“ਪੰਜਾਬ ਕੋਲ ਇਹਨਾਂ ਸ਼ਕਤੀਆਂ ਦੇ ਵਿਸ਼ਾਲ ਵਸੀਲੇ ਹਨ ਜਿਹੜੇ ਕਿ ਭੰਗ ਦੇ ਭਾੜੇ ਜਾ ਰਹੇ ਹਨ। ਹਰੀ ਕਰਾਂਤੀ ਨੇ ...”
(30 ਅਗਸਤ 2024)
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਧਰਤੀ ’ਤੇ ਪਿਛਲੇ ਸਮੇਂ ਵਿੱਚ ਕੋਲਾ, ਤੇਲ ਅਤੇ ਗੈਸ ਹੀ ਮੁੱਖ ਤੌਰ ’ਤੇ ਊਰਜਾ ਦੇ ਸਾਧਨ ਰਹੇ ਹਨ। ਭੂ ਵਿਗਿਆਨੀਆਂ ਨੇ ਇਹ ਦੱਸਿਆ ਸੀ ਕਿ ਲੱਖਾਂ ਕਰੋੜਾਂ ਸਾਲ ਪਹਿਲਾਂ ਧਰਤੀ ਦੀ ਉਥਲ ਪੁਥਲ ਕਾਰਨ ਉਸ ਸਮੇਂ ਦੀ ਬਨਸਪਤੀ, ਜਾਨਦਾਰ ਪ੍ਰਾਣੀ ਅਤੇ ਹੋਰ ਨਿਕਸੁਕ ਧਰਤੀ ਹੇਠ ਦੱਬਿਆ ਗਿਆ। ਬਨਸਪਤੀ ਅਤੇ ਰੁੱਖ ਧਰਤੀ ਦੇ ਭਾਰੀ ਦਬਾਅ ਹੇਠ ਕੋਲਾ ਬਣ ਗਏ ਅਤੇ ਜਾਨਦਾਰ ਪ੍ਰਾਣੀਆਂ ਦੀ ਮਿੱਝ ਹੀ ਤੇਲ/ਪੈਟਰੋਲੀਅਮ ਵਿੱਚ ਤਬਦੀਲ ਹੋ ਗਈ। ਇਹ ਭੰਡਾਰ ਸੀਮਤ ਹਨ ਅਤੇ ਇਹਨਾਂ ਵਿੱਚ ਵਾਧਾ ਨਹੀਂ ਹੋ ਰਿਹਾ। ਮਨੁੱਖ ਇਹਨਾਂ ਦੀ ਆਪਣੀਆਂ ਲੋੜਾਂ ਤੋਂ ਵੀ ਵੱਧ ਵਰਤੋਂ ਕਰਦਾ ਆ ਰਿਹਾ ਹੈ। ਇਹ ਵੀ ਸਪਸ਼ਟ ਹੋ ਚੁੱਕਾ ਹੈ ਕਿ ਇਹ ਸਾਧਨ ਹੋਰ ਬਹੁਤਾਂ ਸਮਾਂ ਨਹੀਂ ਚੱਲਣਗੇ ਕਿਉਂਕਿ ਵਿਗਿਆਨੀਆਂ ਦੇ ਨਿਰਣੇ ਮੁਤਾਬਕ ਇਹ ਸਾਧਨ ਜਲਦੀ ਖਤਮ ਹੋਣ ਵਾਲੇ ਹਨ। ਇੱਕ ਅੰਦਾਜ਼ੇ ਮੁਤਾਬਕ ਜੇ ਖਪਤ ਦੀ ਇਹੀ ਰਫਤਾਰ ਰਹੀ ਤਾਂ ਉਪਲਬਧ ਕੋਲਾ 2060 ਤਕ ਖਤਮ ਹੋਣ ਦੀ ਸੰਭਾਵਨਾ ਹੈ ਅਤੇ ਤੇਲ ਹੋਰ 50 ਸਾਲ ਤਕ ਚੱਲੇਗਾ। ਧਰਤੀ ਹੇਠ ਬਾਕੀ ਬਚਦਾ ਤੇਲ ਅਤੇ ਕੋਲਾ ਮਨੁੱਖ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ ਕਿਉਂਕਿ ਜਾਂ ਤਾਂ ਇਹ ਬਹੁਤ ਡੂੰਘਾ ਹੋਵੇਗਾ ਜਾਂ ਅਗਿਆਤ ਹੋਵੇਗਾ। ਇਸ ਲਈ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਚਾਲੂ ਰੱਖਣ ਲਈ ਇਹਨਾਂ ਦੇ ਬਦਲ ਲੱਭਣੇ ਪੈਣਗੇ। ਇਹਨਾਂ ਸਾਧਨਾਂ ਦੇ ਵੱਡੇ ਵਪਾਰੀ, ਜਿਹੜੇ ਇਹਨਾਂ ਤੋਂ ਬੇਹਿਸਾਬਾ ਧੰਨ ਕਮਾਉਂਦੇ ਰਹੇ ਹਨ, ਇਹਨਾਂ ਦੇ ਮੁੱਕਣ ’ਤੇ ਉਹਨਾਂ ਨੂੰ ਹੋਰ ਕਮਾਈ ਦੇ ਸਾਧਨ ਲੱਭਣ ਦੀ ਚਿੰਤਾ ਬਣ ਰਹੀ ਹੈ। ਇਸ ਲਈ ਉਹਨਾਂ ਦੇ ਖਰੀਦੇ ਹੋਏ ਵਿਗਿਆਨੀ ਉਹਨਾਂ ਲਈ ਕਮਾਈ ਦੇ ਹੋਰ ਸਾਧਨ ਜੁਟਾਉਣ ਵਿੱਚ ਲੱਗੇ ਹੋਏ ਹਨ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕੁਦਰਤ ਨੇ ਸਾਡੇ ਲਈ ਸ਼ਕਤੀ ਦੇ ਅਣਗਿਣਤ ਸੋਮੇ ਪੈਦਾ ਕੀਤੇ ਹੋਏ ਹਨ ਪਰ ਅਸੀਂ ਸਹੀ ਵਰਤੋਂ ਨਾ ਕਰਕੇ ਕੁਦਰਤ ਦਾ ਨਿਰਾਦਰ ਹੀ ਨਹੀਂ ਕਰ ਰਹੇ ਸਗੋਂ ਆਪਣੇ ਲਈ ਬਹੁਤ ਸਾਰੀਆਂ ਮੁਸੀਬਤਾਂ ਸਹੇੜ ਰਹੇ ਹਾਂ।
ਜਿਸ ਤਰ੍ਹਾਂ ਅਸੀਂ ਧਰਤੀ ’ਤੇ ਮਿੱਟੀ, ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਕਰ ਕੇ ਪਛਤਾ ਰਹੇ ਹਾਂ ਤੇ ਕੁਦਰਤ ਦੀ ਹਰ ਕਰੋਪੀ ਝੱਲ ਰਹੇ ਹਾਂ, ਉਸੇ ਤਰ੍ਹਾਂ ਅਸੀਂ ਕੋਲਾ, ਤੇਲ ਤੇ ਗੈਸ ਦੀ ਬੇਲੋੜੀ ਦੁਰਵਰਤੋਂ ਕਰਕੇ ਆਪਣੇ ਲਈ ਬਹੁਤ ਵੱਡੀ ਮੁਸੀਬਤ ਨੂੰ ਦਾਅਵਤ ਦੇ ਰਹੇ ਹਾਂ। ਕੁਦਰਤ ਦੀਆਂ ਦਾਤਾਂ ਨੂੰ ਸੰਜਮ ਨਾਲ ਵਰਤਣ ਦੀ ਥਾਂ ਅਸੀਂ ਗੁਲਸ਼ਰੇ ਉਡਾ ਰਹੇ ਹਾਂ। ਇਸਦੇ ਹੀ ਨਤੀਜੇ ਵਜੋਂ ਕੁਦਰਤੀ ਕਰੋਪੀਆਂ ਹੜ੍ਹ, ਤੁਫਾਨ ਤੇ ਭੂਚਾਲ ਆਦਿ ਸਾਡੀ ਮੱਤ ਨੂੰ ਹਲੂਣਾ ਦੇ ਰਹੇ ਹਨ ਪਰ ਅਸੀਂ ਸੁਧਰ ਨਹੀਂ ਰਹੇ। ਹੁਣ ਅਸੀਂ ਪਾਣੀ, ਹਵਾ ਅਤੇ ਸੂਰਜੀ ਰੋਸ਼ਨੀ ਦੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਮਜਬੂਰ ਹੋ ਗਏ ਹਾਂ। ਬਹੁਤ ਸਾਰੇ ਦੇਸ਼ਾਂ ਨੇ ਇਹਨਾਂ ਸਾਧਨਾਂ ਨੂੰ ਮਨੁੱਖੀ ਭਲਾਈ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਉੱਨਤ ਕਹੇ ਜਾਂਦੇ ਦੇਸ਼ ਇਹਨਾਂ ਤੋਂ ਬਿਜਲੀ ਪੈਦਾ ਕਰਕੇ ਹੋਰ ਉੱਨਤੀ ਵਲ ਵਧ ਰਹੇ ਹਨ। ਇਸੇ ਨੂੰ ਉਹਨਾਂ ਨੇ ਹਰੀ ਊਰਜਾ (ਗਰੀਨ ਅਨਰਜੀ) ਦਾ ਨਾਮ ਦਿੱਤਾ ਹੈ ਕਿਉਂਕਿ ਇਸ ਊਰਜਾ ਤੋਂ ਕੋਲੇ ਜਾਂ ਤੇਲ ਤੋਂ ਪੈਦਾ ਹੋ ਰਹੇ ਪ੍ਰਦੂਸ਼ਣ ਦੇ ਮੁਕਾਬਲੇ ਨਾ ਮਾਤਰ ਹੀ ਪ੍ਰਦੂਸ਼ਣ ਪੈਦਾ ਹੁੰਦਾ ਹੈ। ਇਹ ਸਾਧਨ ਈਕੋ-ਫਰੈਂਡਲੀ ਹਨ। ਸਾਡੇ ਦੇਸ਼ ਵਿੱਚ ਬਹੁਤੀ ਊਰਜਾ ਕੋਲੇ ਅਤੇ ਤੇਲ ਤੋਂ ਪੈਦਾ ਕੀਤੀ ਜਾਂਦੀ ਹੈ, ਕੁਝ ਹਾਈਡਰੋਪਾਵਰ ਤੋਂ ਕੀਤੀ ਜਾਂਦੀ ਹੈ। ਪਰ ਜਿੰਨੇ ਸਾਡੇ ਦੇਸ਼ ਵਿੱਚ ਦਰਿਆ ਅਤੇ ਨਦੀਆਂ ਝਰਨੇ ਹਨ, ਉਹਨਾਂ ਦਾ ਬਹੁਤਾ ਲਾਭ ਨਹੀਂ ਲਿਆ ਜਾ ਰਿਹਾ।
ਸੰਸਾਰ ਵਿੱਚ ਵੱਡੇ ਦੇਸ਼ਾਂ ਵਿੱਚੋਂ 134 ਦੇਸ਼ ਫੌਸਿਲ ਫਿਊਲ ਜਾਣੀ ਕੋਲੇ ਤੇ ਤੇਲ ਤੋਂ ਬਿਜਲੀ ਪੈਦਾ ਕਰਕੇ ਆਪਣੇ ਉਦਯੋਗ ਅਤੇ ਹੋਰ ਕਾਰੋਬਾਰ ਚਲਾਉਂਦੇ ਹਨ ਜਿਹੜੇ ਕਿ ਲਗਭਗ 65% ਬਣਦੇ ਹਨ। ਸਾਡੇ ਦੇਸ਼ ਨੂੰ ਵੀ ਇਹਨਾਂ ਵਿੱਚ ਹੀ ਗਿਣਿਆ ਜਾ ਸਕਦਾ ਹੈ। ਦੂਸਰੇ ਪਾਸੇ ਤਕਰੀਬਨ 66 ਦੇਸ਼ ਅਜਿਹੇ ਹਨ ਜਿਹੜੇ ਕਿ 31% ਦੇ ਨੇੜੇ ਹਨ - ਉਹ ਆਪਣਾ ਕਾਰੋਬਾਰ ਪੌਣ, ਪਾਣੀ ਤੇ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਕੇ ਚਲਾ ਰਹੇ ਹਨ। ਸੱਤ ਦੇਸ਼ (4%) ਅਜਿਹੇ ਵੀ ਹਨ ਜਿਹੜੇ ਕਿ ਨਿਉਕਲੀਅਰ ਬਿਜਲੀ ਪੈਦਾ ਕਰਕੇ ਆਪਣੇ ਕੰਮ ਚਲਾ ਰਹੇ ਹਨ। ਚੀਨ ਇੱਕ ਅਜਿਹਾ ਦੇਸ਼ ਹੈ ਜਿਹੜਾ ਕਿ ਸਭ ਤੋਂ ਵੱਧ ਹਰੀ ਊਰਜਾ (ਗਰੀਨ ਅਨਾਰਜ਼ੀ) ਦੀ ਵਰਤੋਂ ਕਰ ਰਿਹਾ ਹੈ। ਦੁਨੀਆ ਵਿੱਚ ਜਿੰਨੀ ਕੁੱਲ ਹਰੀ ਊਰਜਾ ਪੈਦਾ ਕੀਤੀ ਜਾ ਰਹੀ ਹੈ, ਉਸਦਾ ਅੱਧਾ ਹਿੱਸਾ ਸਿਰਫ ਚੀਨ ਵਿੱਚ ਪੌਣ ਅਤੇ ਸੂਰਜੀ ਊਰਜਾ ਤੋਂ ਪੈਦਾ ਕੀਤੀ ਜਾ ਰਹੀ ਹੈ ਅਤੇ ਵਰਤੀ ਜਾ ਰਹੀ ਹੈ। ਉਹ ਤਾਂ ਆਪਣੇ ਹਰ ਵੱਡੇ ਸ਼ਹਿਰ ਨੂੰ ਰਾਤ ਨੂੰ ਜਗਮਗਾਉਣ ਲਈ ਆਪਣੇ ਬਣਾਉਟੀ ਸੂਰਜ ਪੈਦਾ ਕਰਨ ਦੀ ਹੋੜ ਵਿੱਚ ਲੱਗੇ ਹੋਏ ਹਨ।
ਉਰੂਗੁਆ ਦੁਨੀਆ ਦਾ ਦੂਸਰਾ ਸਭ ਤੋਂ ਛੋਟਾ ਦੇਸ਼ ਜਿਹੜਾ ਕਿ ਦੱਖਣੀ ਅਮਰੀਕਾ ਦੇ ਦੱਖਣ-ਪੂਰਬ ਵਿੱਚ ਸਥਿਤ ਹੈ ਅਤੇ ਰਾਜਨੀਤਕ ਤੇ ਆਰਥਿਕ ਤੌਰ ’ਤੇ ਬਰਾਜ਼ੀਲ ਅਤੇ ਅਰਜਨਟੀਨਾ ਦੇ ਪ੍ਰਭਾਵ ਹੇਠ ਰਿਹਾ ਹੈ, ਕੋਲੇ ਤੇ ਤੇਲ ਨੂੰ ਛੱਡ ਕੇ ਆਪਣੀ ਵਰਤੋਂ ਦੀ 91% ਬਿਜਲੀ ਹਾਈਡਰੋ-ਪਾਵਰ ਸੂਰਜੀ ਊਰਜਾ ਅਤੇ ਪੌਣ ਸ਼ਕਤੀ ਤੋਂ ਪੈਦਾ ਕਰ ਰਿਹਾ ਹੈ। ਉਹ ਬਿਜਲੀ ਦਾ ਕੁਝ ਹਿੱਸਾ ਕੁਦਰਤੀ ਬਾਇਓ ਫਿਊਲਜ਼ ਤੋਂ ਵੀ ਪੈਦਾ ਕਰ ਰਿਹਾ ਹੈ। ਇੰਨਾ ਛੋਟਾ ਦੇਸ਼ ਹੋਣ ਦੇ ਬਾਵਜੂਦ ਉਹ ਆਪਣੀ ਫਾਲਤੂ ਬਿਜਲੀ ਦੱਖਣੀ ਅਮਰੀਕਾ, ਅਰਜਨਟੀਨਾ ਅਤੇ ਬਰਾਜ਼ੀਲ ਨੂੰ ਵੇਚਣ ਦੀ ਤਿਆਰੀ ਵਿੱਚ ਹੈ। ਇਸੇ ਤਰ੍ਹਾਂ ਕੀਨੀਆ ਵਿੱਚ ਅਫਰੀਕਾ ਦਾ ਸਭ ਤੋਂ ਵੱਡਾ ਪੌਣ-ਸ਼ਕਤੀ ਨਾਲ ਬਿਜਲੀ ਪੈਦਾ ਕਰਨ ਵਾਲਾ ਪ੍ਰੌਜੈਕਟ ਤੁਰਕਾਨਾ ਝੀਲ ਦੇ ਨੇੜੇ ਬਣਿਆ ਹੋਇਆ ਹੈ। ਮੋਰਾਕੋ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਸੋਲਰ ਫਾਰਮ ਬਣਾਇਆ ਗਿਆ ਹੈ। ਇਹ ਸਹਾਰਾ ਮਾਰੂਥਲ ਵਿੱਚ ਕਾਇਮ ਕੀਤਾ ਗਿਆ ਹੈ ਜਿਹੜਾ ਕਿ ਬਹੁਤ ਸਾਰੇ ਸ਼ਹਿਰਾਂ ਨੂੰ ਬਿਜਲੀ ਦੇ ਰਿਹਾ ਹੈ।
ਨਿਉਜ਼ੀਲੈਂਡ ਵਿੱਚ ਵੀ 84% ਬਿਜਲੀ ਤੇਲ ਅਤੇ ਕੋਲੇ ਤੋਂ ਬਗੈਰ ਹੋਰ ਸਾਧਨਾਂ ਤੋਂ ਪੈਦਾ ਕੀਤੀ ਜਾਂਦੀ ਹੈ, ਜਿਸ ਲਈ ਪੌਣ, ਪਾਣੀ ਤੇ ਸੂਰਜੀ ਸ਼ਕਤੀ ਨੂੰ ਵਰਤਿਆ ਜਾਂਦਾ ਹੈ। ਉਹਨਾਂ ਦਾ ਟੀਚਾ ਹੈ ਕਿ 2035 ਤਕ ਇੰਨੇ ਸਾਧਨ ਪੈਦਾ ਕਰ ਲਏ ਜਾਣ ਤਾਂ ਕਿ ਸੌ ਫੀਸਦੀ ਲੋੜੀਂਦੀ ਬਿਜਲੀ ਸ਼ਕਤੀ ਇਸੇ ਤਰ੍ਹਾਂ ਪੈਦਾ ਕੀਤੀ ਜਾ ਸਕੇ। ਨੌਰਵੇ ਵੀ 2016 ਤੋਂ ਉਹਨਾਂ ਦੀ ਵਰਤੋਂ ਦੀ 98% ਬਿਜਲੀ ਹਾਈਡਰੋ ਪਾਵਰ ਤੋਂ ਪੈਦਾ ਕਰ ਰਿਹਾ ਹੈ। ਉਹਨਾਂ ਨੇ ਆਪਣੇ ਦਰਿਆਵਾਂ ਅਤੇ ਝਰਨਿਆਂ ਦੇ ਪਾਣੀ ਦੀ ਬਹੁਤ ਹੀ ਸੁਚੱਜੀ ਵਰਤੋਂ ਕੀਤੀ ਹੈ। ਅਸਟਰੇਲੀਆ ਵੀ ਇਨ੍ਹਾਂ ਤਕਨੀਕਾ ਵਿੱਚ ਮੋਹਰੀ ਰੋਲ ਨਿਭਾ ਰਿਹਾ ਹੈ। ਜਰਮਨ ਦੇ ਇੱਕ ਫੈਦਮ ਨਾਮ ਦੇ ਕਸਬੇ ਵਿੱਚ 150 ਟੱਬਰਾਂ ਨੇ ਸਹਿਕਾਰੀ ਰੂਪ ਵਿੱਚ ਪੌਣ ਬਿਜਲੀ ਟਰਬਾਇਨਾਂ ਲਗਾ ਕੇ ਆਪਣੇ ਇਲਾਕੇ ਦੇ ਸਾਰੇ ਕੰਮ ਚਲਾ ਲਏ।
ਸਾਡੇ ਦੇਸ਼ ਵਿੱਚ ਕਈ ਵੱਡੀਆਂ ਨਿੱਜੀ ਕੰਪਨੀਆਂ ਇਸ ਖੇਤਰ ਵਿੱਚ ਕੰਮ ਕਰ ਰਹੀਆਂ ਹਨ। ਗੌਤਮ ਅਡਾਨੀ ਨੇ 2015 ਵਿੱਚ ਸੂਰਜੀ ਸ਼ਕਤੀ ਤੇ ਪੌਣ ਸ਼ਕਤੀ ਅਧਾਰਤ “ਅਡਾਨੀ ਗਰੀਨ ਅਨਰਜ਼ੀ ਲਿਮਟਿਡ” ਨਾਮ ਦੀ ਆਪਣੀ ਕੰਪਨੀ ਅਹਿਮਦਾਬਾਦ (ਗੁਜਰਾਤ) ਵਿਖੇ ਸ਼ੁਰੂ ਕੀਤੀ, ਜਿਹੜੀ ਕਿ ਸਾਡੇ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੈ। ਇਸ ਸਮੇਂ ਇਹ ਕੰਪਨੀ ਦੇ 11 ਸੂਬਿਆਂ ਵਿੱਚ ਸ਼ਕਤੀ ਪ੍ਰੋਜੈਕਟ ਚੱਲ ਰਹੇ ਹਨ। ਇਹਨਾਂ ਕੰਪਨੀਆਂ ਵਿੱਚ ਸੂਰਜੀ ਕਣ (ਸੋਲਰ ਸੈੱਲ) ਨੂੰ ਸਿੱਧੇ ਤੌਰ ’ਤੇ ਹੀ ਬਿਜਲੀ ਵਿੱਚ ਬਦਲਿਆ ਜਾਂਦਾ ਹੈ, ਜਿਸ ਨੂੰ ਫੋਟੋਵੋਲਟਿਕ ਪ੍ਰਨਾਲੀ ਕਿਹਾ ਜਾਂਦਾ ਹੈ। ਇਹ ਬਿਜਲੀ ਵੱਡੇ ਪੱਧਰ ’ਤੇ ਵਰਤੀ ਜਾਂਦੀ ਹੈ। ਉਹਨਾਂ ਦਾ ਟੀਚਾ ਹੈ ਕਿ ਕੁਝ ਸਾਲਾਂ ਵਿੱਚ ਇਸ ਨੂੰ ਸਾਰੇ ਦੇਸ਼ ਵਿੱਚ ਫੈਲਾ ਦਿੱਤਾ ਜਾਵੇਗਾ। ਸਾਰੀਆਂ ਗੱਡੀਆਂ, ਮੋਟਰਾਂ ਇਸੇ ਊਰਜਾ ਨਾਲ ਚਲਾਉਣ ਦੀਆਂ ਕੋਸ਼ਿਸ਼ਾਂ ਯਾਰੀ ਹਨ। ਬਾਹਰਲੇ ਕਈ ਦੇਸ਼ਾਂ ਵਿੱਚ ਵੀ ਇਸ ਪ੍ਰੋਜੈਕਟ ਨੂੰ ਫੈਲਾਉਣ ਦੀਆਂ ਸਕੀਮਾਂ ਘੜੀਆਂ ਜਾ ਰਹੀਆਂ ਹਨ। ਹਿਮਾਂਸੂ ਮੋਦੀ ਦੀ ਕੰਪਨੀ “ਸੱਜ਼ਲਨ ਇਨਰਜ਼ੀ” ਜਿਸਦਾ ਮੁੱਖ ਦਫਤਰ ਪੂਨੇ ਵਿਖੇ ਹੈ, ਬਿਜਲੀ ਪੈਦਾ ਕਰਨ ਵਾਲੀਆਂ ਪੌਣ-ਟਰਬਾਈਨਾਂ ਬਣਾਉਂਦੀ ਹੈ। ਇਹ ਪੌਣ ਤੋਂ ਬਿਜਲੀ ਪੈਦਾ ਕਰਨ ਵਾਲੇ ਸਾਰੇ ਉਪਕਰਨ ਤਿਆਰ ਕਰਕੇ ਕੌਮਾਂਤਰੀ ਪੱਧਰ ’ਤੇ ਅਠਾਰਾਂ ਤੋਂ ਵੱਧ ਦੇਸ਼ਾਂ ਨੂੰ ਸਪਲਾਈ ਕਰ ਰਹੇ ਹਨ। ਇਹ ਕਈ ਭਾਰਤੀ ਸੂਬਿਆਂ ਨੂੰ ਵੀ ਭੇਜਣ ਦਾ ਇਰਾਦਾ ਰੱਖਦੇ ਹਨ।
ਇਸੇ ਤਰ੍ਹਾਂ ਟਾਟਾ ਗਰੁੱਪ ਵੀ ਪਿੱਛੇ ਨਹੀਂ ਰਿਹਾ। ਉਹ ਵੀ ਸੂਰਜੀ ਰੋਸ਼ਨੀ ਨੂੰ ਬਿਜਲੀ ਵਿੱਚ ਬਦਲਕੇ ਉਦਯੋਗਾਂ ਲਈ ਵਰਤ ਰਿਹਾ ਹੈ। ਉਹਨਾਂ ਦੀ ਕੰਪਨੀ ਵੀ 4975 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੈ। ਰਿਲਾਇੰਸ ਗਰੁੱਪ ਵੀ ਆਪਣੀ ‘ਸਟੱਲਿੰਗ ਐਂਡ ਵਿਲਸਨ ਰੀਨਿਉਵਲ ਅਨਰਜ਼ੀ” ਨਾਮ ਦੀ ਕੰਪਨੀ ਰਾਹੀਂ ਇਸ ਖੇਤਰ ਵਿੱਚ ਕੰਮ ਕਰ ਰਹੇ ਹਨ। ਇਸ ਵਿੱਚ ਉਹ ਸੋਲਰ ਸ਼ਕਤੀ ਤੋਂ ਬਿਜਲੀ ਬਣਾਉਣ ਦੇ ਪ੍ਰੋਜੈਕਟ ਡਿਜ਼ਾਇਨ ਕਰਦੇ ਹਨ। ਉਹਨਾਂ ਦੇ ਇਹ ਪ੍ਰੋਜੈਕਟ ਆਂਧਰਾ ਪ੍ਰਦੇਸ਼, ਵੀਅਤਨਾਮ ਤੇ ਚਿਲੀ ਆਦਿ ਵਿਖੇ ਚੱਲ ਰਹੇ ਹਨ। ਹੀਰੋ ਗਰੁੱਪ ਨੇ ਵੀ “ਹੀਰੋ ਫਿਊਚਰ ਇਨਰਜ਼ੀ” ਕੰਪਨੀ ਰਾਹੀਂ ਪੌਣ ਸ਼ਕਤੀ ਨੂੰ ਸਟੋਰ ਕਰਨ ਅਤੇ ਹਰੀ ਹਾਈਡਰੋ ਪਾਵਰ ਦਾ ਕੰਮ ਭਾਰਤ, ਵੀਤਨਾਮ, ਯੂਕਰੇਨ, ਯੂ.ਕੇ., ਬੰਗਲਾ ਦੇਸ਼ ਆਦਿ ਦੇਸ਼ਾਂ ਵਿੱਚ ਸ਼ੁਰੂ ਕਰ ਰੱਖਿਆ ਹੈ। ਗੁਜਰਾਤ ਦੀ ਇੱਕ ਕੰਪਨੀ “ਕੇ.ਪੀ.ਆਈ ਗਰੀਨ ਅਨਰਜ਼ੀ” ਵੀ ਪੌਣ ਸ਼ਕਤੀ ’ਤੇ ਕੰਮ ਕਰ ਰਹੀ ਹੈ। ਇਹਨਾਂ ਤੋਂ ਇਲਾਵਾ ਕਾਰਪੋਰੇਟ ਸੈਕਟਰ ਦੀਆਂ ਹੋਰ ਵੀ ਕੰਪਨੀਆਂ ਭਵਿੱਖ ਦੀ “ਹਰੀ ਊਰਜਾ ਸ਼ਕਤੀ” ਦੀ ਕਮਾਈ ਵਲ ਧਿਆਨ ਧਰ ਕੇ ਇਸ ਖੇਤਰ ਵਿੱਚ ਗੰਭੀਰਤਾ ਨਾਲ ਕੰਮ ਕਰ ਰਹੀਆਂ ਹਨ। ਵਿਕਸਿਤ ਦੇਸ਼ਾਂ ਵਿੱਚ ਯਾਤਰਾ ਕਰਦੇ ਸਮੇਂ ਵੇਖਿਆ ਜਾ ਸਕਦਾ ਹੈ ਕਿ ਜਰਨੈਲੀ ਸੜਕਾਂ ਦੇ ਨਾਲ ਜਾਂ ਖੁੱਲ੍ਹੀਆਂ ਥਾਵਾਂ ’ਤੇ ਪੌਣ ਟਰਬਾਈਨਾਂ ਚੱਲ ਰਹੀਆਂ ਹੁੰਦੀਆਂ ਹਨ ਤੇ ਨਾਲ ਹੀ ਬਿਜਲੀ ਪੈਦਾ ਕਰਕੇ ਸਪਲਾਈ ਕਰ ਰਹੀਆਂ ਹੁੰਦੀਆਂ ਹਨ। ਯੂਰਪੀ ਤੇ ਅਰਬ ਦੇਸ਼ਾਂ ਵਿੱਚ ਮਾਰੂਥਲਾਂ ਵਿੱਚ ਵੀ ਇਹਨਾਂ ਰਾਹੀਂ ਬਿਜਲੀ ਪੈਦਾ ਕੀਤੀ ਜਾਂਦੀ ਹੈ। ਦੁਬਈ ਦੇ ਮਾਰੂਥਲ ਦੇ ਟਿੱਬਿਆ ਉੱਤੇ ਥਾਂ ਥਾਂ ’ਤੇ ਚੱਲ ਰਹੀਆਂ ਪੌਣ ਟਰਬਾਈਨਾਂ ਵੇਖੀਆਂ ਜਾ ਸਕਦੀਆਂ ਹਨ। ਸਾਡੇ ਦੇਸ਼ ਵਿੱਚ ਵੀ ਪੁਰਾਣੇ ਸਮਿਆਂ ਤੋਂ ਪਣ-ਚੱਕੀਆਂ ਤੇ ਪੌਣ-ਚੱਕੀਆਂ ਚੱਲਦੀਆਂ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੌਣ ਸ਼ਕਤੀ ਅਤੇ ਸੂਰਜੀ ਸ਼ਕਤੀ ਨੇੜ ਭਵਿੱਖ ਵਿੱਚ ਖਤਮ ਨਹੀਂ ਹੋ ਸਕਦੀਆਂ ਪਰ ਇਹ ਕੁਦਰਤੀ ਵਰਤਾਰੇ ਹਨ। ਕਦੇ ਪੌਣ ਤੇਜ਼ ਚਲਦੀ ਹੈ ਅਤੇ ਕਦੇ ਨਹੀਂ ਚਲਦੀ। ਇਸੇ ਤਰ੍ਹਾਂ ਸੂਰਜ ਵੀ ਕਦੇ ਆਪਣੇ ਜਲੌ ਵਿੱਚ ਹੁੰਦਾ ਹੈ ਤੇ ਕਦੇ ਬਦਲਾਂ ਪਿੱਛੇ ਲੁਕ ਜਾਂਦਾ ਹੈ। ਮਨੁੱਖ ਨੂੰ ਇਹਨਾਂ ਦੀਆਂ ਸ਼ਕਤੀਆਂ ਨੂੰ ਸਟੋਰ ਕਰਨ ਦੀ ਲੋੜ ਪਵੇਗੀ। ਇਸੇ ਤਰ੍ਹਾਂ ਪਾਣੀ ਦੇ ਸੋਮਿਆਂ ਨੂੰ ਵੀ ਆਪਣੀ ਵਰਤੋਂ ਲਈ ਅਨੁਕੂਲ ਕਰਨ ਲਈ ਯਤਨ ਕਰਨੇ ਪੈਣਗੇ। ਇਹਨਾਂ ਤਿੰਨਾਂ ਹੀ ਵਸੀਲਿਆਂ ਤੋਂ ਪੈਦਾ ਹੋਣ ਵਾਲੀ ਸ਼ਕਤੀ ਵਾਤਾਵਰਣ ਪ੍ਰਦੂਸ਼ਿਤ ਨਹੀਂ ਕਰਦੀ। ਮਨੁੱਖੀ ਸਿਹਤ ’ਤੇ ਵੀ ਫੌਸਿਲ ਸ਼ਕਤੀਆਂ ਦੇ ਪ੍ਰਦੂਸ਼ਣ ਤੋਂ ਬਹੁਤ ਘੱਟ ਮਾਰੂ ਅਸਰ ਕਰਦੀਆਂ ਹਨ। ਸਾਡੇ ਦੇਸ਼ ਵਿੱਚ ਇਹਨਾਂ ਸ਼ਕਤੀਆਂ ’ਤੇ ਵੀ ਕਾਰਪੋਰੇਟ ਸੈਕਟਰ ਦਾ ਗਲਬਾ ਵਧ ਰਿਹਾ ਹੈ ਕਿਉਂਕਿ ਇਹਨਾਂ ਪ੍ਰੋਜੈਕਟਾਂ ਵਿੱਚ ਪੈਸਾ ਬਹੁਤਾ ਲਗਦਾ ਹੈ। ਇਸ ਖੇਤਰ ਨੂੰ ਹੁਣ ਤੋਂ ਹੀ ਸਰਕਾਰਾਂ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਲੋੜ ਹੈ। ਜੇਕਰ ਸਰਕਾਰਾਂ ਨੇ ਨਾ ਸੋਚਿਆ ਤਾਂ ਭਵਿੱਖ ਵਿੱਚ ਵੀ ਆਮ ਲੋਕ ਕਾਰਪੋਰੇਟ ਸੈਕਟਰ ਦੇ ਕੋਲੋਂ ਲੁੱਟ ਹੁੰਦੇ ਰਹਿਣਗੇ। ਇਸ ਖੇਤਰ ਵਿੱਚ ਸਰਕਾਰਾਂ ਬੇਰੁਜ਼ਗਾਰਾਂ ਲਈ ਰੁਜ਼ਗਾਰ ਵੀ ਪੈਦਾ ਕਰ ਸਕਦੀਆਂ ਹਨ। ਪੰਜਾਬ ਵਿੱਚ ਥਰਮਲ ਪਲਾਟਾਂ ਵਿੱਚ ਹਮੇਸ਼ਾ ਕੋਲਾ ਮੁੱਕਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਮਹਿੰਗੇ ਕੋਲੇ ਤੋਂ ਪੈਦਾ ਕੀਤੀ ਬਿਜਲੀ ਦਾ ਬਹੁਤਾ ਹਿੱਸਾ ਸਬਸਿਡੀ ਅਤੇ ਜ਼ੀਰੋ ਬਿੱਲਾਂ ਵਿੱਚ ਚਲੇ ਜਾਂਦਾ ਹੈ। ਸੋ ਪੰਜਾਬ ਸਰਕਾਰ ਨੂੰ ਵੀ ਪੌਣ ਸ਼ਕਤੀ, ਪਾਣੀ ਅਤੇ ਸੂਰਜੀ ਸ਼ਕਤੀ ਤੋਂ ਲਾਭ ਲੈਣ ਬਾਰੇ ਸੋਚਣਾ ਚਾਹੀਦਾ ਹੈ। ਪੰਜਾਬ ਕੋਲ ਇਹਨਾਂ ਸ਼ਕਤੀਆਂ ਦੇ ਵਿਸ਼ਾਲ ਵਸੀਲੇ ਹਨ ਜਿਹੜੇ ਕਿ ਭੰਗ ਦੇ ਭਾੜੇ ਜਾ ਰਹੇ ਹਨ। ਹਰੀ ਕਰਾਂਤੀ ਨੇ ਜਿਹੜਾ ਦਰਦ ਸਾਨੂੰ ਸਾਡੀ ਪੌਣ-ਪਾਣੀ ਅਤੇ ਧਰਤੀ ਦੂਸ਼ਿਤ ਕਰਕੇ ਦਿੱਤਾ ਹੈ - “ਹਰੀ ਊਰਜਾ ਕਰਾਂਤੀ” ਉਸ ਨੂੰ ਕੁਝ ਘੱਟ ਕਰ ਸਕਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5259)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.