“ਜਦ ਤੁਹਾਨੂੰ ਕੋਈ ਤਕਲੀਫ਼ ਹੋਣੀ ਹੈ ਤਾਂ ਤੁਸਾਂ ਡਾਕਟਰਾਂ ਕੋਲ ਹੀ ਜਾਣਾ ਹੈ, ਮੰਦਰ, ਮਸਜਿਦ ...”
(24 ਅਪਰੈਲ 2020)
ਵੱਡੀਆਂ ਵੱਡੀਆਂ ਗੱਪਾਂ ਮਾਰਨ ਵਾਲੇ ਝੂਠੇ ਨਕਲੀ ਬਾਬੇ, ਪੀਰ, ਪਾਦਰੀ, ਪਾਂਡੇ ਤੇ ਭਾਈ, ਸੰਸਾਰ ਵਿਆਪੀ ਮਹਾਂਮਾਰੀ ‘ਕੋਵਿਡ-19’ ਦੌਰਾਨ, ਸਭ ਖੁੱਡਾਂ ਵਿੱਚ ਵੜ ਗਏ ਹਨ। ਵਿਗਿਆਨਕ ਸੋਚ ਵਾਲਿਆਂ ਨੂੰ ਤਾਂ ਪਤਾ ਹੀ ਹੈ ਕਿ ਕਿਸੇ ਵੀ ਮੰਤਰ, ਗਾਂ-ਮੂਤ, ਗੋਬਰ, ਇਸ਼ਨਾਨ, ਝਾੜੇ ਦਾ ਕੋਈ ਅਸਰ ਨਹੀਂ, ਹੁਣ ਆਮ ਜਨਤਾ ਨੂੰ ਵੀ ਜਾਗਰੂਕ ਹੋ ਜਾਣਾ ਚਾਹੀਦਾ ਹੈ ਕਿ ਰਾਜਨੇਤਾ, ਬਾਬੂ ਤੇ ਨੇਤਾਵਾਂ ਦੇ ਘੜੰਮ ਚੌਧਰੀ ਏ.ਸੀ. ਕਮਰਿਆਂ ਵਿੱਚ ਬੈਠ ਕੇ ਬਿਆਨ ਹੀ ਛੱਡਣ ਜੋਗੇ ਹਨ। ਜਨਤਕ ਚੇਤੰਨਤਾ ਦੀ ਘਾਟ, ਧਾਰਮਿਕ ਕੱਟੜਪੰਥੀ ਤੇ ਵਿਸ਼ੇਸ਼ ਰਾਜਨੀਤਕ ਪਾਰਟੀ ਦੇ ਆਦੇਸ਼ਾਂ ਮੁਤਾਬਿਕ ਲੋਕ ਗ਼ੈਰ-ਵਿਗਿਆਨਕ ਤਾਲੀਆਂ-ਥਾਲੀਆਂ ਵਜਾਉਣ ਅਤੇ ਮੌਤਾਂ ਦੇ ਸੋਗਮਈ ਮਾਹੌਲ ਵਿੱਚ ਦੀਵਾਲੀਆਂ ਜਗਾਉਣ ਵਿੱਚ ਲੱਗੇ ਹੋਏ ਹਨ। ਸੰਕਟ ਦੀ ਇਸ ਘੜੀ ਵਿੱਚ ਆਪਣੀ ਸਿਹਤ ਦੀ ਪਰਵਾਹ ਕਰੇ ਬਗ਼ੈਰ ਡਾਕਟਰ, ਨਰਸਾਂ, ਪੈਰਾ ਮੈਡੀਕਲਜ਼, ਪੁਲਿਸ ਦੇ ਜਵਾਨ ਅਤੇ ਮੀਡੀਆ ਕਰਮੀ, ਕੋਵਿਡ-19 ਰੂਪੀ ਜੰਗ ਵਿੱਚ ਅਗਲੇ ਮੋਰੋਚਆਂ ’ਤੇ ਲੜਨ ਵਾਲੇ ਯੋਧੇ ਹਨ।
ਇੰਦੌਰ, ਰਾਂਚੀ, ਮੁਰਾਦਾਬਾਦ, ਬਰੇਲੀ, ਔਰੰਗਾਬਾਦ ਤੇ ਕਈ ਥਾਂਈਂ ਦੱਖਣੀ ਭਾਰਤ ਵਿੱਚੋਂ ਵੀ ਮੋਹਰਲੇ ਮੋਰਚਿਆਂ ’ਤੇ ਲੜ ਰਹੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਉੱਤੇ ਹਮਲਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ। ਜਦੋਂ ਮੈਂ ਡਾਕਟਰ ਬਣ ਰਿਹਾ ਸਾਂ ਤਾਂ ਮੈਂਨੂੰ ਇਹ ਤਾਂ ਪਤਾ ਸੀ ਕਿ ਡਾਕਟਰ ਦੀ ਡਿਊਟੀ, ਮਨੁੱਖਤਾ ਨੂੰ ਰੋਗਾਂ ਤੋਂ ਨਿਜਾਤ ਦਿਵਾਉਣ ਲਈ ਵਾਲੀ ਹੋਵੇਗੀ, ਸਾਨੂੰ ਹਰ ਤਰ੍ਹਾਂ ਦੇ ਗੰਦੇ (ਪਾਕ, ਲਹੂ, ਮੁਵਾਦ, ਮੈਲੇ ਵਾਲੀ) ਥਾਂ ਦਾ ਮੁਆਇਨਾ ਕਰਨਾ ਪੈਣਾ ਹੈ ਤੇ ਹਰ ਤਰ੍ਹਾਂ ਦੀ ਇਨਫੈਕਸ਼ਨ (ਟੀ.ਬੀ., ਐੱਚ.ਆਈ.ਵੀ., ਕਚ-ਲਹੂ ਵਾਲੇ ਬਦਬੂ ਭਰੇ ਜ਼ਖ਼ਮਾਂ) ਵਾਲੇ ਰੋਗੀਆਂ ਨਾਲ ਵਾਹ ਪੈਣਾ ਹੈ। ਫਿਰ ਵੀ ਅਸੀਂ ਕਦੀ ਇਹਨਾਂ ਤੋਂ ਨੱਕ-ਮੂੰਹ ਨਹੀਂ ਵੱਟਦੇ, ਘਬਰਾਉਂਦੇ ਨਹੀਂ। ਐਸੇ ਯੁੱਧ ਵਿੱਚ ਕੁੱਦਣ ਲਈ ਮਾਨਸਿਕ ਤੌਰ ’ਤੇ ਤਿਆਰ ਰਹਿੰਦੇ ਹਾਂ। ਸਾਨੂੰ ਪਤਾ ਹੈ ਕਿ ਤੋਪਾਂ, ਬੰਬਾਂ, ਗੋਲੀਆਂ ਵਾਲੀ ਜੰਗ ਵਾਂਗ ਡਾਕਟਰੀ ਪੇਸ਼ਾ ਵੀ ਭਿੰਨ ਭਿੰਨ ਤਰ੍ਹਾਂ ਦੀਆਂ ਇਨਫੈਕਸ਼ਨਾਂ ਨਾਲ ਲੜਨ ਵਾਲਾ ਇੱਕ ਜੋਖ਼ਮ ਭਰਿਆ ਧੰਦਾ ਹੈ। ਪਰ ਜਿਨ੍ਹਾਂ (ਰੋਗੀਆਂ) ਵਾਸਤੇ ਇੰਨੇ ਜੋਖ਼ਮ ਝੱਲਦੇ ਹਾਂ, ਉਹਨਾਂ ਕੋਲੋਂ ਬੇਇੱਜ਼ਤੀ ਕਰਵਾਉਣ, ਮਾਰ ਖਾਣ, ਹੱਡੀਆਂ ਤੁੜਵਾਉਣ ਅਤੇ ਕਤਲ ਹੋ ਜਾਣ ਵਾਸਤੇ ਅਸੀਂ ਮਾਨਸਿਕ ਤੌਰ ’ਤੇ ਬਿਲਕੁਲ ਵੀ ਤਿਆਰ ਨਹੀਂ ਹੁੰਦੇ। ਡਿਊਟੀ ਦੇ ਜੋਖ਼ਮ (ਆਕੂਪੇਸ਼ਨਲ ਹੈਜ਼ਰਡ) ਵਿੱਚ ਇਸ ਤਰ੍ਹਾਂ ਦੀ ਫੌਜਦਾਰੀ ਨਹੀਂ ਆਉਂਦੀ। ਅਸੀਂ ਇਨਸਾਨ ਹਾਂ, ਆਪਣੇ ਪਰਿਵਾਰ ਅਤੇ ਸਮਾਜ ਪ੍ਰਤੀ ਸਾਡੀਆਂ ਵੀ ਭਾਵਨਾਵਾਂ ਹਨ। ਸਾਨੂੰ ਇਨਸਾਨ ਹੀ ਰਹਿਣ ਦਿੱਤਾ ਜਾਣਾ ਚਾਹੀਦਾ ਹੈ, ਭਗਵਾਨ ਨਹੀਂ ਤੇ ਸ਼ੈਤਾਨ ਵੀ ਨਹੀਂ।
ਕੋਰੋਨਾ ਨਾਲ ਯੁੱਧ ਸਮੇਂ ਇੱਕ ਅਜੀਬ ਸਥਿਤੀ ਸਾਹਮਣੇ ਆ ਰਹੀ ਹੈ ਕਿ ਆਪਣੇ ਮਾਤਾ-ਪਿਤਾ, ਬੱਚਿਆਂ ਦੀ ਪ੍ਰਵਾਹ ਕੀਤੇ ਬਿਨਾਂ, ਉਨੀਂਦਰੇ ਕੱਟ ਕੇ, ਦਿਨ ਰਾਤ 12-12 ਤੋਂ ਵੀ ਵੱਧ ਘੰਟੇ ਕੰਮ ਕਰਨ ਵਾਲੇ ਡਾਕਟਰ, ਨਰਸਾਂ ਥੱਕੇ-ਟੱਟੇ ਜਦ ਆਪਣੇ ਘਰੀਂ ਜਾਂਦੇ ਹਨ ਤਾਂ ਮੁਹੱਲੇ ਵਾਲੇ ਜਾਂ ਮਾਲਕ ਮਕਾਨ ਉਹਨਾਂ ਨਾਲ ਬੁਰਾ ਵਿਹਾਰ ਕਰ ਰਹੇ ਹਨ ਕਿ ਤੁਸੀਂ ਕੋਰੋਨਾ ਇਨਫੈਕਸ਼ਨ ਲੈ ਕੇ ਆਏ ਹੋਵੋਗੇ। ਉਹ ਇਹ ਨਹੀਂ ਸਮਝ ਰਹੇ ਕਿ ਜਦ ਤੁਹਾਨੂੰ ਕੋਈ ਤਕਲੀਫ਼ ਹੋਣੀ ਹੈ ਤਾਂ ਤੁਸਾਂ ਡਾਕਟਰਾਂ ਕੋਲ ਹੀ ਜਾਣਾ ਹੈ, ਮੰਦਰ, ਮਸਜਿਦ, ਚਰਚ, ਗੁਰਦਵਾਰੇ ਜਾਂ ਕਿਸੇ ਨਕਲੀ ਬਾਬੇ ਨੇ ਕੁਝ ਨਹੀਂ ਕਰ ਸਕਣਾ। ਕੋਰੋਨਾ ਯੁੱਧ ਵਿੱਚ ਸ਼ਹੀਦ ਹੋ ਗਏ ਚੇਨਈ ਦੇ 55 ਸਾਲਾ ਡਾਕਟਰ ਏ. ਸਿਮਨ ਹਰਕੁਲਿਸ ਦੀ ਕਹਾਣੀ ਤਾਂ ਬਹੁਤ ਹੀ ਦੁਖਦਾਈ ਹੈ ਜਿਸਦੀ ਮ੍ਰਿਤਕ ਦੇਹ ਨੂੰ ਅੰਤਮ ਸੰਸਕਾਰ (ਦਫਨਾਉਣ) ਵੇਲੇ, ਪ੍ਰਸ਼ਾਸਨ ਦੀ ਕਮਜ਼ੋਰ ਕਾਰਗ਼ੁਜ਼ਾਰੀ ਅਤੇ ਖਲਕਤ ਦੀ ਗੁੰਡਾਗ਼ਰਦੀ ਕਰਕੇ, ਬੜਾ ਬੇਅਦਬੀ ਤੇ ਬੇਹੁਰਮਤੀ ਵਾਲਾ ਕਾਰਾ ਹੋਇਆ। ‘ਕੋਰੋਨਾ ਦੇ ਇਸ ਯੋਧੇ’ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਐਤਵਾਰ (19 ਅਪ੍ਰੈਲ) ਨੂੰ ਸਵੇਰੇ ਨੌਂ ਵਜੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ। ਦੇਹ ਨੂੰ ਕਿਲਪਾਕ ਏਰੀਏ ਵਿੱਚ ਟੀਬੀ ਚਤਰਾਮ ਕਬਰਸਤਾਨ ਵਿੱਚ ਦਫਨਾਉਣ ਦਾ ਪ੍ਰੋਗਰਾਮ ਸੀ। ਐਂਬੂਲੈਂਸ ਵਿੱਚ ਜਨਾਜ਼ੇ ਵਾਸਤੇ ਇਸ ‘ਯੋਧੇ’ ਦੀ ਪਤਨੀ, ਬੇਟਾ, ਕੁਝ ਡਾਕਟਰ ਸਾਥੀ, ਸਟਾਫ ਵਾਲੇ ਤੇ ਐਂਬੂਲੈਂਸ ਦੇ ਦੋ ਡਰਾਇਵਰ ਸਨ। ਪਰ ਉਹਨਾਂ ਨੂੰ ਪਤਾ ਲੱਗਾ ਕਿ ਕਬਰਸਤਾਨ ਨੇੜਲੇ ਕੁਝ ਸ਼ਰਾਰਤੀਆਂ ਨੇ ਮੁਹੱਲੇ ਵਾਲਿਆਂ ਨੂੰ ਕਹਿ ਦਿੱਤਾ ਹੈ ਕਿ ਕੋਰੋਨਾ ਫੈਲ ਸਕਦਾ ਹੈ, ਇਸ ਕਰਕੇ ਐਸੀ ਕੋਈ ਵੀ ਦੇਹ, ਇੱਥੇ ਨਹੀਂ ਦਫਨਾਉਣ ਦੇਣੀ। ਸੌ ਦੇ ਆਸ ਪਾਸ ਲੋਕ, ਇਕੱਠੇ ਹੋਏ ਵੇਖ-ਸੁਣ ਕੇ ਉਹਨਾਂ ਨੇ ਐਂਬੂਲੈਂਸ ਨੂੰ ਦੂਸਰੇ ਕਬਰਸਤਾਨ (ਵੈਲੰਗਰੂ) ਵੱਲ ਮੋੜ ਲਿਆ. ਜਿੱਥੇ ਜੇਸੀਬੀ ਮਸ਼ੀਨ ਨਾਲ, ਛੇ ਫੁੱਟ ਡੂੰਘੀ ਇੱਕ ਕਬਰ ਪੁੱਟੀ ਹੋਈ ਸੀ (ਬਾਰਾਂ ਫੁੱਟ ’ਤੇ ਦਫਨਾਉਣਾ ਹੁੰਦਾ ਹੈ)। ਪਰ ਜਿਵੇਂ ਹੀ ਐਂਬੂਲੈਂਸ ਰੁਕੀ ਤੇ ਮ੍ਰਿਤਕ ਦੇਹ ਨੂੰ ਬਾਹਰ ਕੱਢਿਆ ਗਿਆ ਤਾਂ ਇਕਦਮ 50-60 ਲੋਕਾਂ ਦੀ ਭੀੜ ਨੇ ਆਣ ਕੇ ਡਾਂਗਾਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਟੀਮ ਦੇ ਮਾਈਕਰੋ-ਬਾਇਓਲੋਜਿਸਟ ਡਾ. ਭਾਗਿਆ ਰਾਜ ਨੇ ਇੱਕ ਵੀਡਿਓ ਵਿੱਚ ਦੱਸਿਆ ਹੈ, “ਕਿੰਨੀ ਮਾੜੀ ਗੱਲ ਹੈ ਕਿ ਸਾਨੂੰ ਆਪਣੇ ਆਪ ਨੂੰ ਬਚਾਉਣ ਲਈ, ਐਨੇ ਵੱਡੇ ਤੇ ਜ਼ਹੀਨ ਡਾਕਟਰ ਦੀ ਮ੍ਰਿਤਕ ਦੇਹ ਨੂੰ ਛੱਡ ਕੇ ਭੱਜਣਾ ਪਿਆ।”
ਲੋਕਾਂ ਨੇ ਐਂਬੂਲੈਂਸ ਭੰਨ ਦਿੱਤੀ। ਦੋਵਾਂ ਡਰਾਈਵਰਾਂ ਨੂੰ ਇੰਨਾ ਕੁੱਟਿਆ ਕਿ ਉਹ ਗੱਡੀ ਚਲਾਉਣ ਜੋਗੇ ਹੀ ਨਾ ਰਹੇ। ਮ੍ਰਿਤਕ ਡਾ. ਦੀ ਪਤਨੀ ਤੇ ਬੇਟੇ ਨੂੰ ਵੀ ਕਾਫੀ ਸੱਟਾਂ ਲੱਗੀਆਂ। ਲੋਕਾਂ ਦੇ ਜਾਣ ਤੋਂ ਬਾਅਦ ਵਾਰਡ ਬੁਆਏਜ਼ ਦੀ ਮਦਦ ਨਾਲ ਸਾਥੀ ਡਾ. ਪ੍ਰਦੀਪ ਨੇ ਮ੍ਰਿਤਕ ਦੇਹ ਨੂੰ ਦੁਬਾਰਾ ਐਂਬੂਲੈਂਸ ਵਿੱਚ ਰੱਖਿਆ ਤੇ ਖੁਦ ਗੱਡੀ ਚਲਾ ਕੇ ਉੱਥੋਂ ਨਿਕਲੇ। ਲਹੂ ਲੁਹਾਣ ਹੋਏ ਡਰਾਇਵਰਾਂ ਨੂੰ ਇਲਾਜ ਲਈ ਪਹਿਲਾਂ ਕਿਲਪਾਕ ਮੈਡੀਕਲ ਕਾਲਜ ਹਸਪਤਾਲ ਵਿੱਚ ਛੱਡਿਆ ਤੇ ਫੇਰ ਕੁਝ ਦੇਰ ਬਾਅਦ ਕਾਰਪੋਰੇਸ਼ਨ ਦਵਾਰਾ ਭੇਜੇ ਹੋਏ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਉਸੇ ਕਬਰਸਤਾਨ ਵਿੱਚ ਪੁੱਜੇ। ਉੱਥੇ ਪਈ ਹੋਈ ਇੱਕ ਕਹੀ ਨਾਲ ਡਾ. ਪ੍ਰਦੀਪ ਨੇ ਖ਼ੁਦ ਕਬਰ ਡੂੰਘੀ ਕੀਤੀ। ਬਾਰਾਂ ਦੀ ਬਜਾਏ ਅੱਠ ਫੁੱਟ ਡੂੰਘੀ ਕਬਰ ਵਿੱਚ ਹੀ ਮ੍ਰਿਤਕ ਦੇਹ ਰੱਖ ਕੇ ਰਾਤ ਨੂੰ ਤਕਰੀਬਨ ਗਿਆਰਾਂ ਵਜੇ ਖੁਦ ਹੀ ਦਫਨਾਇਆ। ਤੁਸੀਂ ਖ਼ੁਦ ਹੀ ਅੰਦਾਜ਼ਾ ਲੱਗਾ ਸਕਦੇ ਹੋ ਕਿ ਪ੍ਰਸ਼ਾਸਨ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਸਨ।
ਦੂਸਰੇ ਪਾਸੇ ਜਦ ਡਾਕਟਰ ਆਪਣੀ ਸੁਰੱਖਿਆ ਦੀ ਮੰਗ ਕਰਦੇ ਹਨ ਤਾਂ ਬੰਬੇ ਹਾਈ ਕੋਰਟ ਦੇ “ਮਾਨਯੋਗ ਜੱਜ” ਮੰਜੁਲਾ ਚੈਲੂਰ ਤੇ ਗਿਰੀਸ਼ ਕੁਲ-ਕਰਨੀ ਆਪਣੀ ਟਿੱਪਣੀ (ਮਾਰਚ 2017) ਵਿੱਚ ਕਹਿੰਦੇ ਹਨ ਕਿ ਜੇ ਡਾਕਟਰਾਂ ਨੂੰ ਐਸੇ ਹਾਲਾਤ ਤੋਂ ਇੰਨਾ ਹੀ ਡਰ ਲਗਦਾ ਹੈ ਤਾਂ ਉਹ ਡਾਕਟਰ ਬਣਨ ਲਈ ਫਿੱਟ ਹੀ ਨਹੀਂ, ਉਹ ਅਸਤੀਫੇ ਦੇ ਕੇ ਘਰ ਬਹਿ ਜਾਣ। ਉਂਜ ਕੋਰੋਨਾ ਤੋਂ ਡਰਦੇ ਹੋਏ ਰਾਜਕੋਟ (ਗੁਜਰਾਤ) ਦੇ ਮੁੱਖ ਜੱਜ ਨੇ 27 ਮਾਰਚ 2020 ਨੂੰ ਹੁਕਮ ਜਾਰੀ ਕੀਤਾ ਹੈ ਕਿ ਅਦਾਲਤ ਵਿੱਚ ਦੋਸ਼ੀਆਂ ਨੂੰ ਪੇਸ਼ ਕਰਨ ਤੋਂ ਪਹਿਲਾਂ ਇਹ ਧਿਆਨ ਰੱਖਿਆ ਜਾਵੇ ਕਿ ਉਹਨਾਂ ਦਾ ਕੋਰੋਨਾ ਟੈਸਟ ਨੈਗੇਟਿਵ ਹੋਵੇ। ਯਾਨੀ ਕਿ ਜੱਜਾਂ ਨੂੰ ਕੋਰੋਨਾ ਤੋਂ ਬਹੁਤ ਡਰ ਲਗਦਾ ਹੈ। ਇਸ ਤੋਂ ਮਤਲਬ ਇਹ ਹੋਇਆ ਕਿ ਜੱਜ ਤਾਂ ਇਨਸਾਨ ਹਨ ਪਰ ਡਾਕਟਰ ਇਨਸਾਨ ਨਹੀਂ। ਪੜ੍ਹੇ ਲਿਖਿਆਂ ਵਿੱਚੋਂ ਵਧੇਰੇ ਲੋਕ ਡਾਕਟਰ ਬਣਨਾ ਚਾਹੁੰਦੇ ਸਨ ਪਰ ਜਦ ਮੈਰਿਟ ਨਹੀਂ ਆਉਂਦੀ ਤਾਂ ਨਾਨ-ਮੈਡੀਕਲ, ਬੀ.ਏ, ਐੱਲ.ਐੱਲ.ਬੀ. ਵਗ਼ੈਰਾ ਕਰ ਲੈਂਦੇ ਹਨ ਤੇ ਫਿਰ ਜੱਜ ਬਣ ਜਾਂਦੇ ਹਨ।
ਤੇ ਹੋਰ ਵੇਖੋ, ਇਹਨੀਂ ਦਿਨੀਂ ਕੋਰੋਨਾ ਯੋਧਿਆਂ (ਡਾਕਟਰਾਂ) ਨਾਲ ਕੀ ਹੋ ਰਿਹਾ ਹੈ। ਦੱਖਣੀ ਦਿੱਲੀ ਦੇ ਹਿੰਦੂ ਰਾਓ ਮਿਊਨਿਸਿਪਲ ਹਸਪਤਾਲ ਵਿੱਚ ਡੀ.ਐੱਨ.ਬੀ. ਸਕਾਲਰ, ਡਾ. ਪਿਯੂਸ਼ ਪੁਸ਼ਕਰ ਸਿੰਘ ਨੇ ਜਦ ਕੋਰੋਨਾ ਮਰੀਜ਼ਾਂ ਨਾਲ ਜੂਝਦੇ ਰੈਜ਼ੀਡੈਂਟ ਡਾਕਟਰਾਂ ਨੂੰ ਪੀਪੀਈ ਕਿੱਟਾਂ ਜਾਰੀ ਕੀਤੀਆਂ ਤਾਂ ਉਸ ਉੱਤੇ ਇਹ ਇਲਜ਼ਾਮ ਲੱਗਾ ਕਿ ਉਹ ਆਪਣੇ ਦੋਸਤਾਂ-ਮਿੱਤਰਾਂ ਨੂੰ ਕਿੱਟਾਂ ਇਸ਼ੂ ਕਰ ਰਿਹਾ ਹੈ। 17 ਅਪ੍ਰੈਲ ਨੂੰ ਉਸ ਨੂੰ ਬਿਨਾਂ ਕਿਸੇ ਨੋਟਿਸ ਦੇ, ਬਿਨਾਂ ਕਿਸੇ ਇਨਕੁਆਇਰੀ ਦੇ, ਗ਼ੈਰ-ਕਾਨੂੰਨੀ ਢੰਗ ਨਾਲ ਨੌਕਰੀ ਤੋਂ ਹੀ ਕੱਢ ਦਿੱਤਾ ਗਿਆ। ਬਾਅਦ ਵਿੱਚ ਦਿੱਲੀ ਮੈਡੀਕਲ ਐਸੋਸੀਏਸ਼ਨ ਤੇ ਕੇਂਦਰੀ ਸਿਹਤ ਮੰਤਰੀ ਦੇ ਦਬਾਅ ਹੇਠ ਤਿੰਨ ਦਿਨਾਂ ਪਿੱਛੋਂ, ਉਸ ਨੂੰ ਦੁਬਾਰਾ ਨੌਕਰੀ ’ਤੇ ਬਹਾਲ ਕਰ ਦਿੱਤਾ ਗਿਆ ਕਿਉਂਕਿ ਡਾਕਟਰਾਂ ਤੋਂ ਬਿਨਾਂ ਸਰਦਾ ਵੀ ਨਹੀਂ।
ਡਾ. ਪਿਊਸ਼ ਦੱਸਦੇ ਹਨ ਕਿ ਇਹ ਕਿੱਟਾਂ, ਸਿਰਫ ਕੋਰੋਨਾ ਨਾਲ ਲੜਨ ਵਾਲੇ ਡਾਕਟਰਾਂ ਨੂੰ ਹੀ ਇਸ਼ੂ ਕੀਤੀਆਂ ਗਈਆਂ ਸਨ। ਤੇ ਇਹ ਕਿੱਟਾਂ, ਸਰਕਾਰੀ ਵੀ ਨਹੀਂ ਸਨ, ਕਿਸੇ ਗ਼ੈਰ-ਸਰਕਾਰੀ ਜਥੇਬੰਦੀ ਨੇ ਦਾਨ ਕੀਤੀਆਂ ਸਨ। ਡਾਕਟਰ ਬਣਨ ਵਾਸਤੇ ਜਿਹੜੇ ਵਿਦਿਆਰਥੀ, ਦਸਵੀਂ-ਗਿਆਰ੍ਹਵੀਂ ਜਮਾਤ ਵਿੱਚ ਹੀ ਸਵੇਰੇ ਪੰਜ ਵਜੇ ਤੋਂ ਮਹਿੰਗੀਆਂ ਟਿਊਸ਼ਨਾਂ ਪੜ੍ਹਨ ਲਈ ਘਰਾਂ ਤੋਂ ਨਿਕਲ ਤੁਰਦੇ ਹਨ, ਪੇਇੰਗ ਗੈਸਟਾਂ (ਪੀਜੀ) ਵਿੱਚ ਰਹਿੰਦੇ ਹਨ, ਦਾਖ਼ਲਾ ਟੈਸਟ ਵਿੱਚੋਂ ਉੱਚੀ ਮੈਰਿਟ ਲੈ ਕੇ ਮੈਡੀਕਲ ਕਾਲਜਾਂ ਵਿੱਚ ਸਾਢੇ ਪੰਜ ਸਾਲ ਦੀ ਪੜ੍ਹਾਈ, ਕਿਤਾਬਾਂ, ਕੱਪੜਿਆਂ ਹੋਸਟਲਾਂ ਦਾ ਖ਼ਰਚਾ, ਫੇਰ ਪੋਸਟ ਗ੍ਰੈਜੂਏਸ਼ਨ ਵਿੱਚ ਦਾਖ਼ਲੇ ਵਾਸਤੇ ਮਹਿੰਗੀਆਂ ਟਿਊਸ਼ਨਾਂ ਤੇ ਦਾਖ਼ਲਾ ਟੈਸਟ, ਤਿੰਨ ਸਾਲਾਂ ਦੀ ਪੜ੍ਹਾਈ ਤੋਂ ਬਾਅਦ ਸਰਕਾਰੀ ਨੌਕਰੀ ਲਈ ਇੰਟਰਵਿਊ, ਸਿਫਾਰਸ਼ਾਂ ਤੋਂ ਬਾਅਦ ਵੀ ਮਰੀਜ਼ਾਂ ਦੇ ਰਿਸ਼ਤੇਦਾਰਾਂ ਕੋਲੋਂ ਕੁੱਟ-ਮਾਰ ਤੇ ਸਰਕਾਰ ਵੱਲੋਂ ਐਲਾਨੇ “ਕੋਰੋਨਾ ਯੋਧੇ” ਸੀਨੀਅਰ ਸੁਪਰ-ਸਪੈਸ਼ਲਿਸਟ ਡਾਕਟਰਾਂ ਦੀ ਮ੍ਰਿਤਕ ਦੇਹ ਦੀ ਖੱਜਲ ਖੁਆਰੀ, ਬੇਹੁਰਮਤੀ, ਰਿਸ਼ਤੇਦਾਰਾਂ ਨੂੰ ਮਾਨਸਿਕ ਦੇ ਨਾਲ ਨਾਲ ਸਰੀਰਕ ਜ਼ਖ਼ਮ।
ਹੁਣ ਤਾਂ ਡਾਕਟਰਾਂ ਨੂੰ ਮਹਿਸੂਸ ਹੋਣ ਲੱਗ ਪਿਆ ਹੈ ਕਿ ਭਾਰਤ ਵਿੱਚ ਡਾਕਟਰ ਹੋਣਾ ਇੱਕ ਕਲੰਕ ਹੈ। ਡਾਕਟਰ ਬਣਨ ਵਾਸਤੇ ਕਰੋੜਾਂ ਰੁਪਏ ਤੇ ਘੱਟ ਤੋਂ ਘੱਟ 12 ਸਾਲ ਸਮੇਂ ਦੀ ਇਨਵੈਸਟਮੈਂਟ ਤੋਂ ਬਾਅਦ ਵੀ ਕਲੰਕੀ ਹੀ ਬਣਨਾ ਹੈ ਤਾਂ ਨਵੀਂ ਪੀੜ੍ਹੀ/ਨਵੇਂ ਖ਼ਾਹਿਸ਼ਵੰਦਾਂ ਨੂੰ ਸੋਚਣਾ ਪਵੇਗਾ ਕਿ ਉਹ ਇਸ ਕਲੰਕ ਵਾਲੇ ਧੰਦੇ ਵਿੱਚ ਆਉਣ ਕਿ ਕੁਝ ਹੋਰ ਕਰਨ। ਕਿਉਂਕਿ ਲਗਦਾ ਹੈ ਕਿ ਜਨਤਾ ਨੂੰ ਉਹੀ ਟੂਣੇ ਟਪਾਣੇ, ਮੱਥੇ ਟਿਕਾਉਣ ਵਾਲੇ, ਤਵੀਤਾਂ ਵਾਲੇ, ਗਊ-ਮੂਤ, ਗੋਬਰ, ਪੀਰ ਹੀ ਪਸੰਦ ਨੇ। ਕੋਰੋਨਾ ਦੇ ਯੋਧਿਆਂ ਦੇ ਦੂਸਰੇ ਗਰੁੱਪ ਯਾਨੀ ਕਿ ਪੁਲਿਸ ਵਾਲਿਆਂ ਦਾ ਹਾਲ ਤੁਸੀਂ ਪਟਿਆਲੇ ਵਿੱਚ ਵੇਖ ਹੀ ਲਿਆ ਹੈ। ਲੁਧਿਆਣੇ ਦੇ ਏਸੀਪੀ ਅਨਿਲ ਕੋਹਲੀ, ਕੋਰੋਨਾ ਨਾਲ ਲੜਦੇ ਲੜਦੇ ਸ਼ਹੀਦ ਹੋ ਗਏ। ਉਹ ਵੀ ਕੋਰੋਨਾ ਯੋਧਾ ਸੀ, ਪਰ ਉਸ ਨੂੰ ਪੂਰਾ ਮਾਨ-ਸਨਮਾਨ ਮਿਲਿਆ। ਕਰਫਿਊ, ਸੋਸ਼ਲ-ਫਾਸਲਾ ਆਦਿ ਨੂੰ ਕਾਮਯਾਬ ਬਣਾਉਣ ਲਈ ਨਕਲੀ ਨਿਹੰਗਾਂ ਨੇ ਇਨਸਪੈਕਟਰ ਦਾ ਹੱਥ ਹੀ ਵੱਢ ਦਿੱਤਾ। ਰਾਜਸਥਾਨ ਦੇ ਟੌਂਕ ਵਿੱਚ ਕਰਫਿਊ ਦੀ ਪਾਲਣਾ ਕਰਾਉਣ ਲਈ ਤਾਇਨਾਤ ਤਿੰਨ ਪੁਲਿਸ ਵਾਲੇ ਜ਼ਖ਼ਮੀ ਕੀਤੇ ਗਏ। ਹਿਮਾਚਲ ਦੇ ਕਿਨੌਰ ਕੋਲ ਭਾਵਾ-ਵੈਲੀ ਵਿੱਚ ਲੋਕਾਂ ਦੀ ਭੀੜ ਨੇ ਤਿੰਨ ਪੁਲਿਸ ਵਾਲਿਆਂ ਨੂੰ ਸੱਟਾਂ ਲਗਾ ਦਿੱਤੀਆਂ। ਸਰਕਾਰਾਂ ਨੂੰ ਚਾਹੀਦਾ ਹੈ ਤਾਲੀ-ਥਾਲੀ, ਮੋਮਬੱਤੀਆਂ, ਜੈਕਾਰੇ ਤਿਆਗ ਕੇ ਕੋਵਿਡ-19 ਖ਼ਿਲਾਫ਼ ਲੜਨ ਵਾਲਿਆਂ ਨਾਲ ਪੂਰਾ ਇਨਸਾਫ ਕਰਨ ਵਾਸਤੇ ਅਰਡੀਨੈਂਸ ਜਾਰੀ ਕਰਨ ਤੇ ਉਹਨਾਂ ਨੂੰ ਮਾਨ-ਸਨਮਾਨ ਨਾਲ ਡਿਊਟੀ ਕਰਨ ਵਾਲਾ ਮਾਹੌਲ ਪ੍ਰਦਾਨ ਕਰਨ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2078)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)