“ਇਸੇ ਸਾਲ ਅਪਰੈਲ ਵਿੱਚ ਭਗਤ ਸਿੰਘ ਫਾਊਂਡੇਸ਼ਨ ਦੇ ਕਾਰਕੁਨਾਂ ਨੇ ਪੰਜਾਬ ਸਰਕਾਰ ਦੇ ਤਿੰਨ ਅਫਸਰਾਂ ਖ਼ਿਲਾਫ ...”
(6 ਅਕਤੂਬਰ 2024)
ਸਿੱਖ ਯਾਤਰੀਆਂ ਦੇ ਜਥੇ ਨਾਲ ਪਾਕਿਸਤਾਨ ਦੌਰੇ ਵੇਲੇ ਸਖ਼ਤ ਸੁਰੱਖਿਆ ਪਾਬੰਦੀਆਂ ਅਤੇ ਵਕਤ ਦੀ ਘਾਟ ਖਟਕਦੀ ਹੈ। ਜਥਾ ਆਮ ਕਰਕੇ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ (ਹਸਨ ਅਬਦਾਲ) ਅਤੇ ਸ਼੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਵਾਪਸੀ ਵੇਲੇ 2-3 ਦਿਨ ਲਾਹੌਰ ਰੁਕਦਾ ਹੈ। ਮੇਰਾ ਫੇਸਬੁੱਕ ਦੋਸਤ ਮੁਨੀਰ ਹੁਸ਼ਿਆਰਪੁਰੀਆ ਜੋ ਇੱਕ ਵਿਦਵਾਨ, ਲੇਖਕ ਅਤੇ ਮੁਲਤਾਨ ਕੋਲ ਵਿਹਾੜੀ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਕਾਲਜ ਵਿੱਚ ਡਾਇਰੈਕਟਰ ਹੈ, ਨੇ ਵਕਤ ਕੱਢ ਕੇ ਸਾਨੂੰ ਆਪਣੀ ਕਾਰ ਵਿੱਚ ਬਿਠਾ ਕੇ ਲਾਹੌਰ ਦੀਆਂ ਖ਼ਾਸ-ਖ਼ਾਸ ਜਗ੍ਹਾ ਅਤੇ ਇਮਾਰਤਾਂ ਵਿਖਾਈਆਂ ਜਿਵੇਂ- ਪੰਜਾਬ ਅਸੈਂਬਲੀ ਬਿਲਡਿੰਗ, ਸਕੱਤਰੇਤ, ਭੰਗੀ ਤੋਪ, ਲਾਹੌਰ ਰੇਲਵੇ ਸਟੇਸ਼ਨ, ਵਾਪਡਾ (ਵਾਟਰ ਐਂਡ ਪਾਵਰ ਡੀਵੈਲਪਮੈਂਟ ਅਥਾਰਟੀ) ਬਿਲਡਿੰਗ, ਮਾਡਲ ਟਾਊਨ, ਅਲਹਮਰਾ ਆਰਟ ਸੈਂਟਰ, ਜਿਨਾਹ ਗਾਰਡਨ, ਨੀਲਾ ਗੁੰਬਦ, ਮਾਡਲ ਟਾਊਨ, ਇੱਛਰਾ, ਕਿੰਗ ਐਡਵਰਡ ਮੈਡੀਕਲ ਕਾਲਜ ਹਸਪਤਾਲ, ਸ਼ੇਖ਼ ਜ਼ਾਇਦ ਹਸਪਤਾਲ ਅਤੇ ਲਾਹੌਰ ਦਾ ਜੈਨ ਮੰਦਰ। ਮੈਂ ਕਾਰ ਰੁਕਵਾ ਕੇ ਕੁਝ ਫੋਟੋ ਖਿੱਚੀਆਂ ਤੇ ਇਹਨਾਂ ਸਥਾਨਾਂ ਬਾਰੇ ਜਾਣਕਾਰੀ ਹਾਸਲ ਕੀਤੀ। 1991 ਵਿੱਚ ਜਦੋਂ ਮੈਂ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਸਹਾਇਕ ਪ੍ਰੋਫੈਸਰ ਸਾਂ ਤਾਂ ਇੱਕ ਪੈਥਾਲੋਜੀ ਕਾਨਫ੍ਰੰਸ ਵਿੱਚ ਆਪਣਾ ਪਰਚਾ ਪੜ੍ਹਨ ਵਾਸਤੇ ਲਾਹੌਰ ਗਿਆ ਸਾਂ ਤਾਂ ਮੈਨੂੰ ਸੇਖ਼ ਜ਼ਾਇਦ ਹਸਪਤਾਲ ਦੇ ਗੈੱਸਟ ਹਾਊਸ ਵਿੱਚ ਠਹਿਰਾਇਆ ਗਿਆ ਸੀ। ਅੱਜ ਇਹਨਾਂ ਥਾਵਾਂ ਦੇ ਕੋਲੋਂ ਦੀ ਲੰਘਦਿਆਂ ਐਵੇਂ ਓਪਰੀ ਜਿਹੀ ਨਜ਼ਰ ਮਾਰ ਕੇ ਵੇਖ ਸਕੇ ਤੇ ਕੁਝ ਫੋਟੋ ਖਿੱਚੀਆਂ।
ਇਸੇ ਦੌਰਾਨ ਸਾਨੂੰ ਸ਼ਾਦਮਾਨ ਚੌਂਕ (ਚੌਂਕ ਭਗਤ ਸਿੰਘ) ਜਾਣ ਵੀ ਸੰਖੇਪ ਜਿਹਾ ਮੌਕਾ ਮਿਲ਼ਿਆ। ਜਦੋਂ ਅਸੀਂ ਕਾਰ ਵਿੱਚੋਂ ਉੱਤਰ ਰਹੇ ਸਾਂ ਤਾਂ ਮੇਰੇ ਜ਼ਿਹਨ ਵਿੱਚ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫਾਂਸੀ ਦਾ ਦ੍ਰਿਸ਼ ਘੁੰਮ ਰਿਹਾ ਸੀ ਪਰ ਕੋਲ਼ੋਂ ਲੰਘਦੇ ਸਾਇਕਲਾਂ, ਸਕੂਟਰਾਂ ਵਾਲੇ ’ਤੇ ਪੈਦਲ ਜਾਂਦੇ ਕਾਫੀ ਲੋਕ ਰੁਕ ਕੇ, ਸਾਡਾ ਹਾਲ ਚਾਲ ਪੁੱਛਣ ਲੱਗੇ ਤੇ ਸਾਡੇ ਨਾਲ ਫੋਟੋਆਂ ਖਿਚਵਾਉਣ ਲੱਗੇ। ਸੰਨ 1931, ਮਾਰਚ ਦੀ 23 ਤਰੀਕ ਨੂੰ ਜਦੋਂ ਮਹਾਨ ਸ਼ਹੀਦਾਂ ਨੂੰ ਫਾਂਸੀਆਂ ਦਿੱਤੀਆਂ ਗਈਆਂ ਸਨ ਤਾਂ ਉਦੋਂ ਇਹ ਜਗ੍ਹਾ ਜੇਲ੍ਹ ਦੇ ਅੰਦਰ ਸੀ। 1961 ਵਿੱਚ ਜੇਲ੍ਹ ਦਾ ਕੁਝ ਹਿੱਸਾ ਤੋੜ ਕੇ ਮੱਧ-ਵਰਗੀ ਅਵਾਮ ਵਾਸਤੇ ਇੱਕ ਕਾਲੋਨੀ ਬਣਾਈ ਗਈ ਸੀ ਜਿਸਦਾ ਨਾਮ ਹੈ ‘ਸ਼ਾਦਮਾਨ ਕਾਲੋਨੀ’, ਤੇ ਫਾਂਸੀ ਵਾਲੀ ਅਸਲ ਜਗ੍ਹਾ ’ਤੇ ਫਵਾਰਿਆਂ ਵਾਲਾ ਚੌਂਕ ਉਸਾਰ ਦਿੱਤਾ ਗਿਆ ਸੀ ਜਿਸਦਾ ਨਾਮ ਹੈ ‘ਸ਼ਾਦਮਾਨ ਚੌਂਕ। ‘ਭਾਰਤ ਅਤੇ ਪਾਕਿਸਤਾਨ ਦੇ ਕੁਝ ਸਿਵਿਲ ਗਰੁੱਪਾਂ ਦੇ ਉਪਰਾਲਿਆਂ ਸਦਕਾ ਫਾਂਸੀ ਵਾਲੀ ਇਸ ਜਗ੍ਹਾ (ਚੌਂਕ) ਦਾ ਨਾਮ ਭਗਤ ਸਿੰਘ ਚੌਂਕ ਰੱਖਣ ਦੀ ਸਹਿਮਤੀ ਬਣੀ ਹੋਈ ਹੈ ਪਰ ਕੁਝ ਲੋਕਾਂ ਦੇ ਵਿਰੋਧ ਕਾਰਨ ਅਦਾਲਤੀ ਫੈਸਲੇ ਦੇ ਬਾਵਜੂਦ ਵੀ, ਪਾਕਿਸਤਾਨ ਸਰਕਾਰ ਅਜੇ ਤਕ ਇਸ ਨੂੰ ਅਮਲ ਵਿੱਚ ਨਹੀਂ ਲਿਆ ਸਕੀ।
ਇਸ ਜਗ੍ਹਾ ਦਾ ਨਾਂ ‘ਭਗਤ ਸਿੰਘ ਚੌਕ’ ਰੱਖਣ ਦਾ ਉਪਰਾਲਾ ਕਰਨ ਵਾਲੇ ਲੋਕ ਸ਼ਹੀਦਾਂ ਦੀ ਕੁਰਬਾਨੀ, ਉਹਨਾਂ ਦੇ ਜਜ਼ਬੇ ਅਤੇ ਹੌਸਲੇ ਦੀ ਕਦਰ ਕਰਦੇ ਹਨ ਜਿਸਦੇ ਦੇ ਮੱਦੇ ਨਜ਼ਰ, ਲਾਹੌਰ ਹਾਈ ਕੋਰਟ ਦੇ ਐਡਵੋਕੇਟ, ਇਮਤਿਆਜ਼ ਰਸ਼ੀਦ ਕੁਰੈਸ਼ੀ ਦੀ ਸਰਪ੍ਰਸਤੀ ਹੇਠ ‘ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ’ ਬਣਾਈ ਹੋਈ ਹੈ। ਇਹ ਤਨਜ਼ੀਮ ਸ. ਭਗਤ ਸਿੰਘ ਨੂੰ ਆਜ਼ਾਦੀ ਦੀ ਜੰਗ ਦਾ ਹੀਰੋ ਮੰਨਦੀ ਹੈ। ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਅਤੇ ਜਨਮ ਦਿਨ ਮੌਕੇ ਸ਼ਾਦਮਾਨ ਚੌਕ ’ਤੇ ਹਮ-ਖ਼ਿਆਲ ਲੋਕ ਇਕੱਠੇ ਹੁੰਦੇ ਹਨ, ਮੋਮਬੱਤੀਆਂ ਜਗਾਉਂਦੇ ਹਨ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਨ। ਇਸ ਫਾਊਂਡੇਸ਼ਨ ਨੇ ਮੰਗਾਂ ਰੱਖੀਆਂ ਹੋਈਆਂ ਹਨ ਕਿ (1) ਸ. ਭਗਤ ਸਿੰਘ ਨੂੰ ਪਾਕਿਸਤਾਨ ਦਾ ਸਰਵਉੁੱਚ ਗੇਲੈਂਟਰੀ ਐਜਾਜ਼, ਮਿਲਣਾ ਚਾਹੀਦਾ ਹੈ। (2) ਬ੍ਰਿਟਿਸ਼ ਦੇ ਕਿੰਗ ਚਾਰਲਸ (ਤੀਜੇ) ਨੂੰ ਇਸ ਜੁਡੀਸ਼ੀਅਲ ਕਤਲ ਵਾਸਤੇ ਮੁਆਫ਼ੀ ਮੰਗਣ ਦੇ ਨਾਲ-ਨਾਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। (3) ‘ਸ਼ਾਦਮਾਨ ਚੌਂਕ’ ਦਾ ਨਾਂ ਬਦਲ ਕੇ ‘ਭਗਤ ਸਿੰਘ ਚੌਂਕ’ ਰੱਖਣਾ ਚਾਹੀਦਾ ਹੈ। ਕਈ ਸਾਲਾਂ ਤੋਂ ਉਪਰਾਲੇ ਜਾਰੀ ਹਨ। ‘ਸ਼ਾਦਮਾਨ’ ਫਾਰਸੀ ਦਾ ਇੱਕ ਸ਼ਬਦ ਹੈ ਜਿਸਦਾ ਮਤਲਬ ਹੈ ‘ਖੁਸ਼ੀ।’ ਸੋ ‘ਸ਼ਾਦਮਾਨ’ ਮਤਲਬ ਕਿ ‘ਖੁਸ਼ੀ ਵਾਲਾ ਚੌਂਕ’। ਪਰ ਉਹ ਜਗ੍ਹਾ ਜਿੱਥੇ ਆਜ਼ਾਦੀ ਦੇ ਪਰਵਾਨਿਆਂ ਨੂੰ ਫ਼ਾਂਸੀਆਂ ਦਿੱਤੀਆਂ ਗਈਆਂ ਹੋਣ, ਖੁਸ਼ੀ ਵਾਲੀ ਜਗ੍ਹਾ ਕਿਵੇਂ ਹੋ ਸਕਦੀ ਹੈ? ਸ. ਭਗਤ ਸਿੰਘ, ਭਾਰਤ ਜਾਂ ਪਾਕਿਸਤਾਨ ਦਾ ਨਹੀਂ ਸੀ, ਉਹ ਤਾਂ ਉਪ ਮਹਾਦੀਪ ਦਾ ਬੇਟਾ ਸੀ। ਉਹਦੀ ਸ਼ਹਾਦਤ (ਫਾਂਸੀ) ਵਾਲੀ ਜਗ੍ਹਾ ’ਤੇ ਉੱਸਰੇ ਚੌਂਕ ਦਾ ਬਿਲਕੁਲ ਢੁਕਵਾਂ ਨਾਂ ਤਾਂ ‘ਭਗਤ ਸਿੰਘ ਚੌਂਕ’ ਹੀ ਹੋਣਾ ਚਾਹੀਦਾ ਹੈ ਪਰ ਹਕੂਮਤਾਂ ਨੇ ਅੱਜ ਤਕ ਇਹਦਾ ਨਾਂ ਬਦਲਿਆ ਨਹੀਂ। ‘ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ’ ਨੇ ‘ਸ਼ਾਦਮਾਨ ਚੌਂਕ’ ਦਾ ਨਾਂ ‘ਭਗਤ ਸਿੰਘ ਚੌਕ’ ਰੱਖਣ ਵਾਸਤੇ ਲਾਹੌਰ ਹਾਈ ਕੋਰਟ ਵਿੱਚ ਕੇਸ ਵੀ ਕੀਤਾ ਹੋਇਆ ਹੈ। ਪਰ ਅਗਸਤ 2018 ਵਿੱਚ ਐਡਵੋਕੇਟ ਕੁਰੈਸ਼ੀ ਦੇ ਇਸ ਉਪਰਾਲੇ ਵਿਰੁੱਧ ਕੁਝ ਗਰੁਪਾਂ ਵੱਲੋਂ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਸਰਕਾਰਾਂ ਬਦਲ ਜਾਣ ਤੋਂ ਬਾਅਦ ਵੀ ਧਮਕੀਆਂ ਮਿਲਣੀਆਂ ਬੰਦ ਨਹੀਂ ਹੋਈਆਂ। ‘ਭਗਤ ਸਿੰਘ ਚੌਕ’ ਤੇ ਇਸ ਜੇਲ੍ਹ ਤੋਂ ਇਲਾਵਾ ਸ਼ਹੀਦਾਂ ਨਾਲ ਸੰਬੰਧਿਤ ਲਾਹੌਰ ਵਿੱਚ ਹੋਰ ਵੀ ਕਈ ਥਾਵਾਂ ਹਨ। ਜਿਵੇਂ: ਅੰਗਰੇਜ਼-ਸਮਾਜਿਕ ਕਾਰਕੁਨ ਚਾਰਲਸ ਬਰੈਡਲਾਹ (ਜੋ ਭਾਰਤ ਦੀ ਆਜ਼ਾਦੀ ਦਾ ਹਿਮਾਇਤੀ ਸੀ), ਦੀ ਯਾਦ ਵਿੱਚ ਬਣਿਆ ‘ਬਰੈਡਲਾਹ ਹਾਲ’ ਪੰਜਾਬ ਕਾਂਗਰਸ ਦਾ ਅੱਡਾ ਹੁੰਦਾ ਸੀ। ਨੈਸ਼ਨਲ ਕਾਲਜ ਲਾਹੌਰ ਜਿੱਥੇ ਭਗਤ ਸਿੰਘ ਤੇ ਸੁਖਦੇਵ ਨੇ ਪੜ੍ਹਾਈ ਕੀਤੀ ਸੀ ਤੇ ਲਾਹੌਰ ਜੇਲ੍ਹ ਜਿੱਥੇ ਭਗਤ ਸਿੰਘ ਨੇ ਆਪਣੇ ਜੀਵਨ ਦਾ ਸਭ ਤੋਂ ਮਹੱਤਵਪੂਰਣ ਹਿੱਸਾ ਵਿੱਚ ਬਿਤਾਇਆ ਸੀ। ਲਾਹੌਰ ਵਿੱਚ ਹੀ ਲਾਲਾ ਲਾਜਪਤ ਰਾਇ ਉੱਤੇ ਬ੍ਰਿਟਿਸ਼ ਇੰਡੀਆ ਦੀ ਪੁਲਿਸ ਨੇ 10 ਅਕਤੂਬਰ 1928 ਨੂੰ ਲਾਠੀਆਂ ਵਰ੍ਹਾਈਆਂ ਸਨ। ਉਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਸਨ। ਅਜੇ ਉਹ ਸੱਟਾਂ ਠੀਕ ਨਹੀਂ ਸਨ ਹੋਈਆਂ ਤਾਂ ਲਾਲਾ ਜੀ ਨੂੰ ਦਿਲ ਦਾ ਦੌਰਾ ਪਿਆ ਤੇ ਤਕਰੀਬਨ ਸਵਾ ਮਹੀਨੇ ਬਾਅਦ 17 ਨਵੰਬਰ ਨੂੰ ਉਹਨਾਂ ਦੀ ਮੌਤ ਹੋ ਗਈ। ਭਾਵੇਂ ਇਸ ਮੌਤ ਦਾ ਕਾਰਨ ਦਿਲ ਦਾ ਦੌਰਾ ਸੀ ਅਤੇ ਭਗਤ ਸਿੰਘ ਹੁਰਾਂ ਦੇ ਲਾਲਾ ਜੀ ਨਾਲ ਵਿਚਾਰਕ ਮਤਭੇਦ ਵੀ ਸਨ, ਫਿਰ ਵੀ ਆਜ਼ਾਦੀ ਦੇ ਪ੍ਰਵਾਨੇ ਭਾਰਤੀਆਂ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਠਾਣ ਲਈ। ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਚੰਦਰ ਸ਼ੇਖ਼ਰ ਆਜ਼ਾਦ ਨੇ, ਲਾਠੀ ਚਾਰਜ ਕਰਾਉਣ ਵਾਲੇ ਪੁਲਿਸ ਅਫਸਰ ਜੇਮਜ਼ ਸਕੌਟ ਨੂੰ ਮਾਰਨ ਦਾ ਫੈਸਲਾ ਕਰ ਲਿਆ। ਪਰ ਭੁਲੇਖੇ ਨਾਲ ਲਾਹੌਰ ਦੇ ਐੱਸ.ਐੱਸ.ਪੀ ਦਫਤਰ ਵਿੱਚੋਂ ਮੋਟਰ ਸਾਇਕਲ ’ਤੇ ਨਿਕਲਿਆ 21 ਸਾਲਾ ਪ੍ਰੋਬੇਸ਼ਨਰੀ ਪੁਲਿਸ ਅਫਸਰ, ਜੌਹਨ ਸਾਂਡਰਸ ਮਾਰਿਆ ਗਿਆ। ਸਾਂਡਰਸ ਨੂੰ ਮਾਰਨ ਤੋਂ ਬਾਅਦ ਜਦੋਂ ਭਗਤ ਸਿੰਘ ਤੇ ਸੁਖਦੇਵ ਨਿਕਲਣ ਲੱਗੇ ਤਾਂ ਬ੍ਰਿਟਿਸ਼ ਪੁਲਿਸ ਦੇ ਇੱਕ ਸਿਪਾਹੀ ਚੰਨਣ ਸਿੰਘ ਨੇ ਉਹਨਾਂ ਦਾ ਪਿੱਛਾ ਕਰਨਾ ਚਾਹਿਆ, ਜਿਸ ਨੂੰ ਚੰਦਰ ਸ਼ੇਖ਼ਰ ਆਜ਼ਾਦ ਨੇ ਗੋਲ਼ੀਆਂ ਮਾਰ ਕੇ ਉੱਥੇ ਹੀ ਠੰਢਾ ਕਰ ਦਿੱਤਾ। ਇਹ ਵਕੂਆ 17 ਦਸੰਬਰ 1928 ਦਾ ਹੈ। ਉਸ ਵੇਲੇ ਗੌਰਮਿੰਟ ਕਾਲਜ ਵਿੱਚ ਖੜ੍ਹੇ ਕਾਲਮ ਨਵੀਸ ਫੈਜ਼ ਅਹਿਮਦ ਫੈਜ਼ ਤੇ ਲੇਖਕ ਤਾਰਿਕ ਅਲੀ, ਮਜ਼ਹਰ ਅਲੀ ਦੇ ਕੰਨਾਂ ਨੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਭੁਲੇਖੇ ਵਿੱਚ ਮਾਰੇ ਗਏ ਸਾਂਡਰਸ ਦੀ ਮੌਤ ਦਾ ਇਨਕਲਾਬੀਆਂ ਨੂੰ ਕੋਈ ਅਫਸੋਸ ਨਹੀਂ ਹੋਇਆ ਕਿਉਂਕਿ ਉਹ ਸਮਝਦੇ ਸਨ ਕਿ ਸਾਮਰਾਜਵਾਦ ਤੇ ਭਾਰਤ ਨੂੰ ਗ਼ੁਲਾਮ ਬਣਾਉਣ ਵਾਲਿਆਂ ਦਾ, ਅਤੇ ਲਾਲਾ ਜੀ ’ਤੇ ਜ਼ੁਲਮ ਢਾਉਣ ਵਾਲਿਆਂ ਦਾ ਹੀ ਕਤਲ ਕੀਤਾ ਹੈ। ਇਸ ਕਾਂਡ ਨੂੰ ‘ਲਾਹੌਰ ਸਾਜ਼ਿਸ਼’ ਕਿਹਾ ਜਾਂਦਾ ਹੈ। ਇਸ ਕਾਂਡ ਤੋਂ ਬਾਅਦ ਭਗਤ ਸਿੰਘ ਤੇ ਉਹਦੇ ਸਾਥੀ ਪੁਲਿਸ ਦੇ ਹੱਥ ਨਹੀਂ ਆਏ।
ਅੱਠ ਅਪਰੈਲ 1929 ਨੂੰ ਗੁੰਗੀ-ਬੋਲ਼ੀ ਤੇ ਸੁੱਤੀ ਹੋਈ ਅੰਗਰੇਜ਼-ਸਰਕਾਰ ਨੂੰ ਜਗਾਉਣ ਵਾਸਤੇ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ ਮਿਲ ਕੇ ਨਵੀਂ ਦਿੱਲੀ ਦੀ ਕੇਂਦਰੀ ਅਸੈਂਬਲੀ ਵਿੱਚ ਬੰਬ ਤੇ ਪਰਚੇ ਸੁੱਟੇ ਸਨ। ਇਹ ਬੰਬ ਕਿਸੇ ਨੂੰ ਮਾਰਨ ਜਾਂ ਜ਼ਖ਼ਮੀ ਕਰਨ ਵਾਸਤੇ ਨਹੀਂ ਬਲਕਿ ਅੰਗਰੇਜ਼ ਸਰਕਾਰ ਤਕ ਆਵਾਜ਼ ਪਹੁੰਚਾਉਣ ਵਾਸਤੇ ਸੀ। ਬੰਬ ਸੁੱਟਣ ਤੋਂ ਬਾਅਦ ਉਹ ਭੱਜੇ ਨਹੀਂ ਬਲਕਿ ਉੱਥੇ ਹੀ ਗ੍ਰਿਫਤਾਰੀ ਦੇ ਦਿੱਤੀ। ‘ਲਾਹੌਰ ਸਾਜ਼ਿਸ਼’ ਤੇ ਅਸੈਂਬਲੀ ਬੰਬ ਸੰਬੰਧੀ ਕੇਸ ਲਾਹੌਰ ਵਿੱਚ ਚੱਲਿਆ। 14 ਜੂਨ ਨੂੰ ਸਜ਼ਾ ਤੋਂ ਬਾਅਦ ਭਗਤ ਸਿੰਘ ਨੂੰ ਮੀਆਂਵਾਲ਼ੀ ਤੇ ਬਟੁਕੇਸ਼ਵਰ ਦੱਤ ਨੂੰ ਲਾਹੌਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤੇ ਕੁਝ ਸਮੇਂ ਬਾਅਦ ਭਗਤ ਸਿੰਘ ਨੂੰ ਵੀ ਲਾਹੌਰ ਜੇਲ੍ਹ ਭੇਜ ਦਿੱਤਾ ਗਿਆ।
1929 ਵਿੱਚ ਹੀ ਬਟੁਕੇਸ਼ਵਰ ਦੱਤ ਨੂੰ ਅਸੈਂਬਲੀ ਬੰਬ ਕੇਸ ਵਿੱਚ ਉਮਰ ਕੈਦ ਹੋਈ ਸੀ ਜਦੋਂ ਕਿ ‘ਲਾਹੌਰ ਸਾਜ਼ਿਸ਼’ ਕੇਸ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਹੋਈ। ਸ਼ਾਦਮਾਨ ਚੌਂਕ ਵਾਲੀ ਜਗ੍ਹਾ ’ਤੇ ਤਿੰਨਾਂ ਨੂੰ ਫਾਂਸੀ ਦੇ ਤਖ਼ਤੇ ’ਤੇ ਲਟਕਾਇਆ ਗਿਆ। ਜੇਲ੍ਹ ਦੇ ਨਿਯਮ ਮੁਤਾਬਿਕ ਭਾਵੇਂ ਇਹ ਫਾਂਸੀ 24 ਮਾਰਚ ਨੂੰ ਸਵੇਰੇ ਤੜਕੇ ਹੋਣੀ ਸੀ ਪਰ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਪਹਿਲਾਂ ਤੋਂ ਜਾਰੀ ਕੀਤੇ ਹੋਏ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗ ਕੇ ਇੱਕ ਦਿਨ ਪਹਿਲਾਂ 23 ਮਾਰਚ ਦੀ ਸ਼ਾਮ ਦੇ ਸੱਤ ਵਜੇ ਫਾਂਸੀ ਦੇ ਦਿੱਤੀ ਗਈ। ਖ਼ਲਕਤ ਦੇ ਰੋਹ ਤੋਂ ਬਚਣ ਲਈ ਸ਼ਹੀਦਾਂ ਦੀਆਂ ਲੋਥਾਂ ਨੂੰ ਗੁਪਤ ਢੰਗ ਨਾਲ ਰਾਤੋ ਰਾਤ ਜੇਲ੍ਹ ਦੇ ਪਿਛਲੇ ਗੇਟ ਥਾਣੀਂ, ਕਸੂਰ ਦੇ ਨੇੜੇ ਪਿੰਡ ਗੰਡਾ ਸਿੰਘ ਵਾਲਾ (ਇਸ ਵੇਲੇ ਪਾਕਿਸਤਾਨ ’ਚ) ਲਿਜਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪਰ ਲਾਹੌਰ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਪੁੱਜ ਗਏ ਸਨ, ਤੇ ਅੱਧ-ਸੜੀਆਂ ਲੋਥਾਂ ਦਾ ਫਿਰੋਜ਼ਪੁਰ ਦੇ ਨਜ਼ਦੀਕ ਸਤਲੁਜ ਦਰਿਆ ਦੇ ਕੰਢੇ ਹੁਸੈਨੀਵਾਲਾ ਵਿਖੇ ਸਸਕਾਰ ਕਰਕੇ ਤੇ ਰਾਖ ਨੂੰ ਸਪੁਰਦ-ਏ-ਦਰਿਆ ਕਰ ਦਿੱਤਾ ਗਿਆ। 26 ਮਾਰਚ 1931 ਨੂੰ ਲਾਹੌਰ ਤੋਂ ਛਪੀ ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ ਸਾਰਾ ਲਾਹੌਰ ਬੰਦ ਰਿਹਾ ਸੀ ਤੇ ਸ਼ਹੀਦਾਂ ਦੇ ਜਨਾਜ਼ੇ ਵਿੱਚ ਤਕਰੀਬਨ ਪੰਜਾਹ ਹਜ਼ਾਰ ਲੋਕ ਸ਼ਾਮਿਲ ਹੋਏ ਸਨ।
1965 ਦੀ ਭਾਰਤ ਪਾਕਿ ਜੰਗ ਤੋਂ ਪਹਿਲਾਂ ਦੋਹਾਂ ਮੁਲਕਾਂ ਦੇ ਬਾਸ਼ਿੰਦੇ ਆਸਾਨੀ ਨਾਲ ਇੱਧਰ ਉੱਧਰ ਜਾ ਸਕਦੇ ਸਨ, ਰੁਕਾਵਟਾਂ ਘੱਟ ਸਨ। ਜਿਹੜੇ ਯਾਤਰੀ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਂਦੇ ਸਨ, ਉਹ ਲਾਹੌਰ ਤੋਂ ਤਕਰੀਬਨ 40 ਕਿਲੋਮੀਟਰ ਦੂਰੀ ’ਤੇ, ਸ. ਭਗਤ ਸਿੰਘ ਦੇ ਜਨਮ ਅਸਥਾਨ, ਪਿੰਡ ਬੰਗਾ ਜ਼ਿਲ੍ਹਾ ਲਾਇਲਪੁਰ (ਫੈਸਲਾਬਾਦ) ਵੀ ਹੋ ਕੇ ਆਉਂਦੇ ਸਨ। ਅੰਗਰੇਜ਼ੀ ਰਾਜ ਵੇਲੇ ਹਕੂਮਤ ਨੇ ਜਦੋਂ ਬਾਰਾਂ ਬਣਾਈਆਂ ਤਾਂ ਪੰਜਾਬ ਦੇ ਚੜ੍ਹਦੇ ਪਾਸੇ ‘ਤੋਂ ਲੋਕਾਂ ਨੂੰ ਉੱਥੇ ਜ਼ਮੀਨਾਂ ਅਲਾਟ ਕੀਤੀਆਂ ਸਨ। ਭਗਤ ਸਿੰਘ ਹੁਰਾਂ ਦਾ ਟੱਬਰ, ਨਵੇਂ ਸ਼ਹਿਰ ਕੋਲ ਖਟਕੜ ਕਲਾਂ ਤੋਂ ਲਾਇਲਪੁਰ ਜ਼ਿਲ੍ਹੇ ਦੇ ਬੰਗਾ ਪਿੰਡ ਵਿੱਚ ਆ ਵਸਿਆ ਸੀ। ਇਸੇ ਪਿੰਡ ਵਿੱਚ ਭਗਤ ਸਿੰਘ ਦਾ ਜਨਮ ਪਿਤਾ ਕਿਸ਼ਨ ਸਿੰਘ ਤੇ ਮਾਤਾ ਵਿੱਦਿਆਵਤੀ ਦੇ ਘਰ 27 ਸਤੰਬਰ 1907 ਨੂੰ ਹੋਇਆ ਸੀ। ਉਹ ਸੱਤਾਂ ਭੈਣਾਂ-ਭਰਾਵਾਂ ਵਿੱਚੋਂ ਦੂਸਰੇ ਨੰਬਰ ’ਤੇ ਸੀ। 1947 ਦੀ ਦੇਸ਼ ਵੰਡ ਤੋਂ ਬਾਅਦ ਇਹ ਟੱਬਰ ਵਾਪਸ ਆਪਣੇ ਪਿੰਡ ਖਟਕੜ ਕਲਾਂ ਆ ਗਿਆ ਸੀ।
ਅਜੋਕੇ ਸਮੇਂ ਵਿੱਚ ਪਿੰਡ ਬੰਗਾ ਵਾਲੀ ਜਗ੍ਹਾ (ਹਵੇਲੀ/ਘਰ), ਐਡਵੋਕੇਟ ਇਕਬਾਲ ਵਿਰਕ ਦੀ ਮਲਕੀਅਤ ਹੈ, ਜਿਸਨੇ ਉੱਥੇ ਭਗਤ ਸਿੰਘ ਤੇ ਆਜ਼ਾਦੀ ਦੇ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਵਸਤਾਂ ਇਕੱਠੀਆਂ ਕਰਕੇ ਸੰਭਾਲੀਆਂ ਹੋਈਆਂ ਹਨ ਤੇ ਇੱਕ ਅਜਾਇਬ ਘਰ ਬਣਾਇਆ ਹੋਇਆ ਹੈ। ਸ. ਭਗਤ ਸਿੰਘ ਬਾਰੇ ਅਧਿਐਨ ਦੇ ਮਾਹਰ ਜਵਾਹਰ ਲਾਲ ਨਹਿਰੂ ਯੂਨਵਿਰਸਿਟੀ ਨਵੀਂ ਦਿੱਲੀ ਦੇ ਸਾਬਕਾ ਪ੍ਰੋਫੈਸਰ ਚਮਨ ਲਾਲ ਲਿਖਦੇ ਹਨ, “ਮੈਂ 2007 ਵਿੱਚ ਭਗਤ ਸਿੰਘ ਦੇ ਘਰ ਗਿਆ ਸਾਂ। ਪਿੰਡ ਦੇ ਰਾਹ ਵਿੱਚ ਮੈਨੂੰ 82 ਸਾਲ ਦਾ ਇੱਕ ਰਿਟਾਇਰਡ ਬਜ਼ੁਰਗ਼, ਫਰਹੱਦ ਖ਼ਾਨ ਮਿਲਿਆ। ਉਹ ਮੈਨੂੰ ਆਪਣੇ ਘਰ ਲੈ ਗਿਆ। ਉਹਨਾਂ ਨੇ ਆਪਣੀ ਗਲ਼ੀ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਿਆ ਹੋਇਆ ਹੈ। ਉਹਨੇ ਆਪਣੇ ਡਰਾਇੰਗ ਰੂਮ ਵਿੱਚ ਸ. ਭਗਤ ਸਿੰਘ ਦੀ ਫੋਟੋ ਵੀ ਲਗਾਈ ਹੋਈ ਸੀ।”
ਸ. ਭਗਤ ਸਿੰਘ ਤੇ ਉਹਦੀ ਵਿਚਾਰਧਾਰਾ ਵੱਲ ਕਈ ਲੇਖਕ ਤੇ ਇਤਿਹਾਸਕਾਰ ਅਕ੍ਰਸ਼ਿਤ ਹੋਏ ਹਨ। ਇੱਕ ਸਿੰਧੀ ਲੇਖਕ ਸ਼ੇਖ ਅੱਯਾਜ਼ ਨੇ ਭਗਤ ਸਿੰਘ ਦੇ ਜੀਵਨ ’ਤੇ ਮਗ਼ਮੀ, ਇੱਕ ਕਾਵਿ ਨਾਟਕ ਲਿਖਿਆ, ਪੰਜਾਬੀ ਅਦੀਬ ਅਹਿਮਦ ਸਲੀਮ ਨੇ ਭਗਤ ਸਿੰਘ ਬਾਰੇ ਬਹੁਤ ਕੁਝ ਲਿਖਿਆ ਜਿਵੇਂ: ਭਗਤ ਸਿੰਘ ਦਾ ਜੀਵਨ ਅਤੇ ਆਦਰਸ਼ ’ਤੇ ਇੱਕ ਕਾਵਿਕ ਰਚਨਾ, ‘ਕਿਹੜੀ ਮਾਂ ਨੇ ਭਗਤ ਸਿੰਘ ਜੰਮਿਆ’ ਲਿਖੀ ਹੈ। ਇਸੇ ਤਰ੍ਹਾਂ ਉਰਦੂ ਲੇਖਕਾ ਜ਼ਾਹਿਦਾ ਹਿਨਾ ਨੇ ਭਗਤ ਸਿੰਘ ਨੂੰ ਬਹੁਤ ਹੀ ਸਤਿਕਾਰਿਤ ਸ਼ਹੀਦ ਮੰਨਿਆ ਹੈ। ਮਹਾਨ ਲੇਖਕ ਫੈਜ਼ ਅਹਿਮਦ ਫ਼ੈਜ਼ ਦੀ ਧੀ, ਸਲੀਮਾ ਹਾਸ਼ਮੀ ਨੇ ਵੀ ਭਗਤ ਸਿਮਘ ਬਾਰੇ ਲਿਖਿਆ ਹੈ। ਇਤਿਹਾਸਕਾਰ ਮੁਬਾਰਕ ਅਲੀ ਨੇ ਪਾਕਿਸਤਾਨ ਦੀ ਮਕਬੂਲ ਅਖ਼ਬਾਰ ‘ਡਾਨ’ ਵਿੱਚ ਸ. ਭਗਤ ਸਿੰਘ ਬਾਰੇ ਬਹੁਤ ਲਿਖਿਆ ਹੈ। ਸਿਨਤੇ ਰਿਜ਼ਵੀ ਨੇ ਅਜੈ ਘੋਸ਼ ਦੀ ਕਿਤਾਬ ‘ਭਗਤ ਸਿੰਘ ਤੇ ਉਹਦੇ ਸਾਥੀ’ ਦਾ ਉਰਦੂ ਵਿੱਚ ਉਲਥਾ ਕੀਤਾ ਹੈ। ਪਾਕਿਸਤਾਨ ਦੇ ਖੱਬੇ-ਪੱਖੀ ਤੇ ਸਿਵਿਲ ਸੁਸਾਇਟੀ ਦੇ ਲੋਕਾਂ ਨੂੰ ਜੇਹਾਦੀ ਵਿਚਾਰਧਾਰਾ ਦਾ ਮੁਕਾਬਲਾ ਕਰਨ ਲਈ ਭਗਤ ਸਿੰਘ ਲੋੜੀਂਦਾ ਹੈ। ਸੜਕ ਜਾਂ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ਤੇ ਰੱਖਣਾ ਇੱਕ ਮਹੱਤਵਪੂਰਣ ਕਦਮ ਹੈ। ਇਹ ਗੱਲ ਵਧੀਆ ਹੈ ਕਿ ਪਾਕਿਸਤਾਨ ਦੇ ਮੀਡੀਆ ਵਿੱਚ ਭਗਤ ਸਿੰਘ ਗਰੀਬਾਂ ਮਜ਼ਦੂਰਾਂ ਦਾ ਨਾਇਕ ਤੇ ਸਾਮਰਾਜਵਾਦੀਆਂ ਦੇ ਵਿਰੋਧੀ ਵਜੋਂ ਉੱਭਰਿਆ ਹੈ। ਬ੍ਰਿਟਿਸ਼ ਬਸਤੀਵਾਦ ਨੇ ਭਗਤ ਸਿੰਘ ਨਾਲ ਸੰਬੰਧਿਤ ਸਾਰੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਕਈ ਕੁਝ ਬਦਲ ਚੁੱਕਾ ਹੈ। ਭਗਤ ਸਿੰਘ ਦੇ ਜਨਮ ਸਥਾਨ ’ਤੇ ਇੱਕ ਵੱਡਾ ਅਜਾਇਬ ਘਰ ਬਣਾਉਣ ਦੀ ਵੀ ਮੰਗ ਉੱਠੀ ਹੈ। ਬਰੈਡਲਾਹ ਹਾਲ ਨੂੰ ਇੱਕ ਵਿਰਾਸਤੀ ਇਮਾਰਤ ਵਜੋਂ ਸੁਰੱਖਿਅਤ ਬਣਾਉਣ ਦੀ ਵੀ ਰਾਇ ਬਣੀ ਹੈ। ਅਜਿਹੀ ਵੀ ਗੱਲ ਨਹੀਂ ਕਿ ਐਨੇ ਲੰਮੇ ਸਮੇਂ ਤੋਂ ਚੌਂਕ ਦਾ ਨਾਂ ‘ਭਗਤ ਸਿੰਘ ਚੌਂਕ’ ਰੱਖਣ ਦੇ ਉਪਰਾਲੇ ਨੂੰ ਕਾਮਯਾਬੀ ਨਾ ਮਿਲੀ ਹੋਵੇ। 2012 ਵਿੱਚ ਪਾਕਿਸਤਾਨ ਦੀ ਸਰਕਾਰ ਨੇ ਇਸਦਾ ਨਾਂ ‘ਭਗਤ ਸਿੰਘ ਚੌਂਕ’ ਰੱਖ ਦਿੱਤਾ ਸੀ ਪਰ ਆਲ਼ੇ ਦੁਆਲ਼ੇ ਦੀ ਮਾਰਕੀਟ ਦੇ ਦੁਕਾਨਦਾਰਾਂ ਨੇ, ਜੋ ਕਿ ਹਾਫ਼ੀਜ਼ ਸੱਈਦ ਦੀ ਤਨਜ਼ੀਮ ਜਮਾਤ-ਉਦ-ਦਾਵਾ ਦੇ ਮੈਂਬਰ ਸਨ, ਵੱਲੋਂ ਮੁਜ਼ਾਹਰੇ ਕਰਨ ਅਤੇ ਰੌਲ਼ਾ ਰੱਪਾ ਪਾਉਣ ਕਰਕੇ ਇਹ ਫੈਸਲਾ ਪਲਟ ਦਿੱਤਾ ਗਿਆ। ਇਸਦੇ ਬਾਵਜੂਦ ਸਰਕਾਰ ਨੇ ਨਾਂ ਬਦਲਣ ਦੇ ਹੱਕ ਵਿੱਚ ‘ਦਿਲਕਸ਼ ਲਾਹੌਰ ਕਮੇਟੀ’ ਬਣਾਈ ਕਿ ਉਹ ਇਸ ਨਾਂ ਦੀ ਸਿਫ਼ਾਰਿਸ਼ ਕਰੇ। ਪਰ ਇਸ ਵਾਰ ਤਹਿਰੀਕੇ ਹੁਰਮਤ-ਏ-ਰਸੂਲ, ਜਿਸਦੇ ਪਾਬੰਦੀ ਸ਼ੁਦਾ ਤਨਜ਼ੀਮ ਜਮਾਤ ਉਦ ਦਾਵਾ ਨਾਲ ਲਿੰਕ ਸਨ, ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਤੇ ਦਲੀਲ ਇਹ ਦਿੱਤੀ ਕਿ ਚੌਂਕ ਦਾ ਨਾਂ ਬਦਲਣ ਦੇ ਪਿੱਛੇ ਭਾਰਤ ਦੀ ਏਜੰਸੀ ਰਾਅ ਦਾ ਹੱਥ ਹੈ। ਦੂਜੀ ਦਲੀਲ ਇਹ ਦਿੱਤੀ ਗਈ ਕਿ ਕਿਉਂਕਿ ਪਾਕਿਸਤਾਨ ਇੱਕ ਇਸਲਾਮੀ ਮੁਲਕ ਹੈ, ਕੋਈ ਵੀ ਮੁੱਖ ਰਸਤਾ ਜਾਂ ਚੌਂਕ ਕਿਸੇ ਗ਼ੈਰ ਮੁਸਲਿਮ ਦੇ ਨਾਂ ’ਤੇ ਨਹੀਂ ਹੋਣਾ ਚਾਹੀਦਾ। ਇਹਦੇ ਜਵਾਬ ਵਿੱਚ ਵਕੀਲ ਇਮਤਿਆਜ਼ ਕੁਰੈਸ਼ੀ ਨੇ ਕਿਹਾ ਸੀ ਕਿ “ਜੇ ਭਾਰਤ ਵਿੱਚ ਸਰ ਸੱਯਦ ਅਹਿਮਦ ਖਾਨ ਦਾ ਬੁੱਤ ਲੱਗ ਸਕਦਾ ਹੈ ਤਾਂ ਭਗਤ ਸਿੰਘ ਦਾ ਬੁੱਤ ਇਸ ਚੌਂਕ ਵਿੱਚ ਕਿਉਂ ਨਹੀਂ? ਮੁਹੰਮਦ ਅਲੀ ਜਿਨਾਹ ਨੇ ਵੀ ਤਾਂ ਭਗਤ ਸਿੰਘ ਦੀ ਸ਼ਹੀਦੀ ਨੂੰ ਵੱਡੀ ਕੁਰਬਾਨੀ ਦੱਸਿਆ ਸੀ ਤੇ ਸ਼ਹਾਦਤ ਨੂੰ ਸਲਾਮ ਕਰਦਿਆਂ ਕਿਹਾ ਸੀ ਕਿ ਭਗਤ ਸਿੰਘ ਬਹਾਦਰਾਂ ਵਿੱਚੋਂ ਸਭ ਤੋਂ ਬਹਾਦਰ ਸੀ।”
ਲਾਹੌਰ ਹਾਈ ਕੋਰਟ ਨੇ 2018 ਵਿੱਚ ਫੈਸਲਾ ਸੁਣਾਉਂਦਿਆਂ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਸ਼ਾਦਮਾਨ ਚੌਂਕ ਦਾ ਨਾਂ ਭਗਤ ਸਿੰਘ ਚੌਂਕ ਰੱਖ ਦਿੱਤਾ ਜਾਵੇ ਪਰ 2024 ਤਕ ਇਸ ਹਦਾਇਤ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਸੋ ਇਸੇ ਸਾਲ ਅਪਰੈਲ ਵਿੱਚ ਭਗਤ ਸਿੰਘ ਫਾਊਂਡੇਸ਼ਨ ਦੇ ਕਾਰਕੁਨਾਂ ਨੇ ਪੰਜਾਬ ਸਰਕਾਰ ਦੇ ਤਿੰਨ ਅਫਸਰਾਂ ਖ਼ਿਲਾਫ ਕੰਨਟੈਂਪਟ ਆਫ ਕੋਰਟ ਪਾਈ ਸੀ ਜਿਸਦੀ ਪੇਸ਼ੀ ਦੌਰਾਨ ਪੰਜਾਬ ਸਰਕਾਰ ਦੇ ਸਹਾਇਕ ਐਡਵੋਕੇਟ ਜਨਰਲ ਇਮਰਾਨ ਖਾਨ ਨੇ ਬੇਨਤੀ ਕੀਤੀ ਤੇ ਕਿਹਾ ਕਿ ਇਸ ਸੰਬੰਧੀ ਨੋਟੀਫੀਕੇਸ਼ਨ ਜਾਰੀ ਕਰਨ ਵਾਸਤੇ ਸਰਕਾਰ ਨੂੰ ਕੁਝ ਹੋਰ ਵਕਤ ਦਿੱਤਾ ਜਾਵੇ। ਪਟੀਸ਼ਨਰ ਵੱਲੋਂ ਐਡਵੋਕੇਟ ਖ਼ਾਲਿਦ ਜ਼ਮਾ ਕੱਕੜ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਬੜੀ ਦੇਰ ਹੋ ਚੁੱਕੀ ਹੈ। ਪਰ ਸਰਕਾਰੀ ਪੱਖ ਦੀ ਦਲੀਲ ’ਤੇ ਵਿਚਾਰ ਕਰਦਿਆਂ ਕੋਰਟ ਨੇ ਅਗਲੀ ਤਰੀਕ ਸੱਤ ਜੂਨ 2024 ਦਿੱਤੀ ਸੀ। ਸੱਤ ਜੂਨ ਨੂੰ ਇਹ ਕੇਸ ਫਿਰ ਮੁਲਤਵੀ ਕਰ ਦਿੱਤਾ ਗਿਆ। ਉਮੀਦ ਕਰਦੇ ਹਾਂ ਕਿ ਜਲਦੀ ਹੀ ਅਦਾਲਤ ਇਸ ਚੌਂਕ ਦਾ ਨਾਂ ‘ਭਗਤ ਸਿੰਘ ਚੌਂਕ’ ਰੱਖਣ ਵਾਲਾ ਆਖ਼ਰੀ ਫੈਸਲਾ ਦੇ ਦੇਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5341)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.