“ ... ਫੇਰ ਅੱਖਾਂ ’ਚ ਘਸੁੰਨ ਦੇ ਕੇ ਰੋਵਾਂਗੇ। ...”
(26 ਜੂਨ 2021)
ਪਿੰਡ ਦੇ ਬੱਸ ਅੱਡੇ ’ਤੇ ਮੋਟਰਸਾਈਕਲ ਦੇ ਟਾਇਰ ਨੂੰ ਪੈਂਚਰ ਲਗਵਾ ਰਹੇ ਜਗਤਾਰ ਸਿੰਘ ਨੂੰ ਉਸਦੇ ਜਮਾਤੀ ਰਹੇ ਗੁਰਜੰਟ ਸਿੰਘ ਨੇ ਪੁੱਛਿਆ, “ਕੀ ਹਾਲ ਐ ਤਾਰੀ? ਫ਼ਸਲ ਬਾੜੀ ਵਧੀਐ? ... ਉਹ ਸੱਚ ਤੇਰਾ ਮੁੰਡਾ ਕਿਹੜੀ ਕਲਾਸ ਵਿੱਚ ਹੋ ਗਿਆ?” ਇੱਕੋ ਸਾਹ ਗੁਰਜੰਟ ਕਈ ਸਾਰੇ ਸਵਾਲ ਕਰ ਗਿਆ।
ਜਗਤਾਰ ਨੇ ਉੱਤਰ ਦਿੰਦਿਆਂ ਕਿਹਾ, “ਵਧੀਐ ਬਾਈ! ਮੁੰਡੇ ਨੇ ਬਾਰ੍ਹਵੀਂ ਕਰ ਲਈ ਸੀ। ਹੁਣ ਇੱਕ ਗੱਲ ’ਤੇ ਹੀ ਅੜਿਐ, ਕਹਿੰਦਾ ਮੈਂ ਤਾਂ ਬਾਹਰ ਹੀ ਜਾਣੈ। ਮੈਂ ਕਿਹਾ ਚੱਲ ਕੋਈ ਨਾ, ਕਰਾਂਗੇ ਕੋਈ ਖੱਬਾ ਸੱਜਾ। ਹੁਣ ਉਹ ਬਾਹਰ ਜਾਣ ਦਾ ਕੋਰਸ (ਆਈਲੈਟਸ) ਕਰਨ ਲੱਗ ਪਿਐ ਸ਼ਹਿਰ।” ਗੁਰਜੰਟ ਨੇ ਹੁੰਗਾਰਾ ਭਰਦਿਆਂ ਕਿਹਾ।
“ਚਲ ਕੋਈ ਨਾ, ਜੇ ਕਰਦੈ ਤਾਂ ਕਰਵਾ ਦੇ। ਨਾਲੇ ਚਾਰ-ਪੰਜ ਕਿੱਲਿਆਂ ਦੀ ਖੇਤੀ ਦੀ ਕਿੰਨੀ ਕ ਆਮਦਨ ਐ। ਬਾਕੀ ਇਥੇ ਕਿਹੜਾ ਨੌਕਰੀਆਂ ਮਿਲਦੀਆਂ।”
**
ਬਰਾਂਡੇ ਵਿੱਚ ਮੋਟਰਸਾਈਕਲ ਖੜ੍ਹਾਉਂਦਿਆਂ ਜਗਤਾਰ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਪੁੱਛਿਆ, “ਆ ਗਏ ਤੁਸੀਂ? ਲੈ ਆਏ ਆੜ੍ਹਤੀਏ ਤੋਂ ਵੀਹ ਹਜ਼ਾਰ ਫੜਕੇ? ਗਗਨ ਕਹਿੰਦਾ ਸੀ ਕੱਲ੍ਹ ਨੂੰ ਪੇਪਰ ਭਰਨ ਦੀ ਲਾਸਟ ਤਰੀਕ ਐ!”
ਜਗਤਾਰ ਨੇ ਪੈਸਿਆਂ ਵਾਲਾ ਝੋਲਾ ਬਲਜੀਤ ਕੌਰ ਨੂੰ ਫੜਾਉਂਦਿਆਂ ਕਿਹਾ, “ਪਹਿਲਾਂ ਪਾਣੀ ਪੂਣੀ ਤਾਂ ਪੁੱਛ ਲਿਆ ਕਰ! ਲੈ ਸਾਂਭ ਲੈ ਇਨ੍ਹਾਂ ਨੂੰ।”
ਬਲਜੀਤ ਕੌਰ ਨੇ ਪਾਣੀ ਦਾ ਗਲਾਸ ਫੜਾਉਂਦਿਆਂ ਕਿਹਾ, “ਐਂਵੇ ਨਾ ਔਖੇ ਭਾਰੇ ਜੇ ਹੋਇਆ ਕਰੋ! ਤੁਸੀਂ ਪਹਿਲਾਂ ਤਾਂ ਕਦੇ ਨਹੀਂ ਸੁਣੀ ਮੇਰੀ, ਹੁਣ ਮਸਾਂ ਅੱਡ ਵਿੱਢ ਹੋਏ ਆਂ। ਮੇਰੀ ਮੰਨੋ, ਜਿਵੇਂ ਕਿਵੇਂ ਕਰਕੇ ਗਗਨ ਨੂੰ ਤੋਰਦੋ ਬਾਹਰ, ਜੂਨ ਸੁਧਰ ਜੂ ਆਪਣੀ। ਮੇਰੀ ਭੂਆ ਦੇ ਪੋਤੇ ਨੂੰ ਦੇਖ ਲੋ, ਹਲੇ ਮਸਾਂ ਦੋ ਢਾਈ ਸਾਲ ਹੋਏ ਆ ... ਪੱਕਾ ਹੋ ਗਿਆ, ਨੋਟਾਂ ’ਚ ਖੇਡਦੇ ਆ ਅਗਲੇ।”
**
ਇੱਕ ਮਹੀਨੇ ਬਾਅਦ ਆਈਲੈਟਸ ਦਾ ਰਿਜ਼ਲਟ ਆ ਗਿਆ ਪਰ ਗਗਨ ਦਾ ਬੈਂਡ ਸਕੋਰ ਪੰਜ ਹੀ ਰਹਿ ਗਿਆ। ਬਲਜੀਤ ਕੌਰ ਦੇ ਵਾਰ ਵਾਰ ਸਮਝਾਉਣ ’ਤੇ ਜਗਤਾਰ ਸਿੰਘ ਨੇ ਇੱਕ ਵਾਰ ਫੇਰ ਔਖੇ ਸੌਖੇ ਹੋ ਕੇ ਟੈਸਟ ਦੇ ਪੈਸੇ ਭਰ ਦਿੱਤੇ। ਪਰ ਇਸ ਵਾਰ ਵੀ ਗਗਨ ਪੂਰੇ ਬੈਂਡ ਹਾਸਲ ਨਾ ਕਰ ਸਕਿਆ। ਨਿਰਾਸ਼ ਹੋਏ ਗਗਨ ਨੂੰ ਸਮਝਾਉਂਦਿਆਂ ਉਸਦੀ ਮਾਂ ਨੇ ਕਿਹਾ, “ਚਲ ਕੋਈ ਨਾ ਪੁੱਤ, ਇੱਕ ਵਾਰੀ ਹੋਰ ਪੇਪਰ ਦੇ ਲਈਂ! ਮੈਂ ਆਪੇ ਮਨਾ ਲਊਂ ਤੇਰੇ ਪਿਓ ਨੂੰ।”
ਗਗਨ ਨੇ ਵਿੱਚੋਂ ਟੋਕਦਿਆਂ ਕਿਹਾ, “ਨਹੀਂ ਮਾਂ! ਹੁਣ ਨਹੀਂ ਨਿਕਲਦਾ ਮੇਰੇ ਤੋਂ ਟੈਸਟ ਟੁਸਟ! ਪਰ ਮੈਂ ਜਾਣਾ ਬਾਹਰ ਹੀ ਐ। ਇੱਕ ਏਜੈਂਟ ਕਹਿੰਦਾ ਸੀ ਕਿ 6 ਬੈਂਡਾਂ ਵਾਲੀ ਕੁੜੀ ਨਾਲ ਵਿਆਹ ਕਰਵਾ ਕੇ ਓਹਦੀਆਂ ਫੀਸਾਂ ਭਰ ਕੇ ਭੇਜ ਦਿਆਂਗੇ। ਫੇਰ ਉਹ ਉੱਥੇ ਜਾ ਕੇ ਮੈਨੂੰ ਸੱਦ ਲਊ।”
ਬਲਜੀਤ ਕੌਰ ਨੇ ਹੈਰਾਨ ਹੋ ਕੇ ਪੁੱਛਿਆ, “ਐਵੇਂ ਕਿਵੇਂ? ... ਕਿਸੇ ਤੇ ਪੈਸੇ ਲਾਉਣ ਲਈ ਤੇਰੇ ਪਿਓ ਨੂੰ ਕੌਣ ਮਨਾਊ? ਮੈਂ ਤਾਂ ਪਹਿਲਾਂ ਮਸਾਂ ਰਾਜ਼ੀ ਕੀਤਾ ਸੀ।”
ਜਗਤਾਰ ਸਿੰਘ ਨੇ ਗੱਲ ਸੁਣਦਿਆਂ ਹੀ ਸਾਫ ਮਨ੍ਹਾਂ ਕਰ ਦਿੱਤਾ। ਗਗਨ ਨੇ ਗੁੱਸੇ ਹੋ ਕੇ ਕਿਹਾ, “ਬਾਹਰ ਜਾਣਾ ਹੁਣ ਮੇਰੀ ਇਜ਼ਤ ਦਾ ਸਵਾਲ ਐ! ਜੇਕਰ ਤੁਸੀਂ ਨਹੀਂ ਮੰਨਣਾ ਤਾਂ ਮੈਂ ਕੁਝ ਖਾ ਕੇ ਮਰ ਜਾਊਂ।”
ਬਲਜੀਤ ਕੌਰ ਨੇ ਰੋਂਦੇ ਹੋਏ ਜਗਤਾਰ ਸਿੰਘ ਨੂੰ ਕਿਹਾ, “ਤੁਸੀਂ ਵੀ ਐਂਵੇ ਅੜੀ ਕਰ ਬੈਠਦੇ ਓ! ਜੇ ਜਵਾਕ ਨੇ ਕੁਝ ਕਰ ਲਿਆ ਫੇਰ ਅੱਖਾਂ ’ਚ ਘਸੁੰਨ ਦੇ ਕੇ ਰੋਵਾਂਗੇ। ਕੁਝ ਨਹੀਂ ਹੁੰਦਾ ... ਜਮੀਨ ਵੇਚ ਦਿਆਂਗੇ ਥੋੜੀ ਘਣੀ, ਓਹ ਵੀ ਤਾਂ ਓਸੇ ਦੀ ਐ!”
ਜਗਤਾਰ ਸਿੰਘ ਦੁਚਿੱਤੀ ਵਿੱਚ ਫਸਿਆ ਕਦੇ ਪੁਰਖਿਆਂ ਦੀ ਸਾਂਭੀ ਜ਼ਮੀਨ ਬਾਰੇ ਸੋਚਦਾ ਅਤੇ ਕਦੇ ਆਪਣੇ ਮੁੰਡੇ ਬਾਰੇ। ਗੁਰਜੰਟ ਸਿੰਘ ਦੇ ਕਹੇ ਬੋਲਾਂ ਨੇ ਵੀ ਉਸ ਨੂੰ ਅੰਦਰੋਂ ਹਾਂ ਕਰਨ ਲਈ ਮਜਬੂਰ ਕਰ ਹੀ ਦਿੱਤਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(ਸਰੋਕਾਰ ਨਾਲ ਸੰਪਰਕ ਲਈ: