“ਮਾੜੇ ਮੋਟੇ ਦਰਦ ਤੋਂ ਲੈ ਕੇ ਲੱਤ ਦੇ ਪੱਠਿਆਂ ਵਿੱਚ ਪੀੜਾਂ, ਫੁੱਲੀ ਹੋਈ ਨਾੜੀ ਵਾਲੀ ਚਮੜੀ ਉੱਤੇ ਖ਼ਾਰਸ਼ ...”
(2 ਜਨਵਰੀ 2024)
ਇਸ ਸਮੇਂ ਪਾਠਕ: 190.
ਖ਼ੂਨ ਦੀਆਂ ਫੁੱਲੀਆਂ ਹੋਈਆਂ ਨਾੜਾਂ ਕਈ ਅੰਗਾਂ ਵਿੱਚ ਹੋ ਸਕਦੀਆਂ ਹਨ ਪਰ ਆਮ ਕਰਕੇ ਇਹ ਲੱਤਾਂ ਵਿੱਚ ਹੁੰਦੀਆਂ ਹਨ। ਤਕਨੀਕੀ ਭਾਸ਼ਾ ਵਿੱਚ ਅਸਾਧਾਰਣ ਤੌਰ ’ਤੇ ਫੁੱਲੀਆਂ ਹੋਈਆਂ ਨਾੜਾਂ ਨੂੰ ਵੇਰੀਕੋਜ਼ ਵੇਨਜ਼ ਕਿਹਾ ਜਾਂਦਾ ਹੈ। ਸਰਜੀਕਲ ਓ.ਪੀ.ਡੀ ਵਿੱਚ ਵੇਰੀਕੋਜ਼ ਵੇਨਜ਼ ਦੇ ਮਰੀਜ਼ ਆਉਂਦੇ ਹੀ ਰਹਿੰਦੇ ਹਨ। ਬੰਦਾ ਕਾਫੀ ਦੇਰ ਖੜ੍ਹਾ ਰਹੇ ਤਾਂ ਇਹਨਾਂ ਨਾੜੀਆਂ ਵਿੱਚ ਖ਼ੂਨ ਦਾ ਦਬਾਅ ਵਧ ਜਾਂਦਾ ਹੈ। ਕਈ ਵਾਰ ਤਾਂ ਮੈਡੀਕਲ ਚੈੱਕਅੱਪ ਵੇਲੇ ਹੀ, ਜਦੋਂ ਸਰਕਾਰੀ ਨੌਕਰੀ ਤੇ ਹਾਜ਼ਰ ਹੋਣਾ ਹੁੰਦਾ ਹੈ ਤਾਂ ਪਤਾ ਲਗਦਾ ਹੈ ਕਿ ਉਸ ਵਿਅਕਤੀ ਦੀਆਂ ਨਾੜਾਂ ਫੁੱਲਦੀਆਂ ਹਨ। ਇਹ ਨਾੜੀਆਂ ਜਾਂ ਵੇਨਜ਼, ਸਰੀਰ ਦੇ ਬਾਹਰੀ ਹਿੱਸਿਆਂ ਤੋਂ ਘੱਟ ਆਕਸੀਜਨ ਵਾਲ਼ਾ (ਨੀਲਾ) ਖ਼ੂਨ ਇਕੱਠਾ ਕਰਕੇ ਦਿਲ ਵੱਲ ਲਿਆਉਂਦੀਆਂ ਹਨ। ਇਹਨਾਂ ਵਿੱਚ ਪੱਤਿਆਂ ਵਰਗੇ ਵਾਲ਼ ਜਾਂ (ਵੈਲਵ) ਫਿੱਟ ਹੋਏ ਹੁੰਦੇ ਹਨ ਜੋ ਖ਼ੂਨ ਨੂੰ ਵਾਪਸ ਆਉਣ ਤੋਂ ਰੋਕਦੇ ਹਨ। ਜਦੋਂ ਲੱਤਾਂ ਹਰਕਤ ਵਿੱਚ ਰਹਿੰਦੀਆਂ ਹਨ ਤਾਂ ਖੂਨ ਇਹਨਾਂ ਨਾੜੀਆਂ ਰਾਹੀਂ ਗੁਰੂਤਾ ਦੇ ਵਿਰੁੱਧ ਉੱਪਰ ਨੂੰ ਦਿਲ ਵੱਲ ਨੂੰ ਚੜ੍ਹਦਾ ਹੈ ਤੇ ਵੈਲਵਾਂ ਕਰਕੇ ਪਿੱਛੇ ਨੂੰ ਨਹੀਂ ਆਉਂਦਾ। ਸੁਸਤ ਵਿਅਕਤੀ, ਜਿਸਦੀ ਹਲਚਲ ਘਟ ਹੋਵੇ, ਉਹਦੀਆਂ ਲੱਤਾਂ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ। ਨੀਲੇ ਖੂਨ ਵਾਲ਼ੀਆਂ ਇਹ ਨਾੜੀਆਂ (ਵੇਨਜ਼) ਚਮੜੀ ਦੇ ਬਿਲਕੁਲ ਹੇਠਾਂ ਤੇ ਕੁਝ, ਜ਼ਰਾ ਡੂੰਘੀਆਂ ਹੁੰਦੀਆਂ ਹਨ।
ਅਲਾਮਤਾਂ (ਸੰਕੇਤ, ਨਿਸ਼ਾਨੀਆਂ):
ਲੱਤਾਂ ਭਾਰੀਆਂ ਭਾਰੀਆਂ ਮਹਿਸੂਸ ਹੋਣੀਆਂ, ਖ਼ਾਸ ਕਰਕੇ ਰਾਤ ਨੂੰ ਜਾਂ ਵਰਜ਼ਿਸ਼ ਤੋਂ ਬਾਅਦ।
ਛੋਟੀਆਂ ਛੋਟੀਆਂ ਨਾੜਾਂ ਦਾ ਕੇਕੜੇ ਵਾਂਗ ਦਿਖਾਈ ਦੇਣਾ।
ਗਿੱਟਿਆ ਉੱਤੇ ਸੋਜ, ਖ਼ਾਸ ਕਰਕੇ ਸ਼ਾਮ ਨੂੰ।
ਫੁੱਲੀ ਹੋਈ ਨਾੜੀ ਵਾਲੀ ਜਗ੍ਹਾ ’ਤੇ ਚਮੜੀ ਦੀ ਲਾਲਗੀ, ਜਾਂ ਲਾਖੇ ਤੇ ਪੀਲ਼ੇ ਰੰਗ ਦਾ ਹੋ ਜਾਣਾ।
ਮਿੱਠੀ ਮਿੱਠੀ ਖ਼ਾਰਸ਼ ਤੇ ਖੁਸ਼ਕੀ ਹੁੰਦੀ ਹੈ ਤੇ ਬਾਅਦ ਵਿੱਚ ਐਕਜ਼ੀਮਾ ਬਣ ਜਾਂਦਾ ਹੈ।
ਛੋਟੀ ਮੋਟੀ ਸੱਟ ਨਾਲ ਕਾਫੀ ਖੂਨ ਵਗਣ ਜਾਂਦਾ ਹੈ, ਜਿਸ ਨੂੰ ਬੰਦ ਹੋਣ ਵਿੱਚ ਸਮਾਂ ਲਗਦਾ ਹੈ।
ਕਈਆਂ ਮਰੀਜ਼ਾਂ ਵਿੱਚ ਚਰਬੀ ਸਖ਼ਤ ਹੋ ਜਾਣ ਕਰਕੇ ਗਿੱਟਿਆਂ ਦੇ ਉਤਲੇ ਪਾਸੇ ਵਾਲੀ ਚਮੜੀ ਵੀ ਸਖ਼ਤ ਹੋ ਜਾਂਦੀ ਹੈ ਜਿਸ ਨੂੰ ਲਇਪੋ ਸਕਲੀਰੋਸਿਸ ਕਿਹਾ ਜਾਂਦਾ ਹੈ।
ਗਿੱਟਿਆ ਦੀ ਚਮੜੀ ਤੇ ਉੱਧੜ ਗੁਧੜੇ ਖਰੀਂਢ ਤੇ ਧੱਬੇ ਬਣ ਜਾਂਦੇ ਹਨ।
ਕਈ ਵਾਰ ਐਸੇ ਰੋਗੀਆਂ ਵਿੱਚ ਲੱਤਾਂ ਦੀ ਬੇਚੈਨੀ (ਰੈਸਟਲੈੱਸ ਲੈੱਗ ਸਿੰਡਰੋਮ) ਵਾਲੇ ਲੱਛਣ ਹੋ ਜਾਂਦੇ ਹਨ।
ਲੱਤਾਂ ਦੀ ਬੇਚੈਨੀ (ਰੈਸਟਲੈਸ ਲੈੱਗ ਸਿੰਡਰੋਮ) ਕੀ ਹੁੰਦੀ ਹੈ? ਮਾੜੇ ਮੋਟੇ ਦਰਦ ਤੋਂ ਲੈ ਕੇ ਲੱਤ ਦੇ ਪੱਠਿਆਂ ਵਿੱਚ ਪੀੜਾਂ, ਫੁੱਲੀ ਹੋਈ ਨਾੜੀ ਵਾਲੀ ਚਮੜੀ ਉੱਤੇ ਖ਼ਾਰਸ਼ ਜਿੱਥੇ ਬੰਦਾ ਖ਼ੁਰਕ ਵੀ ਨਹੀਂ ਕਰ ਸਕਦਾ, ਕਿਉਂਕਿ ਖੁਰਕਣ ਨਾਲ ਲਹੂ ਵਗਣ ਦਾ ਖ਼ਤਰਾ ਹੁੰਦਾ ਹੈ ਜੋ ਜਲਦ ਬੰਦ ਵੀ ਨਹੀਂ ਹੁੰਦਾ। ਜਾਂ ਫਿਰ ਕੁਝ ਸਰਲਾਹਟ, ਜਾਂ ਕੁਝ ਤੁਰਦਾ ਹੈ ਵਾਲਾ ਅਜੀਬ ਜਿਹਾ ਅਹਿਸਾਸ। ਇਹ ਸਾਰਾ ਕੁਝ ਜਾਗਦਿਆਂ ਹੀ ਮਹਿਸੂਸ ਹੁੰਦਾ ਹੈ ਜਦੋਂ ਬੰਦਾ ਇਕਾਗਰਤਾ ਵਾਲੇ ਕੋਈ ਕੰਮ ਕਰ ਰਿਹਾ ਹੋਵੇ, ਜਾਂ ਆਰਾਮ ਕਰਦਿਆਂ ਨੀਂਦ ਦੀ ਉਡੀਕ ਕਰ ਰਿਹਾ ਹੋਵੇ। ਬੇਚੈਨੀ ਵਿੱਚ ਬੰਦਾ ਲੱਤਾਂ ਨੂੰ ਇੱਧਰ ਉੱਧਰ ਹਿਲਾਉਂਦਾ ਰਹਿੰਦਾ ਹੈ, ਜਿਸ ਨਾਲ ਨੀਂਦ ਵਿੱਚ ਖ਼ਲਲ ਪੈਂਦਾ ਹੈ।
ਨਾੜਾਂ ਫੁੱਲਣ ਦੇ ਕਾਰਣ: ਇਹ ਨਾੜਾਂ ਕਿਉਂਕਿ ਚਮੜੀ ਦੇ ਹੇਠ ਹੀ ਹੁੰਦੀਆਂ ਹਨ, ਸੋ ਫੁੱਲਣ ਕਰਕੇ ਦੂਰੋਂ ਹੀ ਨਜ਼ਰ ਆਉਂਦੀਆਂ ਹਨ। ਕਾਰਣ ਨਿਮਨ ਲਿਖਤ ਹੋ ਸਕਦੇ ਹਨ:
ਲੰਮੇ ਸਮੇਂ ਤਕ ਖੜ੍ਹੇ ਰਹਿਣ ਬਾਲੇ ਵਿਅਕਤੀ ਜਿਵੇਂ:
ਸੰਤਰੀ ਦੀ ਡਿਊਟੀ ਵਾਲੇ।
ਸਰਜਨ ਜਿਨ੍ਹਾਂ ਨੂੰ ਲੰਮੇ ਓਪ੍ਰੇਸ਼ਨਾਂ ਵੇਲੇ ਕਈ ਕਈ ਘੰਟੇ ਲਗਾਤਾਰ ਖੜ੍ਹੇ ਰਹਿਣਾ ਪੈਂਦਾ ਹੈ।
ਪ੍ਰੀਵਾਰਿਕ ਪਿੱਠ-ਭੂਮੀ ਵਾਲੇ।
ਮੋਟਾਪਾ।
ਵਧਦੀ ਹੋਈ ਉਮਰ।
ਲੰਮਾ ਸਮਾਂ ਚੌਂਕੜੀ ਮਾਰ ਕੇ ਬੈਠੇ ਰਹਿਣਾ ਜਿਵੇਂ ਪੁਰਾਣੀਆਂ ਹੱਟੀਆਂ ਵਾਲੇ ਜਾਂ ਸੇਠ ਲੋਕ।
ਗਰਭ ਅਵਸਥਾ ਮੈਨੋਪਾਜ਼।
ਲੱਤਾਂ ਦੀਆਂ ਡੂੰਘੀਆਂ ਨਾੜਾਂ ਅੰਦਰ ਖ਼ੂਨ ਦਾ ਜਮਾਓ।
ਲੱਤ ਨੂੰ ਸੱਟ-ਫੇਟ ਜਾਂ ਹੱਡੀ ਦਾ ਟੁੱਟ ਜਾਣਾ।
ਪੇਟ ਦੇ ਹੇਠਲੇ ਹਿੱਸੇ ਵਿੱਚ ਜਾਂ ਅੰਦਰ ਕਿਸੇ ਤਰ੍ਹਾਂ ਦੀ ਵੱਡੀ ਰਸੌਲੀ, ਜਿਸਦੇ ਦਬਾਅ ਕਰਕੇ ਖ਼ੂਨ ਦਾ ਉੱਪਰ ਵੱਲ ਨੂੰ ਵਹਾਓ ਘਟ ਜਾਵੇ।
ਉਂਝ ਇਹਨਾਂ ਫੁੱਲੀਆਂ ਹੋਈਆਂ ਨਾੜਾਂ ਨਾਲ ਜ਼ਿੰਦਗੀ ਨੂੰ ਇੱਕ ਦਮ ਕੋਈ ਖ਼ਤਰਾ ਨਹੀਂ ਹੁੰਦਾ।
ਕੀ ਉਲਝਣਾਂ ਉਤਪਨ ਹੋ ਸਕਦੀਆਂ ਹਨ?
ਲੱਤਾਂ ਦਾ ਕਰੂਪ ਹੋ ਜਾਣਾ (ਕੌਸਮੈਟੀਕਲ)।
ਦਰਦ, ਖ਼ਾਸ ਕਰਕੇ ਕੁਝ ਦੇਰ ਖੜ੍ਹੇ ਰਹਿਣ ਤੋਂ ਬਾਅਦ।
ਲੱਤਾਂ ਉੱਤੇ ਸੋਜ।
ਫੁੱਲੀਆਂ ਹੋਈਆਂ ਨਾੜਾਂ ਵਾਲੀ ਜਗ੍ਹਾ ਦੀ ਚਮੜੀ ਉੱਤੇ ਐਗਜ਼ੀਮਾ।
ਚਮੜੀ ਦਾ ਸਖ਼ਤ ਤੇ ਖੁਰਦਰਾ ਹੋ ਜਾਣਾ।
ਉੱਪਰੋਂ ਛਿੱਲੇ ਜਾਣ ਨਾਲ ਜ਼ਖ਼ਮ ਹੋ ਜਾਣਾ ਤੇ ਖ਼ੂਨ ਵਹਿਣ ਲੱਗਣਾ।
ਇਲਾਜ: ਇਸ ਸਮੱਸਿਆ ਵਾਲੇ ਮਰੀਜ਼ਾਂ ਨੂੰ ਸਰਜਨ ਕੋਲ ਜਾਣਾ ਪੈਂਦਾ ਹੈ। ਫੁੱਲੀਆਂ ਹੋਈਆਂ ਨਾੜਾਂ ਦਾ ਇਲਾਜ, ਸਕਲੀਰੋ ਥੈਰਾਪੀ ਜਾਂ ਲੇਜ਼ਰ ਜਾਂ ਰੇਡੀਓ ਫਰੀਕੁਐਂਸੀ ਜਾਂ ਸਰਜਰੀ ਵਾਲੀਆਂ ਤਕਨੀਕਾਂ ਨਾਲ ਕੀਤਾ ਜਾਂਦਾ ਹੈ।
ਧਿਆਨ ਰੱਖਣਯੋਗ:
ਬੈਠਣ ਜਾਂ ਲੇਟਣ ਵੇਲੇ ਲੱਤਾਂ ਨੂੰ ਉੱਚਾ ਕਰਕੇ ਰੱਖੋ। ਕੁਰਸੀ ਉੱਤੇ ਬੈਠੇ ਹੋਵੋਂ ਤਾਂ ਪੈਰਾਂ ਨੂੰ ਇੱਕ ਸਟੂਲ ਉੱਤੇ ਰੱਖ ਲਓ। ਲੇਟਣ ਵੇਲੇ, ਪੈਰਾਂ ਹੇਠਾਂ ਸਿਰਹਾਣਾ ਰੱਖ ਲਓ।
ਜ਼ਿਆਦਾ ਚਿਰ ਬੈਠੇ ਰਹਿਣ ਜਾਂ ਖੜ੍ਹੇ ਰਹਿਣ ਤੋਂ ਪ੍ਰਹੇਜ਼ ਕਰੋ। ਖੂਬ ਵਰਜ਼ਿਸ਼ ਕਰੋ।
ਭੀੜੀਆਂ (ਟਾਈਟ) ਸਟੌਕਿੰਗਜ਼ ਪਹਿਨਣ ਦਾ ਫਾਇਦਾ ਰਹਿੰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4591)
(ਸਰੋਕਾਰ ਨਾਲ ਸੰਪਰਕ ਲਈ: (