SurinderGeet7ਹੋਮਲੈੱਸ ਸ਼ੈਲਟਰ ਵਿੱਚ ਰਾਤ ਨੂੰ ਸੁੱਤਾ ਸਵੇਰੇ ਨਹੀਂ ਜਾਗਿਆ। ਕੁਝ ਦਿਨਾਂ ਤੋਂ ਉਹ ...
(2 ਨਵੰਬਰ 2021)

 

ਕੈਲਗਰੀ ਦੇ ਨਵੇਂ ਸਿਟੀ ਹਾਲ ਨੂੰ ਬਣੇ ਬਹੁਤਾ ਚਿਰ ਨਹੀਂ ਸੀ ਹੋਇਆਕਹਿੰਦੇ ਨੇ ਅਲਬਰਟਾ ਸਰਕਾਰ ਤੇ ਸਿਟੀ ਕੌਂਸਲ ਨੇ ਬਹੁਤ ਖ਼ਰਚ ਕੀਤਾ ਇਸ ਮਿਆਰੀ ਇਮਾਰਤ ’ਤੇਮੇਰੀ ਚੰਗੀ ਕਿਸਮਤ ਕਿ ਮੈਂ ਇਸ ਖੂਬਸੂਰਤ ਇਮਾਰਤ ਵਿੱਚ ਇੱਕ ਦਿਲਕਸ਼ ਦਫਤਰ ਵਿੱਚ ਕੰਮ ਕਰਦੀ ਸਾਂਸੱਚ ਜਾਣੋ ਤਾਂ ਕੰਮ ’ਤੇ ਜਾਣ ਦਾ ਚਾਅ ਚੜ੍ਹਿਆ ਰਹਿੰਦਾ ਸੀ

ਪਹਿਲੀ ਮੰਜ਼ਿਲ, ਜਾਣੀ ਮੇਨ ਲਾਬੀ ਦੀ ਖੂਬਸੂਰਤੀ ਦੇਖਣ ਵਾਲੀ ਸੀਚਮਕਦਾ ਲਿਸ਼ਕਦਾ ਫ਼ਰਸ਼ ਤੇ ਬੜੇ ਮਹਿੰਗੇ ਭਾਅ ਦੀਆਂ ਕੁਰਸੀਆਂ ਰੱਖੀਆਂ ਹੋਈਆਂ ਸਨਸਿਟੀ ਹਾਲ ਦੇਖਣ ਵਾਲੇ ਲੋਕਾਂ ਦੀ ਆਵਾਜਾਈ ਬਹੁਤ ਰਹਿੰਦੀ ਸੀਕਹਿਣ ਤੋਂ ਭਾਵ ਕਿ ਬਹੁਤ ਰੌਣਕਾਂ ਲੱਗੀਆਂ ਰਹਿੰਦੀਆਂ ਸਨਲਾਬੀ ਵਿੱਚ ਪਈਆਂ ਕੁਰਸੀਆਂ ਤਕਰੀਬਨ ਤਕਰੀਬਨ ਭਰੀਆਂ ਹੀ ਰਹਿੰਦੀਆਂ

ਉਸ ਦਿਨ ਸੋਮਵਾਰ ਦਾ ਦਿਨ ਸੀਆਦਤ ਅਨੁਸਾਰ ਮੈਂ ਦਫਤਰ ਦੇ ਟਾਈਮ ਤੋਂ 15-20 ਮਿੰਟ ਪਹਿਲਾਂ ਸਿਟੀ ਹਾਲ ਪੁੱਜ ਗਈਮੈਂ ਆਪਣਾ ਪਰਸ ਆਪਣੇ ਡੈਸਕ ’ਤੇ ਰੱਖ ਮੇਨ ਲਾਬੀ ਵਿੱਚ ਘੁੰਮਣ ਫਿਰਨ ਆ ਗਈ ਆਪਣੇ ਧਿਆਨ ਮੈਂ ਇੱਧਰ ਉੱਧਰ ਸਿਟੀ ਹਾਲ ਦੀ ਸੁੰਦਰਤਾ ਅਤੇ ਬਣਤਰ ਦੇਖ ਹੀ ਰਹੀ ਸਾਂ ਕਿ ਇੱਕ ਆਵਾਜ਼ ਨੇ ਮੇਰਾ ਧਿਆਨ ਆਪਣੇ ਵੱਲ ਖਿੱਚ ਲਿਆ

“ਮੈਂਨੂੰ ਭੁੱਖ ਲੱਗੀ ਹੈਕੀ ਤੁਸੀਂ ਮੇਰੇ ਲਈ ਬਰੇਕਫਾਸਟ ਖਰੀਦ ਸਕਦੇ ਹੋ?”

ਮੈਂ ਉਸ ਵਿਅਕਤੀ ਵੱਲ ਗਹੁ ਨਾਲ ਦੇਖਿਆਕਾਫ਼ੀ ਵੱਡੀ ਉਮਰ ਦਾ ਬਜ਼ੁਰਗ ਸੀ ਉਹਮੋਟਾ ਵੱਡਾ ਚਿਹਰਾ ਜੋ ਬੁਢਾਪੇ ਕਾਰਣ ਸੁੰਗੜ ਗਿਆ ਜਾਪਦਾ ਸੀਮੈਲੇ ਕੁਚੈਲੇ ਕੱਪੜੇ, ਖਿਲਰੇ ਹੋਏ ਮੈਲੇ ਮਿੱਟੀ ਨਾਲ ਭਰੇ ਹੋਏ ਵਾਲਾਂ ਦੀਆਂ ਦੋ ਗੁੱਤਾਂ, ਲੰਬੀ ਉਲਝੀ ਹੋਈ ਚਿੱਟੀ ਦਾੜ੍ਹੀ ਤੇ ਗਿੱਡ ਨਾਲ ਭਰੀਆਂ ਕੋਇਆਂ ਵਿੱਚ ਧਸੀਆਂ ਅੱਖਾਂਉਸਦੇ ਚਿਹਰੇ ’ਤੇ ਇੱਕ ਵੱਡਾ ਸਾਰਾ ਪੁਰਾਣੇ ਜ਼ਖਮ ਦਾ ਨਿਸ਼ਾਨ ਵੀ ਸੀਉਸ ਕੋਲ ਇੱਕ ਸੋਟੀ ਵੀ ਪਈ ਸੀਬਾਦ ਵਿੱਚ ਮੈਂਨੂੰ ਪਤਾ ਲੱਗਿਆ ਕਿ ਇਹ ਸੋਟੀ ਦੇ ਸਹਾਰੇ ਤੁਰਦਾ ਹੈ ਅਤੇ ਇਸਦੀ ਲੱਤ ਵਿੱਚ ਨੁਕਸ ਹੈਆਮ ਲੋਕਾਂ ਦੀ ਤਰ੍ਹਾਂ ਤੁਰ ਫਿਰ ਨਹੀਂ ਸੀ ਸਕਦਾ ਤੇ ਉਹ ਸਿਟੀ ਹਾਲ ਦੀ ਬੜੀ ਸੋਹਣੀ ਮਹਿੰਗੀ ਨਵੀਂ ਨਕੋਰ ਕੁਰਸੀ ’ਤੇ ਬੈਠਾ ਸੀ

ਪਹਿਲੀ ਹੀ ਨਜ਼ਰੇ ਮੈਂ ਸਮਝ ਗਈ ਕਿ ਇਹ ‘ਤਾਏ ਕਾ’ ਹੈ‘ਤਾਏ ਕਾ’ ਇਉਂ ਕਿ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਸਾਡੇ ਭਾਰਤੀ ਪੰਜਾਬੀ ਲੋਕ ‘ਤਾਏ ਕੇ’ ਕਹਿੰਦੇ ਹਨ‘ਤਾਏ ਕੇ’ ਕਹਿਣ ਦਾ ਇੱਕ ਕਾਰਣ ਇਹ ਵੀ ਹੋ ਸਕਦਾ ਹੈ ਕਿ ਮੈਕਸੀਕਨ ਲੋਕਾਂ ਦੀ ਤਰ੍ਹਾਂ ਇਹਨਾਂ ਦੇ ਨੈਣ ਨਕਸ਼ ਵੀ ਭਾਰਤੀ ਮੂਲ ਦੇ ਲੋਕਾਂ ਨਾਲ ਮਿਲਦੇ ਜੁਲਦੇ ਹਨ ਤੇ ਇਹਨਾਂ ਨੂੰ ਵੀ ਇੰਡੀਅਨ ਕਿਹਾ ਜਾਂਦਾ ਹੈਮੈਂ ਇਸ ਬਾਰੇ ਕੁਝ ਕਹਿਣ ਤੋਂ ਸੰਕੋਚ ਹੀ ਕਰਾਂਗੀ ਕਿਉਂਕਿ ਮੈਂ ਇਤਿਹਾਸ ਤੋਂ ਜਾਣੂ ਨਹੀਂ ਹਾਂ

ਇਤਿਹਾਸਕਾਰ ਦੱਸਦੇ ਹਨ ਕਿ ਚਾਰ ਪੰਜ ਹਜ਼ਾਰ ਸਾਲ ਪਹਿਲਾਂ ਇਹ ਲੋਕ ਸਾਇਬੇਰੀਆ ਤੋਂ ਬੈਰਿੰਗ ਸਟੇਟ ਰਾਹੀਂ ਜੰਮੀ ਹੋਈ ਬਰਫ਼ ਤੇ ਚੱਲ ਕੇ ਅਲਾਸਕਾ ਆਏ ਤੇ ਅੱਗੋਂ ਸਾਰੇ ਕੈਨੇਡਾ ਦੀ ਧਰਤੀ ’ਤੇ ਫੈਲ ਗਏਇਹ ਮੂਲ ਨਿਵਾਸੀ ਇਹ ਵੀ ਕਹਿੰਦੇ ਹਨ ਕਿ ਉਹ ਤਾਂ ਉਦੋਂ ਦੇ ਇੱਥੇ ਰਹਿ ਰਹੇ ਹਨ ਜਦੋਂ ਦੀ ਧਰਤੀ ਬਣੀ ਹੈਸਾਡੇ ਵਾਂਗ ਇਹਨਾਂ ਵਿੱਚ ਵੀ ਮਿਥਿਹਾਸਕ ਕਹਾਣੀਆਂ ਪ੍ਰਚਲਤ ਹਨ ਜਿਉਂ ਹੀ ਮੈਂ ਉਸ ਵਿਅਕਤੀ ਨੂੰ ਤੱਕਿਆ, ਮੇਰਾ ਮਨ ਭਰ ਆਇਆਇਸ ਦੇਸ਼ ਵਿੱਚ ਵੀ ਭੁੱਖੇ ਲੋਕ ਹਨ? ਆਪਣੇ ਆਪ ’ਤੇ ਕੀਤੇ ਇਸ ਸਵਾਲ ਨੇ ਮੈਂਨੂੰ ਝੰਜੋੜ ਕੇ ਰੱਖ ਦਿੱਤਾ

“ਮੇਰਾ ਪਰਸ ਮੇਰੇ ਦਫਤਰ ਵਿੱਚ ਹੈਮੈਂ ਲਿਆ ਕੇ ਦਿੰਦੀ ਹਾਂ।” ਮੈਂ ਕਿਹਾ

ਉਹ ਕੁਝ ਨਾ ਬੋਲਿਆਮੈਂ ਚੁੱਪ ਚੁਪੀਤੀ ਐਲੀਵੇਟਰ ਰਾਹੀਂ ਛੇਵੀਂ ਮੰਜ਼ਿਲ ’ਤੇ ਪੁੱਜ ਗਈਆਪਣਾ ਪਰਸ ਦੇਖਿਆਮੇਰੇ ਕੋਲ ਪੰਜ ਪੰਜ ਦੇ ਕੇਵਲ ਦੋ ਨੋਟ ਹੀ ਸਨਸੋਚਿਆ, ਦਸ ਡਾਲਰ ਦੇ ਦਿੰਦੀ ਹਾਂਫਿਰ ਸੋਚਿਆ ਕਿ ਮੈਂਨੂੰ ਵੀ ਲੋੜ ਪੈ ਸਕਦੀ ਹੈਚਲੋ ਪੰਜ ਡਾਲਰ ਦੇ ਦਿੰਦੀ ਹਾਂਆਪਣੇ ਆਪ ਨਾਲ ਫੈਸਲਾ ਕਰਕੇ ਮੈਂ ਪੰਜ ਡਾਲਰ ਦਾ ਨੋਟ ਉਸਦੇ ਹੱਥ ਫੜਾ ਦਿੱਤਾਉਸਨੇ ਸਿਰ ਤੋਂ ਲੈ ਕੇ ਪੈਰਾਂ ਤਕ ਮੈਂਨੂੰ ਦੇਖਿਆਧੰਨਵਾਦ ਕੀਤਾ ਤੇ ਸੋਟੀ ਨੂੰ ਹੱਥ ਪਾਇਆਸ਼ਾਇਦ ਉਹ ਕੁਝ ਖਾਣ ਵਾਸਤੇ ਖਰੀਦਣ ਜਾ ਰਿਹਾ ਸੀਮੇਰੇ ਦਫਤਰ ਦਾ ਸਮਾਂ ਹੋ ਰਿਹਾ ਸੀਇਸ ਲਈ ਮੈਂ ਬਿਨਾਂ ਉਸ ਵੱਲ ਦੇਖੇ ਕਾਹਲੀ ਨਾਲ ਆਪਣੇ ਡੈਸਕ ’ਤੇ ਜਾ ਬੈਠੀ

ਉਸ ਦਿਨ ਮੈਂ ਸਾਰਾ ਦਿਨ ਉਸ ਬਜ਼ੁਰਗ ਬਾਰੇ ਸੋਚਦੀ ਰਹੀਤਰ੍ਹਾਂ ਤਰ੍ਹਾਂ ਦੇ ਖਿਆਲ ਮਨ ਨੂੰ ਘੇਰ ਰਹੇ ਸਨ ਉਸ ਨੂੰ ਪੰਜ ਡਾਲਰ ਦੇ ਕੇ ਮੈਂਨੂੰ ਆਪਣਾ ਆਪ ਚੰਗਾ ਚੰਗਾ ਲੱਗ ਰਿਹਾ ਸੀ

ਦੂਸਰੇ ਦਿਨ ਉੱਥੇ ਹੋਰ ਇੱਕਾ ਦੁੱਕਾ ਤਾਏ ਕੇ ਬੈਠੇ ਸਨ ਪਰ ਉਹ ਨਹੀਂ ਸੀਹਫ਼ਤੇ ਦੇ ਪੰਜ ਦਿਨ ਬੀਤ ਗਏ ਪਰ ਉਹ ਨਾ ਦਿਸਿਆ ਇੱਕ ਦਿਨ ਸਕਿਉਰਟੀ ਗਾਰਡ ਉਹਨਾਂ ਨੂੰ ਉੱਥੇ ਬੈਠਣ ਤੋਂ ਰੋਕ ਰਿਹਾ ਸੀਮੈਂਨੂੰ ਤਰਸ ਵੀ ਆਇਆ ਕਿ ਇਹ ਵਿਚਾਰੇ ਮੀਂਹ ਵਿੱਚ ਕਿੱਥੇ ਬੈਠਣਗੇ ਤੇ ਨਾਲ ਹੀ ਮੈਂਨੂੰ ਉਸਦਾ ਖਿਆਲ ਆਇਆ, ਜਿਸ ਨੂੰ ਮੈਂ ਇੱਕ ਦਿਨ ਪੰਜ ਡਾਲਰ ਦਿੱਤੇ ਸਨਸੋਚਿਆ ਕਿਤੇ ਚਲਾ ਗਿਆ ਹੋਣਾ ਹੈਉਸਦਾ ਕਿਹੜਾ ਕੋਈ ਘਰ ਘਾਟ ਹੋਣਾ ਹੈ

ਤੀਸਰੇ ਹਫ਼ਤੇ ਇੱਕ ਦਿਨ ਦੁਪਹਿਰ ਵੇਲੇ ਮੈਂ ਉਸ ਨੂੰ ਸਿਟੀ ਹਾਲ ਦੇ ਬਾਹਰ ਬਣੇ ਉੱਚੇ ਥੜ੍ਹੇ ’ਤੇ ਬੈਠਾ ਵੇਖਿਆਉਹ ਕੁਝ ਖਾ ਰਿਹਾ ਸੀਮੈਂ ਆਪਣੀ ਗੋਰੀ ਸਹੇਲੀ ਨਾਲ ਲੰਚ ’ਤੇ ਜਾ ਰਹੀ ਸਾਂਉਸਨੇ ਮੈਂਨੂੰ ਦੇਖ ਲਿਆ ਸੀ ਪਰ ਮੇਰੇ ਨਾਲ ਮੇਰੀ ਸਹੇਲੀ ਹੋਣ ਕਰਕੇ ਮੈਂ ਉਸ ਨੂੰ ਨਹੀਂ ਬੁਲਾਇਆਸੋਚਿਆ, ਇਹ ਕੀ ਸੋਚੇਗੀ ਜੇਕਰ ਮੈਂ ਇਸਦੇ ਕੋਲ ਖੜ੍ਹ ਗਈ ਤਾਂ

ਉਸ ਤੋਂ ਬਾਦ ਮੈਂ ਕਦੇ ਉਸ ਨੂੰ ਸਿਟੀ ਹਾਲ ਦੀਆਂ ਕੁਰਸੀਆਂ, ਕਦੇ ਸਿਟੀ ਹਾਲ ਦੇ ਬਾਹਰ ਤੇ ਕਦੇ ਲਾਇਬ੍ਰੇਰੀ ਕੋਲ ਵੇਖਦੀਅਜੇ ਤਕ ਮੈਂ ਉਸ ਨੂੰ ਤੁਰਦਿਆਂ ਨਹੀਂ ਸੀ ਵੇਖਿਆਪਰ ਜਦ ਮੈਂ ਉਸ ਨੂੰ ਤੁਰਦਿਆਂ ਦੇਖਿਆ ਤਾਂ ਪਤਾ ਲੱਗਿਆ ਕਿ ਉਹ ਬਹੁਤ ਮੁਸ਼ਕਿਲ ਵਿੱਚ ਸੀਮਸਾਂ ਹੀ ਪੈਰ ਪੁਟਦਾ ਸੀ

ਦਿਨ ਬੀਤਦੇ ਗਏਮੇਰੀ ਉਸ ਨਾਲ ਅਕਸਰ ਹੀ ਹੈਲੋ ਹੁੰਦੀ ਰਹਿੰਦੀਉਹ ਸਦਾ ਹੀ ਇਕੱਲਾ ਹੁੰਦਾ ਸੀਉਹ ਬੜੀ ਨਿਮਰਤਾ ਨਾਲ ਮੈਂਨੂੰ ਹੈਲੋ ਕਹਿੰਦਾ ਅਤੇ ਮੈਂ ਵੀ ਬੜੇ ਆਦਰ ਨਾਲ ਉਸਦੀ ਹੈਲੋ ਦਾ ਜਵਾਬ ਦਿੰਦੀਮੇਰੀ ਇੱਕ ਸਹੇਲੀ ਦੂਸਰੇ ਡਿਪਾਰਟਮੈਂਟ ਵਿੱਚ ਸੀ ਪਰ ਕੌਫ਼ੀ ਜਾਂ ਲੰਚ ਬਰੇਕ ’ਤੇ ਮੇਰਾ ਉਸ ਨਾਲ ਮੇਲ ਹੋ ਜਾਂਦਾ ਸੀਉਹ ਅਕਸਰ ਹੀ ਮੇਰਾ ਇਹ ਕਹਿ ਕੇ ਮਜ਼ਾਕ ਉਡਾਉਂਦੀ ਕਿ ਤੇਰਾ ਦੋਸਤ ਬੈਠਾ ਹੈਜਦੋਂ ਅਜਿਹਾ ਆਖਦੀ ਤਾਂ ਸੱਚਮੁੱਚ ਹੀ ਉਹ ਮੈਂਨੂੰ ਮੇਰਾ ਦੋਸਤ ਜਾਪਦਾਪਰ ਇੱਕ ਦਿਨ ਉਸਨੇ ਮੈਂਨੂੰ ਆਖ ਹੀ ਦਿੱਤਾ, “ਇਹ ਲੋਕ ਚੋਰ ਹੁੰਦੇ ਹਨਨਸ਼ੇ-ਪੱਤੇ ਵੀ ਕਰਦੇ ਹਨ ਕੰਮਕਾਰ ਕਰਦੇ ਨਹੀਂਵਿਹਲੇ ਸਰਕਾਰਾਂ ’ਤੇ ਭਾਰ ਹਨਇਉਂ ਹੀ ਤੁਰੇ ਫਿਰਦੇ ਰਹਿੰਦੇ ਹਨਸਟੋਰਾਂ ਵਿੱਚੋਂ ਵੀ ਚੋਰੀ ਚੁੱਕ ਕੇ ਖਾ ਪੀ ਜਾਂਦੇ ਹਨ

ਮੈਂ ਉਸਦੀ ਗੱਲ ਤਾਂ ਸੁਣੀ ਪਰ ਕੋਈ ਖ਼ਾਸ ਹੁੰਗਾਰਾ ਨਾ ਭਰਿਆਪਤਾ ਨਹੀਂ ਕਿਉਂ!

ਸਰਦੀਆਂ ਦੀ ਰੁੱਤ ਆ ਗਈ ਠੰਢ ਵਧਣ ਲੱਗੀਕਦੇ ਕਦੇ ਬਰਫ਼ ਵੀ ਪੈ ਜਾਂਦੀਉਸਦੇ ਪੈਰਾਂ ਵਿੱਚ ਤਾਂ ਕੁਝ ਚੰਗੇ ਬੂਟ ਹੁੰਦੇ ਪਰ ਉਸਦੀ ਜੈਕਟ ਬਹੁਤ ਹੀ ਫਟੀ ਪੁਰਾਣੀ ਸੀ ਇੱਕ ਦੋ ਵੱਡੀਆਂ ਵੱਡੀਆਂ ਮੋਰੀਆਂ ਵੀ ਸਨ

ਤੇ ਉਸ ਦਿਨ ਬਹੁਤ ਠੰਢ ਸੀ ਮੈਨੂੰ ਦਫਤਰ ਵਿੱਚ ਬੈਠੀ ਨੂੰ ਬਾਰ ਬਾਰ ਉਸਦਾ ਖਿਆਲ ਆ ਰਿਹਾ ਸੀ ਇੱਕ ਦਮ ਖਿਆਲ ਆਇਆ ਕਿ ਘਰੇ ਇੱਕ ਜੈਕਟ ਪਈ ਹੈਚੰਗੀ ਭਾਰੀ ਜੈਕਟ ਹੈਮੇਰੇ ਹਸਬੈਂਡ ਦੀ ਪੁਰਾਣੀ ਜੈਕਟਉਹ ਤਾਂ ਇਸ ਨੂੰ ਵਰਤਦਾ ਨਹੀਂ, ਕਿਉਂ ਨਾ ਇਸ ਨੂੰ ਦੇ ਦੇਵਾਂ? ਫਿਰ ਖਿਆਲ ਆਇਆ ਕਿ ਉਸਨੇ ਕਿਹੜਾ ਮੇਰੇ ਤੋਂ ਮੰਗੀ ਹੈ ਮੈਂਨੂੰ ਮੇਰੀ ਸਹੇਲੀ ਦੀ ਗੱਲ ਵੀ ਯਾਦ ਆ ਗਈ ਕਿ ਲੋਕ ਚੋਰ-ਉਚੱਕੇ ਹੁੰਦੇ ਹਨ

ਇਹਨਾਂ ਸਾਰੇ ਚੰਗੇ ਮਾੜੇ ਖਿਆਲਾਂ ਦੇ ਬਾਵਜੂਦ ਮੈਂ ਆਪਣੇ ਹਸਬੈਂਡ ਦੇ ਪੁਰਾਣੇ ਦਸਤਾਨੇ, ਇੱਕ ਪੁਰਾਣਾ ਗਰਮ ਸਕਾਰਫ਼ ਤੇ ਪੁਰਾਣੀ ਜੈਕਟ ਪਲਾਸਟਿਕ ਦੇ ਬੈਗ ਵਿੱਚ ਪਾ ਕੇ ਕੰਮ ’ਤੇ ਜਾਣ ਲੱਗਿਆਂ ਆਪਣੇ ਨਾਲ ਲੈ ਗਈਸੋਚਿਆ, ਉਹ ਮੈਂਨੂੰ ਸਿਟੀ ਹਾਲ ਦੇ ਅੰਦਰ ਜਾਂ ਬਾਹਰ ਕਿਤੇ ਮਿਲ ਜਾਵੇਗਾਪਰ ਉਸ ਦਿਨ ਉਹ ਮੈਂਨੂੰ ਦਿਖਾਈ ਨਾ ਦਿੱਤਾਮੈਂ ਸਾਰਾ ਸਮਾਨ ਆਪਣੇ ਲਾਕਰ ਵਿੱਚ ਰੱਖ ਲਿਆ, ਇਹ ਸੋਚ ਕੇ ਕਿ ਜਦੋਂ ਮਿਲੇਗਾ, ਦੇ ਦੇਵਾਂਗੀ

ਤੇ ਇੱਕ ਦਿਨ ਉਹ ਮੈਂਨੂੰ ਮਿਲ ਹੀ ਗਿਆ, ਉਸੇ ਕੁਰਸੀ ’ਤੇ ਬੈਠਾ, ਜਿਸ ਕੁਰਸੀ ’ਤੇ ਬੈਠਾ ਉਹ ਮੈਨੂੰ ਪਹਿਲੀ ਵਾਰ ਮਿਲਿਆ। ਮੈਂ ਦੌੜ ਕੇ ਸਾਰਾ ਸਮਾਨ ਉਸ ਨੂੰ ਲਿਆ ਕੇ ਦਿੱਤਾਉਸਦੀਆਂ ਅੱਖਾਂ ਵਿੱਚ ਚਮਕ ਫੈਲਣ ਲੱਗੀ ਤੇ ਉਹ ਲਗਾਤਾਰ ਮੇਰੇ ਵੱਲ ਦੇਖ ਰਿਹਾ ਸੀ ਮੇਰਾ ਵੀ ਜੀਅ ਕਰਦਾ ਸੀ ਉਸ ਨਾਲ ਗੱਲਬਾਤ ਕਰਨ ਨੂੰਸੋ ਮੈਂ ਕੁਝ ਸਮਾਂ ਉਸ ਕੋਲ ਖਲੋ ਗਈ ਮੈਂ ਉਸਦੇ ਚਿਹਰੇ ’ਤੇ ਪਏ ਵੱਡੇ ਸਾਰੇ ਨਿਸ਼ਾਨ ਬਾਰੇ ਪੁੱਛਿਆ ਤਾਂ ਉਸਨੇ ਹੌਕਾ ਲੈ ਕੇ ਦੱਸਿਆ ਕਿ ਜਦੋਂ ਉਹ ਛੇ ਸਾਲ ਦਾ ਸੀ ਤਾਂ ਗੋਰੇ ਲੋਕ ਉਸ ਨੂੰ ਤੇ ਉਸਦੀ ਭੈਣ ਨੂੰ ਉਸਦੇ ਮਾਂ-ਬਾਪ ਤੋਂ ਖੋਹ ਕੇ ਕਿਸੇ ਦੂਰ ਦੇ ਸਕੂਲ ਵਿੱਚ ਲੈ ਗਏ ਸਨ

ਉਸਨੇ ਦੋਬਾਰਾ ਇੱਕ ਲੰਬਾ ਸਾਹ ਲਿਆ ਤੇ ਬੋਲਿਆ, “ਉਸ ਦਿਨ ਮੇਰਾ ਬਾਪ ਘਰ ਨਹੀਂ ਸੀਮੇਰੀ ਮਾਂ ਨੇ ਬਹੁਤ ਜ਼ਿੱਦ ਕੀਤੀਉਹ ਕਿਸੇ ਵੀ ਸੂਰਤ ਵਿੱਚ ਮੈਂਨੂੰ ਤੇ ਮੇਰੀ ਛੋਟੀ ਭੈਣ ਨੂੰ ਉਹਨਾਂ ਨਾਲ ਭੇਜਣਾ ਨਹੀਂ ਸੀ ਚਾਹੁੰਦੀਮੇਰੀ ਮਾਂ ਨੇ ਇੱਕ ਗੋਰੇ ਆਦਮੀ ਨੂੰ ਪਰੇ ਧਕੇਲ ਦਿੱਤਾ ਤੇ ਉਸਨੇ ਮੇਰੀ ਮਾਂ ਦੇ ਗੋਲੀ ਮਾਰ ਦਿੱਤੀ ਮੈਂਨੂੰ ਇੰਨਾ ਯਾਦ ਹੈ ਕਿ ਮੇਰੀ ਮਾਂ ਡਿਗ ਪਈ ਸੀ ਤੇ ਖ਼ੂਨ ਵਿੱਚ ਲੱਥ-ਪੱਥ ਪਈ ਸੀ

ਉਸਨੇ ਫਿਰ ਇੱਕ ਹੌਕਾ ਲਿਆ, “ਉਸ ਤੋਂ ਬਾਦ ਮੇਰੇ ਮਾਂ-ਪਿਉ ਨਾਲ ਕੀ ਬੀਤਿਆ, ਕੁਝ ਪਤਾ ਨਹੀਂਬੱਸ ਇੰਨਾ ਪਤਾ ਹੈ ਕਿ ਮੈਂਨੂੰ ਤੇ ਮੇਰੀ ਭੈਣ ਨੂੰ ਵੱਖ ਵੱਖ ਸਕੂਲਾਂ ਵਿੱਚ ਲੈ ਗਏ ਸਨ

ਉਸਦੀਆਂ ਅੱਖਾਂ ਵਿੱਚੋਂ ਪਾਣੀ ਵਹਿ ਤੁਰਿਆ

“ਕਿਸੇ ਰੇਜ਼ਿਡੈਨੀਸ਼ੀਅਲ ਸਕੂਲ ’ਚ?” ਮੈਂ ਕਿਹਾ

ਉਸਨੇ ਹਾਂ ਵਿੱਚ ਸਿਰ ਹਿਲਾਇਆਇਸ ਤੋਂ ਪਹਿਲਾਂ ਕਿ ਉਹ ਚਿਹਰੇ ਦੇ ਨਿਸ਼ਾਨ ਬਾਰੇ ਦੱਸਦਾ ਉਸਨੇ ਲੱਤਾਂ ’ਤੇ ਪਹਿਨੀ ਹੋਈ ਪੈਂਟ ਨੂੰ ਉਤਾਂਹ ਚੁੱਕ ਕੇ ਲੱਤਾਂ ਦੀ ਹਾਲਤ ਦਿਖਾਈ

“ਇਹ ਕੀ?” ਮੈਂ ਹੈਰਾਨੀ ਨਾਲ ਪੁੱਛਿਆ

“ਓਥੇ ਸਕੂਲ ਵਿੱਚ ਸਾਨੂੰ ਬਹੁਤ ਕੁੱਟਿਆ ਮਾਰਿਆ ਜਾਂਦਾ ਸੀਮੈਂ ਕੁਝ ਤਕੜਾ ਸਾਂ ਮੈਂ ਤੰਗ ਆ ਕੇ ਭੱਜਣ ਦੀ ਕੋਸ਼ਿਸ਼ ਕੀਤੀਉਹਨਾਂ ਨੂੰ ਪਤਾ ਲੱਗ ਗਿਆ ਤੇ ਮੇਰੀਆਂ ਲੱਤਾਂ ਦਾ ਆਹ ਹਾਲ ਕਰ ਦਿੱਤਾਉਹ ਲਗਾਤਾਰ ਮੇਰੀਆਂ ਲੱਤਾਂ ’ਤੇ ਡੰਡੇ ਮਾਰ ਰਿਹਾ ਸੀਮੇਰੀ ਇੱਕ ਹੱਡੀ ਵੀ ਟੁੱਟ ਗਈ ਸੀ ਪਰ ਕਿਸੇ ਨੇ ਕੋਈ ਦਵਾ ਦਾਰੂ ਨਾ ਕੀਤੀਮੈਂ ਆਪੇ ਹੀ ਇੱਕ ਕੱਪੜੇ ਨਾਲ ਘੁੱਟ ਕੇ ਬੰਨ੍ਹ ਲਈ ਮੈਂ ਉਦੋਂ ਤੋਂ ਹੀ ਲੰਗੜਾ ਕੇ ਤੁਰਦਾ ਹਾਂਹੁਣ ਤਕਲੀਫ਼ ਵਧ ਗਈ ਹੈ ਉਮਰ ਨਾਲ।” ਕਹਿੰਦੇ ਕਹਿੰਦੇ ਉਸ ਦੀਆਂ ਅੱਖਾਂ ਭਰ ਆਈਆਂ

ਮੇਰਾ ਮਨ ਵੀ ਅੰਦਰੋਂ ਅੰਦਰੀਂ ਰੋ ਰਿਹਾ ਸੀ

ਮੈਂ ਹੌਸਲਾ ਕਰਕੇ ਪੁੱਛਿਆ, “ਤੇ ਆਹ ਚਿਹਰੇ ਦਾ ਨਿਸ਼ਾਨ?”

ਉਸਨੇ ਆਪਣੇ ਮੱਥੇ ’ਤੇ ਪਏ ਨਿਸ਼ਾਨ ਨੂੰ ਪਲੋਸਿਆ ਤੇ ਦੱਸਿਆ, “ਇੱਕ ਦਿਨ ਜਦੋਂ ਮੈਂ ਖਾਣ ਨੂੰ ਜ਼ਿਆਦਾ ਭੋਜਨ ਮੰਗਿਆ ਤਾਂ ਮੇਰੇ ਬਹੁਤ ਕੁੱਟ ਪਈ ਮੈਂਨੂੰ ਭੁੱਖ ਬਹੁਤ ਲਗਦੀ ਸੀ ਉੱਥੇ ਕਿਸੇ ਨੇ (ਉਸਦਾ ਭਾਵ ਕਿਸੇ ਟੀਚਰ ਜਾਂ ਪ੍ਰਬੰਧਕ ਤੋਂ ਸੀ) ਮੇਰੇ ਏਨ) ਜ਼ੋਰ ਦੀ ਥੱਪੜ ਮਾਰਿਆ ਕਿ ਮੇਰਾ ਮੱਥਾ ਕਿਚਨ ਵਿੱਚ ਪਏ ਤਿੱਖੇ ਕੰਢੇ ਵਾਲੇ ਪਤੀਲੇ ’ਤੇ ਜਾ ਵੱਜਿਆਬਹੁਤ ਲਹੂ ਨਿਕਲਿਆ ਸੀਇਹ ਜ਼ੁਲਮ ਦੀ ਕਹਾਣੀ ਦੀ ਨਿਸ਼ਾਨੀ ਹੈ

ਇੰਨਾ ਜ਼ੁਲਮ … ਕਿਹੜੀ ਗੱਲ ਤੋਂ? ਮੈਂ ਆਪਣੀਆਂ ਅੱਖਾਂ ਵਿੱਚ ਭਰੇ ਹੰਝੂ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਸਾਂ

ਮੈਂ ਘੜੀ ਵੱਲ ਦੇਖਿਆਲੰਚ ਟਾਈਮ ਦਾ ਅਜੇ ਅੱਧਾ ਘੰਟਾ ਬਾਕੀ ਸੀ

ਉਸਨੇ ਮੇਰਾ ਨਾਮ ਪੁੱਛਿਆ ਤੇ ਬਦਲੇ ਵਿੱਚ ਆਪਣਾ ਨਾਮ ਦੱਸਿਆਉਸਦੇ ਕਹਿਣ ਮੁਤਾਬਕ ਉਸਦਾ ਨਾਮ ਮਾਈਕਲ ਫੌਨਟੈਨ ਸੀ (Michael Fontaine) ਸੀ

ਮੈਂ ਚਾਹੁੰਦੀ ਸਾਂ ਕਿ ਉਸਦੇ ਪਰਿਵਾਰ ਬਾਰੇ ਗੱਲਬਾਤ ਕਰਾਂ ਮੈਂ ਹੌਸਲਾ ਕਰਕੇ ਪੁੱਛ ਹੀ ਲਿਆ, “ਮਾਈਕਲ, ਤੁਸੀਂ ਆਪਣੇ ਮਾਂ ਬਾਪ ਨੂੰ ਦੋਬਾਰਾ ਕਦੇ ਮਿਲੇ ਹੋ?”

ਉਸਨੇ ਡੂੰਘਾ ਸਾਹ ਲਿਆ, ਅੱਖਾਂ ’ਤੇ ਹੱਥ ਫੇਰਿਆ ਤੇ ਬੋਲਿਆ, “ਜਦੋਂ ਮੈਂ ਸਕੂਲ ਵਿੱਚੋਂ ਬਾਹਰ ਆਇਆ ਤਾਂ ਮਾਂ ਬਾਪ ਤੇ ਭੈਣ ਨੂੰ ਲੱਭਣਾ ਸ਼ੁਰੂ ਕੀਤਾ ਪਰ ਉਹਨਾਂ ਦੀ ਕੋਈ ਉੱਘ-ਸੁੱਘ ਨਾ ਮਿਲੀਮੇਰੀ ਮਾਂ ਤਾਂ ਸ਼ਾਇਦ ਉਦੋਂ ਹੀ ਗੋਲੀ ਨਾਲ ਮਰ ਗਈ ਹੋਣੀ ਹੈ ਤੇ ਬਾਪ … ਕੁਝ ਪਤਾ ਨਹੀਂ।”

“ਉਸਨੇ ਆਪਣੀ ਦੁੱਖਦਾਈ ਜੀਵਨ ਕਹਾਣੀ ਨੂੰ ਅੱਗੇ ਤੋਰਦੇ ਹੋਏ ਕਿਹਾ, “ਮੈਂ ਤਾਂ ਵਿਨੀਪੈੱਗ ਰਹਿੰਦਾ ਸੀ ਮੈਂਨੂੰ ਕਿਸੇ ਨੇ ਦੱਸਿਆ ਕਿ ਤੇਰੀ ਭੈਣ ਕੈਲਗਰੀ ਸਿਟੀ ਹਾਲ ਦੇ ਆਲੇ ਦੁਆਲੇ ਘੁੰਮਦੀ ਫਿਰਦੀ ਰਹਿੰਦੀ ਹੈਉਹ ਕੁਝ ਕੁਝ ਪਾਗਲ ਜਿਹੀ ਹੋ ਗਈ ਹੈ ਇਸੇ ਲਈ ਮੈਂ ਇੱਥੇ ਕੈਲਗਰੀ ਆ ਗਿਆ ਹਾਂ ਆਪਣੀ ਭੈਣ ਨੂੰ ਲੱਭਣਮੈਂ ਹਰ ਔਰਤ ’ਤੇ ਨਿਗਾਹ ਰੱਖਦਾ ਹਾਂ ਕਿ ਸ਼ਾਇਦ ਇਹਨਾਂ ਵਿੱਚੋਂ ਕੋਈ ਮੇਰੀ ਭੈਣ ਹੋਵੇ।”

ਮੈਂ ਸੋਚ ਰਹੀ ਸਾਂ ਕਿ ਸ਼ਾਇਦ ਉਸਦੀ ਭੈਣ ਉਹਨਾਂ ਹਜ਼ਾਰਾਂ ਬਦਨਸੀਬ ਕੁੜੀਆਂ ਔਰਤਾਂ ਵਿੱਚੋਂ ਇੱਕ ਹੋਵੇ ਜਿਹਨਾਂ ਨੂੰ ਗੁੰਮ ਹੋਈਆਂ ਜਾਂ ਮਰ ਗਈਆਂ ਕਹਿ ਕੇ ਇੱਕ ਕਮਿਸ਼ਨ ਬਣਿਆ ਸੀ ਤੇ ਜਿਸਦੀਆਂ ਸਿਫ਼ਾਰਿਸ਼ਾਂ ’ਤੇ ਅਜੇ ਤਕ ਕੋਈ ਅਮਲ ਨਹੀਂ ਹੋਇਆ ਸੀ

“ਹੋਰ ਕੋਈ ਹੈ ਤੇਰੇ ਪਰਿਵਾਰ ਵਿੱਚ,” ਮੈਂ ਕਿਹਾ

ਉਹ ਹੋਰ ਭਾਵੁਕ ਹੋ ਗਿਆਨਿਕਲਦੀ ਭੁੱਬ ਨੂੰ ਰੋਕ ਕੇ ਬੋਲਿਆ, “ਮੇਰੀ ਗਰਲ ਫਰਿੰਡ ਗਰਮੀਆਂ ਵਿੱਚ ਮੈਮੋਰੀਅਲ ਡਰਾਈਵ ਵਾਲੇ ਪੁਲ ਹੇਠ ਰਾਤ ਨੂੰ ਸੁੱਤੀ ਪਈ ਪਈ ਮਰ ਗਈ।”

ਉਹ ਸਿਸਕੀਆਂ ਭਰਨ ਲੱਗਾ ਪਰ ਆਸਾ ਪਾਸਾ ਦੇਖ ਸੰਭਲ ਗਿਆ

ਦਿਨ ਬੀਤਦੇ ਗਏਉਸਦਾ ਸਿਟੀ ਹਾਲ ਆਉਣਾ ਜਾਣਾ ਘਟ ਗਿਆਮੈਂ ਅਕਸਰ ਹੀ ਉਸ ਬਾਰੇ ਸੋਚਦੀ ਰਹਿੰਦੀ ਮੈਂਨੂੰ ਇਸ ਗੱਲ ਦਾ ਧਰਵਾਸ ਸੀ ਕਿ ਉਸ ਕੋਲ ਗਰਮ ਜੈਕਟ, ਦਸਤਾਨੇ ਤੇ ਗਰਮ ਸਕਾਰਫ਼ ਹੈਜੇਕਰ ਕਿਤੇ ਬਾਹਰ ਪੁਲ ਹੇਠਾਂ ਵੀ ਸੌਂਵੇਂਗਾ ਤਾਂ ਠੰਢ ਤੋਂ ਸਾਰਾ ਨਹੀਂ, ਕੁਝ ਤਾਂ ਬਚਾ ਹੋਵੇਗਾ ਹੀ

ਇੱਕ ਦਿਨ ਫਿਰ ਉਹ ਦਿਖਾਈ ਦਿੱਤਾ ਸਕਿਉਰਟੀ ਗਾਰਡ ਉਸ ਨੂੰ ਦਬਕੇ ਮਾਰ ਰਿਹਾ ਸੀ ਕਿ ਬਾਹਰ ਜਾ ਕੇ ਬੈਠੇ ਤੇ ਉਹ ਆਪਣੀ ਸੋਟੀ ਦੇ ਸਹਾਰੇ ਬਾਹਰ ਵੱਲ ਜਾ ਰਿਹਾ ਸੀਉਸਨੇ ਮੇਰੀ ਦਿੱਤੀ ਜੈਕਟ ਪਾਈ ਹੋਈ ਸੀਗਲੇ ਦੁਆਲੇ ਸਕਾਰਫ਼ ਵੀ ਲਪੇਟਿਆ ਹੋਇਆ ਸੀ ਤੇ ਹੱਥਾਂ ਉੱਤੇ ਦਸਤਾਨੇ ਵੀ ਪਾਏ ਸਨਇਹ ਸਭ ਦੇਖ ਕੇ ਮੇਰਾ ਮਨ ਬਾਗੋਬਾਗ ਹੋ ਗਿਆ ਕਿ ਮੇਰੀ ਮਾੜੀ ਮੋਟੀ ਸਹਾਇਤਾ ਉਸ ਦੇ ਕਿੰਨਾ ਕੰਮ ਆ ਰਹੀ ਹੈ

ਜਦੋਂ ਕਿਤੇ ਲੰਚ ਵੇਲੇ ਉਹ ਮੈਂਨੂੰ ਦਿਖਾਈ ਦੇ ਦਿੰਦਾ ਤਾਂ ਮੈਂ ਛੋਟੀ ਜਿਹੀ ਸੈਂਡਵਿੱਚ ਉਸ ਲਈ ਖਰੀਦ ਲੈਂਦੀ ਤੇ ਚੁੱਪ-ਚੁਪੀਤੇ ਛੇਤੀ ਨਾਲ ਉਸ ਨੂੰ ਫੜਾ ਦਿੰਦੀਮੇਰੀਆਂ ਇੱਕ ਦੋ ਸਹੇਲੀਆਂ, ਜੋ ਮੈਂਨੂੰ ਪਹਿਲਾਂ ਪਹਿਲ ਮਖੌਲ ਕਰਿਆ ਕਰਦੀਆਂ ਸਨ, ਹੁਣ ਚੁੱਪ ਹੀ ਰਹਿੰਦੀਆਂਮੇਰੇ ਤੋਂ ਉਸਦੀ ਕਹਾਣੀ ਸੁਣ ਕੇ ਉਹਨਾਂ ਦੇ ਦਿਲ ਵਿੱਚ ਵੀ ਉਸ ਲਈ ਹਮਦਰਦੀ ਉੱਗਮ ਪਈ ਜਾਪਦੀ ਸੀ

ਮੈਂਨੂੰ ਆਦਤ ਸੀ ਕਿ ਮੈਂ ਜਦੋਂ ਵੀ ਕੁਝ ਖਰੀਦਦੀ ਤਾਂ ਕੈਸ਼ੀਅਰ ਵੱਲੋਂ ਬਾਕੀ ਦੇ ਮੋੜੇ ਪੈਸੇ ਪਰਸ ਵਿੱਚ ਪਾਉਣ ਦੀ ਬਜਾਇ ਕਾਹਲੀ ਨਾਲ ਆਪਣੇ ਕੋਟ ਦੀ ਜੇਬ ਵਿੱਚ ਹੀ ਪਾ ਲਿਆ ਕਰਦੀ ਸਾਂ

ਤੇ ਹਾਂ ਇੱਕ ਦਿਨ ਮੈਂਨੂੰ ਛੇਵੀਂ ਮੰਜ਼ਿਲ ਤੋਂ ਕਿਸੇ ਕੰਮ ਹੇਠਾਂ ਲਾਬੀ ਵਿੱਚ ਜਾਣਾ ਪਿਆਸ਼ਾਇਦ ਮੇਲ ਰੂਮ ਵਿੱਚ ਮੇਲ ਚੈੱਕ ਕਰਨ ਗਈ ਸਾਂਜਦੋਂ ਮੈਂ ਗਈ ਸਾਂ ਤਾਂ ਉਹ ਮੈਂਨੂੰ ਕਿਤੇ ਵੀ ਨਹੀਂ ਦਿਸਿਆਪਰ ਜਦੋਂ ਮੇਲ ਰੂਮ ਵਿੱਚੋਂ ਵਾਪਸ ਆ ਰਹੀ ਸਾਂ ਤਾਂ ਮੈਂ ਦੇਖਿਆ ਕਿ ਉਹ ਇੱਕ ਕੁਰਸੀ ’ਤੇ ਬੈਠਾ ਸੀਪਹਿਲਾਂ ਨਾਲੋਂ ਕਾਫੀ ਕਮਜ਼ੋਰ ਲਗਦਾ ਸੀਕਾਹਲੀ ਵਿੱਚ ਹੋਣ ਕਰਕੇ ਹੈਲੋ ਕਹਿ ਕੇਮੈਂ ਉਸ ਕੋਲੋਂ ਲੰਘ ਗਈ

ਥੋੜ੍ਹੇ ਹੀ ਕਦਮ ਅੱਗੇ ਗਈ ਤਾਂ ਇੱਕ ਆਵਾਜ਼ ਸੁਣਾਈ ਦਿੱਤੀ

“ਡਾਟਰ ਠਹਿਰੋ

ਤੇ ਮੈਂ ਖਲੋ ਗਈਪਿਛਾਂਹ ਤੱਕਿਆ ਤਾਂ ਦੇਖਦੀ ਹਾਂ ਕਿ ਉਹ ਮੈਂਨੂੰ ਬੁਲਾ ਰਿਹਾ ਸੀ

ਮੈਂ ਉਸ ਵੱਲ ਵਧੀ ਤਾਂ ਉਸਨੇ ਇਹ ਕਹਿ ਕੇ ਕਿ ਇਹ ਦਸ ਡਾਲਰ ਦਾ ਨੋਟ ਤੇਰੀ ਜੇਬ ਵਿੱਚੋਂ ਡਿੱਗਿਆ ਹੈ, ਨੋਟ ਮੈਂਨੂੰ ਫੜਾ ਦਿੱਤਾ

ਮੈਂ ਆਪਣੀ ਜੇਬ ਵਿੱਚ ਹੱਥ ਮਾਰਿਆ ਤਾਂ ਦੇਖਿਆ ਕਿ ਸੱਚਮੁੱਚ ਹੀ ਇਹ ਦਸ ਡਾਲਰ ਦਾ ਨੋਟ ਮੇਰੇ ਹੱਥ ਨਾਲ ਮੇਰੀ ਜੇਬ ਵਿੱਚੋਂ ਬਾਹਰ ਨਿਕਲ ਫ਼ਰਸ਼ ’ਤੇ ਡਿਗ ਪਿਆ ਸੀ

ਉਸਦਾ ਡਾਟਰ (daughter) ਕਹਿਣਾ ਮੇਰੇ ਲਈ ਬੇਹੱਦ ਅਚੰਭੇ ਵਾਲੀ ਗੱਲ ਸੀਮੇਰੀਆਂ ਅੱਖਾਂ ਭਰ ਆਈਆਂਮੈਂ ਉਹ ਦਸ ਦਾ ਨੋਟ ਉਸ ਨੂੰ ਦੇਣਾ ਚਾਹਿਆ ਪਰ ਉਸਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਕਿਸੇ ਦਿਨ ਬਰੇਕਫਾਸਟ ਖ਼ਰੀਦ ਦੇਣਾ, ਜਿਸ ਦਿਨ ਮੈਂਨੂੰ ਭੁੱਖ ਹੋਈ

ਮੈਂ ਉਹ ਦਸ ਡਾਲਰ ਦਾ ਨੋਟ ਪਰਸ ਦੀ ਇੱਕ ਡੂੰਘੀ ਜੇਬ ਵਿੱਚ ਸਾਂਭ ਲਿਆ ਤਾਂ ਜੋ ਕਿਸੇ ਦਿਨ ਉਸ ਨੂੰ ਬਰੇਕਫਾਸਟ ਖਵਾ ਸਕਾਂ

ਉਸ ਤੋਂ ਬਾਦ ਮੈਂ ਉਸ ਨੂੰ ਕਦੇ ਨਹੀਂ ਦੇਖਿਆ ਇੱਕ ਦਿਨ ਮੈਂ ਉਸਦੇ ਇੱਕ ਸਾਥੀ ਤੋਂ ਪੁੱਛ ਹੀ ਲਿਆ ਕਿ ਕੀ ਉਹ ਕਿਤੇ ਚਲਾ ਗਿਆ ਹੈ?

ਉਸ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਮਰ ਗਿਆ ਹੈ, ਹੋਮਲੈੱਸ ਸ਼ੈਲਟਰ ਵਿੱਚ ਰਾਤ ਨੂੰ ਸੁੱਤਾ ਸਵੇਰੇ ਨਹੀਂ ਜਾਗਿਆਕੁਝ ਦਿਨਾਂ ਤੋਂ ਉਹ ਬੀਮਾਰ ਜਿਹਾ ਰਹਿੰਦਾ ਸੀ

ਮੇਰੀਆਂ ਅੱਖਾਂ ਨਮ ਹੋ ਗਈਆਂ

“ਕੀ ਉਸਦੀ ਭੈਣ, ਜਿਸ ਨੂੰ ਉਹ ਲੱਭ ਰਿਹਾ ਸੀ, ਮਿਲ ਗਈ ਸੀ ਕਿ ਨਹੀਂ?” ਮੈਂ ਪੁੱਛਿਆ

ਉਸਨੇ ਭਰੀਆਂ ਅੱਖਾਂ ’ਤੇ ਭਾਰੀ ਆਵਾਜ਼ ਵਿੱਚ ਕਿਹਾ, “ਹਾਂ! ਹਾਂ! ਉਸਦੇ ਮਰਨ ਤੋਂ ਦੋ ਤਿੰਨ ਦਿਨ ਪਹਿਲਾਂ ਹੀ ਮਿਲੀ ਸੀਦੋਨੋਂ ਭੈਣ ਭਰਾ ਬਹੁਤ ਖੁਸ਼ ਸਨ

ਚਲੋ ਕੁਝ ਖੁਸ਼ੀ ਤਾਂ ਮਿਲੀ ਭਾਵੇਂ ਥੋੜ੍ਹੇ ਚਿਰ ਲਈ ਹੀ ਸਹੀ

ਉਹ ਦਸ ਦਾ ਨੋਟ ਮੈਂਨੂੰ ਟਿਕਣ ਨਹੀਂ ਸੀ ਦਿੰਦਾ ਇੱਕ ਦਿਨ ਮੈਂ ਉਸਦੇ ਉਸੇ ਸਾਥੀ ਨੂੰ ਕਿਹਾ, “ਤੈਨੂੰ ਭੁੱਖ ਲੱਗੀ ਹੈ?

ਉਸਨੇ ਹਾਂ ਵਿੱਚ ਸਿਰ ਹਿਲਾਇਆ ਤੇ ਮੈਂ ਉਨ੍ਹਾਂ ਦਸਾਂ ਡਾਲਰਾਂ ਦਾ ਸਿਟੀਹਾਲ ਦੇ ਕੈਫੇ ਵਿੱਚੋਂ ਬਰੇਕਫਾਸਟ ਖਰੀਦ ਕੇ ਉਸ ਨੂੰ ਫੜਾ ਦਿੱਤਾ ਮੈਂਨੂੰ ਮਹਿਸੂਸ ਹੋਇਆ ਜਿਵੇਂ ਮਾਈਕਲ ਫੌਨਟੈਂਨ ਦਾ ਉਧਾਰ ਚੁੱਕਾ ਦਿੱਤਾ ਹੋਵੇ

ਮੈਂ ਅੱਜ ਵੀ ਜਦੋਂ ਕਿਸੇ ਨੇਟਿਵ ਇੰਡੀਅਨ ਨੂੰ ਦੇਖਦੀ ਹਾਂ ਤਾਂ ਮਨ ਹੀ ਮਨ ਆਖਦੀ ਹਾਂ ਕਿ ਇਹ ‘ਤਾਏ ਕੇ’ ਚੋਰ-ਉਚੱਕੇ ਨਹੀਂ ਹਨਇਹ ਹਾਲਾਤ ਦੇ ਝੰਬੇ, ਤੋੜੇ, ਕੁੱਟੇ ਤੇ ਮਾਰੇ ਇਨਸਾਨ ਹਨਇਹ ਸਾਡੇ ਪਿਆਰ ਅਤੇ ਹਮਦਰਦੀ ਦੇ ਪਾਤਰ ਹਨ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3120)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਸੁਰਿੰਦਰ ਗੀਤ

ਸੁਰਿੰਦਰ ਗੀਤ

Calgary, Alberta, Canada.
Phone: (403 - 605 - 3734)
Email: (sgeetgill@gmail.com)