HazaraSCheema7ਪਿਆਰਾ ਸਿਆਂਖੁਦਾ ਨਾ ਖਾਸਤਾ ਜੇ ਕਿਤੇ ਤੇਰਾ ਕੀਰਤਨ ਸੋਹਿਲਾ ਪੜ੍ਹਿਆ ਜਾਵੇ ਤਾਂ ...
(10 ਨਵੰਬਰ 2017)

 

ਸੰਨ 2002 ਦੀ ਗੱਲ ਹੈਮੈਂ ਪਸ਼ੂਆਂ ਦੇ ਹਸਪਤਾਲ ਭਿਖੀਵਿੰਡ ਵਿਖੇ ਨਵਾਂ ਨਵਾਂ ਤਬਦੀਲ ਹੋ ਕੇ ਆਇਆ ਸਾਂਉੱਥੇ ਮੇਰਾ ਵਾਹ ਜ਼ਿਲ੍ਹਾ ਪ੍ਰੀਸ਼ਦ ਦੇ ਮੁਲਾਜ਼ਮ ਪਿਆਰਾ ਸਿੰਘ ਨਾਲ ਪਿਆ, ਜੋ ਹੈ ਤਾਂ ਭਾਵੇਂ ਅਨਪੜ੍ਹ ਅਤੇ ਅੰਗੂਠਾ ਛਾਪ ਸੀ ਪਰ ਵਿਭਾਗ ਦੇ ਹੋਰਨਾਂ ਦਰਜ਼ਾਚਾਰ ਮੁਲਾਜ਼ਮਾਂ ਵਾਂਗ ਉਹ ਵੀ ਡਾਕਟਰ ਨੂੰ ਦੇਖ-ਦੇਖ ਕੇ ਪਸ਼ੂਆਂ ਦੀਆਂ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਓਹੜ ਪੋਹੜ ਕਰਨ ਜੋਗਾ ਹੋ ਗਿਆ ਸੀਜੇ ਇਉਂ ਕਹਿ ਲਈਏ ਕਿ ਦੁਪਹਿਰੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਵੈਟਨਰੀ ਡਾਕਟਰ ਦੀ ਗੈਰ ਮੌਜੂਦਗੀ ਵਿਚ ਉਹ ਪੂਰਾ ਸੂਰਾ ਡੰਗਰ ਡਾਕਟਰ ਹੋ ਨਿੱਬੜਦਾਪਸ਼ੂ ਪਾਲਕ ਵੀ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਵਾਸਤੇ ਉਸ ਨੂੰ ਹੱਸ ਕੇ ਨਾਲ ਲੈ ਜਾਂਦੇ, ਕਿਉਂਕਿ ਡਾਕਟਰਾਂ ਦੀ ਬਨਿਸਬਤ ਉਸਦੀ ਫੀਸ ਬਹੁਤ ਘੱਟ ਸੀਕਈ ਵਾਰ ਤਾਂ ਉਹ ਘਰ ਦੀ ਕੱਢੀ ਦੇਸੀ ਸ਼ਰਾਬ ਦੇ ਦੋ-ਤਿੰਨ ਪੈੱਗ ਲਾ ਕੇ ਹੀ ਸਾਰ ਲੈਂਦਾ ਸੀਫੀਸ ਨਹੀਂ ਸੀ ਲੈਂਦਾ

ਇੱਕ ਦਿਨ ਇਸੇ ਤਰ੍ਹਾਂ ਸ਼ਰਾਬ ਨਾਲ ਰੱਜਿਆ ਉਹ ਮੇਰੇ ਖਹਿੜੇ ਪੈ ਗਿਆਆਖਣ ਲੱਗਾ, “ਅਫਸਰੋ ... ਤੁਸੀਂ ਮੇਰੇ ਇਕੱਲੇ ਇਕਹਿਰੇ ਮੁੰਡੇ ਨੂੰ ਕਿਤੇ ਨੌਕਰੀ ’ਤੇ ਲਗਵਾ ਦਿਉਉਸ ਨੂੰ ਮੰਡੀ ਵਿੱਚ ਭਾਰੀਆਂ ਬੋਰੀਆਂ ਚੁੱਕਦਿਆਂ ਦੇਖਕੇ ਮੈਨੂੰ ਬੜਾ ਤਰਸ ਆਉਂਦਾ

ਮੈਂ ਉਸ ਨੂੰ ਕਿਹਾ. “ਪਿਆਰਾ ਸਿਆਂ ... ਬੇਰੁਜ਼ਗਾਰੀ ਵਧਣ ਕਰਕੇ ਅੱਜ ਕੱਲ ਨੌਕਰੀ ਮਿਲਣੀ ਬਹੁਤ ਮੁਸ਼ਕਿਲ ਹੈਰਿਸ਼ਵਤ ਦਾ ਬੋਲਬਾਲਾ ਵੀ ਇੰਨਾ ਹੈ ਕਿ ਨੌਕਰੀ ਮਿਲਣਾ ਤਾਂ ਇੱਕ ਪਾਸੇ, ਅੱਜ ਕੱਲ ਤਾਂ ਦਰਜਾ ਚਾਰ ਦੀ ਬਦਲੀ ਵੀ ਮੰਤਰੀ ਦੀ ਸ਼ਿਫਾਰਿਸ਼ ਤੋਂ ਬਿਨਾਂ ਨਹੀਂ ਹੋ ਸਕਦੀ

ਪਰ ਉਹ ਕਿੱਥੇ ਮੰਨੇਆਖਣ ਲੱਗਾ, “ਸਰਦਾਰ ਸਾਹਿਬ ਤੁਸੀਂ ਮੈਨੂੰ ਟਾਲ ਰਹੇ ਹੋਤੁਹਾਡੇ ਬਾਰੇ ਡਾ. ਸਾਹਿਬ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ ਕਿ ਤੁਸੀਂ ਮੁਲਾਜ਼ਮਾਂ ਦੇ ਸੂਬਾਈ ਲੀਡਰ ਹੋਤੁਸੀਂ ਜੇ ਦਿਲੋਂ ਚਾਹੋ ਤਾਂ ਤੁਹਾਡੇ ਵਾਸਤੇ ਇਹ ਖੱਬੇ ਹੱਥ ਦੀ ਖੇਡ ਹੈ

ਖਹਿੜਾ ਛੱਡਦਾ ਨਾ ਦੇਖ ਕੇ ਮੈਂ ਉਸ ਨੂੰ ਕਿਹਾ, “ਅੱਜ ਕੱਲ ਸਭ ਤਰ੍ਹਾਂ ਦੀ ਸਰਕਾਰੀ ਭਰਤੀ ਬੰਦ ਹੈਸਿਰਫ ਸਰਕਾਰੀ ਕਰਮਚਾਰੀ ਦੀ ਮੌਤ ਹੋ ਜਾਣ ਦੀ ਸੂਰਤ ਵਿਚ ਹੀ ਉਸਦੇ ਵਾਰਸਾਂ ਵਿੱਚੋਂ ਕਿਸੇ ਇਕ ਨੂੰ ਪਰਿਵਾਰ ਦੀ ਰੋਟੀ-ਰੋਜ਼ੀ ਚਲਾਉਣ ਲਈ ਤਰਸ ਦੇ ਆਧਾਰ ਉੱਤੇ ਨੌਕਰੀ ਮਿਲ ਸਕਦੀ ਹੈਉਹ ਵੀ ਤਾਂ ਜੇ ਪਰਿਵਾਰ ਦੀ ਮਾਲੀ ਹਾਲਤ ਬਿਲਕੁਲ ਮਾੜੀ ਹੋਵੇਘਰ ਵਿਚ ਕੋਈ ਕਮਾਊ ਮੈਂਬਰ ਨਾ ਹੋਵੇਭਾਵ ਹਾਲਤ ਸੱਚੀਂ-ਮੁੱਚੀਂ ਤਰਸਯੋਗ ਹੋਵੇ।”

ਉਪਰੋਕਤ ਗੱਲ ਕਰਦਿਆਂ ਮੈਂ ਉਸ ਨੂੰ ਬਾਬੇ ਬਕਾਲੇ ਵੱਲ ਦੇ ਇੱਕ ਬਜ਼ੁਰਗ ਬਾਰੇ ਦੱਸਣਾ ਸ਼ੁਰੂ ਕੀਤਾ ਕਿ ਉਹ ਪਿੰਡ ਦੀ ਸੱਥ ਵਿੱਚ ਅੱਤਵਾਦੀਆਂ ਨੂੰ ਰੋਜ ਗਾਹਲਾਂ ਕੱਢਿਆ ਕਰੇਉਹਨਾਂ ਦੀ ਧੀ ਭੈਣ ਇੱਕ ਕਰਿਆ ਕਰੇਆਖਿਆ ਕਰੇ ਕਿ ਉਹ ਕਿਸੇ ਤੋਂ ਨਹੀਂ ਡਰਦਾਅੱਤਵਾਦੀ ਸਭ ਤੋਂ ਪਹਿਲਾਂ ਮੈਨੂੰ ਗੋਲੀਆਂ ਨਾਲ ਭੁੰਨਣਬਜ਼ੁਰਗ ਦੀ ਬਕੜਵਾਰ ਸੁਣਕੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਸਮਝਾਉਂਦੇ – ਬਜ਼ੁਰਗਾ, ਤੂੰ ਆਪ ਤਾਂ ਮਰਨਾ ਹੀ ਹੈ, ਸਾਨੂੰ ਵੀ ਮਰਵਾਏਂਗਾਉਹਨਾਂ ਦੀ ਗੱਲ ਸੁਣਕੇ ਬਜ਼ੁਰਗ ਉਹਨਾਂ ਨੂੰ ਵਿਚਲੀ ਗੱਲ ਦੱਸਦਾ ਹੈ – ਪਤੰਦਰੋ, ਕਿਉਂ ਮੋਕ ਮਾਰੀ ਜਾਂਦੇ ਹੋਮੈਂ ਤਾਂ ਤੁਹਾਡਾ ਹੀ ਬੰਦੋਬਸਤ ਕਰਨ ਲੱਗਾ ਹਾਂਉਏ ਕੰਜਰੋ, ਜੇ ਮੁੰਡੇ ਮੈਨੂੰ ਮਾਰ ਜਾਣਗੇ ਤਾਂ ਤੁਹਾਡੇ ਵਿੱਚੋਂ ਕਿਸੇ ਇੱਕ ਨੂੰ ਸਰਕਾਰੀ ਨੌਕਰੀ ਮਿਲ ਜਾਊ, ਜਿਹੜ ਆਪਣੇ ਵਾਸਤੇ ਸਾਰੀ ਜ਼ਮੀਨ ਗਹਿਣੇ ਧਰਕੇ ਵੀ ਪ੍ਰਾਪਤ ਕਰਨੀ ਔਖੀ ਆਇਹ ਕਹਾਣੀ ਸੁਣਾ ਕੇ ਮੈਂ ਪਿਆਰਾ ਸਿੰਘ ਨੂੰ ਟਿੱਚਰ ਕੀਤੀ, “ਪਿਆਰਾ ਸਿਆਂ, ਖੁਦਾ ਨਾ ਖਾਸਤਾ ਜੇ ਕਿਤੇ ਤੇਰਾ ਕੀਰਤਨ ਸੋਹਿਲਾ ਪੜ੍ਹਿਆ ਜਾਵੇ ਤਾਂ ਤੇਰੇ ਮੁੰਡੇ ਨੂੰ ਨੌਕਰੀ ਪੱਕੀਇਹ ਜ਼ਿੰਮੇਵਾਰੀ ਮੇਰੀ।”

ਸਮਾਂ ਲੰਘਦਾ ਗਿਆਬਾਬੇ ਬਕਾਲੇ ਵਾਲੇ ਬਜ਼ੁਰਗ ਦਾ ਤਾਂ ਪਤਾ ਨਹੀਂ ਕੀ ਬਣਿਆ ਪਰ ਇੱਕ ਦਿਨ ਪਿਆਰਾ ਸਿੰਘ ਦਾ ਸੱਚੀ-ਮੁੱਚੀ ਕੀਰਤਨ ਸੋਹਿਲਾ ਪੜ੍ਹਿਆ ਗਿਆਕਿਸੇ ਬਹਿਕ ’ਤੇ ਮੱਝ ਦੀ ਜ਼ੇਰ ਕੱਢਣ ਗਿਆ, ਜੱਟ ਕੋਲੋਂ ਘਰ ਦੀ ਕੱਢੀ ਦਾਰੂ ਦਾ ਕੁਝ ਜ਼ਿਆਦਾ ਹੀ ਸੇਵਨ ਕਰ ਆਇਆਘਰ ਇਸ ਕਰਕੇ ਨਾ ਗਿਆ ਕਿ ਘਰਵਾਲੀ ਸਮੇਤ ਕੁਆਰੀਆਂ ਮੁਟਿਆਰ ਧੀਆਂ ਲਾਹਨਤਾਂ ਪਾਉਣਗੀਆਂਸੋ ਰਾਤ ਹਸਪਤਾਲ ਵਿਚ ਹੀ ਸੌਂ ਗਿਆਜੂਨ ਦਾ ਮਹੀਨਾ, ਲੋਹੜੇ ਦੀ ਗਰਮੀ ਅਤੇ ਉੱਤੋਂ ਸ਼ਰਾਬ ਦਾ ਅਸਰਬੱਸ ਸੁੱਤਾ ਹੀ ਰਹਿ ਗਿਆਮਾਂ-ਬਾਪ ਦਾ ਪਿਆਰਾ – ਪਿਆਰਾ ਸਿੰਘ ਰੱਬ ਨੂੰ ਪਿਆਰਾ ਹੋ ਗਿਆ

ਪਿਆਰਾ ਸਿੰਘ ਆਪਣੇ ਪਿੱਛੇ ਆਪਣੀ ਵਿਧਵਾ ਤੋਂ ਬਿਨਾਂ ਦੋ ਅਣ ਵਿਆਹੀਆਂ ਜਵਾਨ ਧੀਆਂ ਅਤੇ ਇੱਕ ਇਕਲੌਤਾ ਬੇਰੋਜ਼ਗਾਰ ਪੁੱਤਰ ਛੱਡ ਗਿਆਉਸ ਦੀ ਤਨਖਾਹ ਜੋ ਹੁਣ ਬੰਦ ਹੋ ਜਾਣੀ ਸੀ, ਤੋਂ ਇਲਾਵਾ ਪਰਿਵਾਰ ਕੋਲ ਰੋਟੀ ਰੋਜ਼ੀ ਦਾ ਹੋਰ ਕੋਈ ਸਾਧਨ ਨਹੀਂ ਸੀਚਿਖ਼ਾ ਉੱਪਰ ਪਈ ਪਿਆਰਾ ਸਿੰਘ ਦੀ ਮ੍ਰਿਤਕ ਦੇਹ ਨੂੰ ਜਦੋਂ ਉਸ ਦੇ ਪੁੱਤਰ ਜਸਵਿੰਦਰ ਸਿੰਘ ਨੇ ਅੱਗ ਦਿਖਾਈ ਤਾਂ ਉਸਦੀ ਵਿਧਵਾ ਮਾਂ ਅਤੇ ਭੈਣਾਂ ਦੀ ਵਿਰਲਾਪ ਸੁਣਿਆ ਨਹੀਂ ਸੀ ਜਾਂਦਾਚਿਖ਼ਾ ਬਲਦੀ ਦੇਖ ਪਿਆਰਾ ਸਿੰਘ ਵੱਲੋਂ ਆਪਣੇ ਪੁੱਤ ਜਸਵਿੰਦਰ ਨੂੰ ਨੌਕਰੀ ਉੱਪਰ ਲਗਵਾਉਣ ਵਾਸਤੇ ਮੇਰੇ ਅੱਗੇ ਤਰਲੇ ਕੱਢਦੇ ਦਾ ਦ੍ਰਿਸ਼ ਘੁੰਮਣ ਲੱਗਾਮੈਨੂੰ ਮੇਰੇ ਵੱਲੋਂ ਉਸ ਨੂੰ ਕਹੀ ਗਈ ਗੱਲ ਕਿ ਪਿਆਰਾ ਸਿਆਂ, ਜੇ ਕਿਤੇ ਤੂੰ ਮਰਜੇਂ ਤਾਂ ਤੇਰੇ ਮੁੰਡੇ ਨੂੰ ਸਰਕਾਰੀ ਨੌਕਰੀ ਮਿਲ ਸਕਦੀ ਹੈਇਹ ਜ਼ਿੰਮਾ ਮੇਰਾਬੱਸ ਫਿਰ ਕੀ ਸੀ, ਚਿਖ਼ਾ ਪਾਸ ਖਲੋਤਿਆਂ ਹੀ ਮੈਂ ਫੈਸਲਾ ਕਰ ਲਿਆ ਕਿ ਇਹ ਕੰਮ ਜ਼ਰੂਰ ਕਰਨਾ ਹੈ

ਉਹਨੀਂ ਦਿਨੀ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਵਿੱਚੋਂ ਕਿਸੇ ਇੱਕ ਨੂੰ ਸਰਕਾਰੀ ਨੌਕਰੀ ਦਿੱਤੇ ਜਾਣ ਦੀ ਸੁਵਿਧਾ ਤਾਂ ਸੀ ਪਰ ਸਰਕਾਰ ਵੱਲੋਂ ਢੇਰ ਸਾਰੀਆਂ ਸ਼ਰਤਾਂ ਰੱਖਣ ਕਾਰਨ ਇਹ ਮਿਲਦੀ ਕਿਸੇ ਵਿਰਲੇ ਟਾਂਵੇ ਨੂੰ ਹੀ ਸੀਨੌਕਰੀ ਦੇਣ ਵਾਲੇ ਕੋਲ ਇੱਕ ਘੜਿਆ ਘੜਾਇਆ ਬਹਾਨਾ ਸੀ ਕਿ ਸੁਪਰੀਮ ਕੋਰਟ ਦੀ ਰੂਲਿੰਗ ਅਨੁਸਾਰ ਮ੍ਰਿਤਕ ਦੇ ਵਾਰਸ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਮਿਲਣੀ ਉਸਦਾ ਵਿਧਾਨਕ ਹੱਕ ਨਹੀਂ, ਸਗੋਂ ਇਹ ਉਸਦੀ ਆਰਥਕ ਹਾਲਤ ਉੱਪਰ ਨਿਰਭਰ ਕਰਦਾ ਹੈ ਅਤੇ ਇਹ ਦੇਖਣਾ ਨੌਕਰੀ ਦੇਣ ਵਾਲੇ ਦੇ ਬਿਬੇਕ ਉੱਪਰ ਹੈ, ਕਿਉਂਕਿ ਉਹ ਕਿਸ ਨੂੰ ਨੌਕਰੀ ਦੇਣ ਦੀ ਲੋੜ ਸਮਝਦਾ ਹੈ, ਕਿਸ ਨੂੰ ਨਹੀਂਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਹਨੀਂ ਦਿਨੀਂ ਮ੍ਰਿਤਕ ਦੇ ਵਾਰਿਸ ਪਾਸੋਂ ਇੱਕ ਲੰਮਾ ਚੌੜਾ ਪ੍ਰਫਾਰਮਾ ਭਰਵਾ ਲਿਆ ਜਾਂਦਾ ਸੀ, ਜਿਸ ਵਿਚ ਮ੍ਰਿਤਕ ਮੁਲਾਜ਼ਮ ਦੇ ਪਰਿਵਾਰ ਦੀ ਚੱਲ-ਅਚੱਲ ਜਾਇਦਾਦ, ਗ੍ਰੈਚੂਇਟੀ ਦੀ ਰਕਮ, ਕਮਾਈ ਛੁੱਟੀ ਦਾ ਭੁਗਤਾਨ, ਪ੍ਰਾਈਡੈਂਟ ਫੰਡ ਅਤੇ ਹਰ ਤਰ੍ਹਾਂ ਦੇ ਮਿਲਣ ਵਾਲੇ ਡਿਊਜ਼ ਸਮੇਤ ਮ੍ਰਿਤਕ ਦੇ ਬੈਂਕ ਬੈਂਲੇਸ ਦਾ ਵੇਰਵਾ ਮੰਗਿਆ ਜਾਂਦਾ ਸੀ

ਖ਼ੈਰ, ਕੀਤੇ ਫੈਸਲੇ ਮੁਤਾਬਿਕ ਪਿਆਰਾ ਸਿੰਘ ਦੇ ਪੁੱਤਰ ਲਈ ਤਰਸ ਦੇ ਅਧਾਰ ਉੱਤੇ ਨੌਕਰੀ ਵਾਸਤੇ ਲੋੜੀਂਦੇ ਸਭ ਕਾਗਜ਼ਾਤ ਤਿਆਰ ਕਰਵਾਕੇ ਸਮੇਂ ਸਿਰ ਜ਼ਮ੍ਹਾਂ ਕਰਵਾਉਣ ਉਪਰੰਤ ਵੀ ਮੈਨੂੰ ਨਿਯੁਕਤੀ ਪੱਤਰ ਪ੍ਰਾਪਤ ਕਰਨ ਵਿੱਚ ਪੂਰਾ ਡੇਢ ਸਾਲ ਲੱਗ ਗਿਆਇਸ ਕੰਮ ਲਈ ਦਰਜਨ ਤੋਂ ਵੱਧ ਵਾਰ ਚੰਡੀਗੜ੍ਹ ਜਾਣਾ ਪਿਆਕਈਆਂ ਦੇ ਤਰਲੇ ਕਰਨੇ ਪਏ, ਕਈਆਂ ਕੋਲ ਸ਼ਿਫਾਰਿਸ਼ ਪੁਆਉਣੀ ਪਈਵਿਭਾਗ ਦੇ ਡਾਇਰੈਕਟਰ ਤੋਂ ਲੈ ਕੇ ਸਕੱਤਰ, ਮੰਤਰੀ ਤੱਕ ਪਹੁੰਚ ਕਰਨੀ ਪਈਹਰੇਕ ਨੇ ਕੁਝ ਨਾ ਕੁਝ ਬਹਾਨਾ ਬਣਾ ਕੇ ਟਾਲਣ ਦਾ ਯਤਨ ਕੀਤਾਹਰ ਪੱਧਰ ਦਾ ਅਧਿਕਾਰੀ, ਮੁਫਤ ਵਿਚ ਦਿੱਤੀ ਜਾ ਰਹੀ ਇਸ ਨੌਕਰੀ ਦਾ ਆਪਣੀ ਔਕਾਤ ਅਨੁਸਾਰ ਮੁੱਲ ਵੱਟਣ ਦੀ ਤਵੱਕੋ ਰੱਖਦਾ ਸੀਕਿਸੇ ਨੂੰ ਰਿਸ਼ਵਤ ਦੇਣਾ ਮੇਰੇ ਲਈ ਧਰਮ ਸੰਕਟ ਵਿਚ ਫਸਣਾ ਸੀਆਖ਼ਰ ਡੇਢ ਸਾਲ ਬਾਅਦ ਮੈਂ ਜੱਸੇ ਵਾਸਤੇ ਨਿਯੁਕਤੀ ਪੱਤਰ ਲੈਣ ਵਿਚ ਕਾਮਯਾਬ ਹੋ ਗਿਆਮੇਰੇ ਲਈ ਇਹ ਇੱਲ ਦੇ ਆਹਲਣੇ ਵਿੱਚੋਂ ਮਾਸ ਦੀ ਬੋਟੀ ਲੱਭ ਕੇ ਲਿਆਉਣ ਦੇ ਬਰਾਬਰ ਹੋ ਨਿੱਬੜਿਆ

ਅੱਜ ਕੱਲ ਅਖ਼ਬਾਰਾਂ ਵਿੱਚ ਚਰਚਾ ਹੈ ਕਿ ਪੰਜਾਬ ਵਿਚ ਨਵੀਂ ਬਣੀ ਸਰਕਾਰ ਨੇ ਆਪਣੇ ਚੋਣ ਵਾਅਦੇ “ਹਰ ਪਰਿਵਾਰ ਨੂੰ ਇੱਕ ਨੌਕਰੀ” ਨੂੰ ਆਪਣੀ ਪਾਰਟੀ ਦੇ ਸੀਨੀਅਰ ਆਗੂ, ਸਾਬਕਾ ਮੁੱਖ ਮੰਤਰੀ ਮਰਹੂਮ ਸ. ਬੇਅੰਤ ਸਿੰਘ ਦੇ ਪੋਤਰੇ ਗੁਰਇਕਬਾਲ ਸਿੰਘ ਨੂੰ ਡੀ.ਐੱਸ.ਪੀ. ਦੀ ਨੌਕਰੀ ਦੇ ਕੇ ਪੂਰਾ ਕੀਤਾ ਹੈਇਸ ਤਰ੍ਹਾਂ ਉਸ ਨੇ “ਪ੍ਰਮਾਤਮਾ ਸਭ ਦਾ ਭਲਾ ਕਰੀਂ, ਪਰ ਸ਼ੁਰੂਆਤ ਸਾਡੇ ਤੋਂ ਕਰੀ” ਵਾਲਾ ਫਾਰਮੂਲਾ ਵੀ ਬਾਖ਼ੂਬੀ ਵਰਤ ਲਿਆ ਹੈ

ਆਪਣੀ ਹੀ ਪਾਰਟੀ ਦੇ ਇੱਕ ਸੀਨੀਅਰ ਆਗੂ ਦੇ ਪੋਤਰੇ, ਜਿਸ ਦਾ ਪਰਿਵਾਰ ਕਰੋੜਾਂ ਅਰਬਾਂ ਰੁਪਇਆਂ ਦੀ ਜ਼ਮੀਨ ਜਾਇਦਾਦ ਵਾਲਾ ਹੋਵੇ ਅਤੇ ਜਿਸਦੇ ਦਾਦੇ ਦਾ ਕਤਲ ਹੋਏ ਹੋਏ ਵੀ ਪੰਦਰਾਂ ਸਾਲ ਦਾ ਸਮਾਂ ਹੋ ਗਿਆ ਹੋਵੇ, ਨੂੰ “ਤਰਸ ਦੇ ਅਧਾਰ ਉੱਪਰ ਨੌਕਰੀ ਅਤੇ ਉਹ ਵੀ ਅੱਵਲ ਦਰਜੇ - ਡੀ.ਐੱਸ.ਪੀ. ਦੀ, ਗੱਲ ਸੰਘੋਂ ਨਹੀਂ ਉੱਤਰਦੀਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਕੈਬਨਿਟ ਵੱਲੋਂ ਸੇਵਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂਅੜਿੱਕਾ ਬਣਦੇ ਹਰ ਨਿਯਮ ਦੀ ਭੰਨ ਤੋੜ ਕੀਤੀ ਗਈਡੀ.ਐੱਸ.ਪੀ. ਦੀ ਨੌਕਰੀ ਪ੍ਰਾਪਤ ਕਰਨ ਵਾਲੇ ਇਸ “ਬੇਰੋਜ਼ਗਾਰ ਨੌਜਵਾਨ” ਦੀ ਉਮਰ ਵੀ ਸਰਕਾਰੀ ਭਰਤੀ ਲਈ ਨਿਰਧਾਰਤ ਉੱਪਰਲੀ ਹੱਦ ਪਾਰ ਕਰ ਚੁੱਕੀ ਹੈ। ਉਸ ਦੀ ਵਿੱਦਿਅਕ ਯੋਗਤਾ ਵੀ ਸ਼ੱਕੀ ਹੈ ਕਿਉਂਕਿ ਜਿਸ ਯੂਨੀਵਰਸਿਟੀ ਦੀ ਡਿਗਰੀ ਦੇ ਆਧਾਰ ਉੱਤੇ ਉਸ ਨੂੰ ਨੌਕਰੀ ਦਿੱਤੀ ਗਈ ਹੈ, ਉਸ ਨੂੰ ਪੰਜਾਬ ਸਰਕਾਰ ਮਾਨਤਾ ਹੀ ਨਹੀਂ ਦਿੰਦੀਅਜੇ ਪਿੱਛੇ ਜਿਹੇ ਹੀ ਇਸ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਮੁਲਾਜ਼ਮਾਂ ਦੀ ਪਦ-ਉੱਨਤੀ ਵੀ ਵਾਪਸ ਲੈ ਲਈ ਹੈਕਈਆਂ ਨੂੰ ਤਾਂ ਮੁਅੱਤਲ ਵੀ ਕੀਤਾ ਹੋਇਆ ਹੈਜਿਸ ਤਰਸ ਦੇ ਅਧਾਰ ਉੱਤੇ ਇਹ ਨੌਕਰੀ ਦਿੱਤੀ ਗਈ ਹੈ, ਉਸ ਅਨੁਸਾਰ ਇਹ ਕੇਸ ਤਰਸ (ਮਾੜੀ ਪਰਿਵਾਰਕ ਵਿੱਤੀ ਹਾਲਤ) ਦੇ ਘੇਰੇ ਵਿਚ ਹੀ ਨਹੀਂ ਆਉਂਦਾ

ਆਪਣੀ ਹੀ ਪਾਰਟੀ ਦੇ ਮਰਹੂਮ ਮੁੱਖ ਮੰਤਰੀ ਦੇ ਰੱਜੇ ਪੁੱਜੇ ਪਰਿਵਾਰ ਉੱਪਰ ਇੰਝ “ਤਰਸ” ਕਰਨ ’ਤੇ ਮੇਰੇ ਮਨ ਦਾ ਮੁਰਾਰੀ ਲਾਲ ਬੜਾ ਬੈਚੇਨ ਹੈਵਿਚਾਰਾ, ਪੰਦਰਾਂ ਕੁ ਸਾਲ ਪਹਿਲਾਂ ਇੱਕ ਵਿਧਵਾ ਮਾਂ, ਦੋ ਅਣਵਿਆਹੀਆਂ ਬੇਰੋਜ਼ਗਾਰ ਬੇਬਸ ਭੈਣਾਂ ਅਤੇ ਚਾਰ ਛੋਟੇ ਛੋਟੇ ਬੱਚਿਆਂ ਵਾਲੇ ਬੇਰੋਜ਼ਗਾਰ ਤੇ ਬਿਨਾਂ ਜ਼ਮੀਨ ਜਾਇਦਾਦ ਵਾਲੇ ਜਸਵਿੰਦਰ ਸਿੰਘ ਉਰਫ਼ ਜੱਸੇ ਨੂੰ ਬਾਪ ਦੀ ਮੌਤ ਤੋਂ ਡੇਢ ਸਾਲ ਬਾਅਦ ਸਫਾਈ ਸੇਵਕ ਦੀ ਮਾਮੂਲੀ ਨੌਕਰੀ ਦੇ ਕੇ ਕੀਤੇ ਗਏ ਤਰਸ ਅਤੇ ਅੱਤਵਾਦੀਆ ਹੱਥੋਂ ਮਾਰੇ ਗਏ ਮੁੱਖ ਮੰਤਰੀ, ਜਿਸਦਾ ਪਰਿਵਾਰ ਕਰੋੜਾਂ ਅਰਬਾਂ ਰੁਪਇਆਂ ਦੀ ਜ਼ਮੀਨ ਜਾਇਦਾਦ ਅਤੇ ਕਾਰਾਂ ਕੋਠੀਆਂ ਦਾ ਮਾਲਕ ਹੈ, ਦੇ ਇਕ ਮੈਂਬਰ ਨੂੰ ਬਿਨਾਂ ਮੰਗਿਆਂ ਦਰਜਾ ਅੱਵਲ ਅਧਿਕਾਰੀ ਡੀ.ਐੱਸ.ਪੀ. ਦੀ ਨੌਕਰੀ ਦੇਣ ਲੱਗਿਆਂ ਪਰਿਵਾਰ ਉੱਪਰ ਕੀਤੇ ਗਏ “ਤਰਸ” ਵਿਚਲੀ ਸਮਾਨਤਾ ਸਮਝਣ ਵਿਚ ਅਸਮਰਥ ਹੈ

*****

(891)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਜ਼ਾਰਾ ਸਿੰਘ ਚੀਮਾ

ਡਾ. ਹਜ਼ਾਰਾ ਸਿੰਘ ਚੀਮਾ

Amritsar, Punjab, India.
Phone: (91- 98142 - 81938)
Email: (cheemahazarasingh@gmail.com)