“ਤੰਬਾਕੂ ਉਦਯੋਗਾਂ ਦਾ ਨਿਸ਼ਾਨਾ ਛੋਟੀ ਉਮਰ ਦੇ ਬੱਚੇ ਅਤੇ ਨੌਜਵਾਨ! ਆਓ ਆਉਣ ਵਾਲੀ ਪੀੜ੍ਹੀ ਨੂੰ ਤੰਬਾਕੂ ਮੁਕਤ ਬਣਾਈਏੇ ...”
(31 ਮਈ 2024)
ਇਸ ਸਮੇਂ ਪਾਠਕ: 320.
ਤੰਬਾਕੂ ਉਦਯੋਗਾਂ ਦਾ ਨਿਸ਼ਾਨਾ ਛੋਟੀ ਉਮਰ ਦੇ ਬੱਚੇ ਅਤੇ ਨੌਜਵਾਨ! ਆਓ ਆਉਣ ਵਾਲੀ ਪੀੜ੍ਹੀ ਨੂੰ ਤੰਬਾਕੂ ਮੁਕਤ ਬਣਾਈਏੇ
ਤੰਬਾਕੂ ਨੂੰ ਹੌਲੀ ਰਫ਼ਤਾਰ ਵਾਲਾ ਜ਼ਹਿਰ ਕਿਹਾ ਜਾਂਦਾ ਹੈ ਕਿਉਂਕਿ ਇਹ ਸਮੇਂ ਤੋਂ ਪਹਿਲਾਂ ਮੌਤ ਵੱਲ ਧੱਕਦਾ ਹੈ। ਵਿਸ਼ਵ ਪੱਧਰ ’ਤੇ 13-15 ਸਾਲ ਦੀ ਉਮਰ ਦੇ ਕਰੀਬ 37 ਮਿਲੀਅਨ ਬੱਚੇ ਤੰਬਾਕੂ ਦੀ ਵਰਤੋਂ ਕਰਦੇ ਹਨ। ਭਾਰਤ ਵਿੱਚ ਹਰ ਸਾਲ ਤੰਬਾਕੂ ਦੀ ਵਰਤੋਂ ਨਾਲ 1.3 ਮਿਲੀਅਨ ਮੌਤਾਂ ਹੁੰਦੀਆਂ ਹਨ ਜੋ ਕਿ ਪ੍ਰਤੀ ਦਿਨ 3500 ਮੌਤਾਂ ਹਨ, ਜਿਸ ਨਾਲ ਬਹੁਤ ਸਾਰੇ ਸਮਾਜਕ-ਆਰਥਿਕ ਬੋਝ ਪੈਂਦੇ ਹਨ। ਮੌਤ ਅਤੇ ਬਿਮਾਰੀਆਂ ਤੋਂ ਇਲਾਵਾ ਤੰਬਾਕੂ ਦੇਸ਼ ਦੇ ਆਰਥਿਕ ਵਿਕਾਸ ਨੂੰ ਵੀ ਪ੍ਰਭਾਵਤ ਕਰਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਅਧਿਐਨ ਦੇ ਅਨੁਸਾਰ ਅਨੁਮਾਨ ਲਗਾਇਆ ਗਿਆ ਹੈ ਕਿ ਭਾਰਤ ਵਿੱਚ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਮੌਤਾਂ ਦਾ ਆਰਥਿਕ ਬੋਝ 1.77 ਲੱਖ ਕਰੋੜ ਰੁਪਏ ਹੈ, ਜੋ ਜੀ.ਡੀ.ਪੀ ਦਾ ਲਗਭਗ 1% ਹੈ।
2003 ਵਿੱਚ ਤੰਬਾਕੂ ਨਿਯੰਤਰਣ ਸੰਬੰਧੀ ਵਿਆਪਕ ਕਾਨੂੰਨ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ-ਕੋਪਟਾ-2003 ਲਿਆਂਦਾ ਗਿਆ, ਜਿਸਦਾ ਉਦੇਸ਼ ਜਨਤਕ ਥਾਵਾਂ ਅਤੇ ਸਥਾਨਾਂ ਨੂੰ ਤੰਬਾਕੂਨੋਸ਼ੀ ਰਹਿਤ ਕਰਨਾ ਸੀ ਅਤੇ ਤੰਬਾਕੂ ਦੇ ਇਸ਼ਤਿਹਾਰਾਂ ਅਤੇ ਤਰੱਕੀ ’ਤੇ ਪਾਬੰਦੀ ਸੀ। ਪਰ ਇਸਦੇ ਬਾਵਜੂਦ ਵੀ ਭਾਰੀ ਗਿਣਤੀ ਵਿੱਚ ਨੌਜਵਾਨਾਂ ਦਾ ਤੰਬਾਕੂ ਦੀ ਵਰਤੋਂ ਵੱਲ ਵਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਸਾਡੇ ਸ਼ਹਿਰ ਦਾ ਸ਼ਾਇਦ ਹੀ ਕੋਈ ਮੁੱਖ ਚੌਕ, ਬੱਸ ਅੱਡਾ, ਰੇਲਵੇ ਸਟੇਸ਼ਨ ਜਾਂ ਕਚਹਿਰੀ ਰੋਡ ਹੋਵੇ ਜਿਸਦੇ ਨੇੜੇ ਕੋਈ ਤੰਬਾਕੂ ਉਤਪਾਦਾਂ ਦੀ ਧੜੱਲੇ ਨਾਲ ਵਿਕਰੀ ਕਰਦਾ ਖੋਖਾ ਜਾਂ ਫੜ੍ਹੀ ਵਗੈਰਾ ਨਾ ਹੋਵੇ। ਇਨਾਂ ਰਸਤਿਆਂ ਤੋਂ ਹੀ ਰੋਜ਼ਾਨਾ ਸਾਡੇ ਸਕੂਲ-ਕਾਲਜ, ਬਜ਼ਾਰ ਜਾਂਦੇ ਛੋਟੀ ਉਮਰ ਦੇ ਬੱਚੇ ਦੁਰਗੰਧ ਬਿਖੇਰਦੀਆਂ ਰੰਗ-ਬਰੰਗੀਆਂ ਤੰਬਾਕੂ ਦੀਆਂ ਪੁੜੀਆਂ ਅਤੇ ਸਿਗਰਟ ਪੀਂਦੇ, ਮੂੰਹ ਵਿੱਚੋਂ ਧੂੰਆਂ ਕੱਢਦੇ ਲੋਕਾਂ ਨੂੰ ਬੜੇ ਗੌਰ ਨਾਲ ਤੱਕਦੇ ਹਨ। ਤੰਬਾਕੂ ਉਦਯੋਗਾਂ ਦਾ ਨਿਸ਼ਾਨਾ ਵੀ ਇਹੀ ਨਵੀਂ ਪੀੜ੍ਹੀ ਹੈ, ਜਿਸ ਨੂੰ ਗਾਹਕ ਬਣਾਉਣ ਲਈ ਹਰ ਢੰਗ-ਤਰੀਕਾ ਇਖਤਿਆਰ ਕੀਤਾ ਜਾ ਰਿਹਾ ਹੈ। ਹਰੇਕ ਫਿਲਮ-ਸੀਰਜ਼ ਵਿੱਚ ਹਰ ਦਸ ਮਿੰਟਾਂ ਬਾਅਦ ਸਿਗਰਟ ਦਾ ਧੂੰਆਂ ਉਡਾਓਣ ਅਤੇ ਸ਼ਰਾਬ ਪੀਣ ਦਾ ਦ੍ਰਿਸ਼ ਸ਼ਾਮਲ ਕਰਨ ਪਿੱਛੇ ਵੀ ਕੋਈ ਵੱਡਾ ਹੱਥ ਹੀ ਲਗਦਾ ਜਾਪਦਾ ਹੈ। ਹੋਰ ਤਾਂ ਹੋਰ ਸਿਗਰਟ ਨੂੰ ਬਾਲ-ਪੈੱਨ ਵਿੱਚ ਸਿੱਕੇ ਦੀ ਜਗਾ ਬੰਦ ਕਰਕੇ ਛੋਟੀਆਂ ਦੁਕਾਨਾਂ ਤਕ ਪਹੁੰਚਾਇਆ ਜਾ ਰਿਹਾ ਹੈ। ਕਈ ਤੰਬਾਕੂ ਉਤਪਾਦ ਤਾਂ ਗਾਹਕਾਂ ਨੂੰ ਇਸ ਤਰ੍ਹਾਂ ਪਰੋਸੇ ਜਾ ਰਹੇ ਹਨ ਕਿ ਛਾਪੇਮਾਰੀ ਟੀਮ ਨੂੰ ਵੀ ਉਹੁਨਾਂ ਉਤਪਾਦਾਂ ਨੂੰ ਪਛਾਣਨਾ ਮੁਸ਼ਕਿਲ ਹੋ ਜਾਂਦਾ ਹੈ, ਪਰ ਆਮ ਲੋਕਾਂ ਦੀ ਜ਼ਬਾਨ ਉੱਤੇ ਤਾਂ ਇੱਕੋ ਸਵਾਲ ਹੈ ਕਿ ਸਰਕਾਰਾਂ ਤੰਬਾਕੂ ਕੰਪਨੀਆਂ ਕਿਉਂ ਨਹੀਂ ਬੰਦ ਕਰਦੀਆਂ?
ਕਿਹਾ ਜਾਂਦਾ ਹੈ ਕਿ ਨਸ਼ਿਆਂ ਦੀ ਦੁਨੀਆਂ ਦੀ ਐਂਟਰੀ ਦੀ ਪਹਿਲੀ ਪੌੜੀ ਤੰਬਾਕੂ ਹੈ। ਪੰਜਾਬ ਨੂੰ ਤੰਬਾਕੂ ਰਹਿਤ ਸੂਬਾ ਬਣਾਉਣ ਲਈ ਸਰਕਾਰ, ਸਿਹਤ ਵਿਭਾਗ ਅਤੇ ਕਈ ਸਮਾਜਸੇਵੀ ਸੰਸਥਾਵਾਂ ਯਤਨਸ਼ੀਲ ਹਨ। ਪਰ ਪੰਜਾਬ ਵਿੱਚ ਤੰਬਾਕੂ ਦਾ ਪ੍ਰਯੋਗ ਕਰਨ ਦਾ ਰੁਝਾਨ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਤੰਬਾਕੂ ਦੇ ਹਾਨੀਕਾਰਕ ਪ੍ਰਭਾਵ ਅਤੇ ਤੰਬਾਕੂ ਤੋਂ ਬਚੇ ਰਹਿਣ ਲਈ ਜ਼ਰੂਰਤ ਉੱਤੇ ਜਿੰਨੀ ਗੰਭੀਰਤਾ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਸੀ, ਉਨ੍ਹਾਂ ਨਹੀਂ ਦਿੱਤਾ ਜਾ ਰਿਹਾ। ਸੂਬੇ ਵਿੱਚ ਤੰਬਾਕੂ ਦਾ ਇਸਤੇਮਾਲ ਕਰਨ ਵਿੱਚ ਭਾਵੇਂ ਪੁਰਸ਼ਾਂ ਦੀ ਗਿਣਤੀ ਜ਼ਿਆਦਾ ਹੈ ਪਰ ਹੁਣ ਨੌਜਵਾਨਾਂ ਤੇ ਬੱਚਿਆਂ ਦਾ ਪ੍ਰਯੋਗ ਕਰਨਾ ਪੰਜਾਬ ਲਈ ਖਤਰੇ ਦੀ ਘੰਟੀ ਬਣਦਾ ਜਾ ਰਿਹਾ ਹੈ। ਹੁਣ ਤਾਂ ਕਈ ਜਗਾ ਤੰਬਾਕੂ ਉਤਪਾਦਾਂ ਦੀ ਵਿਕਰੀ ਖੁੱਲ੍ਹੇ ਹੋ ਰਹੀ ਹੈ। ਦੋ-ਪਹੀਆ ਵਾਹਨਾਂ ’ਤੇ ਤੰਬਾਕੂ ਉਤਪਾਦਾਂ ਦੇ ਥੈਲੇ ਭਰ-ਭਰ ਕਿ ਛੋਟੇ-ਛੋਟੇ ਪਿੰਡਾਂ ਅਤੇ ਮੁਹੱਲਿਆਂ ਤਕ ਸਪਲਾਈ ਕਰਨਾ ਹੁਣ ਆਮ ਜਿਹੀ ਗੱਲ ਹੋ ਗਈ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕੇ ਇਸ ਸਪਲਾਈ ਵਿੱਚ ਗੈਰ-ਕਾਨੂੰਨੀ ਤੰਬਾਕੂ ਉਤਪਾਦ ਸ਼ਾਮਿਲ ਹਨ, ਜਿਨ੍ਹਾਂ ’ਤੇ ਕੋਈ ਚਿਤਾਵਣੀ ਵੀ ਪ੍ਰਦਰਸ਼ਤ ਨਹੀਂ ਕੀਤੀ ਜਾਂਦੀ। ਪਰ ਅਜਿਹੇ ਸਪਲਾਇਰਾਂ ਦੇ ਵਿਰੁੱਧ ਕਾਰਵਾਈ ਨਹੀਂ ਹੋ ਰਹੀ ਤਾਂ ਉਹ ਪੁਲਿਸ, ਟਰਾਂਸਪੋਰਟ ਵਿਭਾਗ, ਸਿਹਤ ਵਿਭਾਗ ਜਾਂ ਫੂਡ ਸੇਫਟੀ, ਸਥਾਨਕ ਸਰਕਾਰਾਂ ਅਤੇ ਨਾਪ-ਤੌਲ ਵਰਗੇ ਹੋਰ ਸੰਬੰਧਿਤ ਵਿਭਾਗਾਂ ਦੀ ਆਪਸੀ ਤਾਲਮੇਲ ਵਿੱਚ ਵੱਡੀ ਕਮੀ ਦਾ ਹੋਣਾ ਹੀ ਜਾਪਦਾ ਹੈ।
ਵਧਾਈ ਦੇ ਪਾਤਰ ਹਨ ਉਹ ਪਿੰਡ-ਸ਼ਹਿਰ ਜਿਨ੍ਹਾਂ ਨੇ ‘ਪੰਜਾਬ ਤੰਬਾਕੂ ਮੁਕਤ ਮੁਹਿੰਮ’ ’ਤੇ ਪਹਿਰਾ ਦਿੱਤਾ ਹੈ ਤੇ ਤੰਬਾਕੂ ਰਹਿਤ ਪਿੰਡ ਘੋਸ਼ਿਤ ਹੋ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਲੋੜ ਹੈ ਸਰਕਾਰੀ ਵਿਭਾਗਾਂ ਵਿੱਚ ਆਪਸੀ ਤਾਲਮੇਲ ਬਠਾਉਣ ਦੀ, ਸਟਾਫ ਨੂੰ ਵਿਸ਼ੇਸ਼ ਸਿਖਲਾਈ ਦੇਣ ਦੀ, ਤੰਬਾਕੂ ਸਟੋਰ ਕਰਨ, ਵੇਚਣ ਅਤੇ ਸਪਲਾਈ ਕਰਨ ਸੰਬੰਧੀ ਕਾਨੂੰਨਾਂ-ਨਿਯਮਾਂ ਵਿੱਚ ਸੋਧ ਕਰਨ ਦੀ। ਤੰਬਾਕੂ ਨਿਯੰਤਰਣ ਨੂੰ ਇੱਕ ਮਿਸ਼ਨ ਤੇ ਸਮਾਜਿਕ ਲਹਿਰ ਬਣਾਇਆ ਜਾਵੇ, ਸਮਰਪਿਤ ਯਤਨਾਂ ਅਤੇ ਲੋਕ ਜਾਗਰੂਕਤਾ ਮੁਹਿੰਮ ਤਹਿਤ ਬੱਚਿਆਂ ਨੂੰ ਅਜਿਹੀ ਤਾਲੀਮ ਦਿੱਤੀ ਜਾਵੇ ਕਿ ਉਹ ਤੰਬਾਕੂ ਉਦਪਾਦਾਂ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨ ਨੂੰ ਭਲੀ-ਭਾਂਤ ਸਮਝ ਜਾਣ। ਚੰਗੇ-ਬੁਰੇ ਦੀ ਪਛਾਣ ਕਰ ਸਕਣ ਅਤੇ ਉਨ੍ਹਾਂ ਨੂੰ ਵਰਗਲਾਉਣ ਵਾਲੀਆਂ ਦੁਸ਼ਟ ਚਾਲਾਂ ਨੂੰ ਉਹ ਬੇਨਕਾਬ ਕਰ ਸਕਣ। ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ, ਚੰਗੇ ਰਾਹ ਪਾਉਣ ਲਈ ਬੱਸ ਚਾਹੀਦਾ ਹੈ ਤੁਹਾਡਾ ਸਾਥ, ਆਓ ਵੱਧ ਤੋਂ ਵੱਧ ਲੋਕਾਂ ਨੂੰ ਤੰਬਾਕੂ ਦੇ ਦੁਸ਼ ਪ੍ਰਭਾਵਾਂ ਪ੍ਰਤੀ ਜਾਗਰੂਕ ਕਰੀਏ ਤੇ ਆਉਣ ਵਾਲੀ ਪੀੜ੍ਹੀ ਨੂੰ ਤੰਬਾਕੂ ਮੁਕਤ ਬਣਾਈਏੇ।
ਤੰਬਾਕੂ ਵਿੱਚ ਪਾਏ ਜਾਣ ਵਾਲੇ ਤੱਤ ਨਿਕੋਟੀਨ ਦੀ, ਨਸ਼ੇ ਦੀ ਲਤ ਲਗਾਉਣ ਦੀ ਸਮਰੱਥਾ ਅਫੀਮ ਜਾ ਕੋਕੀਨ ਤੋਂ ਜ਼ਿਆਦਾ ਹੈ, ਜਿਸ ਕਾਰਨ ਲੋਕ ਇਸਦੇ ਆਦੀ ਹੋ ਜਾਂਦੇ ਹਨ ਅਤੇ ਫਿਰ ਉਹ ਹੋਰ ਤਰ੍ਹਾਂ-ਤਰ੍ਹਾਂ ਦੇ ਤੰਬਾਕੂ ਉਤਪਾਦਾਂ ਦਾ ਸੇਵਨ ਸ਼ੁਰੂ ਕਰ ਦਿੰਦੇ ਹਨ। ਨਿਕੋਟੀਨ ਦੀ ਵਰਤੋਂ ਤੰਬਾਕੂ ਵਿੱਚ ਕਈ ਤਰ੍ਹਾਂ ਨਾਲ ਇਸਤੇਮਾਲ ਕੀਤੀ ਜਾਂਦੀ ਹੈ ਬੀੜੀ, ਸਿਗਰੇਟ, ਸਿਗਾਰ, ਚਿਲਮ, ਪਾਨ, ਜਰਦਾ-ਖੈਨੀ, ਗੁਟਖਾ ਤੰਬਾਕੂ ਉਤਪਾਦ ਆਮ ਪ੍ਰਯੋਗ ਦੇ ਤਰੀਕੇ ਹਨ। ਪਰ ਯਾਦ ਰੱਖੋ ਤੰਬਾਕੂ ਕੈਂਸਰ ਦਾ ਘਰ ਹੈ।
ਤੰਬਾਕੂ ਛੱਡਿਆ ਜਾ ਸਕਦਾ ਹੈ:
ਤੰਬਾਕੂ ਦਾ ਇਸਤੇਮਾਲ ਸਿਰਫ ਇੱਕ ਬੁਰੀ ਆਦਤ ਹੈ। ਤੰਬਾਕੂ ਛੱਡਣਾ ਸਿਰਫ ਇੱਛਾ ਸ਼ਕਤੀ ਦੀ ਗੱਲ ਹੈ, ਤੰਬਾਕੂ ਛੱਡਣਾ ਮੁਸ਼ਕਿਲ ਜ਼ਰੂਰ ਹੈ ਪਰ ਅਕਸਰ ਲੋਕ ਦੋ ਜਾਂ ਉਸ ਤੋਂ ਜ਼ਿਆਦਾ ਕੋਸ਼ਿਸ਼ਾਂ ਕਰਨ ’ਤੇ ਛੱਡਣ ਵਿੱਚ ਸਫਲ ਹੋ ਜਾਂਦੇ ਹਨ। ਇੱਕ ਝਟਕੇ ਨਾਲ ਛੱਡਣਾ ਜ਼ਿਆਦਾ ਪ੍ਰਭਾਵੀ ਤਰੀਕਾ ਹੈ। ਪ੍ਰਭਾਵੀ ਤਰੀਕਿਆਂ ਵਿੱਚ ਕਾਉਂਸਲਿੰਗ ਅਤੇ ਨਿਕੋਟਿਨ ਰਿਪਲੇਸਮੈਂਟ ਥਰੈਪੀ ਜਿਵੇਂ ਨਿਕੋਟੀਨ ਪੈਚ ਆਦਿ ਵੀ ਹਨ।
ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਣ ਲਈ ਸੁਝਾਅ:
ਡਾਕਟਰ ਦੇ ਕੋਲ ਨਿਯਮਿਤ ਚੈੱਕਅੱਪ ਦੇ ਲਈ ਜਾਵੋ ਕਿਉਂਕਿ ਕੈਂਸਰ ਦਾ ਇਲਾਜ ਹੋ ਸਕਦਾ ਹੈ, ਜੇ ਉਹ ਪਹਿਲੇ ਚਰਣ ਵਿੱਚ ਹੀ ਪਕੜ ਵਿੱਚ ਆ ਜਾਵੇ। ਜੇ ਨੁਕਸਾਨ ਨਹੀਂ ਵੀ ਹੋਇਆ ਤਾਂ ਵੀ ਤੰਬਾਕੂ ਛੱਡਣਾ ਹੀ ਠੀਕ ਹੈ ਕਿਉਂਕਿ ਸ਼ੁਰੂ ਵਿੱਚ ਛੱਡਣਾ ਆਸਾਨ ਹੈ, ਬਾਅਦ ਵਿੱਚ ਲਤ ਲੱਗ ਜਾਂਦੀ ਹੈ ਤਾਂ ਛੱਡਣ ਵਿੱਚ ਕਠਿਨਾਈ ਆਉਂਦੀ ਹੈ।
ਤੰਬਾਕੂ ਦੀ ਮਾਤਰਾ ਘੱਟ ਕਰਨ ਲਈ ਕੁਝ ਸੁਝਾਅ:
ਤੁਸੀਂ ਕਿੰਨੀ ਮਾਤਰਾ ਵਿੱਚ ਤੰਬਾਕੂ ਲੈ ਰਹੇ ਹੋ ਇਸਦਾ ਰਿਕਾਰਡ ਰੱਖੋ।
ਸਿਰਫ ਇੱਕ ਵਾਰੀ ਲੈਣ ਜਿੰਨਾ ਹੀ ਤੰਬਾਕੂ ਖਰੀਦੋ।
ਹਰ ਸਿਗਰਟ ਦੇ ਤੁਸੀਂ ਜਿੰਨੇ ਸੂਟੇ ਖਿੱਚਦੇ ਹੋ, ਉਨ੍ਹਾਂ ਦੀ ਗਿਣਤੀ ਘਟਾਓ।
ਸਿਗਰਟ-ਬੀੜੀ ਪੀਂਦੇ ਹੋਏ ਸੂਟਾ ਗਹਿਰਾ ਨਾ ਲਵੋ।
ਤੰਬਾਕੂ ਲੈਣ ਦੀ ਇੱਛਾ ਨੂੰ ਕਿਵੇਂ ਸੰਭਾਲੀਏ:
ਯਾਦ ਰੱਖੋ ਤੰਬਾਕੂ ਲੈਣ ਦੀ ਇੱਛਾ ਸਿਰਫ 5-10 ਮਿੰਟ ਜ਼ਿਆਦਾ ਰਹਿੰਦੀ ਹੈ, ਫਿਰ ਘੱਟਦੀ ਜਾਂਦੀ ਹੈ।
ਉਸ ਸਮੇਂ ਚਬਾਉਣ ਵਾਲੀ ਚਿੰਗਮ, ਟਾਫੀ, ਪੇਪਰਾਮਿੰਟ ਲਵੋ ਜਾਂ ਪਾਣੀ ਦਾ ਗਲਾਸ ਪੀ ਲਵੋ।
ਪ੍ਰਾਣਾਯਾਮ - ਸੁਦਰਸ਼ਨ ਕਿਰਿਆ ਦਾ ਅਭਿਆਸ ਕਰੋ।
ਕੋਈ ਕੰਮ ਕਰਕੇ ਜਾਂ ਕਿਸੇ ਨਾਲ ਗੱਲਬਾਤ ਕਰਕੇ ਆਪਣਾ ਧਿਆਨ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕਰੋ।
ਤੰਬਾਕੂ ਨਾਲ ਸੰਬੰਧਿਤ ਚੀਜ਼ਾਂ ਜਿਵੇਂ ਕਿ ਐੱਸ਼-ਟਰੇ ਆਦਿ ਆਪਣੇ ਘਰ ਅਤੇ ਕੰਮ ਕਰਨ ਵਾਲੀ ਜਗਾ ਤੋਂ ਹਟਾਓ।
ਜੇ ਨਹੀਂ ਤੰਬਾਕੂ ਛੱਡਿਆ ਜਾਂਦਾ ਤਾਂ ਨਿਰਾਸ਼ ਨਾ ਹੋਵੋ, ਫਿਰ ਤੋਂ ਕੋਸ਼ਿਸ਼ ਕਰੋ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਟਾਫ, ਤੰਬਾਕੂ ਸੈਸਈਸ਼ੇਨ ਸੈੱਲ ਜਾਂ ਨਸ਼ਾ ਛੁਡਾਓ ਕੇਂਦਰ ਨਾਲ ਸੰਪਰਕ ਕਰੋ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5011)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)