“ਪੰਜਾਬ ਅਤੇ ਦੇਸ਼ ਦੀ ਕੋਰੋਨਾ ਵਿਰੁੱਧ ਜੰਗ ਦੀ ਗੱਲ ਕਰੀਏ ਤਾਂ ਇੱਥੇ ...”
(19 ਮਈ 2020)
ਮਹਾਂਮਾਰੀਆਂ ਦਾ ਦੁਨੀਆਂ ਨੂੰ ਝੰਜੋੜਨ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਅਨੇਕਾਂ ਵਾਰ ਪਲੇਗ, ਹੈਜ਼ਾ, ਚੇਚਕ, ਖਸਰਾ, ਪੀਲੀਆ ਆਦਿ ਵਰਗੀਆਂ ਮਹਾਂਮਾਰੀਆਂ ਨੇ ਵੱਖ-ਵੱਖ ਰੂਪਾਂ ਵਿੱਚ ਧਰਤੀ ਉੱਪਰ ਕਹਿਰ ਮਚਾਇਆ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਦਾ ਕਾਰਨ ਬਣੀਆਂ। ਉੱਨੀਵੀਂ ਸਦੀ ਤਕ ਫੈਲੀਆਂ ਮਹਾਂਮਾਰੀਆਂ ਦੇ ਪਿੱਛੇ ਜ਼ਿਆਦਾਤਰ ਅਗਿਆਨਤਾ, ਅਣਗਹਿਲੀ, ਅਣਜਾਣਤਾ, ਮਜਬੂਰੀ ਜਾਂ ਕਈ ਵਾਰ ਕੁਦਰਤ ਦੀ ਮਾਰ ਦੀ ਝਲਕ ਦਿਖਾਈ ਪੈਂਦੀ ਹੈ। ਉਦੋਂ ਤਕ ਫੈਲੀਆਂ ਮਹਾਂਮਾਰੀਆਂ ਦੇ ਵਿਰੁੱਧ ਲੜੀ ਗਈ ਜੰਗ ਸਬੰਧੀ ਦੇਸ਼ਾਂ ਅਤੇ ਆਲਮੀ ਸੰਗਠਨਾਂ ਦੀ ਭੂਮਿਕਾ ਬਾਰੇ ਕਦੇ ਇੰਨੇ ਸਵਾਲ ਨਹੀਂ ਸਨ ਉੱਠੇ। ਉਦੋਂ ਤਕ ਸਾਧਨ ਵੀ ਘੱਟ ਸਨ, ਸਾਇੰਸ ਅਤੇ ਸਿਹਤ ਸਹੂਲਤਾਂ ਵੀ ਅੱਜ ਵਰਗੀਆਂ ਵਿਕਸਤ ਨਹੀਂ ਸਨ ਅਤੇ ਰਾਜਨੀਤੀ ਵੀ ਅੱਜ ਜਿੰਨੀ ਗੰਦੀ ਨਹੀਂ ਸੀ। ਵੀਹਵੀਂ ਅਤੇ ਇੱਕੀਵੀਂ ਸਦੀ ਵਿੱਚ ਮਹਾਂਮਾਰੀਆਂ ਦੀਆਂ ਨਵੀਆਂ ਕਿਸਮਾਂ ਅਤੇ ਇਹਨਾਂ ਨੂੰ ਫੈਲਾਉਣ ਵਾਲੇ ਵਿਸ਼ਾਣੂਆਂ, ਜੀਵਾਣੂਆਂ ਦੀ ਅਨੇਕਤਾ ਦੇ ਵਾਧੇ ਦੇ ਨਾਲ-ਨਾਲ ਜਿੱਥੇ ਬਿਮਾਰੀ ਫੈਲਣ ਦੇ ਕਾਰਨਾਂ ਅਤੇ ਖੇਤਰਾਂ ਦਾ ਦਾਇਰਾ ਵਿਸ਼ਾਲ ਹੋਇਆ ਹੈ, ਉੱਥੇ ਇਹਨਾਂ ਮਹਾਂਮਾਰੀਆਂ ਦੀ ਆੜ ਵਿੱਚ ਵਪਾਰਕ ਜਾਂ ਆਰਥਿਕ ਲਾਹਾ ਲੈਣ ਅਤੇ ਰਾਜਨੀਤਿਕ ਲਾਲਸਾ ਦੀ ਪੂਰਤੀ ਕਰਨ ਦਾ ਘਿਨਾਉਣਾ ਕੰਮ ਵੀ ਸ਼ੁਰੂ ਹੋ ਗਿਆ। ਪਹਿਲਾਂ ਪ੍ਰਕੋਪ ਦੀ ਸ਼ੁਰੂਆਤ ਅਤੇ ਅੰਤ ਮਹਾਂਮਾਰੀ ਉੱਪਰ ਜਾਂ ਇਲਾਜ ਲੱਭ ਜਾਣ ’ਤੇ ਨਿਰਭਰ ਕਰਦਾ ਸੀ ਪਰ ਹੁਣ ਮਹਾਂਮਾਰੀ ਦਾ ਅਰੰਭ ਅਤੇ ਇਸਦੀ ਮਿਆਦ ਗੁੱਟ, ਦੇਸ਼ ਜਾਂ ਸਰਕਾਰਾਂ ਤੈਅ ਕਰਦੀਆਂ ਹਨ ਜਦਕਿ ਮਹਾਂਮਾਰੀ ਦੀ ਸ਼ੁਰੂਆਤ ਅਤੇ ਪਹਿਚਾਣ ਦਾ ਅੰਦਾਜ਼ਾ ਤਾਂ ਲਗਾਇਆ ਜਾ ਸਕਦਾ ਹੈ ਅਤੇ ਇਸ ਤੋਂ ਬਚਾਓ ਦੇ ਤੌਰ-ਤਰੀਕਿਆਂ ਨੂੰ ਲੱਭ ਕੇ ਲੋਕਾਂ ਨੂੰ ਸੁਚੇਤ ਵੀ ਕੀਤਾ ਜਾ ਸਕਦਾ ਹੈ ਪਰ ਇਸਦੇ ਫੈਲਾਅ, ਰੁਖ਼, ਵਿਸ਼ਾਲਤਾ ਅਤੇ ਸਮਾਪਤੀ ਨੂੰ ਪਹਿਲਾਂ ਤੋਂ ਨਿਰਧਾਰਤ ਨਹੀਂ ਕੀਤਾ ਜਾ ਸਕਦਾ।
ਪਿਛਲੇ ਸਾਲ ਦੇ ਅੰਤ ਤੋਂ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਵੀ ਅਜਿਹੀ ਰੰਗਤ ਦੇਖਣ ਨੂੰ ਮਿਲ ਰਹੀ ਹੈ। ਕੋਈ ਦੇਸ਼ ਅੰਕੜੇ ਘਟਾ ਕੇ ਦੱਸ ਰਿਹਾ ਹੈ ਅਤੇ ਕੋਈ ਵਧਾ ਕੇ ਦੱਸ ਰਿਹਾ ਹੈ। ਹਰ ਦੇਸ਼ ਅਤੇ ਦੇਸ਼ ਵਿਚਲੇ ਰਾਜ ਆਪੋ ਆਪਣੇ ਘੋੜੇ ਦੌੜਾ ਰਹੇ ਹਨ ਭਾਵ ਸੰਗਠਿਤ ਯਤਨਾਂ ਅਤੇ ਆਲਮੀ ਅਗਵਾਈ ਦੀ ਬਹੁਤ ਘਾਟ ਦਿਖਾਈ ਦੇ ਰਹੀ ਹੈ। ਪ੍ਰਭਾਵਿਤ ਸਾਰੇ ਦੇਸ਼ਾਂ ਦੇ ਆਗੂ ਆਪਣੇ ਨਿੱਜੀ, ਸਿਆਸੀ ਅਤੇ ਰਾਜਨੀਤਿਕ ਮਕਸਦਾਂ ਨੂੰ ਮੁੱਖ ਰੱਖ ਕੇ ਬਿਖਰੀ ਹੋਈ ਲੜਾਈ ਲੜ ਰਹੇ ਹਨ। ਦੇਸ਼ਾਂ ਦੀ ਕੀ ਗੱਲ ਕਰੀਏ, ਇੱਕ ਦੇਸ਼ ਅੰਦਰ ਹੀ ਰਾਜ ਆਪੋ ਆਪਣੀ ਨੀਤੀ ਅਪਣਾ ਰਹੇ ਹਨ ਅਤੇ ਕੇਂਦਰੀ ਸਰਕਾਰਾਂ ਉੱਪਰ ਵੀ ਗੈਰ ਪਾਰਟੀ ਦੀਆਂ ਰਾਜ ਸਰਕਾਰਾਂ ਨਾਲ ਵਿਤਕਰੇ ਵਿਸ਼ਵ ਪੱਧਰ ਤੇ ਦੇਖਣ ਨੂੰ ਮਿਲ ਰਹੇ ਹਨ। ਇਹ ਸਾਬਤ ਹੀ ਹੋ ਗਿਆ ਹੈ ਕਿ ਸਿਆਸਤ ਪੂਰੀ ਦੁਨੀਆਂ ਦੀ ਗੰਦੀ ਹੀ ਹੈ, ਕਿਤੇ ਘੱਟ ਹੈ ਅਤੇ ਕਿਤੇ ਵੱਧ ਹੈ ਪਰ ਹੈ ਗੰਦੀ ਹੀ। ਵਿਸ਼ਵ ਸੰਗਠਨ ਵੀ ਆਪਣੇ ਆਰਥਿਕ ਹਿਤਾਂ ਦੇ ਬੱਝੇ ਹੋਏ ਜਾਂ ਚੁੱਪ ਹਨ ਜਾਂ ਗੁਮਰਾਹ ਕਰ ਰਹੇ ਹਨ। ਸੰਸਾਰ ਨੂੰ ਅਗਵਾਈ ਦੇਣ ਵਾਲੇ ਸੰਗਠਨਾਂ ਦੀ ਚੁੱਪ ਅਤੇ ਗੈਰ ਜ਼ਿੰਮੇਵਾਰ ਰਵੱਈਆ ਦੁਨੀਆਂ ਨੂੰ ਵਿਨਾਸ਼ ਦੇ ਰਾਹ ਪਾ ਸਕਦਾ ਹੈ।
ਪੰਜਾਬ ਅਤੇ ਦੇਸ਼ ਦੀ ਕੋਰੋਨਾ ਵਿਰੁੱਧ ਜੰਗ ਦੀ ਗੱਲ ਕਰੀਏ ਤਾਂ ਇੱਥੇ ਵੀ ਗੱਲ ਬਿਖਰੀ ਹੋਈ ਹੀ ਹੈ। ਕੇਂਦਰ ਸਰਕਾਰ ਆਪਣੇ ਹੁਕਮ ਦੇ ਰਹੀ ਹੈ ਅਤੇ ਰਾਜ ਸਰਕਾਰਾਂ ਆਪਣੇ ਅਲੱਗ ਹੁਕਮ ਸੁਣਾ ਰਹੀਆਂ ਹਨ। ਮੁੱਖ ਮੰਤਰੀ ਕੁਝ ਹੋਰ ਕਹਿੰਦਾ ਹੈ ਪਰ ਜ਼ਿਲ੍ਹੇ ਦੇ ਅਧਿਕਾਰੀ ਕੁਝ ਹੋਰ ਲਾਗੂ ਕਰਦੇ ਹਨ। ਸ਼ਹਿਰ ਦੇ ਲੋਕਾਂ ਅਤੇ ਸੰਗਠਨਾਂ ਨੂੰ ਵਿਧਾਇਕ ਰਾਹਤ ਦੀ ਮਿੱਠੀ ਗੋਲੀ ਦੇ ਦਿੰਦਾ ਹੈ ਅਤੇ ਸਥਾਨਕ ਪ੍ਰਸ਼ਾਸਨ ’ਤੇ ਸਖ਼ਤੀ ਲਈ ਦਬਾਅ ਪਾਇਆ ਹੁੰਦਾ ਹੈ। ਇਸ ਤਰ੍ਹਾਂ ਉੱਪਰ ਤੋਂ ਹੇਠਾਂ ਤਕ ਕਰਫਿਊ, ਤਾਲਾਬੰਦੀ ਅਤੇ ਬੰਦਿਸ਼ਾਂ ਬਾਰੇ ਹੁਕਮਾਂ, ਵਾਅਦਿਆਂ ਅਤੇ ਨਿਯਮਾਂ ਦਾ ਆਪਸ ਵਿੱਚ ਕੋਈ ਮੇਲ ਨਜ਼ਰ ਨਹੀਂ ਆ ਰਿਹਾ। ਪੰਜਾਬ ਵਿੱਚ ਤਾਲਾਬੰਦੀ ਤੋਂ ਬਾਅਦ ਇੱਕ ਦਮ ਕੋਰੋਨਾ ਵਾਇਰਸ ਦੇ ਮਰੀਜ਼ ਆਉਣੇ ਸ਼ੁਰੂ ਹੋ ਗਏ। ਦੂਜੇ ਰਾਜਾਂ ਤੋਂ ਲੋਕਾਂ ਦੇ ਆਉਣ ਨਾਲ ਇਹ ਗਿਣਤੀ ਤੇਜ਼ੀ ਨਾਲ ਵਧਦੀ ਗਈ ਅਤੇ ਫਿਰ ਵਿਦੇਸ਼ਾਂ ਤੋਂ ਲੋਕਾਂ ਦੇ ਵਾਪਸ ਆਉਣ ਦੀ ਗੱਲ ਹੋਈ ਤਾਂ ਅਚਾਨਕ ਸੈਂਕੜੇ ਮਰੀਜ਼ਾਂ ਨੂੰ ਠੀਕ ਕਰਾਰ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ। ਅਜਿਹੀ ਕਿਹੜੀ ਸੰਜੀਵਨੀ ਬੂਟੀ ਹੱਥ ਆਈ ਕਿ ਇੱਕ ਦਿਨ ਵਿੱਚ ਹੀ ਪੰਜ ਸੌ ਤੋਂ ਵੱਧ ਮਰੀਜ਼ ਠੀਕ ਹੋ ਗਏ। ਤਾਲਾਬੰਦੀ ਦੇ ਤੀਜੇ ਪੜਾਅ ਦੇ ਆਖਰੀ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਠੀਕ ਕਰਾਰ ਦੇਣਾ ਸ਼ੱਕ ਪੈਦਾ ਕਰਦਾ ਹੈ। ਇਸ ਵਰਤਾਰੇ ਨੂੰ ਦੇਖ ਕੇ ਮੇਰੀ ਉਮਰ ਦੇ ਲੋਕਾਂ ਦੀ ਜਵਾਨੀ ਖਾ ਜਾਣ ਵਾਲੀ ਦਹਾਕੇ ਤਕ ਚੱਲੀ ਖਾੜਕੂਵਾਦ ਦੀ ਖੇਡ ਯਾਦ ਆ ਗਈ ਜਦੋਂ ਪ੍ਰਚੰਡ ਚਲਦੀ ਇਸ ਲਹਿਰ ਨੂੰ ਕੁਝ ਸਮੇਂ ਵਿੱਚ ਹੀ ਸਮੇਟ ਲਿਆ ਗਿਆ ਸੀ। ਜਿਵੇਂ ਉਸ ਲਹਿਰ ’ਤੇ ਅੱਜ ਤਕ ਸਿਆਸਤ ਹੋ ਰਹੀ ਹੈ ਉਸ ਤਰ੍ਹਾਂ ਮਹਾਂਮਾਰੀ ਅਤੇ ਕੁਦਰਤੀ ਆਫ਼ਤ ’ਤੇ ਸਿਆਸਤ ਕਰਨਾ ਮੰਦਭਾਗਾ ਹੈ। ਇਹ ਨਹੀਂ ਹੋਣਾ ਚਾਹੀਦਾ।
ਜੰਗਾਂ, ਮਹਾਂਮਾਰੀਆਂ ਅਤੇ ਕੁਦਰਤੀ ਆਫ਼ਤਾਂ ਹੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਦਾ ਕਾਰਨ ਬਣਦੀਆਂ ਹਨ। ਜੰਗ ਤਾਂ ਹੁੰਦੀ ਹੀ ਤਾਕਤ ਅਤੇ ਵਪਾਰ ਦੀ ਲਾਲਸਾ ਲਈ ਹੈ ਅਤੇ ਜਾਨੀ ਤੇ ਮਾਲੀ ਨੁਕਸਾਨ ਕਰਦੀ ਹੈ ਪਰ ਮਹਾਂਮਾਰੀ ਅਤੇ ਕੁਦਰਤੀ ਆਫ਼ਤ ਦੌਰਾਨ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਿਆਸੀ ਅਤੇ ਵਪਾਰਕ ਹਿਤਾਂ ਨੂੰ ਤਰਜੀਹ ਦੇਣਾ ਦੁਨੀਆਂ ਵਾਸਤੇ ਜ਼ਿਆਦਾ ਵਿਨਾਸ਼ਕਾਰੀ ਹੋਵੇਗਾ। ਮਨੁੱਖੀ ਜੀਵਨ ਨੂੰ ਬਚਾਈ ਰੱਖਣ ਲਈ ਮਹਾਂਮਾਰੀਆਂ ਅਤੇ ਆਫ਼ਤਾਂ ਨੂੰ ਸਿਆਸੀ ਅਤੇ ਵਪਾਰਕ ਰੰਗਤ ਦੇ ਕੇ ਹੋਰ ਭਿਆਨਕ ਬਣਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2139)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)