SurinderGeet7ਅਸੀਂ ਪਿੰਡ ਗਈਆਂ ਹੀ ਨਹੀਂ, ਚੰਡੀਗੜ੍ਹ ਹੀ ਰਹੀਆਂ। ਉੱਥੇ ਹੀ ...
(3 ਫਰਵਰੀ 2022)
ਇਸ ਸਮੇਂ ‘ਸਰੋਕਾਰ’ ਦੇ ਸੰਗੀ-ਸਾਥੀ: 503.


ਮੈਂ ਸਿਟੀ ਹਾਲ ਵਿੱਚ ਟਰਾਂਸਪੋਰਟ ਪਲੈਨਿੰਗ ਵਿੱਚ ਕੰਮ ਕਰਦੀ ਸਾਂ
ਇੱਕ ਦਿਨ ਕਾਫ਼ੀ ਬਰੇਕ ਤੇ ਮੈਂ ਕੈਫੀਟੇਰੀਏ ਵਿੱਚ ਕਾਫ਼ੀ ਦਾ ਕੱਪ ਲੈਣ ਗਈਮੈਂ ਦੇਖਿਆ, ਕੈਸ਼ ਮਸ਼ੀਨ ’ਤੇ ਇੱਕ 50 ਕੁ ਸਾਲ ਦੀ ਪੰਜਾਬੀ ਔਰਤ ਬੜੇ ਸੁਚੱਜੇ ਢੰਗ ਨਾਲ ਗਾਹਕ ਨਿਪਟਾ ਰਹੀ ਸੀਸਭ ਨੂੰ ਗੁੱਡ ਮਾਰਨਿੰਗ ਕਹਿ ਕੇ ਪੈਸੇ ਫੜਨੇ ਤੇ ਬੜੇ ਅਦਬ ਨਾਲ ਸਾਮਾਨ ਕਾਗਜ਼ ਦੇ ਲਿਫਾਫੇ ਵਿੱਚ ਪਾ ਗਾਹਕ ਨੂੰ ਫੜਾਉਣ ਲੱਗਿਆਂ ‘ਹੈਵ ਏ ਨਾਈਸ ਡੇ’ ਕਹਿਣਾ ਸਿੱਧ ਕਰਦਾ ਸੀ ਕਿ ਉਹ ਆਪਣੇ ਕੰਮ ਵਿੱਚ ਮੁਹਾਰਤ ਰੱਖਦੀ ਹੈਉਮਰ ਦੇ ਪੰਜਾਹਵਿਆਂ ਵਿੱਚ ਵੀ ਉਹ ਬਹੁਤ ਸੋਹਣੀ ਲੱਗ ਰਹੀ ਸੀਜਵਾਨੀ ਵਿੱਚ ਤਾਂ ਕਾਫ਼ੀ ਸੁਨੱਖੀ ਹੁੰਦੀ ਹੋਵੇਗੀ, ਮੈਂ ਮਨ ਹੀ ਮਨ ਸੋਚਿਆ

ਮੇਰੀ ਵਾਰੀ ਆਉਣ ’ਤੇ ਉਸ ਨੇ ਮੈਂਨੂੰ ‘ਸਤਿ ਸ੍ਰੀ ਅਕਾਲ ਬੁਲਾਈ’ ਤੇ ਮੈਂ ਜਵਾਬ ਵਿੱਚ ਸਤਿ ਸ੍ਰੀ ਅਕਾਲ ਕਹਿੰਦਿਆਂ ਪੁੱਛ ਲਿਆ ਕਿ ਕੀ ਉਹ ਅੱਜ ਪਹਿਲੇ ਦਿਨ ਕੰਮ ’ਤੇ ਆਈ ਹੈ?

ਉਹ ਕਾਹਲੀ ਨਾਲ ਪੈਸੇ ਫੜਾਉਂਦਿਆਂ ਬੋਲੀ, “ਨਹੀਂ, ਕੁਝ ਦਿਨਾਂ ਤੋਂ ਆ ਰਹੀ ਹਾਂ।”

ਗਾਹਕਾਂ ਦੀ ਲੰਬੀ ਕਤਾਰ ਦੇਖ ਕੇ ਮੈਂ ਬਹੁਤੀ ਗੱਲ ਕਰਨੀ ਠੀਕ ਨਾ ਸਮਝੀਪਰ ਉਸਦੀ ਕਮੀਜ਼ ’ਤੇ ਟੰਗੀ ਨੇਮ ਪਲੇਟ ਤੋਂ ਉਸਦਾ ਨਾਮ ਪੜ੍ਹ ਲਿਆ- ਪ੍ਰੀਤ ਬਰਾੜ

ਉਸ ਤੋਂ ਬਾਦ ਉਸਦਾ ਮਿਲਣਾ ਆਮ ਹੋ ਗਿਆਉਹ ਦੂਰੋਂ ਦੇਖ ਮੈਂਨੂੰ ਹੈਲੋ ਆਖਦੀ ਤੇ ਮੈਂ ਵੀ ਉਸ ਨਾਲ ਨੇੜਤਾ ਦਿਖਾਉਣ ਲੱਗ ਪਈਮੇਰੇ ਅਤੇ ਉਸਦੇ ਕੰਮ ਦੇ ਘੰਟੇ ਨਹੀਂ ਸਨ ਮਿਲਦੇ ਤੇ ਇਸੇ ਕਾਰਣ ਇਹ ਹੈਲੋ ਦਾ ਸਿਲਸਿਲਾ ਕਈ ਮਹੀਨੇ ਚਲਦਾ ਰਿਹਾ

ਸਮਾਂ ਬੀਤਦਾ ਗਿਆਦਿਨ ਮਹੀਨੇ ਤੇ ਫਿਰ ਦੋ ਸਾਲ ਬੀਤ ਗਏਇੱਕ ਦਿਨ ਪ੍ਰੀਤ ਮੈਂਨੂੰ ਸਵੇਰੇ ਸਵੇਰੇ ਟਰੇਨ ਵਿੱਚ ਮਿਲ ਗਈਜਿਵੇਂ ਹੀ ਮੈਂ ਟਰੇਨ ਦੇ ਅੰਦਰ ਪੈਰ ਰੱਖਿਆ, ਉਸ ਨੂੰ ਇੱਕ ਸੀਟ ’ਤੇ ਬੈਠਿਆਂ ਦੇਖ ਕੇ ਹੈਰਾਨ ਹੋ ਗਈਸਬੱਬ ਨਾਲ ਉਸਦੇ ਨਾਲ ਦੀ ਸੀਟ ਖ਼ਾਲੀ ਪਈ ਸੀਉਸ ਨੂੰ ਦੇਖ ਮੈਂਨੂੰ ਚਾਅ ਜਿਹਾ ਚੜ੍ਹ ਗਿਆ ਮੈਂ ਉਸਦੇ ਨਾਲ ਦੀ ਖਾਲੀ ਪਈ ਸੀਟ ’ਤੇ ਬੈਠ ਗਈਪ੍ਰੀਤ ਨੇ ਆਪਣੇ ਪਰਸ ਵਿੱਚੋਂ ਛੋਟੀ ਜਿਹੀ ਨੋਟ ਬੁੱਕ ਕੱਢੀ ਤੇ ਮੇਰਾ ਫ਼ੋਨ ਨੰਬਰ ਮੰਗਣ ਲੱਗੀ


ਮੈਂ ਆਪਣੇ ਦਫਤਰ ਦਾ, ਆਪਣੀ ਪਰਸਨਲ ਲਾਈਨ ਦਾ ਫੋਨ ਨੰਬਰ ਦੇ ਦਿੱਤਾ ਪਰ ਉਸਨੇ ਘਰ ਦਾ ਫੋਨ ਵੀ ਮੰਗ ਲਿਆਮੈਂ ਬਿਨਾਂ ਕਿਸੇ ਝਿਜਕ ਦੇ ਦੋਨੋਂ ਫੋਨ ਉਸ ਨੂੰ ਲਿਖਵਾ ਦਿੱਤੇ

ਆਪਣੀ ਨੋਟਬੁੱਕ ਵਾਪਸ ਪਰਸ ਵਿੱਚ ਪਾਉਂਦਿਆਂ ਪ੍ਰੀਤ ਨੇ ਮੇਰੇ ’ਤੇ ਸਵਾਲ ਕੀਤਾ, “ਕੀ ਗਿੱਲ ਗੋਤ ਤੁਹਾਡੇ ਸਹੁਰਿਆਂ ਦਾ ਗੋਤ ਹੈ?” ਮੈਂਨੂੰ ਇਸ ਸਵਾਲ ’ਤੇ ਕੋਈ ਹੈਰਾਨੀ ਨਾ ਹੋਈਪੰਜਾਬੀ ਔਰਤਾਂ ਵਿੱਚ ਇਹ ਆਮ ਜਿਹੀ ਗੱਲ ਹੈਕਿਸੇ ਨੂੰ ਮਿਲਣ ਸਮੇਂ ਉਹ ਪਹਿਲਾਂ ਪੇਕਿਆਂ ਸਹੁਰਿਆਂ ਦੇ ਪਿੰਡ ਤੇ ਗੋਤ ਬਾਰੇ ਜ਼ਰੂਰ ਗੱਲਾਂ ਕਰਦੀਆਂ ਹਨ

“ਹਾਂ, ਗਿੱਲ ਮੇਰੇ ਸਹੁਰਿਆਂ ਦਾ ਗੋਤ ਹੈ ਤੇ ਮੇਰੇ ਪੇਕੇ ਧਾਲੀਵਾਲ ਹਨ” ਮੈਂ ਕਿਹਾ

ਮੇਰੇ ਮੂੰਹੋਂ ‘ਧਾਲੀਵਾਲ’ ਸੁਣ ਕੇ ਪ੍ਰੀਤ ਦੀਆਂ ਅੱਖਾਂ ਚਮਕ ਉੱਠੀਆਂ

“ਲੈ ਫਿਰ ਤਾਂ ਆਪਾਂ ਭੈਣਾਂ ਭੈਣਾਂ ਹੋਈਆਂਮੈਂ ਵੀ ਧਾਲੀਵਾਲਾਂ ਦੀ ਧੀ ਹਾਂ” ਕਹਿ ਕੇ ਪ੍ਰੀਤ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਘੁੱਟ ਲਿਆਮੈਂਨੂੰ ਵੀ ਉਹ ਡਾਢੀ ਪਿਆਰੀ ਲੱਗੀਕੁਝ ਆਪਣੀ ਆਪਣੀ ਜਿਹੀ ਗੱਲ ਨੂੰ ਅੱਗੇ ਤੋਰਦਿਆਂ ਉਸਨੇ ਦੱਸਿਆ ਕਿ ਉਸਨੇ ਹੁਣ ਨਵਾਂ ਘਰ ਲੈ ਲਿਆ ਹੈ ਅਤੇ ਹੁਣ ਉਹ ਕੰਮ ’ਤੇ ਟਰੇਨ ’ਤੇ ਹੀ ਆਇਆ ਕਰੇਗੀ

ਇੱਕ ਦਿਨ ਉਹ ਮੈਂਨੂੰ ਕੁਝ ਉਦਾਸ ਜਾਪੀਪਹਿਲੀ ਵਾਰ ਟਰੇਨ ਵਿੱਚ ਇੰਨਾ ਕੋਲ ਹੋ ਕੇ ਮਿਲੀ ਸੀਉਦਾਸੀ ਦਾ ਕਾਰਣ ਪੁੱਛਣਾ ਮੈਂ ਮੁਨਾਸਿਬ ਨਾ ਸਮਝਿਆਮੈਂ ਇੰਨਾ ਹੀ ਕਹਿ ਸਕੀ, “ਘਰ ਪਰਿਵਾਰ ਸਭ ਠੀਕ ਹੈ?”

ਉਸਨੇ ਮਾਮੂਲੀ ਜਿਹੀ “ਹਾਂ” ਵਿੱਚ ਸਿਰ ਹਿਲਾਇਆ ਮੈਂ ਸਮਝ ਗਈ ਕਿ ਸਭ ਠੀਕ ਨਹੀਂ ਹੈ ਪਰ ਮੈਂ ਚੁੱਪ ਰਹਿਣਾ ਹੀ ਠੀਕ ਸਮਝਿਆਟਰੇਨ ਦੀ ਤੇਜ਼ ਰਫ਼ਤਾਰ ਨੇ ਛੇ ਸੱਤ ਮਿੰਟਾਂ ਵਿੱਚ ਹੀ ਸਿਟੀ ਹਾਲ ਦੇ ਸਟੇਸ਼ਨ ’ਤੇ ਲਾ ਦਿੱਤਾਅਸੀਂ ਦੋਨੋਂ ਕਾਹਲੇ ਕਦਮੀਂ ਸਿਟੀ ਹਾਲ ਪੁੱਜ ਗਈਆਂਉਹ ਕੈਫੀਟੇਰੀਏ ਵਿੱਚ ਚਲੀ ਗਈ ਤੇ ਮੈਂ ਆਪਣੇ ਦਫਤਰ ਪੁੱਜ ਗਈ

ਹੁਣ ਉਹ ਮੈਂਨੂੰ ਕਦੇ ਕਦੇ ਟਰੇਨ ਵਿੱਚ ਮਿਲ ਜਾਂਦੀ ਸੀਉਹ ਅਕਸਰ ਹੀ ਉਦਾਸ ਰਹਿੰਦੀ ਸੀਕਦੇ ਫਾਲਤੂ ਗੱਲ ਨਹੀਂ ਸੀ ਕਰਦੀਗੱਲ ਕਰਦੀ ਵੀ ਕਿਵੇਂ, ਸਮਾਂ ਹੀ ਨਹੀਂ ਸੀ ਮਿਲਿਆ ਕਦੇਟਰੇਨ ਵਿੱਚ ਮਿਲਣਾ ਤੇ ਗੱਲ ਇੱਕ ਦੂਸਰੇ ਨੂੰ ਹੈਲੋ ਕਹਿਣ ਤਕ ਹੀ ਸੀਮਤ ਰਹਿੰਦੀਆਮ ਕਰਕੇ ਉਸ ਸਮੇਂ ਸਾਰੀ ਟਰੇਨ ਭਰੀ ਹੋਈ ਹੁੰਦੀ ਸੀਬਹੁਤ ਲੋਕ ਡੰਡਿਆਂ ਨੂੰ ਹੱਥ ਪਾਈ ਖੜ੍ਹੇ ਹੁੰਦੇਟਰੇਨ ਤੋਂ ਉੱਤਰ ਕੇ ਸੜਕ ਕਰਾਸ ਕਰਕੇ ਲੇਟ ਹੋਣ ਦੇ ਡਰ ਤੋਂ ਭੱਜ ਪੈਣਾਉਸ ਨੂੰ ਮੇਰੇ ਤੋਂ ਜ਼ਿਆਦਾ ਕਾਹਲ ਹੁੰਦੀ ਸੀਮੈਂ ਤਾਂ ਦਸ ਬਾਰ੍ਹਾਂ ਮਿੰਟ ਪਹਿਲਾਂ ਹੀ ਜਾਂਦੀ ਸਾਂ ਤੇ ਨਾਲੇ ਮੇਰੇ ਦਫਤਰ ਵਿੱਚ ਚਾਰ ਪੰਜ ਮਿੰਟ ਲੇਟ ਹੋਣਾ ਕੋਈ ਖਾਸ ਗੱਲ ਨਹੀਂ ਸੀ ਹੁੰਦੀ

ਸਮਾਂ ਬੀਤਦਾ ਗਿਆਦਿਨ ਮਹੀਨੇ ਤੇ ਫਿਰ ਪੂਰਾ ਸਾਲ ਲੰਘ ਗਿਆ ਇੱਕ ਦਿਨ ਮੇਰੇ ਡੈਸਕ ਵਾਲੇ ਫੋਨ ਦੀ ਘੰਟੀ ਖੜਕੀਫ਼ੋਨ ਪ੍ਰੀਤ ਦਾ ਸੀਫ਼ੋਨ ਦੀ ਕਾਲਰ ਆਈ ਡੀ ਤੋਂ ਮੈਂ ‘ਕੈਫੀਟੇਰੀਆ’ ਪੜ੍ਹ ਲਿਆ ਸੀਪ੍ਰੀਤ ਹੀ ਹੋਣੀ ਹੈ, ਹੋਰ ਕੀਹਨੇ ਫੋਨ ਕਰਨਾ ਹੈ ਉੱਥੋਂ, ਮੈਂ ਆਪਣੇ ਆਪ ਨੂੰ ਕਿਹਾ ਮੈਂ ਹੌਲੀ ਜਿਹੀ ਹੈਲੋ ਕਿਹਾ ਤਾਂ ਜੋ ਪੰਜਾਬੀ ਵਿੱਚ ਕੀਤਾ ਵਰਤਾਲਾਪ ਦਫਤਰ ਵਿੱਚ ਕੰਮ ਕਰਨ ਵਾਲੇ ਦੂਸਰੇ ਲੋਕਾਂ ਨੂੰ ਪ੍ਰਭਾਵਿਤ ਨਾ ਕਰੇ

“ਭੈਣੇ! ਮਨ ਉਦਾਸ ਸੀਬਰੇਕ ’ਤੇ ਸੀ, ਸੋਚਿਆ ਤੁਹਾਡੇ ਨਾਲ ਗੱਲ ਕਰ ਲਵਾਂ।”

ਮੈਂ ਸਮਝ ਗਈ ਕਿ ਗੱਲ ਮਿੰਟ ਜਾਂ ਦੋ ਮਿੰਟ ਦੀ ਨਹੀਂ ਹੋਣੀਇਸ ਲਈ ਦਫਤਰ ਦੇ ਸਮੇਂ ਠੀਕ ਨਹੀਂ ਹੋਵੇਗਾਮੈਂ ਪਿਆਰ ਤੇ ਅਪਣੱਤ ਜਿਤਾਉਂਦੇ ਹੋਏ ਕਿਹਾ, “ਪ੍ਰੀਤ, ਇਸ ਵੇਲੇ ਦਫਤਰ ਵਿੱਚ ਕੰਮ ਬਹੁਤ ਹੈਆਪਾਂ ਬਾਦ ਵਿੱਚ ਗੱਲ ਕਰਾਂਗੇਜੇ ਠੀਕ ਸਮਝੋ ਤਾਂ ਮੈਂ ਸ਼ਾਮ ਨੂੰ ਘਰ ਜਾ ਕੇ ਫੋਨ ਕਰ ਲਵਾਂਗੀ।”

“ਤੁਹਾਡਾ ਲੰਚ ਟਾਈਮ ਕਦੋਂ ਹੁੰਦਾ ਹੈ?” ਪ੍ਰੀਤ ਨੇ ਪੁੱਛਿਆ

ਮੈਂ ਸਮਝ ਗਈ ਕਿ ਉਹ ਮੈਂਨੂੰ ਲੰਚ ਟਾਈਮ ਮਿਲਣਾ ਚਾਹੁੰਦੀ ਹੈ “ਮੈਂ ਬਾਰ੍ਹਾਂ ਤੇ ਇੱਕ ਵਜੇ ਦੇ ਵਿਚਕਾਰ ਕਦੋਂ ਵੀ ਬਰੇਕ ਲੈ ਸਕਦੀ ਹਾਂਇੱਕ ਘੰਟਾ ਵਿਹਲ ਹੁੰਦੀ ਹੈਤੁਹਾਡੇ ਹਿਸਾਬ ਨਾਲ ਮੈਂ ਥੱਲੇ ਕੈਫੇਟੇਰੀਏ ਮੂਹਰੇ ਆ ਜਾਵਾਂਗੀ” ਮੈਂ ਕਿਹਾ

ਮਿੱਥੇ ਸਮੇਂ ਅਨੁਸਾਰ ਮੈਂ ਕੈਫੇਟੇਰੀਏ ਦੇ ਬਾਹਰ ਨਿਕਲਣ ਵਾਲੇ ਦਰਵਾਜ਼ੇ ਕੋਲ ਚਲੀ ਗਈਉਹ ਬਹੁਤ ਉਦਾਸ ਸੀਅੱਖਾਂ ਦੀ ਲਾਲੀ ਦੱਸ ਰਹੀ ਸੀ ਕਿ ਉਹ ਹੁਣੇ ਹੁਣੇ ਰੋ ਕੇ ਹਟੀ ਹੈਮੈਂਨੂੰ ਦੇਖ ਕੇ ਉਸ ਦੀਆਂ ਅੱਖਾਂ ਫਿਰ ਭਰ ਆਈਆਂਅਸੀਂ ਬਿਨਾਂ ਇੱਕ ਦੂਸਰੇ ਨਾਲ ਗੱਲ ਕੀਤਿਆਂ ਸਿਟੀ ਹਾਲ ਨਾਲ ਲੱਗਦੇ ਪਾਰਕ ਵਿੱਚ ਜਾ ਬੈਠੀਆਂ

“ਅੱਜ ਬਹੁਤ ਸੋਹਣਾ ਦਿਨ ਹੈਧੁੱਪ ਵੀ ਬਹੁਤ ਪਿਆਰੀ ਹੈ” ਮੈਂ ਚੁੱਪ ਤੋੜਨ ਲਈ ਕਿਹਾ

ਪ੍ਰੀਤ ਨੇ ਮੇਰੀ ਗੱਲ ਦਾ ਕੋਈ ਹੁੰਗਾਰਾ ਨਹੀਂ ਭਰਿਆਮੈਂਨੂੰ ਜਾਪਿਆ ਜਿਵੇਂ ਉਸਨੇ ਮੇਰੀ ਗੱਲ ਸੁਣੀ ਹੀ ਨਹੀਂਮੈਂ ਜਾਣਦੇ ਹੋਏ ਵੀ ਕਿ ਉਸਦਾ ਧਿਆਨ ਅੱਜ ਦੇ ਮੌਸਮ ਵਿੱਚ ਬਿਲਕੁਲ ਹੀ ਨਹੀਂ ਹੈ, ਮੌਸਮ ਦੀ ਗੱਲ ਛੇੜੀ ਸੀਮੈਂ ਤਾਂ ਕੋਸ਼ਿਸ਼ ਕਰ ਰਹੀ ਸਾਂ ਕਿ ਕਿਵੇਂ ਨਾ ਕਿਵੇਂ ਉਹ ਆਪਣੇ ਦਿਲ ਦੀ ਭੜਾਸ ਕੱਢੇ, ਜਿਸ ਕਾਰਣ ਉਸਨੇ ਮੈਂਨੂੰ ਮਿਲਣ ਦਾ ਸੱਦਾ ਦਿੱਤਾ ਸੀ

ਮੈਂ ਦੋ ਕੁ ਮਿੰਟ ਦੀ ਚੁੱਪ ਤੋਂ ਬਾਦ ਕਿਹਾ, “ਪ੍ਰੀਤ, ਤੇਰੀਆਂ ਅੱਖਾਂ ਲਾਲ ਕਿਉਂ ਹਨ ਤੇ ਨਾਲੇ ਤੂੰ ਉਦਾਸ ਲਗਦੀ ਹੈਂ?

ਪ੍ਰੀਤ ਦੀਆਂ ਅੱਖਾਂ ਫਿਰ ਭਰ ਆਈਆਂਆਪਣੇ ਪਰਸ ਵਿੱਚੋਂ ਪੇਪਰ ਨੈਪਕਿਨ ਕੱਢ ਕੇ ਉਹ ਅੱਖਾਂ ਪੂੰਝਣ ਲੱਗ ਪਈ

ਮੈਂ ਹੌਲੀ ਹੌਲੀ ਉਸਦੀ ਦੀ ਬਾਂਹ ਪਲੋਸ ਰਹੀ ਸਾਂ ਤੇ ਉਹ ਰੋ ਰਹੀ ਸੀ ਦੋ ਕੁ ਮਿੰਟ ਰੋ ਕੇ ਉਸਨੇ ਕੁਝ ਕਹਿਣ ਦਾ ਹੌਸਲਾ ਕੀਤਾਪਰ ਉਹ ਇੰਨਾ ਹੀ ਕਹਿ ਸਕੀ, “ਭੈਣ, ਹੱਥਾਂ ਦੀਆਂ ਦਿੱਤੀਆਂ, ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ ਹਨ।”

ਉਸਦੀ ਗੱਲ ਸੁਣ ਕੇ ਮੈਂ ਕਿਹਾ, “ਹਾਂ ਪ੍ਰੀਤ, ਇਹ ਤਾਂ ਹੈ।”

“ਭੈਣੇ ਮੇਰੀ ਤਾਂ ਲੰਬੀ ਕਹਾਣੀ ਹੈਮਨ ਬਾਹਲਾ ਹੀ ਭਰਿਆ ਪਿਆ ਸੀਅੱਜ ਖਿਆਲ ਆਇਆ ਕਿ ਭੈਣ ਨਾਲ ਦੁੱਖ ਸਾਂਝਾ ਕਰਦੀ ਹਾਂਇਸ ਸ਼ਹਿਰ ਵਿੱਚ ਤੁਸੀਂ ਹੀ ਮੈਂਨੂੰ ਮੇਰੇ ਲੱਗਦੇ ਹੋ।” ਕਹਿੰਦਿਆਂ ਉਸਨੇ ਮੇਰਾ ਹੱਥ ਫੜ ਲਿਆ

ਮੈਂਨੂੰ ਜਾਪਿਆ ਜਿਵੇਂ ਉਹ ਮੈਂਨੂੰ ਗਲਵਕੜੀ ਪਾਉਣਾ ਚਾਹੁੰਦੀ ਸੀ ਪਰ ਆਸੇ ਪਾਸੇ ਲੋਕਾਂ ਨੂੰ ਦੇਖ ਝਿਜਕ ਗਈ ਸੀ

ਮੈਂ ਘੜੀ ਦੇਖੀਟਾਈਮ ਤਾਂ ਭੱਜਿਆ ਹੀ ਜਾਂਦਾ ਸੀ

ਮੈਂ ਆਪਣੇ ਬੈਗ ਵਿੱਚੋਂ ਦੋ ਸੈਂਡਵਿਚ ਕੱਢੇਇੱਕ ਉਸ ਨੂੰ ਫੜਾ ਦਿੱਤਾ ਤੇ ਦੂਸਰਾ ਮੈਂ ਆਪ ਖਾਣ ਲੱਗ ਪਈਇਹ ਸੈਂਡਵਿਚ ਮੈਂ ਕਾਫ਼ੀ ਬਰੇਕ ਸਮੇਂ ਖਰੀਦ ਕੇ ਬੈਗ ਵਿੱਚ ਪਾ ਲਏ ਸਨਭੁੱਖੇ ਢਿੱਡ ਕੰਮ ਕਿਹੜਾ ਹੁੰਦਾ ਹੈ

ਪ੍ਰੀਤ ਨੇ ਅੱਧਾ ਕੁ ਸੈਂਡਵਿਚ ਖਾਧਾ ਤੇ ਬਾਕੀ ਦਾ ਲਪੇਟ ਕੇ ਆਪਣੇ ਪਰਸ ਵਿੱਚ ਇਹ ਕਹਿੰਦਿਆਂ ਪਾ ਲਿਆ ਕਿ ਠਹਿਰ ਕੇ ਖਾਵਾਂਗੀ, “ਭੈਣ, ਤੁਸੀਂ ਕਿੱਥੇ ਰਹਿੰਦੇ ਹੋ?”

“ਮਾਨਟਰੇ ਪਾਰਕ” ਮੈਂ ਕਿਹਾ

“ਫਿਰ ਤਾਂ ਨੇੜੇ ਹੀ ਹੈਮੈਂ ਵਾਈਟਹਾਰਨ ਵਿੱਚ ਰਹਿੰਦੀ ਹਾਂ” ਪ੍ਰੀਤ ਬੋਲੀ

ਉਸਨੇ ਘੜੀ ਦੇਖੀਉਸਦੇ ਲੰਚ ਦਾ ਸਮਾਂ ਖਤਮ ਹੋ ਚੁੱਕਾ ਸੀ ਤੇ ਉਹ ਕਾਹਲੀ ਨਾਲ ਉੱਠ ਖਲੋਤੀ

ਮੈਂ ਕੈਫੇਟੇਰੀਏ ਤਕ ਉਸਦਾ ਸਾਥ ਦਿੱਤਾ ਤੇ ਕੁਝ ਦੇਰ ਲਈ ਮੇਨ ਲੌਬੀ ਵਿੱਚ ਨਵੇਕਲੀ ਜਿਹੀ ਕੁਰਸੀ ਦੇਖ ਕੇ ਬੈਠ ਗਈ ਕਿਉਂਕਿ ਮੇਰੇ ਕੋਲ ਅਜੇ ਅੱਧਾ ਕੁ ਘੰਟਾ ਬਾਕੀ ਸੀਮੈਂ ਲਗਾਤਾਰ ਪ੍ਰੀਤ ਬਾਰੇ ਸੋਚ ਰਹੀ ਸਾਂ ਕਿ ਉਹ ਅੱਜ ਉਦਾਸ ਕਿਉਂ ਹੈ? ਤਰ੍ਹਾਂ ਤਰ੍ਹਾਂ ਦੇ ਖਿਆਲ ਮੇਰੇ ਮਨ ਵਿੱਚ ਘੁੰਮ ਰਹੇ ਸਨ ਮੈਂ ਤਾਂ ਇਹ ਵੀ ਨਹੀਂ ਪੁੱਛਿਆ ਸੀ ਕਿ ਉਸਦੇ ਘਰ ਵਿੱਚ ਕੌਣ ਕੌਣ ਹਨਉਸਦਾ ਪਤੀ ਕੀ ਕੰਮ ਕਰਦਾ ਹੈਉਸਦੇ ਬੱਚੇ ਕਿੰਨੇ ਹਨ?

ਪ੍ਰੀਤ ਨਾਲ ਕੀਤੇ ਵਾਅਦੇ ਅਨੁਸਾਰ ਮੈਂ ਘਰ ਆ ਕੇ ਰੋਟੀ ਪਾਣੀ ਤੋਂ ਵਿਹਲੀ ਹੋ ਉਸ ਨੂੰ ਫ਼ੋਨ ਕੀਤਾ ਪਰ ਉਸਨੇ ਜਵਾਬ ਨਹੀਂ ਦਿੱਤਾਸੌਣ ਤੋਂ ਪਹਿਲਾਂ ਦੋ ਕੁ ਵਾਰ ਮੈਂ ਕੋਸ਼ਿਸ਼ ਕੀਤੀ ਉਸ ਨਾਲ ਗੱਲ ਕਰਨ ਦੀ ਪਰ ਉਸਨੇ ਫ਼ੋਨ ਨਹੀਂ ਚੁੱਕਿਆ ਮੈਂ ਸੋਚਿਆ, ਕਿਸੇ ਕੰਮ ਵਿੱਚ ਮਸਰੂਫ ਹੋਵੇਗੀਕੱਲ੍ਹ ਨੂੰ ਟਰੇਨ ਵਿੱਚ ਮਿਲ ਜਾਵੇਗੀ

ਦੂਜੇ ਦਿਨ ਪ੍ਰੀਤ ਟਰੇਨ ਵਿੱਚ ਵੀ ਨਹੀਂ ਮਿਲੀਮੈਂ ਕੈਫ਼ੀਟੇਰੀਏ ਵਿੱਚ ਨਿਗਾਹ ਮਾਰੀਉਹ ਉੱਥੇ ਵੀ ਨਹੀਂ ਸੀਉਹ ਕੰਮ ’ਤੇ ਨਹੀਂ ਸੀ ਆਈ ਲੰਚ ਟਾਈਮ ਫ਼ੋਨ ਕੀਤਾਕੇਵਲ ਫੋਨ ਦੀ ਘੰਟੀ ਦੀ ਆਵਾਜ਼ ਆਈਚਿੱਤ ਤਾਂ ਕਰਦਾ ਸੀ ਉਸ ਦੇ ਘਰ ਜਾ ਕੇ ਪਤਾ ਕਰਾਂ, ਪਰ ਮੇਰੇ ਕੋਲ ਤਾਂ ਉਸਦਾ ਐਡਰੈਸ ਨਹੀਂ ਸੀ। ਵਿਚਾਰੀ ਕਿੰਨੇ ਪਿਆਰ ਨਾਲ ‘ਭੈਣ’ ਕਹਿੰਦੀ ਹੈ ਤੇ ਨਾਲੇ ਹੈ ਵੀ ਧਾਲੀਵਾਲਾਂ ਦੀ ਧੀਮੇਰੀ ਭੈਣ ਹੀ ਤਾਂ ਹੈ ਉਹ

ਅਗਲਾ ਦਿਨ ਸਨਿੱਚਰਵਾਰ ਸੀਕੰਮ ਤੋਂ ਛੁੱਟੀ ਸੀਛੁੱਟੀ ਵਾਲੇ ਦਿਨ ਮੈਂ ਅਕਸਰ ਕੁਝ ਲੇਟ ਜਾਗਦੀ ਸਾਂ ਪਰ ਫ਼ੋਨ ਦੀ ਘੰਟੀ ਨੇ ਜਗਾ ਦਿੱਤਾਫ਼ੋਨ ਪ੍ਰੀਤ ਦਾ ਸੀਮੈਂ ਕਾਹਲੀ ਨਾਲ ਫ਼ੋਨ ਚੁੱਕਿਆ

“ਭੈਣੇ, ਮੈਂ ਤੈਂਨੂੰ ਮਿਲਣਾ ਚਾਹੁੰਦੀ ਹਾਂ।”

ਉਸਦੇ ਬੋਲ ਵਿੱਚ ਲੋਹੜੇ ਦੀ ਅਪਣੱਤ ਸੀ

“ਹਾਂ … ਹਾਂ ਪ੍ਰੀਤ … ਮੈਂਨੂੰ ਤੇਰੀ ਚਿੰਤਾ ਹੋ ਰਹੀ ਸੀਚੰਗਾ ਕੀਤਾ ਤੂੰ ਫ਼ੋਨ ਕਰ ਲਿਆ।” ਮੈਂ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ

“ਭੈਣ, ਤੂੰ ਮੇਰੇ ਘਰ ਆ ਸਕਦੀ ਹੈਂ?”

ਮੈਂ ਮਿੰਟ ਕੁ ਲਈ ਸੋਚਿਆ ਤੇ ਕਿਹਾ, “ਹਾਂ, ਆ ਸਕਦੀ ਹਾਂ ਪਰ ਜ਼ਰਾ ਠਹਿਰ ਕੇਮੈਂ ਤਾਂ ਅਜੇ ਬਿਸਤਰੇ ਵਿੱਚ ਹੀ ਪਈ ਹਾਂਮੇਰੇ ਹਸਬੈਂਡ ਵੈਨਕੂਵਰ ਗਏ ਹੋਏ ਹਨਘਰ ਦਾ ਕੁਝ ਕੰਮ ਕਰ ਲਵਾਂ ਤੇ ਫਿਰ ਮੈਂ ਵਿਹਲੀ ਹੀ ਹਾਂ।”

“ਭੈਣੇ … ਮਨ ਬਹੁਤ ਹੀ ਖਰਾਬ ਹੈ।”

“ਕਿਹੜੀ ਗੱਲੋਂ” ਮੈਂ ਪੁੱਛਿਆ

ਉਹ ਫਿਰ ਰੋਣ ਲੱਗ ਪਈ

“ਪ੍ਰੀਤ, ਫਿਕਰ ਨਾ ਕਰਮੈਂ ਬਾਰਾਂ ਕੁ ਵਜੇ ਆ ਜਾਵਾਂਗੀਆਪਣਾ ਐਡਰੈੱਸ ਲਿਖਵਾ।”

ਜਿਵੇਂ ਹੀ ਮੈਂ ਐਡਰੈਸ ਲਿਖਿਆ, ਇੱਕ ਸੋਚ ਨੇ ਮੈਂਨੂੰ ਘੇਰ ਲਿਆਮੈਂ ਵੀ ਕਿੰਨੀ ਪਾਗਲ ਹਾਂਮੈਂ ਇਹ ਤਾਂ ਉਸ ਨੂੰ ਪੁੱਛਿਆ ਹੀ ਨਹੀਂ ਕਿ ਉਸਦੇ ਘਰ ਇਸ ਵੇਲੇ ਹੋਰ ਕੌਣ ਹੋਵੇਗਾਜੇ ਕਿਤੇ ਕੋਈ ਪਰਿਵਾਰਕ ਲੜਾਈ ਝਗੜਾ ਹੋਇਆ ਤਾਂ ਕਿਤੇ ਮੇਰੇ ਜਾਣ ਨਾਲ ਵਧ ਹੀ ਨਾ ਜਾਵੇ

ਪ੍ਰੀਤ ਦੇ ਘਰ ਬਾਰੇ ਜਾਣਕਾਰੀ ਲੈਣ ਲਈ ਮੈਂ ਦੋਬਾਰਾ ਫੋਨ ਕਰ ਲਿਆਪ੍ਰੀਤ ਨੇ ਦੱਸਿਆ ਕਿ ਉਹ ਘਰ ਵਿੱਚ ਇਸ ਸਮੇਂ ਇਕੱਲੀ ਹੀ ਹੈ

ਘਰ ਦਾ ਕੰਮ ਕਾਹਲੀ ਨਾਲ ਨਿਪਟਾ ਕੇ ਮੈਂ ਬਾਰਾਂ ਕੁ ਵਜੇ ਪ੍ਰੀਤ ਦੇ ਘਰ ਪੁੱਜ ਗਈਲਿਵਿੰਗ ਰੂਮ ਦੀ ਸ਼ੀਸ਼ੇ ਦੀ ਬਾਰੀ ਵਿੱਚ ਖੜ੍ਹੀ ਉਹ ਮੈਂਨੂੰ ਉਡੀਕ ਰਹੀ ਸੀਘੰਟੀ ਖੜਕਾਉਣ ਦਾ ਮੌਕਾ ਹੀ ਨਹੀਂ ਮਿਲਿਆ, ਪ੍ਰੀਤ ਨੇ ਉਸ ਦਰਵਾਜ਼ਾ ਖੋਲ੍ਹ ਦਿੱਤਾ

ਸ਼ਾਇਦ ਉਹ ਅਜੇ ਨਾਤ੍ਹੀ ਵੀ ਨਹੀਂ ਸੀਘਰ ਪਾਉਣ ਵਾਲਾ ਕਾਟਨ ਦਾ ਮਾਮੂਲੀ ਜਿਹਾ ਪੰਜਾਬੀ ਸੂਟ ਪਾਇਆ ਹੋਇਆ ਸੀ ਤੇ ਉਹ ਵੀ ਵੱਟੋ ਵੱਟ ਹੋਇਆ ਪਿਆ ਸੀਵਾਲ ਵੀ ਅਣ-ਵਾਹੇ ਜਿਹੇ ਲੱਗਦੇ ਸਨਚਿਹਰੇ ’ਤੇ ਉਦਾਸੀ ਦੇ ਬੱਦਲ ਏਨੇ ਸੰਘਣੇ ਸਨ ਕਿ ਉਹਨਾਂ ਵਿੱਚੋਂ ਉਸਦਾ ਅਸਲ ਚਿਹਰਾ ਦਿਖਾਈ ਨਹੀਂ ਸੀ ਦਿੰਦਾਅੱਖਾਂ ਸੁੱਜੀਆਂ ਹੋਈਆਂ ਤੇ ਲਾਲ ਸਨ

ਮੈਂ ਫਰਜ਼ੀ ਜਿਹੀ ਨਿਗਾਹ ਸਾਰੇ ਘਰ ’ਤੇ ਮਾਰੀਛੋਟਾ ਜਿਹਾ ਗੁਜ਼ਾਰੇ ਕੁ ਜੋਗਾ ਦੋ ਬੈੱਡਰੂਮ ਦਾ ਘਰ ਸੀ ਤੇ ਛੋਟੀ ਜਿਹੀ ਕਿਚਨ ਸੀਬੇਸਮਿੰਟ ਖਾਲੀ ਜਾਪਦੀ ਸੀਇੱਕ ਬੈੱਡਰੂਮ ਵਿੱਚ ਕੁਝ ਸਮਾਨ ਖਿਲਰਿਆ ਪਿਆ ਸੀਕਿਚਨ ਵਿੱਚ ਤਾਜ਼ੀ ਬਣਾਈ ਚਾਹ ਵਾਲੀ ਪਤੀਲੀ ਸਟੋਵ ਉੱਪਰ ਹੀ ਪਈ ਸੀਮੈਂ ਬਿਨਾਂ ਕਿਸੇ ਉਚੇਚ ਦੇ ਸੋਫੇ ’ਤੇ ਬੈਠ ਗਈਪ੍ਰੀਤ ਬਿਲਕੁਲ ਮੇਰੇ ਨਾਲ ਲੱਗ ਕੇ ਬੈਠ ਗਈ ਜਿਵੇਂ ਬੈਠਣ ਲਈ ਵੀ ਸਹਾਰਾ ਭਾਲਦੀ ਹੋਵੇਉਸਦੇ ਚਿਹਰੇ ਅਤੇ ਅੱਖਾਂ ਤੋਂ ਮੈਂ ਜਾਣ ਲਿਆ ਕਿ ਇਹ ਕਿਸੇ ਵੱਡੀ ਮੁਸੀਬਤ ਵਿੱਚ ਹੈਦੋ ਕੁ ਮਿੰਟ ਬੈਠ ਉਹ ਚਾਹ ਲਿਆਉਣ ਲਈ ਉੱਠੀਮੈਂ ਵੀ ਕਿਚਨ ਵਿੱਚ ਉਸਦੇ ਮਗਰ ਚਲੀ ਗਈ ਤੇ ਕੁਰਸੀ ’ਤੇ ਬੈਠ ਗਈ

“ਪ੍ਰੀਤ ਤੂੰ ਇਕੱਲੀ ਹੀ ਰਹਿੰਦੀ ਹੈਂ ਇੱਥੇ?” ਮੈਂ ਪੁੱਛਿਆ।

ਪ੍ਰੀਤ ਫਿਰ ਰੋਣ ਲੱਗ ਪਈ

ਮੈਂ ਕੁਝ ਸਖਤੀ ਨਾਲ ਕਿਹਾ, “ਮੈਂਨੂੰ ਬੁਲਾਇਆ ਹੈ, ਹੁਣ ਗੱਲ ਤਾਂ ਦੱਸ? ਤੈਨੂੰ ਕੀ ਮਦਦ ਚਾਹੀਦੀ ਹੈ?

“ਮੇਰੀ ਬੇਟੀ ਅੱਜ ਮੈਂਨੂੰ ਛੱਡ ਕੇ ਚਲੀ ਗਈ ਹੈਮੇਰਾ ਤਾਂ ਮਰ ਜਾਣ ਨੂੰ ਜੀਅ ਕਰਦਾ ਹੈਕੀ ਦੱਸਾਂ, ਗਲਤੀਆਂ ਤਾਂ ਸਾਰੀਆਂ ਮੇਰੀਆਂ ਹੀ ਹਨਉਸ ਨੂੰ ਕਿਵੇਂ ਦੋਸ਼ੀ ਕਹਾਂਉਹ ਤਾਂ ਆਪਣੇ ਥਾਂ ਸੱਚੀ ਹੈ” ਪ੍ਰੀਤ ਨੇ ਬੜਾ ਹੀ ਜ਼ੋਰ ਲਾ ਕੇ ਆਪਣੇ ਮੂੰਹੋਂ ਇਹ ਸ਼ਬਦ ਕੱਢੇ

“ਫਿਰ?” ਮੈਂ ਕਿਹਾ

“ਭੈਣ ਕੀ ਦੱਸਾਂ, ਜਦੋਂ ਮੱਤ ਮਾਰੀ ਜਾਂਦੀ ਹੈ, ਉਦੋਂ ਪਤਾ ਨੀ ਲੱਗਦਾ” ਪ੍ਰੀਤ ਨੇ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦੇ ਹੋਏ ਕਿਹਾ

“ਉਹ ਤਾਂ ਹੈ,” ਮੈਂ ਉਸਦੇ ਚਿਹਰੇ ਵੱਲ ਤੱਕਦਿਆਂ ਕਿਹਾ

ਮੇਰੇ ਪਹੁੰਚਣ ਤੋਂ ਪਹਿਲਾਂ ਹੀ ਬਣਾ ਕੇ ਰੱਖੀ ਚਾਹ ਉਸਨੇ ਦੋ ਕੱਪਾਂ ਵਿੱਚ ਪਾਈ ਤੇ ਟੇਬਲ ਤੇ ਰੱਖ ਲਈਉਸਦੇ ਜਿਵੇਂ ਹੱਥ ਤਾਂ ਕੀ, ਸਾਰਾ ਸਰੀਰ ਹੀ ਕੰਬ ਰਿਹਾ ਸੀ

“ਹਾਂ ਦੱਸ, ਕੀ ਗੱਲ ਹੈ?” ਮੈਂ ਗੱਲ ਤੋਰਨ ਲਈ ਕਿਹਾ

“ਭੈਣ, ਕੀ ਦੱਸਾਂਕਹਾਣੀ ਅਜੀਬ ਜਿਹੀ ਹੈ1985 ਵਿੱਚ ਮੇਰਾ ਵਿਆਹ ਹੋ ਗਿਆਮੁੰਡਾ ਏਧਰੋਂ ਗਿਆ ਸੀ ਵਿਆਹ ਕਰਵਾਉਣਸਾਰਾ ਕੁਝ ਮੇਰੀ ਸਹਿਮਤੀ ਨਾਲ ਹੋਇਆਬਾਘੇ ਪੁਰਾਣੇ ਦੇ ਸਨ ਉਹਘਰ ਬਾਰ ਚੰਗਾ ਸੀ ਪਰ ਉਹਦੀ ਲੱਤ ਵਿੱਚ ਨੁਕਸ ਸੀਮਾੜਾ ਜਿਹਾ ਲੰਗੜਾ ਕੇ ਤੁਰਦਾ ਸੀਮੇਰੇ ਪਿਉ ਕੋਲ ਕੁਲ ਤਿੰਨ ਏਕੜ ਜ਼ਮੀਨ ਸੀਅਸੀਂ ਚਾਰ ਭੈਣ ਭਰਾ ਸਾਂਭਰਾ ਤਿੰਨਾਂ ਭੈਣਾਂ ਤੋਂ ਛੋਟਾ ਸੀਮੈਂ ਸਾਰਿਆਂ ਤੋਂ ਵੱਡੀ ਸੀਬੀ.ਏ. ਕਰ ਲਈ ਸੀਬਾਪੂ ਨੇ ਬੇਬੇ ਨਾਲ ਸਲਾਹ ਕੀਤੀ ਕਿ ਜੇਕਰ ਪ੍ਰੀਤ ਮਨ ਜਾਵੇ ਤਾਂ ਆਪਣੀ ਸਾਰੀ ਕਬੀਲਦਾਰੀ ਨਜਿੱਠੀ ਜਾ ਸਕਦੀ ਹੈਸਭ ਤੋਂ ਵੱਡੀ ਗੱਲ ਇਹ ਵੀ ਸੀ ਕਿ ਉਹਨਾਂ ਦੀ ਕੋਈ ਦਾਜ ਦਹੇਜ ਦੀ ਮੰਗ ਨਹੀਂ ਸੀ

“ਅੱਛਾ!” ਮੈਂ ਹੁੰਗਾਰਾ ਭਰਿਆ

“ਮੈਂ ਮੰਨ ਗਈਵਿਆਹ ਹੋ ਗਿਆਇੱਥੋਂ ਵੈਨਕੂਵਰੋ ਮੇਰੀ ਭੂਆ ਵੀ ਵਿਆਹ ’ਤੇ ਗਈ ਹੋਈ ਸੀਵੀਹ ਕੁ ਦਿਨਾਂ ਬਾਦ ਜਗਦੀਪ ਵਾਪਸ ਵਿਨੀਪੈੱਗ ਆ ਗਿਆਸਾਰਾ ਕੁਝ ਨਾਰਮਲ ਚੱਲਦਾ ਰਿਹਾਮੇਰੇ ਸਹੁਰੇ ਘਰ ਵਿੱਚ ਮੇਰਾ ਮਾਣ ਤਾਣ ਹੋਣ ਲੱਗਾਜਗਦੀਪ ਦੇ ਵਾਪਸ ਆਉਣ ਬਾਦ ਮੇਰੀ ਭੂਆ ਨੇ ਮੈਂਨੂੰ ਪੱਟੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ, ਅਖੇ ਮੁੰਡਾ ਲੰਗ ਮਾਰ ਕੇ ਤੁਰਦਾ ਤੇਰੇ ਨਾਲ ਭੋਰਾ ਵੀ ਨਹੀਂ ਜੱਚਦਾਕੈਨੇਡਾ ਸੱਦ ਕੇ ਇਹਨਾਂ ਨੇ ਤਿੰਨਾਂ ਕੁੜੀਆਂ ਦੇ ਰਿਸ਼ਤੇ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਕਰਨੇ ਆਂਕਾਕੇ ’ਤੇ ਵੀ ਕਬਜ਼ਾ ਕਰ ਲੈਣਾ ਹੈ।”

“ਕਾਕਾ? ਉਹ ਕੌਣ?” ਮੈਂ ਪੁੱਛਿਆ।

“ਮੇਰਾ ਭਰਾ, ਸਾਰੀਆਂ ਭੈਣਾਂ ਤੋਂ ਛੋਟਾ” ਪ੍ਰੀਤ ਨੇ ਹੌਕਾ ਲੈਂਦਿਆਂ ਕਿਹਾ

ਮੈਂ ਉੱਠ ਕੇ ਟੂਟੀ ਵਿੱਚੋਂ ਪਾਣੀ ਦਾ ਗਲਾਸ ਭਰਿਆ ਤੇ ਪ੍ਰੀਤ ਨੂੰ ਫੜਾ ਦਿੱਤਾਉਸਨੇ ਪਾਣੀ ਦਾ ਘੁੱਟ ਭਰਿਆਪ੍ਰੀਤ ਦੇ ਹੱਥ ਕੰਬ ਰਹੇ ਸਨਉਸਦੀ ਕਹਾਣੀ ਵਿੱਚ ਮੇਰੀ ਵੀ ਦਿਲਚਸਪੀ ਵਧ ਰਹੀ ਸੀ

ਮੈਂ ਪ੍ਰੀਤ ਦੇ ਹੱਥੋਂ ਗਲਾਸ ਫੜਿਆ ਤੇ ਟੇਬਲ ’ਤੇ ਰੱਖਦਿਆਂ ਕਿਹਾ, “ਫਿਰ ਕੀ ਹੋਇਆ ਪ੍ਰੀਤ?”

“ਮੇਰੀ ਭੂਆ ਨੇ ਮੈਂਨੂੰ ਸਲਾਹ ਦਿੱਤੀ ਕਿ ਤੂੰ ਚੁੱਪ ਕਰਕੇ ਕੈਨੇਡਾ ਆ ਜਾਵੈਨਕੂਵਰ ਵਿੱਚ ਦੀ ਸੀਟ ਬੁੱਕ ਕਰਵਾਵੀਂਕਿਸੇ ਨੂੰ ਵੀ ਆਪਣੀ ਸਕੀਮ ਦੀ ਭਿਣਕ ਨਾ ਪੈਣ ਦੇਵੀਂ

ਜਗਦੀਪ ਨੇ ਇੱਥੇ ਆਉਣ ਸਾਰ ਮੇਰਾ ਅਪਲਾਈ ਕਰ ਦਿੱਤਾਪੰਜਾਂ ਕੁ ਮਹੀਨਿਆਂ ਬਾਦ ਮੇਰਾ ਵੀਜ਼ਾ ਆ ਗਿਆ ਮੇਰੀ ਸੀਟ ਬੁੱਕ ਹੋ ਗਈਜਗਦੀਪ ਨੇ ਦਿਲ ਖੋਲ੍ਹ ਕੇ ਸ਼ਾਪਿੰਗ ਕਰਨ ਲਈ ਮੈਂਨੂੰ ਪੈਸੇ ਭੇਜੇਮੈਂ ਆਪਣੀ ਸੱਸ ਤੇ ਨਨਾਣਾਂ ਲਈ ਸੂਟ ਖਰੀਦੇਜਿਵੇਂ ਮੇਰੀ ਸੱਸ ਕਹੀ ਗਈ, ਮੈਂ ਉਸੇ ਤਰ੍ਹਾਂ ਕਰਦੀ ਗਈਕਿਸੇ ਨੂੰ ਭੋਰਾ ਵੀ ਸ਼ੱਕ ਨਹੀਂ ਹੋਇਆ ... ਵੈਨਕੂਵਰ ਤੋਂ ਅੱਗੇ ਮੇਰੀ ਸੀਟ ਵਿਨੀਪੈੱਗ ਦੀ ਬੁੱਕ ਹੋਈ ਵੀ ਸੀ ਪਰ ਮੈਂ ਵਿਨੀਪੈੱਗ ਗਈ ਹੀ ਨਾਮੇਰੀ ਭੂਆ ਮੈਂਨੂੰ ਵੈਨਕੂਵਰ ਏਅਰਪੋਰਟ ਤੋਂ ਆਪਣੇ ਘਰ ਲੈ ਗਈਉਹਨਾਂ ਦਿਨਾਂ ਵਿੱਚ ਇੰਮੀਗਰੇਸ਼ਨ ਦੀ ਮੋਹਰ ਏਅਰਪੋਰਟ ’ਤੇ ਹੀ ਲੱਗ ਜਾਂਦੀ ਸੀ ਤੇ ਮੇਰੇ ਪਾਸਪੋਰਟ ’ਤੇ ਵੀ ਪੱਕੀ ਮੋਹਰ ਲੱਗ ਗਈ

ਮੈਂ ਹੈਰਾਨ ਹੋ ਗਈ ਕਿ ਇਸ ਨੇ ਇੱਡਾ ਵੱਡਾ ਧੋਖਾ ਕੀਤਾ! ਮੈਂ ਆਖ ਹੀ ਦਿੱਤਾ, “ਆਹ ਤਾਂ ਤੂੰ ਬਹੁਤ ਮਾੜਾ ਕੀਤਾ ਪ੍ਰੀਤ।

“ਬੱਸ, ਭੂਆ ਦੇ ਆਖੇ ਕਰੀ ਗਈਭੂਆ ਨੇ ਕਿਹਾ ਸੀ ਕਿ ਜਗਦੀਪ ਨਾਲ ਜਦ ਤਲਾਕ ਹੋ ਗਿਆ ਤਾਂ ਤੇਰਾ ਕਿਸੇ ਚੰਗੇ ਸੋਹਣੇ ਸੁਨੱਖੇ ਮੁੰਡੇ ਨਾਲ ਵਿਆਹ ਕਰਾਂਗੇਤੇਰੇ ਵਿੱਚ ਕੀ ਨੁਕਸ ਹੈਬੀ. ਏ. ਕੀਤੀ ਹੋਈ ਹੈਸੋਹਣੀ ਸੁਨੱਖੀ ਹੈਂਲੰਗੇ ਜਿਹੇ ਤੋਂ ਕੀ ਲੈਣਾ ਹੈ... ਮੇਰੀ ਮੱਤ ਮਾਰੀ ਗਈਭੂਆ ਦੇ ਸੱਸ ਸਹੁਰਾ ਤੇ ਮੇਰਾ ਫੁਫੜ ਵੀ ਸਾਰੀ ਸਾਜ਼ਿਸ਼ ਵਿੱਚ ਸ਼ਾਮਿਲ ਸੀਮੇਰੀ ਭੂਆ ਡਰਾਮਾ ਕਰੇ ਮੇਰੇ ਮਾਂ ਪਿਉ ਮੂਹਰੇ ਕਿ ਇਹ ਜਗਦੀਪ ਨਾਲ ਰਹਿਣਾ ਨਹੀਂ ਚਾਹੁੰਦੀਇਹ ਕਹਿੰਦੀ ਆ ਮੈਂ ਕੁਝ ਖਾ ਕੇ ਮਰ ਜਾਵਾਂਗੀ, ਜੇ ਕਿਸੇ ਨੇ ਮੈਂਨੂੰ ਜਗਦੀਪ ਕੋਲ ਜਾਣ ਨੂੰ ਕਿਹਾ ਤਾਂਮੇਰਾ ਬਾਪੂ ਵਿਚਾਰਾ ਮਰਨ ਵਾਲਾ ਹੋ ਗਿਆਉਸਨੇ ਇੰਡੀਆ ਵਸਦੇ ਜਗਦੀਪ ਦੇ ਚਾਚੇ ਦੇ ਪੈਰੀਂ ਪੱਗ ਰੱਖੀ ਕਿ ਇਸ ਵਿੱਚ ਉਸਦਾ ਕੋਈ ਕਸੂਰ ਨਹੀਂ ਹੈਜਗਦੀਪ ਤੇ ਉਸਦੇ ਮਾਂ ਪਿਉ ਨੇ ਮੈਂਨੂੰ ਮੇਰੇ ਹਾਲ ’ਤੇ ਛੱਡ ਦਿੱਤਾਮੈਂ ਭੂਆ ਜੋਗੀ ਰਹਿ ਗਈ

“ਜਗਦੀਪ ਨਾਲ ਤਲਾਕ ਹੋ ਗਿਆਭੂਆ, ਮੈਂਨੂੰ ਆਪਣੇ ਨਾਲ ਇੰਡੀਆ ਲੈ ਗਈ ਤੇ ਮੇਰਾ ਵਿਆਹ ਆਪਣੇ ਦਿਉਰ ਨਾਲ ਕਰ ਦਿੱਤਾਅਸੀਂ ਪਿੰਡ ਗਈਆਂ ਹੀ ਨਹੀਂ,ਚੰਡੀਗੜ੍ਹ ਹੀ ਰਹੀਆਂਉੱਥੇ ਹੀ ਕੋਰਟ ਮੈਰਿਜ ਕੀਤੀਕਿਸੇ ਨੂੰ ਵੀ ਸਾਡੀ ਭਿਣਕ ਨਾ ਪਈਗੁਰਨੇਕ ਨੇ ਆਪਣੇ ਪਿਆਰ ਨੂੰ ਧੋਖਾ ਦੇ, ਕਸਮਾਂ ਵਾਅਦੇ ਤੋੜ ਮੇਰੇ ਨਾਲ ਵਿਆਹ ਕਰਵਾ ਲਿਆਇੱਥੇ ਆ ਕੇ ਉਹ ਕਦੇ ਕਦੇ ਆਖ ਦਿੰਦਾ ਸੀ, ਨਾ ਤੂੰ ਚੰਗਾ ਕੀਤਾ ਤੇ ਨਾ ਮੈਂ ਚੰਗਾ ਕੀਤਾਅਸੀਂ ਦੋਨੋਂ ਹੀ ਗੁਨਾਹਗਾਰ ਹਾਂ

“ਮੈਂ ਤੇ ਗੁਰਨੇਕ ਨੇ ਰਲ ਕੇ ਇਨਕਮ ਬਣਾ ਕੇ ਮੇਰੇ ਘਰਦਿਆਂ ਦਾ ਅਪਲਾਈ ਕਰ ਦਿੱਤਾਉਹਨਾਂ ਦੇ ਇੱਥੇ ਆਉਣ ਤੋਂ ਦਸ ਕੁ ਦਿਨਾਂ ਬਾਅਦ, ਇੱਕ ਦਿਨ ਕੰਮ ਤੋਂ ਆਉਂਦੇ ਸਮੇਂ ਗੁਰਨੇਕ ਦਾ ਐਕਸੀਡੈਂਟ ਹੋ ਗਿਆਤੁਰ ਗਿਆ ਜਹਾਨੋਂ ...” ਪ੍ਰੀਤ ਦੀ ਭੁੱਬ ਨਿਕਲ ਗਈ

“ਓਹੋ! … ਬਹੁਤ ਮਾੜਾ ਹੋਇਆ” ਮੈਂ ਪ੍ਰੀਤ ਦਾ ਹੱਥ ਘੁੱਟਦਿਆ ਕਿਹਾ

“ਹਾਂ ਭੈਣੇ … ਇਹ ਤਾਂ ਹੋਣਾ ਹੀ ਸੀਮੇਰੇ ਗੁਨਾਹਾਂ ਦੀ ਸਜ਼ਾ ਮੈਂਨੂੰ ਮਿਲਣੀ ਹੀ ਸੀਅਮਨ ਦਾ ਜਨਮ ਗੁਰਨੇਕ ਦੀ ਮੌਤ ਤੋਂ ਬਾਦ ਹੋਇਆ ...” ਅੱਖਾਂ ਪੂੰਝਦਿਆਂ ਪ੍ਰੀਤ ਨੇ ਕਿਹਾ

“ਅਮਨ?” ਮੈਂ ਉਤਸੁਕਤਾ ਨਾਲ ਪੁੱਛਿਆ।

ਪ੍ਰੀਤ ਸਾਰਾ ਕੁਝ ਸੰਖੇਪ ਵਿੱਚ ਹੀ ਦੱਸ ਰਹੀ ਸੀਇਉਂ ਜਾਪਦਾ ਸੀ ਜਿਵੇਂ ਇੱਕ ਇੱਕ ਸ਼ਬਦ ਉਸ ਨੂੰ ਡੰਗ ਰਿਹਾ ਹੋਵੇ ਤੇ ਉਹ ਆਪਣੇ ਹੀ ਸ਼ਬਦਾਂ ਤੋਂ ਬਚ ਰਹੀ ਹੋਵੇ

ਪ੍ਰੀਤ ਨੇ ਵੱਡਾ ਸਾਰਾ ਹੌਕਾ ਲਿਆ ਤੇ ਫੁੱਟ ਫੁੱਟ ਰੋਣ ਲੱਗ ਪਈ। ਉਸਨੇ ਮੈਂਨੂੰ ਘੁੱਟ ਕੇ ਗਲਵਕੜੀ ਪਾ ਲਈਉਸਦੇ ਮੂੰਹੋਂ ਮਸਾਂ ਹੀ ਨਿਕਲਿਆ, “ਅਮਨ ... ਮੇਰੀ ਬੇਟੀ

“ਕਿੱਥੇ ਹੈ ਅਮਨ ਹੁਣ?” ਮੈਂ ਪੁੱਛਿਆ।

ਪ੍ਰੀਤ ਦੇ ਰੋਣ ਦੀ ਆਵਾਜ਼ ਹੋਰ ਉੱਚੀ ਹੋ ਗਈ ਤੇ ਕੁਝ ਸੰਭਲ ਕੇ ਉਹ ਕਹਿਣ ਲੱਗੀ, “ਅੱਜ ਉਹ ਮੈਂਨੂੰ ਇਕੱਲੀ ਨੂੰ ਛੱਡ ਕੇ ਆਪਣੇ ਬੁਆਏ ਫਰੈਂਡ ਨਾਲ ਚਲੀ ਗਈਉਸ ਨੂੰ ਕੈਲਗਰੀ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ ਤੇ ਉਹਦੀ ਖਾਤਿਰ ਹੀ ਮੈਂ ਵੈਨਕੂਵਰ ਛੱਡ ਕੇ ਕੈਲਗਰੀ ਆਈ ਸੀ।”

ਚੱਲ ਕੋਈ ਨਾ! ਇਹਦੇ ਵਿੱਚ ਕਿਹੜੀ ਰੋਣ ਵਾਲੀ ਗੱਲ ਹੈ, ਇੱਥੇ ਬੱਚੇ ਇਉਂ ਹੀ ਕਰਦੇ ਹਨਤੈਨੂੰ ਮਿਲਣ ਆ ਜਾਇਆ ਕਰੇਗੀ।” ਮੈਂ ਦਿਲਾਸਾ ਦਿੰਦਿਆਂ ਕਿਹਾ

ਪ੍ਰੀਤ ਨੇ ਸਿਰ ਉਤਾਂਹ ਚੁੱਕਿਆਮੇਰੇ ਵੱਲ ਦੇਖਿਆ। ਕੁਝ ਮਿੰਟਾਂ ਲਈ ਚੁੱਪ ਰਹੀਬੋਲਣ ਦਾ ਯਤਨ ਕਰਦੀ ਸੀ ਪਰ ਰੁਕ ਜਾਂਦੀ ਸੀਆਖਿਰ ਹੌਸਲਾ ਕਰ ਕੇ ਉਸ ਨੇ ਆਖ ਹੀ ਦਿੱਤਾ, “ਜਿਹੜਾ ਮੁੰਡਾ ਅਮਨ ਦਾ ਬੁਆਏ ਫਰੈਂਡ ਹੈ, ਉਹ ਜਗਦੀਪ ਦਾ ਪੁੱਤਰ ਹੈ।”

“ਤੈਨੂੰ ਕਿਵੇਂ ਪਤਾ?” ਮੈਂ ਹੈਰਾਨੀ ਨਾਲ ਪੁੱਛਿਆ।

ਪ੍ਰੀਤ ਨੇ ਦੁਬਾਰਾ ਪਾਣੀ ਦੀ ਘੁੱਟ ਭਰਿਆ ਤੇ ਬੋਲੀ, “ਜਿਸ ਦਿਨ ਪਹਿਲੇ ਦਿਨ ਅਮਨ ਉਸ ਨੂੰ ਘਰ ਲੈਕੇ ਆਈ ਸੀ ਤਾਂ ਮੈਂ ਗੱਲਾਂ ਗੱਲਾਂ ਵਿੱਚ ਪਤਾ ਕਰ ਲਿਆ ਸੀਉਸਨੇ ਮੈਂਨੂੰ ਆਪਣੇ ਸਾਰੇ ਪਰਿਵਾਰ ਦੀਆਂ ਤਸਵੀਰਾਂ ਵੀ ਦਿਖਾਈਆਂ ਸਨਉਹ ਇੱਥੇ ਅਮਨ ਦੇ ਨਾਲ ਹੀ ਯੂਨੀਵਰਸਿਟੀ ਵਿੱਚ ਪੜ੍ਹਦਾ ਹੈਉਸਨੇ ਆਪਣਾ ਸਮਾਨ ਯੂਨੀਵਰਸਿਟੀ ਦੇ ਹੋਸਟਲ ਮੂਵ ਕਰਨਾ ਸੀ, ਇਸ ਕਰਕੇ ਸਾਰਾ ਸਮਾਨ ਚੁੱਕ ਕੇ ਸਾਡੇ ਘਰ ਲੈ ਆਇਆ ਤੇ ਮੈਂਨੂੰ ਉਸ ਨੇ ਐਲਬਮ ਦਿਖਾਈ ਸੀ ਆਪਣੇ ਸਾਰੇ ਪਰਿਵਾਰ ਦੀ।”

“ਓਹ ਹੋ! …. ਤੇ ਫਿਰ?” ਮੈਂ ਕਿਹਾ

“ਮੈਂ ਕੋਸ਼ਿਸ਼ ਤਾਂ ਬਹੁਤ ਕੀਤੀ ਕਿ ਅਮਨ, ਰਾਜ ਤੋਂ ਦੂਰ ਚਲੀ ਜਾਵੇ ਪਰ ਜਿਉਂ ਜਿਉਂ ਮੈਂ ਕੋਸ਼ਿਸ਼ ਕਰਦੀ ਉਹ ਉੰਨਾ ਹੀ ਰਾਜ ਦੇ ਨੇੜੇ ਜਾਈ ਜਾਂਦੀਅਮਨ ਨੂੰ ਪਤਾ ਸੀ ਮੇਰੀ ਸਾਰੀ ਕਹਾਣੀ ਦਾਮੈਂਨੂੰ ਸੁਣਾ ਵੀ ਦਿੰਦੀ ਸੀ ਕਿ ਮਾਂ ਜੋ ਤੂੰ ਕੀਤਾ ਹੈ, ਮੈਂ ਜ਼ਿੰਦਗੀ ਵਿੱਚ ਅਜਿਹਾ ਕਦੇ ਵੀ ਨਹੀਂ ਕਰਾਂਗੀਅੱਜ ਸਵੇਰੇ ਅਮਨ ਆਪਣਾ ਸਮਾਨ ਚੁੱਕ ਕੇ ਰਾਜ ਨਾਲ ਚਲੀ ਗਈ … ਅੱਗੇ ਪਤਾ ਨਹੀਂ ਕੀ ਹੋਣਾ ਹੈ।”

ਪ੍ਰੀਤ ਦੀਆਂ ਗੱਲਾਂ ਸੁਣ ਕੇ ਮੈਂ ਖੁਦ ਬੇਹੋਸ਼ ਹੋਣ ਵਾਲੀ ਹੋ ਗਈ

ਦਰਵਾਜ਼ੇ ਦੀ ਘੰਟੀ ਖੜਕੀਪ੍ਰੀਤ ਨੇ ਸ਼ੀਸ਼ੇ ਦੀ ਬਾਰੀ ਤੋਂ ਮਾੜਾ ਜਿਹਾ ਪਰਦਾ ਚੁੱਕ ਕੇ ਵੇਖਿਆ ਤੇ ਦਰਵਾਜ਼ਾ ਖੋਲ੍ਹ ਦਿੱਤਾਰਾਜ, ਅਮਨ ਤੇ ਇੱਕ ਹੋਰ ਔਰਤ, ਜੋ ਉਹਨਾਂ ਨਾਲ ਸੀ, ਅੰਦਰ ਆ ਗਏਔਰਤ ਚੰਗੇ ਸਲੀਕੇ ਵਾਲੀ, ਕਾਫੀ ਖੁਬਸੂਰਤ ਸੀਉਸਦਾ ਸਾਦਾ ਤੇ ਸੋਹਣਾ ਪਹਿਰਾਵਾ ਉਸ ਦੀ ਸ਼ਖ਼ਸੀਅਤ ਨੂੰ ਨਿਖਾਰ ਰਿਹਾ ਸੀਪ੍ਰੀਤ ਨੇ ਉਸ ਨੂੰ ਪਹਿਚਾਣ ਲਿਆ ਸੀਰਾਜ ਨੇ ਤਸਵੀਰਾਂ ਜੁ ਦਿਖਾਈਆ ਸਨ ਆਪਣੇ ਪਰਿਵਾਰ ਦੀਆਂ

ਪ੍ਰੀਤ ਉਸ ਔਰਤ ਨੂੰ ਦੇਖ ਘਬਰਾ ਗਈਪਰ ਉਸ ਔਰਤ ਨੇ ਪ੍ਰੀਤ ਨੂੰ ਗਲਵਕੜੀ ਪਾ ਲਈ ਤੇ ਚੁੱਪ ਚਾਪ ਬਿਨਾਂ ਕਿਸੇ ਉਚੇਚ ਦੇ ਸੋਫੇ ’ਤੇ ਬੈਠ ਗਈ

ਮੈਂ ਚੁੱਪ ਚਾਪ ਬੈਠੀ ਹੈਰਾਨ ਹੋ ਰਹੀ ਸਾਂ

ਉਸ ਔਰਤ ਨੇ ਮੇਰੇ ਬਾਰੇ ਜਾਣਨਾ ਚਾਹਿਆਪ੍ਰੀਤ ਨੇ ਮੈਂਨੂੰ ਆਪਣੀ ਵੱਡੀ ਭੈਣ ਦੀ ਤਰ੍ਹਾਂ ਕਹਿ ਕੇ ਜਾਣ ਪਛਾਣ ਕਰਵਾਈ

ਅਮਨ ਤੇ ਰਾਜ ਕਿਚਨ ਦੀਆਂ ਕੁਰਸੀਆਂ ਖਿੱਚ ਕੇ ਸਭ ਦੇ ਸਾਹਮਣੇ ਬੈਠ ਗਏਰਾਜ ਨੇ ਬੋਲਣਾ ਸ਼ੁਰੂ ਕੀਤਾ

“ਇਹ ਮੇਰੇ ਮੰਮੀ ਹਨਮੈਂਨੂੰ ਆਪਣੇ ਘਰ ਦੀ ਕਹਾਣੀ ਪਤਾ ਸੀ ਕਿ ਕਿਵੇਂ ਇੱਕ ਔਰਤ ਨੇ ਮੇਰੇ ਡੈਡੀ ਨੂੰ ਧੋਖਾ ਦਿੱਤਾਸਾਡੇ ਪਰਿਵਾਰ ’ਤੇ ਕੀ ਬੀਤੀ ਸੀ ਉਸ ਰਾਤ, ਜਿਸ ਦਿਨ ਉਹ ਵੈਨਕੂਵਰ ਏਅਰਪੋਰਟ ਤੋਂ ਮੇਰੇ ਡੈਡੀ ਕੋਲ ਆਉਣ ਦੀ ਬਜਾਇ ਕਿਤੇ ਹੋਰ ਚੱਲੀ ਗਈ ਸੀਮੈਂ ਰਿਸ਼ਤੇਦਾਰਾਂ ਨੂੰ ਇਹੀ ਗੱਲਾਂ ਕਰਦੇ ਸੁਣ ਸੁਣ ਵੱਡਾ ਹੋਇਆ ਹਾਂਮੈਂਨੂੰ ਅਮਨ ਮਿਲ ਗਈਮੈਂ ਦੋਸਤੀ ਦਾ ਹੱਥ ਵਧਾਇਆ ਪਰ ਇਸਨੇ ਹੱਥ ਵਧਾਉਣ ਤੋਂ ਪਹਿਲਾਂ ਮੈਂਨੂੰ ਦੱਸ ਦਿੱਤਾ ਕਿ ਮੇਰੀ ਮਾਂ ਨੇ ਕਿਸੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈਸਾਰੀ ਕਹਾਣੀ ਸੁਣਨ ਪਿੱਛੋਂ ਯਕੀਨ ਹੋ ਗਿਆ ਕਿ ਅਮਨ ਉਸੇ ਔਰਤ ਦੀ ਬੇਟੀ ਹੈ ਜਿਸ ਨੇ ਮੇਰੇ ਡੈਡੀ ਨੂੰ ਇੰਨੀ ਤਕਲੀਫ਼ ਦਿੱਤੀ ਸੀ

ਬਾਕੀ ਰਹੀ ਗੱਲ ਮੇਰੇ ’ਤੇ ਅਮਨ ਦੀ, ਅਸੀਂ ਚੰਗੇ ਦੋਸਤ ਹਾਂ ... ਮੈਂ ਤੇ ਅਮਨ ਨੇ ਡਰਾਮਾ ਕੀਤਾ ਸੀ ਘਰੋਂ ਜਾਣ ਦਾ ਅਸੀਂ ਕਿਤੇ ਵੀ ਨਹੀਂ ਗਏ ਸਾਂਮੈਂ ਮੰਮੀ ਨੂੰ ਕੱਲ੍ਹ ਇੱਥੇ ਕੈਲਗਰੀ ਬੁਲਾ ਲਿਆ ਸੀ।”

ਪ੍ਰੀਤ ਚੁੱਪ-ਚਾਪ ਬੈਠੀ ਹੰਝੂ ਕੇਰੀ ਜਾ ਰਹੀ ਸੀਉਸ ਦੇ ਹੰਝੂ ਦੱਸ ਰਹੇ ਸਨ ਕਿ ਉਹ ਕਿੰਨਾ ਪਛਤਾ ਰਹੀ ਹੈ

ਪ੍ਰੀਤ ਉੱਠੀ ਤੇ ਉਸਨੇ ਰਾਜ ਨੂੰ ਗਲਵਕੜੀ ਵਿੱਚ ਲੈ ਲਿਆ ਤੇ ਕਹਿਣ ਲੱਗੀ, “ਪੁੱਤ … ਜੇਕਰ ਇੱਥੇ ਤਕ ਆ ਗਿਆ ਹੈਂ ਤਾਂ ਮੈਂਨੂੰ ਉਸ ਭਲੇ ਪੁਰਸ਼ ਦੇ ਪੈਰਾਂ ਵਿੱਚ ਸਿਰ ਰੱਖ ਕੇ ਗੁਨਾਹ ਬਖ਼ਸ਼ਾਉਣ ਦਾ ਮੌਕਾ ਦਿਵਾ ਦੇ!”

ਇਸ ਤੋਂ ਪਹਿਲਾਂ ਕਿ ਰਾਜ ਕੁਝ ਬੋਲਦਾ ਉਸਦੀ ਮਾਂ ਨੇ ਅੱਗੇ ਹੋ ਕੇ ਪ੍ਰੀਤ ਨੂੰ ਗਲਵਕੜੀ ਵਿੱਚ ਲੈ ਲਿਆ ਤੇ ਕਹਿਣ ਲੱਗੀ, “ਮੇਰੀਏ ਭੈਣੇ, ਮੈਂ ਉਸ ਭਲੇ ਬੰਦੇ ਨੂੰ ਹੀਣ ਭਾਵਨਾ ਨਾਲ ਲੜਦਿਆਂ ਵੇਖਿਆ ਹੈਉਹ ਅੱਜ ਵੀ ਸਮਾਜ ਤੋਂ ਕੰਨੀ ਕਤਰਾਉਂਦਾ ਹੈਮੈਂ ਦਿਵਾਵਾਂਗੀ ਤੈਨੂੰ ਮੁਆਫੀਮੈਂ ਕਰਾਂਗੀ ਉਸ ਨੂੰ ਦੁਨੀਆਂ ਦੇ ਸਾਹਮਣੇ ਸਿਰ ਚੁੱਕ ਕੇ ਜੀਣ ਜੋਗਾਤੂੰ ਉਸ ਕੋਲੋਂ ਮੁਆਫੀ ਮੰਗ ਕੇ ਆਪਣੇ ਗੁਨਾਹ ਤੋਂ ਸੁਰਖਰੂ ਹੋ ਜਾਵੀਂ ਤੇ ਉਹ ਤੈਨੂੰ ਮੁਆਫ਼ ਕਰਕੇ ਹੀਣ-ਭਾਵਨਾ ਵਿੱਚੋਂ ਬਾਹਰ ਆ ਜਾਵੇਗਾਉਹ ਬਹੁਤ ਵਧੀਆ ਇਨਸਾਨ ਹੈ।”

ਮੈਂ ਉਹਨਾਂ ਨੂੰ ਗੱਲਾਂ ਕਰਦਿਆਂ ਛੱਡ ਕੇ ਆਪਣੇ ਘਰ ਆ ਗਈਸੋਚਿਆ ਕਿ ਮੇਰੀ ਹਾਜ਼ਰੀ ਵਿੱਚ ਉਹ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਸਕਣਗੇਸ਼ਾਇਦ ਪ੍ਰੀਤ ਵੀ ਇਹੀ ਚਾਹੁੰਦੀ ਸੀਇਸੇ ਲਈ ਉਸਨੇ ਮੈਂਨੂੰ ਠਹਿਰਣ ਲਈ ਨਹੀਂ ਕਿਹਾ

ਅਗਲੇ ਦਿਨ ਪ੍ਰੀਤ ਦਾ ਫ਼ੋਨ ਆਇਆ, ““ਭੈਣੇ … ਰਾਜ ਤੇ ਰਾਜ ਦੀ ਅੰਮੀ ਇੱਥੇ ਹੀ ਹਨਅਮਨ ਵੀ ਘਰ ਹੈਮੈਂ ਕੱਲ੍ਹ ਰਾਤ ਰਾਜ ਦੇ ਡੈਡੀ ਜਾਣੀ ਜਗਦੀਪ ਤੋਂ ਫੋਨ ’ਤੇ ਮੁਆਫੀ ਮੰਗ ਲਈ ਸੀਉਸ ਨੇ ਮੈਂਨੂੰ ਮੁਆਫ਼ ਕਰ ਦਿੱਤਾ ਹੈ ... ਮੇਰੇ ਸਿਰ ਤੋਂ ਵੀ ਭਾਰ ਲੱਥ ਗਿਆ ਹੈਭਲਾ ਹੋਵੇ ਰਾਜ ਤੇ ਰਾਜ ਦੀ ਮਾਂ ਦਾ, ਜਿਨ੍ਹਾਂ ਨੇ ਮੈਂਨੂੰ ਮੇਰੇ ਗੁਨਾਹ ਦੇ ਭਾਰ ਤੋਂ ਮੁਕਤ ਕਰਵਾ ਦਿੱਤੈਇਸ ਧਰਤੀ ’ਤੇ ਅਜਿਹੇ ਦੇਵਤਿਆਂ ਵਰਗੇ ਲੋਕ ਵੀ ਰਹਿੰਦੇ ਹਨ …ਮੈਂ ਤਾਂ ਕਸਰ ਨੀ ਛੱਡੀ ਜਗਦੀਪ ਨਾਲ ਬੁਰਾ ਕਰਨ ਦੀ ਪਰ ਪ੍ਰਮਾਤਮਾ ਨੇ ਉਸ ਨੂੰ ਇੱਕ ਨੇਕ, ਸੁਚੱਜੀ ਤੇ ਸੋਹਣੇ ਦਿਲ ਵਾਲੀ ਔਰਤ ਦਾ ਸਾਥ ਬਖ਼ਸ ਦਿੱਤਾ ... ਚੰਗਾ ਭੈਣੇ, ਮੈਂ ਸੋਚਿਆ ਤੂੰ ਫਿਕਰ ਕਰਦੀ ਹੋਵੇਂਗੀ, ਤੈਨੂੰ ਦੱਸ ਦੇਵਾਂ ...।” ਇੰਨਾ ਕਹਿ ਕੇ ਪ੍ਰੀਤ ਨੇ ਫੋਨ ਰੱਖ ਦਿੱਤਾ

ਮੈਂ ਖਲੋ ਕੇ ਉਹਨਾਂ ਦੇ ਸਨਮਾਨ ਵਿੱਚ ਤਾੜੀ ਮਾਰੀ ਤੇ ਮਨ ਹੀ ਮਨ ਕਿਹਾ, “ਸੱਚਮੁੱਚ ਹੀ ਜਗਦੀਪ, ਉਸਦੀ ਪਤਨੀ ਤੇ ਉਹਨਾਂ ਦਾ ਬੇਟਾ ਰਾਜ ਦੇਵਤੇ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3331)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਰਿੰਦਰ ਗੀਤ

ਸੁਰਿੰਦਰ ਗੀਤ

Calgary, Alberta, Canada.
Phone: (403 - 605 - 3734)
Email: (sgeetgill@gmail.com)