“ਅਗਲੇ ਹੀ ਦਿਨ ਇਸ ਬਾਬੇ ਦੇ ਇੱਕ ਦਲਾਲ ਨੇ ਤਰਕਸ਼ੀਲ ਸੋਸਾਇਟੀ ਤਕ ਪਹੁੰਚ ਕੀਤੀ ਤੇ ਅਖਬਾਰ ਵਿੱਚ ...”
(3 ਜਨਵਰੀ 2024)
ਇਸ ਸਮੇਂ ਪਾਠਕ: 245.
ਅੱਜ ਅਸੀਂ 21ਵੀਂ ਸਦੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਇਸ ਦੌਰ ਵਿੱਚ ਵਿਗਿਆਨ ਨੇ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਤੇ ਕੁਦਰਤ ਦੇ ਰਹੱਸਮਈ ਭੇਦਾਂ ਨੂੰ ਖੋਲ੍ਹਿਆ ਹੈ। ਖਿਲਾਅ ਦੇ ਪ੍ਰੋਗਰਾਮਾਂ ਰਾਹੀਂ ਜਾਨਣ ਤੋਂ ਬਾਅਦ ਦੂਸਰੇ ਵੱਡੇ ਗ੍ਰਹਿ ਬਾਰੇ ਭਰਪੂਰ ਜਾਣਕਾਰੀ ਹਾਸਿਲ ਕੀਤੀ ਹੈ ਅਤੇ ਉਪਗ੍ਰਹਿਆਂ ਨੂੰ ਉਹਨਾਂ ਦੀਆਂ ਧਰਤੀਆਂ ਉੱਤੇ ਉਤਾਰਿਆ ਹੈ। ਵਿਗਿਆਨਕ ਖੋਜਾਂ ਟੈਲੀਫੋਨ, ਰੇਡੀਓ, ਕੰਪਿਊਟਰ, ਈਮੇਲ, ਇੰਟਰਨੈੱਟ ਆਦਿ ਨੇ ਸੂਚਨਾ ਅਤੇ ਤਕਨੀਕ ਨੂੰ ਘਰ ਘਰ ਪਹੁੰਚਾਇਆ ਹੈ। ਅੱਜ ਵਿਗਿਆਨ ਦੀ ਇੰਨੀ ਪਹੁੰਚ ਦੇ ਬਾਵਜੂਦ ਕੀ ਸਾਡੀ ਸੋਚ ਵੀ ਬਦਲੀ ਹੈ? ਅੱਜ ਵੀ ਅਸੀਂ ਵਹਿਮਾਂ ਭਰਮਾਂ ਦੀ ਦਲਦਲ ਵਿੱਚ ਧਸੇ ਹੋਏ ਹਾਂ। ਦੇਸ਼ ਦੇ ਬਾਕੀ ਰਾਜਾਂ ਨੂੰ ਛੱਡ ਕੇ ਸਿਰਫ ਪੰਜਾਬ ਬਾਰੇ ਹੀ ਗੱਲਬਾਤ ਕਰੀਏ ਤਾਂ ਪੰਜਾਬ ਵਿੱਚ ਤਕਰੀਬਨ ਸਾਢੇ ਬਾਰਾਂ ਹਜ਼ਾਰ ਦੇ ਕਰੀਬ ਪਿੰਡ ਹਨ। ਕੋਈ ਵੀ ਅਜਿਹਾ ਪਿੰਡ ਨਹੀਂ ਜਿੱਥੇ ਦੋ ਚਾਰ ਅਖੌਤੀ ਬਾਬੇ ਨਾ ਹੋਣ। ਜੇਕਰ ਅਸੀਂ ਇੱਕ ਪਿੰਡ ਦੀ ਔਸਤ ਤਿੰਨ ਬਾਬੇ ਵੀ ਕੱਢ ਲਈਏ ਤਾਂ ਇਹ ਤਕਰੀਬਨ 37500 ਬਾਬੇ ਪਿੰਡਾਂ ਵਿੱਚ ਸਰਗਰਮ ਨੇ। ਸ਼ਹਿਰਾਂ ਦੀ ਗਿਣਤੀ ਇਹਨਾਂ ਅੰਕੜਿਆਂ ਤੋਂ ਅਲੱਗ ਹੈ। ਇਹ ਬਾਬੇ, ਖੜਬਾਬੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਉਨ੍ਹਾਂ ਦੀ ਆਰਥਿਕ ਲੁੱਟ ਤਾਂ ਕਰਦੇ ਹੀ ਹਨ, ਗਾਹੇ-ਬਗਾਹੇ ਭੋਲੀਆਂ ਭਾਲੀਆਂ ਔਰਤਾਂ ਦੀ ਸਰੀਰਕ ਲੁੱਟ ਕਰਨੋਂ ਵੀ ਗੁਰੇਜ਼ ਨਹੀਂ ਕਰਦੇਂ। ਇੱਥੋਂ ਤਕ ਕਿ ਭੋਲੇ ਭਾਲੇ ਲੋਕਾਂ ਨੂੰ ਅੰਧਵਿਸ਼ਵਾਸ ਦੀ ਭੱਠੀ ਵਿੱਚ ਧਕੇਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ। ਇਸੇ ਤਰ੍ਹਾਂ ਦੇ ਅੰਧਵਿਸ਼ਵਾਸ ਦੀ ਭੇਟ ਅਕਤੂਬਰ ਵਿੱਚ ਖੰਨਾ ਨੇੜਲੇ ਪਿੰਡ ਅਲੌੜ ਵਿੱਚ 4 ਸਾਲਾ ਮਾਸੂਮ ਲੜਕਾ ਰਵੀ ਰਾਜ ਚੜ੍ਹ ਗਿਆ। ਉਸ ਦੀ ਬੜੀ ਬੇਰਹਿਮੀ ਨਾਲ ਹੱਤਿਆ ਕਰਕੇ ਬਲੀ ਦੇ ਦਿੱਤੀ ਗਈ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਪਿੰਡ ਮੂਧਲ ਦੀ 9 ਸਾਲਾ ਸੁਖਮਨਦੀਪ ਕੌਰ ਨੂੰ ਵੀ ਕਿਸੇ ਤਾਂਤਰਿਕ ਪਾਖੰਡੀ ਬਾਬੇ ਦੇ ਕਹਿਣ ’ਤੇ ਅੰਧਵਿਸ਼ਵਾਸ ਦੀ ਭੇਂਟ ਚਾੜ੍ਹ ਦਿੱਤਾ ਗਿਆ।
ਮੌਜੂਦਾ ਵਿਗਿਆਨ ਦੇ ਯੁਗ ਵਿੱਚ ਧਾਰਮਿਕ ਆਸਥਾ ਦੀ ਆੜ ਹੇਠ ਮਨੁੱਖੀ ਬਲੀ ਦੇਣ ਦੀਆਂ ਵਹਿਸ਼ੀ ਹੱਤਿਆਵਾਂ ਦਾ ਸਿਲਸਿਲਾ ਸਭਿਅਕ ਸਮਾਜ ਅਤੇ ਮਨੁੱਖਤਾ ਦੇ ਮੱਥੇ ’ਤੇ ਕਲੰਕ ਹਨ।
ਇਹਨਾਂ ਅਖੌਤੀ ਬਾਬਿਆਂ, ਤਾਂਤਰਿਕਾਂ, ਪੁੱਛਾਂ ਦੇਣ ਵਾਲਿਆਂ ਦੀਆਂ ਗੈਰ ਕਾਨੂੰਨੀ ਦੁਕਾਨਾਂ ਸ਼ਰੇਆਮ ਖੁੱਲ੍ਹੀਆਂ ਹੋਈਆਂ ਹਨ। ਵੋਟਾਂ ਦੀ ਰਾਜਨੀਤੀ ਕਰਨ ਵਾਲੇ ਸਿਆਸਤਦਾਨ ਕਦੇ ਨਹੀਂ ਚਾਹੁਣਗੇ ਕਿ ਇਹਨਾਂ ਪਾਖੰਡੀਆਂ ਦੀਆਂ ਦੁਕਾਨਾਂ ਬੰਦ ਹੋ ਜਾਣ। ਉਹ ਇਸੇ ਲਈ ਅੰਧਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਲਈ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਪਾਸਾ ਵੱਟਦੇ ਹਨ। ਇਹਨਾਂ ਤਾਂਤਰਿਕਾਂ, ਪਾਖੰਡੀਆਂ ਵੱਲੋਂ ਅੰਧ ਵਿਸ਼ਵਾਸਾਂ ਰਾਹੀਂ ਗੁਮਰਾਹ ਕਰਕੇ ਭੋਲੇ ਭਾਲੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਨੂੰ ਬੰਦ ਕਰਵਾਉਣ ਵਾਸਤੇ ਪੰਜਾਬ ਭਰ ਵਿੱਚੋਂ ਕੁਝ ਨੌਜਵਾਨਾਂ ਵੱਲੋਂ ਤਰਕਸ਼ੀਲ ਕਮੇਟੀਆਂ ਗਠਿਤ ਕੀਤੀਆਂ ਹੋਈਆਂ ਹਨ। ਇਹ ਤਰਕਸ਼ੀਲ ਕਿਸੇ ਜਾਣਕਾਰੀ ਜਾਂ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ। ਅੱਜ ਤਰਕਸ਼ੀਲ ਲੋਕਾਂ ਵਿੱਚ ਹਰਮਨ ਪਿਆਰੇ ਹੋ ਰਹੇ ਹਨ। ਇਹ ਨੌਜਵਾਨ ਪੇਸ਼ੇਵਰ ਨੇ, ਨੌਕਰੀਆਂ ਕਰਦੇ ਨੇ ਜਾਂ ਆਪਣੇ ਕੰਮ ਧੰਦੇ ਕਰਦੇ ਹਨ। ਫਰਕ ਤਾਂ ਸਿਰਫ ਇਹ ਹੈ ਕਿ ਇਹਨਾਂ ਦੀ ਸੋਚ ਵਿਗਿਆਨਿਕ ਹੈ। ਹਰ ਗੱਲ ਨੂੰ ਵਿਗਿਆਨ ਨਾਲ ਸਿੱਧ ਕਰਨ ਵਾਲਾ ਹੀ ਤਰਕਸ਼ੀਲ ਹੈ। ਇਹ ਤਰਕਸ਼ੀਲ ਸੰਵਿਧਾਨਿਕ ਦਾਇਰੇ ਵਿੱਚ ਰਹਿ ਕੇ ਅਖੌਤੀ ਬਾਬਿਆਂ ਦਾ ਜਨਤਾ ਦੀ ਮੌਜੂਦਗੀ ਵਿੱਚ ਪਰਦਾਫਾਸ਼ ਕਰਦੇ ਹਨ, ਲੁੱਟ ਖਸੁੱਟ ਨੂੰ ਬੰਦ ਕਰਵਾਉਂਦੇ ਹਨ।
ਮੈਨੂੰ ਖੁਦ ਬਤੌਰ ਪੱਤਰਕਾਰ ਤਰਕਸ਼ੀਲਾਂ ਦੀਆਂ ਸਰਗਰਮੀਆਂ ਬਾਰੇ ਅਤੇ ਇਹਨਾਂ ਅਖੌਤੀ ਬਾਬਿਆਂ ਬਾਰੇ ਕਾਫੀ ਡੁੰਘਾਈ ਨਾਲ ਜਾਨਣ ਦਾ ਮੌਕਾ ਮਿਲਿਆ। ਘਟਨਾ ਕੋਈ ਦੋ ਦਹਾਕਿਆਂ ਤੋਂ ਵੀ ਪੁਰਾਣੀ ਹੈ। ਕਸਬਾ ਕਾਦੀਆਂ (ਗੁਰਦਾਸਪੁਰ) ਵਿਖੇ ਇੱਕ ਸ਼ਿਕਾਇਤ ਦੇ ਆਧਾਰ ’ਤੇ ਇੱਕ ਅਖੌਤੀ ਬਾਬੇ ਦੀ ਸ਼ਕਤੀ ਦਾ ਪਰਦਾ ਫਾਸ਼ ਕਰਨ ਪਹੁੰਚੇ, ਜਿੱਥੇ ਬਾਬੇ ਦਾ ਹੁਲੀਆ ਵੇਖ ਕੇ ਸਿਰ ਸ਼ਰਮ ਨਾਲ ਝੁਕ ਗਿਆ। ਬਾਬੇ ਨੇ ਨੀਲੀ ਦਸਤਾਰ ਸਜਾਈ ਹੋਈ ਸੀ ਅਤੇ (ਸਫੈਦ) ਚਿੱਟਾ ਚੋਲਾ ਪਾਇਆ ਹੋਇਆ ਸੀ। ਇਹ ਬਾਬਾ ਆਪਣੇ ਆਪ ਨੂੰ ਕਿਸੇ ਧਾਰਮਿਕ ਸੰਪਰਦਾ ਦਾ ਮੈਂਬਰ ਦੱਸਦਾ ਸੀ। ਪਿੰਡ ਵਾਸੀਆਂ ਤੋਂ ਪਤਾ ਲੱਗਾ ਕਿ ਉਹ ਪਿੰਡ ਦੇ ਧਾਰਮਿਕ ਅਸਥਾਨ ਉੱਤੇ ਮੁੱਖ ਸੇਵਾਦਾਰ ਦੀ ਡਿਊਟੀ ਵੀ ਨਿਭਾਉਂਦਾ ਆ ਰਿਹਾ ਸੀ ਅਤੇ ਨਾਲ ਲੱਗਦੇ ਆਪਣੇ ਘਰ ਅੰਦਰ ਦੇਵੀ-ਦੇਵਤੇ, ਸ਼ਿਵਲਿੰਗ, ਤ੍ਰਿਸ਼ੂਲ ਆਦਿ ਲਗਾ ਕੇ ਆਪਣੇ ਇੱਕ ਹੋਰ ਸਾਥੀ ਨਾਲ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਇਨ੍ਹਾਂ ਮੂਰਤੀਆਂ ਅੱਗੇ ਮੱਥੇ ਟਿਕਾਉਂਦਾ ਸੀ। ਦੋਵੇਂ ਲੋਕਾਂ ਦੀ ਆਰਥਿਕ ਲੁੱਟ ਕਰਦੇ ਸਨ ਅਤੇ ਲੋਕਾਂ ਨੂੰ ਸਵਾਹ ਦੀਆਂ ਪਿੜੀਆਂ ਅਤੇ ਤਵੀਤ ਆਦੀ ਦਾ ਪ੍ਰਸ਼ਾਦ ਵੰਡਦੇ ਸਨ। ਇਸ ਬਾਬੇ ਨੂੰ ਚੈਲੇੰਜ ਕਰਨ ’ਤੇ ਸਾਰਾ ਪੋਲ ਖੁੱਲ੍ਹ ਗਿਆ ਤੇ ਇਸ ਨੇ ਪਿੰਡ ਦੀ ਪੰਚਾਇਤ ਅਤੇ ਲੋਕਾਂ ਦੇ ਸਾਹਮਣੇ ਲਿਖਤੀ ਮੁਆਫੀ ਮੰਗ ਕੇ ਤੌਬਾ ਕੀਤੀ।
ਅਗਲੇ ਹੀ ਦਿਨ ਇਸ ਬਾਬੇ ਦੇ ਇੱਕ ਦਲਾਲ ਨੇ ਤਰਕਸ਼ੀਲ ਸੋਸਾਇਟੀ ਤਕ ਪਹੁੰਚ ਕੀਤੀ ਤੇ ਅਖਬਾਰ ਵਿੱਚ ਖਬਰ ਨਾ ਲਵਾਉਣ ਬਦਲੇ 10 ਹਜ਼ਾਰ ਦੇਣ ਦੀ ਪੇਸ਼ਕਸ਼ ਕੀਤੀ। ਦਾਲ਼ ਨਾ ਗਲਦੀ ਵੇਖ ਕੇ ਬਾਬੇ ਦੇ ਦਲਾਲ ਨੇ ਕਿਹਾ, “ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਅਸੀਂ ਖ਼ਬਰ ਨਹੀਂ ਲੱਗਣ ਦੇਣੀ। ਉਸ ਨੇ ਆਪਣੀ ਪਹੁੰਚ ਇਲਾਕੇ ਦੇ ਵਿਧਾਇਕ ਤਕ ਦੱਸੀ। ਉਸ ਬਾਬੇ ਨੇ ਜਲੰਧਰ ਤੋਂ ਛਪਦੇ ਦੋ ਮੁੱਖ ਅਖ਼ਬਾਰਾਂ ਨੂੰ 35-35 ਹਜ਼ਾਰ ਦੇ ਕੇ ਖਬਰ ਨਾ ਲੱਗਣ ਦਿੱਤੀ। ਖਬਰ ਕਰੀਬ ਡੇਢ ਮਹੀਨੇ ਤਕ ਲੱਗੀ ਵੀ ਨਹੀਂ ਇਸਦੇ ਉਲਟ ਹੋਰ ਅਖਬਾਰਾਂ ਨੇ ਖਬਰ ਛਾਪ ਕੇ ਬਾਬੇ ਦੀਆਂ ਕਰਤੂਤਾਂ ਨੂੰ ਸਭ ਅੱਗੇ ਜ਼ਾਹਰ ਕਰ ਦਿੱਤਾ ਤੇ ਤਰਕਸ਼ੀਲਾਂ ਦੀ ਹੌਸਲਾ ਅਫਜ਼ਾਈ ਕੀਤੀ।
ਬਟਾਲਾ ਨੇੜੇ ਪੈਂਦੇ ਪਿੰਡ ਵਿੱਚ ਇੱਕ ਅਖੌਤੀ ਬਾਬੇ ਬਾਰੇ ‘ਗਿਆਨ’ ਪ੍ਰਾਪਤ ਕਰਨ ਪਹੁੰਚੀ ਤਰਕਸ਼ੀਲ ਸੋਸਾਇਟੀ ਨੂੰ ਬੜੀ ਹੈਰਾਨੀ ਹੋਈ। ਇਹ ਅਖੌਤੀ ਬਾਬਾ ਕਿਸੇ ਪੌਣ ਵਿੱਚ ਸਿਰ ਨੂੰ ਬੜੀ ਜ਼ੋਰ ਨਾਲ ਹਿਲਾ ਰਿਹਾ ਸੀ। ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖੀ ਹੋਈ ਸੀ ਤੇ ਸਾਹਮਣੇ ਸ਼ਿਵਲਿੰਗ ਰੱਖਿਆ ਹੋਇਆ ਸੀ। ਪੁੱਛਣ ’ਤੇ ਪਤਾ ਚੱਲਿਆ ਕਿ ਇਸ ਅਖੌਤੀ ਬਾਬੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਰੇ ਰਤਾ ਜਿੰਨਾ ਵੀ ਗਿਆਨ ਨਹੀਂ ਸੀ। ਇਹ ਤਾਂ ਸਿਰਫ ਇੱਕ ਪਖੰਡ ਰਚਿਆ ਹੋਇਆ ਸੀ ਭੋਲੇ ਭਾਲੇ ਲੋਕਾਂ ਦੀ ਆਰਥਿਕ ਲੁੱਟ ਕਰਨ ਵਾਸਤੇ। ਬਾਬੇ ਦੇ ਸ਼ਰਧਾਲੂਆਂ ਵਿੱਚ ਮਾਸਟਰ ਨੌਕਰੀ ਪੇਸ਼ੇ ਵਾਲੇ ਅਤੇ ਹਰ ਵਰਗ ਦੇ ਕਰੀਬ 50 ਕੁ ਦੇ ਕਰੀਬ ਸ਼ਰਧਾਲੂ ਬੈਠੇ ਹੋਏ ਸਨ। ਤਰਕਸ਼ੀਲਾਂ ਨੇ ਜਦੋਂ ਬਾਬੇ ਦਾ ਪਰਦਾਫ਼ਾਸ਼ ਕੀਤਾ ਤਾਂ ਲੋਕ ਦੰਗ ਰਹਿ ਗਏ। ਲੋਕਾਂ ਨੇ ਮੰਨਿਆ ਕਿ ਬਾਬਾ ਉਹਨਾਂ ਨੂੰ ਸਵਾਹ ਰੂਪੀ ਪ੍ਰਸ਼ਾਦ ਦੀਆਂ ਪੁੜੀਆਂ 2 ਹਜ਼ਾਰ ਰੁਪਏ ਤੋਂ 4 ਹਜ਼ਾਰ ਰੁਪਏ ਤਕ ਪ੍ਰਤੀ ਪੁੜੀ ਵੇਚਦਾ ਸੀ। ਪਿੰਡ ਵਾਲਿਆਂ ਤੋਂ ਪਤਾ ਚੱਲਿਆ ਕਿ ਉਸੇ ਹੀ ਪਿੰਡ ਦੇ ਕਿਸੇ ਮਰਹੂਮ ਥਾਣੇਦਾਰ ਦੀ ਧੀ ਬਾਬੇ ਦੇ ਦਰਸ਼ਨ ਕਰਨ ਆਉਂਦੀ ਸੀ। ਇਸ ਕੁੜੀ ਨਾਲ ਬਾਬੇ ਨੇ ਵਿਆਹ ਕਰਵਾ ਲਿਆ ਸੀ।
ਇੱਥੋਂ ਦੋ ਕੁ ਕਿਲੋਮੀਟਰ ਦੀ ਦੂਰੀ ’ਤੇ ਪੈਂਦੇ ਇੱਕ ਹੋਰ ਪਿੰਡ ਦੇ ਬਾਹਰ ਇੱਕ ਥਾਂ ਇੱਕ ਪਾਖੰਡ ਦੀ ਦੁਕਾਨ, ਜਿਸ ਨੂੰ ਲੋਕ ਧਾਰਮਿਕ ਨਾਮ ਲੈ ਕੇ ਸੱਦਦੇ ਸਨ, ਤਰਕਸ਼ੀਲ ਉੱਥੇ ਪਹੁੰਚੇ ਤਾਂ ਇੱਕ ਛੋਟੇ ਜਿਹੇ ਸ਼ੈੱਡ ਦੇ ਬਾਹਰ ਇੱਕ ਥੜ੍ਹੇ ਉੱਤੇ ਨਿੱਕੇ ਜਿਹੇ ਆਲ਼ੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਫੋਟੋ ਅਤੇ ਨਾਲ ਹੋਰ ਫੋਟੋਆਂ ਤੋਂ ਇਲਾਵਾ ਇੱਕ ਸ਼ਿਵਲਿੰਗ ਅਤੇ ਦੋ ਜੋਤਾਂ ਦੇਸੀ ਘਿਓ ਦੀਆਂ ਜੱਗ ਰਹੀਆਂ ਸਨ। ਇਸ ਆਲ਼ੇ ਦੇ ਨਾਲ ਹੀ ਬਣੀ ਵਰਮੀ ਵਿੱਚ ਇੱਕ ਸ਼ਰਧਾਲੂ ਔਰਤ ਦੁੱਧ ਦੀਆਂ ਗੜਵੀਆਂ ਪਾ ਰਹੀ ਸੀ। ਇਸ ਡੇਰੇ ਨੂੰ ਚਲਾ ਰਹੇ ਮੀਆਂ ਬੀਵੀ, ਜਿਨ੍ਹਾਂ ਨੇ ਚਿੱਟੇ ਵਸਤਰ ਪਾਏ ਹੋਏ ਸਨ, ਹੱਥ ਵਿੱਚ ਮਾਲਾ ਫੇਰੀ ਜਾਪ ਕਰ ਰਹੇ ਸਨ। ਇਹ ਦੋਵੇਂ ਪੂਰਨ ਅੰਮ੍ਰਿਤਧਾਰੀ ਸਿੰਘ ਸਨ ਤੇ ਸੰਗਤਾਂ ਨੂੰ ਉਸ ਵਰਮੀ ਦੀ ਮਿੱਟੀ ਪ੍ਰਸ਼ਾਦ ਦੇ ਰੂਪ ਵਿੱਚ ਦੇ ਰਹੇ ਸਨ। ਇਹ ਦੋਨੋਂ ਲੋਕਾਂ ਨੂੰ ਕਾਲੇ ਧਾਗੇ ਦੇ ਤਵੀਤ ਬਣਾ ਕੇ 35-35 ਰੁਪਏ ਤਵੀਤ ਦੇ ਲੈ ਰਹੇ ਸਨ। ਇਹਨਾਂ ਨੂੰ ਚੈਲੇੰਜ ਕਰਨ ’ਤੇ ਇਹਨਾਂ ਸੰਗਤਾਂ ਪਾਸੋਂ ਮੁਆਫੀ ਮੰਗ ਲਈ ਅਤੇ ਅੱਗੇ ਤੋਂ ਅਜਿਹਾ ਕੰਮ ਕਰਨ ਤੋਂ ਤੌਬਾ ਕਰ ਲਈ।
ਮੇਰਾ ਇਹਨਾਂ ਸਾਰੀਆਂ ਘਟਨਾਵਾਂ ਬਾਰੇ (ਮੇਰਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ) ਦੱਸਣ ਦਾ ਇੱਕੋ ਇੱਕ ਮਕਸਦ ਸੀ ਕਿ ਅੱਜ ਸਿੱਖੀ ਬਾਣੇ ਵਿੱਚ ਹੋ ਰਹੇ ਅਜਿਹੇ ਕੰਮ ਜੋ ਕਿ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ, ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ। ਇਹ ਲੋਕ ਗੁਰਬਾਣੀ ਦਾ ਓਟ ਆਸਰਾ ਕਿਉਂ ਨਹੀਂ ਲੈਂਦੇ, ਗੁਰਬਾਣੀ ਜੋ ਕਿ ਹਰ ਪ੍ਰਕਾਰ ਦੇ ਵਹਿਮਾਂ ਭਰਮਾਂ, ਮੂਰਤੀ ਪੂਜਾ, ਮੜ੍ਹੀ ਮਸਾਣ ਪੂਜਣ ਦਾ ਡਟ ਕੇ ਵਿਰੋਧ ਕਰਦੀ ਹੈ। ਸਾਧ ਲੋਕ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਅਤੇ ਲੋਕਾਂ ਦੀ ਆਰਥਿਕ, ਸਰੀਰਕ ਅਤੇ ਮਾਨਸਿਕ ਲੁੱਟ ਕਰਦੇ ਚਲੇ ਆ ਰਹੇ ਹਨ। ਜਿੱਥੇ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਜਿਹੇ ਕੁਕਰਮ ਹੋ ਰਹੇ ਹਨ ਸ਼੍ਰੋਮਣੀ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਹੈ।
ਮੇਰੇ ਦਿਮਾਗ ਵਿੱਚ ਅਜਿਹੀ ਪਹੁੰਚ ਕਰਨ ਬਾਰੇ ਅਜੇ ਸੋਚ ਚੱਲ ਹੀ ਰਹੀ ਸੀ ਕਿ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ, ਸ਼੍ਰੋਮਣੀ ਕਮੇਟੀ ਦੀ ਨੁਮਾਇੰਦਗੀ ਕਰਨ ਵਾਲੇ ਖੁਦ ਵਿਵਾਦਾਂ ਦੇ ਘੇਰੇ ਵਿੱਚ ਰਹਿ ਚੁੱਕੇ ਹਨ, ਜਿਨ੍ਹਾਂ ਬਾਰੇ ਅਖਬਾਰਾਂ ਵਿੱਚ ਲੱਗੀਆਂ ਖਬਰਾਂ ਕਹਿ ਰਹੀਆਂ ਸਨ ਕਿ ਉਹ ਤਾਂ ਖੁਦ ਮੁਸ਼ਕਲਾਂ ਵਿੱਚੋਂ ਨਿਕਲਣ ਵਾਸਤੇ ਪੰਡਤਾਂ ਕੋਲੋਂ ਟੇਵੇ ਲਗਾਉਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਚੁੱਕੇ ਹਨ।
ਸੁਣ ਕੇ ਮੈਨੂੰ ਬਹੁਤ ਨਮੋਸ਼ੀ ਹੋਈ ਕਿ ਸਿੱਖਾਂ ਦੀ ਸੁਪਰੀਮ ਸੰਸਥਾ ਦੇ ਉੱਚ ਅਹੁਦਿਆਂ ’ਤੇ ਬੈਠੇ ਲੋਕ ਜੇਕਰ ਅਜਿਹੇ ਕਾਰੇ ਕਰਨਗੇ ਤਾਂ ਆਮ ਲੋਕਾਂ ਉੱਤੇ ਇਸਦਾ ਕੀ ਪ੍ਰਭਾਵ ਪਵੇਗਾ।
ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਵਿਗਿਆਨਕ ਸੋਚ ਅਪਣਾਉਣ ਦੀ ਤੇ ਇਸ ਗੱਲ ’ਤੇ ਦ੍ਰਿੜ੍ਹ ਹੋਣ ਦੀ ਕਿ ਇਸ ਬ੍ਰਹਿਮੰਡ ਵਿੱਚ ਵਹਿਮ ਭਰਮ, ਭੂਤ ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਾਰੇ ਆਪੋ ਆਪਣੇ ਇਲਾਕਿਆਂ ਵਿੱਚ, ਜਿੱਥੇ ਕਿਤੇ ਵੀ ਅਜਿਹੇ ਪਖੰਡ ਢੌਂਗ ਰਚੇ ਜਾ ਰਹੇ ਹੋਣ, ਉਹਨਾਂ ਦਾ ਡਟ ਕੇ ਵਿਰੋਧ ਕਰੀਏ। ਨੌਜਵਾਨਾਂ ਨੂੰ ਨਸ਼ਿਆਂ ਤੋਂ ਉੱਪਰ ਉੱਠ ਕੇ ਥਾਂ ਥਾਂ ਤਰਕਸ਼ੀਲ ਕਮੇਟੀਆਂ ਦਾ ਗਠਨ ਕਰਨਾ ਚਾਹੀਦਾ ਹੈ। ਅੱਜ ਅਖੌਤੀ ਬਾਬਿਆਂ ਨੂੰ ਚੈਲੇੰਜ ਕਰਨ ’ਤੇ ਉਹਨਾਂ ਨੂੰ ਤਰਕ ਦੇ ਅਧਾਰ ’ਤੇ ਅਜਿਹਾ ਨਾ ਕਰਨ ਤੋਂ ਰੋਕਣ ਲਈ ਲੋਕਾਂ ਅੰਦਰ ਵਿਗਿਆਨ ਦੇ ਯੁਗ ਅੰਦਰ ਗਿਆਨ ਦਾ ਦੀਪ ਜਗਾਉਂਦੇ ਹੋਏ ਉਪਰਾਲੇ ਕਰਨੇ ਚਾਹੀਦੇ ਹਨ। ਇਹ ਹੀ ਅੱਜ ਸਭ ਤੋਂ ਵੱਡੀ ਸਮਾਜ ਸੇਵਾ ਹੈ। ਸਾਨੂੰ ਜੋ ਗੁਰੂ ਨਾਨਕ ਸਾਹਿਬ ਨੇ ਸਿਖਾਇਆ ਹੈ, ਉਹ ਮਾਰਗ ਵਹਿਮਾਂ ਭਰਮਾਂ ਦਾ ਨਹੀਂ ਹੈ ਬਲਕਿ ਉਹ ਮਾਰਗ ਤਾਂ ਸਿੱਖੀ ਦੇ ਰਾਖੇ ਬਣ ਕੇ ਮਨੁੱਖਤਾ ਨੂੰ ਸਹੀ ਰਾਹ ’ਤੇ ਲਿਆਉਣ ਦਾ ਹੈ। ਅਫਸੋਸ ਤਾਂ ਇਸ ਗੱਲ ਦਾ ਹੈ ਕਿ ਜੋ ਸਾਡੇ ਗੁਰੂਆਂ ਸਾਨੂੰ ਰਾਹ ਦਿਖਾਇਆ ਸੀ ਅਸੀਂ ਉਸ ਨੂੰ ਵਿਸਾਰ ਕੇ ਇਹਨਾਂ ਅਖੌਤੀ ਬਾਬਿਆਂ ਦੇ ਚੱਕਰਾਂ ਵਿੱਚ ਫਸ ਗਏ ਹਾਂ। ਇਹ ਆਪਣੇ ਪੈਰਾਂ ’ਤੇ ਆਪ ਕੁਹਾੜੀ ਮਾਰਨ ਦੇ ਤੁਲ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4594)
(ਸਰੋਕਾਰ ਨਾਲ ਸੰਪਰਕ ਲਈ: (