“ਠੱਗੇ ਜਿਹੇ ਮਹਿਸੂਸ ਕਰਦੇ ਹੋਏ ਅਸੀਂ ਮਾਯੂਸ ਨਿਗਾਹਾਂ ਨਾਲ ਵੇਖਦੇ ਰਹੇ ...”
(2 ਸਤੰਬਰ 2016)
(ਨੋਟ: ਜੇ ਪਾਠਕ ਇਹ ਲੇਖ ਪੜ੍ਹਨ ਤੋਂ ਪਹਿਲਾਂ 1 ਅਗਸਤ 2016 ਨੂੰ ‘ਸਰੋਕਾਰ’ ਛਪਿਆ ਡਾ. ਮਨਜੀਤ ਸਿੰਘ ਬੱਲ ਦਾ ਲੇਖ ‘ਡੱਬੀਆਂ ਵਾਲਾ ਖੇਸ’ ਪੜ੍ਹ ਲੈਣ ਤਾਂ ਵਧੇਰੇ ਲਾਹੇਵੰਦ ਹੋਵੇਗਾ --- ਸੰਪਾਦਕ)
ਪਾਕਿਸਤਾਨ ਖੂਨ ਦੇ ਰਿਸ਼ਤੇ ਭਾਰਤ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਪੁਰਬ ’ਤੇ ਗੁਰਦਵਾਰਿਆਂ ਦੇ ਨਾਲ-ਨਾਲ ਪਾਕਿਸਤਾਨ ਰਹਿੰਦੀ ਸਕੀ ਭੂਆ ‘ਜੱਸੀ’ ਦੇ ਵੀ ਦਰਸ਼ਨ ਹੋ ਗਏ ਸਨ। ਭੂਆ ਦੀਆਂ ਮੋਹ ਭਿੱਜੀਆਂ, ਪਿਆਰੀਆਂ ਪਿਆਰੀਆਂ ਗੱਲਾਂ, ਟੱਬਰ ਦੇ ਬਾਕੀ ਮੈਂਬਰਾਂ ਨੂੰ ਮਿਲਣਾ ਅਤੇ ਉਹਨਾਂ ਦੇ ਪਿੰਡ ਤੇ ਘਰ ਦਾ ਸੀਨ ਅੱਖਾਂ ਅੱਗੇ ਘੁੰਮੀ ਜਾ ਰਿਹਾ ਸੀ। ਵਾਪਸ ਆਪਣੇ ਘਰ, ਪਿੰਡ (ਬੱਲ ਕਲਾਂ) ਆ ਕੇ ਮਾਤਾ ਤੇ ਪਿਤਾ ਜੀ ਨੂੰ ਉਹਨਾਂ ਬਾਰੇ ਦੱਸਿਆ, ਸਾਰੀ ਗੱਲ (ਕਥਾ) ਇੱਕੋ ਹੀ ਦਿਨ ਨਹੀਂ ਸੀ ਸੁਣਾਈ ਜਾ ਸਕਦੀ। ਰੋਟੀ ਖਾਣ ਵੇਲੇ ਰੋਜ਼ ਸ਼ਾਮ ਨੂੰ ਬੈਠਦੇ ਤੇ ਉਹਨਾਂ ਦੀਆਂ ਗੱਲਾਂ ਕਰਨ ਲਗਦੇ, ਜੋ ਕਈ ਕਈ ਘੰਟੇ ਚੱਲਦੀਆਂ ਰਹਿੰਦੀਆਂ।
“ਮਨਜੀਤ ਸਿੰਹਾਂ …,” ਮਾਤਾ ਨੇ ਕੰਧ ਵੱਲ ਇਸ਼ਾਰਾ ਕਰਦਿਆਂ ਕਿਹਾ, “ਆਹ ਜਿਹੜੀ ਤੇਰੀ ਫੋਟੋ ਲੱਗੀ ਆ ਨਾ …, ਇਹ ਤੇਰੀ ਭੂਆ ਨੇ ਈ ਲੁਹਾਈ ਸੀ …, ਤੂੰ ਨਿੱਕਾ ਜਿਹਾ ਸੈਂ, ਬੀਬੀ ਜੱਸੀ ਆਈ ਸੀ …, ਅਸੀਂ ਸ਼ਹਿਰ ਗਈਆਂ …, ਬੀਬੀ ਨੇ ਤੈਨੂੰ ਕੁੱਛੜ ਈ ਚੁੱਕ ਛੱਡਿਆ ਸੀ …।”
ਮੈਂ ਹੁੰਗਾਰਾ ਦਿੱਤਾ ਤੇ ਮਾਤਾ ਬੋਲਦੀ ਗਈ, “ਅੰਬਰਸਰ ਟੇਸ਼ਨ ਲਾਗੇ ਸੜਕ ’ਤੇ ਇਕ ਭਾਈ ਫੋਟੋ ਲਾਹੁੰਦਾ ਸੀ …, ਬੀਬੀ ਆਂਹਦੀ ਸੀ ਮੈਂ ਕਾਕੇ ਦੀ ਇਕ ਫੋਟੋ ਲੈ ਕੇ ਜਾਣੀ ਆਂ …।”
ਉਹ ਫੋਟੋ ਮੈਂ ਹੁਣ ਵੀ ਵੇਖਦਾ ਹਾਂ …, ਮੈਂ ਦੋ ਜਾਂ ਢਾਈ ਸਾਲ ਦਾ ਹੋਵਾਂਗਾ, ਸਿਰ ’ਤੇ ਵਾਲਾਂ ਦੀਆਂ ਮੀਢੀਆਂ ਨਾਲ ਰਿਬਨ ਪਾ ਕੇ ਫੁੱਲ ਕੀਤੇ ਹੋਏ ਨੇ ਤੇ ਮੈਂ ਤਿੰਨਾਂ ਪਹੀਆਂ ਵਾਲੇ ਸਾਇਕਲ ’ਤੇ ਬੈਠਾ ਹੋਇਆ ਹਾਂ।
ਜਥੇ ਨਾਲ ਜਾਣ ਵੇਲੇ ਮੈਂ ਭਿਖੀ ਵਿੰਡ ਨੇੜੇ ਬਾਰਡਰ ਏਰੀਏ ਦੀ ਇਕ ਪੇਂਡੂ ਡਿਸਪੈਂਸਰੀ ਵਿਚ ਮੈਡੀਕਲ ਅਫਸਰ ਸਾਂ 4-5 ਸਾਲ ਇਸੇ ਏਰੀਏ ਵਿਚ, ਛੀਨਾ ਬਿਧੀ ਚੰਦ, ਸੁਰ ਸਿੰਘ, ਕਸੇਲ, ਪੰਜਵੜ, ਝਬਾਲ ਆਦਿ ਪਿੰਡਾਂ ਵਿਚ ਕੰਮ ਕੀਤਾ ਸੀ। ਲਗਾਤਾਰ ਇਸ ਖੇਤਰ ਵਿਚ ਰਹਿਣ ਅਤੇ ਆਉਣ-ਜਾਣ ਕਰਕੇ ਇੱਧਰ ਦੇ ਲੋਕਾਂ ਤੇ ਥਾਵਾਂ ਬਾਰੇ ਕਾਫੀ ਜਾਣਕਾਰੀ ਹੋ ਗਈ ਸੀ।
ਭਿਖੀ ਵਿੰਡ ਤੋਂ ਅੱਗੇ ਖੇਮ ਕਰਨ ਵੱਲ ਨੂੰ, ਮੈਂ ਕਦੀ ਨਹੀਂ ਸਾਂ ਗਿਆ ਪਰ ਬੱਸਾਂ ਵਿਚ ਸਫਰ ਦੌਰਾਨ, ਤੇ ਹੋਰ ਲੋਕਾਂ ਕੋਲੋਂ ਪਤਾ ਲੱਗਾ ਕਿ ਇਸ ਸਰਹੱਦੀ ਕਸਬੇ (ਖੇਮ ਕਰਨ ਜੋ ’65 ਦੀ ਜੰਗ ਵੇਲੇ ਪਾਕਿਸਤਾਨੀ ਟੈਂਕਾਂ ਦੇ ਕਬਰਸਤਾਨ ਵਜੋਂ ਜਾਣਿਆ ਜਾਂਦਾ ਸੀ) ਤੋਂ ਅੱਗੇ, ਬਾਰਡਰ ’ਤੇ ਇਕ ਜਗਾਹ ਹੈ ਜਿੱਥੇ ਨੋ ਮੈਨਜ਼ ਲੈਂਡ ’ਤੇ ਇਕ ਧਾਰਮਿਕ ਅਸਥਾਨ ਹੈ। ਇਸ ਵਿਚ ਮੰਦਰ ਤੇ ਮਸਜਿਦ ਇਕੱਠੇ ਹਨ। ਇਸ ਦਾ ਨਾਮ ਹੈ ਸ਼ੇਖ ਬ੍ਰਹਮ। ਬੜੇ ਪੁਰਾਣੇ ਸਮੇਂ ਤੋਂ ਇੱਥੇ ਮੇਲਾ ਲਗਦਾ ਹੈ, ਜਿੱਥੇ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਸ਼ਰਧਾਲੂ ਆਉਂਦੇ ਹਨ। ਜ਼ਿਆਦਾ ਉਡੀਕਣਾ ਨਹੀਂ ਪੈਂਦਾ, ਇਹ ਮੇਲਾ ਹਰ ਹਫਤੇ ਵੀਰਵਾਰ ਨੂੰ ਲਗਦਾ ਸੀ (ਇਹਨੀਂ ਦਿਨੀਂ ਵੀ ਜ਼ਰੂਰ ਲੱਗਦਾ ਹੋਵੇਗਾ।)
ਘਰ ਵਿਚ ਰੋਜ਼ ਅਸੀਂ ਪਾਕਿਸਤਾਨ ਵਾਲਿਆਂ (ਭੂਆ ਹੁਰਾਂ ਦੀਆਂ) ਗੱਲਾਂ ਕਰਦੇ ਰਹਿੰਦੇ ਸਾਂ। ਇਕ ਦਿਨ ਮੇਰੇ ਮਨ ਵਿਚ ਜਨਮੇ ਇਸ ਵਿਚਾਰ ਨੇ ਵਲਵਲੇ ਦਾ ਰੂਪ ਧਾਰਨ ਕਰ ਲਿਆ ਕਿ ਸ਼ੇਖ ਬ੍ਰਹਮ ਦੇ ਮੇਲੇ ’ਤੇ, ਮਾਤਾ ਅਤੇ ਪਿਤਾ ਜੀ ਨੂੰ ਭੂਆ ਨਾਲ ਮਿਲਾਉਣ ਦਾ ਉਪਰਾਲਾ ਕੀਤਾ ਜਾਵੇ। ਇਸ ਵਿਚਾਰ ਬਾਰੇ ਜਦ ਮੈਂ ਪਿਤਾ ਜੀ ਨਾਲ ਗੱਲ ਕੀਤੀ ਤਾਂ ਉਹ ਕਹਿਣ ਲੱਗੇ, “ਕਾਕਾ …, ਜੇ ਇਹ ਕੰਮ ਕਰ ਦਏਂ ਤਾਂ ਇਸ ਤੋਂ ਵੱਡਾ ਹੋਰ ਪੁੰਨ ਕੀ ਹੋ ਸਕਦੈ?”
ਸ਼ੇਖ ਬ੍ਰਹਮ ਵਾਲੀ ਜਗਾਹ ਦੇ ਪਾਰਲੇ ਪਾਸੇ ਜ਼ਿਲ੍ਹਾ ਕਸੂਰ (ਬਾਬਾ ਬੁੱਲ੍ਹੇ ਸਾਹ ਦਾ ਮਜ਼ਾਰ ਵਾਲੀ ਜਗਾਹ) ਪੈਂਦਾ ਹੈ। ਇਸ ਜ਼ਿਲ੍ਹੇ ਦੇ ਕਸਬੇ ਰਾਏ ਵਿੰਡ ਦੇ ਨਜ਼ਦੀਕ ਹੀ ਭੂਆ ਦਾ ਪਿੰਡ ਰੋਸੇ ਭੈਲ ਹੈ।
1947 ਤੋਂ ਪਹਿਲਾਂ ਖੇਮ ਕਰਨ (ਜ਼ਿਲ੍ਹਾ ਅੰਮ੍ਰਿਤਸਰ) ਤੇ ਹੁਸੈਨੀ ਵਾਲਾ (ਜ਼ਿਲ੍ਹਾ ਫਿਰੋਜ਼ਪੁਰ) ਵਾਲੀਆਂ ਰੇਲਵੇ ਲਾਈਨਾਂ ’ਤੇ ਅਗਲਾ ਸਟੇਸ਼ਨ ਕਸੂਰ ਹੀ ਸੀ। ਭਾਰਤੀ ਪੰਜਾਬ ਦਾ ਨਕਸ਼ਾ ਵੇਖੀਏ ਤਾਂ ਪਤਾ ਲਗਦਾ ਹੈ ਕਿ ਭੂਗੋਲਿਕ ਸਥਿਤੀ ਮੁਤਾਬਿਕ ਫਿਰੋਜ਼ਪੁਰ ਅਤੇ ਖੇਮ ਕਰਨ, ਬਿਲਕੁਲ ਨੇੜੇ ਨੇੜੇ ਹਨ, ਉਂਜ ਇਹਨਾਂ ਦਰਮਿਆਨ ਕੋਈ ਸੜਕ ਜਾਂ ਰੇਲ ਲਿੰਕ ਨਹੀਂ, ਸਤਲੁਜ ਦਰਿਆ ਹੀ ਕਾਫੀ ਖਿਲਰਿਆ ਹੋਇਆ ਹੈ।ਬਾਰਡਰ ਦਾ ਏਰੀਆ ਹੋਣ ਕਰਕੇ ਇਸ ਹਿੱਸੇ ਦੀ ਕੋਈ ਪੁੱਛ-ਗਿੱਛ ਨਹੀਂ।
ਮੈਂ ਪੂਰਾ ਧਾਰ ਲਿਆ ਕਿ ਸ਼ੇਖ ਬ੍ਰਹਮ ਦੇ ਮੇਲੇ ’ਤੇ ਭੂਆ ਨੂੰ ਸੱਦ ਕੇ ਮਾਤਾ ਤੇ ਪਿਤਾ ਜੀ ਲੈ ਕੇ ਜਾਵਾਂਗਾ। ਜਦ ਇਹ ਸੋਚ ਹੀ ਲਿਆ ਤਾਂ ਲੰਮਾ ਇੰਤਜ਼ਾਰ ਕਰਨਾ ਮੁਸ਼ਕਿਲ ਸੀ। ਇਹ ਗੱਲ ਅੱਧ-ਦਸੰਬਰ (1983) ਦੀ ਹੈ। ਇਸੇ ਵਿਚਾਰ ਅਧੀਨ ਮੈਂ ਭੂਆ ਨੂੰ ਚਿੱਠੀ ਲਿਖੀ, “ਤੁਹਾਡੇ ਸ਼ਹਿਰ, ਕਸੂਰ ਦੇ ਨੇੜੇ, ਬਾਰਡਰ ’ਤੇ, ਇਕ ਧਾਰਮਿਕ ਅਸਥਾਨ ਹੈ ਜਿੱਥੇ ਮੁਸਲਮਾਨ ਫਕੀਰ ਦੀ ਮਜ਼ਾਰ ਤੇ ਹਿੰਦੂ ਮੰਦਰ ਇਕੱਠੇ ਬਣੇ ਹੋਏ ਹਨ। ਇਹ ਜਗਾਹ ਸ਼ੇਖ ਬ੍ਰਹਮ ਵਜੋਂ ਜਾਣੀ ਜਾਂਦੀ ਹੈ। ਤੁਸੀਂ ਉੱਥੇ ਜਨਵਰੀ (1984) ਦੇ ਪਹਿਲੇ ਵੀਰਵਾਰ ਪੁੱਜੋ, ਮੈਂ ਮਾਤਾ ਪਿਤਾ ਨੂੰ ਲੈ ਕੇ ਆਵਾਂਗਾ ..., ਰੱਬ ਨੇ ਚਾਹਿਆ ਤਾਂ ਜਰੂਰ ਮੇਲ ਹੋਵੇਗਾ।”
ਮੈਂ ਇਹ ਚਿੱਠੀ, ਜੇ ਲੈਟਰ ਬਕਸ ਵਿਚ ਪਾਉਂਦਾ ਤਾਂ ਪਤਾ ਨਹੀਂ 15-20 ਦਿਨ ਲੱਗ ਜਾਂਦੇ …, ਜਾਂ ਸੈਂਸਰ ਹੁੰਦੀ, ਇਤਰਾਜ਼ਯੋਗ ਸਮਗਰੀ ਸਮਝੀ ਜਾਂਦੀ, ਪਹੁੰਚਦੀ ਹੀ ਨਾ। ਉਹਨੀਂ ਦਿਨੀਂ ਵੀ ਅੰਮ੍ਰਿਤਸਰ ਤੇ ਲਾਹੌਰ ਦਰਮਿਆਨ ਸਮਝੌਤਾ ਐਕਸਪ੍ਰੈੱਸ ਗੱਡੀ ਨਿਰੰਤਰ ਚਲਦੀ ਹੁੰਦੀ ਸੀ। ਲਿਫਾਫਾ ਬੰਦ ਕੀਤਾ ਤੇ ਗੱਡੀ ਚੱਲਣ ਦੇ ਸਮੇਂ ਮੁਤਾਬਿਕ ਮੈਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਪੁੱਜਾ, ਲਾਹੌਰ ਜਾ ਰਹੇ ਇਕ ਪਾਕਿਸਤਾਨੀ ਮੁਸਾਫਿਰ ਨੂੰ ਆਪਣੀ ਸ਼ਨਾਖਤ ਦੱਸੀ। ਲਿਫਾਫੇ ’ਤੇ ਐਡਰੈੱਸ ਲਿਖ ਕੇ ਉਸ ਨੂੰ ਫੜਾਉਂਦਿਆਂ ਹੋਇਆਂ ਗੁਜ਼ਾਰਿਸ਼ ਕੀਤੀ, “ਭਾਈ ਸਾਹਿਬ, ... ਇਹ ਚਿੱਠੀ ਬਹੁਤ ਜ਼ਰੂਰੀ ਹੈ, 4-5 ਦਿਨਾਂ ਵਿਚ ਪਹੁੰਚਣੀ ਚਾਹੀਦੀ ਹੈ …, ਤੁਸੀਂ ਮਿਹਰਬਾਨੀ ਕਰੋਂ ਤਾਂ ਲਾਹੌਰ ਜਾ ਕੇ, ਇਕ ਟਿਕਟ ਲਗਾ ਕੇ ਇਸ ਨੂੰ ਪੋਸਟ ਕਰ ਦਿਓ …,” ਦਸ ਰੁਪਏ ਦਾ ਇਕ ਨੋਟ ਉਹਦੇ ਵੱਲ ਵਧਾਉਂਦਿਆਂ ਮੈਂ ਕਿਹਾ।
ਲਿਫਾਫੇ ਤੇ ਲਿਖਿਆ ਐਡਰੈੱਸ ਪੜ੍ਹ ਕੇ ਉਸਨੇ ਚਿੱਠੀ ਜੇਬ ਵਿਚ ਪਾ ਲਈ ਤੇ ਆਖਣ ਲੱਗਾ, “ਤੁਸੀਂ ਪੈਸੇ ਰੱਖੋ ਭਾਈ ਜਾਨ …, ਚਿੱਠੀ ਤੁਹਾਡੀ ਮੈਂ ਲਾਹੌਰ ਸਟੇਸ਼ਨ ’ਤੇ ਈ ਪੋਸਟ ਕਰ ਦਿਆਂਗਾ।”
ਅਗਲੇ ਦਿਨ ਮੈਂ ਸਿਵਲ ਡਿਸਪੈਂਸਰੀ ਖੇਮ ਕਰਨ ਵਿਚ ਮੈਡੀਕਲ ਅਫਸਰ ਵਜੋਂ ਤੈਨਾਤ, ਡਾਕਟਰ ਹਾਕਮ ਸਿੰਘ ਜੋ ਐੱਮ ਬੀ ਬੀ ਐੱਸ ਕੋਰਸ ਵਿਚ ਮੇਰੇ ਤੋਂ ਇਕ ਸਾਲ ਜੂਨੀਅਰ ਬੈਚ ਦਾ ਸੀ, ਨਾਲ ਸੰਪਰਕ ਕਰਕੇ ਸ਼ੇਖ ਬ੍ਰਹਮ ਬਾਰੇ ਵਧੇਰੇ ਜਾਣਕਾਰੀ ਹਾਸਲ ਕੀਤੀ ਤੇ ਆਪਣਾ ਪਲੈਨ ਦੱਸ ਕੇ, ਖੇਮ ਕਰਨ ਤੋਂ ਅੱਗਲੇ ਪੈਂਡੇ ਨੂੰ ਤੈਅ ਕਰਨ ਬਾਰੇ ਸਲਾਹ ਮਸ਼ਵਰਾ ਕੀਤਾ। ਉਸਨੇ ਬੇਪ੍ਰਵਾਹੀ ਨਾਲ ਕਿਹਾ, “ਇਹ ਕੋਈ ਮਸਲਾ ਨਹੀਂ ਡਾ. ਮਨਜੀਤ …, ਸ਼ੇਖ ਬ੍ਰਹਮ ਇੱਥੋਂ ਸਿਰਫ ਇਕ-ਡੇਢ ਕਿਲੋਮੀਟਰ ਈ ਆ …, ਇੱਥੇ ਆ ਜਾਇਓ …, ਮੇਰਾ ਬੁਲਿਟ ਮੋਟਰ ਸਾਇਕਲ ਹੈਗਾ …, ਬਜ਼ੁਰਗਾਂ ਨੂੰ ਨਾਲ ਬਿਠਾ ਕੇ …, ਤਿੰਨੇ ਜਣੇ ਚੜ੍ਹ ਕੇ ਚਲੇ ਜਾਇਓ।”
ਪਹਿਲੀ ਜਨਵਰੀ (1984) ਤੋਂ ਮੈਂ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪੈਥਾਲੋਜੀ ਵਿਭਾਗ ਵਿਖੇ ਜਾਇਨ ਕਰ ਲਿਆ ਸੀ। ਕਾਫੀ ਠੰਢ ਸ਼ੁਰੂ ਹੋ ਗਈ ਸੀ। ਅਜੇ ਸਿਆਲ ਦਾ ਮੀਂਹ ਨਹੀਂ ਸੀ ਪਿਆ। ਸੁੱਕੀ ਠੰਢ ਸੀ, ਇਕ ਦੋ ਵਾਰ ਸਵੇਰ ਨੂੰ ਧੁੰਦ ਵੀ ਪੈ ਚੁੱਕੀ ਸੀ। ਪੱਤਝੜ ਦੇ ਮੌਸਮ ਵਿਚ ਵਧੇਰੇ ਦਰਖਤ ਬਿਨਾਂ ਪੱਤਿਆਂ ਤੋਂ ਹੀ ਸਨ, ਬਚੇ-ਖੁਚੇ ਪੱਤੇ ਮਿੱਟੀ ਨਾਲ ਭਰੇ ਪਏ ਸਨ ਅਤੇ ਮੀਂਹ ਦੀਆਂ ਕਣੀਆਂ ਦੇ ਇੰਤਜ਼ਾਰ ਵਿਚ ਸਨ।
ਮਿਥੇ ਦਿਨ ਤੋਂ ਇਕ ਦਿਨ ਪਹਿਲਾਂ ਬੁੱਧਵਾਰ ਨੂੰ, ਮਾਤਾ ਨੇ ਬੜੀ ਤਿਆਰੀ ਕੀਤੀ। ਸ਼ਹਿਰੋਂ (ਅੰਮ੍ਰਿਤਸਰੋਂ) ਜਾ ਕੇ ਸੂਟ ਤੇ ਹੋਰ ਕੱਪੜੇ ਲੱਤੇ ਖਰੀਦੇ। ਮਨ ਵਿਚ ਕਈ ਤਰ੍ਹਾਂ ਦੀਆਂ ਗੋਂਦਾਂ ਗੁੰਦੀਆਂ, “ਬੀਬੀ ਜੱਸੀ ਨੂੰ ਤੀਹ ਸਾਲ ਬਾਅਦ ਮਿਲਣਾ ਏਂ …, ਪਤਾ ਨਹੀਂ ਕਿੱਦਾਂ ਦੀ ਹੋਊਗੀ …, ਕਿੱਦਾਂ ਮਿਲਾਂਗੇ …, ਪਤਾ ਨਹੀਂ ਬਾਡਰ ’ਤੇ ਕੋਈ ਮਿਲਣ ਵੀ ਦਏ ਕਿ ਨਾ …, ਇਹ ਵੀ ਪਤਾ ਨਹੀਂ, ਪਈ ਚਿੱਠੀ ਵੀ ਮਿਲੀ ਆ ਕਿ ਨਹੀਂ …।”
ਮਾਤਾ ਅਰਦਾਸਾਂ ਕਰ ਰਹੀ ਸੀ, “ਹੇ ਗੁਰੂ ਰਾਮ ਦਾਸ ਸੱਚੇ ਪਾਤਸ਼ਾਹ …, ਬੀਬੀ ਨੂੰ ਚਿੱਠੀ ਮਿਲ ਗਈ ਹੋਵੇ …, ਹੇ ਬਾਬਾ ਨਾਨਕਾ…, ਕੱਲ੍ਹ ਸਾਨੂੰ ਉਹਨਾਂ ਦੇ ਦਰਸ਼ਨ ਕਰਾ ਦੇ …।”
ਵੀਰਵਾਰ ਨੂੰ ਪਿੰਡੋਂ (ਵੱਡੇ ਬੱਲਾਂ / ਬੱਲ ਕਲਾਂ ਤੋਂ ) ਸਵੇਰੇ ਤੜਕੇ ਸਾਢੇ ਛੇ ਵਜੇ ਨਿਕਲੇ। ਪਿਤਾ ਜੀ ਨੇ ਐਚਕਨ ਵਰਗਾ ਲੰਮਾ, ਗੂੜ੍ਹਾ ਸਲੇਟੀ ਰੰਗ ਦਾ ਕੋਟ, ਚਿੱਟਾ ਪਜਾਮਾ ਕੁੜਤਾ, ਚਿੱਟੀ ਪੋਚਵੀਂ ਪੱਗ ਤੇ ਗਲ਼ ਵਿਚ ਗਾਤਰਾ, ਅਤੇ ਮਾਤਾ ਨੇ ਚਿੱਟੀ ਭੋਂ ’ਤੇ ਲਾਲ-ਪੀਲੀਆਂ ਬੂਟੀਆਂ ਵਾਲੇ ਸੂਟ ਦੇ ਉੱਤੋਂ ਦੀ ਬੀੜਿਆਂ ਵਾਲੀ ਨਸਵਾਰੀ ਕੋਟੀ ਪਾਈ ਹੋਈ ਸੀ। ਉਹਦੇ ਹੱਥ ਵਿਚ ਕੱਪੜੇ-ਲੱਤੇ ਵਾਲਾ ਝੋਲਾ ਸੀ। ਸਭ ਨੂੰ ਪੂਰੀ ਉਮੀਦ ਸੀ ਕਿ ਅੱਜ ਤਕਰੀਬਨ ਤੀਹ ਸਾਲਾਂ ਪਿੱਛੋਂ ਭੈਣ-ਭਰਾ ਤੇ ਨਨਾਣ-ਭਰਜਾਈ ਦਾ ਮਿਲਾਪ ਹੋਏਗਾ। ਮੇਰੇ ਰਾਜਦੂਤ ਮੋਟਰ ਸਾਇਕਲ ’ਤੇ, ਦੋਵੇਂ ਜਣੇ ਪਿੱਛੇ ਬਹਿ ਗਏ। ਅੰਮ੍ਰਿਤਸਰ ਬੱਸ ਅੱਡੇ ਤੋਂ ਦੋ ਦਰਜਣ ਤਾਜ਼ੇ, ਵੱਡੇ ਕੇਲੇ ਖਰੀਦੇ ’ਤੇ ਮੋਟਰ ਸਾਇਕਲ ਖੜ੍ਹਾ ਕਰਕੇ ਮਾਝਾ ਟਰਾਂਸਪੋਰਟ ਦੀ ਬੱਸ ’ਤੇ ਸਵਾਰ ਹੋ ਗਏ। ਸਵੇਰੇ ਸੱਤ ਕੁ ਵਜੇ ਬੱਸ ਚੱਲ ਪਈ।
ਅੰਮ੍ਰਿਤਸਰ ਤੋਂ ਖੇਮ ਕਰਨ ਤਕਰੀਬਨ 60-65 ਕਿਲੋਮੀਟਰ ਦੂਰ ਹੈ ਪਰ, ਹਰ ਛੋਟੇ-ਵੱਡੇ ਪਿੰਡ ਦੇ ਅੱਡੇ ’ਤੇ ਬੱਸ ਰੁਕਦੀ ਹੈ ਇਸ ਲਈ ਢਾਈ ਤੋਂ ਤਿੰਨ ਘੰਟੇ ਲੱਗ ਹੀ ਜਾਂਦੇ ਹਨ। ਦਸ ਵਜੇ ਦੇ ਆਸ-ਪਾਸ ਸਿਵਿਲ ਡਿਸਪੈਂਸਰੀ ਖੇਮ ਕਰਨ ਪੁੱਜੇ। ਡਾਕਟਰ ਹਾਕਮ ਸਿੰਘ ਕੋਲੋਂ ਚਾਹ ਪੀਣ ਉਪਰੰਤ ਅਸੀਂ ਤਿੰਨੇ ਜਣੇ ਬੁਲਿਟ ’ਤੇ ਸਵਾਰ ਹੋ ਗਏ। ਬੁਲਿਟ, ਮੈਂ ਪਹਿਲਾਂ ਕਦੀ ਨਹੀਂ ਸੀ ਚਲਾਇਆ।
ਰੇਲਵੇ ਲਾਈਨ ਦਾ ਫਾਟਕ ਟੱਪ ਕੇ ਪਿੰਡ ਮਹਿਦੀ ਪੁਰ ਕੋਲੋਂ ਦੀ ਹੁੰਦੇ ਹੋਏ ਅਸੀਂ, ਡੀਫੈਂਸ ਵਜੋਂ ਬਣਾਏ ਗਏ ਡਰੇਨ ਦੇ ਨਾਲ-ਨਾਲ ਬਣੇ, ਕੱਚੇ ਰਸਤੇ ’ਤੇ ਪੈ ਗਏ। ਇੱਥੇ ਨਜ਼ਦੀਕ ਹੀ ਪਿੰਡ ਹੈ ‘ਰੱਤੋਕੇ’। ਪੁਤਲੀਘਰ ਵਸਣ ਤੋਂ ਪਹਿਲਾਂ ਇਹ ਮੇਰੇ ਸਹੁਰਿਆਂ ਦਾ ਪਿੰਡ ਸੀ। ਮੇਰੇ ਸਹੁਰਾ ਸਾਹਿਬ ਦੱਸਦੇ ਹੁੰਦੇ ਸਨ ਕਿ ਰੱਤੋਕੇ ਦੇ ਸਾਹਮਣੇ, ਪਾਕਿਸਤਾਨ ਵਾਲੇ ਪਾਸੇ ਪਿੰਡ ਸਹਿਜਰਾ ਹੈ ਜਿੱਥੇ ਉਹਨਾਂ ਦੀ ਇਕ ਭੈਣ ਵਿਆਹੀ ਹੋਈ ਸੀ ਤੇ ਉਹ, ਉਸ ਭਣਵਈਏ ਨੂੰ ਸਹਿਜਰੀਆ ਹੀ ਕਹਿੰਦੇ ਹੁੰਦੇ ਸਨ।
ਡਰੇਨ ਦੇ ਕਿਨਾਰੇ-ਕਿਨਾਰੇ ਬੁਲੈਟ ਚਲਾਉਣਾ ਬੜਾ ਰਿਸਕੀ ਲੱਗ ਰਿਹਾ ਸੀ। ਕੱਚਾ ਰਸਤਾ, ਸੁੱਕਾ ਚਿੱਕੜ …, ਭਾਵੇਂ ਡਰੇਨ ਵਿਚ ਪਾਣੀ ਨਹੀਂ ਸੀ ਪਰ ਇਹ ਹੈ ਬਹੁਤ ਡੂੰਘਾ ਸੀ, ਹੇਠਾਂ ਨੂੰ ਵੇਖ ਕੇ ਡਰ ਲਗਦਾ ਸੀ, ਫਿਰ ਵੀ ਮੈਂ ਕਾਮਯਾਬੀ ਨਾਲ ਚਲਾ ਰਿਹਾ ਸਾਂ ਇਹ ਮੋਟਰ ਸਾਇਕਲ।। ਟਾਵੇਂ ਟਾਵੇਂ ਲੋਕ, ਮੇਲੇ ਨੂੰ ਪੈਦਲ ਜਾ ਰਹੇ ਸਨ।
ਬਾਰਡਰ ’ਤੇ ਬਣਿਆ ਓ ਪੀ ਟਾਵਰ ਸਾਹਮਣੇ ਦਿਸਣ ਲੱਗ ਪਿਆ। ਉਦੋਂ ਅਜੇ ਕੰਡਿਆਲੀ ਤਾਰ ਨਹੀਂ ਸੀ ਲੱਗੀ। ਸ਼ੇਖ ਬ੍ਰਹਮ ਜਗਾਹ ਤੋਂ ਸਪੀਕਰ ਦੀ ਆਵਾਜ਼ ਆ ਰਹੀ ਸੀ, ਕਵਾਲੀਆਂ ਦੀ ਕੈਸੇਟ ਚਲ ਰਹੀ ਸੀ।
ਆਖਰ ਅਸੀਂ ਸ਼ੇਖ ਬ੍ਰਹਮ ਦੀ ਜਗਾਹ ’ਤੇ ਪੁੱਜ ਗਏ। ਬੁਲਿਟ ਇਕ ਪਾਸੇ ਲਗਾ ਦਿੱਤਾ। ਜਿਵੇਂ ਆਮ ਪੇਂਡੂ ਮੇਲਿਆਂ ਵਿਚ ਹੁੰਦਾ ਹੈ, ਲੋਕ ਸਾਇਕਲਾਂ ’ਤੇ ਲੱਦ ਕੇ ਮੁਨਿਆਰੀ ਦਾ ਸਮਾਨ, ਖਿਡੌਣੇ, ਕਿੱਸੇ, ਡਾਂਗਾਂ, ਖੂੰਡੀਆਂ ਆਦਿ, ਲਿਆ ਕੇ ਦੁਕਾਨਾਂ ਬਣਾ ਲੈਂਦੇ ਹਨ। ਮੱਥਾ ਟੇਕਣ ਵਾਲੀ ਥਾਂ, ਨੋ ਮੈਨਜ਼ ਲੈਂਡ ’ਤੇ, ਕੁਝ ਉੱਚੀ ਜਗਾਹ ’ਤੇ ਬਣੀ ਹੋਈ ਸੀ। ਮੱਥਾ ਟੇਕਣ ਲਈ ਪੌੜੀਆਂ ਦੇ ਕੁਝ ਅੱਡੇ ਚੜ੍ਹ ਕੇ ਉੱਪਰ ਜਾਣਾ ਪੈਂਦਾ ਸੀ (ਸ਼ਇਦ ਹੁਣ ਵੀ ਏਦਾਂ ਹੀ ਹੋਵੇ)। ਜਗਾਹ ਦੇ ਨੇੜੇ, 3-4 ਫੁੱਟ ਦੀ ਫਾਸਲੇ ’ਤੇ ਸਿੰਗਲ ਕੰਡਿਆਲੀ ਤਾਰ ਲਗਾ ਕੇ ਨੋ ਮੈਨਜ਼ ਲੈਂਡ ਬਣਾਈ ਹੋਈ ਸੀ। ਮੱਥਾ ਟੇਕਣ ਲਈ ਜਾਣ ਵਾਸਤੇ ਆਰਜ਼ੀ ਤੌਰ ’ਤੇ ਇਕ ਗੇਟ ਬਣਾਇਆ ਹੋਇਆ ਸੀ ਜੋ ਕੰਡਿਆਲੀ ਤਾਰ ਨਾਲ, ਪਾਕਿਸਤਾਨੀਆਂ ਅਤੇ ਭਾਰਤੀਆਂ ਲਈ, ਵਾਰੀ ਵਾਰੀ ਖੋਹਲਿਆ ਜਾਂਦਾ ਸੀ। ਸੋ ਮੱਥਾ ਟੇਕਣ ਵੇਲੇ ਦੋਵਾਂ ਦੇਸ਼ਾਂ ਦੇ ਲੋਕ ਰਲਦੇ ਨਹੀਂ ਸਨ। ਬਾਰਡਰ ਸਕਿਓਰਟੀ ਫੋਰਸ (ਬੀ ਐੱਸ ਐੱਫ) ਦੇ ਜਵਾਨ ਅਤੇ ਪਾਕਿਸਤਾਨ ਰੇਂਜਰਜ਼ ਬਿਲਕੁਲ ਨਾਲ-ਨਾਲ ਖੜ੍ਹੇ ਸਨ ਪਰ ਇਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਸਨ ਕਰਦੇ। ਆਲੇ ਦੁਆਲੇ ਨੋ ਮੈਨਜ਼ ਲੈਂਡ ਦੇ ਨਜ਼ਦੀਕ ਵੀ ਦੋਵੇਂ ਪਾਸੇ ਛੋਟੇ-ਵੱਡੇ ਅਫਸਰ, ਹਥਿਆਰਾਂ ਸਮੇਤ ਤਾਇਨਾਤ ਸਨ। ਕੋਈ ਜ਼ਿਆਦਾ ਭੀੜ ਨਹੀਂ ਸੀ। ਦੋਹਵਾਂ ਮੁਲਕਾਂ ਦੇ ਇੱਕਾ-ਦੁੱਕਾ ਲੋਕ ਆ ਰਹੇ ਸਨ।
ਇੱਧਰ-ਉੱਧਰ ਦੇਖ ਕੇ ਅਸੀਂ ਵੀ ਪੌੜੀਆਂ ਚੜ੍ਹ ਗਏ ਤੇ ਮੱਥਾ ਟੇਕਿਆ। ਦੁਆ ਕੀਤੀ ਕਿ ਉਹਨਾਂ ਨੂੰ ਚਿੱਠੀ ਮਿਲ ਗਈ ਹੋਵੇ, ਤੇ ਅੱਜ ਇੱਥੇ ਪਹੁੰਚਣ। ਕੋਈ ਖਾਸ ਮਲ੍ਹੇ-ਝਾੜੀਆਂ ਨਹੀਂ ਸਨ। ਮਿੱਟੀ-ਘੱਟਾ, ਗਰਦ ਤਾਂ ਹੈ ਸੀ ਫਿਰ ਵੀ ਉੱਚੀ ਜਗਾਹ ਤੋਂ ਕਾਫੀ ਦੂਰ ਤੱਕ ਦਿਖਾਈ ਦੇਂਦਾ ਸੀ। ਪਾਕਿਸਤਾਨ ਵਾਲੇ ਪਾਸੇ, ਦੂਰ ਕੁਝ ਮਲ੍ਹੇ ਸਨ। ਉੱਧਰੋਂ ਆਉਣ ਵਾਲੇ ਸਾਰੇ ਲੋਕ ਇਨ੍ਹਾਂ ਮਲ੍ਹਿਆਂ ਦੇ ਵਿੱਚੋਂ ਹੀ ਨਿਕਲ ਕੇ ਆ ਰਹੇ ਸਨ।ਸਾਡੀਆਂ ਨਜ਼ਰਾਂ ਉੱਧਰ ਹੀ ਟਿਕੀਆਂ ਹੋਈਆ ਸਨ। ਅਜੇ ਤੱਕ ‘ਆਪਣਾ’ ਕੋਈ ਨਹੀਂ ਸੀ ਅਇਆ।
ਹੇਠਾਂ ਉੱਤਰ ਕੇ, ਬੀ ਐੱਸ ਐੱਫ ਦੇ ਇਕ ਹੌਲਦਾਰ ਨੂੰ ਆਪਣੀ ਮੈਂ ਆਪਣੀ ਸ਼ਨਾਖਤ ਦੱਸੀ ਤੇ ਕਿਹਾ, “ਭਾਈ ਸਾਹਿਬ, ਡੇਢ ਮਹੀਨਾ ਪਹਿਲਾਂ, ਨਵੰਬਰ ਵਿਚ ਮੈਂ ਜਥੇ ਨਾਲ ਪਾਕਿਸਤਾਨ ਜਾ ਕੇ ਆਪਣੀ ਸਕੀ ਭੂਆ ਨੂੰ ਮਿਲ ਕੇ ਆਇਆ ਹਾਂ।” ਬਜ਼ੁਰਗਾਂ ਵੱਲ ਇਸ਼ਾਰਾ ਕਰਕੇ ਮੈਂ ਅੱਗੋਂ ਬੇਨਤੀ ਕੀਤੀ, “ਅੱਜ ਮਾਤਾ ਪਿਤਾ ਨੂੰ ਲੈ ਕੇ ਇੱਥੇ ਆਇਆ ਹਾਂ, ਜੇ ਉਹ (ਪਾਕਿਸਤਾਨ ਵਾਲੇ ਪਾਸਿਓਂ) ਆ ਗਏ ਤਾਂ ਵਰ੍ਹਿਆਂ ਤੋਂ ਵਿਛੜੇ ਭੈਣ-ਭਰਾ ਇਕ ਦੂਜੇ ਨੂੰ ਮਿਲਣਗੇ।”
ਮਾਤਾ ਤੇ ਪਿਤਾ ਜੀ ਨੇ ਵੀ ਤਰਲਾ ਪਾਇਆ, “ਕਾਕਾ …, ਜੇ ਉਹਨਾਂ ਨੂੰ ਚਿੱਠੀ ਮਿਲ ਗਈ ਹੋਊ ਤਾਂ ਉਹਨਾਂ ਨੇ ਜ਼ਰੂਰ ਆਉਣੈ, ਸਾਨੂੰ ਕੋਈ ਤਸੱਲੀ ਦੇ …, ਦੋ ਪਲ ਉਹਨਾਂ ਨਾਲ ਸਾਡੀ ਗੱਲ ਕਰਵਾ ਦਏਂਗਾ।”
ਭਾਵੇਂ ਉਸ ਨੇ ਨਾਂਹ ਵਿਚ ਜਵਾਬ ਦਿੱਤਾ ਫਿਰ ਵੀ ਮੈਨੂੰ ਇੰਜ ਲੱਗ ਰਿਹਾ ਸੀ ਕਿ ਇਨਸਾਨੀ ਰਿਸ਼ਤਿਆਂ ਦੀ ਕਦਰ ਕਰਦੇ ਹੋਏ, ਮਨੁੱਖਤਾ ਦੇ ਨਾਤੇ, ਵਿਛੋੜੇ ਦੀ ਪੀੜ ਨੂੰ ਸਮਝਦੇ ਹੋਏ, ਇਹ (ਭਾਰਤੀ) ਅਤੇ ਪਾਕਿਸਤਾਨੀ ਅਧਿਕਾਰੀ ਸ਼ਾਇਦ ਦੋ-ਚਾਰ ਪਲ, ਗੱਲਬਾਤ ਕਰ ਲੈਣ ਦੇਣਗੇ। ਉਂਜ ਉਹਦਾ ਚਿਹਰਾ ਪੜ੍ਹਨ ਤੋਂ ਲਗਦਾ ਸੀ ਕਿ ਉਹ ਬੇਵੱਸ ਹੈ। ਮਾਹੌਲ ਇੱਦਾਂ ਦਾ ਸੀ ਕਿ ਪਾਕਿਸਤਾਨੀ ਰੇਂਜਰ ਨਾਲ, ਅਸੀਂ ਗੱਲ ਨਹੀਂ ਸਾਂ ਕਰ ਸਕਦੇ। ਮੈਨੂੰ ਪਤਾ ਨਹੀਂ ਕਿ ਪਾਕਿਸਤਾਨੀ ਅਫਸਰ ਨਾਲ ਗੱਲ ਕਰਨਾ, ਬੀ ਐੱਸ ਐੱਫ ਦੇ ਕਿਸੇ ਅਫਸਰ ਦੇ ਅਧਿਕਾਰ ਖੇਤਰ ਵਿਚ ਹੈ ਸੀ ਜਾਂ ਨਹੀਂ।
ਪਾਕਿਸਤਾਨੀ ਪਾਸੇ ਵੱਲ ਦੂਰ ਮਲ੍ਹਿਆਂ ਦਰਮਿਆਨੋਂ ਨਿਕਲਦੇ ਲੋਕਾਂ ’ਤੇ ਨਜ਼ਰ ਟਿਕਾਈ, ਮਨ ਵਿਚ ਖਿਆਲ ਆ ਰਿਹਾ ਸੀ, “ਅਸੀਂ ਤਾਂ ਸਾਰੇ ਕੰਮ ਕਾਰ ਛੱਡ ਕੇ ਪੁੱਜ ਗਏ ਆਂ …, ਉਹਨਾਂ ਨੂੰ ਪਤਾ ਨਹੀਂ ਚਿੱਠੀ ਵਾਲਾ ਲਿਫਾਫਾ ਮਿਲਿਆ ਵੀ ਆ ਕਿ ਨਹੀਂ …?”
ਪਾਕਿਸਤਾਨੀ ਲੋਕ ਵੀ ਸਾਇਕਲਾਂ, ਸਕੂਟਰਾਂ ’ਤੇ ਜਾਂ ਪੈਦਲ ਆ ਰਹੇ ਸਨ। ਉਸ ਪਾਸੇ ਇਕ ਟਾਂਗਾ ਵੀ ਖੜ੍ਹਾ ਸੀ। ਮਿੱਟੀ /ਧੂੜ ਉਡ ਰਹੀ ਸੀ। ਵਕਤ ਟਪਾਉਣ ਲਈ, ਅਸੀਂ ਹੌਲੀ ਹੌਲੀ ਇੱਧਰ-ਉੱਧਰ ਫਿਰਦੇ ਫਿਰ ਰਹੇ। ਪਿਤਾ ਜੀ ਭੂਆ ਜੱਸੀ ਦੇ ਪਿੰਡ ਦੀ ਗੱਲ ਕਰਨ ਲੱਗੇ, “ਜਦ ਮੈਂ ’55 ਵਿਚ ਤੇਰੀ ਭੂਆ ਦੇ ਪਿੰਡ ਗਿਆ ਸਾਂ …, ਤਾਂ ਬੜੇ ਲੋਕੀਂ ਮੈਨੂੰ ਮਿਲਣ ਆਏ ਸੀ, ਆਂਹਦੇ ਸੀ …, ਹਿੰਦ ਤੋਂ ਸਿੱਖ ਆਇਐ।” ਤੇ ਅੱਗੋਂ ਦੱਸਣ ਲੱਗੇ, “ਮੀਹਦਾ ਨਾਂ ਦਾ ਇਕ ਬੰਦਾ ਸੀ, ਮੈਨੂੰ ਆਂਹਦਾ …, ਸਿੱਖਾ …, ਹਿੰਦ ਦਾ ਕੀ ਹਾਲ ਆ …? ਆਂਹਦੇ ਨੇ ਨੈਹਰੂ ਨੇ ਸਭ ਨੂੰ ਏਕ ਈ ਕਰ ਦਿੱਤੈ …, ਤੇ ਵਿੱਚੋਂ ਈ ਗੱਲ ਕਰਦਾ ਕਰਦਾ ਦੱਸਣ ਲੱਗਾ …, ਬਸ਼ੀਰੇ ਸ੍ਹਾਈ (ਇਸਾਈ) ਦੇ ਘਰ ’47 ਤੋਂ ਪਹਿਲਾਂ ਦਾ ਸਿੱਖਾਂ ਦਾ ਗ੍ਰੰਥ ਪਿਆ ਏ …।”
ਮੈਂ ਅੱਗੋਂ ਜਾਨਣ ਲਈ ਉਤਸੁਕਤਾ ਜ਼ਾਹਰ ਕੀਤੀ ਤੇ ਪੁੱਛਿਆ, “ਫੇਰ ਤੁਸੀਂ ਕੀ ਕੀਤਾ …?”
“ਮੈਂ ਉਸੇ ਵੇਲੇ ਬਸ਼ੀਰੇ ਦੇ ਘਰ ਗਿਆ, ਉਹਨੇ ਦੱਸਿਆ ਪਈ ’47 ਤੋਂ ਪਹਿਲਾਂ, ਇਹ ਕਿਸੇ ਕੁੰਨਣ ਸਿੰਘ ਦਾ ਘਰ ਸੀ। ਅੱਧੇ ਕੱਚੇ ਅਤੇ ਕੁਝ ਪੱਕੇ ਘਰ ਦੀ ਪੱਕੀ ਕੰਧ ਵਿਚ ਬਣੀ ਅਲਮਾਰੀ ਦੇ ਉਤਲੇ ਖਾਨੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਪਈ ਹੋਈ ਸੀ …, ਮੈਂ ਨਲਕੇ ਵਿੱਚੋਂ ਪਾਣੀ ਕੱਢ ਕੇ ਪੰਜ-ਸ਼ਨਾਨਾ ਕੀਤਾ ਤੇ ਅਰਦਾਸ ਕਰਕੇ ਸਤਿਕਾਰ ਨਾਲ ਬਾਬੇ ਦੀ ਬੀੜ ਨੂੰ ਰੁਮਾਲੇ ਵਿਚ ਲਪੇਟ ਕੇ ਲੈ ਆਂਦਾ …, ਤੇ ਆਪਣੇ ਪਿੰਡ ਵਾਲੇ ਗੁਰਦਵਾਰੇ ਵਿਚ ਲਿਆ ਕੇ ਪ੍ਰਕਾਸ਼ ਕਰ ਦਿੱਤਾ।”
ਗੱਲ ਬੜੀ ਰੌਚਿਕ ਸੀ … ਫਿਰ ਵੀ ਸਾਡਾ ਸਭ ਦਾ ਧਿਆਨ ਫਿਰ ਉਸੇ ਪਾਸੇ ਸੀ। ਪਹਿਲਾਂ ਨਾਲੋਂ ਕੁਝ ਵਧੇਰੇ ਲੋਕ ਆ ਰਹੇ ਸਨ, ਫਿਰ ਵੀ ਕੋਈ ਭੀੜ ਨਹੀਂ ਸੀ। ਕਲਰੇਠੀ ਜਮੀਨ ’ਤੇ ਉੱਗੇ ਹੋਏ ਥੋੜ੍ਹੇ ਥੋੜ੍ਹੇ ਤਿੜ੍ਹਾਂ ਵਾਲੇ ਜੰਗਲੀ ਘਾਹ ’ਤੇ ਪਰਨਾ ਵਿਛਾ ਕੇ, ਤੇ ਪਾਕਿਸਤਾਨ ਵਾਲੇ ਪਾਸੇ ਤੋਂ ਆਉਣ ਵਾਲਿਆਂ ਦੇ ਰਾਹ ’ਤੇ ਅੱਖਾਂ ਵਿਛਾ ਕੇ, ਅਸੀਂ ਬੈਠ ਗਏ।
ਵਕਤ ਲੰਘਦਾ ਜਾ ਰਿਹਾ ਸੀ। ਮੈਂ ਇਕੱਲਾ ਇਕ ਵਾਰ ਫੇਰ ਮੱਥਾ ਟੇਕ ਆਇਆ। ਦੋ ਵਜੇ ਦਾ ਟਾਇਮ ਹੋ ਚੁੱਕਾ ਸੀ। ਉਹਨਾਂ ਦੇ ਆਉਣ ਦੀ ਉਮੀਦ ਧੁੰਦਲੀ ਪੈ ਰਹੀ ਸੀ। ਪਾਕਿਸਤਾਨ ਵਾਲੇ ਪਾਸੇ ਨਜ਼ਰਾਂ ਗੱਡੀ, ਪਰ ਮਾਯੂਸੀ ਵਿਚ, ਮਾਤਾ ਪਿਤਾ ਆਖਣ ਲੱਗੇ, “ਚੱਲ ਕਾਕਾ …, ਫਿਰ … ਵਾਪਸ ਈ ਚੱਲੀਏ …, ਕੀ ਪਤਾ …, ਉਹਨਾਂ ਨੂੰ ਤੇਰੀ ਚਿੱਠੀ ਵੀ ਆ ਕਿ ਨਹੀਂ …।”
ਉਂਜ ਸਾਡੀਆਂ ਨਿਗਾਹਾਂ ਕਸੂਰ ਵੱਲੋਂ ਆਉਣ ਵਾਲੇ ਰਾਹ ’ਤੇ ਜੰਮੀਆਂ ਹੋਈਆਂ ਸਨ।
ਇੰਨੇ ਨੂੰ ਘੋੜੇ ’ਤੇ ਸਵਾਰ, ਪਾਕਿਸਤਾਨੀ ਸੁਰੱਖਿਆ ਦਸਤਿਆਂ ਦਾ ਇਕ ਅਧਿਕਾਰੀ, ਧੂੜਾਂ ਉਡਾਉਂਦਾ ਹੋਇਆ ਦਿਸਿਆ। ਇਹ ਕੋਈ ਸੀਨੀਅਰ ਅਫਸਰ ਲਗਦਾ ਸੀ ਕਿਉਂਕਿ ਇਹਦੇ ਆਉਣ ਨਾਲ ਕਾਫੀ ਹਲਚਲ ਵਧ ਗਈ ਸੀ। ਇਹਦੇ ਪਿੱਛ-ਪਿੱਛੇ ਕੁਝ ਸਵਾਰੀਆਂ ਵਾਲਾ ਇਕ ਟਾਂਗਾ, ਨਜ਼ਰੀਂ ਪਿਆ ਜੋ ਪਿਛਾਂਹ ਹੀ ਖੜ੍ਹਾ ਕਰ ਦਿੱਤਾ ਗਿਆ। ਟਾਂਗਾ ਭਾਵੇਂ ਕੁਝ ਦੂਰੀ ’ਤੇ ਸੀ ਫਿਰ ਵੀ, ਫਹੁੜੀਆਂ ਵਾਲੇ ਬਾਰੂ (ਭੂਆ ਦੇ ਪੁੱਤ) ਨੂੰ, ਜੋ ਸਭ ਤੋਂ ਪਹਿਲਾਂ ਉੱਤਰ ਰਿਹਾ ਸੀ, ਪਛਾਨਣ ਵਿਚ ਮੈਨੂੰ ਕੋਈ ਮੁਸ਼ਕਿਲ ਪੇਸ਼ ਨਾ ਆਈ।
“ਔਹ ਆ ਗਏ ਜੇ …” ਮੇਰੀ ਆਵਾਜ਼ ਕਾਫੀ ਉੱਚੀ ਨਿਕਲੀ, “ਔਹ ਵੇਖੋ …, ਟਾਂਗੇ ਵਿੱਚੋਂ ਫਹੁੜੀਆਂ ਵਾਲਾ ਭਰਾ ਬਾਰੂ ਉਤਰਨ ਡਿਹਾ …, ਭੂਆ ਤੇ ਵੱਡਾ ਭਰਾ ਤਾਰੂ ਅਜੇ ਵਿਚੇ ਈ ਬੈਠੇ ਨੇ …।”
ਦਿਲਾਂ ਦੀ ਧੜਕਨਾਂ ਪੂਰੇ ਜ਼ੋਰ ਨਾਲ ਚੱਲਣ ਲੱਗ ਪਈਆਂ।
“ਆਹੋ …,” ਵਿਸ਼ਵਾਸ਼ ਨਹੀਂ ਸੀ ਹੋ ਰਿਹਾ। ਪਰ ਸਾਨੂੰ ਅਤੇ ਆਪਣੇ ਮਨ ਨੂੰ ਯਕੀਨ ਦਵਾਉਂਦੀ ਹੋਈ ਬੜੀ ਉਤਸੁਕਤਾ ਵਿਚ ਮਾਤਾ ਬੋਲੀ, “ਬੀਬੀ ਜੱਸੀ ਈ ਤੇ ਆ, ਹਾ ਹਏ …।, ਕਿੰਨੀ ਬੁੱਢੜੀ ਹੋ ਗਈ ਆ …।”
ਪਿਤਾ ਜੀ ਦਾ ਤਾਂ ਗੱਚ ਭਰ ਆਇਆ, ਉਹਨਾਂ ਕੋਲੋਂ ਗੱਲ ਹੀ ਨਹੀਂ ਸੀ ਕੀਤੀ ਜਾ ਰਹੀ …, ਕੁਝ ਰੁਕ ਕੇ ਬੋਲੇ, “ਮਨਜੀਤ ਸਿੰਹਾਂ …, ਜਾਹ …, ਔਹ ਬੀ ਐੱਸ ਐੱਫ ਵਾਲੇ ਸਰਦਾਰ ਨਾਲ ਗੱਲ ਕਰ …, ਉਹਦੀ ਮਿੰਨਤ ਕਰ …।”
ਮੈਂ ਬੜਾ ਮਜਬੂਰ … ਸੋਚ ਰਿਹਾ ਸਾਂ ਕਿ ਕੁਝ ਹੱਦ ਤੱਕ ਤਾਂ ਮੈਨੂੰ ਕਾਮਯਾਬੀ ਮਿਲੀ ਹੈ, ਉਹ ਪਹੁੰਚ ਤਾਂ ਗਏ ਹਨ, ਹੁਣ ਦੋ ਪਲ ਗੱਲਬਾਤ ਹੋ ਜਾਏ ਤਾਂ ਦਿਲ ਦੀਆਂ ਸੱਧਰਾਂ ਪੂਰੀਆਂ ਹੋ ਜਾਣ।
ਅਸੀਂ ਮਜ਼ਾਰ ਦੇ ਨੇੜੇ ਖੜ੍ਹੇ ਹੋ ਗਏ। ਉਹਨਾਂ ਨੇ ਸਾਨੂੰ ਵੇਖ ਕੇ ਹੱਥ ਹਿਲਾਏ। ਮਨ ਨੂੰ ਕੁਝ ਤਸੱਲੀ ਹੋਈ, ਪਰ ਗਲੇ ਮਿਲਣ, ਦੁੱਖ-ਸੁਖ ਸਾਂਝੇ ਕਰਨ ਦੀ ਤ੍ਰਿਸ਼ਨਾ ਦੀ ਅੱਗ ਹੋਰ ਤੇਜ਼ ਹੋ ਗਈ ਸੀ।
“ਹੇ ਬਾਬਾ ਸ਼ੇਖ ਬ੍ਰਹਮ ਵਾਲਿਆ …,” ਮਾਤਾ ਮੰਨਤਾਂ ਮੰਨ ਰਹੀ ਸੀ, “ਇਹਨਾਂ ਸ਼ਪਾਹੀਆਂ ਨੂੰ ਨੇਕ ਮੱਤ ਦੇ …, ਬੀਬੀ ਨਾਲ ਸਾਡਾ ਮੇਲ ਕਰਵਾ ਦੇ।”
ਮੈਂ ਮਹਿਸੂਸ ਕੀਤਾ ਕਿ ਘੋੜੇ ਵਾਲੇ ਅਫਸਰ ਦੇ ਹੁਕਮ ਮੁਤਾਬਿਕ ਉਹਨਾਂ ਨੂੰ ਇਬਾਦਤ ਕਰਨ ਲਈ ਅਸਥਾਨ ’ਤੇ ਜਲਦੀ ਜਾਣ ਬਾਰੇ ਕਿਹਾ ਗਿਆ। ਸ਼ਾਇਦ ਇਹਨਾਂ ਸੁਰੱਖਿਆ ਦਸਤਿਆਂ ਨੂੰ ਕੁਝ ਸੂਹ ਮਿਲ ਗਈ ਹੋਵੇ। ਤਰਸਦੀਆਂ ਨਿਗਾਹਾਂ ਨਾਲ ਸਾਡੇ ਵੱਲ ਵੇਖਦੇ ਹੋਏ, ਬੜੀ ਤੇਜ਼ੀ ਨਾਲ ਬਿਲਕੁਲ ਕੋਲੋਂ ਦੀ ਲੰਘਦੇ ਹੋਏੇ ਉਹ ਪੌੜੀਆਂ ਚੜ੍ਹ ਗਏ। ਅੰਦਰੋ-ਅੰਦਰ ਉਹ ਵੀ ਤਾਂ ਸ਼ੇਖ ਬ੍ਰਹਮ ਨੂੰ ਅਰਜੋਈਆਂ ਕਰਦੇ ਹੋਣਗੇ ਕਿ ਸਾਡੇ ਭਰਾ-ਭਾਬੀ ਨਾਲ ਕੁਝ ਪਲ ਹੀ ਮਿਲਾਪ ਕਰਾ ਦੇ।
ਮਜ਼ਾਰ ’ਤੇ, ਉਹਨਾਂ ਨੂੰ ਜ਼ਿਆਦਾ ਚਿਰ ਨਾ ਖਲੋਣ ਦਿੱਤਾ ਗਿਆ। ਮੱਥਾ ਟੇਕ ਕੇ ਕੁਝ ਹੀ ਮਿੰਟਾਂ ਵਿਚ ਉਹ ਉੱਤਰ ਆਏ ਤੇ ਸਾਡੇ ਦਿਲਾਂ ਦੀ ਧੜਕਨ ਅਤੇ ਗਲੇਡੂਆਂ ਦੇ ਵਹਾ ਨੂੰ ਹੋਰ ਵਧਾਉਂਦੇ ਹੋਏ ਬਿਲਕੁਲ 4 ਫੁੱਟ ਦੇ ਫਾਸਲੇ ਤੋਂ ਗੁਜ਼ਰ ਕੇ ਪਿੱਛੇ ਵੱਲ ਚਲੇ ਗਏ। ਸਾਡਾ ਧਿਆਨ ਉਹਨਾਂ ਵਿਚ ਤੇ ਉਹਨਾਂ ਦਾ ਸਾਡੇ ਵਿਚ ਸੀ।
ਮਜ਼ਾਰ ਤੋਂ ਖੱਬੇ ਸੱਜੇ, ਕੁਝ ਦੂਰੀ ਤੱਕ, ਦੋਹਾਂ ਮੁਲਕਾਂ ਦੀ, ਸਿੰਗਲ-ਸਿੰਗਲ ਕੰਡਿਆਲੀ ਤਾਰ ਲਗਾ ਕੇ, ਦਰਮਿਆਨ ਵਿਚ ਨੋ ਮੈਨਜ਼ ਲੈਂਡ ਬਣਾਈ ਹੋਈ ਸੀ ਜੋ ਅੰਦਾਜਨ 4-5 ਫੁੱਟ ਹੋਵੇਗੀ। ਵਲਵਲਿਆਂ ਨਾਲ ਨੱਕੋ-ਨੱਕ ਭਰੇ ਮਨਾਂ ਨੂੰ ਚੁੱਕੀ ਫਿਰਦੇ ਅਸੀਂ ਇੱਧਰ-ਉੱਧਰ ਭਟਕ ਰਹੇ ਸਾਂ ਕਿ ਕੋਈ ਜ਼ਰੀਆ ਨਿਕਲੇ, ਦੋ ਮਿੰਟ ਇਕੱਠੇ ਬੈਠ ਜਾਂ ਖੜ੍ਹੇ ਹੋ ਕੇ ਹਾਲ-ਚਾਲ ਪੁੱਛ-ਦੱਸ ਸਕੀਏ। ਪਰ ਦੋਵਾਂ ਦੇਸ਼ਾਂ ਦੇ ਸੁਰੱਖਿਆ ਦਸਤੇ ਬੜੇ ਸਤਰਕ ਸਨ ਕਿ ਪਾਕਿਸਤਾਨੀ ਤੇ ਭਾਰਤੀ ਆਪਸ ਵਿਚ ਰਲ ਨਾ ਜਾਣ।
ਮਜ਼ਾਰ ਤੋਂ ਖੱਬੇ ਪਾਸੇ ਕੁਝ ਹਟਵੇਂ ਹੋ ਕੇ ਅਸੀਂ ਤਿੰਨੇ ਜਣੇ ਕੰਡਿਆਲੀ ਤਾਰ ਦੇ ਨਾਲ ਨਾਲ ਤੁਰਨ ਲੱਗੇ, ਉਂਜ ਇੱਥੇ ਕੋਈ ਓਹਲਾ ਨਹੀਂ ਸੀ, ਸਭ ਦੇ ਸਾਹਮਣੇ ਹੀ ਸੀ। ਸਾਨੂੰ ਕਿਸੇ ਨੇ ਰੋਕਿਆ ਵੀ ਨਾ। ਉਸੇ ਸਮੇਂ ਭੂਆ ਜੱਸੀ ਆਪਣੇ ਦੋਵਾਂ ਪੁੱਤਾਂ ਨਾਲ ਪਾਕਿਸਤਾਨ ਵਾਲੇ ਪਾਸੇ ਆ ਗਈ। ਇਕ ਵਾਰ ਫਿਰ ਦੂਰੀ ਸਿਰਫ 4 ਫੁੱਟ ਦੀ ਰਹਿ ਗਈ। ਮੋਟੇ-ਮੋਟੇ ਗਲੇਡੂ ਸੁੱਟਦੀ, ਭੋਲ਼ੀ ਤੇ ਅਨਪੜ੍ਹ ਮਾਤਾ, ਕੱਪੜਿਆਂ ਅਤੇ ਫਲਾਂ ਵਾਲਾ ਲਿਫਾਫਾ, ਨੋ ਮੈਨਜ਼ ਲੈਂਡ ਉੱਤੋਂ ਦੀ ਵਧਾਉਂਦਿਆਂ ਹੋਇਆਂ ਬੋਲੀ, “ਸੁਣਾ ਬੀਬੀ ਜੱਸੀ … ਰਾਜੀ ਬਾਜੀ ਏਂ?”
ਮਾਤਾ ਨੂੰ ਸਿਰਫ ਨਨਾਣ-ਭਾਬੀ, ਭਰਾ-ਭੈਣ ਅਤੇ ਭੂਆ-ਭਤੀਜੇ ਦਾ ਰਿਸ਼ਤਾ ਹੀ ਦਿਸ ਰਿਹਾ ਸੀ …, ਸਿਰਫ 4 ਫੁੱਟ ਦਾ ਹੀ ਫਾਸਲਾ ਦਿਸ ਰਿਹਾ ਸੀ। ਉਸ ਨੂੰ ਕੀ ਪਤਾ ਸੀ ਕਿ ਇਹ ਅੰਤਰ-ਰਾਸ਼ਟਰੀ ਮਸਲੇ ਨੇ, ਉਹ ਪਾਕਿਸਤਾਨ ਵਿਚ ਹਨ ਤੇ ਅਸੀਂ ਭਾਰਤ ਵਿਚ …, ਤੇ ਸਾਡੇ ਦਰਮਿਆਨ ਸਰਹੱਦ ਹੈ …, ਦੋਹਵਾਂ ਮੁਲਕਾਂ ਦੀ ਅੰਤਰ-ਰਾਸ਼ਟਰੀ ਸਰਹੱਦ।
ਪਾਕਿਸਤਾਨੀ ਰੇਂਜਰਜ਼ ਵੇਖਦਿਆਂ ਹੀ ਫੌਰਨ ਐਕਸ਼ਨ ਵਿਚ ਆ ਗਏ, ਤੇ ਤਿੰਨਾਂ ਨੂੰ ਬਾਹੋਂ ਫੜ ਕੇ ਪਿੱਛੇ ਨੂੰ ਲੈ ਗਏ। ਸਾਨੂੰ ਵੀ ਬੀ ਐੱਸ ਐੱਫ ਵਾਲਿਆਂ ਨੇ ਕਈ ਕੁਝ ਕਿਹਾ ਤੇ ਕਾਫੀ ਪਿੱਛੇ ਹਟਾ ਦਿੱਤਾ ਗਿਆ।
ਭੂਆ, ਮਾਤਾ ਅਤੇ ਮੇਰੀਆਂ ਉੱਚੀ ਉੱਚੀ ਨਿਕਲਦੀਆਂ ਭੁੱਬਾਂ ਸਭ ਨੇ ਸੁਣੀਆਂ। ਪਿਤਾ ਜੀ ਦੀ ਤਾਂ ਆਵਾਜ਼ ਹੀ ਨਹੀਂ ਸੀ ਨਿਕਲ ਰਹੀ। ਠੱਗੇ ਜਿਹੇ ਮਹਿਸੂਸ ਕਰਦੇ ਹੋਏ ਅਸੀਂ ਮਾਯੂਸ ਨਿਗਾਹਾਂ ਨਾਲ ਵੇਖਦੇ ਰਹੇ।.ਟਾਂਗੇ ’ਤੇ ਚੜ੍ਹਾਉਣ ਤੱਕ ਰੇਂਜਰਾਂ ਨੇ ਉਹਨਾਂ ਨੂੰ ਨਹੀਂ ਛੱਡਿਆ, ਤੇ ਸਾਡੇ ਵੇਖਦਿਆਂ ਵੇਖਦਿਆਂ ਉਹਨਾਂ ਦਾ ਟਾਂਗਾ, ਮਲ੍ਹਿਆਂ ਦਰਮਿਆਨ ਅਲੋਪ ਹੋ ਗਿਆ। ਅੱਖਾਂ ਅੱਗੇ ਉਹਨਾਂ ਦੇ ਚਿਹਰੇ ਘੁੰਮਣ ਲੱਗੇ। ਹੱਥ-ਪੱਲੇ ਕੁਝ ਨਾ ਪਿਆ।
ਮਾਤਾ ਤਾਂ ਹੁਣ ਰੱਬ ਨੂੰ ਪਿਆਰੀ ਹੋ ਚੁੱਕੀ ਹੈ, ਪਰ ਪਿਤਾ ਜੀ ਨੂੰ ‘ਨੋ ਮੈਨਜ਼ ਲੈਂਡ’ ਦੇ ਓਧਰਲੇ ਪਾਸੇ ਖੜ੍ਹੀ ਆਪਣੀ ਸਕੀ ਭੈਣ, ਜੋ ਪਤਾ ਨਹੀਂ ਅੱਜ ਇਸ ਸੰਸਾਰ ਵਿਚ ਹੈ ਵੀ ਕਿ ਨਹੀਂ, ਦਾ ਚਿਹਰਾ ਅਜੇ ਵੀ ਉਸੇ ਤਰ੍ਹਾਂ ਯਾਦ ਹੈ।
*****
(413)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)