“ਮਾਨਸਿਕ ਸਿਹਤ ਵੀ ਮਹਿਜ਼ ਸਰੀਰਕ ਸਿਹਤ ਦੀ ਤਰ੍ਹਾਂ ਹੀ ਹੁੰਦੀ ਹੈ। ਇਸਦਾ ਧਿਆਨ ਰੱਖਣਾ ਵੀ ...”
(23 ਮਾਰਚ 2023)
ਮਾਨਸਿਕ ਰੋਗਾਂ ਤੋਂ ਅਜੇ ਵੀ ਜ਼ਿਆਦਾਤਾਰ ਲੋਕ ਅਣਜਾਣ ਹਨ ਅਤੇ ਇਸੇ ਕਾਰਨ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ ਕੁਝ ਸਾਲਾਂ ਤੋਂ ਮਾਨਸਿਕ ਸਿਹਤ ਲਈ ਵਿਸ਼ੇਸ਼ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ। ਮਾਨਸਿਕ ਸਿਹਤ ਵਿੱਚ ਵਿਗਾੜ (ਡਿਪਰੈਸ਼ਨ) ਦੇ ਕਾਰਨ ਅਨੇਕਾਂ ਹੀ ਲੋਕ ਛੋਟੀ ਉਮਰੇ ਹੀ ਖੁਦਕੁਸ਼ੀ ਦਾ ਰਸਤਾ ਚੁਣ ਲੈਂਦੇ ਹਨ ਅਤੇ ਸਾਡੇ ਦੇਸ਼ ਵਿੱਚ ਮਨੋਰੋਗੀਆਂ ਦੀ ਗਿਣਤੀ ਦਿਨੋਂ-ਦਿਨ ਵਧਦੀ ਹੀ ਜਾ ਰਹੀ ਹੈ। ਮਾਨਸਿਕ ਸਿਹਤ ਕਿਸੇ ਵੀ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਸੀਂ ਕਿਵੇਂ ਸੋਚਦੇ ਹਾਂ, ਅਸੀਂ ਕਿਵੇਂ ਮਹਿਸੂਸ ਕਰਦੇ ਹਾਂ, ਜੀਵਨ ਕਿਵੇਂ ਜਿਊਣਾ ਹੈ ਅਤੇ ਜੀਵਨ ਦੀਆਂ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਨਾ ਹੈ ਜਾਂ ਕਿਵੇਂ ਉਨ੍ਹਾਂ ਦਾ ਸਾਹਮਣਾ ਕਰਨਾ ਹੈ, ਇਹ ਸਭ ਸਾਡੀ ਮਾਨਸਿਕ ਸਿਹਤ ਦੇ ਪੱਧਰ ਨੂੰ ਨਿਰਧਾਰਤ ਕਰਦੀਆਂ ਹਨ। ਸਾਡਾ ਭਾਵਨਾਤਮਕ ਸੰਤੁਲਨ, ਮਨੋਵਿਗਿਆਨਕ ਪੱਧਰ ਦੇ ਨਾਲ ਨਾਲ ਸਮਾਜਕ ਤੰਦਰੁਸਤੀ ਵੀ ਸ਼ਾਮਲ ਹੁੰਦੀ ਹੈ। ਸਾਡੀ ਮਾਨਸਿਕ ਸਿਹਤ ਇਹ ਨਿਰਧਾਰਤ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ ਕਿ ਅਸੀਂ ਦਿਮਾਗੀ ਦਬਾਅ-ਤਣਾਅ ਨਾਲ ਕਿਵੇਂ ਨਜਿੱਠਦੇ ਹਾਂ ਅਤੇ ਜੀਵਨ ਵਿੱਚ ਸੰਤੁਲਨ ਕਿਵੇਂ ਬਣਾਈ ਰੱਖਦੇ ਹਾਂ। ਬਚਪਨ ਤੋਂ ਲੈ ਕੇ ਜਵਾਨੀ, ਜਵਾਨੀ ਤੋਂ ਬੁਢਾਪੇ ਤਕ ਜੀਵਨ ਦੇ ਹਰ ਪੜਾਅ ਵਿੱਚ ਮਾਨਸਿਕ ਸਿਹਤ ਮਹੱਤਵਪੂਰਨ ਹੈ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਮਾਨਸਿਕ ਤਣਾਅ ਕਈ ਬਿਮਾਰੀਆਂ ਦਾ ਜਨਮਦਾਤਾ ਹੈ।
ਸੋਚ, ਮਹਿਸੂਸ ਕਰਨ ਅਤੇ ਵਿਵਹਾਰ ਵਿੱਚ ਬਦਲਾਵ ਕਰਨ ਵਾਲੇ ਰੋਗ ਨੂੰ ਮਾਨਸਿਕ ਰੋਗ, ਮਤਲਬ ਮਨ ਦਾ ਰੋਗ ਕਹਿੰਦੇ ਹਨ।
ਮਾਨਸਿਕ ਰੋਗ ਦੀਆਂ ਕਿਸਮਾਂ:
ਰੋਗੀ ਅਸਲੀਅਤ ਅਤੇ ਕਲਪਨਾ ਵਿੱਚ ਫਰਕ ਨਹੀਂ ਕਰ ਪਾਉਂਦਾ ਅਤੇ ਜਿਸ ਤਰੀਕੇ ਨਾਲ ਵਿਵਹਾਰ ਕਰਦਾ ਹੈ, ਜਿਵੇਂ ਇਕੱਲੇ ਗੱਲਾਂ ਕਰਨਾ, ਸ਼ੱਕ ਕਰਨਾ, ਆਪਣਾ ਖਿਆਲ ਨਾ ਰੱਖਣਾ ਅਤੇ ਜਵਲੀਆਂ ਮਾਰਨਾ। ਰੋਗੀ ਇੱਕ ਜਾਂ ਇੱਕ ਤੋਂ ਵੱਧ ਪ੍ਰਕਾਰ ਦੇ ਸ਼ੱਕ ਦੇ ਰੋਗਾਂ ਵਿੱਚ ਘਿਰ ਜਾਂਦਾ ਹੈ। ਇਸ ਦੌਰਾਨ ਉਹ ਕਈ ਵਾਰ ਲੋਕਾਂ ਤੋਂ ਡਰਦਾ ਹੈ ਅਤੇ ਕਦੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ।
ਰੋਗੀ ਨੂੰ ਕਦੇ ਉਦਾਸੀ ਅਤੇ ਕਦੇ ਤੇਜ਼ੀ ਜਾਂ ਵਾਰ-ਵਾਰ ਤੇਜ਼ੀ ਦਾ ਮਨੋਰੋਗ ਹੋ ਸਕਦਾ ਹੈ।
ਮਨ ਦੀ ਉਦਾਸੀ, ਇੱਛਾ ਦਾ ਘਟਣਾ, ਮਨੋਵਿਸ਼ਵਾਸ ਦਾ ਘਟਣਾ, ਜਲਦੀ ਥਕਾਵਟ ਹੋਣਾ ਅਤੇ ਭੁੱਖ ਵਿੱਚ ਬਦਲਾਵ, ਪਛਤਾਵੇ ਦੇ ਵਿਚਾਰ ਅਤੇ ਆਤਮ ਹੱਤਿਆ ਕਰਨ ਬਾਰੇ ਵਿਚਾਰ ਜਾਂ ਕੋਸ਼ਿਸ਼ ਕਰਨਾ ਆਦਿ। ਅਜਿਹੇ ਲੱਛਣ ਦੋ ਹਫਤੇ ਤੋਂ ਸਧੇਰੇ ਸਮਾਂ ਰਹਿਣ ਤਾਂ ਇਸ ਨੂੰ ਉਦਾਸੀ ਦੀ ਬਿਮਾਰੀ ਕਿਹਾ ਜਾਂਦਾ ਹੈ।
ਬਹੁਤ ਜ਼ਿਆਦਾ ਖੁਸ਼ ਰਹਿਣਾ ਜਾਂ ਚਿੜਚਿੜਾਪਣ ਰਹਿਣਾ, ਲੋੜ ਤੋਂ ਜ਼ਿਆਦਾ ਗੱਲਾਂ ਕਰਨੀਆਂ, ਪੈਸਾ ਖਰਚਣਾ, ਵੱਡੀਆਂ-ਵੱਡੀਆਂ ਗੱਲਾਂ ਕਰਨਾ, ਨੀਂਦ ਦੀ ਘੱਟ ਲੋੜ ਮਹਿਸੂਸ ਕਰਨਾ, ਕੰਮ ਵਿੱਚ ਕਮੀ ਹੈ, ਵਰਗੇ ਅਜਿਹੇ ਲੱਛਣ ਇੱਕ ਹਫਤੇ ਤੋਂ ਲੰਮਾ ਸਮਾਂ ਰਹਿਣ ਤਾਂ ਉਸ ਨੂੰ ਉਦਾਸੀ ਦਾ ਰੋਗ ਕਿਹਾ ਜਾਂਦਾ ਹੈ।
ਬਿਨਾਂ ਕਿਸੇ ਕਾਰਨ ਬਾਰ-ਬਾਰ ਦਿਲ ਦੀ ਧੜਕਣ ਵਧਣਾ, ਤ੍ਰੇਲੀਆਂ ਆਉਣਾ, ਸਾਹ ਘੁੱਟਣਾ, ਚੱਕਰ ਆਉਣੇ, ਘਬਰਾਹਟ ਹੋਣਾ ਆਦਿ ਵੀ ਇਸੇ ਰੋਗ ਦੇ ਲੱਛਣ ਹਨ।
ਅਣਚਾਹੇ ਵਿਚਾਰ ਅਤੇ ਮਜਬੂਰਨ ਹਰਕਤਾਂ ਵੱਲ ਝੁਕਾਓ, ਕੰਮ ਪੂਰਾ ਨਾ ਹੋਣ ਦੇ ਭੁਲੇਖੇ ਆਦਿ ਸਬੰਧੀ ਮਨ ਵਿੱਚ ਅਣਚਾਹੇ ਵਿਚਾਰ ਆਉਣਾ, ਜਿਵੇਂ ਵੱਧ ਸਫਾਈ ਲਈ ਵਾਰ-ਵਾਰ ਹੱਥ ਧੋਣਾ ਜਾਂ ਹੋਰ ਚੀਜ਼ਾਂ, ਤਾਲੇ, ਗੈਸ-ਚੁੱਲ੍ਹਾ ਚੈੱਕ ਕਰਨਾ ਆਦਿ ਮਾਨਸਿਕ ਵਿਕਾਰ ਦੀਆਂ ਨਿਸ਼ਾਨੀਆਂ ਹਨ।
ਠੀਕ ਹੋਣ ਦੇ ਬਾਵਜੂਦ ਵੀ ਰੋਗੀ ਵਾਰ-ਵਾਰ ਲੰਮੇ ਸਮੇਂ ਤੋਂ ਸਰੀਰ ਦੇ ਵੱਖਰੇ-ਵੱਖਰੇ ਹਿੱਸੇ ਵਿੱਚ ਦਰਦਾਂ ਦੀ ਸ਼ਿਕਾਇਤ ਕਰਦਾ ਹੈ। ਯਾਦਦਾਸ਼ਤ ਘਟਣਾ, ਸਰੀਰ ਦੇ ਕਿਸੇ ਅੰਗ ਦੇ ਸਹੀ ਤਰ੍ਹਾਂ ਕੰਮ ਨਾ ਕਰਨਾ ਅਤੇ ਗਭਰਾਹਟ ਤੋਂ ਉਤਪਨ ਦੌਰੇ ਆਦਿ ਸ਼ਾਮਿਲ ਹਨ। ਰੋਗੀ ਵਿੱਚ ਵਾਰ-ਵਾਰ ਨਸ਼ੇ ਕਰਨ ਦੀ ਤੀਬਰ ਇੱਛਾ, ਨਸ਼ੇ ਦੀ ਘਾਟ ਕਾਰਨ ਸਰੀਰ ਵਿੱਚ ਤੋੜਾਂ ਪੈਣੀਆਂ, ਨਸ਼ੇ ਉੱਤੇ ਮਾਨਸਿਕ ਨਿਰਭਰਤਾ, ਆਪਣੇ ਆਪ ਉੱਤੇ ਕੰਟਰੋਲ ਘਟਣਾ, ਸਰੀਰ ਨੂੰ ਨੁਕਸਾਨ ਹੋਣ ਦੇ ਬਾਵਜੂਦ ਵੀ ਨਸ਼ੇ ਦੀ ਵਰਤੋਂ ਕਰਨਾ, ਬੁਢਾਪੇ ਦੌਰਾਨ ਲਗਾਤਾਰ ਘੱਟੋ-ਘੱਟ ਛੇ ਮਹੀਨੇ ਤੋਂ ਯਾਦਦਾਸ਼ਤ ਦਾ ਕਮਜ਼ੋਰ ਹੋਣਾ, ਖਾਣਾ ਖਾਣਾ, ਕੱਪੜੇ ਪਾਉਣਾ, ਨਹਾਉਣਾ, ਰੋਜ਼ਾਨਾ ਦੇ ਕੰਮ ਕਰਨਾ ਆਦਿ ਭੁੱਲਣਾ ਇਸ ਰੋਗ ਦੀਆਂ ਨਿਸ਼ਾਨੀਆਂ ਹਨ।
ਅਚਾਨਕ ਦਿਮਾਗ ਵਿੱਚ ਕੁਝ ਗੜਬੜ ਹੋਣ ਨਾਲ ਦੌਰੇ ਪੈਣੇ, ਜਿਸ ਦੌਰਾਨ ਮਰੀਜ਼ ਦਾ ਸੰਤੁਲਨ ਪੂਰੀ ਤਰ੍ਹਾਂ ਵਿਗੜ ਜਾਂਦਾ ਹੈ ਅਤੇ ਮਰੀਜ਼ ਨੂੰ ਸੱਟ-ਫੇਟ ਲੱਗਣ ਦਾ ਵੀ ਖਤਰਾ ਰਹਿੰਦਾ ਹੈ, ਪੂਰਨ ਬੇਹੋਸ਼ੀ, ਅਚਾਨਕ ਡਿਗ ਜਾਣਾ ਅਤੇ ਝਟਕੇ ਲੱਗਣਾ ਆਦਿ ਮੁੱਖ ਲੱਛਣ ਹਨ।
ਬੱਚਿਆਂ ਵਿੱਚ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ:
ਕੁਝ ਬੱਚਿਆਂ ਵਿੱਚ 18 ਸਾਲ ਤੋਂ ਪਹਿਲਾਂ ਤਕ ਬੁੱਧੀ ਦਾ ਵਿਕਾਸ ਆਮ ਬੱਚਿਆਂ ਤੋਂ ਘੱਟ ਹੁੰਦਾ ਹੈ ਪਰ ਇਸ ਨੂੰ ਮਾਨਸਿਕ ਵਿਕਾਰ ਨਹੀਂ ਕਿਹਾ ਜਾਂਦਾ। ਬੱਚੇ ਦੀ ਬੁਧੀ ਦਾ ਵਿਕਾਸ ਆਮ ਬੱਚੇ ਵਾਂਗ ਨਾਰਮਲ ਹੈ ਪਰ ਸਿਰਫ ਪੜ੍ਹਨ, ਹਿਸਾਬ ਲਿਖਣ ਵਿੱਚ ਕਮਜ਼ੋਰ ਬੱਚੇ ਜੋ ਲਿਖਣ ਵਿੱਚ ਕਮਜ਼ੋਰ ਹੁੰਦੇ ਹਨ, ਮਾਨਸਿਕ ਵਿਕਾਰ ਵਿੱਚ ਆਉਂਦੇ ਹਨ
5 ਸਾਲ ਤਕ ਦੇ ਬੱਚੇ ਵਿੱਚ ਇਸ ਤਰ੍ਹਾਂ ਦੇ ਵਿਕਾਰ ਦੇ ਲੱਛਣ ਜਿਵੇਂ ਇੱਕ ਜਗਾਹ ਟਿਕ ਕੇ ਨਾ ਬੈਠਣਾ, ਬਗੈਰ ਕਿਸੇ ਕਾਰਨ ਉਛਲਦੇ ਰਹਿਣਾ ਅਤੇ ਚੀਜ਼ਾਂ ਨਾਲ ਛੇੜਛਾੜ ਕਰਦੇ ਰਹਿਣਾ।
ਬੱਚਿਆਂ ਦਾ ਚੋਰੀ ਕਰਨਾ, ਝਗੜਾ ਕਰਨਾ, ਝੂਠ ਬੋਲਣਾ, ਨਿਯਮ ਤੋੜਨਾ, ਪੜ੍ਹਾਈ ਵਿੱਚ ਕਮਜ਼ੋਰੀ, ਸਕੂਲ ਵਿੱਚੋਂ ਭੱਜ ਜਾਣਾ, ਸਾਫ ਨਾ ਬੋਲਣਾ, ਬਿਸਤਰੇ ਵਿੱਚ ਪਿਸ਼ਾਬ ਕਰਨਾ ਆਦਿ ਵੀ ਚਿੰਤਾ ਰੋਗ ਦੇ ਲੱਛਣ ਹੋ ਸਕਦੇ ਹਨ।
ਮਾਨਸਿਕ ਬਿਮਾਰੀ ਦੇ ਕਾਰਨ: ਕਈ ਬੱਚੇ ਤਾਂ ਇਸ ਰੋਗ ਦੇ ਗਰਭ ਸਮੇਂ ਕਿਸੇ ਤਰ੍ਹਾਂ ਦੀ ਇਨਫੈਕਸ਼ਨ-ਅਪਰੇਸ਼ਨ ਵਿੱਚ ਮੁਸ਼ਕਿਲ ਆਦਿ ਕਾਰਨ ਸ਼ਿਕਾਰ ਹੋ ਜਾਂਦੇ ਹਨ। ਬੱਚੇ ਨੂੰ ਜ਼ਰੂਰਤ ਤੋਂ ਜ਼ਿਆਦਾ ਝਿੜਕਣਾ ਜਾਂ ਮਾਰਨ ਕੁੱਟਣ ਜਾਂ ਸਖਤ ਸਜ਼ਾ ਦੇਣ ਨਾਲ ਕਈ ਵਾਰ ਬੱਚਾ ਸਹਿਮ ਜਾਂਦਾ ਹੈ ਤੇ ਦਿਮਾਗੀ ਸੰਤੁਲਨ ਵਿਗੜ ਜਾਂਦਾ ਹੈ। ਦੂਸਰੇ ਬੱਚਿਆਂ ਦੇ ਸਾਹਮਣੇ ਕਿਸੇ ਵੱਲੋਂ ਬੱਚੇ ਨੂੰ ਨੀਵਾਂ ਦਿਖਾਉਂਦੇ ਰਹਿਣਾ, ਬੇਇੱਜ਼ਤੀ ਕਰਨੀ ਜਿਸ ਨਾਲ ਬੱਚਾ ਅੰਦਰ ਹੀ ਅੰਦਰ ਮਾਨਸਿਕ ਚਿੰਤਾ ਦਾ ਸ਼ਿਕਾਰ ਹੋ ਜਾਂਦਾ ਹੈ। ਬੱਚੇ ਨੂੰ ਛੋਟੀ ਉਮਰ ਵਿੱਚ ਕਿਸੇ ਦੁਰਘਟਨਾ ਜਾਂ ਪਰਿਵਾਰਕ ਮੈਂਬਰ ਦੀ ਮੌਤ ਆਦਿ ਸਬੰਧੀ ਕੋਈ ਸਦਮਾ ਲੱਗਣ ਨਾਲ ਵੀ ਮਾਨਸਿਕ ਵਿਗਾੜ ਹੋ ਸਕਦਾ ਹੈ। ਅੱਜਕੱਲ ਤਾਂ ਬੱਚੇ ਪੁੱਠੀਆ-ਸਿੱਧੀਆਂ ਇਲੈਕਟ੍ਰੌਨਿਕ ਖੇਡਾਂ ਖੇਡਣ ਅਤੇ ਵੀਡੀਓ ਵੇਖਣ ਨਾਲ ਹੀ ਦਿਮਾਗੀ ਸੰਤੁਲਨ ਗਵਾ ਬੈਠਦੇ ਹਨ।
ਇਲਾਜ: ਮਾਨਸਿਕ ਰੋਗਾਂ ਦਾ ਇਲਾਜ ਮਰੀਜ਼ ਦੀ ਮਾਨਸਿਕ ਅਵਸਥਾ ’ਤੇ ਨਿਰਭਰ ਕਰਦਾ ਹੈ। ਦਵਾਈਆਂ ਰਾਹੀਂ ਜਾਂ ਸਲਾਹ ਮਸ਼ਵਰੇ, ਵਿਸਥਾਰ ਵਿੱਚ ਗੱਲਬਾਤ ਨਾਲ ਕੀਤੀ ਜਾ ਸਕਦੀ ਹੈ। ਮਾਨਸਿਕ ਰੋਗਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਮਨੋਰੋਗ ਮਾਹਿਰ ਅਤੇ ਕੌਂਸਲਰ ਦੀ ਸੁਵਿਧਾ ਉਪਲਬਧ ਹੈ ਅਤੇ ਲੋੜ ਪੈਣ ’ਤੇ ਮਰੀਜ਼ਾਂ ਨੂੰ ਦਾਖਲ ਕਰਨ ਦਾ ਪ੍ਰਬੰਧ ਵੀ ਹੈ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਮਰੀਜ਼ ਦੀ ਸਹੀ ਸਥਿਤੀ ਦੱਸਦਿਆਂ ਉਸਦੀ ਮਾਨਸਿਕਤਾ ਨੂੰ ਸਮਝਣ ਤੇ ਉਸ ਅਨੁਸਾਰ ਸਹੀ ਵਿਵਹਾਰ ਕਰਨ ਦੇ ਤਰੀਕੇ ਵੀ ਸਿਖਾਏ ਜਾਂਦੇ ਹਨ।
ਆਪਣੀ ਮਾਨਸਿਕ ਸਿਹਤ ਨੂੰ ਸੁਧਾਰੋ। ਬਹੁਤ ਸਾਰੇ ਨੁਕਤੇ ਹਨ ਜੋ ਸਾਡੀ ਮਾਨਸਿਕ ਸਿਹਤ ਨੂੰ ਬਿਹਤਰ ਬਣਾ ਸਕਦੇ ਹਨ। ਸਕਾਰਾਤਮਕ ਸੋਚ: ਸਕਾਰਾਤਮਕ ਰਵਈਆ ਅਪਣਾਉਣਾ ਮਹੱਤਵਪੂਰਨ ਹੈ। ਕੁਝ ਤਰੀਕੇ ਜਿਨ੍ਹਾਂ ਦੁਆਰਾ ਤੁਸੀਂ ਅਜਿਹਾ ਕਰਦੇ ਹੋ ਉਹਨਾਂ ਵਿੱਚ ਸਕਾਰਾਤਮਕ ਅਤੇ ਨਕਾਰਾਤਮਕ ਭਾਵਨਾਵਾਂ ਦੇ ਵਿੱਚ ਸੰਤੁਲਨ ਬਣਾਉਣਾ ਸ਼ਾਮਲ ਹੈ। ਨਕਾਰਾਤਮਕ ਭਾਵਨਾਵਾਂ, ਜਿਵੇਂ ਨਿਰਾਸ਼ਾ, ਬੇਇੱਜ਼ਤੀ ਜਾਂ ਗੁੱਸੇ ਨੂੰ ਮਹਿਸੂਸ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਸਥਿਤੀ ਮੁਤਾਬਕ ਮੁਸ਼ਕਲ ਦਾ ਹੱਲ ਵੀ ਕੀਤਾ ਜਾ ਸਕੇ।
ਸ਼ੁਭ ਇੱਛਾਵਾਂ, ਅਹਿਸਾਨ ਅਤੇ ਧੰਨਵਾਦ ਦੀ ਭਾਵਨਾ ਰੱਖੋ। ਜ਼ਿੰਦਗੀ ਵਿੱਚ ਚੰਗੀਆਂ ਚੀਜ਼ਾਂ ਅਤੇ ਮਦਦਗਾਰਾਂ, ਸਹਿਯੋਗੀਆਂ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸ ਨਾਲ ਚੰਗੇ ਵਿਚਾਰ ਅਤੇ ਦੂਸਰਿਆਂ ਨਾਲ ਰਿਸ਼ਤੇ ਮਜ਼ਬੂਤ ਬਣਦੇ ਹਨ। ਦੂਜਿਆਂ ਨਾਲ ਤਾਲਮੇਲ ਅਤੇ ਪਿਆਰ ਬਣਾਓ। ਮਨੁੱਖ ਇੱਕ ਸਮਾਜਕ ਪ੍ਰਾਣੀ ਹੈ ਅਤੇ ਦੂਜਿਆਂ ਨਾਲ ਤਾਲਮੇਲ, ਨਿਰਭਰਤਾ ਅਤੇ ਸਹਿਯੋਗ ਦੀ ਭਾਵਨਾ ਨਾਲ ਭਾਈਚਾਰਕ ਸਾਂਝ, ਦੋਸਤੀ ਅਤੇ ਚੰਗੇ ਸਬੰਧ ਬਣੇ ਰਹਿੰਦੇ ਹਨ ਜਿਸ ਨਾਲ ਜ਼ਿੰਦਗੀ ਖੁਸ਼ਹਾਲ ਰਹਿੰਦੀ ਹੈ। ਮਨ ਵਿੱਚ ਗੁੱਸਾ-ਗਿਲਾ ਅਤੇ ਕਿਸੇ ਪ੍ਰਤੀ ਹੀਣ ਭਾਵਨਾ ਪੈਦਾ ਨਹੀਂ ਹੁੰਦੀ ਅਤੇ ਨਤੀਜੇ ਵਜੋਂ ਮਾਨਸਿਕ ਸਿਹਤ ਤੰਦਰੁਸਤ ਰਹਿੰਦੀ ਹੈ।
ਮਾਨਸਿਕ ਸਿਹਤ ਦਾ ਸਿੱਧਾ ਸਬੰਧ ਜੀਵਨ ਦੀ ਗੁਣਵੱਤਾ ਨਾਲ ਹੈ, ਇਸ ਲਈ ਮਾਨਸਿਕ ਸਿਹਤ ਵੱਲ ਧਿਆਨ ਦੇਣਾ ਸਮੇਂ ਦੀ ਲੋੜ ਹੈ। ਮਾਨਸਿਕ ਸਿਹਤ ਵੀ ਮਹਿਜ਼ ਸਰੀਰਕ ਸਿਹਤ ਦੀ ਤਰ੍ਹਾਂ ਹੀ ਹੁੰਦੀ ਹੈ। ਇਸਦਾ ਧਿਆਨ ਰੱਖਣਾ ਵੀ ਉੰਨਾ ਹੀ ਜ਼ਰੂਰੀ ਹੈ ਜਿੰਨਾ ਸਰੀਰਕ ਸਿਹਤ ਦਾ। ਸਰੀਰਕ ਅਤੇ ਮਾਨਸਿਕ ਸਿਹਤ ਆਪਸ ਵਿੱਚ ਜੁੜੀਆਂ ਹੋਈਆਂ ਹਨ ਅਤੇ ਦੋਵਾਂ ਦਾ ਧਿਆਨ ਰੱਖਣ ਦੇ ਕੁਝ ਤਰੀਕੇ ਇਸ ਤਰ੍ਹਾਂ ਹਨ:
ਸਰੀਰਕ ਤੌਰ ’ਤੇ ਕਿਰਿਆਸ਼ੀਲ ਹੋਣਾ - ਕਸਰਤ ਮਾਨਸਿਕ ਪ੍ਰੇਸ਼ਾਨੀ, ਚਿੰਤਾ-ਤਣਾਅ ਅਤੇ ਉਦਾਸੀ ਦੀਆਂ ਭਾਵਨਾਵਾਂ ਨੂੰ ਕਾਫੀ ਹੱਦ ਤਕ ਘਟਾ ਸਕਦੀ ਹੈ ਅਤੇ ਤੁਹਾਡੇ ਮੂਡ ਵਿੱਚ ਸੁਧਾਰ ਹੋ ਸਕਦਾ ਹੈ। ਕਸਰਤ ਕਰਨ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਸਰੀਰ ਨੂੰ ਪਸੀਨਾ ਆਉਂਦਾ ਹੈ, ਲਹੂ ਚੱਕਰ ਸਹੀ ਹੋ ਜਾਂਦਾ ਹੈ। ਵਾਧੂ ਕੈਲੋਰੀਆਂ ਸਾੜਦੀਆਂ ਹਨ, ਚਰਬੀ ਘਟਦੀ ਹੈ, ਜਿਸ ਨਾਲ ਕੋਲੈਸਟ੍ਰੋਲ ਦੀ ਕੋਈ ਸਮੱਸਿਆ ਨਹੀਂ ਹੁੰਦੀ, ਭਾਰ ਸੰਤੁਲਿਤ ਰਹਿੰਦਾ ਹੈ। ਸਰੀਰ ਅਤੇ ਦਿਮਾਗ ਨੂੰ ਤਰੋ-ਤਾਜ਼ਾ ਰੱਖਣ ਲਈ ਸਰੀਰਕ ਗਤੀਵਿਧੀਆਂ ਜ਼ਰੂਰੀ ਹਨ। ਦਿਲ ਅਤੇ ਦਿਮਾਗ ਨਾਲ ਤੰਦਰੁਸਤ ਰਹਿੰਦੇ ਹਨ। ਪਾਚਣ ਕਿਰਿਆ ਠੀਕ ਰਹਿੰਦੀ ਹੈ ਅਤੇ ਸਰੀਰਕ ਇਮਿਊਨਟੀ ਮਜ਼ਬੂਤ ਬਣੀ ਰਹਿੰਦੀ ਹੈ। ਸਰੀਰ ਅਰੋਗ ਰਹਿੰਦਾ ਹੈ। ਬੱਚਿਆਂ ਨੂੰ ਮੋਬਾਇਲ ਤੋਂ ਦੂਰ ਕਰਨ ਦੀ ਲੋੜ ਹੈ। ਬੱਚਿਆਂ ਨੂੰ ਵੀ ਸਰੀਰਕ ਸਰਗਰਮੀਆਂ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।
ਚੰਗੀ ਨੀਂਦ ਲੈਣਾ ਲਾਹੇਵੰਦ – ਨੀਂਦ ਤੁਹਾਡੇ ਮੂਡ ਨੂੰ ਪ੍ਰਭਾਵਿਤ ਕਰਦੀ ਹੈ। ਜੇ ਚੰਗੀ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਚਿੜਚਿੜੇ ਹੋ ਜਾਂਦੇ ਹੋ ਅਤੇ ਗੁੱਸੇ ਵਿੱਚ ਵਧੇਰੇ ਅਸਾਨੀ ਨਾਲ ਆ ਸਕਦੇ ਹੋ। ਜੇ ਕਾਫੀ ਬੰਦਾ ਲੰਮੇ ਸਮੇਂ ਤਕ ਅਨੀਂਦਰਾ ਰਹੇ ਤਾਂ ਮਾਨਸਿਕ ਸਿਹਤ ਖਰਾਬ ਹੋ ਸਕਦੀ ਹੈ। ਡਿਪਰੈਸ਼ਨ ਦਾ ਡਰ ਬਣ ਸਕਦਾ ਹੈ। ਇਸ ਲਈ ਇਹ ਕੋਸ਼ਿਸ਼ ਕਰੋ ਕਿ ਤੁਸੀਂ ਨਿਯਮਿਤ ਤੌਰ ’ਤੇ ਹਰ ਰੋਜ਼ ਰਾਤ ਨੂੰ 6 ਤੋਂ 8 ਘੰਟਿਆਂ ਦੀ ਨੀਂਦ ਲਓ।
ਸੰਤੁਲਿਤ ਭੋਜਨ: ਤੁਹਾਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਤੋਂ ਇਲਾਵਾ, ਚੰਗਾ ਪੋਸ਼ਣ ਤੁਹਾਡੀ ਮਾਨਸਿਕ ਸਥਿਤੀ ਨੂੰ ਬਿਹਤਰ ਸਥਿਤੀ ਵਿੱਚ ਰੱਖਣ ਵਿੱਚ ਵੀ ਸਹਾਇਤਾ ਕਰਦਾ ਹੈ। ਸੰਤੁਲਿਤ ਖੁਰਾਕ ਚਿੰਤਾ ਅਤੇ ਤਣਾਅ ਨੂੰ ਘਟਾ ਸਕਦੀ ਹੈ।
ਯੋਗ ਆਸਨ ਅਤੇ ਸਾਹ ਕਿਰਿਆਵਾਂ - ਦਿਮਾਗ ਅਤੇ ਸਰੀਰ ਨੂੰ ਬਿਹਤਰ ਰੱਖਣ ਵਿੱਚ ਵੱਖ-ਵੱਖ ਯੋਗ ਆਸਨ, ਪ੍ਰਾਣਾਯਾਮ ਅਤੇ ਸੁਦਰਸ਼ਨ ਕਿਰਿਆ ਦੀ ਚੰਗੀ ਭੂਮਿਕਾ ਹੈ। ਮਾਨਸਿਕ ਮਾਹਿਰ ਅਤੇ ਮੈਡੀਕਲ ਵਿਗਿਆਨੀ ਵੀ ਇਹਨਾਂ ਪ੍ਰਕਿਰਿਆਵਾਂ ਨੂੰ ਅਮਲ ਵਿੱਚ ਲਿਆਉਣ ਲਈ ਲੋਕਾਂ ਨੂੰ ਸਲਾਹ ਦਿੰਦੇ ਹਨ। ਸੰਤੁਸ਼ਟ ਰਹੋ, ਖੁਸ਼ ਰਹੋ ਅਤੇ ਦੂਜਿਆਂ ਨੂੰ ਦੇਖਕੇ ਈਰਖਾ ਦੀ ਭਾਵਨਾ ਤੋਂ ਬਚੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3867)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)