“ਸੁਹਿਰਦ ਲੋਕਾਂ ਨੂੰ ਇੱਕਜੁੱਟ ਹੋ ਕੇ ਅਤੇ ਵਿੱਚ ਪੈ ਕੇ ਹਾਲਾਤ ਵਿਗੜਨ ਤੋਂ ਬਚਾ ਲੈਣ ਦੀ ਜਾਚ ਸਿੱਖਣੀ ਪਵੇਗੀ ...”
(5 ਮਈ 2022)
ਮਹਿਮਾਨ: 64.
ਜਿਵੇਂ ਅਤੀਤ ਵਿੱਚ ਵਾਪਰੀਆਂ ਘਟਨਾਵਾਂ ਤੋਂ ਸਿੱਖਿਆ ਲੈਣਾ ਜ਼ਰੂਰੀ ਹੁੰਦਾ ਹੈ ਉਸੇ ਤਰ੍ਹਾਂ ਵਰਤਮਾਨ ਵਿੱਚ ਵਾਪਰ ਰਹੇ ਵਰਤਾਰੇ ਨੂੰ ਸਮਝਣਾ ਅਤੇ ਉਸ ਦੇ ਭਵਿੱਖ ਵਿੱਚ ਹੋਣ ਵਾਲੇ ਅਸਰਾਂ ਪ੍ਰਤੀ ਸੁਚੇਤ ਹੋਣਾ ਵੀ ਜ਼ਰੂਰੀ ਹੁੰਦਾ ਹੈ। ਜਿਸ ਤਰ੍ਹਾਂ ਕਿਸਾਨ ਅੰਦੋਲਨ ਸਮਾਜ, ਸਰਕਾਰ ਅਤੇ ਵਿਸ਼ਵ ਨੂੰ ਬਹੁਤ ਸਾਰੇ ਸੁਨੇਹੇ ਅਤੇ ਸਿੱਖਿਆਵਾਂ ਦੇ ਗਿਆ ਇਸੇ ਤਰ੍ਹਾਂ ਹੁਣੇ-ਹੁਣੇ ਵਾਪਰੇ ਪਟਿਆਲਾ ਘਟਨਾਕ੍ਰਮ ਦੇ ਵੀ ਬਹੁਤ ਸਾਰੇ ਦੂਰਗਾਮੀ ਸ਼ੁਭ-ਅਸ਼ੁਭ ਸਿੱਟੇ ਨਿੱਕਲ ਸਕਦੇ ਹਨ। ਇਸ ਵਾਸਤੇ ਸਾਨੂੰ ਇਸ ਵਰਤਾਰੇ ਦੌਰਾਨ ਵਾਪਰੀਆਂ ਹਾਂ-ਪੱਖੀ ਅਤੇ ਨਾਂਹ-ਪੱਖੀ ਘਟਨਾਵਾਂ ਨੂੰ ਨਿਰਪੱਖ, ਇਮਾਨਦਾਰ ਅਤੇ ਸਕਾਰਾਤਮਕ ਨਜ਼ਰੀਏ ਨਾਲ ਵਾਚਣਾ ਹੋਵੇਗਾ। ਇੱਥੇ ਇਹ ਸ਼ਬਦ ਲਿਖਣ ਦਾ ਹਰਗਿਜ਼ ਇਹ ਅਰਥ ਨਹੀਂ ਹੈ ਕਿ ਅਜਿਹੇ ਮਾਹੌਲ ਬਣਨੇ ਚੰਗੇ ਹਨ ਪਰ ਜੇ ਕਿਸੇ ਦੀ ਗਲਤੀ, ਕਮਜ਼ੋਰੀ ਜਾਂ ਲਾਲਸਾ ਵੱਸ ਜੇ ਅਜਿਹਾ ਮਾਹੌਲ ਬਣਦਾ ਵੀ ਹੈ ਤਾਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਜਿਹੇ ਸਮੇਂ ਦੌਰਾਨ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ, ਸਾਡੇ ਸਮਾਜਿਕ ਸਰੋਕਾਰ ਕੀ ਕਹਿੰਦੇ ਹਨ ਅਤੇ ਸਾਡੇ ਕੀ ਫਰਜ਼ ਬਣਦੇ ਹਨ। ਸਾਨੂੰ ਸੋਚਣਾ ਅਤੇ ਤੈਅ ਕਰਨਾ ਪਵੇਗਾ ਕਿ ਸਮਾਜਿਕ ਉਪੱਦਰ ਦਰਮਿਆਨ ਸਾਡੀ ਭੂਮਿਕਾ ਕੀ ਹੋਣੀ ਚਾਹੀਦੀ ਹੈ। ਜੇਕਰ ਇਹ ਘਟਨਾ ਪਟਿਆਲੇ ਦੀ ਥਾਂ ਕਿਸੇ ਘੱਟ ਜਾਗਰਿਤ ਅਤੇ ਵਖਰੇਵਿਆਂ ਦੇ ਸ਼ਿਕਾਰ ਸਮਾਜ ਵਿੱਚ ਵਾਪਰੀ ਹੁੰਦੀ ਤਾਂ ਹੋਰ ਦੰਗੇ ਅਤੇ ਕਤਲੋਗਾਰਤ ਵੀ ਹੋ ਸਕਦੀ ਸੀ। ਇੱਥੇ ਇਹ ਜ਼ਿਕਰ ਕਰਨਾ ਅਜਿਹੀਆਂ ਘਟਨਾਵਾਂ ਦੀ ਪ੍ਰੋੜ੍ਹਤਾ ਵੀ ਬਿਲਕੁਲ ਨਹੀਂ ਕਰਦਾ ਪਰ ਜਿਸ ਦੇਸ਼, ਸਮਾਜ ਅਤੇ ਸਿਆਸਤ ਵਿੱਚ ਅਸੀਂ ਰਹਿ ਰਹੇ ਹਾਂ ਸਾਨੂੰ ਇਸ ਤਰ੍ਹਾਂ ਦੇ ਹਾਲਾਤ ਬਾਰੇ ਹਮੇਸ਼ਾ ਸੁਚੇਤ ਰਹਿ ਕੇ ਜ਼ਰੂਰ ਚੱਲਣਾ ਹੋਵੇਗਾ। ਅਜਿਹੇ ਵਰਤਾਰਿਆਂ ਨੂੰ ਰੋਕਣ ਅਤੇ ਟੱਕਰ ਦੇਣ ਲਈ ਸਾਨੂੰ ਸਭ ਨੂੰ ਨਿੱਜੀ ਅਤੇ ਧਾਰਮਿਕ ਸੀਮਾਵਾਂ ਵਿੱਚੋਂ ਨਿਕਲ ਕੇ ਆਪਣੀ ਇੱਕ ਜ਼ਿੰਮੇਵਾਰ ਭੂਮਿਕਾ ਜ਼ਰੂਰ ਤੈਅ ਕਰਨੀ ਪਵੇਗੀ। ਬਿਰਤਾਂਤਕ ਘੁਸਪੈਠ ਕਰਕੇ ਜਨਤਾ ਨੂੰ ਨਿੱਤ ਨਵੇਂ ਤਰੀਕਿਆਂ ਨਾਲ ਵੰਡੀਆਂ ਪਾ ਕੇ ਅਤੇ ਭਾਵਨਾਵਾਂ ਭੜਕਾ ਕੇ ਆਪਣੇ ਨਿੱਜੀ ਮੁਫ਼ਾਦਾਂ ਖਾਤਰ ਵਰਤ ਲੈਣ ਵਾਲੇ ਸ਼ਾਤਰ ਲੋਕਾਂ ਨੂੰ ਪਛਾਨਣ ਅਤੇ ਨੰਗਾ ਕਰਨ ਲਈ ਸਾਨੂੰ ਸਭ ਨੂੰ ਨਿੱਜੀ ਅਤੇ ਸਮੂਹਿਕ ਰਣਨੀਤੀ ਸਿਰਜ ਲੈਣਾ ਅੱਜ ਬੇਹੱਦ ਜ਼ਰੂਰੀ ਹੋ ਗਿਆ ਹੈ।
ਪਟਿਆਲਾ ਸ਼ਹਿਰ ਵਿੱਚ ਵਾਪਰੇ ਤਾਜ਼ਾ ਵਰਤਾਰੇ ਵਿੱਚ ਵੀ ਬਹੁਤ ਸਾਰੇ ਦੁਖਦਾਈ ਅਤੇ ਕੁਝ ਭਵਿੱਖ ਵਾਸਤੇ ਉਮੀਦ ਵਾਲੇ ਪਹਿਲੂ ਨਜ਼ਰ ਆਏ ਜਿਹਨਾਂ ਦਾ ਜ਼ਿਕਰ ਕਰਨਾ ਬਣਦਾ ਹੈ। ਇਸ ਵਰਤਾਰੇ ਦਾ ਮੁੱਢ ਵਿਦੇਸ਼ ਬੈਠੇ ਗੁਰਪਤਵੰਤ ਪੰਨੂੰ ਦੇ ਖਾਲਿਸਤਾਨ ਸਬੰਧੀ ਬਿਆਨ ਤੋਂ ਬੱਝਦਾ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਉਸ ਨੇ ਪੰਜਾਬ ਅਤੇ ਸਿੱਖਾਂ ਦੇ ਹੋਰ ਅੱਤ ਜ਼ਰੂਰੀ ਮਸਲਿਆਂ ਬਾਰੇ ਕੋਈ ਯਤਨ ਤਾਂ ਕੀ, ਕਦੇ ਜ਼ਿਕਰ ਤਕ ਨਹੀਂ ਕੀਤਾ ਜਿਸ ਤੋਂ ਉਸ ਦੀ ਭੂਮਿਕਾ ਬਾਰੇ ਸ਼ੰਕਾ ਸਹਿਜੇ ਹੀ ਉਪਜਦਾ ਹੈ ਕਿ ਜੇਕਰ ਉਹ ਖਾਲਸੇ ਦੇ ਰਾਜ ਦਾ ਇੰਨਾ ਹਾਮੀ ਹੈ ਤਾਂ ਸਿੱਖਾਂ ਦੇ ਹੋਰ ਮਸਲਿਆਂ ਪ੍ਰਤੀ ਘੇਸਲ਼ ਕਿਉਂ ਵੱਟੀ ਰੱਖਦਾ ਹੈ? ਸਿੱਖ ਮਸਲਿਆਂ ਦੇ ਹੱਲ ਵੱਲ ਜਾਂਦੇ ਰਸਤਿਆਂ ਦੇ ਫੁੱਲਾਂ ਅਤੇ ਕੰਢਿਆਂ ਨੂੰ ਪਹਿਚਾਨਣ ਲਈ ਵੀ ਸਾਨੂੰ ਗੰਭੀਰ ਵਿਚਾਰ ਕਰਕੇ ਨਿਚੋੜ ਕੱਢਣਾ ਚਾਹੀਦਾ ਹੈ। ਦੂਸਰਾ ਅਹਿਮ ਪਹਿਲੂ ਹੈ ਪਟਿਆਲਾ ਸਬੰਧਤ ਸ਼ਿਵ ਸੈਨਾ ਆਗੂ ਹਰੀਸ਼ ਸਿੰਗਲਾ ਦਾ ਪੰਨੂ ਦੇ ਬਿਆਨ ਨੂੰ ਇੰਨਾ ਗੰਭੀਰਤਾ ਨਾਲ ਲੈਣਾ ਵੀ ਸਵਾਲ ਖੜ੍ਹਾ ਕਰਦਾ ਹੈ ਕਿ ਉਸ ਨੂੰ ਇਸ ਬਿਆਨ ਦਾ ਸਰਕਾਰ ਅਤੇ ਕਾਨੂੰਨ ਤੋਂ ਵੱਧ ਫਿਕਰ ਕਿਉਂ ਹੋਇਆ? ਜਦ ਕਿ ਉਹਨਾਂ ਦੀ ਸੈਨਾ ਅਤੇ ਸਹਿਯੋਗੀ ਜਥੇਬੰਦੀਆਂ ਅਕਸਰ ਹਿੰਦੂ ਰਾਸ਼ਟਰ ਦਾ ਢੰਡੋਰਾ ਪਿੱਟਦੀਆਂ ਰਹਿੰਦੀਆਂ ਹਨ। ਅਸਲ ਵਿੱਚ ਅਜਿਹੇ ਫ਼ਿਰਕੂ ਪੰਗੇ ਲੈਣ ਵਾਲੇ ਲੋਕ ਸੁਰੱਖਿਆ ਦਾ ਹੀਲਾ ਬਣਾਈ ਰੱਖਣ ਲਈ ਅਜਿਹੇ ਫ਼ਸਾਦ ਖੜ੍ਹੇ ਕਰਦੇ ਹਨ, ਜਾਂ ਕੁਝ ਲੋਕ ਆਪਣੇ ਫ਼ਿਰਕਾਪ੍ਰਸਤ ਮਨਸੂਬਿਆਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਲਈ ਅਜਿਹੇ ਬਿਰਤਾਂਤ ਅਤੇ ਨਾਟਕ ਸਿਰਜਦੇ ਰਹਿੰਦੇ ਹਨ ਤਾਂ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਨਿਗਾਹ ਵਿੱਚ ਬਣੇ ਰਹਿਣ ਅਤੇ ਇਹ ਸੁਰੱਖਿਆ ਦੀ ਆੜ ਹੇਠ ਸਮਾਜਿਕ ਅਤੇ ਧਾਰਮਿਕ ਮਾਹੌਲ ਵਿੱਚ ਜ਼ਹਿਰ ਘੋਲਦੇ ਰਹਿਣ। ਇਸੇ ਕਾਰਨ ਉਸ ਨੇ ਸਿੱਖ ਹਸਤੀਆਂ ਨਾਲ ਜੋੜ ਕੇ ਇਸ ਮਸਲੇ ਨੂੰ ਖੂਬ ਭੜਕਾਊ ਬਣਾਉਣ ਦਾ ਯਤਨ ਕੀਤਾ।
ਤੀਜਾ ਪਹਿਲੂ ਸੀ ਇਹਨਾਂ ਸੋਚੇ-ਸਮਝੇ ਕਰਮਾਂ ਦੇ ਪ੍ਰਤੀਕਰਮ ਦਾ, ਜਿਸਦਾ ਪੈਦਾ ਹੋਣਾ ਸੁਭਾਵਿਕ ਸੀ। ਹਿੰਦੂ ਲੋਗੋ ਅਧੀਨ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਣ ਦੇ ਵਿਰੋਧ ਵਿੱਚ ਸਿੱਖਾਂ ਅਧਾਰਿਤ ਦੂਜੀ ਧਿਰ ਧਾਰਮਿਕ ਜਜ਼ਬੇ ਅਤੇ ਜੋਸ਼ ਤੋਂ ਪ੍ਰੇਰਿਤ ਜ਼ਰੂਰ ਸੀ ਜਿਸਨੇ ਹਮਲਾਵਰ ਰੁਖ ਜ਼ਰੂਰ ਅਪਣਾਇਆ ਪਰ ਹੋਸ਼ ਦਾ ਪੱਲਾ ਨਹੀਂ ਛੱਡਿਆ। ਚੌਥਾ ਪਹਿਲੂ ਸੀ ਸਰਕਾਰ ਦਾ ਰਵੱਈਆ ਜੋ ਕਾਫੀ ਗੈਰਜ਼ਿੰਮੇਵਾਰ ਰਿਹਾ। ਕਾਫੀ ਦਿਨ ਪਹਿਲਾਂ ਤੋਂ ਤਹਿ ਹੋ ਰਹੇ ਟਕਰਾਓ ਵਾਲੇ ਹਾਲਾਤ ਬਾਰੇ ਸਰਕਾਰ ਦਾ ਅਵੇਸਲ਼ਾਪਨ ਨਿਰਾਸ਼ਾ ਵਾਲਾ ਰਿਹਾ। ਗੱਲ ਵਿਗੜ ਜਾਣ ’ਤੇ ਹਰਕਤ ਵਿੱਚ ਆਉਣਾ ਸਰਕਾਰ ਦੀ ਪੰਜਾਬ ਦੇ ਮਾਹੌਲ ਬਾਰੇ ਗੰਭੀਰਤਾ ’ਤੇ ਸ਼ੰਕੇ ਖੜ੍ਹੇ ਕਰ ਗਿਆ। ਪੰਜਵਾਂ ਪਹਿਲੂ ਸੀ ਮੌਕੇ ’ਤੇ ਬਣਨ ਵਾਲੇ ਹਾਲਾਤ ਨਾਲ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਦਾ ਨਜਿੱਠਣਾ ਜੋ ਨਿਰਪੱਖ ਅਤੇ ਤਸੱਲੀ ਵਾਲਾ ਰਿਹਾ। ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਦੀ ਭੂਮਿਕਾ ਜ਼ਿੰਮੇਵਾਰ ਰਹੀ ਅਤੇ ਪੁਲਿਸ ਕਪਤਾਨ ਨਾਨਕ ਸਿੰਘ ਦਾ ਸਭ ਧਿਰਾਂ ਨੂੰ ਖੁਦ ਵਿੱਚ ਵਿਚਰ ਕੇ ਬਿਨਾਂ ਡੰਡਾ ਚਲਾਏ ਕਾਬੂ ਵਿੱਚ ਰੱਖਣਾ, ਉਸਦੇ ਚੰਗਾ ਅਫਸਰ ਹੋਣ ਦੀ ਗਵਾਹੀ ਭਰ ਗਿਆ।
ਕਿਸੇ ਦੇ ਦਿਲ ਦੀ ਤਾਂ ਕੋਈ ਜਾਣ ਨਹੀਂ ਸਕਦਾ ਪਰ ਨਜ਼ਰ ਆਇਆ ਕਿ ਸਾਰੇ ਪ੍ਰਸ਼ਾਸਨ ਨੇ ਇਮਾਨਦਾਰ ਰੋਲ ਨਿਭਾਇਆ। ਪਰ ਅਜਿਹੇ ਇਨਸਾਨੀਅਤ ਅਤੇ ਫਰਜ਼ ਨੂੰ ਸਮਰਪਿਤ ਅਫਸਰ ਸਿਆਸਤ ਅਤੇ ਸਰਕਾਰਾਂ ਨੂੰ ਘੱਟ ਹੀ ਹਜ਼ਮ ਹੁੰਦੇ ਹਨ। ਸ਼ਾਇਦ ਇਸੇ ਕਰਕੇ ਸਨਮਾਨ ਦੀ ਥਾਂ ਉਸ ਨੂੰ ਬਦਲੀ ਨਾਲ ਨਿਵਾਜਿਆ ਗਿਆ। ਹੋ ਸਕਦਾ ਹੈ ਕਿ ਉਸਦੀ ਜ਼ਮੀਰ ਨੇ ਨਜਾਇਜ਼ ਜਾਂ ਪੱਖਪਾਤੀ ਕਰਵਾਈਆਂ ਦਾ ਹੁੰਗਾਰਾ ਨਾ ਭਰਿਆ ਹੋਵੇ ਕਿਉਂਕਿ ਆਮ ਤੌਰ ’ਤੇ ਅਜਿਹੇ ਮੌਕਿਆਂ ਤੇ ਸਰਕਾਰੀ ਬੋਲੀ ਬੋਲਣ ਅਤੇ ਨਾ ਬੋਲਣ ਵਾਲੇ ਅਫਸਰਾਂ ਦੀ ਪਛਾਣ ਸਹਿਜੇ ਹੀ ਹੋ ਜਾਂਦੀ ਹੈ ਅਤੇ ਇਸਦਾ ਸਬੂਤ ਪੱਖਪਾਤੀ ਕਾਰਵਾਈਆਂ ਤੇ ਧੱਕੇ ਨਾਲ ਮੜ੍ਹੇ ਦੋਸ਼ ਦੇ ਜਾਂਦੇ ਹਨ।
ਛੇਵਾਂ ਪਹਿਲੂ ਸੀ ਸਥਾਨਕ ਹੋਰ ਧਰਮਾਂ ਦੇ ਲੋਕਾਂ ਦਾ ਇਸ ਫੁੱਟਪਾਊ ਅਤੇ ਨਜਾਇਜ਼ ਦਖ਼ਲਅੰਦਾਜ਼ੀ ਵਿਰੁੱਧ ਸਿੱਖ ਜਥੇਬੰਦੀਆਂ ਦਾ ਸਾਥ ਦੇਣਾ। ਇਹ ਸਬਕ ਵੀ ਕਿਸਾਨ ਅੰਦੋਲਨ ਦੇ ਵਿਸ਼ਾਲ ਦਾਇਰੇ ਦੀ ਦੇਣ ਜਾਪਦਾ ਹੈ। ਅਗਲਾ ਸਭ ਤੋਂ ਵੱਡਾ ਪਹਿਲੂ ਸੀ ਫੁੱਟਪਾਊ ਬੰਦੇ ਦਾ ਉਸੇ ਦੇ ਧਰਮ ਵਲੋਂ ਵਿਰੋਧ, ਜਿਸ ਧਰਮ ਦਾ ਉਹ ਠੇਕੇਦਾਰ ਬਣ ਰਿਹਾ ਸੀ। ਇਹ ਨਵੇਕਲੀ ਗੱਲ ਇਹ ਸਾਬਤ ਕਰ ਗਈ ਕਿ ਸਭ ਧਰਮਾਂ ਦੇ ਲੋਕ ਹੀ ਆਪਣੇ ਆਪਣੇ ਧਰਮ ਅੰਦਰ ਬੈਠੀਆਂ ਬਖੇੜੇ ਪਾਉਣ ਵਾਲੀਆਂ ਤਾਕਤਾਂ ਤੋਂ ਦੁਖੀ ਹਨ ਅਤੇ ਇਹਨਾਂ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਹਨ। ਇਹ ਘੁੰਢੀ ਵੀ ਸਭ ਧਰਮਾਂ ਦੇ ਆਮ ਲੋਕਾਂ ਦੇ ਧਿਆਨ ਵਿੱਚ ਹੋਣੀ ਚਾਹੀਦੀ ਹੈ ਕਿ ਹਰ ਧਰਮ ਅੰਦਰ ਛੁਪੀਆਂ ਕਾਲੀਆਂ ਭੇਡਾਂ ਨੂੰ ਕਿਵੇਂ ਲਾਂਭੇ ਕਰ ਕੇ ਰੱਖਿਆ ਜਾਵੇ। ਸ਼ਿਵ ਸੈਨਾ ਦੇ ਹਰੀਸ਼ ਸਿੰਗਲਾ ਨੂੰ ਬਾਹਰ ਕੱਢਣ ਵਾਲੇ ਫ਼ੈਸਲੇ ਪਿਛਲੇ ਮਨਸੂਬੇ ਤਾਂ ਵਕਤ ਦੇ ਹਿਸਾਬ ਨਾਲ ਸਪਸ਼ਟ ਹੋਣਗੇ ਪਰ ਹਾਲ ਦੀ ਘੜੀ ਇਹ ਤਪਦੇ ਮਾਹੌਲ ਨੂੰ ਠਾਰਨ ਵਾਲਾ ਸਾਬਤ ਹੋਇਆ। ਮੰਦਰ ਕਮੇਟੀ ਵਲੋਂ ਹਰੀਸ਼ ਸਿੰਗਲੇ ਦਾ ਵਿਰੋਧ ਤੇ ਕੁਟਾਪਾ ਇਸ ਫ਼ਿਰਕੂ ਘੁਸਪੈਠ ਤੋਂ ਉਪਜਣ ਵਾਲੇ ਭਵਿੱਖਤ ਨੁਕਸਾਨ ਦਾ ਸੰਸਾ ਸੀ ਜਾਂ ਮੰਦਰ ਦੇ ਪਵਿੱਤਰ ਅਹਾਤੇ ਨੂੰ ਧੱਕੇ ਨਾਲ ਨਿੱਜੀ ਮੁਫ਼ਾਦ ਲਈ ਵਰਤਣ ਦਾ ਰੋਹ ਸੀ, ਇਹ ਵੀ ਹਾਲੇ ਸਪਸ਼ਟ ਹੋਣਾ ਬਾਕੀ ਹੈ। ਹਮੇਸ਼ਾ ਬਖ਼ੇੜੇ ਖੜ੍ਹੇ ਕਰਕੇ ਮਸ਼ਹੂਰੀ ਲੈਣ ਵਾਲੇ ਧਾਰਮਿਕ ਲੀਡਰ ਸਰਕਾਰੀ ਸਕਿਓਰਟੀ ਖੁੱਸਣ ਤੋਂ ਕਿੰਨਾ ਡਰ ਜਾਂਦੇ ਹਨ ਅਤੇ ਇਸ ਭੈਅ ਕਾਰਨ ਕਿਸ ਹੱਦ ਤਕ ਗਿਰ ਸਕਦੇ ਹਨ, ਇਹ ਵੀ ਇਸ ਘਟਨਾਕ੍ਰਮ ਦਾ ਅਹਿਮ ਪਹਿਲੂ ਰਿਹਾ।
ਅਗਲਾ ਮਹੱਤਵਪੂਰਨ ਪਹਿਲੂ ਜੋ ਸਭ ਤੋਂ ਜ਼ਿਆਦਾ ਗੌਰ ਮੰਗਦਾ ਹੈ ਕਿ ਇਸ ਘਿਨਾਉਣੇ ਵਰਤਾਰੇ ਬਾਰੇ ਪਹਿਲਾਂ ਤੋਂ ਜਾਣਦਿਆਂ ਹੋਇਆਂ ਵੀ ਇਸਦਾ ਸ਼ਿਕਾਰ ਬਣਨ ਵਾਲੇ ਦੋਨਾਂ ਧਰਮਾਂ ਦੀ ਕਿਸੇ ਵੀ ਜਥੇਬੰਦੀ ਨੇ ਤਪਦੇ ਮਾਹੌਲ ਦੇ ਆਸਾਰਾਂ ਨੂੰ ਠਾਰਨ ਜਾਂ ਥੰਮ੍ਹਣ ਦੀ ਉੱਕਾ ਹੀ ਕੋਸ਼ਿਸ਼ ਨਹੀਂ ਕੀਤੀ। ਇਸ ਤੋਂ ਇਹ ਸਪਸ਼ਟ ਹੋ ਗਿਆ ਕਿ ਇਹ ਸਭ ਵੀ ਸਿਆਸੀ ਆਗੂਆਂ ਵਾਂਗ ਅੱਗ ਪੂਰੀ ਮਘਾ ਕੇ ਰੋਟੀਆਂ ਸੇਕਦੇ ਹਨ। ਇਹਨਾਂ ਤੋਂ ਬਲ਼ਦੀ ਤੇ ਪਾਣੀ ਪਾਉਣ ਦੀ ਆਸ ਕਦੇ ਨਹੀਂ ਰੱਖੀ ਜਾ ਸਕਦੀ। ਇਸ ਕਰਕੇ ਸਾਨੂੰ ਆਪਣੇ ਸਮਾਜ ਅਤੇ ਭਾਈਚਾਰੇ ਦੀ ਰਾਖੀ ਆਪ ਕਰਨ ਦੀ ਆਦਤ ਪਾਉਣੀ ਪਵੇਗੀ। ਜਿੱਥੇ ਕਿਤੇ ਵੀ ਅਜਿਹੇ ਲੋਕ ਆਪਣੇ ਨਿੱਜੀ ਮੁਫ਼ਾਦ ਖਾਤਰ ਧਰਮ ਜਾਂ ਜਾਤ ਦੀਆਂ ਭਾਵਨਾਵਾਂ ਦਾ ਇਸਤੇਮਾਲ ਕਰਕੇ ਕੋਈ ਮੁੱਦਾ ਜਾਂ ਬਖ਼ੇੜਾ ਖੜ੍ਹਾ ਕਰਨ ਦਾ ਯਤਨ ਕਰਨ ਤਾਂ ਸਥਾਨਕ ਸੁਹਿਰਦ ਲੋਕਾਂ ਨੂੰ ਇੱਕਜੁੱਟ ਹੋ ਕੇ ਅਤੇ ਵਿੱਚ ਪੈ ਕੇ ਹਾਲਾਤ ਵਿਗੜਨ ਤੋਂ ਬਚਾ ਲੈਣ ਦੀ ਜਾਚ ਸਿੱਖਣੀ ਪਵੇਗੀ।
ਹੁਣ ਲੰਬਾ ਸਮਾਂ ਇਸ ਬਾਰੇ ਲੰਘੇ ਸੱਪ ਦੀ ਲਕੀਰ ਕੁੱਟਣ ਵਰਗੀਆਂ ਮੀਟਿੰਗਾਂ ਅਤੇ ਗੋਂਗਲ਼ੂਆਂ ਤੋਂ ਮਿੱਟੀ ਝਾੜਨ ਵਰਗੀਆਂ ਜਾਚਾਂ ਦਾ ਦੌਰ ਚੱਲਦਾ ਰਹੇਗਾ ਪਰ ਕੋਈ ਇਹ ਸਵਾਲ ਨਹੀਂ ਉਠਾਵੇਗਾ ਕਿ ਗੁਰਪਤਵੰਤ ਪੰਨੂ ਬਾਰੇ ਸਰਕਾਰ ਨੇ ਕੀ ਕੀਤਾ? ਪੰਨੂੰ ਅਤੇ ਹਰੀਸ਼ ਨੂੰ ਪਿੱਛੇ ਸੁੱਟ ਪਰਵਾਨਾ ਮਾਸਟਰ ਮਾਈਂਡ ਕਿਵੇਂ ਹੋ ਗਿਆ ਅਤੇ ਫਿਰ ਇੱਕਦਮ ਮੁਕਤ ਕਿਵੇਂ ਹੋ ਗਿਆ? ਪੁਲਿਸ ਕਪਤਾਨ ਨਾਨਕ ਸਿੰਘ ਨੂੰ ਬਦਲਣ ਪਿੱਛੇ ਕੀ ਠੋਸ ਕਾਰਨ ਸਨ ਅਤੇ ਹੁਣ ਨਵੇਂ ਅਫਸਰ ਮੌਕਾ ਦੇਖਣ ਵਾਲੇ ਅਫਸਰਾਂ ਜਿੰਨਾ ਸਹੀ ਇਨਸਾਫ਼ ਕਿਵੇਂ ਦੇਣਗੇ?
ਵੱਡੇ ਖ਼ਬਰ ਚੈਨਲਾਂ ਦੀ ਟੀ ਆਰ ਪੀ ਵਾਂਗ ਇਹ ਵੀ ਵਿਊ ਤੇ ਕਮਾਈ ਖਾਤਰ ਬਾਤ ਦਾ ਬਤੰਗੜ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ ਅਤੇ ਆਮ ਜਿਹੀ ਗੱਲ ਨੂੰ ਵੱਡੀ ਬਣਾ ਕੇ ਆਪਣੀ ਕਿਰਕਰੀ ਕਰ ਰਹੇ ਹਨ। ਸਾਨੂੰ ਖ਼ਬਰ ਦੀ ਸਹੀ ਜਾਣਕਾਰੀ ਲਈ ਕਈ ਮਾਧਿਅਮਾਂ ਦੀ ਛਾਣ-ਪੁਣ ਕਰ ਕੇ ਹੀ ਨਿਚੋੜ ਕੱਢਣਾ ਚਾਹੀਦਾ ਹੈ। ਕੁਝ ਦਹਾਕੇ ਪਹਿਲਾਂ ਪੰਜਾਬ ਵਲੋਂ ਝੱਲੇ ਸੰਤਾਪ ਤੋਂ ਸਬਕ ਲੈਂਦਿਆਂ ਲੋਕਾਂ, ਪੁਲਿਸ, ਪ੍ਰਸ਼ਾਸਨ ਅਤੇ ਸਰਕਾਰ ਨੂੰ ਉਸ ਸਮੇਂ ਹੋਈਆਂ ਗਲਤੀਆਂ ਨੂੰ ਦੁਹਰਾਉਣ ਤੋਂ ਬਚਣਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3546)
(ਸਰੋਕਾਰ ਨਾਲ ਸੰਪਰਕ ਲਈ: