“ਮਾਹਿਰਾਂ ਮੁਤਾਬਿਕ ਇਹ ਸਿਲਸਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਂਦੇ ਕੁਝ ਸਾਲਾਂ ਤਕ ਪੰਜਾਬ ਦੀ ਧਰਤੀ ...”
(13 ਅਪਰੈਲ 2024)
ਇਸ ਸਮੇਂ ਪਾਠਕ: 290.
ਧਰਮ ਗੁਰੂ, ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਇਸ ਵਰਤਾਰੇ ਬਾਰੇ ਖਾਮੋਸ਼ ਕਿਉਂ ਹਨ?
ਪੰਜਾਬ ਵਿੱਚ ਫਸਲਾਂ ਦੀ ਵੱਧ ਪੈਦਾਵਾਰ ਲਈ ਜ਼ਰੂਰਤ ਤੋਂ ਜ਼ਿਆਦਾ ਜ਼ਹਿਰੀਲੀਆਂ ਕੀਟਨਾਸ਼ਕ ਰੇਹਾਂ ਸਪਰੇਆਂ ਅਤੇ ਖਾਦਾਂ ਦੀ ਵਰਤੋਂ ਨਾਲ ਪੰਜਾਬ ਇੱਕ ਮਰੀ ਹੋਈ ਸੱਭਿਅਤਾ ਵੱਲ ਵਧਦਾ ਜਾ ਰਿਹਾ ਹੈ। ਪੰਜਾਬ ਦੇ ਕਈ ਪਿੰਡ ਅਜਿਹੇ ਹਨ, ਜਿੱਥੇ ਪੀਣ ਯੋਗ ਪਾਣੀ ਨਾ ਹੋਣ ਕਾਰਨ ਪ੍ਰਦੂਸ਼ਿਤ ਪਾਣੀ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ। ਇਨ੍ਹਾਂ ਪਿੰਡਾਂ ਵਿਚਲੀ ਸਮੱਸਿਆ ਸਿਆਸੀ ਪਾਰਟੀਆਂ ਲਈ ਕੋਈ ਮੁੱਦਾ ਨਹੀਂ ਰਹੀ, ਪਿੰਡਾਂ ਦੀ ਗਲੀਆਂ, ਨਾਲੀਆਂ ਨੂੰ ਵਿਕਾਸ ਦੱਸਣ ਵਾਲੀਆਂ ਸਿਆਸੀ ਪਾਰਟੀਆਂ ਵੱਲੋਂ ਕੈਂਸਰ ਪੀੜਤਾਂ ਦੀ ਕੋਈ ਸਾਰ ਨਹੀਂ ਲਈ ਜਾਂਦੀ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਸਪਸ਼ਟ ਕਰ ਦਿੱਤਾ ਕਿ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਵੱਡੇ ਪੱਧਰ ’ਤੇ ਕੀਤੀਆਂ ਜਾ ਰਹੀਆਂ ਬੇਲੋੜੀਆਂ ਅਤੇ ਜ਼ਰੂਰਤ ਤੋਂ ਜ਼ਿਆਦਾ ਕੀਤੀ ਜਾਂਦੀ ਜਹਿਰੀਲੀਆਂ ਸਪਰੇਆਂ ਦੀ ਵਰਤੋਂ, ਫੈਕਟਰੀਆਂ ਵਿੱਚੋਂ ਨਿਕਲਦੇ ਜ਼ਹਿਰੀਲੇ ਗੰਧਲੇ ਪਾਣੀ ਨੂੰ ਧਰਤੀ ਹੇਠ ਸੁੱਟਣ ਨਾਲ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋ ਜਾਣ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਜਿਵੇਂ ਗੁਰਦਿਆਂ ਦਾ ਖਰਾਬ ਹੋਣਾ, ਚਮੜੀ ਰੋਗ, ਫੇਫੜੇ ਅਤੇ ਕੈਂਸਰ ਆਦਿ ਵਰਗੀਆਂ ਬਿਮਾਰੀਆਂ ਨਾਲ ਮਨੁੱਖੀ ਜੀਵਨ ਜਕੜਿਆ ਜਾ ਰਿਹਾ ਹੈ। ਮਨੁੱਖ ਨੇ ਆਪਣੇ ਸਵਾਰਥਾਂ ਲਈ ਜਿੱਥੇ ਵਾਤਾਵਰਣ ਸਮੇਤ ਧਰਤੀ ਹੇਠਲੇ ਪਾਣੀ, ਹਵਾ ਆਦਿ ਨੂੰ ਬੇਲੋੜੀਆਂ ਰਸਾਇਣਕ ਖਾਦਾਂ, ਸਪਰੇਆਂ ਦੀ ਵਰਤੋਂ ਕਰਨ ਨਾਲ ਪ੍ਰਦੂਸ਼ਿਤ ਕਰਕੇ ਮਨੁੱਖੀ ਜੀਵਨ ਦੀ ਹੋਂਦ ਨੂੰ ਖ਼ਤਰੇ ਵਿੱਚ ਪਾਇਆ ਹੈ, ਉੱਥੇ ਹੀ ਜੀਵ ਜੰਤੂ, ਪਸ਼ੂ ਪੰਛੀ ਆਦਿ ਦੀ ਹੋਂਦ ਨੂੰ ਵੀ ਖ਼ਤਰੇ ਵਿੱਚ ਪਾ ਦਿੱਤਾ ਹੈ।
ਗੱਲ ਇਕੱਲੇ ਪੰਜਾਬ ਦੀ ਹੀ ਕਰ ਲਈਏ ਤਾਂ ਪਿਛਲੇ 70 ਸਾਲਾਂ ਤੋਂ ਭਾਰਤ ਦੀਆਂ ਲੋੜਾਂ ਸਮੇਤ ਦੁਨੀਆਂ ਦੀਆਂ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਦੇ ਲੋਕ ਹਿਤਾਂ ਸਮੇਤ ਵਾਤਾਵਰਣ ਨੂੰ ਵਿਕਾਸ ਦੀ ਥਾਂ ਵਿਨਾਸ਼ ਦੀ ਭੱਠੀ ਵਿੱਚ ਝੋਕਿਆ ਜਾ ਰਿਹਾ ਹੈ। ਇਹ ਸਾਰਾ ਕੁਝ ਇੱਕ ਦਿਨ ਵਿੱਚ ਨਹੀਂ ਹੋਇਆ, ਇਹ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਮੇਤ ਪੂਰੇ ਭਾਰਤ ਅਤੇ ਸੰਸਾਰ ਵੱਲੋਂ ਅਪਣਾਏ ਗਏ ਆਰਥਿਕ ਵਿਕਾਸ ਦੀ ਦਿਸ਼ਾ ਦਾ ਹੀ ਸਿੱਟਾ ਹੈ, ਜਿਸ ਲਈ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਅਤੇ ਵੱਧ ਤੋਂ ਵੱਧ ਪਦਾਰਥਾਂ ਦੀ ਖਪਤ ਦੀ ਦੌੜ ਦਾ ਚੱਕਰ ਹੀ ਅਸਲ ਵਿੱਚ ਵਿਕਾਸ ਦਾ ਨਾਂਅ ਹੈ। ਇਸ ਵਿਕਾਸ ਦੀ ਤੇਜ਼ ਰਫ਼ਤਾਰੀ ਦੇ ਕਾਰਨ ਜਿਹੜੀ ਧੁੰਦ, ਧੂੰਆਂ ਪੈਦਾ ਹੋ ਰਹੇ ਹਨ, ਉਸ ਨੇ ਸੱਚੀਮੁੱਚੀ ਹੀ ਇਸ ਧਰਤੀ ਉੱਪਰ ਜੀਵ ਜੰਤੂਆਂ ਅਤੇ ਮਨੁੱਖ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਪੰਜਾਬ ਦਾ ਮੌਜੂਦਾ ਵਿਕਾਸ ਪੰਜਾਬ ਦੇ ਦਰਿਆਵਾਂ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਰਿਹਾ ਹੈ। ਦਰਿਆ ਪਲੀਤ ਹੋ ਗਏ ਹਨ। ਦਰਿਆਵਾਂ ਵਿੱਚ ਵਸਦੇ ਜੀਵ ਜੰਤੂ ਖਤਮ ਹੋ ਰਹੇ ਹਨ। ਪ੍ਰਦੂਸ਼ਣ ਕਾਰ ਹਵਾ ਸਾਹ ਲੈਣ ਦੇ ਕਾਬਲ ਨਹੀਂ ਰਹੀ। ਪੰਜਾਬ ਵਿੱਚੋਂ ਬਹੁਤ ਸਾਰੇ ਜੰਗਲ ਤਾਂ ਪਹਿਲਾਂ ਹੀ ਖਤਮ ਕੀਤੇ ਜਾ ਚੁੱਕੇ ਹਨ, ਪਰ ਹੁਣ ਸੜਕਾਂ ਚੌੜੀਆਂ ਕਰਨ ਦੇ ਬਹਾਨੇ ਪੰਛੀਆਂ ਦਾ ਵਸੇਬਾ ਬਣੇ ਸੜਕਾਂ ਕਿਨਾਰੇ ਲੱਗੇ ਦਰਖ਼ਤ ਖਤਮ ਕੀਤੇ ਜਾ ਰਹੇ ਹਨ ਅਤੇ ਇਹਨਾਂ ਦਰਖ਼ਤਾਂ ਦੀ ਥਾਂ ਨਵੇਂ ਦਰਖਤ ਜਾਂ ਤਾਂ ਲਗਾਏ ਨਹੀਂ ਜਾ ਰਹੇ, ਪਰ ਜੇ ਲਗਾਏ ਜਾ ਰਹੇ ਹਨ ਤਾਂ ਉਹ ਸੁਚੱਜੇ ਢੰਗ ਨਾਲ ਪਾਲੇ ਨਹੀਂ ਜਾ ਰਹੇ। ਪੰਜਾਬ ਦੇ ਰਿਵਾਇਤੀ ਰੁੱਖ ਟਾਹਲੀਆਂ, ਕਿੱਕਰਾਂ, ਫਲਾਹੀਆਂ ਆਦਿ ਵਗੈਰਾ ਲਗਾਤਾਰ ਸੁੱਕ ਰਹੇ ਹਨ। ਧਰਤੀ ਹੇਠਲਾ ਪਾਣੀ ਪਲੀਤ ਹੋਣ ਦੇ ਨਾਲ ਨਾਲ ਪਾਣੀ ਦਾ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ, ਜਿਸ ਨਾਲ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਜੀਵਨ ਨੂੰ ਖ਼ਤਰੇ ਵਿੱਚ ਪਾ ਕੇ ਪਤਾ ਨਹੀਂ ਮਨੁੱਖ ਹੋਣ ਦਾ ਕਿਹੜਾ ਫਰਜ਼ ਨਿਭਾਅ ਰਹੇ ਹਾਂ।
ਮਾਹਿਰਾਂ ਮੁਤਾਬਿਕ ਇਹ ਸਿਲਸਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਂਦੇ ਕੁਝ ਸਾਲਾਂ ਤਕ ਪੰਜਾਬ ਦੀ ਧਰਤੀ ਹੇਠਲੇ ਪਾਣੀ ਦਾ ਪੱਧਰ ਇੰਨਾ ਨੀਵਾਂ ਹੋ ਜਾਵੇਗਾ ਕਿ ਟਿਊਬਵੈੱਲ ਪਾਣੀ ਚੁੱਕਣਾ ਛੱਡ ਦੇਣਗੇ। ਹਾਲ ਵਿੱਚ ਹੀ ਰੋਪੜ ਦੇ ਪਿੰਡ ਹੀਰਪੁਰ ਵਿੱਚੋਂ ਖਬਰਾਂ ਆ ਰਹੀਆਂ ਹਨ ਕਿ ਉੱਥੇ ਟਿਊਬਵੈੱਲ ਅਤੇ ਨਲਕੇ ਪਾਣੀ ਖਿੱਚਣਾ ਬੰਦ ਕਰ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਹੋਰ ਬਹੁਤ ਸਾਰੇ ਪਿੰਡਾਂ ਵਿੱਚ ਧਰਤੀ ਹੇਠਲਾ ਪਾਣੀ ਥੱਲੇ ਜਾਣ ਕਰਕੇ ਲੋਕਾਂ ਟਿਊਬਵੈਲਾਂ ਦੇ ਬੋਰ ਹੋਰ ਡੂੰਘੇ ਕਰਨ ਲਈ ਮਜਬੂਰ ਹੋ ਰਹੇ ਹਨ।
ਪੰਜਾਬ ਤੋਂ ਦਰਿਆਈ ਪਾਣੀ ਖੋਹਣਾ ਅਤੇ ਦੇਸ਼ ਵਿੱਚ ਅਨਾਜ ਦੀ ਥੁੜ ਨੂੰ ਪੂਰਾ ਕਰਨ ਲਈ ਜਿਹੜਾ ਕੇਂਦਰ ਦੀਆਂ ਹਦਾਇਤਾਂ ’ਤੇ ਪੰਜਾਬ ਵਿੱਚ ਝੋਨੇ ਦੀ ਫਸਲ ਦਾ ਤੋਰਾ ਤੋਰਿਆ ਗਿਆ, ਇਹ ਸਭ ਉਸ ਦਾ ਸਿੱਟਾ ਹੈ। ਚਾਹੀਦਾ ਤਾਂ ਇਹ ਸੀ ਕਿ ਝੋਨੇ ਦੀ ਫਸਲ ਅਤੇ ਪੰਜਾਬ ਤੋਂ ਖੋਹੇ ਗਏ ਦਰਿਆਈ ਪਾਣੀਆਂ ਨੇ ਪੰਜਾਬ ਦੇ ਕਿਸਾਨਾਂ ਦਾ ਅਤੇ ਸਮੁੱਚੇ ਤੌਰ ’ਤੇ ਪੰਜਾਬ ਦਾ ਜਿੰਨਾ ਨੁਕਸਾਨ ਕੀਤਾ ਹੈ, ਉਸਦੇ ਬਦਲੇ ਕੇਂਦਰ ਸਰਕਾਰ ਅਰਬਾਂ ਰੁਪਏ ਹਰਜਾਨਾ ਦਿੰਦੀ, ਪਰ ਉਲਟਾ ਹੋ ਇਹ ਰਿਹਾ ਹੈ ਕਿ ਜਦੋਂ ਦੂਜੇ ਰਾਜਾਂ ਦੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਨੂੰ ਪੈਕੇਜ ਦਿੱਤੇ ਜਾ ਰਹੇ ਹਨ ਅਤੇ ਪੰਜਾਬ ਨੂੰ ਇਹ ਵੀ ਨਸੀਬ ਨਹੀਂ ਹੋ ਰਿਹਾ। ਅਸਲ ਵਿੱਚ ਇਸ ਮਸਲੇ ਨੂੰ ਸਮੁੱਚੇ ਰੂਪ ਵਿੱਚ ਵੇਖਣ ਦੀ ਅਤੇ ਸਾਹਮਣੇ ਰੱਖਣ ਦੀ ਲੋੜ ਹੈ, ਇਸਦੇ ਨਾਲ ਹੀ ਵਿਕਾਸ ਦੇ ਬਦਲਵੇਂ ਮਾਡਲ ਵੱਲ ਤੁਰਨ ਦੀ ਲੋੜ ਹੈ। ਅਜਿਹੇ ਵਿਕਾਸ ਮਾਡਲ, ਜਿਸ ਨਾਲ ਪੰਜਾਬ ਦਾ ਕੁਦਰਤੀ ਆਲਾ ਦੁਆਲਾ ਤੰਦਰੁਸਤ ਹੋਵੇ, ਪੰਜਾਬ ਦੇ ਧਰਤੀ ਹੇਠਲੇ ਅਤੇ ਧਰਤੀ ਉੱਪਰਲੇ ਪਾਣੀ ਸਾਫ਼ ਸੁਥਰੇ ਰਹਿਣ ਅਤੇ ਪ੍ਰਦੂਸ਼ਣ ਇਨ੍ਹਾਂ ਨੂੰ ਛੂਹ ਤਕ ਨਾ ਸਕੇ। ਪੰਜਾਬ ਦੇ ਲੋਕਾਂ ਨੂੰ ਸ਼ੁੱਧ ਵਾਤਾਵਰਣ ਮਿਲੇ ਅਤੇ ਤੰਦਰੁਸਤ ਰਹਿ ਸਕਣ। ਪੰਜਾਬ ਵਿੱਚ ਸਦੀਆਂ ਤੋਂ ਲੱਗੇ ਅਤੇ ਜਿਉਂਦੇ ਰੁੱਖ, ਪਸ਼ੂ ਪੰਛੀ, ਜੰਗਲ ਬੇਲੇ ਆਦਿ ਸਭ ਕੁਝ ਜਿਉਂਦੇ ਰਹਿਣ ਅਤੇ ਚਾਰ ਚੁਫੇਰੇ ਤੰਦਰੁਸਤੀ ਦਾ ਪਸਾਰਾ ਹੋਵੇ। ਇਸਦੇ ਲਈ ਪੰਜਾਬ ਵਿੱਚ ਬਦਲਵੀਂ ਲੋਕਪੱਖੀ ਸਿਆਸਤ ਨੂੰ ਉਭਾਰਨ ਵਾਲੇ ਬੁੱਧੀਜੀਵੀ ਅਤੇ ਇਸ ਨਾਲ ਜੁੜੀਆਂ ਕਿਸਾਨ ਸੰਸਥਾਵਾਂ ਨੂੰ ਸਾਹਮਣੇ ਆਉਣਾ ਚਾਹੀਦਾ। ਜੇ ਅਸੀਂ ਪਾਣੀ, ਹਵਾ ਅਤੇ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣਾ ਹੈ ਤਾਂ ਆਪਣੇ ਸਵਾਰਥਾਂ ਨੂੰ ਤਿਆਗਦੇ ਹੋਏ ਇਨ੍ਹਾਂ ਨੂੰ ਜ਼ਹਿਰੀਲੇ ਹੋਣ ਤੋਂ ਬਚਾਉਣ ਲਈ ਹਰ ਹੀਲਾ ਵਰਤਣਾ ਚਾਹੀਦਾ ਹੈ। ਧਰਤੀ ਹੇਠਲੇ ਪਾਣੀ ਹੋਰ ਥੱਲੇ ਜਾਣ ਤੋਂ ਰੋਕਣ ਲਈ ਡੁੱਬਦੇ ਨੂੰ ਤਿਨਕੇ ਦੇ ਸਹਾਰੇ ਵਾਂਗ ਅੱਜ ਸਰਕਾਰਾਂ, ਬੁੱਧੀਜੀਵੀਆਂ, ਸਮਾਜ ਸੇਵੀਆਂ ਦੇ ਨਾਲ ਨਾਲ ਸਾਡੇ ਧਰਮ ਗੁਰੂਆਂ ਨੂੰ ਵੀ ਪੈਸੇ ਦੀ ਅੰਨ੍ਹੀ ਦੌੜ ਵਿੱਚ ਗੁਆਚੇ ਦਿਨ ਰਾਤ ਵੱਧ ਪੈਦਾਵਾਰ ਲਈ ਰੇਹਾਂ ਸਪਰੇਆਂ ਦਾ ਛਿੜਕਾਅ ਕਰਨ ਦੇ ਚੱਕਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਆਪਣੇ ਏ ਸੀ ਕਮਰਿਆਂ ਨੂੰ ਤਿਆਗਦੇ ਹੋਏ ਸਮੁੱਚੀ ਮਨੁੱਖਤਾ ਦੇ ਨਾਲ ਨਾਲ ਹਵਾ, ਪਾਣੀ, ਰੁੱਖ, ਜੀਵ ਜੰਤੂ, ਪਸ਼ੂ, ਪੰਛੀ ਆਦਿ ਨੂੰ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4885)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)