“ਜੇਕਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਆਮ ਨਾਗਰਿਕ ਟਰੈਫਿਕ ਨਿਯਮਾਂ ਦੀ ...”
(10 ਫਰਵਰੀ 2022)
ਸੰਸਾਰ ਭਰ ਦੇ ਸਾਰੇ ਮੁਲਕ ਤੇਜ਼ੀ ਨਾਲ ਸਮਾਜਿਕ ਅਤੇ ਆਰਥਿਕ ਤੌਰ ’ਤੇ ਤਰੱਕੀ ਕਰ ਰਹੇ ਹਨ। ਇਸ ਵਿੱਚ ਵੀ ਦੋ ਰਾਵਾਂ ਨਹੀਂ ਕਿ ਇਸ ਤਰੱਕੀ ਵਿੱਚ ਆਵਾਜਾਈ ਦੇ ਸਾਧਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਹੈ। ਪਰ ਇਸਦੇ ਨਾਲ ਹੀ ਆਵਾਜਾਈ ਦੇ ਸਾਧਨਾਂ ਦੀ ਗਿਣਤੀ ਵਧ ਜਾਣ ਨਾਲ ਆਵਾਜਾਈ ਨਾਲ ਸਬੰਧਤ ਵੱਡੀਆਂ ਸਮੱਸਿਆਵਾਂ ਜਨਮ ਲੈ ਰਹੀਆਂ ਹਨ। ਆਵਾਜਾਈ ਦੇ ਸਾਧਨ ਵਧਣ ਕਰਕੇ ਨਿੱਤ ਦਿਨ ਸੜਕ ਦੁਰਘਟਨਾਵਾਂ ਵਧ ਰਹੀਆਂ ਹਨ। ਰੋਜ਼ ਹੀ ਅਖ਼ਬਾਰਾਂ, ਨਿਊਜ਼ ਚੈਨਲਾਂ ਅਤੇ ਸੋਸ਼ਲ ਮੀਡੀਆ ਸਮੇਤ ਹੋਰ ਸੰਚਾਰ ਸਾਧਨਾਂ ਰਾਹੀਂ ਭਿਆਨਕ ਸੜਕ ਹਾਦਸਿਆਂ ਦੀਆਂ ਖਬਰਾਂ, ਤਸਵੀਰਾਂ ਅਤੇ ਵੀਡੀਓ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਪੜ੍ਹ-ਸੁਣ-ਦੇਖ ਕੇ ਮਨ ਬੜਾ ਦੁਖੀ ਹੁੰਦਾ ਹੈ। ਇਸ ਤਰ੍ਹਾਂ ਦੇ ਸੜਕ ਹਾਦਸੇ ਹਰ ਸਾਲ ਕਿੰਨੇ ਹੀ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਹਨ। ਇਨ੍ਹਾਂ ਸੜਕ ਹਾਦਸਿਆਂ ਵਿੱਚ ਅਸੀਂ ਅਨੇਕਾਂ ਹੀ ਨਾਮੀ ਸ਼ਖ਼ਸੀਅਤਾਂ, ਨੇਤਾ, ਫਿਲਮ ਹਸਤੀਆਂ, ਡਾਕਟਰ, ਮਸ਼ਹੂਰ ਕਲਾਕਾਰ ਗੁਆ ਚੁੱਕੇ ਹਾਂ। ਬਹੁਤ ਸਾਰੇ ਹਾਦਸਿਆਂ ਵਿੱਚ ਤਾਂ ਪੂਰੇ ਦੇ ਪੂਰੇ ਪਰਿਵਾਰ ਖ਼ਤਮ ਹੋ ਜਾਂਦੇ ਹਨ। ਹਰ ਕੋਈ ਹੀ ਆਪਣੇ ਪਰਿਵਾਰ ਲਈ ਅਣਮੋਲ ਹੁੰਦਾ ਹੈ ਜੇਕਰ ਪਰਿਵਾਰ ਦਾ ਇੱਕ ਜੀਅ ਦੀ ਬੇਵਕਤ ਮੌਤ ਹੋ ਜਾਂਦੀ ਹੈ ਤਾਂ ਬਾਕੀ ਪਰਿਵਾਰ ਨੂੰ ਸਾਰੀ ਉਮਰ ਮਾਨਸਿਕ ਤੇ ਆਰਥਿਕ ਸੰਤਾਪ ਹੰਢਾਉਣਾ ਪੈਂਦਾ ਹੈ। ਮੌਤ ਹੋਣ ਤੋਂ ਇਲਾਵਾ ਬਹੁਤ ਸਾਰੇ ਹਾਦਸਿਆਂ ਵਿੱਚ ਲੋਕ ਭਿਆਨਕ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਸਰੀਰਕ ਤੌਰ ’ਤੇ ਅਪਾਹਜ ਹੋ ਜਾਂਦੇ ਹਨ ਅਤੇ ਸਾਰੀ ਉਮਰ ਲਈ ਆਪਣੇ ਪਰਿਵਾਰ ਉੱਪਰ ਬੋਝ ਬਣ ਜਾਂਦੇ ਹਨ। ਜੇਕਰ ਘਰ ਦੇ ਇੱਕੋ-ਇੱਕ ਕਮਾਊ ਮੈਂਬਰ ਨਾਲ ਇਸ ਤਰ੍ਹਾਂ ਦੀ ਦੁਰਘਟਨਾ ਵਾਪਰ ਜਾਵੇ ਤਾਂ ਉਸ ’ਤੇ ਨਿਰਭਰ ਬਾਕੀ ਜੀਆਂ ਦੀ ਜ਼ਿੰਦਗੀ ਤਬਾਹੀ ਦੇ ਕੰਢੇ ’ਤੇ ਆ ਜਾਂਦੀ ਹੈ।
ਅਕਸਰ ਹੀ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਨੂੰ ਕੁਦਰਤ ਦੀ ਕਰੋਪੀ ਜਾਂ ਰੱਬ ਦਾ ਭਾਣਾ ਕਹਿ ਦਿੱਤਾ ਜਾਂਦਾ ਹੈ। ਪਰ ਇਨ੍ਹਾਂ ਦੁਰਘਟਨਾਵਾਂ ਦਾ ਕਾਰਨ ਹਰ ਵਾਰ ਮਨੁੱਖੀ ਗਲਤੀਆਂ ਹੀ ਹੁੰਦੀਆਂ ਹਨ। ਬੇਲੋੜੀ ਤੇ ਤੇਜ਼ ਰਫ਼ਤਾਰ, ਟਰੈਫਿਕ ਨਿਯਮਾਂ ਦੀ ਉਲੰਘਣਾ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਮੋਬਾਇਲ ਫੋਨ ਦੀ ਵਰਤੋਂ, ਸੀਟ ਬੈਲਟ ਨਾ ਲਾਉਣਾ, ਹੈਲਮਟ ਨਾ ਪਹਿਨਣਾ, ਆਵਾਰਾ ਪਸ਼ੂਆਂ ਨਾਲ ਟੱਕਰ ਆਦਿ ਕਾਰਨ ਆਮ ਤੌਰ ’ਤੇ ਇਨ੍ਹਾਂ ਹਾਦਸਿਆਂ ਦੀ ਵਜਾਹ ਬਣਦੇ ਹਨ। ਸਾਡੇ ਦੇਸ਼ ਵਿੱਚ ਟਰੈਫਿਕ ਨਿਯਮਾਂ ਦੀ ਸਖਤੀ ਨਾ ਹੋਣਾ, ਡਰਾਇਵਿੰਗ ਲਾਇਸੈਂਸ ਬਣਾਉਣ ਤੋਂ ਪਹਿਲਾਂ ਪੂਰੀ ਟ੍ਰੇਨਿੰਗ ਨਾ ਲੈਣਾ, ਡਰਾਇਵਿੰਗ ਟੈਸਟਿੰਗ ਵਿੱਚ ਰਿਸ਼ਵਤਖੋਰੀ ਅਤੇ ਸਿਫਾਰਸ਼ਬਾਜ਼ੀ ਵੀ ਇਸ ਲਈ ਜ਼ਿੰਮੇਵਾਰ ਹਨ। ਰੋਕ ਟੋਕ ਨਾ ਹੋਣ ਕਾਰਨ ਛੋਟੀ ਉਮਰ ਦੇ ਬੱਚੇ ਜਿਨ੍ਹਾਂ ਕੋਲ ਡਰਾਇਵਿੰਗ ਲਾਇਸੈਂਸ ਵੀ ਨਹੀਂ ਹੁੰਦਾ, ਸੜਕਾਂ ਅਤੇ ਬਾਜ਼ਾਰਾਂ ਵਿੱਚ ਸਕੂਟਰੀਆਂ ਅਤੇ ਇੱਥੋਂ ਤਕ ਕਿ ਕਾਰਾਂ ਚਲਾਉਂਦੇ ਆਮ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਦੇ ਅਸਿੱਖਿਅਤ ਬੱਚੇ ਇਨ੍ਹਾਂ ਵਾਹਨਾਂ ਨੂੰ ਬਹੁਤ ਤੇਜ਼ ਰਫ਼ਤਾਰ ’ਤੇ ਚਲਾਉਂਦੇ ਹਨ ਅਤੇ ਅਕਸਰ ਹਾਦਸਾਗ੍ਰਸਤ ਹੋ ਜਾਂਦੇ ਹਨ।
ਨਿਯਮਾਂ ਸਬੰਧੀ ਸਖ਼ਤੀ ਨਾ ਹੋਣ ਦੇ ਨਾਲ ਨਾਲ ਸਾਡੇ ਦੇਸ਼ ਵਿੱਚ ਡਰਾਇਵਿੰਗ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਵਿੱਚ ਵੀ ਬਹੁਤ ਸਾਰੀਆਂ ਖਾਮੀਆਂ ਹਨ। ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਰਿਸ਼ਵਤ ਜਾਂ ਸਿਫਾਰਿਸ਼ ਨਾਲ ਬਿਨਾਂ ਡਰਾਇਵਿੰਗ ਟੈਸਟ ਲਏ ਡਰਾਇਵਿੰਗ ਲਾਇਸੈਂਸ ਜਾਰੀ ਕਰ ਦਿੱਤਾ ਜਾਂਦਾ ਹੈ। ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਜਾਂਦਾ ਹੈ। ਅਸੀਂ ਬਿਨਾਂ ਡਰਾਇਵਿੰਗ ਲਾਇਸੈਂਸ ਅਤੇ ਹੋਰ ਦਸਤਾਵੇਜ਼ਾਂ ਦੇ ਗੱਡੀਆਂ ਚਲਾ ਰਹੇ ਲੋਕਾਂ ਨੂੰ ਆਮ ਵੇਖਦੇ ਹਾਂ। ਲੋਕਾਂ ਵੱਲੋਂ ਐਕਸੀਡੈਂਟਲ ਬੀਮਾ ਬਹੁਤ ਘੱਟ ਕਰਵਾਇਆ ਜਾਂਦਾ ਹੈ। ਬਿਨਾਂ ਕਿਸੇ ਐਮਰਜੈਂਸੀ ਦੇ ਲੋਕ ਇੱਕ ਦੂਜੇ ਤੋਂ ਕਾਹਲੀ ਕਰਦੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਹਨ ਅਤੇ ਗਲਤ ਓਵਰਟੇਕ ਕਰਦੇ ਹਨ। ਆਪਣੀ ਸੁਰੱਖਿਆ ਲਈ ਨਹੀਂ, ਸਗੋਂ ਚਲਾਨ ਤੋਂ ਬਚਾ ਲਈ ਕੁਝ ਖਾਸ ਥਾਂਵਾਂ ’ਤੇ ਹੀ ਹੈਲਮਟ ਅਤੇ ਸੀਟ ਬੈਲਟ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇਨ੍ਹਾਂ ਸੜਕ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਸਹੀ ਪਾਲਣਾ ਕਰਨ ਲਈ ਵੱਡੀ ਪੱਧਰ ’ਤੇ ਜਾਗਰੂਕ ਕਰਨ ਦੀ ਜ਼ਰੂਰਤ ਹੈ। ਡਰਾਇਵਿੰਗ ਲਾਇਸੈਂਸ ਬਣਾਉਣ ਸਮੇਂ ਚੱਲ ਰਹੀ ਰਿਸ਼ਵਤਖੋਰੀ ਨੂੰ ਬੰਦ ਕਰਨਾ ਚਾਹੀਦਾ ਹੈ ਅਤੇ ਸਹੀ ਤਰੀਕੇ ਨਾਲ ਟ੍ਰੇਨਿੰਗ ਅਤੇ ਡਰਾਇਵਿੰਗ ਟੈਸਟ ਹੋਣਾ ਸੁਨਿਸ਼ਚਿਤ ਕਰਨਾ ਚਾਹੀਦਾ ਹੈ। ਦੁਰਘਟਨਾ ਬੀਮਾ ਸਕੀਮਾਂ ਨੂੰ ਵੀ ਸੁਖਾਲਾ ਅਤੇ ਸਸਤਾ ਕਰਨਾ ਚਾਹੀਦਾ ਹੈ। ਟੁੱਟੀਆਂ ਸੜਕਾਂ ਦੀ ਸਮੇਂ ਸਿਰ ਮੁਰੰਮਤ ਨਾ ਕਰਨਾ, ਅਵਾਰਾ ਫਿਰਦੇ ਪਸ਼ੂਆਂ ਦਾ ਹੱਲ ਨਾ ਕਰਨਾ ਵੀ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ।
ਆਮ ਨਾਗਰਿਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨ੍ਹਾਂ ਦੁਰਘਟਨਾਵਾਂ ਦੇ ਵਾਪਰ ਜਾਣ ਤੋਂ ਪਹਿਲਾਂ ਹੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ। ਮਾਪੇ ਨਾਬਾਲਗ ਬੱਚਿਆਂ ਨੂੰ ਬਿਨਾਂ ਕਿਸੇ ਸਿਖਲਾਈ ਤੋਂ ਸਿੱਧਾ ਸੜਕ ’ਤੇ ਵਾਹਨ ਚਲਾਉਣ ਦੀ ਆਗਿਆ ਨਾ ਦੇਣ। ਸਕੂਲ ਪ੍ਰਬੰਧਕ ਤੇ ਟ੍ਰੈਫਿਕ ਪੁਲਿਸ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਜਾਗਰੂਕਤਾ ਕੈਂਪ ਲਾਉਣ। ਸੜਕ ਹਾਦਸਿਆਂ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਬਹੁਤ ਲੋੜ ਹੈ। ਜੇਕਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਆਮ ਨਾਗਰਿਕ ਟਰੈਫਿਕ ਨਿਯਮਾਂ ਦੀ ਪੂਰਨ ਪਾਲਣਾ ਕਰਨ ਤਾਂ ਇਨ੍ਹਾਂ ਹਾਦਸਿਆਂ ਨੂੰ ਘਟਾਇਆ ਜਾ ਸਕਦਾ ਹੈ ਅਤੇ ਹਜ਼ਾਰਾਂ ਕੀਮਤੀ ਜਾਨਾਂ ਨੂੰ ਬਚਾ ਕੇ ਸੈਂਕੜੇ ਪਰਿਵਾਰਾਂ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕਦਾ ਹੈ।
***
ਰੁੱਤ ਵੋਟਾਂ ਦੀ ਆਈ
ਸਾਡੇ ਲੋਕਤੰਤਰੀ ਦੇਸ਼ ਵਿੱਚ ਸਰਕਾਰਾਂ ਲੋਕਾਂ ਦੁਆਰਾ ਚੁਣੀਆਂ ਜਾਂਦੀਆਂ ਹਨ ਪਰ ਲੋਕਾਂ ਦੀ ਇਸ ਤਾਕਤ ਦਾ ਚੇਤਾ ਰਾਜਨੀਤਕ ਪਾਰਟੀਆਂ ਨੂੰ ਵੋਟਾਂ ਦੇ ਨੇੜੇ ਜਾ ਕੇ ਹੀ ਆਉਂਦਾ ਹੈ ਅਤੇ ਸਰਕਾਰ ਬਣਾਉਣ ਪਿੱਛੋਂ ਲੋਕਾਂ ਦੀ ਯਾਦ ਫਿਰ ਵਿਸਰ ਜਾਂਦੀ ਹੈ। ਵੋਟਾਂ ਤੋਂ ਪਹਿਲਾਂ ਸਾਰੇ ਹੀ ਰਾਜਨੀਤਕ ਨੇਤਾਵਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਵਾਅਦਿਆਂ, ਭਰੋਸਿਆਂ ਦਾ ਤਾਣਾ ਬਾਣਾ ਬੁਣਿਆ ਜਾਂਦਾ ਹੈ। ਹੋਰ ਤਾਂ ਹੋਰ, ਹੁਣ ਤਾਂ ਵੱਡੇ ਰਾਜਨੀਤਕ ਦਲਾਂ ਵੱਲੋਂ ਚੋਣ ਰਣਨੀਤੀਕਾਰਾਂ ਦੀਆਂ ਸੇਵਾਵਾਂ ਲੈਣ ਦਾ ਰਿਵਾਜ਼ ਸ਼ੁਰੂ ਹੋ ਗਿਆ ਹੈ, ਜਿਸਦੀ ਵੱਡੀ ਉਦਾਹਰਣ ਪ੍ਰਸ਼ਾਂਤ ਕਿਸ਼ੋਰ ਦੀ ਚੋਣ ਏਜੰਸੀ ਦੀ ਭੂਮਿਕਾ ਲੰਘੀਆਂ ਚੋਣਾਂ ਵਿੱਚ ਵੇਖਣ ਨੂੰ ਮਿਲੀ ਸੀ।
ਵੋਟਾਂ ਸਮੇਂ ਵੱਖ-ਵੱਖ ਪਾਰਟੀਆਂ ਦੇ ਸਮਰਥਕ ਵੀ ਆਪਣੀ ਪਾਰਟੀ ਦੀਆਂ ਚੰਗਿਆਈਆਂ ਗਿਣਾਉਂਦੇ ਦੂਸਰੀ ਪਾਰਟੀ ਦੇ ਸਮਰਥਕਾਂ ਨਾਲ ਬਹਿਸਬਾਜ਼ੀ ’ਤੇ ਉੱਤਰ ਆਉਂਦੇ ਹਨ। ਇਸ ਸਮੇਂ ਜ਼ਿਆਦਾਤਰ ਲੋਕਾਂ ਤੇ ਧੜੇਬੰਦੀ ਇੰਨੀ ਭਾਰੂ ਹੋ ਜਾਂਦੀ ਹੈ ਕਿ ਅਸਲ ਮੁੱਦੇ ਗਾਇਬ ਹੋ ਜਾਂਦੇ ਹਨ। ਨੇਤਾ ਵੀ ਦੂਜੀਆਂ ਪਾਰਟੀਆਂ ਦੀਆਂ ਬੁਰਾਈਆਂ ਕਰਨ ਅਤੇ ਸਰਕਾਰ ਬਣਾਉਣ ਤੇ ਉਨ੍ਹਾਂ ਪਾਰਟੀਆਂ ਦੇ ਖਾਸ ਨੇਤਾਵਾਂ ਨੂੰ ਸਬਕ ਸਿਖਾਉਣ ’ਤੇ ਜ਼ੋਰ ਦਿੰਦੇ ਹਨ। ਲੋਕ ਭਾਵੇਂ ਚਾਰ, ਸਾਢੇ ਚਾਰ ਸਾਲ ਤਕ ਦੁਹਾਈਆਂ ਦਿੰਦੇ ਹਨ ਕਿ ਸਰਕਾਰ ਨੇ ਆਹ ਨਹੀਂ ਕੀਤਾ, ਔਹ ਨਹੀਂ ਕੀਤਾ ਪਰ ਵੋਟਾਂ ਵੇਲੇ ਪਾਰਟੀ, ਧਰਮ, ਜਾਤ, ਪੱਖ, ਪਹਿਚਾਣ ਦੇ ਅਧਾਰ ’ਤੇ ਵੋਟ ਭੁਗਤਾ ਦਿੰਦੇ ਹਨ। ਕੁਝ ਲੋਕ ਨਿੱਕੀ ਜਿਹੀ ਰਕਮ ਦੇ ਬਦਲੇ ਆਪਣੀ ਵੋਟ ਦਾ ਹੱਕ ਵੇਚ ਦਿੰਦੇ ਹਨ। ਵੋਟਾਂ ਸਮੇਂ ਮੁਫ਼ਤ ਬਿਜਲੀ, ਮੁਫ਼ਤ ਰਾਸ਼ਨ, ਪੈਨਸ਼ਨ ਦੇ ਵਾਅਦੇ ਵੀ ਵੋਟਰਾਂ ਲਈ ਖਿੱਚ ਦਾ ਕੇਂਦਰ ਬਣਦੇ ਹਨ।
ਹੋਰ ਕਿੰਨਾ ਸਮਾਂ ਅਸੀਂ ਰਾਜਨੀਤਕ ਪਾਰਟੀਆਂ ਵੱਲੋਂ ਉਭਾਰੇ ਜਾਂਦੇ ਧਾਰਮਿਕ, ਵੱਖਵਾਦੀ, ਬਦਲਾਖੋਰੀ, ਭਿਖਾਰੀਵਾਦੀ ਮੁੱਦਿਆਂ ਮਕੜਜਾਲ ਵਿੱਚ ਉਲਝਦੇ ਰਹਾਂਗੇ। ਸਿਹਤ, ਸਿੱਖਿਆ ਅਤੇ ਰੁਜ਼ਗਾਰ ਇਨ੍ਹਾਂ ਤੋਂ ਵੀ ਬਹੁਤ ਜ਼ਰੂਰੀ ਮੁੱਦੇ ਹਨ। ਸਾਡੀ ਮੰਗ ਹੋਣੀ ਚਾਹੀਦੀ ਹੈ ਕਿ ਸਾਨੂੰ ਚੰਗੀਆਂ ਸਿਹਤ ਸਹੂਲਤਾਂ ਮਿਲਣ, ਸਾਡੇ ਬੱਚੇ ਚੰਗੇ ਪੜ੍ਹ-ਲਿਖ ਜਾਣ ਅਤੇ ਰੁਜ਼ਗਾਰ ਮਿਲ ਜਾਵੇ ਅਸੀਂ ਆਪੇ ਕਮਾ ਕੇ ਰਾਸ਼ਣ ਖਰੀਦ ਲਵਾਂਗੇ ਅਤੇ ਬਿਜਲੀ ਦੇ ਬਿੱਲ ਵੀ ਭਰ ਲਵਾਂਗੇ। ਜੇਕਰ ਅਸੀਂ ਇਨ੍ਹਾਂ ਜ਼ਰੂਰੀ ਮੁੱਦਿਆਂ ਦੇ ਨਾਂ ’ਤੇ ਵੋਟਾਂ ਪਾਉਣ ਲੱਗਾਂਗੇ ਤਾਂ ਹੀ ਰਾਜਨੀਤਕ ਪਾਰਟੀਆਂ ਦਾ ਝੁਕਾਅ ਉਨ੍ਹਾਂ ਮੁੱਦਿਆਂ ਵੱਲ ਹੋਵੇਗਾ ਅਤੇ ਚੁਣੀਆਂ ਗਈਆਂ ਸਰਕਾਰਾਂ ਵੀ ਇਸ ਤਰ੍ਹਾਂ ਦੇ ਮੁੱਦੇ ਹੱਲ ਕਰਨ ਦਾ ਯਤਨ ਕਰਨਗੀਆਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)