PushpinderMorinda7ਪੰਜਾਬ ਦੀ ਧਰਤੀ ’ਤੇ ਵਿਚਰਦੇ ਉਨ੍ਹਾਂ ਲੋਕ ਦੀ ਜ਼ਮੀਰ ਨੂੰ, ਜੋ ਚਿੱਟੇ ਦਾ ਕਾਲਾ ਵਪਾਰ ਕਰਦੇ ਹਨ ...
(14 ਅਗਸਤ 2018)

 

ਘਟਨਾ ਕੁਝ ਮਹੀਨੇ ਪਹਿਲਾਂ ਦੀ ਹੈ, ਜਦੋਂ ਅਸੀਂ ਮੱਧ ਪ੍ਰਦੇਸ ਦਾ ਇੱਕ ਪ੍ਰਮੁੱਖ ਸ਼ਹਿਰ ਦੇ ਭੀੜ ਭੜੱਕੇ ਵਾਲੇ ਬਾਜ਼ਾਰ ਵਿੱਚੋਂ ਲੰਘ ਰਹੇ ਸੀ। ਸਥਾਨਕ ਰਿਸ਼ਤੇਦਾਰ ਇਸ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ, ਦੁਕਾਨਾਂ ਬਗੈਰਾ ਵਾਰੇ ਜਾਣੂ ਕਰਵਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਸਾਨੂੰ ਇੱਕ ਜੀ ਡੀ ਸਪੈਸ਼ਲ ਕੁਲਫੀ ਵਾਲੇ ਵਾਰੇ ਵੀ ਦੱਸਿਆ ਪਰ ਜਿਉਂ ਹੀ ਅਸੀਂ ਉਸ ਕੋਲੋਂ ਕੁਲਫੀ ਖਰੀਦਣੀ ਚਾਹੀ ਤਾਂ ਉਸ ਦਾ ਰਵਈਆ ਬੜਾ ਅਜੀਬ ਲੱਗਿਆ। ਉਹ ਆਪਣੇ ਗਾਹਕਾਂ ਨੂੰ ਅਣਗੌਲਿਆ ਕਰ ਰਿਹਾ ਸੀ ਪਰ ਖੁਦ ਉਹ ਇੱਕ ਹੋਰ ਛੋਟੇ ਜਿਹੇ ਬੱਚੇ ਨਾਲ ਬਹਿਸ ਕਰਨ ਵਿੱਚ ਮਗਨ ਸੀ, ਜੋ ਉਸ ਕੋਲੋਂ ਵਾਰ ਵਾਰ ਕੁਲਫੀ ਖਰੀਦਣ ਲਈ ਵੀਹ ਰੁਪਏ ਦਾ ਨੋਟ ਅੱਗੇ ਕਰ ਰਿਹਾ ਸੀਜੀ ਡੀ ਉਸ ਉਸ ਬੱਚੇ ਨੂੰ ਕੁਲਫੀ ਦੇਣ ਤੋਂ ਸਾਫ ਇਨਕਾਰ ਕਰ ਰਿਹਾ ਸੀ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਹ ਆਪਣੇ ਸਾਰੇ ਸਮਾਨ ਨੂੰ ਹੀ ਖਰਾਬ ਦੱਸ ਰਿਹਾ ਸੀ। ਆਖਿਰ ਸਾਨੂੰ ਉੱਥੋਂ ਅੱਗੇ ਚੱਲਣਾ ਪਿਆਸਾਡੀ ਵੀ ਜੀ ਡੀ ਨੇ ਕੋਈ ਪ੍ਰਵਾਹ ਨਹੀਂ ਕੀਤੀ। ਅੰਤ ਉਹ ਬੱਚਾ ਆਪਣੇ ਪੈਸੇ ਵਾਪਿਸ ਲੈ ਕੇ ਚਲਾ ਗਿਆ।

ਜਦੋਂ ਅਸੀਂ ਵਾਪਿਸ ਪਰਤੇ ਤਾਂ ਸਾਡਾ ਸਾਹਮਣਾ ਫਿਰ ਜੀ ਡੀ ਨਾਲ ਹੋਇਆ। ਸਾਡਾ ਮਕਸਦ ਹੁਣ ਉਸ ਕੋਲੋਂ ਕੁਲਫੀ ਖਰੀਦਣਾ ਨਹੀਂ ਸੀ, ਸਗੋਂ ਇਹ ਜਾਨਣਾ ਸੀ ਕਿ ਅਖਿਰ ਉਹ ਆਪਣੇ ਗਾਹਕਾਂ ਦੇ ਮੁੜ ਜਾਣ ਦੀ ਪ੍ਰਵਾਹ ਕੀਤੇ ਬਿਨਾਂ ਇੰਨਾ ਗਹਿਰ-ਗੰਭੀਰ ਹੋ ਕੇ ਉਸ ਬੱਚੇ ਨਾਲ ਕਿਉਂ ਬਹਿਸ ਰਿਹਾ ਸੀ।

ਜੀ ਡੀ ਨੇ ਦੱਸਿਆ ਕਿ ਉਹ ਉਸ ਬੱਚੇ ਨੂੰ ਨਿੱਜੀ ਤੌਰ ’ਤੇ ਜਾਣਦਾ ਹੈਉਹ ਬੱਚਾ ਇੱਕ ਵਿਧਵਾ ਔਰਤ ਦਾ ਇਕਲੌਤਾ ਪੁੱਤਰ ਹੈ ਤੇ ਕੁਝ ਸਮਾਂ ਪਹਿਲਾਂ ਉਹ ਪੇਟ ਦੀ ਕਿਸੇ ਗੰਭੀਰ ਬੀਮਾਰੀ ਤੋਂ ਪੀੜਿਤ ਰਹਿ ਚੁੱਕਾ ਹੈ, ਜਿਸ ਕਾਰਣ ਉਸ ਦਾ ਅਪਰੇਸ਼ਨ ਕਰਨਾ ਪਿਆ ਇਸ ਦੇ ਇਲਾਜ ਤੇ ਇੰਨਾ ਖਰਚ ਆਇਆ ਸੀ ਕਿ ਇਸਦੀ ਮਾਂ ਵਿਚਾਰੀ ਨੂੰ ਆਪਣੇ ਭਾਂਡੇ ਤੱਕ ਵੀ ਵੇਚਣੇ ਪਏ ਸਨਉਹ ਅਜੇ ਤੱਕ ਵੀ ਉਹ ਕਰਜ਼ੇ ਤੋਂ ਮੁਕਤ ਨਹੀਂ। ਜੀ ਡੀ ਦੀਆਂ ਅੱਖਾਂ ਅੱਗੇ ਉਹ ਦ੍ਰਿਸ਼ ਸੀ ਜਦੋਂ ਇੱਕ ਵਿਧਵਾ ਮਾਂ ਆਪਣੇ ਇੱਕੋ ਇੱਕ ਸਹਾਰੇ ਦੀ ਤੰਦਰੁਸਤੀ ਲਈ ਕਦੇ ਰੱਬ ਅੱਗੇ ਘੰਟਿਆਂ ਬੱਧੀ ਦੁਆਵਾਂ ਕਰਦੀ ਅਤੇ ਕਦੇ ਲੋਕਾਂ ਅੱਗੇ ਪੈਸੇ ਦੀ ਮਦਦ ਲਈ ਹੱਥ ਅੱਡਦੀ ਸੀ। ਡਾਕਟਰੀ ਹਦਾਇਤਾਂ ਮੁਤਾਬਕ ਉਸ ਬੱਚੇ ਨੂੰ ਅਜਿਹੇ ਖਾਧ ਪਦਾਰਥਾਂ ਦੀ ਮਨਾਹੀ ਸੀ। ਕੁਝ ਦਿਨ ਬੱਚੇ ਦੀ ਮਾਂ ਨੇ ਜੀ ਡੀ ਨੂੰ ਕਿਸੇ ਵੀ ਹਾਲਤ ਵਿੱਚ ਬੱਚੇ ਨੂੰ ਕੁਲਫੀ ਨਾ ਦੇਣ ਲਈ ਖਾਸ ਤੌਰ ’ਤੇ ਕਿਹਾ ਸੀ ਹੁਣ ਜਦੋਂ ਵੀ ਮਾਂ ਕਿਸੇ ਘਰ ਕੰਮ ਕਰਨ ਚਲੀ ਜਾਂਦੀ ਹੈ ਤਾਂ ਇਹ ਲੜਕਾ ਪੈਸੇ ਚੋਰੀ ਕਰ ਲੈਂਦਾ ਹੈ ਅਤੇ ਅਜਿਹੀਆਂ ਚੀਜਾਂ ਉੱਤੇ ਖਰਚ ਕਰ ਦਿੰਦਾ ਹੈ, ਜੋ ਉਸ ਲਈ ਨੁਕਸਾਨਦਾਇਕ ਹੁੰਦੀਆਂ ਹਨ। ਜੇਕਰ ਜੀ ਡੀ ਉਸ ਲੜਕੇ ਦੇ ਸਾਹਮਣੇ ਕਿਸੇ ਵੀ ਗਾਹਕ ਨੂੰ ਕੁਲਫੀ ਦੇ ਦਿੰਦਾ ਤਾਂ ਉਸ ਲੜਕੇ ਨੂੰ ਯਕੀਨ ਨਹੀਂ ਹੋਣਾ ਸੀ।

ਜੀ ਡੀ ਦੇ ਕਹਿਣ ਮੁਤਾਬਕ ਉਹ ਸਿਰਫ ਆਪਣੀ ਜ਼ਮੀਰ ਦੀ ਆਵਾਜ਼ ਸੁਣਦਾ ਹੈ। ਬੱਚੇ ਨੂੰ ਕੋਈ ਬਹਾਨਾ ਬਣਾ ਕੇ ਟਾਲ ਦੇਣਾ ਉਸਦਾ ਨੈਤਿਕ ਫਰਜ਼ ਬਣਦਾ ਹੈ। ਉਹ ਨਹੀਂ ਚਾਹੁੰਦਾ ਕਿ ਉਸਦਾ ਇਹ ਮਾਮੂਲੀ ਜਿਹਾ ਲਾਭ ਕਿਸੇ ਮਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣੇ। ਜੀਡੀ ਮੁਤਾਬਕ ਕਿਸੇ ਮਾਂ ਨੂੰ ਧੋਖਾ ਦੇਣਾ ਇੱਕ ਮਹਾਂਪਾਪ ਸੀ।

ਪਾਪ ਜਾਂ ਪੁੰਨ ਦਾ ਸੰਦਰਭ ਚਾਹੇ ਕੁਝ ਵੀ ਰਿਹਾ ਹੋਵੇ ਪਰ ਮੈਨੂੰ ਗਰੀਬ ਦਾਸ (ਜੀ ਡੀ) ਦੀ ਜ਼ਮੀਰ ਬਹੁਤ ਹੀ ਅਮੀਰ ਜਾਪ ਰਹੀ ਸੀ। ਮੱਧ ਪ੍ਰਦੇਸ ਦੀ ਜ਼ਮੀਨ ’ਤੇ ਖਲੋਤਿਆਂ ਮੇਰੀ ਸੋਚ ਉਡਰੀ ਮਾਰ ਪੰਜਾਬ ਪਹੁੰਚ ਗਈ ਮੈਨੂੰ ਇਨਸਾਨੀਅਤ ਅਤੇ ਹੈਵਾਨੀਅਤ ਵਿਚਲਾ ਫਰਕ ਨਜ਼ਰ ਆ ਰਿਹਾ ਸੀ। ਪੰਜਾਬ ਦੀ ਧਰਤੀ ’ਤੇ ਵਿਚਰਦੇ ਉਨ੍ਹਾਂ ਲੋਕ ਦੀ ਜ਼ਮੀਰ ਨੂੰ, ਜੋ ਚਿੱਟੇ ਦਾ ਕਾਲਾ ਵਪਾਰ ਕਰਦੇ ਹਨ, ਨਿਸ ਦਿਨ ਮਾਵਾਂ ਦੇ ਪੈਂਦੇ ਡੂੰਘੇ ਵੈਣ ਜ਼ਰਾ ਵੀ ਝੰਜੋੜਾ ਨਹੀਂ ਦਿੰਦੇ। ਕਿਸੇ ਦੀ ਤਲੀ ’ਤੇ ਮੌਤ ਰੱਖਣ ਤੋਂ ਪਹਿਲਾਂ ਜੇਕਰ ਇਨ੍ਹਾਂ ਦੇ ਦਿਮਾਗਾਂ ਵਿੱਚ ਵੀ ਗਰੀਬ ਦਾਸ ਵਰਗੀ ਅਮੀਰ ਸੋਚ ਆ ਜਾਵੇ ਤਾਂ ਪੰਜਾਬੀ ਵਿਹੜਿਆਂ ਵਿੱਚ ਸੱਥਰ ਵਿਛਣੇ ਬੰਦ ਹੋ ਜਾਣ। ਸ਼ਾਲਾ! ਇਹ ਸਭ ਛੇਤੀ ਸੰਭਵ ਹੋਵੇ।

*****

(1264)

About the Author

ਪੁਸ਼ਪਿੰਦਰ ਮੋਰਿੰਡਾ

ਪੁਸ਼ਪਿੰਦਰ ਮੋਰਿੰਡਾ

Morinda, Roopnagar, Punjab, India.
Mobile: (91 - 94170 - 51627)
Email: (kaurpushpinder89@gmail.com)