“ਤੁਸੀਂ ਹੁਣ ਚਾਹੇ ਇਹ ਪੈਸੇ ਵਰਤ ਲਿਓ, ਮੈਂ 4-5 ਮਹੀਨੇ ਤੱਕ ਇੰਡੀਆ ਆਉਣਾ ਹੈ, ਉਦੋਂ ...”
(4 ਜੂਨ 2022)
(ਸਾਵਧਾਨ! ਇਸ ਤਰ੍ਹਾਂ ਦੀ ਫੋਨ ਕਾਲ ਤੁਹਾਨੂੰ ਵੀ ਆ ਚੁੱਕੀ ਹੋਵੇਗੀ ਜਾਂ ਫਿਰ ਆਉਣ ਵਾਲੀ ਹੈ।)
ਪਿਛਲੇ ਕੁਝ ਸਾਲਾਂ ਤੋਂ ਕਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਮੁਲਕਾਂ ਵਿੱਚ ਪੰਜਾਬੀਆਂ ਦਾ ਪਰਵਾਸ ਇੰਨਾ ਵਧਿਆ ਹੈ ਕਿ ਹਰ ਇੱਕ ਪੰਜਾਬੀ ਦੇ ਜਾਣਕਾਰ, ਰਿਸ਼ਤੇਦਾਰਾਂ ਜਾਂ ਦੋਸਤਾਂ ਵਿੱਚੋਂ ਕੋਈ ਨਾ ਕੋਈ ਇਨ੍ਹਾਂ ਮੁਲਕਾਂ ਵਿੱਚ ਜ਼ਰੂਰ ਗਿਆ ਹੋਇਆ ਹੈ। ਇਨ੍ਹਾਂ ਵਿੱਚੋਂ ਕਨੇਡਾ ਵਿੱਚ ਸੌਖੀ ਪੀ ਆਰ ਦੀ ਵਜ੍ਹਾ ਕਰਕੇ ਉੱਥੇ ਜਾਣ ਵਾਲਿਆਂ ਦੀ ਗਿਣਤੀ ਕੁਝ ਜ਼ਿਆਦਾ ਹੀ ਹੈ। ਇਨ੍ਹਾਂ ਮੁਲਕਾਂ ਦੀ ਚਕਾਚੌਂਧ ਦਾ ਅਸਰ ਪੰਜਾਬੀਆਂ ਉੱਤੇ ਇਸ ਕਦਰ ਹੋਇਆ ਹੈ ਕਿ ਪੰਜਾਬੀ ਹਰ ਹੀਲਾ ਵਸੀਲਾ ਵਰਤ ਕੇ ਉੱਥੇ ਪਹੁੰਚਣ ਲਈ ਤਤਪਰ ਹਨ ਅਤੇ ਉੱਥੇ ਪਹੁੰਚ ਚੁੱਕਿਆਂ ਨਾਲ ਵੱਖਰਾ ਹੀ ਮੋਹ ਜ਼ਾਹਰ ਕੀਤਾ ਜਾਂਦਾ ਹੈ।
ਇਸ ਸਭ ਦੇ ਚਲਦਿਆਂ ਕੁਝ ਠੱਗ ਕਿਸਮ ਦੇ ਲੋਕਾਂ ਨੇ ਠੱਗੀ ਦੀ ਨਵੀਂ ਤਰਕੀਬ ਕੱਢ ਮਾਰੀ ਹੈ। ਕਿਸੇ ਬਾਹਰਲੇ ਨੰਬਰ ਤੋਂ ਫੋਨ ਕਾਲ ਆਉਂਦੀ ਹੈ, “ਹੈਲੋ! ਮੈਂ ਕਨੇਡਾ ਤੋਂ ਬੋਲਦਾਂ ... ਪਛਾਣਿਆ ਨੀਂ? ... ਭੁੱਲ ਗਏ?” ਇੰਨੇ ਵਿੱਚ ਕਾਲ ਦਾ ਜਵਾਬ ਦੇਣ ਵਾਲਾ ਆਪਣੇ ਕਿਸੇ ਰਿਸ਼ਤੇਦਾਰ, ਮਿੱਤਰ ਜਾਂ ਜਾਨਣ ਵਾਲੇ ਦਾ ਜੋ ਕਨੇਡਾ ਰਹਿ ਰਿਹਾ ਹੁੰਦਾ ਹੈ, ਨਾਮ ਲੈ ਦਿੰਦਾ ਹੈ। ਫੋਨ ਕਰਨ ਵਾਲਾ ਉਸੇ ਨਾਮ ’ਤੇ ਹਾਮੀ ਭਰ ਦਿੰਦਾ ਹੈ। ਬੱਸ ਠੱਗੀ ਦੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਅਤੇ ਵੱਖਰੇ ਵੱਖਰੇ ਤਰੀਕੇ ਨਾਲ ਜਾਲ ਵਿੱਚ ਫਸਾਇਆ ਜਾਂਦਾ ਹੈ। ਕੁਝ ਠੱਗਾਂ ਵੱਲੋਂ ਤਾਂ ਇਹ ਕਿਹਾ ਜਾਂਦਾ ਹੈ ਕਿ ਮੈਂ ਆਪਣੇ ਪਰਿਵਾਰ ਵਾਲਿਆਂ ਨੂੰ ਪੈਸੇ ਭੇਜ ਦਿੰਦਾ ਹਾਂ ਪਰ ਉਹ ਹਰ ਵਾਰ ਇੱਧਰ ਉੱਧਰ ਖ਼ਰਚ ਕੇ ਖਰਾਬ ਕਰ ਦਿੰਦੇ ਹਨ। ਮੈਂ ਦਿਨ ਰਾਤ ਮਿਹਨਤ ਕਰਦਾ ਹਾਂ, ਹੁਣ ਮੈਂ ਵੀ ਆਪਣਾ ਕੁਝ ਬਣਾਉਣਾ ਹੈ। ਮੈਨੂੰ ਸਾਰਿਆਂ ਵਿੱਚੋਂ ਬਸ ਤੁਹਾਡੇ ’ਤੇ ਭਰੋਸਾ ਹੈ, ਇਸ ਲਈ ਇਸ ਵਾਰ ਪੈਸੇ ਮੈਂ ਥੋਨੂੰ ਭੇਜਣੇ ਹਨ। ਤੁਸੀਂ ਹੁਣ ਚਾਹੇ ਇਹ ਪੈਸੇ ਵਰਤ ਲਿਓ, ਮੈਂ 4-5 ਮਹੀਨੇ ਤੱਕ ਇੰਡੀਆ ਆਉਣਾ ਹੈ, ਉਦੋਂ ਲੈ ਲਵਾਂਗਾ। ਮੈਨੂੰ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਭੇਜ ਦਿਓ, ਮੈਂ ਅੱਜ ਹੀ 15 ਲੱਖ ਰੁਪਏ ਟਰਾਂਸਫਰ ਕਰ ਦਿੰਦਾ ਹਾਂ। ਕੱਲ੍ਹ ਤੋਂ ਮੈਂ ਕਿਧਰੇ ਦੂਰ ਕੰਮ ’ਤੇ ਜਾਣਾ ਹੈ। ਪਰ ਹਾਂ, ਇਹ ਗੱਲ ਆਪਣੇ ਦੋਵਾਂ ਵਿੱਚ ਹੀ ਰਹੇ, ਹੋਰ ਕਿਸੇ ਨੂੰ ਨਾ ਦਸਿਓ।
ਇੱਕ ਤਾਂ ਐਨਾ ਵੱਡਾ ਭਰੋਸਾ, ਤੇ ਦੂਜੀ ਐਨੇ ਪੈਸਿਆਂ ਦੀ ਗੱਲ ਸੁਣ ਕੇ ਸਾਹਮਣੇ ਵਾਲਾ ਕੁਝ ਸੋਚਣ ਤੋਂ ਪਹਿਲਾਂ ਹੀ ਫਟਾਫਟ ਆਪਣੀ ਬੈਂਕ ਜਾਣਕਾਰੀ ਭੇਜ ਦਿੰਦਾ ਹੈ। ਇੱਥੇ ਉਹ ਠੱਗ ਇਸ ਬੈਂਕ ਜਾਣਕਾਰੀ ਦੀ ਵਰਤੋਂ ਨਾਲ ਖਾਤਾ ਹੈਕ ਕਰਕੇ ਜਾਂ ਸਾਹਮਣੇ ਵਾਲੇ ਤੋਂ ਗੱਲਾਂ ਵਿੱਚ ਉਲਝਾ ਕੇ ਉਸਦਾ ਏ ਟੀ ਐਮ ਨੰਬਰ, ਪਿਨ, ਪਾਸਵਰਡ, ਓ ਟੀ ਪੀ ਆਦਿ ਲੈ ਕੇ ਜਾਂ ਪੈਸੇ ਵੱਧ ਭੇਜੇ ਗਏ ਜਾਣ ਕਰਕੇ ਵਾਪਸ ਟਰਾਂਸਫਰ ਦਾ ਆਖ ਕੇ ਵੱਖ ਵੱਖ ਤਰੀਕਿਆਂ ਨਾਲ ਉਸ ਵਿਅਕਤੀ ਦਾ ਖਾਤਾ ਖਾਲੀ ਕਰ ਸਕਦਾ ਹੈ।
ਦੂਸਰੇ ਕੇਸ ਵਿੱਚ ਠੱਗ ਇਹ ਗੱਲ ਆਖਦਾ ਹੈ ਕਿ ਉਹ (ਤੁਹਾਡਾ ਜਾਣਕਾਰ) ਅਚਾਨਕ ਕਿਸੇ ਮੁਸੀਬਤ ਵਿੱਚ ਫਸ ਗਿਆ ਹੈ ਜਾਂ ਉਸ ਉੱਤੇ ਪੁਲਿਸ ਕੇਸ ਹੋ ਗਿਆ ਹੈ ਅਤੇ ਉਸ ਦੇ ਸਾਰੇ ਪੇਪਰ ਜ਼ਬਤ ਹੋ ਗਏ ਹਨ। ਪਰ ਉਹ ਆਪਣੇ ਘਰ ਵਾਲਿਆਂ ਨੂੰ ਇਹ ਗੱਲ ਦੱਸ ਕੇ ਦੁਖੀ ਨਹੀਂ ਕਰਨਾ ਚਾਹੁੰਦਾ ਜਾਂ ਉਹ ਉਸ ’ਤੇ ਗੁੱਸਾ ਹੋਣਗੇ। ਉਸ ਨੂੰ ਥੋੜ੍ਹੇ ਪੈਸਿਆਂ ਦੀ ਲੋੜ ਹੈ, ਜੋਂ ਉਹ ਛੇਤੀ ਮੋੜ ਦੇਵੇਗਾ। ਉਹ ਸਾਹਮਣੇ ਤੋਂ ਕਿਸੇ ਵਕੀਲ, ਪੁਲਿਸ ਅਫਸਰ ਨਾਲ ਗੱਲ ਕਰਵਾਉਣ ਦਾ ਨਾਟਕ ਵੀ ਕਰਦਾ ਹੈ, ਜੋ ਉਸ ਨੂੰ ਬਚਾਉਣ ਲਈ 5 ਤੋਂ 7 ਲੱਖ ਰੁਪਏ ਖਾਤੇ ਵਿੱਚ ਪਾਉਣ ਦੀ ਮੰਗ ਕਰਦਾ ਹੈ। ਕੁਝ ਲੋਕ ਇਨ੍ਹਾਂ ਗੱਲਾਂ ਨੂੰ ਸੱਚ ਸਮਝ ਕੇ ਉਸ ਨੂੰ ਬਚਾਉਣ ਲਈ ਪੈਸੇ ਭੇਜ ਦਿੰਦੇ ਹਨ। ਪਰ ਕੁਝ ਦਿਨ ਬਾਅਦ ਦੁਬਾਰਾ ਫਿਰ ਹੋਰ ਪੈਸੇ ਦੀ ਮੰਗ ਕੀਤੀ ਜਾਂਦੀ ਹੈ। ਕੁਝ ਲੋਕ ਉਹ ਵੀ ਭੇਜ ਦਿੰਦੇ ਹਨ ਪਰ ਕੁਝ ਇੱਕ ਦੀ ਇੰਨੇ ਪੈਸੇ ਭੇਜਣ ਦੀ ਪਹੁੰਚ ਨਹੀਂ ਹੁੰਦੀ ਤਾਂ ਗੱਲ ਉਸ ਜਾਣਕਾਰ ਦੇ ਪਰਿਵਾਰ ਨਾਲ ਸਾਂਝੀ ਕਰਨੀ ਪੈਂਦੀ ਹੈ। ਪਰ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਇਹ ਤਾਂ ਉਹ ਜਾਣਕਾਰ ਨਹੀਂ, ਬਲਕਿ ਕੋਈ ਹੋਰ ਹੀ ਪੈਸੇ ਠੱਗ ਰਿਹਾ ਹੈ। ਇਸ ਤਰ੍ਹਾਂ ਹਰ ਠੱਗ ਦਾ ਤਰੀਕਾ ਵੱਖਰਾ ਹੋ ਸਕਦਾ ਹੈ।
ਇਸ ਤਰ੍ਹਾਂ ਦੀਆਂ ਠੱਗੀਆਂ ਦੀਆਂ ਖਬਰਾਂ ਨਿੱਤ ਦਿਨ ਪੜ੍ਹਨ, ਸੁਨਣ, ਦੇਖਣ ਨੂੰ ਆਮ ਮਿਲਦੀਆਂ ਹਨ। ਪਰ ਫਿਰ ਵੀ ਇਹ ਠੱਗ ਕਿਸੇ ਨਾ ਕਿਸੇ ਅਣਜਾਣ ਵਿਅਕਤੀ ਨੂੰ ਆਪਣੇ ਜਾਲ ਵਿੱਚ ਫਸਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ ਅਤੇ ਪੈਸੇ ਠੱਗ ਲੈਂਦੇ ਹਨ। ਇਸ ਲਈ ਆਪਣੇ ਜਾਨਣ ਵਾਲੇ, ਦੋਸਤਾਂ, ਮਿੱਤਰਾਂ ਨੂੰ ਇਸ ਦੀ ਜਾਣਕਾਰੀ ਲਾਜ਼ਮੀ ਦਿਓ ਤਾਂ ਕਿ ਉਹ ਇਸ ਤਰ੍ਹਾਂ ਠੱਗੀ ਦੇ ਸ਼ਿਕਾਰ ਹੋਣ ਤੋਂ ਬਚ ਸਕਣ। ਆਪਣੀ ਬੈਂਕ ਜਾਣਕਾਰੀ ਜਾਂ ਪੈਸੇ ਭੇਜਣ ਤੋਂ ਪਹਿਲਾਂ ਉਸ ਵਿਅਕਤੀ ਦੀ ਸਚਾਈ ਜ਼ਰੂਰ ਜਾਣ ਲਓ। ਕਦੇ ਵੀ ਕਿਸੇ ’ਤੇ ਅੱਖਾਂ ਬੰਦ ਕਰ ਕੇ ਭਰੋਸਾ ਨਾ ਕਰੋ ਅਤੇ ਲਾਲਚ ਵਿੱਚ ਨਾ ਆਓ, ਕਿਉਂਕਿ ਅਸੀਂ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ ਕਿ ਲਾਲਚ ਬੁਰੀ ਬਲਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(ਸਰੋਕਾਰ ਨਾਲ ਸੰਪਰਕ ਲਈ: