰੀਰ ਵਿੱਚ ਵਧਾਇਆ ਜਾ ਸਕਦਾ ਹੈਇਸ ਰਸਾਇਣ ਦੀ ਘਾਟ ਨਾਲ ਵੀ ਮਾਨਸਿਕ ਤੇ ਸਰੀਰਕ ਅਸਥਿਰਤਾ ਪੈਦਾ ਹੁੰਦੀ ਹੈਇਹ ਬਹੁਤ ਵੱਡੀ ਗੱਲ ਹੈ ਕਿ ਸਾਡੇ ਕਲਚਰ ਵਿੱਚ ‘ਕਰ ਭਲਾ ਹੋ ਭਲਾ’ ਦਾ ਫਲਸਫਾ ਇਸੇ ਰਸਾਇਣ ਨੂੰ ਵਧਾਉਣ ਲਈ ਸਾਡੇ ਬਜ਼ੁਰਗਾਂ ਜਾਣੇ-ਅਣਜਾਣੇ ਵਿੱਚ ਘੜਿਆ ਸੀ ਕਿਉਂਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਕਿਸੇ ਦਾ ਭਲਾ ਕਰਦੇ ਹਾਂ ਤਾਂ ਇਹ ਰਸਾਇਣ ਆਪਣੇ ਆਪ ਉਸ ਵਿੱਚ ਵਧਦਾ ਹੈ ਤੇ ਇਸਦੇ ਨਾਲ ਹੀ ਇਹ ਸਾਡੇ ਸਰੀਰ ਵਿੱਚ ਵੀ ਵਧਦਾ ਹੈਇਹ ਗੱਲ ਹੁਣ ਵਿਗਿਆਨ ਅਤੇ ਮਨੋਵਿਗਿਆਨ ਨੇ ਵੀ ਸਿੱਧ ਕੀਤੀ ਹੈਭਲੇ ਲੋਕਾਂ ਅਤੇ ਮਹਾਂਪੁਰਸ਼ਾਂ ਦੀ ਚੰਗੀ ਸਿਹਤ ਅਤੇ ਚਿਹਰੇ ਦੀ ਆਭਾ ਦਾ ਇਹੀ ਕਾਰਨ ਹੈ ਅਤੇ ਸੜੀਅਲ ਲੋਕਾਂ ਦੇ ਚਿਹਰੇ ਇਸੇ ਕਾਰਨ ਬੁਝੇ ਰਹਿੰਦੇ ਹਨ

ਔਕਸੀਟੋਸਿਨ ਇੱਕ ਅਜਿਹਾ ਹਾਰਮੋਨ ਹੈ ਜਿਸ ਤੋਂ ਕੋਈ ਵੀ ਪ੍ਰਾਣੀ ਬਚ ਨਹੀਂ ਸਕਿਆਇਹ ਵੀ ਦਿਮਾਗ਼ ਦੇ ਇੱਕ ਹਿੱਸੇ ਦੀ ਪੈਦਾਇਸ਼ ਹੈ ਜਿਹੜਾ ਕੁਦਰਤੀ ਬਿਜਲਈ ਕ੍ਰਿਆ ਰਾਹੀਂ ਪੈਦਾ ਹੋ ਕੇ ਪਿਚੀਟਰੀ ਗ੍ਰੰਥੀ ਰਾਹੀਂ ਸਾਡੇ ਖੂਨ ਵਿੱਚ ਰਲਦਾ ਹੈਇਸ ਨੂੰ ‘ਲਵ ਹਾਰਮੋਨ’ ਵੀ ਕਿਹਾ ਜਾਂਦਾ ਹੈ ਭਾਵ ਪਿਆਰ, ਸਨੇਹ, ਮੋਹ, ਪਿਆਰ-ਕਬਜ਼ਾ ਸਭ ਇਸੇ ਦਾ ਵਰਤਾਰਾ ਹੈਸਾਡੇ ਕਿੱਸਾ-ਕਾਵਿ ਦੇ ਬਹੁਤੇ ਪਾਤਰ ਜਿਵੇਂ ਹੀਰ-ਰਾਂਝਾ, ਸੱਸੀ-ਪੁੰਨੂੰ, ਸ਼ੀਰੀ-ਫਰਿਆਦ, ਲੈਲਾ-ਮਜਨੂ ਅਤੇ ਸੋਹਨੀ-ਮਹੀਂਵਾਲ ਆਦਿ ਸਭ ਇਸੇ ਹਾਰਮੋਨ ਦੇ ਸ਼ਿਕਾਰ ਸਨਜਦੋਂ ਤੁਸੀਂ ਕਿਸੇ ਪ੍ਰਾਣੀ ਨਾਲ ਪਿਆਰ ਕਰਦੇ ਹੋ, ਭਾਵੇਂ ਉਹ ਮਨੁੱਖ ਹੋਵੇ, ਭਾਵੇਂ ਪਸ਼ੂ-ਪੰਛੀ ਹੋਵੇ ਤਾਂ ਇਹ ਰਸਾਇਣ ਨਿਕਲਦਾ ਹੈਇਸਦੀ ਪ੍ਰਾਪਤੀ ਦੋਵਾਂ ਧਿਰਾਂ ਨੂੰ ਹੁੰਦੀ ਹੈਇਹ ਵੀ ਦੇਖਿਆ ਗਿਆ ਹੈ ਕਿ ਜੇਕਰ ਦੁਧਾਰੂ ਪਸ਼ੂਆਂ ਦੀ ਸੇਵਾ ਪਿਆਰ ਨਾਲ ਕੀਤੀ ਜਾਵੇ ਤਾਂ ਉਹ ਜ਼ਿਆਦਾ ਦੁੱਧ ਦਿੰਦੇ ਹਨਔਰਤਾਂ ਵਿੱਚ ਇਹ ਹਾਰਮੋਨ ਬੰਦਿਆਂ ਨਾਲੋਂ ਜ਼ਿਆਦਾ ਹੁੰਦਾ ਹੈਜਦੋਂ ਬੱਚਾ ਮਾਂ ਦਾ ਦੁੱਧ ਚੁੰਘਦਾ ਹੈ ਤਾਂ ਇਹ ਹਾਰਮੋਨ ਪੈਦਾ ਹੁੰਦਾ ਹੈ ਅਤੇ ਦੁੱਧ ਉੱਤਰਨ ਵਿੱਚ ਵੀ ਮਦਦ ਕਰਦਾ ਹੈਦੋਵਾਂ ਵਿੱਚ ਪਿਆਰ-ਮੋਹ ਪੈਦਾ ਕਰਦਾ ਹੈਮਾਂ ਦੀ ਮਮਤਾ ਦੀ ਤੀਬਰਤਾ ਵੀ ਇਸੇ ਹਾਰਮੋਨ ਦਾ ਵਰਤਾਰਾ ਹੈਜਿੰਨਾ ਜ਼ਿਆਦਾ ਇਹ ਹਾਰਮੋਨ ਪੈਦਾ ਹੋਵੇਗਾ, ਉੰਨਾ ਹੀ ਜ਼ਿਆਦਾ ਦੋਵਾਂ ਵਿੱਚ ਮੋਹ ਹੋਵੇਗਾਮਾਂ ਬੱਚੇ ਦੇ ਗੰਦ ਨੂੰ ਵੀ ਗੰਦ ਨਹੀਂ ਸਮਝਦੀ, ਉਸ ਦੀ ਰੱਖਿਆ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿੰਦੀ ਹੈਉਸ ਲਈ ਲੋਰੀਆਂ ਗਾਏਗੀ, ਉਸਦੀ ਹਰ ਵੇਲੇ ਦੇਖ-ਭਾਲ ਕਰੇਗੀਬੱਚੇ ਵਿੱਚ ਵੀ ਇਹ ਹਾਰਮੋਨ ਮਾਂ ਲਈ ਖਿੱਚ ਪੈਦਾ ਕਰਦਾ ਹੈਉਹ ਮਾਂ ਤੋਂ ਦੂਰ ਜਾਣਾ ਪਸੰਦ ਨਹੀਂ ਕਰਦਾਇਸ ਹਾਰਮੋਨ ਦੀ ਅਜੀਬ ਗੱਲ ਇਹ ਹੈ ਕਿ ਇਹ ਦੋਵਾਂ ਧਿਰਾਂ ਵਿੱਚ ਕਬਜ਼ੇ ਦੀ ਭਾਵਨਾ ਪੈਦਾ ਕਰਦਾ ਹੈ ਇੱਕ ਦੂਸਰੇ ਵਿੱਚ ਸ਼ੱਕ ਦੀ ਭਾਵਨਾ ਪੈਦਾ ਕਰਦਾ ਹੈਇਹ ਬੁਰੀਆਂ ਘਟਨਾਵਾਂ ਨੂੰ ਯਾਦ ਰੱਖਣ ਵਿੱਚ ਵੀ ਤੀਬਰਤਾ ਦਿਖਾਉਂਦਾ ਹੈਪਰ ਇਹ ਦੁੱਖ ਦੀ ਘੜੀ ਵਿੱਚ ਸਾਡੇ ਦਰਦ ਨੂੰ ਘਟਾ ਕੇ ਸਾਨੂੰ ਸੌਖਾ ਮਹਿਸੂਸ ਕਰਦਾ ਹੈ ਜਣੇਪੇ ਵੇਲੇ ਔਰਤ ਦੀ ਪੀੜ ਨੂੰ ਘਟਾਉਣ ਵਿੱਚ ਇਹੀ ਰਸਾਇਣ ਮਦਦ ਕਰਦਾ ਹੈ

ਜ਼ਿਆਦਾ ਕਸਰਤ ਕਰਨ ਵੇਲੇ ਪਹਿਲਾਂ ਪਹਿਲਾਂ ਅਸੀਂ ਔਖਾ ਮਹਿਸੂਸ ਕਰਦੇ ਹਾਂ ਪਰ ਫਿਰ ਸਾਨੂੰ ਹੋਰ ਕਸਰਤ ਕਰਨ ’ਤੇ ਅਨੰਦ ਆਉਂਦਾ ਹੈਪੁਲੀਸ ਜਾਂ ਕਿਸੇ ਹੋਰ ਤੋਂ ਲਗਾਤਾਰ ਕੁੱਟ ਖਾਣ ਵਾਲੇ ਖੁਲਾਸਾ ਕਰਦੇ ਹਨ ਕਿ ਪਹਿਲਾਂ ਪਹਿਲਾਂ ਇਹ ਕੁੱਟ ਬਹੁਤ ਦੁੱਖਦਾਈ ਹੁੰਦੀ ਹੈ ਪਰ ਫਿਰ ਥੋੜ੍ਹੀ ਦੇਰ ਬਾਅਦ ਇਸਦੀ ਸ਼ਿੱਦਤ ਘਟ ਜਾਂਦੀ ਹੈਇਹ ਵੀ ਇਹਨਾਂ ਰਸਾਇਣਾਂ ਕਾਰਨ ਹੀ ਹੁੰਦਾ ਹੈਇਹ ਰਸਾਇਣ ਸਾਡੇ ਮਨ ਅਤੇ ਸਰੀਰ ਵਿੱਚ ਇਕਸੁਰਤਾ ਪੈਦਾ ਕਰਦੇ ਹਨਇਹ ਦੁਖਦਾਈ ਭਾਣੇ ਨੂੰ ਮੰਨਣ ਲਈ ਸਾਡੇ ਸਰੀਰ ਅਤੇ ਮਨ ਨੂੰ ਤਿਆਰ ਕਰਦੇ ਹਨਮਨ ਦੀਆਂ ਇੱਛਾਵਾਂ ਪੂਰਨ ਅਤੇ ਟੀਚੇ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰਦੇ ਹਨਪਰ ਇਹਨਾਂ ਰਸਾਇਣਾਂ ਦੀ ਮਿਕਦਾਰ ਵਿੱਚ ਗੜਬੜੀ ਕਾਰਨ ਸਰੀਰਕ ਅਤੇ ਮਾਨਸਿਕ ਵਿਕਾਰ ਵੀ ਪੈਦਾ ਹੁੰਦੇ ਹਨਇਹਨਾਂ ਦੀ ਠੀਕ ਮਿਕਦਾਰ ਦੀ ਮੌਜੂਦਗੀ ਨਾਲ ਮਨੁੱਖ ਜ਼ਿੰਦਗੀ ਦੀਆਂ ਔਖੀਆਂ ਘੜੀਆਂ ਵਿੱਚੋਂ ਵੀ ਸਹਿਜੇ ਹੀ ਗੁਜ਼ਰ ਜਾਂਦਾ ਹੈ ਅਤੇ ਅਨੰਦਮਈ ਜੀਵਨ ਬਤੀਤ ਕਰਦਾ ਹੈਇਹ ਹਾਰਮੋਨਜ਼ ਹੀ ਮਨੁੱਖ ਦੀ ਚੜ੍ਹਦੀ ਜਾਂ ਢਹਿੰਦੀ ਕਲਾ ਦੇ ਅਧਾਰ ਬਣਦੇ ਹਨਇਹਨਾਂ ਦੀ ਅਣਹੋਂਦ ਕਾਰਨ ਮਨੁੱਖ ਨੂੰ ਛੋਟੀ ਜਿਹੀ ਦੁਖਦਾਈ ਘਟਨਾ ਹੀ ਖੇਰੂੰ ਖੇਰੂੰ ਕਰ ਦਿੰਦੀ ਹੈ ਅਤੇ ਇਹਨਾਂ ਦੀ ਭਰਪੂਰਤਾ ਸਦਕਾ ਹੀ ਚੜ੍ਹਦੀ ਕਲਾ ਵਿੱਚ ਕੋਈ ਪਰਮ ਮਨੁੱਖ ਫਾਂਸੀ ’ਤੇ ਚੜ੍ਹਦਾ ਹੋਇਆ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਵੀ ਲਾ ਸਕਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4504)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਵਿੰਦਰ ਚੋਟ

ਰਵਿੰਦਰ ਚੋਟ

Phagwara, Punjab, India.
Phone: (91 - 98726 - 73703)
Email: (chotravinder@gmail.com)