“ ... ਬੋਲੇਪਣ ਦੇ ਸ਼ਿਕਾਰ ਵਿਅਕਤੀ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ। ਉਸ ਨਾਲ ...”
(10 ਮਾਰਚ 2024)
ਇਸ ਸਮੇਂ ਪਾਠਕ: 360.
ਬੋਲਾਪਣ ਅਤੇ ਸੁਣਨ ਦੀ ਕਮਜ਼ੋਰੀ ਲੋਕਾਂ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕਰ ਸਕਦੀ ਹੈ। ਇਸ ਨੂੰ ਸੁਣਨ ਦੀ ਅਯੋਗਤਾ ਵੀ ਕਿਹਾ ਜਾਂਦਾ ਹੈ। ਵਿਸ਼ਵ ਪੱਧਰ ਤੇ ਸੁਣਨ ਸ਼ਕਤੀ ਘਟ ਜਾਣ ਦੀ ਸਮੱਸਿਆ ਤੋਂ ਵੱਧ ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਲਈ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਹਰ ਸਾਲ 3 ਮਾਰਚ ਨੂੰ “ਵਿਸ਼ਵ ਸੁਣਨ ਸ਼ਕਤੀ ਸਬੰਧੀ ਦਿਵਸ” ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਸਥਾ ਮੁਤਾਬਕ 2050 ਤੱਕ ਲਗਭਗ 2.5 ਬਿਲੀਅਨ ਲੋਕਾਂ ਨੂੰ ਸੁਣਨ ਸ਼ਕਤੀ ਦੇ ਕੁਝ ਹਦ ਤੱਕ ਨੁਕਸਾਨ ਹੋਣ ਦਾ ਅਨੁਮਾਨ ਹੈ ਅਤੇ ਘੱਟੋ-ਘੱਟ 7 ਸੌ ਮਿਲੀਅਨ ਨੂੰ ਸੁਣਨ ਦੇ ਪੁਨਰਵਾਸ ਦੀ ਲੋੜ ਹੋਵੇਗੀ। ਜੇ ਅੱਜ ਦੀ ਗੱਲ ਕਰੀਏ ਤਾਂ ਅੰਕੜਿਆਂ ਅਨੁਸਾਰ ਵਿਸ਼ਵ ਪੱਧਰ ’ਤੇ ਲਗਭਗ 1.5 ਬਿਲੀਅਨ ਲੋਕ ਬੋਲੇਪਣ ਜਾਂ ਸੁਣਨ ਸ਼ਕਤੀ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਇਸ ਸਮੱਸਿਆ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ, ਜਿਸ ਕਾਰਨ ਇਸ ਸਮੱਸਿਆ ਦਾ ਪਤਾ ਲੱਗਣ ਵਿੱਚ ਦੇਰੀ ਹੋ ਜਾਂਦੀ ਹੈ।
ਉੱਚੀ ਆਵਾਜ਼ ਸੁਣਨਾ ਅਤੇ ਵਧਦਾ ਸ਼ੋਰ ਪ੍ਰਦੂਸ਼ਣ ਸੁਣਨ ਸ਼ਕਤੀ ਦੇ ਕਮਜ਼ੋਰ ਜਾਂ ਖਰਾਬ ਹੋਣ ਦੇ ਮੁੱਖ ਕਾਰਨਾਂ ਵਿੱਚੋਂ ਇਕ ਦੱਸਿਆ ਗਿਆ ਹੈ। ਬੋਲੇਪਣ ਦੇ ਮਾਮਲਿਆਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਵਿਸ਼ਵ ਸਿਹਤ ਸੰਗਠਨ ਨੇ ਸਾਲ 2007 ਵਿੱਚ ਅੰਤਰਰਾਸ਼ਟਰੀ ਕੰਨ ਦੇਖਭਾਲ ਦਿਵਸ ਦਾ ਆਯੋਜਨ ਕੀਤਾ ਸੀ ਤਾਂ ਜੋ ਲੋਕਾਂ ਵਿੱਚ ਸੁਣਨ ਦੀਆਂ ਸਮੱਸਿਆਵਾਂ ਅਤੇ ਇਸ ਨਾਲ ਸਬੰਧਤ ਕਾਰਕਾਂ ਬਾਰੇ ਸੁਚੇਤ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਉਪਰਾਲੇ ਕੀਤੇ ਜਾ ਸਕਣ। ਬਾਅਦ ਵਿੱਚ 2016 ਵਿੱਚ ਇਸ ਦਿਨ ਦਾ ਨਾਂ ਬਦਲ ਕੇ ਵਿਸ਼ਵ ਸੁਣਨ ਦਿਵਸ ਰੱਖਿਆ ਗਿਆ।
ਜਾਗਰੂਕਤਾ ਦੀ ਘਾਟ ਅਤੇ ਸਮੇਂ ’ਤੇ ਸਹੀ ਜਾਂਚ ਦੀ ਘਾਟ ਕਾਰਨ ਜ਼ਿਆਦਾਤਰ ਲੋਕ ਅਕਸਰ ਸ਼ੁਰੂਆਤ ਵਿੱਚ ਆਪਣੀ ਸਮੱਸਿਆ ਵੱਲ ਧਿਆਨ ਹੀ ਨਹੀਂ ਦਿੰਦੇ, ਜਿਸ ਕਾਰਨ ਜਾਂਚ ਵਿੱਚ ਹੋਰ ਦੇਰੀ ਹੋ ਜਾਂਦੀ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਸੁਣਨ ਸ਼ਕਤੀ ਦੇ ਨੁਕਸਾਨ ਦੇ ਕਈ ਮਾਮਲਿਆਂ ਵਿੱਚ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਪਤਾ ਲੱਗ ਜਾਂਦਾ ਹੈ ਤਾਂ ਐਡਵਾਂਸ ਸੁਣਨ ਵਾਲੀ ਤਕਨੀਕ ਦੀ ਮਦਦ ਨਾਲ ਨਾ ਸਿਰਫ ਬੱਚੇ ਸਗੋਂ ਵੱਡਿਆਂ ਨੂੰ ਵੀ ਇਸ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ।
ਸਿਹਤ ਵਿਭਾਗ, ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਉਪਰਾਲੇ:
ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸਹੀ ਦਿਸ਼ਾ ਵਿੱਚ ਸਿਹਤ ਵਿਭਾਗ, ਸਰਕਾਰ, ਕਈ ਸਮਾਜਸੇਵੀ ਅਤੇ ਵਿੱਦਿਅਕ ਸੰਸਥਾਵਾਂ ਵੱਲੋਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਬਿਮਾਰੀ ਜਾਂ ਸੱਟ ਦੇ ਕਾਰਨ ਸੁਣਨਯੋਗ ਸ਼ਕਤੀ ਦੇ ਨੁਕਸਾਨ ਨੂੰ ਰੋਕਣਾ, ਸੁਣਨ ਸ਼ਕਤੀ ਦੇ ਨੁਕਸਾਨ ਜਾਂ ਬੋਲੇਪਣ ਲਈ ਜ਼ਿੰਮੇਵਾਰ ਹੋਰ ਕਾਰਕਾਂ ਦਾ ਛੇਤੀ ਪਤਾ ਲਗਾਉਣਾ, ਢੁਕਵਾਂ ਹੱਲ, ਇਲਾਜ ਕਰਨਾ ਅਤੇ ਸੁਣਨ ਸ਼ਕਤੀ ਦੀ ਘਾਟ ਵਾਲੇ ਹਰ ਉਮਰ ਦੇ ਵਿਅਕਤੀਆਂ ਦੇ ਡਾਕਟਰੀ ਪੁਨਰਵਾਸ ਲਈ ਕਾਰਜ ਕਰਨਾ ਹੈ।
ਸੁਣਨ ਸ਼ਕਤੀ ਦੇ ਨੁਕਸਾਨ ਅਤੇ ਬੋਲੇਪਣ ਦੇ ਕਾਰਨ :
ਸੁਣਨ ਸ਼ਕਤੀ ਵਿੱਚ ਕਮੀ ਜਾਂ ਬੋਲੇਪਣ ਵਿਅਕਤੀ ਦੇ ਜੀਵਨ ਕਾਲ ਵਿੱਚ ਵੱਖ-ਵੱਖ ਸਮੇਂ ਵਿੱਚ ਸਾਹਮਣਾ ਕਰਨਾ ਪੈ ਸਕਦਾ ਹੈ। ਡਾਕਟਰਾਂ ਅਨੁਸਾਰ ਸੁਣਨ ਵਿੱਚ ਤਕਲੀਫ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਬੁਢਾਪਾ ਬਹੁਤ ਕਾਰਨਾਂ ਵਿੱਚੋਂ ਇੱਕ ਹੈ। ਦਰਅਸਲ, ਵਧਦੀ ਉਮਰ ਦੇ ਨਾਲ ਕਈ ਵਾਰ ਵਿਅਕਤੀ ਦੇ ਕੰਨਾਂ ਦੀਆਂ ਨਾੜਾਂ ਕਮਜ਼ੋਰ ਹੋਣ ਲੱਗਦੀਆਂ ਹਨ ਅਤੇ ਇਸ ਕਾਰਨ ਬੋਲੇਪਣ ਜਾਂ ਸੁਣਨ ਸ਼ਕਤੀ ਘਟਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਅੰਕੜਿਆਂ ਮੁਤਾਬਕ ਬੋਲੇਪਣ ਦੀ ਸਮੱਸਿਆ 60 ਸਾਲ ਤੋਂ ਵੱਧ ਉਮਰ ਦੇ 33 ਫੀਸਦੀ ਲੋਕਾਂ ਵਿੱਚ ਦੇਖੀ ਜਾਂਦੀ ਹੈ ਜਦ ਕਿ 74 ਸਾਲ ਦੀ ਉਮਰ ਵਿੱਚ ਇਹ ਅੰਕੜਾ 50 ਫੀਸਦੀ ਤੱਕ ਵਧ ਜਾਂਦਾ ਹੈ। ਇਸ ਤੋਂ ਇਲਾਵਾ ਸ਼ੋਰ ਪ੍ਰਦੂਸ਼ਣ, ਟ੍ਰੈਫਿਕ ਦਾ ਰੌਲਾ, ਹੈੱਡਫੋਨ, ਈਅਰਫੋਨ ਅਤੇ ਨੈੱਕਬੈਂਡ ਦੀ ਜਿਆਦਾ ਵਰਤੋਂ, ਮੋਬਾਇਲ ’ਤੇ ਜਿਆਦਾ ਸਮੇਂ ਤੱਕ ਗੀਤ-ਗਾਣੇ ਸੁਣਨਾ, ਦੁਰਘਟਨਾ ਜਾਂ ਸਿਰ ’ਤੇ ਸੱਟ ਲੱਗਣ, ਕੰਨ ਦੀ ਇਨਫੈਕਸ਼ਨ ਜਾਂ ਕੋਈ ਬਿਮਾਰੀ, ਤੇਜ਼ ਦਵਾਈਆਂ ਅਤੇ ਵੰਸ਼-ਪਰਿਵਾਰਕ ਹਿਸਟਰੀ ਆਦਿ ਕਈ ਹੋਰ ਕਾਰਨਾਂ ਕਰਕੇ ਵੀ ਸੁਣਨ ਸ਼ਕਤੀ ਘਟਣ ਜਾਂ ਬੋਲੇਪਣ ਦਾ ਕਾਰਨ ਬਣ ਸਕਦੇ ਹਨ।
ਸੁਣਨ ਵਿੱਚ ਕਮਜ਼ੋਰੀ ਜਾਂ ਬੋਲਾਪਣ ਵਿਅਕਤੀਗਤ ਪੱਧਰ ਤੇ ਜੀਵਨ ਦੇ ਕਈ ਪਹਿਲੂਆਂ ਨੂੰ ਪ੍ਰਭਾਵਿਤ ਕਰਦਾ ਹੈ:
ਸੁਣਨ ਵਿੱਚ ਕਮੀ ਜਾਂ ਬੋਲਾਪਣ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨਾਲ ਸੰਚਾਰ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਜਿਹਾ ਵਿਅਕਤੀ ਸਮਾਜ ਵਿੱਚ ਇਕੱਲਤਾ ਸਾਹਮਣਾ ਕਰਦਾ ਹੈ। ਇਸ ਸਰੀਰਕ ਕਮੀ ਕਰਕੇ ਉਸਦੀ ਸਿੱਖਿਆ, ਰੁਜ਼ਗਾਰ ਅਤੇ ਭਵਿੱਖ ’ਤੇ ਗਹਿਰਾ ਪ੍ਰਭਾਵ ਪੈਂਦਾ ਹੈ।
ਸੁਣਨ ਵਿੱਚ ਕਮਜ਼ੋਰੀ ਜਾਂ ਬੋਲੇਪਣ ਦੀ ਰੋਕਥਾਮ:
ਬਹੁਤ ਸਾਰੇ ਕਾਰਨ ਜੋ ਸੁਣਨ ਸ਼ਕਤੀ ਦੇ ਨੁਕਸਾਨ ਦਾ ਕਾਰਨ ਬਣਦੇ ਹਨ, ਨੂੰ ਜਨਤਕ ਸਿਹਤ ਰਣਨੀਤੀਆਂ ਅਤੇ ਸਿਹਤ ਸੇਵਾਵਾਂ ਦੀ ਦਖਲਅੰਦਾਜ਼ੀ ਦੁਆਰਾ ਬਚਿਆ ਜਾ ਸਕਦਾ ਹੈ। ਜਨਮ ਤੋਂ ਪਹਿਲਾਂ ਅਤੇ ਜਨਮ ਤੋਂ ਲੈ ਕੇ ਵੱਡੀ ਉਮਰ ਤੱਕ, ਸੁਣਨ ਸ਼ਕਤੀ ਦੇ ਨੁਕਸਾਨ ਦੀ ਰੋਕਥਾਮ ਜੀਵਨ ਦੇ ਦੌਰਾਨ ਜ਼ਰੂਰੀ ਹੈ। ਬੱਚਿਆਂ ਵਿੱ, ਸੁਣਨ ਦੀ ਘਾਟ ਦਾ ਲਗਭਗ 60% ਟਾਲਣਯੋਗ ਕਾਰਨਾਂ ਕਰਕੇ ਹੁੰਦਾ ਹੈ, ਜਿਨ੍ਹਾਂ ਨੂੰ ਜਨਤਕ ਸਿਹਤ ਉਪਾਵਾਂ ਨੂੰ ਲਾਗੂ ਕਰਕੇ ਰੋਕਿਆ ਜਾ ਸਕਦਾ ਹੈ। ਇਸੇ ਤਰ੍ਹਾਂ ਬਾਲਗਾਂ ਵਿੱਚ ਸੁਣਨ ਸ਼ਕਤੀ ਦੇ ਨੁਕਸਾਨ ਦੇ ਸਭ ਤੋਂ ਆਮ ਕਾਰਨ, ਜਿਵੇਂ ਕਿ ਉੱਚੀ ਆਵਾਜ਼ ਅਤੇ ਔਟੋਟੌਕਸਿਕ ਦਵਾਈਆਂ ਦੇ ਸੰਪਰਕ ਵਿੱਚ ਆਉਣਾ, ਰੋਕਿਆ ਜਾ ਸਕਦਾ ਹੈ।
ਧਿਆਨ ਰੱਖਣਯੋਗ ਗੱਲਾਂ:
ਰੋਜ਼ਾਨਾ ਵਰਤੀ ਜਾਂਦੀ ਲਾਪਰਵਾਹੀ ਕਾਰਨ ਆਮ ਲੋਕਾਂ ਵਿੱਚ ਸੁਣਨ ਸ਼ਕਤੀ ਘੱਟ ਹੋਣ ਨਾਲ ਸੰਬਧਤ ਬਿਮਾਰੀਆਂ ਦੀ ਗਿਣਤੀ ਵਧ ਰਹੀ ਹੈ। ਹੈੱਡਫੋਨ, ਈਅਰਫੋਨ ਅਤੇ ਨੈੱਕਬੈਂਡ ਲਗਾ ਕੇ ਮੋਬਾਈਲ ਫੋਨਾਂ ਰਾਹੀਂ ਉੱਚੀ ਅਵਾਜ ਵਿੱਚ ਸੁਣਨਾ ਘੱਟ ਕੀਤਾ ਜਾਵੇ। ਕੰਨ ਵਿੱਚ ਦਰਦ ਹੋਣਾ ਜਾਂ ਖੂਨ ਵਗਣਾ, ਗੰਭੀਰ ਸਮੱਸਿਆ ਹੋਣ ’ਤੇ ਤੂਰੰਤ ਡਾਕਟਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ। ਸੁਣਨ ਸ਼ਕਤੀ ਠੀਕ ਰੱਖਣ ਲਈ ਆਪਣੇ ਕੰਨਾਂ ਨੂੰ ਹੋਮ ਥਿਅੇਟਰ, ਟੀ.ਵੀ, ਰੇਡੀਓ, ਪਟਾਕਿਆਂ ਦੀ ਉੱਚੀ ਅਵਾਜ਼ ਤੋਂ ਬਚਾ ਕੇ ਰੱਖੋ। ਕੰਨਾਂ ਵਿਚ ਗੰਦਾ ਪਾਣੀ ਜਾਣ ਤੋਂ ਰੋਕਣ ਦੇ ਨਾਲ ਨਾਲ ਕੰਨਾਂ ਵਿਚ ਤਿੱਖੀਆਂ ਚੀਜ਼ਾ, ਮਾਚਸ ਦੀ ਤੀਲੀ, ਕੰਨ ਸਾਫ਼ ਕਰਨ ਵਾਲੇ ਬਡਸ ਜਾਂ ਸੂਈਆਂ ਨਹੀਂ ਮਾਰਨੇ ਚਾਹੀਦੇ। ਸੜਕ ਕਿਨਾਰੇ ਬੈਠੇ ਵਿਅਕਤੀਆਂ ਤੋਂ ਕੰਨ ਸਾਫ਼ ਕਰਵਾਉਣ ਤੋਂ ਬਚੋ। ਜੇ ਤੁਹਾਡੇ ਕੰਨਾਂ ਵਿੱਚ ਸਾਂ-ਸਾਂ ਦੀ ਅਵਾਜ਼ ਆ ਰਹੀ ਹੈ ਤਾਂ ਇਹ ਇੱਕ ਪ੍ਰੇਸ਼ਾਨੀ ਹੈ ਅਤੇ ਇਹ ਸੁਣਨ ਸ਼ਕਤੀ ਦੇ ਨੁਕਸਾਨ ਦਾ ਚੇਤਾਵਨੀ ਚਿੰਨ੍ਹ ਹੈ।
ਘੱਟ ਸੁਣਨ ਸ਼ਕਤੀ ਵਾਲੇ ਵਿਅਕਤੀ ਨਾਲ ਗੱਲਬਾਤ ਅਤੇ ਵਿਵਹਾਰ ਕਰਨ ਦੇ ਸੁਝਾਅ:
ਘੱਟ ਸੁਣਨ ਸ਼ਕਤੀ ਜਾਂ ਬੋਲੇਪਣ ਦੇ ਸ਼ਿਕਾਰ ਵਿਅਕਤੀ ਨਾਲ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ। ਉਸ ਨਾਲ ਨਫਰਤ ਕਰਨਾ ਜਾਂ ਉਸਦਾ ਮਜ਼ਾਕ ਉਡਾਉਣਾ ਬਹੁਤ ਗਲਤ ਹੈ। ਉਸ ਨੂੰ ਹੌਸਲਾ ਦਿਓ ਅਤੇ ਜੇ ਕੋਈ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਅਤੇ ਚੰਗਾ ਵਿਵਹਾਰ
ਕਰੋ।
ਜ਼ਿਆਦਾ ਰੋਸ਼ਨੀ ਵਿੱਚ ਉਸ ਵਿਅਕਤੀ ਨਾਲ ਗੱਲ ਕਰੋ ਤਾਂ ਜੋ ਉਹ ਤੁਹਾਡੇ ਚਿਹਰੇ ਦੇ ਹਾਵ-ਭਾਵ ਨਾਲ ਅੰਦਾਜਾ ਲਾ ਸਕੇ। ਹੌਲੀ ਅਤੇ ਸਾਫ ਬੋਲੋ, ਉੱਚੀ ਨਾ ਬੋਲੋ ਅਤੇ ਬੋਲਣ ਵੇਲੇ ਬੁੱਲ੍ਹਾਂ ਦੀ ਹਿੱਲਜੁਲ ਨਾ ਵਧਾਓ। ਇੱਕ ਵਾਰ ਵਿੱਚ ਇੱਕ ਵਾਕ ਬੋਲੋ ਤਾਂ ਜੋ ਉਹ ਵਿਅਕਤੀ ਤੁਹਾਡੇ ਨਾਲ ਸੌਖਿਆ ਹੀ ਸੰਚਾਰ ਕਰ ਸਕੇ। ਬਾਹਰੀ ਆਵਾਜ਼ ਨੂੰ ਘਟਾਓ ਜਾਂ ਕਿਸੇ ਸ਼ਾਂਤ ਜਗ੍ਹਾ ’ਤੇ ਗੱਲਬਾਤ ਕਰੋ। ਉਸ ਵਿਅਕਤੀ ਨੂੰ ਇਹ ਕਹਿਣ ਤੋਂ ਗੁਰੇਜ਼ ਕਰੋ ਕਿ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗਾ ਮਤਲਬ ਟਾਲਮਟੋਲ ਨਾ ਕਰੋ ਅਤੇ ਅਜਿਹੇ ਵਿਅਕਤੀਆਂ ਨੂੰ ਆਮ ਵਿਅਕਤੀਆਂ ਵਾਂਗ ਸਾਰੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਕਰੋ। ਸੁਣਵਾਈ ਯੰਤਰ, ਉਪਕਰਨਾਂ ਅਤੇ ਹੋਰ ਇਲਾਜ ਸੇਵਾਵਾਂ ਵਿੱਚ ਹੋਈਆਂ ਖੋਜਾਂ, ਮੈਡੀਕਲ ਸਿੱਖਿਆ ਵਿੱਚ ਹੋਏ ਸੁਧਾਰ ਸਦਕਾ ਕਮਜ਼ੋਰ ਸੁਣਨ ਸ਼ਕਤੀ ਜਾਂ ਬੋਲੇਪਣ ਦੀ ਰੋਕਥਾਮ ਹੈ। ਵਧੇਰੇ ਜਾਣਕਾਰੀ ਲਈ ਆਪਣੀ ਨੇੜ੍ਹੇ ਦੀ ਸਿਹਤ ਸੰਸਥਾ ਜਾਂ ਟੌਲ ਫਰੀ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4793)
(ਸਰੋਕਾਰ ਨਾਲ ਸੰਪਰਕ ਲਈ: (