ParminderDhaliwal7ਬੰਦਿਆਂ ਦੇ ਵਿੱਚੋਂ ਇਖਲਾਕ ਖੋਈ ਜਾਂਦਾ ਏ   ਬਾਲ ਦੇ ਤੂੰ ਦੀਵਾ ਕੋਈ    ਹਨੇਰਾ ਹੋਈ ਜਾਂਦਾ ਏ ..."
(15 ਅਪਰੈਲ 2018)


PavitterDhaliwalA3ਪਵਿੱਤਰ ਧਾਲੀਵਾਲ ਨੂੰ ਮੈਂ ਤਕਰੀਬਨ 20-22 ਸਾਲ ਤੋਂ ਜਾਣਦਾ ਹਾਂ। ਐਡਮਿੰਟਨ ਦੀਆਂ ਜਥੇਬੰਦੀਆਂ ਜਿਵੇਂ ਕਿ ਸਿੱਖ ਫੈਡਰੇਸ਼ਨ ਆਫ ਐਡਮਿੰਟਨ, ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ ਅਤੇ ਮੇਪਲ ਲੀਫ ਰਾਈਟਰਜ਼ ਫਾਊਂਡੇਸ਼ਨ ਆਫ ਐਡਮਿੰਟਨ ਵਿੱਚ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਪਵਿੱਤਰ ਇੱਕ ਵਧੀਆ ਗੀਤਕਾਰ ਅਤੇ ਕਵੀ ਹੋਣ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਵੀ ਹੈ। ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਉਹਨਾਂ ਦੀ ਕਵਿਤਾ ਦੀ ਪਲੇਠੀ ਪੁਸਤਕ ਸਮੇਂ ਦਾ ਰਾਗਨੂੰ ਰੀਵਿਊ ਕਰਨ ਦਾ ਮੌਕਾ ਮਿਲਿਆ ਹੈ।

ਇਸ ਕਿਤਾਬ ਵਿੱਚ ਉਹਨਾਂ ਦੀਆਂ 87 ਚੋਣਵੀਆਂ ਕਵਿਤਾਵਾਂ ਦਰਜ ਹਨ। ਭਾਵੇਂ ਕਿ ਕਵਿਤਾਵਾਂ ਵਿੱਚ ਪਵਿੱਤਰ ਨੇ ਬਹੁਤ ਸਾਰੇ ਵੱਖ ਵੱਖ ਵਿਸ਼ਿਆਂ ਨੂੰ ਛੋਹਿਆ ਹੈ ਪਰ ਜ਼ਿਆਦਾ ਕਵਿਤਾਵਾਂ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਸਮਾਜਿਕ ਵਰਤਾਰੇ ਵਿੱਚ ਆ ਰਹੇ ਨਿਘਾਰ ਨੂੰ ਲੈ ਕੇ ਬਹੁਤ ਚਿੰਤਤ ਹੈ। ਭਾਵੇਂ ਉਹ ਬਾਬਿਆਂ ਦੀ ਗੱਲ ਹੋਵੇ, ਕਿਸਾਨਾਂ ਦੀਆਂ ਖੁਦਕਸ਼ੀਆਂ ਦੀ ਗੱਲ ਹੋਵੇ, ਜਾਂ ਫਿਰ ਔਰਤ ਨਾਲ ਵਿਤਕਰੇ ਵਾਲੇ ਵਰਤਾਰੇ ਦੀ ਗੱਲ ਹੋਵੇ, ਬਹੁਤ ਸਾਰੀਆਂ ਕਵਿਤਾਵਾਂ ਵਿੱਚੋਂ ਉਹਨਾਂ ਦੀ ਚਿੰਤਾ ਸਾਫ ਜ਼ਾਹਰ ਹੁੰਦੀ ਹੈ। ਇਹ ਚਿੰਤਾ ਹੀ ਸ਼ੰਵੇਦਨਸ਼ੀਲਤਾ ਦਾ ਅਧਾਰ ਬਣਦੀ ਹੈ ਤੇ ਸਿਰਜਣਾ ਦੇ ਪਲ ਵਿਆਕੁਲ ਅਵਸਥਾ ਵਿੱਚੋਂ ਲੰਘ ਕੇ ਸ਼ਬਦਾਂ ਦੀ ਲਿਸ਼ਕੋਰ ਬਣਦੇ ਹਨ।

ਰਿਸ਼ਤਿਆਂ ਦੇ ਹੋ ਰਹੇ ਘਾਣ ਦੀ ਗੱਲ ਕਰਦਾ ਹੋਇਆ ਕਵੀ ਆਖਦਾ ਹੈ:
ਹਰ ਥਾਈਂ ਹੋਈ ਜਾਂਦਾ ਰਿਸ਼ਤਿਆਂ ਦਾ ਘਾਣ ਏ
ਪੈਸੇ ਦੇ ਹੀ ਜੋਰ ਨਾਲ ਕਰਾਉਂਦਾ ਬੰਦਾ ਮਾਣ ਏ
ਬੰਦਿਆਂ ਦੇ ਵਿੱਚੋਂ ਇਖਲਾਕ ਖੋਈ ਜਾਂਦਾ ਏ
ਬਾਲ ਦੇ ਤੂੰ ਦੀਵਾ ਕੋਈ
ਹਨੇਰਾ ਹੋਈ ਜਾਂਦਾ ਏ

PavitterDhaliwalB1ਭਾਵੇਂ ਕਿ ਅੱਜ ਦੀ ਤੇਜ਼ ਤਰਾਰ ਜ਼ਿੰਦਗੀ ਵਿੱਚ ਮਨੁੱਖ ਕੁਦਰਤ ਤੋਂ ਬਹੁਤ ਦੂਰ ਹੁੰਦਾ ਜਾ ਰਿਹਾ ਹੈ, ਪਰ ਕੁਦਰਤ ਦੇ ਰੰਗਅਤੇ ਐਡਮਿੰਟਨ ਦੀ ਪੱਤਝੜਕਵਿਤਾਵਾਂ ਰਾਹੀਂ ਕਵੀ ਨੇ ਕੁਦਰਤ ਦੀ ਖੂਬਸੂਰਤੀ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਕੁਦਰਤ ਦੇ ਰੰਗਕਵਿਤਾ ਵਿੱਚ ਕਵੀ ਮਨੁੱਖੀ ਸੁਭਾਅ ਦੀ ਤੁਲਨਾ ਕੁਦਰਤ ਦੇ ਰੰਗਾਂ ਨਾਲ ਕਰਦਾ ਹੋਇਆ ਆਖਦਾ ਹੈ:

ਰੰਗ ਰੋਵਣ ਰੰਗ ਹੱਸਣ, ਰੰਗ ਕਰਦੇ ਵਿਉਪਾਰ,
ਰੰਗਾਂ ਦੇ ਵਿੱਚ ਰੰਗ ਘੁਲਣ, ਸਿਰਜਣ ਇੱਕ ਸੰਸਾਰ

ਕੁਦਰਤ ਦੇ ਰੰਗ ਨੇ ਸਾਰੇ, ਵੱਖੋ ਵੱਖ ਪਹਿਚਾਣ,
ਇੱਕ ਰੰਗ ਤੇਰਾ ਬੰਦਿਆ, ਸੌ ਰੰਗਾਂ ਸਮਾਨ

ਪੰਜਾਬੀ ਗੀਤਕਾਰਾਂ ਨੂੰ ਸੱਚ ਲਿਖਣ ਦੀ ਨਸੀਹਤ ਦਿੰਦਾ ਹੋਇਆ ਕਵੀ ਆਖਦਾ ਹੈ

ਗੀਤ ਗਾਉਣੇ ਛੱਡ ਦੇ ਤੂੰ, ਜੱਟ ਅਤੇ ਜੱਟੀਆਂ ਦੇ,
ਅੰਬਰਾਂ ਤੇ ਘਰ ਨਾ ਤੂੰ ਪਾ

ਭੁੱਖ ਨਾਲ ਮਰਦੇ ਇਹ ਬਿਨਾਂ ਸਲਫਾਸ ਖਾਧੇ,
ਬਲ਼ਦੇ ਹੋਏ ਸਿਵੇ ਨੇ ਗਵਾਹ

ਵਿਛੋੜੇ ਦੀ ਪੀੜ ਨੂੰ ਬਿਆਨ ਕਰਦਾ ਹੋਇਆ ਕਵੀ ਆਖਦਾ ਹੈ:

ਕਾਨਿਆਂ ਦੀ ਝੁੱਗੀ ਉੱਤੋਂ ਉੱਡ ਗਈ ਏ ਛੱਤ ਵੇ,
ਰੁਲ਼ ਗਈ ਗਲ਼ੀ ਚ ਜਿਵੇਂ ਰੁਲ਼ਦੇ ਨੇ ਕੱਖ ਵੇ

ਜਾਣਿਆ ਹੈ ਅੱਜ ਮੈਂ ਦਰਦ ਗਰੀਬ ਦਾ,
ਅੱਜ ਤੇਰੇ ਜਾਣ ਪਿੱਛੋਂ,
ਪਤਾ ਲੱਗਾ ਮੈਨੂੰ ਮੇਰੀ ਇਸ ਪੀੜ ਦਾ

ਸਮਾਜ ਵਿੱਚ ਆਰਥਿਕ ਨਾਬਰਾਬਰੀ ਦੀ ਗੱਲ ਕਰਦਾ ਹੋਇਆ ਕਵੀ ਸ਼ਹਿਰਕਵਿਤਾ ਵਿੱਚ ਆਖਦਾ ਹੈ:

ਕੋਈ ਸੜਦਾ ਹੈ ਤੇਜ ਧੁੱਪ ਅੰਦਰ,
ਕਿਤੇ ਏ ਸੀ ਦੀ ਸੀਤ ਲਹਿਰ ਹੈ

ਕਿਤੇ ਪੂਜੇ ਜਾਂਦੇ ਨੇ ਪੱਥਰ ਤੇ ਕਿਤੇ,
ਜੀਣ ਦੀ ਥਾਂ ਕਹਿਰ ਹੀ ਕਹਿਰ ਹੈ

ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਅਗਾਂਹਵਧੂ ਸੋਚ ਲੈ ਕੇ ਜਿਉਣ ਦੀ ਸਲਾਹ ਦਿੰਦਾ ਹੋਇਆ ਕਵੀ ਆਖਦਾ ਹੈ:

ਨਾ ਕਿਸਮਤ ਕੋਸਿਆਂ ਕੁਝ ਬਣਨਾ ਹੈ,
ਨਾ ਹੀ ਆਖ ਕੇ ਮਾੜੇ ਕਰਮਾਂ ਨੂੰ

ਤੁਰਿਆ ਰਹਿ ਤੂੰ ਚੰਗੀ ਸੋਚ ਲੈ ਕੇ,
ਨਾ ਮਿਣ ਤੂੰ ਪੁੱਟੀਆਂ ਕਰਮਾਂ ਨੂੰ

ਸਰਕਾਰਾਂ ਦੇ ਲਾਰਿਆਂ ਦੀ ਗੱਲ ਕਰਦਾ ਹੋਇਆ ਕਵੀ ਲਿਖਦਾ ਹੈ:

ਕੰਨ ਪੱਕ ਗਏ ਸਾਡੇ ਸੁਣ ਸੁਣ ਲਾਰੇ ਸਰਕਾਰਾਂ ਦੇ,
ਥਾਂ ਥਾਂ ਮਰਨ ਦੇ ਰੌਲ਼ੇ ਹਨ ਕਿਸਾਨਾਂ, ਬੇਰੁਜ਼ਗਾਰਾਂ ਦੇ
ਮੈਂ ਸਮਝਦਾ ਹਾਂ ਕਿ ਪਵਿੱਤਰ ਧਾਲੀਵਾਲ ਨੇ ਇਹ ਕਵਿਤਾ ਦੀ ਪੁਸਤਕ ਪੰਜਾਬੀ ਪਾਠਕਾਂ ਦੀ ਝੋਲ਼ੀ ਪਾ ਕੇ ਪੰਜਾਬੀ ਸਾਹਿਤ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਉਮੀਦ ਕਰਦਾ ਹਾਂ ਕਿ ਪਾਠਕ ਇਸ ਕਿਤਾਬ ਨੂੰ ਜੀ ਆਇਆਂ ਕਹਿਣਗੇ ਅਤੇ ਇਹਨਾਂ ਕਵਿਤਾਵਾਂ ਦਾ ਭਰਪੂਰ ਅਨੰਦ ਮਾਨਣਗੇ।

**

ਪੁਸਤਕ ‘ਸਮੇਂ ਦਾ ਰਾਗ’ ਸਬੰਧੀ ਸਮਾਗਮ ਅਗਲੇ ਐਤਵਾਰ ਨੂੰ ਹੋ ਰਿਹਾ ਹੈ। ਪੂਰੀ ਜਾਣਕਾਰੀ ਹੇਠਾਂ ਦਿੱਤੀ ਜਾ ਰਹੀ ਹੈ। 

 

 PavitterDhaliwalA5

 

*****

About the Author

ਪਰਮਿੰਦਰ ਧਾਲੀਵਾਲ

ਪਰਮਿੰਦਰ ਧਾਲੀਵਾਲ

Edmonton, Alberta, Canada.
Phone: (780 - 994 - 1886)

Email: (parminderdhaliwal@hotmail.com)