“ਧਰਮ ਇਕ ਨਿੱਜੀ ਮਾਮਲਾ ਹੈ। ਇਕ ਧਰਮ ਦੀ ਦੂਸਰੇ ਧਰਮ ਵਿਚ ਦਖ਼ਲਅੰਦਾਜ਼ੀ ...”
(8 ਅਗਸਤ 2018)
ਆਦਿ-ਕਾਲ ਵਿੱਚ ਮਨੁੱਖ ਜੰਗਲਾਂ ਵਿਚ ਰਹਿੰਦਾ ਸੀ। ਉਸਦਾ ਜੀਵਨ ਕੁਦਰਤ ਉੱਪਰ ਨਿਰਭਰ ਸੀ ਤੇ ਬੁੱਧੀ ਅਵਿਕਸਤ ਸੀ। ਉਸ ਨੂੰ ਆਲੇ ਦੁਆਲੇ ਦੀ ਦਿਖਾਈ ਦੇ ਰਹੀ ਧਰਤੀ ਅਤੇ ਅਸਮਾਨ ਤੋਂ ਅੱਗੇ ਗਿਆਨ ਨਹੀਂ ਸੀ। ਬ੍ਰਹਿਮੰਡ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ। ਉਹ ਧਰਤੀ ਅਤੇ ਅਸਮਾਨ ਵਿਚ ਵਾਪਰਦੇ ਵਰਤਾਰਿਆਂ ਤੋਂ ਭੈਭੀਤ ਸੀ। ਧਰਤੀ ’ਤੇ ਚੱਲਣ ਵਾਲੀਆਂ ਹਵਾਵਾਂ ਤੋਂ ਉਹ ਹੈਰਾਨ ਸੀ, ਮੀਂਹ ਤੋਂ ਉਹ ਪ੍ਰੇਸ਼ਾਨ ਸੀ ਅਤੇ ਅਸਮਾਨ ਵਿਚ ਗਰਜਦੀ ਅਤੇ ਚਮਕਦੀ ਬਿਜਲੀ ਤੋਂ ਡਰ ਜਾਂਦਾ ਸੀ। ਆਪਣੇ ਆਲੇ ਦੁਆਲੇ ਵਾਪਰਨ ਵਾਲੀਆਂ ਘਟਨਾਵਾਂ ਤੋਂ ਘਬਰਾ ਜਾਂਦਾ ਸੀ। ਇਨ੍ਹਾਂ ਵਰਤਾਰਿਆਂ ਦੇ ਉਸਦੀ ਸਮਝ ਤੋਂ ਬਾਹਰ ਹੋਣ ਸਦਕਾ ਉਸਦੀ ਪ੍ਰੇਸ਼ਾਨੀ ਨੇ ਡਰ ਦਾ ਰੂਪ ਧਾਰਨ ਕਰ ਲਿਆ। ਆਪਣੇ ਇਸ ਡਰ ਤੋਂ ਨਿਜਾਤ ਪਾਉਣ ਲਈ ਮਨੁੱਖ ਨੇ ਇਨ੍ਹਾਂ ਚੀਜ਼ਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਅੱਗ, ਹਵਾ ਅਤੇ ਪਾਣੀ ਆਦਿ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ ਤਾਂ ਕਿ ਇਹ ਸ਼ਕਤੀਆਂ ਖੁਸ਼ ਹੋਣ ਅਤੇ ਉਸਦਾ ਕੋਈ ਨੁਕਸਾਨ ਨਾ ਕਰਨ। ਉਪਾਸਨਾ ਨਾਲ ਉਸਨੂੰ ਇਕ ਅਜੀਬ ਧਰਵਾਸ ਮਿਲਿਆ ਅਤੇ ਡਰ ਅਤੇ ਪ੍ਰੇਸ਼ਾਨੀ ਤੋਂ ਕੁਝ ਰਾਹਤ ਮਹਿਸੂਸ ਹੋਈ। ਮਨੁੱਖ ਨੂੰ ਜਿਸ ਵਸਤੂ ਜਾਂ ਵਰਤਾਰੇ ਤੋਂ ਡਰ ਲੱਗਦਾ, ਉਸ ਨੇ ਉਸ ਦੀ ਪੂਜਾ ਕਰਕੇ ਉਸ ਨੂੰ ਖੁਸ਼ ਰੱਖਣਾ ਆਰੰਭ ਕਰ ਦਿੱਤਾ। ਇਸ ਤੋਂ ਮਿਲਣ ਵਾਲੀ ਰਾਹਤ ਅਤੇ ਧਰਵਾਸ ਨੇ ਅੱਗੇ ਚੱਲ ਕੇ ਵਿਸ਼ਵਾਸ ਦਾ ਰੂਪ ਲੈ ਲਿਆ। ਧਰਤੀ ਦੇ ਵੱਖ-ਵੱਖ ਹਿੱਸਿਆਂ ਵਿਚ ਵਸਣ ਵਾਲੀਆਂ ਸੱਭਿਆਤਾਵਾਂ ਨੇ ਕੁਦਰਤ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰਨੀ ਆਰੰਭ ਕਰ ਦਿੱਤੀ।
ਸੱਭਿਅਤਾ ਦੇ ਵਿਕਾਸ ਨਾਲ ਮਨੁੱਖੀ ਬੁੱਧੀ ਦਾ ਵੀ ਵਿਕਾਸ ਹੋਇਆ ਅਤੇ ਮਨੁੱਖ ਨੇ ਇਨ੍ਹਾਂ ਵਰਤਾਰਿਆਂ ਦਾ ਭੇਤ ਪਾਉਣਾ ਸ਼ੁਰੂ ਕਰ ਦਿੱਤਾ। ਸਮੇਂ ਦੇ ਵਹਿਣ ਨਾਲ ਮਨੁੱਖ ਨੇ ਧਰਤੀ ਅਤੇ ਅਸਮਾਨ ਵਿਚ ਵਾਪਰਨ ਵਾਲੀਆਂ ਘਟਨਾਵਾਂ ਦੇ ਕਾਰਨਾਂ ਅਤੇ ਆਪਣੇ ਆਲੇ ਦੁਆਲੇ ਮਿਲਣ ਵਾਲੀਆਂ ਵਸਤਾਂ ਦੀ ਸੰਰਚਨਾ ਬਾਰੇ ਗਿਆਨ ਹਾਸਲ ਕਰ ਲਿਆ। ਸਮਾਂ ਬਦਲਣ ਦੇ ਨਾਲ-ਨਾਲ ਪੁਰਾਣੇ ਡਰ ਨਵਿਰਤ ਹੁੰਦੇ ਗਏ, ਨਵੇਂ ਡਰ ਅਤੇ ਗੁੰਝਲਾਂ ਪੈਦਾ ਹੁੰਦੀਆਂ ਗਈਆਂ। ਜਿਵੇਂ-ਜਿਵੇਂ ਗਿਆਨ ਅਤੇ ਵਿਗਿਆਨ ਦਾ ਵਿਕਾਸ ਹੁੰਦਾ ਗਿਆ, ਬ੍ਰਹਿਮੰਡੀ ਭੇਤ ਦੀਆਂ ਪਰਤਾਂ ਖੁੱਲ੍ਹਦੀਆਂ ਗਈਆਂ। ਦੁਨੀਆਂ ਤੇਜ਼ੀ ਨਾਲ ਬਦਲਣ ਲੱਗੀ। ਸੱਭਿਅਤਾ ਅਤੇ ਬੁੱਧੀ ਦੇ ਵਿਕਾਸ ਅਤੇ ਫੈਲਾਅ ਦਾ ਦਾਇਰਾ ਵਿਸ਼ਾਲ ਹੁੰਦਾ ਗਿਆ। ਫਿਰ ਕੁਝ ਮਨੁੱਖਾਂ ਨੇ ਆਪਣੇ ਅਧਿਐਨ ਅਤੇ ਖੋਜ ਸਦਕਾ ਆਪਣੀ ਬੁੱਧੀ ਦਾ ਵਿਕਾਸ ਕਰ ਲਿਆ ਅਤੇ ਕੁਝ ਮਨੁੱਖ ਵਿਕਸਿਤ ਬੁੱਧੀ ਲੈ ਕੇ ਪੈਦਾ ਹੋਏ ਅਤੇ ਉਹਨਾਂ ਨੇ ਆਪਣੇ ਗਿਆਨ ਸਦਕਾ ਮਨੁੱਖਤਾ ਦੀ ਆਪਣੇ-ਆਪਣੇ ਤਰੀਕੇ ਨਾਲ ਅਗਵਾਈ ਕੀਤੀ। ਇਨ੍ਹਾਂ ਰਹਿਬਰਾਂ ਨੇ ਬ੍ਰਹਿਮੰਡ ਅਤੇ ਇਸ ਤੋਂ ਵੀ ਅੱਗੇ ਦੇ ਪਸਾਰੇ ਦੀ ਗੱਲ ਕਰਦੇ ਹੋਏ ਇਸ ਸਭ ਦੇ ਕਰਤਾ ਜਾਂ ਸਿਰਜਣਹਾਰ ਦੀ ਉਪਾਸਨਾ ਦਾ ਰਸਤਾ ਦਿਖਾਇਆ ਅਤੇ ਧਾਰਮਿਕ ਜੀਵਨ ਦੇ ਨਿਯਮਾਂ ਦੀ ਗੱਲ ਕੀਤੀ। ਸਮੇਂ ਦੇ ਵਹਿੰਦਿਆਂ ਧਰਤੀ ਦੇ ਵੱਖ-ਵੱਖ ਖਿੱਤਿਆਂ ਵਿਚ ਇਸ ਉਪਾਸਨਾ, ਅਰਾਧਨਾ ਜਾਂ ਸਿਫ਼ਤ-ਸਲਾਹ ਦੇ ਅਲੱਗ-ਅਲੱਗ ਰੂਪ ਸਾਹਮਣੇ ਆਉਂਦੇ ਗਏ, ਜਿਸ ਤੋਂ ਵੱਖ-ਵੱਖ ਧਰਮ ਹੋਂਦ ਵਿਚ ਆਏ। ਸਭ ਧਰਮਾਂ ਨੇ ਸ੍ਰਿਸ਼ਟੀ ਦੇ ਕਰਤਾ ਜਾਂ ਸੰਪੂਰਨ-ਸਮਰੱਥ ਸ਼ਕਤੀ ਦੇ ਵੱਖ-ਵੱਖ ਨਾਮ ਰੱਖ ਲਏ. ਜਦਕਿ ਸਭ ਧਰਮਾਂ ਦੀ ਮੰਜ਼ਿਲ ਇੱਕ ਹੀ ਹੈ, ਬਸ ਰਸਤੇ ਜਾਂ ਤਰੀਕੇ ਅਲੱਗ ਹਨ। ਫਿਰ ਧਰਮ ਦਾ ਦਾਇਰਾ ਹੋਰ ਵੱਡਾ ਹੋਇਆ। ਇਹ ਡਰ ਤੋਂ ਅੱਗੇ ਵਧ ਕੇ ਕਾਮਨਾਵਾਂ, ਲਾਲਸਾਵਾਂ, ਇੱਛਾਵਾਂ ਅਤੇ ਪ੍ਰਾਪਤੀਆਂ ਤੱਕ ਫੈਲ ਗਿਆ। ਧਾਰਮਿਕ ਨਿਯਮ, ਜੀਵਨ ਦਾ ਅਨੁਸ਼ਾਸਨ ਅਤੇ ਮਰਿਆਦਾਵਾਂ ਧਰਮ ਦੇ ਖੇਤਰ ਵਿਚ ਵੀ ਸ਼ਾਮਲ ਹੋ ਗਈਆਂ ਅਤੇ ਧਰਮ ਜੀਵਨ-ਜਾਂਚ ਦਾ ਵੀ ਮਾਰਗ ਦਰਸ਼ਕ ਬਣ ਗਿਆ।
ਫਿਰ ਇਸਦੇ ਕੁਝ ਨਾਂਹਪੱਖੀ ਰੂਪ ਸਾਹਮਣੇ ਆਏ। ਵੱਖ-ਵੱਖ ਧਰਮਾਂ ਵਿਚ ਆਪਸੀ ਖਿੱਚੋਤਾਣ ਅਤੇ ਮੁਕਬਾਲੇਬਾਜ਼ੀ ਦੇਖਣ ਨੂੰ ਮਿਲੀ। ਕਈ ਧਰਮ ਇਕ ਦੂਸਰੇ ਦੇ ਆਹਮੋ-ਸਾਹਮਣੇ ਖੜੋ ਗਏ ਅਤੇ ਨਤੀਜੇ ਵਜੋਂ ਕੱਟੜਤਾ, ਯੁੱਧ ਅਤੇ ਕਤਲੇਆਮ ਵੀ ਹੋਏ। ਇਸ ਵਿੱਚੋਂ ਵੀਰਤਾ, ਦ੍ਰਿੜ੍ਹਤਾ ਅਤੇ ਕੁਰਬਾਨੀ ਦਾ ਸੰਕਲਪ ਪੈਦਾ ਹੋਇਆ, ਪਰ ਨਾਲ ਹੀ ਨਫ਼ਰਤ ਅਤੇ ਦੁਸ਼ਮਣੀ ਵਾਲਾ ਮਹੌਲ ਵੀ ਬਣਦਾ ਰਿਹਾ। ਧਾਰਮਿਕ ਅਸਹਿਣਸ਼ੀਲਤਾ ਅਤੇ ਖੂਨੀ ਜੰਗਾਂ ਧਰਮ ਦਾ ਇਕ ਘਿਨਾਉਣਾ ਰੂਪ ਪੇਸ਼ ਕਰਦੇ ਹਨ ਜੋ ਕਿ ਮੰਦਭਾਗਾ ਹੈ। ਜਦਕਿ ਦੁਨੀਆਂ ਦੇ ਸਾਰੇ ਧਰਮ ਆਪੋ-ਆਪਣੇ ਤਰੀਕੇ ਨਾਲ ਸਾਨੂੰ ਪ੍ਰੇਮ, ਸਹਿਣਸ਼ੀਲਤਾ, ਭਗਤੀ, ਅਨੁਸ਼ਾਸਨ, ਮਰਿਆਦਾ ਅਤੇ ਤਿਆਗ ਦਾ ਪਾਠ ਪੜ੍ਹਾਉਂਦੇ ਹਨ। ਧਰਮ ਸੱਚਾਈ, ਈਮਾਨਦਾਰੀ ਅਤੇ ਵਫ਼ਾਦਾਰੀ ਨਾਲ ਸਦਾਚਾਰਕ ਜੀਵਨ ਜਿਉਣ ’ਤੇ ਜ਼ੋਰ ਦਿੰਦਾ ਹੈ। ਜਿੰਨਾ ਸਾਡੇ ਲਈ ਆਪਣੇ ਧਰਮ ਨੂੰ ਮੰਨਣਾ ਜਰੂਰੀ ਹੈ ਉੰਨਾ ਹੀ ਜ਼ਰੂਰੀ ਦੂਸਰੇ ਧਰਮਾਂ ਦਾ ਸਤਿਕਾਰ ਕਰਨਾ ਵੀ ਹੈ।
ਸਾਡੇ ਅੱਜ ਦੇ ਸਮਾਜ ਵਿਚ ਧਰਮ ਇਕ ਨਵੇਂ ਸਰੂਪ ਵਿਚ ਸਾਹਮਣੇ ਆ ਰਿਹਾ ਹੈ। ਧਰਮ ਵਿਚ ਸਿਮਰਨ, ਭਗਤੀ, ਪ੍ਰੇਮ ਆਦਿ ਦੀ ਥਾਂ ਸ਼ਕਤੀ-ਪ੍ਰਦਰਸ਼ਨ, ਮੁਕਾਬਲਾ, ਦਿਖਾਵਾ ਅਤੇ ਪੈਸਾ ਭਾਰੂ ਹੁੰਦਾ ਜਾ ਰਿਹਾ ਹੈ, ਜੋ ਕਿ ਗਲਤ ਰੁਝਾਨ ਹੈ। ਧਾਰਮਿਕ ਸਮਾਗਮਾਂ ਵਿੱਚੋਂ ਭਗਤੀ, ਧਿਆਨ, ਸ਼ਰਧਾ ਅਤੇ ਅਧਿਆਤਮਕਤਾ ਗਾਇਬ ਹੋ ਚੁੱਕੀ ਹੈ। ਇਸਦੀ ਥਾਂ ਪੈਸਾ, ਸ਼ੋਸ਼ੇਬਾਜ਼ੀ, ਦਿਖਾਵਾ ਅਤੇ ਤਾਕਤ ਥਾਂ ਲੈ ਰਿਹਾ ਹੈ। ਅਸੀਂ ਆਪਣੇ ਧਰਮ ਨੂੰ ਸਰਵਉੱਚ ਸਥਾਪਿਤ ਕਰਨ ਲਈ ਧਾਰਮਿਕ ਸਮਾਗਮਾਂ ਨੂੰ ਸ਼ਕਤੀ-ਪ੍ਰਦਰਸ਼ਨ ਦਾ ਵਸੀਲਾ ਬਣਾ ਲਿਆ ਹੈ, ਜੋ ਕਿ ਠੀਕ ਨਹੀਂ ਹੈ। ਸਾਡੇ ਧਾਰਮਿਕ ਅਸਥਾਨ, ਧਾਰਮਿਕ ਆਗੂ ਅਤੇ ਧਾਰਮਿਕ ਸਮਾਗਮ ਮਾਇਆ ਅਤੇ ਸਿਆਸਤ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ। ਅਸੀਂ ਆਪਣੇ ਧਾਰਮਿਕ ਮਕਸਦ ਤੋਂ ਭਟਕ ਚੁੱਕੇ ਹਾਂ। ਧਰਮ ਸਾਡੇ ਦਿਲਾਂ ਵਿੱਚੋਂ ਨਿਕਲ ਕੇ ਸੜਕਾਂ ਵੱਲ ਨੂੰ ਹੋ ਤੁਰਿਆ ਹੈ। ਅਸੀਂ ਆਪਣੀ ਧਾਰਮਿਕ ਸ਼ਰਧਾ ਅਤੇ ਸੇਵਾ ਦੀ ਭਾਵਨਾ ਮੰਦਰ ਜਾਂ ਗੁਰਦੁਆਰੇ ਦੀ ਥਾਂ ਸੜਕ ’ਤੇ ਆ ਕੇ ਪ੍ਰਗਟ ਕਰਕੇ ਜ਼ਿਆਦਾ ਖੁਸ਼ੀ ਮਹਿਸੂਸ ਕਰਦੇ ਹਾਂ। ਧਰਮ ਇਕ ਨਿੱਜੀ ਮਾਮਲਾ ਹੈ। ਇਕ ਧਰਮ ਦੀ ਦੂਸਰੇ ਧਰਮ ਵਿਚ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਸਾਨੂੰ ਆਪਣੀਆਂ ਧਾਰਮਿਕ ਭਾਵਨਾਵਾਂ ਦੂਸਰੇ ਧਰਮ ਦੇ ਲੋਕਾਂ ’ਤੇ ਨਹੀਂ ਥੋਪਣੀਆਂ ਚਾਹੀਦੀਆਂ। ਸਾਨੂੰ ਇਸ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ ਕਿ ਧਰਮ ਦੀ ਵਰਤੋਂ ਇਨਸਾਨੀਅਤ ਦੇ ਭਲੇ ਲਈ ਹੋਵੇ ਨਾ ਕਿ ਨਿੱਜੀ ਮੁਫ਼ਾਦਾਂ ਲਈ ਜਾਂ ਨਿੱਜੀ ਹਉਮੈ ਦੀ ਤ੍ਰਿਪਤੀ ਲਈ। ਸਾਨੂੰ ਆਪਣੀਆਂ ਧਾਰਮਿਕ ਰੁਹ-ਰੀਤਾਂ ਲਈ ਦੂਸਰਿਆਂ ਦੀ ਸੁਖ-ਸੁਵਿਧਾ ਦੀ ਬਲੀ ਨਹੀਂ ਲੈਣੀ ਚਾਹੀਦੀ। ਅੱਜ ਦੇ ਵਿਕਸਿਤ ਅਤੇ ਵਿਗਿਆਨਕ ਯੁਗ ਵਿਚ ਧਰਮ ਦਾ ਸਰੂਪ ਵੀ ਜ਼ਿਆਦਾ ਸਪਸ਼ਟ, ਸਰਲ, ਅਨੁਸ਼ਾਸਿਤ ਅਤੇ ਪਵਿੱਤਰ ਹੋਣਾ ਚਾਹੀਦਾ ਹੈ। ਮਨੁੱਖਤਾ ਦਾ ਭਲਾ ਅਤੇ ਮਨੁੱਖਤਾ ਦੀ ਸੇਵਾ ਇਸ ਦਾ ਮੁੱਖ ਮਕਸਦ ਹੋਣਾ ਚਾਹੀਦਾ ਹੈ। ਸਿਮਰਨ, ਭਗਤੀ, ਉਪਾਸਨਾ, ਪ੍ਰੇਮ ਅਤੇ ਸ਼ਰਧਾ ਹੀ ਧਰਮ ਦਾ ਕੇਂਦਰ ਬਿੰਦੂ ਹੋਣਾ ਚਾਹੀਦਾ ਹੈ। ਆਓ, ਧਰਮ ਨੂੰ ਧਰਮ ਹੀ ਬਣਿਆ ਰਹਿਣ ਦੇਈਏ ਅਤੇ ਹੋ ਰਹੀਆਂ ਮਿਲਾਵਟਾਂ ਤੋਂ ਬਚਾ ਕੇ ਰੱਖੀਏ।
*****
(1256)