ParminderDhaliwal7ਅੱਜ ਦੋਸਤੋ ਲੋੜ ਹੈ ਜਾਗਣੇ ਦੀ, ... ਆਓ ਰਲਮਿਲ ਸਭ ਨੂੰ ਜਗਾਈਏ ਆਪਾਂ। ...
(7 ਅਗਸਤ 2021)

 

1.        ਸੁਣ ਵੀਰ ਭਗਤ ਸਿੰਘਾ

ਸੁਣ ਵੀਰ ਭਗਤ ਸਿੰਘਾ, ਸੱਚੀਆਂ ਆਖ ਸੁਣਾਵਾਂ ਓਏ,
ਤੇਰੇ ਜਿਹੇ ਪੁੱਤ ਅੱਜਕੱਲ, ਜੰਮਣੋਂ ਹਟ ਗਈਆਂ ਮਾਵਾਂ ਓਏ।

ਅੱਜਕੱਲ ਦੇ ਪੁੱਤ ਨਸ਼ਿਆਂ ਦੇ ਵਿੱਚ ਰੁਲ਼ਦੇ ਜਾਂਦੇ ਨੇ,
ਸੂਰਬੀਰਾਂ ਤੇ ਯੋਧਿਆਂ ਨੂੰ ਉਹ ਭੁੱਲਦੇ ਜਾਂਦੇ ਨੇ।

ਥੋਡੀਆਂ ਜੋ ਕੁਰਬਾਨੀਆਂ ਕਿੱਦਾਂ ਯਾਦ ਕਰਾਵਾਂ ਓਏ,
ਸੁਣ ਵੀਰ ਭਗਤ ਸਿੰਘਾ
, ਸੱਚੀਆਂ ਆਖ ਸੁਣਾਵਾਂ ਓਏ।

ਜੋ ਸੀ ਤੇਰੇ ਸੁਪਨੇ ਅੱਜ ਵੀ ਪਏ ਅਧੂਰੇ ਨੇ,
ਪਤਾ ਨਹੀਂ ਕਦ ਜਾ ਕੇ ਸੱਜਣਾ ਹੋਣੇ ਪੂਰੇ ਨੇ।

ਇਨ੍ਹਾਂ ਨੂੰ ਸੱਚ ਕਰਨ ਲਈ ਕੀ ਜੁਗਤ ਬਣਾਵਾਂ ਓਏ,
ਸੁਣ ਵੀਰ ਭਗਤ ਸਿੰਘਾ, ਸੱਚੀਆਂ ਆਖ ਸੁਣਾਵਾਂ ਓਏ।

ਕਈ ਪੱਗ ਤੇਰੇ ਬੰਨ੍ਹਦੇ ਕਈ ਟੋਪੀ ਪਹਿਨਾਉਂਦੇ ਨੇ,
ਸੱਜਣਾ ਤੈਨੂੰ ਧਰਮਾਂ ਦੇ ਵਿੱਚ ਵੰਡਣਾ ਚਾਹੁੰਦੇ ਨੇ।

ਵਿਚਾਰਧਾਰਾ ਮੈਂ ਤੇਰੀ ਸਭ ਨੂੰ ਕਿਵੇਂ ਸਮਝਾਵਾਂ ਓਏ,
ਸੁਣ ਵੀਰ ਭਗਤ ਸਿੰਘਾ, ਸੱਚੀਆਂ ਆਖ ਸੁਣਾਵਾਂ ਓਏ।

ਬੰਦੇ ਹੱਥੋਂ ਬੰਦੇ ਦੀ ਲੁੱਟ ਅੱਜ ਵੀ ਜਾਰੀ ਹੈ,
ਮਾੜੇ ਪਏ ਕੁਰਲਾਉਂਦੇ ਤਕੜੇ ਦੀ ਸਰਦਾਰੀ ਹੈ।

ਕੀਹਨੂੰ ਦਿਆਂ ਮੈਂ ਦੋਸ਼ ਤੇ ਕੀਹਦਾ ਨਾਮ ਗਿਣਾਵਾਂ ਓਏ,
ਸੁਣ ਵੀਰ ਭਗਤ ਸਿੰਘਾ, ਸੱਚੀਆਂ ਆਖ ਸੁਣਾਵਾਂ ਓਏ।

ਅੱਜ ਵੀ ਕੁੱਝ ਨਹੀਂ ਬਦਲਿਆ ਸੱਜਣਾ ਪਹਿਲਾਂ ਵਰਗਾ ਹੈ,
ਸਾਮਰਾਜ ਨੇ ਚਾਰੇ ਪਾਸੇ ਪਾਇਆ ਗ਼ਲਬਾ ਹੈ।

ਆਤਮ ਹੱਤਿਆ ਵਾਲੀਆਂ ਲੋਕਾਂ ਚੁਣੀਆਂ ਰਾਹਵਾਂ ਓਏ,
ਸੁਣ ਵੀਰ ਭਗਤ ਸਿੰਘਾ, ਸੱਚੀਆਂ ਆਖ ਸੁਣਾਵਾਂ ਓਏ।

‘ਧਾਲੀਵਾਲ’ ਕਰੇ ਅਰਜੋਈ ਸੱਜਣਾ ਤੇਰੇ ਤਾਈਂ ਓਏ,
ਹੋ ਸਕੇ ਤਾਂ ਮੁੜ ਇੱਕ ਵਾਰੀ ਫੇਰਾ ਪਾਈਂ ਓਏ।

ਤੇਰੀ ਅੱਖੀਂ ਸਭ ਕੁੱਝ ਤੈਨੂੰ ਆਪ ਦਿਖਾਵਾਂ ਓਏ,
ਸੁਣ ਵੀਰ ਭਗਤ ਸਿੰਘਾ, ਸੱਚੀਆਂ ਆਖ ਸੁਣਾਵਾਂ ਓਏ।
ਤੇਰੇ ਜਿਹੇ ਪੁੱਤ ਅੱਜਕੱਲ, ਜੰਮਣੋਂ ਹਟ ਗਈਆਂ ਮਾਵਾਂ ਓਏ।

                         ***

2.     ਸਰਮਾਏਦਾਰੀ

ਜਾਗੋ ਦੋਸਤੋ ਲੋੜ ਹੁਣ ਜਾਗਣੇ ਦੀ,
ਦੁਸ਼ਮਣ ਅੱਗੇ ਹੀ ਵਧਦਾ ਆ ਰਿਹਾ ਹੈ

ਖ਼ੂਨ ਪਸੀਨੇ ਦੀ ਅਸੀਂ ਕਮਾਈ ਕਰਦੇ,
ਸਾਡੀ ਕਿਰਤ ਨੂੰ ਲੁੱਟ ਕੇ ਖਾ ਰਿਹਾ ਹੈ

ਸਰਮਾਏਦਾਰ ਜੋ ਆਖਣਾ ਚਾਹੁੰਦਾ ਹੈ
,
ਮੁੜ ਮੁੜ ਕੇ ਸਾਨੂੰ ਸੁਣਾ ਰਿਹਾ ਹੈ

ਵੱਖੋ ਵੱਖ ਸੰਚਾਰ ਦੇ ਸਾਧਨਾਂ ਥੀਂ,
ਧੱਕ ਧੱਕ ਕੇ ਕੰਨਾਂ ਵਿੱਚ ਪਾ ਰਿਹਾ ਹੈ

ਸਾਡੀ ਮਿੱਟੀ ਨੂੰ ਕਰ ਪਲੀਤ ਦਿੱਤਾ,
ਸਾਡੇ ਪਾਣੀ ਵਿੱਚ ਜ਼ਹਿਰ ਮਿਲਾ ਦਿੱਤਾ

ਤਾਜ਼ੀ ਹਵਾ ਵੀ ਸਾਡੀ ਖੋਹ ਲਈ ਹੈ,
ਪੰਛੀਆਂ ਦਾ ਆਲ਼ਣਾ ਢਾਹ ਦਿੱਤਾ

ਪੈਸੇ ਦੀ ਹਵਸ ਨੂੰ ਪੂਰਨੇ ਲਈ,
ਜੰਗਲ਼ ਬੇਲਿਆਂ ਨੂੰ ਕਰ ਤਬਾਹ ਦਿੱਤਾ

ਸੋਚ ਸਾਡੀ ਨੂੰ ਇਹਨੇ ਗੁਲਾਮ ਕਰਕੇ,
ਪੁਰਜ਼ੇ ਮਸ਼ੀਨ ਦੇ ਸਾਨੂੰ ਬਣਾ ਦਿੱਤਾ

ਸਦਾ ਵੰਡੀਆਂ ਪਾਉਣ ਦੀ ਰੀਤ ਇਹਦੀ,
ਧਰਤੀ ਵੰਡੀ ਤੇ ਕਦੀ ਅਸਮਾਨ ਵੰਡ’ਤਾ

ਰਲ ਮਿਲ ਨਹੀਂ ਸਾਨੂੰ ਇਹ ਜਿਉਣ ਦਿੰਦਾ,
ਧਰਮਾਂ ਵਿੱਚ ਹੈ ਹਰ ਇਨਸਾਨ ਵੰਡ’ਤਾ

ਰੀਤੀ ਰਿਵਾਜ ਤਿਉਹਾਰ ਵੰਡ’ਤੇ,
ਧਰਮ-ਸਥਾਨ ਵੰਡੇ ਕਬਰਸਤਾਨ ਵੰਡ’ਤਾ

ਏਨਾ ਵੰਡ ਕੇ ਰੀਝ ਨਾ ਹੋਈ ਪੂਰੀ,
ਰੰਗ ਭੇਦ ਵਿੱਚ ਸਾਰਾ ਜਹਾਨ ਵੰਡ’ਤਾ

ਤਾਕਤਵਰ ਇਹ ਏਨਾ ਹੋ ਗਿਆ ਏ,
ਲੋਕਤੰਤਰ ਦੀਆਂ ਧੱਜੀਆਂ ਉਡਾ ਦਿੰਦਾ

ਝੂਠ ਮੂਠ ਅਫ਼ਵਾਹਾਂ ਫੈਲਾ ਕੇ ਇਹ,
ਭੋਲ਼ੇ ਲੋਕਾਂ ਨੂੰ ਮੂਰਖ ਬਣਾ ਦਿੰਦਾ

ਵੋਟਾਂ ਇਹ ਬਟੋਰਨੇ ਲਈ,
ਥਾਂ ਥਾਂ ਖ਼ੂਨ ਖ਼ਰਾਬਾ ਕਰਵਾ ਦਿੰਦਾ

ਪੈਸੇ ਦੀ ਤਾਕਤ ਨੂੰ ਵਰਤ ਕੇ ਇਹ,
ਬਾਦਸ਼ਾਹ ਹੈ ਆਪਣੇ ਸਜਾ ਦਿੰਦਾ

ਅੱਜ ਦੋਸਤੋ ਲੋੜ ਹੈ ਜਾਗਣੇ ਦੀ,
ਆਓ ਰਲਮਿਲ ਸਭ ਨੂੰ ਜਗਾਈਏ ਆਪਾਂ

ਇਹਦੀਆਂ ਚਾਲਾਂ ਤੋਂ ਆਓ ਸੁਚੇਤ ਹੋਈਏ,
ਭੋਲ਼ੇ ਲੋਕਾਂ ਨੂੰ ਇਹ ਸਮਝਾਈਏ ਆਪਾਂ

ਇੱਕੋ ਮਕਸਦ ਲਈ ਲਾਮਬੰਦ ਹੋਈਏ,
ਤੇ ਆਪਸੀ ਫਰਕ ਮਿਟਾਈਏ ਆਪਾਂ

ਸਾਮਰਾਜ ਨੂੰ ਵਧਣ ਤੋਂ ਰੋਕ ਸਕੀਏ,
ਐਸੀ ਕੋਈ ਤਰਕੀਬ ਬਣਾਈਏ ਆਪਾਂ

               ***

3. ਇਹ ਸਾਡਾ ਸੱਭਿਆਚਾਰ ਨਹੀਂ

ਅੱਜਕੱਲ ਜੋ ਗੀਤਾਂ ਵਿੱਚ ਆਉਂਦਾ ਏ,
ਮੇਰੇ ਮਨ ਨੂੰ ਬੜਾ ਤੜਫਾਉਂਦਾ ਏ।
ਨਸ਼ਿਆਂ ਦੀਆਂ ਸਿਫਤਾਂ ਕਰਦਾ ਏ,
ਸਾਡੇ ਬੱਚਿਆਂ ਨੂੰ ਭੜਕਾਉਂਦਾ ਏ

ਨਫ਼ਰਤ ਨੂੰ ਉੱਚਾ ਚੱਕਦਾ ਏ,
ਸਾਨੂੰ ਕਰਨਾ ਦੱਸਦਾ ਪਿਆਰ ਨਹੀਂ।
ਇਹ ਸਾਡਾ ਸੱਭਿਆਚਾਰ ਨਹੀਂ,
ਇਹ ਮੇਰਾ ਸੱਭਿਆਚਾਰ ਨਹੀਂ।

ਇਹ ਚੱਕੀ ਫਿਰਨ ਦੋਨਾਲੀਆਂ ਜੋ,
ਕਰਤੂਤਾਂ ਕਰਦੇ ਕਾਲ਼ੀਆਂ ਜੋ,
ਚੱਕ ਧਰ ਦੀਆਂ ਗੱਲਾਂ ਕਰਦੇ ਨੇ,
ਤੇ ਬੜ੍ਹਕਾਂ ਮਾਰਨ ਬਾਹਲ਼ੀਆਂ ਜੋ।
ਸਾਨੂੰ ਪੁੱਠੇ ਸਬਕ ਪੜ੍ਹਾਵਣ ਦਾ,
ਇਨ੍ਹਾਂ ਨੂੰ ਕੋਈ ਅਧਿਕਾਰ ਨਹੀਂ,
ਇਹ ਸਾਡਾ ... ...

ਇਹ ਗਾਉਣ ਵਾਲ਼ਾ ਜੋ ਗਾਉਂਦਾ ਏ,
ਵਿੱਚ ਊਟ ਪਟਾਂਗ ਫਸਾਉਂਦਾ ਏ।
ਸਾਨੂੰ ਆਪਣੇ ਵਿਰਸੇ ਤੋਂ,
ਦੂਰ ਲਿਜਾਣਾ ਚਾਹੁੰਦਾ ਏ।
ਸਾਡੀ ਮਾਂ ਬੋਲੀ ਦੀ ਇੱਜ਼ਤ ਦਾ,
ਇਹਨੂੰ ਰਤੀ ਭਰ ਸਤਿਕਾਰ ਨਹੀਂ।
ਇਹ ਸਾਡਾ ... ...

ਘਟੀਆ ਵੀਡੀਓ ਜੋ ਬਣਾਉਂਦੇ ਨੇ,
ਕੁਲ ਦੁਨੀਆਂ ਤਾਈਂ ਦਿਖਾਉਂਦੇ ਨੇ।
ਲੋਕਾਂ ਦੀਆਂ ਇੱਜ਼ਤਾਂ ਵੇਚ ਕੇ ਤੇ,
ਖੁਦ ਪੈਸੇ ਖੂਬ ਕਮਾਉਂਦੇ ਨੇ।
ਸਾਨੂੰ ਸ਼ਰਮ ਬੜੀ ਹੀ ਆਉਂਦੀ ਏ,
ਇਹਨੂੰ ਰੋਕਦੀ ਕੋਈ ਸਰਕਾਰ ਨਹੀਂ,
ਇਹ ਸਾਡਾ ... ...

ਜੋ ਸ਼ਕਲ ਵਿਗਾੜੀ ਫਿਰਦੇ ਨੇ,
ਬੱਚੇ ਉਹੋ ਜਿਹਾ ਹੀ ਸਿੱਖਦੇ ਨੇ।
ਜਿਹੜੇ ਔਗੁਣਾਂ ਨੂੰ ਸਲਾਹੁੰਦੇ ਨੇ,
ਤੇ ਮਾੜੇ ਗਾਣੇ ਲਿਖਦੇ ਨੇ।
ਜਿਹੜੇ ਪੈਸੇ ਦੇ ਨਾਲ ਵਿਕ ਜਾਂਦੇ,
ਉਹ ਚੰਗੇ ਗੀਤਕਾਰ ਨਹੀਂ।
ਇਹ ਸਾਡਾ ... ...

ਨਹੀਂ ਹੋਰ ਏਸ ਨੂੰ ਜਰਨਾ ਏ,
ਬਾਈਕਾਟ ਏਸ ਦਾ ਕਰਨਾ ਏ।
ਕਿਸੇ ਦੀ ਕੀਤੀ ਗਲਤੀ ਦਾ,
ਅਸੀਂ ਨਹੀਂ ਹਰਜਾਨਾ ਭਰਨਾ ਏ।
ਆਓ ਰਲ਼ਕੇ ਸਾਰੇ ਇਹ ਕਹੀਏ,
ਇਹ ਸਭ ਸਾਨੂੰ ਸਵੀਕਾਰ ਨਹੀਂ।
ਇਹ ਸਾਡਾ ... ...

         ***

4.        ਨਾਮ ਗਦਰੀਆਂ ਦਾ

ਰਹਿੰਦੀ ਦੁਨੀਆਂ ਤੱਕ ਰਹੂਗਾ ਨਾਮ ਗਦਰੀਆਂ ਦਾ,
ਵਤਨ ਦੀ ਖਾਤਰ ਮਿਟ ਜਾਵਣ ਦੀ ਸਹੁੰ ਜਿਨ੍ਹਾਂ ਨੇ ਖਾਧੀ ਸੀ,
ਇੱਕੋ ਸਭ ਦਾ ਮੰਤਵ ਲੈਣਾ ਦੇਸ਼ ਅਜ਼ਾਦੀ ਸੀ,
ਭਾਰਤ ਮਾਂ ਨੂੰ ਸੀ ਸੱਚਾ ਪ੍ਰਣਾਮ ਗਦਰੀਆਂ ਦਾ,
ਰਹਿੰਦੀ ਦੁਨੀਆਂ ਤੱਕ ... ...।

ਸੁੱਤੇ ਹੋਏ ਭਾਰਤੀਆਂ ਨੂੰ ਜਿਨ੍ਹਾਂ ਜਗਾਇਆ ਸੀ,
ਅਣਖ ਦੀ ਖਾਤਰ ਮਿਟ ਜਾਵਣ ਦਾ ਨਾਅਰਾ ਲਾਇਆ ਸੀ,
ਵਾਹਿਗੁਰੂ, ਅੱਲਾ ਸਾਂਝਾ ਸੀ ਭਗਵਾਨ ਗਦਰੀਆਂ ਦਾ,
ਰਹਿੰਦੀ ਦੁਨੀਆਂ ਤੱਕ ... ...।

ਸਭ ਧਰਮਾਂ ਦੇ ਲੋਕਾਂ ਨੂੰ ਇੱਕਮੁੱਠ ਕੀਤਾ ਸੀ,
ਜਾਮ ਸ਼ਹੀਦੀ ਵਾਲਾ ਜਾ ਭਾਰਤ ਵਿੱਚ ਪੀਤਾ ਸੀ,
ਵਿੱਚ ਅਮਰੀਕਾ ਸ਼ੁਰੂ ਹੋਇਆ ਸੰਗ੍ਰਾਮ ਗਦਰੀਆਂ ਦਾ,
ਰਹਿੰਦੀ ਦੁਨੀਆਂ ਤੱਕ ... ...

ਇਨਸਾਫ ਦੀ ਖਾਤਰ ਜੱਗ ’ਤੇ ਲੋਕੀ ਲੜਦੇ ਰਹਿਣੇ ਨੇ,
ਖੂਨ ਡੋਲ੍ਹ ਜੋ ਬਾਲ਼ੇ ਦੀਵੇ ਜਗਦੇ ਰਹਿਣੇ ਨੇ,
ਘਰ ਘਰ ਵਿੱਚ ਪਹੁੰਚਾਉਣਾ ਏ ਪੈਗਾਮ ਗਦਰੀਆਂ ਦਾ,
ਰਹਿੰਦੀ ਦੁਨੀਆਂ ਤੱਕ ... ...

            ***

5.              ਕਰੋਨਾ

ਹੇ ਕਰੋਨਾ ਵਾਇਰਸ, ਮਿੰਨਤਾਂ ਤੇਰੀਆਂ ਕਰਦੇ ਹਾਂ,
ਖਹਿੜਾ ਸਾਡਾ ਛੱਡਦੇ, ਸਿਰ ਪੈਰਾਂ ਵਿੱਚ ਧਰਦੇ ਹਾਂ।

ਆਪਣੇ ਵੱਖਰੇ ਢੰਗ ਨਾਲ, ਸਾਨੂੰ ਤੂੰ ਸਮਝਾ ਦਿੱਤਾ,
ਕੁਦਰਤ ਕਿੰਨੀ ਤਾਕਤਵਰ, ਸਾਨੂੰ ਯਾਦ ਕਰਾ ਦਿੱਤਾ।

ਕੁੱਲ ਦੁਨੀਆਂ ਦੇ ਨਾਢੂ ਖਾਂ ਜੋ ਖ਼ੁਦ ਨੂੰ ਕਹਿੰਦੇ ਨੇ,
ਤੈਥੋਂ ਡਰਦੇ ਵਿੱਚ ਘਰਾਂ ਦੇ ਵੜਕੇ ਰਹਿੰਦੇ ਨੇ।

ਦੁਨੀਆਦਾਰੀ ਵਿੱਚ ਅਸੀਂ ਕੁਦਰਤ ਨੂੰ ਭੁੱਲ ਗਏ ਸਾਂ,
ਪੈਸੇ ਵਾਲੀ ਖੇਡ ਖੇਡਦੇ ਖ਼ੁਦ ਹੀ ਰੁਲ਼ ਗਏ ਸਾਂ।

ਸਮਝ ਗਏ ਸਾਡੀ ਵੱਡੀ ਗਲਤੀ ਵੱਧ ਅਬਾਦੀ ਹੈ,
ਇਸੇ ਕਰਕੇ ਵਾਤਾਵਰਣ ਦੀ ਹੋਈ ਬਰਬਾਦੀ ਹੈ।

ਮੰਨਿਆ ਧਰਤੀ ਨੂੰ ਪ੍ਰਦੂਸ਼ਤ ਅਸੀਂ ਬਣਾਇਆ ਏ,
ਬਹੁਤੇ ਜੀਵ ਜੰਤੂਆਂ ਨੂੰ ਅਸੀਂ ਮਾਰ ਮੁਕਾਇਆ ਏ।

ਵਾਅਦਾ ਅਸੀਂ ਹਾਂ ਕਰਦੇ, ਸਭ ਨੂੰ ਇਹ ਸਮਝਾਵਾਂਗੇ,
ਜਨ-ਸੰਖਿਆ ਮਨੁੱਖਾਂ ਦੀ, ਅਸੀਂ ਨਹੀਂ ਵਧਾਵਾਂਗੇ।

ਜੀਵ ਜੰਤੂਆਂ ਨੂੰ ਜਿਉਣੇ ਦਾ ਹੱਕ ਦਿਵਾਵਾਂਗੇ,
ਸਭ ਦੇ ਮਨ ਵਿੱਚ ਕੁਦਰਤ ਦਾ ਸਤਿਕਾਰ ਵਧਾਵਾਂਗੇ

ਹੇ ਕਰੋਨਾ ਵਾਇਰਸ, ਮਿੰਨਤਾਂ ਤੇਰੀਆਂ ਕਰਦੇ ਹਾਂ,
ਖਹਿੜਾ ਸਾਡਾ ਛੱਡਦੇ, ਸਿਰ ਪੈਰਾਂ ਵਿੱਚ ਧਰਦੇ ਹਾਂ।

                   *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2937)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਪਰਮਿੰਦਰ ਧਾਲੀਵਾਲ

ਪਰਮਿੰਦਰ ਧਾਲੀਵਾਲ

Edmonton, Alberta, Canada.
Phone: (780 - 994 - 1886)

Email: (parminderdhaliwal@hotmail.com)