“ਨਾਲ ਚਾਵਾਂ ਦੇ ਵਸਦਾ, ਰਹੇ ਇਹਦਾ ਵਿਹੜਾ,
ਵਤਨ ਕਨੇਡਾ ਬੇਲੀਓ, ਹੁਣ ਬਣ ਗਿਆ ਮੇਰਾ ...”
(ਅਕਤੂਬਰ 31, 2015)
1.
ਕਿਹੜੀ ਗੱਲੋਂ ਅੰਮੀਏ
ਦੱਸ ਕਾਹਤੋਂ ਮਾਏ ਮੈਨੂੰ ਘੂਰੀ ਰਹੀ ਵੱਟ ਨੀਂ,
ਕਿਹੜੀ ਗੱਲੋਂ ਅੰਮੀਏ ਮੈਂ ਵੀਰੇ ਨਾਲੋਂ ਘੱਟ ਨੀਂ,
ਵੀਰਾ ਜਦੋਂ ਜੰਮਿਆ ਤੂੰ ਗਾਈਆਂ ਸੀ ਘੋੜੀਆਂ,
ਲੱਡੂ ਸੀ ਬਣਾਏ ਨਾਲੇ ਵੰਡੀਆਂ ਸੀ ਲੋਹੜੀਆਂ,
ਪੁੱਤ ਪੁੱਤ ਵਾਲੀ ਸਦਾ ਲਾਈ ਸੀ ਤੂੰ ਰੱਟ ਨੀਂ,
ਕਿਹੜੀ ਗੱਲੋਂ ਅੰਮੀਏ ...
ਜਦ ਸੀ ਮੈਂ ਜੰਮੀ ਤੂੰ ਕੀਰਨੇ ਸੀ ਪਾਏ ਨੀਂ,
ਆਖਦੀ ਸੀ ਕੋਈ ਨਾ ਵਧਾਈ ਦੇਣ ਆਏ ਨੀਂ,
ਮੇਰੀ ਵਾਰੀ ਦੱਸ ਕਾਹਤੋਂ ਬਦਲੀ ਸੀ ਝੱਟ ਨੀਂ,
ਕਿਹੜੀ ਗੱਲੋਂ ਅੰਮੀਏ ...
ਇੱਕੋ ਕੁੱਖੋਂ ਜੰਮੇ ਇੱਕੋ ਗੋਦ ਤੂੰ ਖਿਡਾਇਆ ਨੀਂ,
ਧੀਆਂ ਪੁੱਤਾਂ ਵਿੱਚ ਕਿਉਂ ਫਰਕ ਏ ਤੂੰ ਪਾਇਆ ਨੀਂ,
ਛੇਤੀ ਛੇਤੀ ਦੱਸ ਕਾਹਤੋਂ ਬੈਠੀ ਦੜ੍ਹ ਵੱਟ ਨੀਂ,
ਕਿਹੜੀ ਗੱਲੋਂ ਅੰਮੀਏ ...
ਵੀਰੇ ਵਾਰੀ ਬਾਪੂ ਫੱਟੇ ਚੱਕੇ ਸੀ ਸ਼ਰਾਬ ਦੇ,
ਮੇਰੇ ਵਾਰੀ ਦੱਸ ਆੜੀ ਕਿੱਥੇ ਗਏ ਬਾਪ ਦੇ,
ਖਾਲੀ ਕੀਤੇ ਜਿਨ੍ਹਾਂ ਸੀਗੇ ਦਾਰੂ ਵਾਲੇ ਮੱਟ ਨੀਂ,
ਕਿਹੜੀ ਗੱਲੋਂ ਅੰਮੀਏ ...
ਵੀਰੇ ਨੂੰ ਨਿੱਤ ਦਿਨੇ ਦਹੀਂ ਨਾਲ ਨੁਹਾਉਨੀਂ ਏਂ,
ਮੈਨੂੰ ਕਾਹਤੋਂ ਅਚਾਰ ਨਾਲ ਰੁੱਖੀਆਂ ਖੁਆਉਨੀ ਏਂ,
ਕਾਲਜੇ ’ਚ ਮੇਰੇ ਕਾਹਤੋਂ ਮਾਰਦੀ ਏਂ ਸੱਟ ਨੀਂ,
ਕਿਹੜੀ ਗੱਲੋਂ ਅੰਮੀਏ ...
ਧੀਆਂ ਨੂੰ ਨਾ ਜਰਦਾ ਇਹ ਚੰਦਰਾ ਸਮਾਜ ਨੀਂ,
'ਧਾਲੀਵਾਲ' ਕਿਸ ਨੇ ਬਣਾਇਆ ਇਹ ਰਿਵਾਜ ਨੀਂ,
ਜਾ ਕੇ ਉਹਨੂੰ ਪੁੱਛਾਂ, ਮੈਂਨੂੰ ਦੱਸ ਫਟਾ ਫਟ ਨੀਂ,
ਕਿਹੜੀ ਗੱਲੋਂ ਅੰਮੀਏ ...
**
2.
ਪੰਜਾਬੀ
ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਏ ਪੰਜਾਬ ਦੀ,
ਜੀਹਦੇ ਵਿੱਚੋਂ ਮਹਿਕ ਆਵੇ ਸੱਜਰੇ ਗੁਲਾਬ ਦੀ,
ਸੱਚ ਜਾਣੋਂ ਮੁੱਖੋਂ ਮੈਂ ਪੰਜਾਬੀ ਜਦੋਂ ਬੋਲਦਾਂ,
ਇੰਜ ਜਾਪੇ ਡੂੰਘੇ ਭੇਦ ਦਿਲਾਂ ਵਾਲੇ ਖੋਲ੍ਹਦਾਂ,
ਫੁੱਲਾਂ ਨਾਲੋਂ ਕੋਮਲ ਇਹ ਜਾਈ ਪੰਜ ਆਬ ਦੀ,
ਸ਼ਹਿਦ ਨਾਲੋਂ ਮਿੱਠੀ ...
ਪੰਜਾਬੀ ਸਾਡੇ ਗਿੱਧੇ ਅਤੇ ਭੰਗੜੇ ਦੀ ਸ਼ਾਨ ਏ,
ਇਹੋ ਸਾਡਾ ਹਾਸਾ ਅਤੇ ਇਹੋ ਮੁਸਕਾਨ ਏ,
ਇਹੋ ਸ਼ਾਨ ਬਣਦੀ ਏ ਢੱਡ ਤੇ ਰਬਾਬ ਦੀ,
ਸ਼ਹਿਦ ਨਾਲੋਂ ਮਿੱਠੀ ...
ਅਸੀਂ ਹਾਂ ਪੰਜਾਬੀ ਸਾਨੂੰ ਪੰਜਾਬੀਅਤ ਦਾ ਮਾਣ ਏ,
ਬਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬੀ ਸਾਡੀ ਜਾਨ ਏ,
ਪੰਜਾਬੀ ਵਿੱਚ ਗਾਈਏ ਸਾਨੂੰ ਲੋੜ ਨਹੀਂਓਂ ਸਾਜ ਦੀ,
ਸ਼ਹਿਦ ਨਾਲੋਂ ਮਿੱਠੀ ...
ਆਓ! ਜਿੱਥੇ ਬੋਲ ਸਕਦੇ ਪੰਜਾਬੀ ਆਪਾਂ ਬੋਲੀਏ,
ਆਉਣ ਵਾਲੀ ਪੀੜ੍ਹੀ ਕੋਲ ਵਿਰਸਾ ਫਰੋਲੀਏ,
'ਧਾਲੀਵਾਲ' ਬੋਲੀ, ਜਾਨ ਹੁੰਦੀ ਏ ਸਮਾਜ ਦੀ,
ਸ਼ਹਿਦ ਨਾਲੋਂ ਮਿੱਠੀ ...
**
3.
ਯਾਦ ਵਤਨਾਂ ਦੀ
ਜਦ ਵੀ ਤੂੰ ਚਲਦੀ ਏਂ ਠੰਢੀ ਠੰਢੀ ਵਾਏ ਨੀਂ,
ਮੁੜ ਮੁੜ ਯਾਦ ਮੈਨੂੰ ਵਤਨਾਂ ਦੀ ਆਏ ਨੀਂ,
ਜੰਮੇ ਪਲੇ ਖੇਡੇ ਜਿੱਥੇ ਭੁੱਲਦਾ ਨਾ ਵਿਹੜਾ ਨੀਂ,
ਮਿੱਟੀ 'ਚ ਰਲਾ ਕੇ ਗੋਹਾ ਲਿੱਪਿਆ ਸੀ ਜਿਹੜਾ ਨੀਂ,
ਜਿੱਥੇ ਬੈਠ ਮਾਪਿਆਂ ਨੇ ਸੁਪਨੇ ਸਜਾਏ ਨੀਂ,
ਮੁੜ ਮੁੜ ਯਾਦ ...
ਨਿੰਮਾਂ ਅਤੇ ਡੇਕਾਂ ਵਾਲੇ ਖੂਹ ਦੀ ਯਾਦ ਆਉਂਦੀ ਏ,
ਸੱਚ ਜਾਣੀ ਕਾਲਜੇ ’ਚ ਸੱਲ ਜਿਹਾ ਪਾਉਂਦੀ ਏ,
ਜਿੱਥੇ ਬੈਠ ਪੈੱਗ ਰੂੜੀ ਮਾਰਕਾ ਦੇ ਲਾਏ ਨੀਂ,
ਮੁੜ ਮੁੜ ਯਾਦ ...
ਵਾਰ ਵਾਰ ਚੇਤੇ ਆਉਣ ਤਾਈਆਂ ਅਤੇ ਚਾਚੀਆਂ,
ਭੁੱਲਦੀਆਂ ਨਾ ਕਦੇ ਮੈਨੂੰ ਤੌੜੀਆਂ ਤੇ ਚਾਟੀਆਂ,
ਮਾਂ ਨੇ ਸਾਗ ਜੀਹਦੇ ਵਿੱਚ ਰਿੰਨ੍ਹ ਕੇ ਖੁਆਏ ਨੀਂ,
ਮੁੜ ਮੁੜ ਯਾਦ ...
ਯਾਦ ਬੜੇ ਆਉਂਦੇ ਮੈਨੂੰ ਬੰਟੇ ਤੇ ਗੁਲੇਲਾਂ ਨੀਂ,
ਚਿੱਤ ਕਰੇ ਪਿੰਡ ਜਾ ਕੇ ਗੁੱਲੀ ਡੰਡਾ ਖੇਲ੍ਹਾਂ ਨੀਂ,
ਕੋਠੇ ਉੱਤੇ ਚੜ੍ਹਕੇ ਪਤੰਗ ਸੀ ਉਡਾਏ ਨੀਂ,
ਮੁੜ ਮੁੜ ਯਾਦ ...
ਪੱਠਿਆਂ ਵਾਲੀ ਹਾਲੇ ਵੀ ਮਸ਼ੀਨ ਨਹੀਂ ਮੈਂ ਭੁੱਲਿਆ,
ਜਾਨੋਂ ਪਿਆਰੀ ਆਪਣੀ ਜਮੀਨ ਨਹੀਂ ਮੈਂ ਭੁੱਲਿਆ,
'ਛੀਨੀਵਾਲ' ਜਾਵਾਂ ਮੇਰਾ ਦਿਲ ਕੁਰਲਾਏ ਨੀਂ,
ਮੁੜ ਮੁੜ ਯਾਦ ...
**
4.
ਵਤਨ ਕਨੇਡਾ
ਸੁਣੋ ਬੇਲੀਓ ਬੈਠ ਕੇ, ਮੈਂ ਸੱਚ ਸੁਣਾਵਾਂ।
ਛੱਡ ਆਇਆ ਪੰਜਾਬ ਦੀਆਂ, ਮੈਂ ਠੰਢੀਆਂ ਛਾਵਾਂ।
ਵਿੱਚ ਪ੍ਰਦੇਸਾਂ ਆਣ ਕੇ, ਹੁਣ ਲਾ ਲਿਆ ਡੇਰਾ।
ਵਤਨ ਕਨੇਡਾ ਬੇਲੀਓ, ਹੁਣ ਬਣ ਗਿਆ ਮੇਰਾ।
ਢਿੱਡ ਭਰਨ ਲਈ ਸਾਡਾ, ਇਸ ਦਿੱਤਾ ਖਾਣਾ।
ਦੁਨੀਆਂ ਦੇ ਵਿੱਚ ਸਭ ਤੋਂ, ਇਹ ਖੂਬ ਟਿਕਾਣਾ।
ਭੁੱਖਾ ਨਾ ਕੋਈ ਰਹਿੰਦਾ, ਇੱਥੇ ਆਉਂਦਾ ਜਿਹੜਾ।
ਵਤਨ ਕਨੇਡਾ ਬੇਲੀਓ ...
ਹੱਦੋਂ ਵੱਧ ਸਹੂਲਤਾਂ, ਮਨ ਮੇਰਾ ਮੋਹਿਆ।
ਤਾਹੀਓਂ ਸਭ ਕੁਝ ਛੱਡ ਕੇ, ਮੈਂ ਇਹਦਾ ਹੋਇਆ।
ਕਈ ਸਾਲਾਂ ਦੇ ਬਾਅਦ ਹੀ, ਪਿੰਡ ਲਗਦਾ ਫੇਰਾ।
ਵਤਨ ਕਨੇਡਾ ਬੇਲੀਓ ...
ਮਿੱਠੇ ਬੜੇ ਜ਼ੁਬਾਨ ਦੇ, ਨੇ ਇਹਦੇ ਬਾਸ਼ਿੰਦੇ।
ਹਰ ਬੰਦੇ ਨੂੰ ਰੱਜਵਾਂ, ਸਤਿਕਾਰ ਨੇ ਦਿੰਦੇ।
ਹੱਸਕੇ ਸਦਾ ਹੀ ਬੋਲਦੇ, ਕਰਦੇ ਪਿਆਰ ਬਥੇਰਾ।
ਵਤਨ ਕਨੇਡਾ ਬੇਲੀਓ ...
ਲਗਦੀ ‘ਧਾਲੀਵਾਲ’ ਨੂੰ ਇਹਦੀ ਧਰਤੀ ਸੋਹਣੀ।
ਏਨੀ ਸ਼ਾਂਤੀ ਦੁਨੀਆ ’ਤੇ, ਕਿਤੇ ਹੋਰ ਨਹੀਂ ਹੋਣੀ।
ਨਾਲ ਚਾਵਾਂ ਦੇ ਵਸਦਾ, ਰਹੇ ਇਹਦਾ ਵਿਹੜਾ।
ਵਤਨ ਕਨੇਡਾ ਬੇਲੀਓ ...
*****
(93)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)