PushpinderMorinda7ਭਾਵੇਂ ਭਲੇ ਲੋਕਾਂ ਵਲੋਂ ਦਿੱਤਾ ਸਹਿਯੋਗ ਚਾਚੀ ਨੂੰ ਬਚਾ ਤਾਂ ਨਹੀਂ ਸਕਿਆਪਰ ...
(23 ਨਵੰਬਰ 2017)

 

ਆਪਣੇ ਪਿੰਡ ਦੀ ਬਾਹਰਲੀ ਫਿਰਨੀ ਕੋਲੋਂ ਲੰਘਦਿਆਂ ਜਦੋਂ ਅੱਜ ਵੀ ਚਾਚਾ ਦਾਰਾ ਮੈਨੂੰ ਪਛਾਣਦਾ ਹੋਇਆ ਸਿਰ ’ਤੇ ਹੱਥ ਰੱਖਦਾ ਹੈ ਤਾਂ ਮੈਨੂੰ ਅਕਸਰ ਬਚਪਨ ਦੀ ਇੱਕ ਘਟਨਾ ਯਾਦ ਆ ਜਾਂਦੀ ਹੈ, ਜਦੋਂ ਅਸੀਂ ਛੂਹਣ ਛਪਾਕੀ ਖੇਡਦੇ ਹੁੰਦੇ ਸੀਕਿਉਂਕਿ ਗਲੀ ਦੇ ਸਾਰੇ ਘਰ ਆਪਣੇ ਲਗਦੇ ਸੀ, ਇਸ ਲਈ ਛੁਪਣ ਲਈ ਕਿਸੇ ਵੀ ਘਰ ਅੰਦਰ ਲੁਕ ਜਾਂਦੇ ਸਾਂਇੱਕ ਦਿਨ ਜਦੋਂ ਚਾਚੇ ਦਾਰੇ ਦੇ ਘਰ ਵਿੱਚ ਜਾ ਕੇ ਛੁਪੇ ਤਾਂ ਚਾਚੀ ਸਾਰੇ ਬੱਚਿਆਂ ਨੂੰ ਕੋਲ ਬੁਲਾ ਕੇ ਮਿੱਠੀ ਰੋਟੀ ਵੰਡਣ ਲੱਗ ਪਈਅਸੀਂ ਖੁਸ਼ੀ ਖੁਸ਼ੀ ਰੋਟੀ ਖਾਂਦੇ ਦੁੜੰਗੇ ਲਾਉਂਦੇ ਬਾਹਰ ਆ ਰਹੇ ਸਾਂਸਾਡਾ ਅੰਦਾਜ਼ਾ ਸੀ ਕਿ ਚਾਚੇ ਦਾਰੇ ਹੁਣਾ ਨੇ ਪੁਰਾਣਾ ਕੱਚਾ ਘਰ ਛੱਡ ਕੇ ਨਵਾਂ ਪੱਕਾ ਘਰ ਖਰੀਦਿਆ ਹੈ, ਸ਼ਾਇਦ ਸ਼ੁਭ ਸ਼ਗਨ ਵਜੋਂ ਬੱਚਿਆਂ ਨੂੰ ਮਿੱਠੀ ਰੋਟੀ ਵੰਡੀ ਜਾ ਰਹੀ ਹੋਵੇਗੀ

ਆਪਣੇ ਘਰ ਵੱਲ ਜਾਂਦਿਆਂ ਜਦੋਂ ਪਿਤਾ ਜੀ ਨੂੰ ਇਸ ਰੋਟੀ ਵਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਚਿਹਰੇ ’ਤੇ ਚਿੰਤਾ ਅਤੇ ਡੂੰਘੀ ਸੋਚ ਉੱਭਰ ਆਈਇਹ ਦੇਖ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਆਖਿਰ ਪਿਤਾ ਜੀ ਖੁਸ਼ੀ ਦੀ ਖਬਰ ’ਤੇ ਇੰਨੇ ਚਿੰਤਤ ਕਿਉਂ ਨਜ਼ਰ ਆ ਰਹੇ ਹਨਇਹ ਕਹਿ ਕੇ ‘ਬੇਗਾਨੀਆਂ ਛੱਤਾਂ ਦੇ ਕਾਹਦੇ ਸ਼ਗਨ ਹੁੰਦੇ ਐ?’ ਪਿਤਾ ਜੀ ਇੱਕ ਦਮ ਚਾਚੇ ਦੇ ਘਰ ਵੱਲ ਚੱਲ ਪਏਪਿਤਾ ਜੀ ਦੇ ਗਹਿਰੇ ਫਿਕਰ ਦਾ ਕਾਰਣ ਜਾਣਨ ਲਈ ਮੈਂ ਵੀ ਉਨ੍ਹਾਂ ਦਾ ਪਿੱਛਾ ਕਰਨ ਲੱਗੀਪਿਤਾ ਜੀ ਨੂੰ ਦੇਖਦਿਆਂ ਹੀ ਚਾਚਾ ਮੰਜੇ ਤੋਂ ਉੱਠ ਕੇ ਪਿਤਾ ਜੀ ਦੇ ਗਲ ਲੱਗ ਕੇ ਸਿਸਕੀਆਂ ਲੈਣ ਲੱਗ ਪਿਆਉਸ ਦਾ ਗੱਚ ਭਰ ਆਇਆਦੋਵੇਂ ਪਾਸੇ ਭਾਵੇਂ ਚੁੱਪ ਸੀ ਪਰ ਫਿਰ ਵੀ ਇੱਕ ਵਾਰਤਾਲਾਪ ਚੱਲ ਰਿਹਾ ਸੀਕੈਂਸਰ ਤੋਂ ਪੀੜਿਤ ਚਾਚੀ ਮੰਜੇ ’ਤੇ ਪਈ ਹਟਕੋਰੇ ਭਰ ਰਹੀ ਸੀਚਾਚੇ ਦੀ ਨਵ-ਵਿਆਹੀ ਧੀ ਅਜੇ ਵੀ ਚੁੱਲ੍ਹੇ ਵਿੱਚ ਅੱਗ ਬਾਲ ਕੇ ਮਿੱਠੀ ਰੋਟੀ ਬਣਾ ਰਹੀ ਸੀਚਾਚਾ ਦਾਰਾ ਭਾਵੇਂ ਖੂਨ ਦੇ ਰਿਸ਼ਤੇ ਵਿੱਚੋਂ ਤਾਂ ਨਹੀਂ ਸੀ, ਪਰ ਉਸ ਦੀ ਪਿਤਾ ਜੀ ਤੋਂ ਛੋਟੀ ਉਮਰ ਹੋਣ ਕਾਰਣ ਅਸੀਂ ਉਸ ਨੂੰ ਚਾਚਾ ਕਹਿੰਦੇ ਸਾਂਪਿਤਾ ਜੀ ਨੇ ਚਾਚਾ ਜੀ ਦੇ ਮੋਢੇ ਉੱਤੇ ਹੱਥ ਰੱਖ ਕੇ ਹੌਸਲਾ ਦਿੱਤਾ, ਜਿਵੇਂ ਉਹ ਕਹਿ ਰਹੇ ਹੋਣ ਕਿ ਮੇਰੇ ਹੁੰਦੇ ਤੈਨੂੰ ਚਿੰਤਾ ਦੀ ਲੋੜ ਨਹੀਂਸ਼ਾਇਦ ਇਸ ਅਪਣੱਤ ਭਰੀ ਤਸੱਲੀ ਨੇ ਚਾਚੇ ਨੂੰ ਜਿਵੇਂ ਜਿੰਦਗੀ ਲਈ ਨਵੀਂ ਉਮੀਦ ਦੇ ਦਿੱਤੀ ਹੋਵੇ

ਦਰਅਸਲ ਉਨ੍ਹੀਂ ਦਿਨੀ ਚਾਚਾ ਜੀ ਦੀ ਆਰਥਿਕ ਹਾਲਤ ਬਹੁਤ ਪਤਲੀ ਹੋ ਚੁੱਕੀ ਸੀਚਾਚੀ ਦੀ ਨਾਮੁਰਾਦ ਬਿਮਾਰੀ ’ਤੇ ਹੋ ਰਿਹਾ ਖਰਚਾ ਅਤੇ ਧੀ ਦੇ ਵਿਆਹ ਲਈ ਚੁੱਕੇ ਕਰਜੇ ਨੇ ਉਸ ਦਾ ਲੱਕ ਤੋੜ ਦਿੱਤਾ ਸੀਥੋੜ੍ਹੀ ਜਿਹੀ ਘਰ ਦੀ ਜਮੀਨ ਅਤੇ ਬਾਕੀ ਠੇਕੇ ’ਤੇ ਲੈ ਕੇ ਚਾਚਾ ਦਿਨ ਰਾਤ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ, ਪਰ ਚਾਰੇ ਪੱਲੇ ਕਦੇ ਵੀ ਪੂਰੇ ਨਾ ਹੁੰਦੇਸ਼ਾਹੂਕਾਰ ਦੇ ਵਿਆਜ ਵਿੱਚ ਹੋਈਆਂ ਧਾਂਦਲੀਆਂ ਵਾਰੇ ਪਾਪਾ ਜੀ ਨੂੰ ਪਤਾ ਸੀਆਖਿਰ ਹਾਲਾਤ ਇੱਥੋਂ ਤੀਕ ਪੁੱਜ ਗਏ ਕਿ ਚਾਚੇ ਨੂੰ ਹੱਥੀਂ ਬਣਾਇਆ ਆਪਣਾ ਛੋਟਾ ਜਿਹਾ ਕੱਚਾ ਮਕਾਨ ਵੀ ਗਿਰਵੀ ਰੱਖਣਾ ਪੈ ਗਿਆਭਾਵੇਂ ਹੁਣ ਉਹ ਕਿਸੇ ਪੱਕੀ ਹਵੇਲੀ ਦੇ ਦੋ ਕਮਰੇ ਕਿਰਾਏ ’ਤੇ ਲੈ ਕੇ ਰਹਿਣ ਲੱਗ ਪਏ ਸਨ ਪਰ ਉਸ ਆਪਣੇ ਕੱਚੇ ਮਕਾਨ ਦੀ ਯਾਦ ਦੀ ਚੀਸ ਪੂਰੇ ਪਰਿਵਾਰ ਨੂੰ ਪੀੜ ਦੇ ਰਹੀ ਸੀ

ਪਿਤਾ ਜੀ ਨੇ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਵਿਚ ਪਾ ਕੇ ਸ਼ਾਹੂਕਾਰ ਨਾਲ ਗੱਲਬਾਤ ਸ਼ੁਰੂ ਕੀਤੀਵਿਆਜ ਨਾਲ ਜੁੜੀਆਂ ਬੇਨਿਯਮੀਆਂ ਉਸਨੇ ਸਵੀਕਾਰ ਕਰ ਲਈਆਂਇੱਥੋਂ ਤੱਕ ਕਿ ਧੀ ਦੇ ਵਿਆਹ ’ਤੇ ਹੋਏ ਖਰਚੇ ਲਈ ਉਹ ਸਿਰਫ ਮੂਲ ਲੈਣਾ ਹੀ ਮੰਨ ਗਿਆਕੁਝ ਰੱਜੇ ਪੁੱਜੇ ਪਰਿਵਾਰਾਂ ਨੇ ਚਾਚੀ ਦੀ ਬਿਮਾਰੀ ਦਾ ਖਰਚਾ ਕਰਨ ਦਾ ਜਿੰਮਾ ਲੈ ਲਿਆਭਾਵੇਂ ਭਲੇ ਲੋਕਾਂ ਵਲੋਂ ਦਿੱਤਾ ਸਹਿਯੋਗ ਚਾਚੀ ਨੂੰ ਬਚਾ ਤਾਂ ਨਹੀਂ ਸਕਿਆ, ਪਰ ਹੌਲੀ ਹੌਲੀ ਸਮਾਂ ਕਰਵਟ ਜਰੂਰ ਲੈਣ ਲੱਗ ਪਿਆਚਾਚਾ ਜੀ ਦੇ ਪੁੱਤਰ ਗੱਭਰੂ ਹੋ ਗਏ ਅਤੇ ਦੋਵਾਂ ਨੇ ਵਧੀਆ ਕਾਰੋਬਾਰ ਸਥਾਪਿਤ ਕਰ ਲਏਅੱਜ ਇਹ ਪਰਿਵਾਰ ਪਿੰਡ ਦੇ ਖੁਸ਼ਹਾਲ ਪਰਿਵਾਰਾਂ ਵਿੱਚੋਂ ਇੱਕ ਹੈਚਾਚਾ ਜੀ ਅੱਜ ਵੀ ਮੇਰਾ ਸਿਰ ਪਲੋਸ ਕਿ ਇਹੀ ਕਹਿੰਦੇ ਨੇ ਕਿ ਜੇਕਰ ਉਸ ਦਿਨ ਪਿਤਾ ਜੀ ਦਾ ਅਪਣੱਤ ਭਰਿਆ ਹੱਥ ਮੋਢੇ ’ਤੇ ਨਾ ਰੱਖਿਆ ਹੁੰਦਾ ਤਾਂ ਸ਼ਾਇਦ ਉਸ ਦਾ ਵਜੂਦ ਅੱਜ ਨਾ ਹੁੰਦਾ

ਉਹ ਸਮਾਂ ਸੀ ਜਦੋਂ ਬੇਗਾਨੇ ਵੀ ਆਪਣੇ ਸਨ ਪਰ ਅੱਜ ਆਪਣੇ ਵੀ ਬੇਗਾਨੇ ਹੋ ਚੁੱਕੇ ਹਨਅੱਜ ਸਾਡੇ ਸਮਾਜ ਵਿੱਚ ਖੁਦਕੁਸ਼ੀਆਂ ਦੇ ਵਧ ਰਹੇ ਵਰਤਾਰੇ ਦਾ ਇੱਕ ਕਾਰਣ ਇਹ ਵੀ ਜਰੂਰ ਹੈ ਕਿ ਅੱਜ ਆਪਣਿਆਂ ਦੇ ਮੋਢਿਆਂ ’ਤੇ ਰੱਖੇ ਜਾਣ ਵਾਲੇ ਉਹ ਹੱਥ ਨਹੀਂ ਰਹੇ ਜੋ ਢਹਿੰਦੀ ਕਲਾ ਵੱਲ ਜਾ ਰਹੀ ਜਿੰਦਗੀ ਨੂੰ ਕੋਈ ਉਮੀਦ ਦਾ ਰਾਹ ਦਿਖਾ ਸਕਣ

*****

(903)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪੁਸ਼ਪਿੰਦਰ ਮੋਰਿੰਡਾ

ਪੁਸ਼ਪਿੰਦਰ ਮੋਰਿੰਡਾ

Morinda, Roopnagar, Punjab, India.
Mobile: (91 - 94170 - 51627)
Email: (kaurpushpinder89@gmail.com)