“ਇਸ ਕਿਸਾਨ ਅੰਦੋਲਨ ਦੇ ਵਿਸ਼ਾਲ ਹੋ ਚੁੱਕੇ ਦਾਇਰੇ ਨੇ ਕੇਂਦਰ ਦੀ ਸਰਕਾਰ ਅਤੇ ਸਮੁੱਚੀ ..."
(25 ਜਨਵਰੀ 2021)
ਦੇਸ਼ ਦੀ ਸਿਆਸਤ ਦਾ ਅਸਮਾਨ ਮੱਲੀ ਬੈਠੀਆਂ ਅਤੇ ਉਡਾਰੀਆਂ ਮਾਰਦੀਆਂ ਸਿਆਸੀ ਪਾਰਟੀਆਂ ਨੂੰ ਕਿਸਾਨੀ ਅੰਦੋਲਨ ਨੇ ਜ਼ਮੀਨ ’ਤੇ ਲੈ ਆਂਦਾ ਹੈ। ਆਮ ਨੇਤਾਵਾਂ ਦੀ ਤਾਂ ਗੱਲ ਕੀ, ਵੱਡੇ-ਵੱਡੇ ਘਾਗ ਨੇਤਾ ਲਲਚਾਈਆਂ ਅੱਖਾਂ ਨਾਲ ਮੋਰਚਿਆਂ ਦੀਆਂ ਸਟੇਜਾਂ ਵੱਲ ਬਿੱਟ-ਬਿੱਟ ਤੱਕਦੇ ਨਜ਼ਰ ਆ ਰਹੇ ਹਨ ਪਰ ਹਕੂਮਤ ਦੇ ਨਾਦਰਸ਼ਾਹੀ ਫੁਰਮਾਨਾਂ ’ਤੇ ਨਿਰੰਕੁਸ਼ ਵਤੀਰੇ ਦੀ ਸਤਾਈ, ਹੁਣੇ-ਹੁਣੇ ਜਾਗ੍ਰਿਤ ਹੋਈ ਜਨਤਾ ਦੇ ਰੋਹ ਅੱਗੇ ਉਹਨਾਂ ਦੀ ਕੋਈ ਪੇਸ਼ ਨਹੀਂ ਜਾ ਰਹੀ। ਦੁਨੀਆਂ ਦੇ ਰਿਕਾਰਡ ਤੋੜ ਦੇਣ ਵਾਲੇ ਇਕੱਠ ਨੂੰ ਦੇਖ ਉਹਨਾਂ ਦੀਆਂ ਲਾਲ਼ਾਂ ਤਾਂ ਡਿਗ ਰਹੀਆਂ ਹੋਣਗੀਆਂ ਪਰ ਪਿਛਲੀਆਂ ਕਰਤੂਤਾਂ ਨੇ ਉਹਨਾਂ ਦੀ ਹਿੰਮਤ ਮਾਰ ਹੀ ਦਿੱਤੀ ਹੈ। ਦੇਸ਼ ਦੀ ਸਿਆਸਤ ਦੇ ਪਾਪਾਂ ਦਾ ਭਾਂਡਾ ਹੀ ਇੰਨਾ ਭਰ ਗਿਆ ਸੀ ਕਿ ਕਿਸਾਨਾਂ ਦੀ ਅਗਵਾਈ ਵਿੱਚ ਲਗਭਗ ਸਾਰੇ ਦੇਸ਼ ਦੇ ਲੋਕ ਮਾਨੋ ਡੰਡਾ ਲੈ ਕੇ ਭ੍ਰਿਸ਼ਟ ਨੇਤਾਵਾਂ ਦੇ ਪਿੱਛੇ ਪੈ ਗਏ ਹਨ।
ਇਤਿਹਾਸ ਗਵਾਹ ਹੈ ਕਿ ਦੁਨੀਆਂ ਤੇ ਜਦੋਂ ਪਾਪ ਅਤੇ ਅਧਰਮ ਫੈਲਦਾ ਹੈ ਤਾਂ ਉਸ ਨੂੰ ਥੰਮ੍ਹਣ ਲਈ ਕਾਦਰ ਕਿਸੇ ਨਾ ਕਿਸੇ ਰੂਪ ਵਿੱਚ ਬਹੁੜਦਾ ਹੈ। ਦੇਸ਼ ਅਤੇ ਦੁਨੀਆਂ ਦੇ ਇਤਿਹਾਸ ਨੂੰ ਫ਼ਰੋਲਿਆਂ ਸਾਨੂੰ ਅਜਿਹੀਆਂ ਅਨੇਕ ਮਿਸਾਲਾਂ ਲੱਭ ਜਾਣਗੀਆਂ। ਪੰਜਾਬ ਦੀ ਧਰਤੀ ਤੋਂ ਅਰੰਭ ਹੋਏ ਕਿਸਾਨ ਅੰਦੋਲਨ ਨੂੰ ਦੇਸ਼ ਅੰਦਰੋਂ ਅਤੇ ਪੂਰੇ ਵਿਸ਼ਵ ਭਰ ਵਿੱਚੋਂ ਮਿਲੇ ਹੁੰਗਾਰੇ, ਸਹਿਯੋਗ ਅਤੇ ਸਮਰਥਨ ਨੂੰ ਦੇਖ ਕੇ ਮਹਿਸੂਸ ਹੋ ਰਿਹਾ ਹੈ ਕਿ ਇਸ ਵਾਰ ਇਹ ਕੌਤਕ ਸਮੂਹਿਕ ਤੌਰ ’ਤੇ ਜਨ-ਸੈਲਾਬ ਦੇ ਰੂਪ ਵਿੱਚ ਵਰਤ ਰਿਹਾ ਹੈ। ਕਿਸਾਨ ਅੰਦੋਲਨ ਦੀ ਰਾਹਨੁਮਾਈ ਅਤੇ ਵਰਤਾਰੇ ਉੱਪਰ ਵਰਤ ਰਹੀ ਕਿਸੇ ਇਲਾਹੀ ਕਲਾ ਨੂੰ ਬਹੁਤ ਸਾਰੇ ਸੰਵੇਦਨਸ਼ੀਲ ਨਾਮੀ-ਗਰਾਮੀ ਪੁਰਸ਼ ਮਹਿਸੂਸ ਵੀ ਕਰ ਰਹੇ ਹਨ, ਮੰਨ ਵੀ ਰਹੇ ਹਨ ਅਤੇ ਦੱਸ-ਪੁੱਛ ਵੀ ਰਹੇ ਹਨ। ਸਾਰੇ ਵਰਤਾਰੇ ਨੂੰ ਭਾਂਪਦਿਆਂ ਅਸੀਂ ਇਸ ਨੂੰ ਕ੍ਰਿਸ਼ਮਾਂ ਹੀ ਕਹਿ ਸਕਦੇ ਹਾਂ ਕਿ ਵਰ੍ਹਿਆਂ ਦੀ ਸੁੱਤੀ ਦੇਸ਼ ਦੀ ਜਨਤਾ ਇੱਕਦਮ ਜਾਗੀ ਅਤੇ ਦੇਸ ਦੀ ਚਿੱਕੜ ਡੁੱਬੀ ਸਿਆਸਤ ਤੇ ਨਿਰੰਕੁਸ਼ ਹੋ ਚੁੱਕੀ ਹਕੂਮਤ ਲਈ ਵੰਗਾਰ ਬਣ ਗਈ। ਖੁਦਗਰਜ਼ ਸਿਆਸਤ ਵਲੋਂ ਲੰਬੇ ਸਮੇਂ ਤੋਂ ਅਪਣਾਈਆਂ ਲੋਕ ਮਾਰੂ ਨੀਤੀਆਂ ਦਾ ਸਦਕਾ ਨਿਰਬਲ ਹੋ ਚੁੱਕੀ ਪਰਜਾ ਦਾ ਇੱਕਦਮ ਬਲ ਫੜ ਲੈਣਾ ਅਤੇ ਤੇਜ਼ੀ ਨਾਲ ਇੱਕਜੁੱਟ ਹੋ ਜਾਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਅਤੇ ਇਹ ਤਾਨਾਸ਼ਾਹ ਹੋ ਚੁੱਕੀ ਹਕੂਮਤ ਅਤੇ ਬੇਈਮਾਨ ਹੋ ਚੁੱਕੀਆਂ ਸਿਆਸੀ ਪਾਰਟੀਆਂ ਨੂੰ ਬੜਾ ਗਾੜ੍ਹਾ ਰੰਗ ਦਿਖਾ ਰਿਹਾ ਹੈ।
ਸਿਆਸੀ ਪਾਰਟੀਆਂ ਦੀਆਂ ਮੈਲ਼ੀਆਂ ਤੇ ਕੋਝੀਆਂ ਨੀਤੀਆਂ ਉਜਾਗਰ ਹੋ ਗਈਆਂ ਹਨ ਅਤੇ ਉਹ ਸਰਗਰਮੀ ਦੇ ਹਾਸ਼ੀਏ ਤੋਂ ਇਸ ਤਰ੍ਹਾਂ ਬਾਹਰ ਹੋ ਗਈਆਂ ਹਨ ਕਿ ਹੋਂਦ ਬਣਾਈ ਰੱਖਣ ਦਾ ਫਿਕਰ ਪਿਆ ਹੋਇਆ ਹੈ। ਸਿਆਸਤ ਨੂੰ ਕਾਰੋਬਾਰ ਬਣਾ ਕੇ ਚੱਲਣ ਵਾਲੇ ਅਤੇ ਦਾਗੀ ਤੇ ਗੱਦਾਰ ਪਿਛੋਕੜ ਰੱਖਦੇ ਨੇਤਾ, ਲੋਕਾਂ ਮੁਹਰੇ ਆਉਣਾ ਤਾਂ ਕੀ, ਕੋਈ ਬਿਆਨ ਦੇਣ ਤੋਂ ਵੀ ਡਰ ਰਹੇ ਹਨ ਕਿ ਜਨਤਾ ਆੜੇ ਹੱਥੀਂ ਨਾ ਲੈ ਲਏ।
ਦੇਸ਼ ਅਤੇ ਰਾਜਾਂ ਵਿੱਚ ਸੱਤਾ ਧਾਰੀ ਸਿਆਸੀ ਪਾਰਟੀਆਂ ਪ੍ਰਸ਼ਾਸਨ ਅਤੇ ਫੋਰਸ ਦੇ ਦਮ ਕਾਰਨ ਸਾਹ ਤਾਂ ਲੈ ਰਹੀਆਂ ਹਨ ਪਰ ਅੰਦਰੋਂ ਭੈਭੀਤ ਹਨ, ਜਿਸਦਾ ਸਬੂਤ ਹੈ ਕਿ ਉਹ ਘੱਟ ਤੋਂ ਘੱਟ ਗਤੀਵਿਧੀ ਦੇ ਹਾਲ ਵਿੱਚ ਹਨ ਤੇ ਅਣ-ਸਰਦੇ ਕੰਮਾਂ ’ਤੇ ਰਹਿ ਕੇ ਆਪਣਾ ਵਜੂਦ ਬਚਾ ਰਹੀਆਂ ਹਨ। ਕੇਂਦਰ ਦੀ ਸਰਕਾਰ ਅਤੇ ਸਬੰਧਤ ਸਿਆਸੀ ਪਾਰਟੀ ਦੇ ਨੇਤਾ ਵੀ ਬਹੁਮਤ ਦੇ ਸਿਰ ਤੇ ਹੈਂਕੜ, ਘੁਮੰਡ, ਅੜਬਾਈ ਅਤੇ ਬੇਗੌਰੀ ਜਿੰਨੀ ਮਰਜ਼ੀ ਦਿਖਾਈ ਜਾਣ ਪਰ ਅੰਦਰੋਂ ਉਹ ਵੀ ਭੈਅ ਅਤੇ ਹੜਬੜਾਹਟ ਵਿੱਚ ਹੀ ਕੰਮ ਕਰ ਰਹੇ ਹਨ, ਜਿਸਦਾ ਸਬੂਤ ਸੁਪਰੀਮ ਕੋਰਟ ਦਾ ਆਸਰਾ ਭਾਲਣਾ, ਭੁਪਿੰਦਰ ਸਿੰਘ ਮਾਨ ਦਾ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਤੋਂ ਵੱਖ ਹੋ ਜਾਣਾ ਅਤੇ ਪਾਰਟੀ ਦੇ ਹੇਠਲੀ ਪੱਧਰ ਦੇ ਬਹੁਤ ਨੇਤਾਵਾਂ ਦਾ ਅੰਦਰਖਾਤੇ ਕਿਸਾਨਾਂ ਦੇ ਹੱਕ ਵਿੱਚ ਭੁਗਤਣਾ ਹੈ।
ਇਸ ਕਿਸਾਨ ਅੰਦੋਲਨ ਦੇ ਵਿਸ਼ਾਲ ਹੋ ਚੁੱਕੇ ਦਾਇਰੇ ਨੇ ਕੇਂਦਰ ਦੀ ਸਰਕਾਰ ਅਤੇ ਸਮੁੱਚੀ ਸਿਆਸਤ ਨੂੰ ਵਕਤ ਪਾਇਆ ਹੋਇਆ ਹੈ ਜਿਸ ਨਾਲ ਸਿਆਸੀ ਪਾਰਟੀਆਂ ਤੇ ਨੇਤਾਵਾਂ ਨੂੰ ਉਹਨਾਂ ਦੀ ਔਕਾਤ ਯਾਦ ਕਰਾ ਦਿੱਤੀ ਹੈ। ਜ਼ਿਆਦਾਤਰ ਨੇਤਾਵਾਂ ਦੀ ਘਰ ਬੈਠਣ ਅਤੇ ਮੱਖੀਆਂ ਮਾਰਨ ਵਾਲੀ ਸਥਿਤੀ ਤਰਸਯੋਗ ਸਥਿਤੀ ਬਣੀ ਹੋਈ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2545)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)