HazaraSCheema7ਡਿੱਗੇ ਪਏ ਮੋਟਰਸਾਈਕਲ ਵਾਲੇ ਨੂੰ ਇੱਕ ਕਾਰ ਵਾਲੇ ਨੇ ਦਰੜ ਦਿੱਤਾ ...
(19 ਮਈ 2018)

 

ਮੇਰੀ ਜੀਵਨ ਸਾਥਣ ਨੂੰ ਵਿਛੜਿਆਂ ਛੇ ਮਹੀਨੇ ਹੋ ਗਏ ਹਨ। ਉਸ ਨਾਲ ਸਲਾਹ ਮਸ਼ਵਰਾ ਕਰਕੇ ਮਿਥੀ ਹੋਈ ਮਿਤੀ ਨੂੰ ਇਕਲੌਤੀ ਬੇਟੀ ਦੀ ਸ਼ਾਦੀ ਕੀਤਿਆਂ ਨੂੰ ਵੀ ਦੋ ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ। ਜੀਵਨ ਸਾਥਣ ਦੇ ਹੁੰਦਿਆਂ, ਉਸ ਵੱਲੋਂ ਦਮੇਂ ਤੇ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨਾਲ ਸੰਘਰਸ਼ ਕਰਦੇ ਸਮੇਂ ਉਸ ਦੇ ਸੰਘਰਸ਼ ਵਿੱਚ ਸਾਥ ਦੇਣ ਦੀ ਪਤੀ ਵਾਲੀ ਜ਼ਿੰਮੇਵਾਰੀ ਨਿਭਾਉਂਦਿਆਂ ਪਤਾ ਵੀ ਨਾ ਲੱਗਣਾ ਕਿ ਕਦੋਂ ਸ਼ਾਮ ਪੈ ਗਈ ਹੈ ਜਾਂ ਕਦੋਂ ਸਵੇਰ ਹੋ ਗਈ ਹੈ। ਉਸ ਦੇ ਵਿਛੋੜੇ ਉਪਰੰਤ ਅਗਲੇਰੇ ਚਾਰ ਮਹੀਨੇ ਉਸੇ ਵੱਲੋਂ ਤੈਅ ਕੀਤੀ ਮਿਤੀ ਨੂੰ ਹੀ ਇਕਲੌਤੀ ਬੇਟੀ ਦੀ ਸ਼ਾਦੀ ਦਾ ਕਾਰਜ ਨੇਪਰੇ ਚਾੜ੍ਹਨ ਲਈ ਲੋੜੀਂਦੇ ਕੰਮਾਂ ਨੇ ਵਿਹਲ ਹੀ ਨਾ ਦਿੱਤੀ ਕਿ ਆਪਣੇ ਬਾਰੇ ਵੀ ਕੁਝ ਸੋਚਿਆ ਜਾਵੇ।

ਬੇਟੀ ਦੀ ਸ਼ਾਦੀ ਹੋਈ ਨੂੰ ਦੋ ਮਹੀਨੇ ਹੋ ਚੁੱਕੇ ਹਨ। ਸਵੇਰੇ ਤੜਕੇ ਉੱਠਕੇ ਯੂਨੀਵਰਸਿਟੀ ਦੇ ਖੁੱਲ੍ਹੇ ਕੈਂਪਸ ਵਿੱਚ ਘੰਟਾ ਕੁ ਸੈਰ ਕਰਨ ਉਪਰੰਤ, ਘਰ ਆਕੇ ਨਹਾਉਣ-ਧੋਣ ਦਾ ਕੰਮ ਨਿਪਟਾ ਕੇ ਸੱਤ ਵਜੇ ਤੱਕ ਚਾਹ ਦਾ ਕੱਪ ਪੀ ਕੇ ਬਰਤਣ ਵਿਹਲੇ ਕਰਨ ਦੇ ਆਹਰ ਵਿੱਚ ਹੁੰਦਾ ਹਾਂ ਤਾਂ ਜੋ ਖਾਣਾ ਬਣਾਉਣ ਵਾਲੀ ਲੜਕੀ ਸਾਰੇ ਬਰਤਣ ਮਾਂਜ ਜਾਵੇ। ਰਾਤ ਦਾ ਖਾਣਾ ਵੀ ਜਲਦੀ ਖਾਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਦੁਪਹਿਰ ਦੇ ਸਮੇਂ ਬਣੇ ਫੁਲਕੇ ਹੋਰ ਬੇਹੇ ਨਾ ਹੋ ਜਾਣ। Early to bed and early to rise makes a man healthy, wealthy and wise ਦਾ ਵੀ ਮਨ ਉੱਪਰ ਅਸਰ ਹੋਣ ਕਾਰਨ ਮੈਂ ਜਲਦੀ ਹੀ ਸੌਣ ਦੀ ਕੋਸ਼ਿਸ਼ ਕਰਦਾ ਹਾਂ।

ਕੁਝ ਦਿਨ ਤਾਂ ਇਹ ਰੁਟੀਨ ਠੀਕ ਠਾਕ ਚੱਲਦਾ ਰਿਹਾ ਪਰ ਇੱਕ ਦਿਨ ਅਚਾਨਕ ਅੱਧੀ ਰਾਤ ਨੂੰ ਨੀਂਦ ਉੱਖੜ ਗਈ। ਉੱਠਕੇ ਬੈਠ ਗਿਆ। ਕਦੇ ਬਾਥਰੂਮ ਚਲਾ ਜਾਂਦਾ, ਕਦੇ ਰਸੋਈ ਵਿੱਚੋਂ ਪਾਣੀ ਦਾ ਗਲਾਸ ਪੀਣ ਚਲਾ ਜਾਂਦਾ। ਫਿਰ ਬੈੱਡ ਉੱਪਰ ਲੇਟ ਜਾਂਦਾ। ਪਰ ਨੀਂਦ ਸੀ ਕਿ ਆਉਣ ਦਾ ਨਾਂ ਹੀ ਨਹੀਂ ਸੀ ਲੇ ਰਹੀ। ਸੋਚਣ ਲੱਗਿਆ ਕਿ ਮੇਰੇ ਨਾਲ ਇਹ ਕੀ ਭਾਣਾ ਵਾਪਰ ਗਿਆ? ਜੀਵਨ ਸਾਥਣ ਇੰਜ ਅੱਧ ਵਿਚਕਾਰ ਕਿਉਂ ਛੱਡ ਕੇ ਚਲਦੀ ਬਣੀ? ਇੱਕੋ ਇੱਕ ਬੇਟੀ ਸੀ, ਉਹ ਵੀ ਵਿਆਹ ਉਪਰੰਤ ‘ਆਪਣੇ’ ਘਰ ਚਲੀ ਗਈ। ਮਨ ਵਿੱਚ ਆਇਆ ਕਿ ਬੱਚੇ ਘੱਟੋ-ਘੱਟ ਦੋ ਜ਼ਰੂਰ ਹੋਣੇ ਚਾਹੀਦੇ ਹਨ। ਬੇਟੀ ਦੇ ਵਿਆਹ ਉਪਰੰਤ ਚਲੇ ਜਾਣ ਤੇ ਮੇਰੇ ਪਾਸ ਬੇਟਾ ਤਾਂ ਰਹਿੰਦਾ। ਜਿਸ ਦੇ ਪ੍ਰੀਵਾਰ ਵਿੱਚ ਮੈਂ ਪਰਚਿਆ ਰਹਿੰਦਾ। ਆਪਣਾ ਬੁਢਾਪਾ ਕੱਟ ਲੈਂਦਾ। ਫਿਰ ਮੈ ਸੋਚਣ ਲੱਗਿਆ, ਜੇ ਬੇਟਾ ਵੀ ਹੁੰਦਾ ਤਾਂ ਫਿਰ ਵੀ ਕੀ ਗਾਰੰਟੀ ਸੀ ਕਿ ਉਹ ਮੇਰੇ ਕੋਲ ਹੀ ਰਹਿੰਦਾ? ਉਹ ਵੀ ਮੇਰੀ ਕਲੋਨੀ ਦੇ ਹੋਰਨਾਂ ਬੱਚਿਆਂ/ਬੇਟਿਆਂ ਵਾਂਗ ਰੁਜ਼ਗਾਰ ਦੀ ਖਾਤਰ ਪੰਜਾਬ ਜਾਂ ਦੇਸ ਤੋਂ ਬਾਹਰ ਜਾਣ ਲਈ ਮਜਬੂਰ ਹੁੰਦਾ।

ਜੇ ਰੱਬ ਦੀ ਹੋਂਦ ਨੂੰ ਮੰਨਦਾ ਹੁੰਦਾ ਤਾਂ ਉਸ ਨੂੰ ਮਿਹਣਾ ਮਾਰਦਾ ਕਿ ਉਸਨੇ ਮੇਰੇ ਨਾਲ ਕਿਹੜੀ ਗੱਲ ਦਾ ਵੈਰ ਕਮਾਇਆ ਹੈ? ਮੇਰੇ ਕੋਲੋਂ ਮੇਰੀ ਜੀਵਨ ਸਾਥਣ ਸਮੇਂ ਤੋਂ ਪਹਿਲਾਂ ਖੋਹਕੇ ਮੇਰੇ ਨਾਲ ਜੱਗੋਂ ਤੇਰ੍ਹਵੀਂ ਕਿਉਂ ਕੀਤੀ ਹੈ? ਪਰ ਮੈਂ ਆਸਤਿਕ ਨਹੀਂ ਹਾਂ। ਮੈਂ ਜਾਣ ਬੁੱਝ ਕੇ ਨਾਸਤਿਕ ਹੋਣ ਦਾ ਔਖਾ ਰਾਹ ਚੁਣਿਆ ਹੈ। ਇਸੇ ਲਈ ਨਿੱਕੀ ਨਿੱਕੀ ਗੱਲ ਦੀ ਤਹਿ ਤੱਕ ਜਾਣ, ਆਖਿਰ ਸਚਾਈ ਹੈ ਕੀ, ਦੀ ਭਾਲ ਵਿੱਚ ਨਿਕਲਣ, ਸਦੀਆਂ ਪੁਰਾਣੀਆਂ ਰਿਵਾਇਤੀ ਮਿੱਥਾਂ ਨੂੰ ਤੋੜਨ ਦੀ ਦਲੇਰੀ ਰੱਖਣ ਦਾ ਭਰਮ ਪਾਲਦਾ ਹਾਂ ਅਤੇ ਅਚਾਨਕ ਕੋਈ ਫੈਸਲਾ ਕਰਦਾ ਹਾਂ।

ਅਗਲੀ ਸਵੇਰ ਖਾਣਾ ਬਣਾਉਣ ਵਾਲੀ ਲੜਕੀ ਨੂੰ ਮੈਂ ਆਖਿਆ ਕਿ ਬੇਟੀ ਵਾਲੀ ਐਕਟਿਵਾ ਵੇਚ ਦੇਣੀ ਹੈ। ਅਗਲੇ ਦਿਨ ਉਹ ਐਕਟਿਵਾ ਦਾ ਗਾਹਕ ਲੈ ਆਈ। ਮੈਂ ਬਿਨਾਂ ਬੇਟੀ ਤੋਂ ਪੁੱਛੇ ਐਕਟਿਵਾ ਵੇਚ ਦਿੱਤੀ।

ਹੁਣ ਸ਼ਾਮ ਹੋਈ ਨੂੰ ਸਾਈਕਲ ਚੁੱਕਦਾ ਹਾਂ। ਚੌਦਾਂ-ਪੰਦਰਾਂ ਕਿਲੋਮੀਟਰ ਸਾਈਕਲ ਚਲਾਕੇ ਘਰ ਮੁੜਦਾ ਹਾਂ। ਨਹਾ-ਧੋ ਕੇ ਖਾਣਾ ਖਾਣ ਲੱਗੇ ਨੂੰ ਨੌ ਵੱਜ ਜਾਂਦੇ ਹਨ। ਥਕਾਵਟ ਹੋਣ ਕਾਰਨ ਝੱਟ ਨੀਂਦ ਆ ਜਾਂਦੀ ਹੈ। ਰਾਤ ਨੂੰ ਵੀ ਨੀਂਦ ਨਹੀਂ ਉੱਖੜਦੀ। ਨਾ ਨੀਂਦ ਉੱਖੜੇ, ਨਾ ਮਨ ਵਿਚ ਨਾਂਹ ਪੱਖੀ ਵਿਚਾਰ ਆਉਣ। ਨਾ ਬਾਂਸ ਰਿਹਾ. ਨਾ ਬੰਸਰੀ।

ਸਵੇਰੇ 6-7 ਕਿਲੋਮੀਟਰ ਪੈਦਲ ਚੱਲਣਾ ਅਤੇ ਸ਼ਾਮ ਨੂੰ 14-15 ਕਿਲੋਮੀਟਰ ਸਾਈਕਲ ਚਲਾਉਣਾ ਨਿੱਤ ਦਾ ਕੰਮ ਹੋ ਗਿਆ। ਭਾਰ ਥਾਂ ਸਿਰ ਆ ਗਿਆ, ਪੇਟ ਅੰਦਰ ਨੂੰ ਹੋ ਗਿਆ, ਫੁਰਤੀ ਵਾਪਸ ਆ ਗਈ।

ਪਰ ਇੱਕ ਦਿਨ ਇਸੇ ਤਰ੍ਹਾਂ ਰੋਜ਼ਾਨਾ ਵਾਂਗ ਮੈਂ ਸਾਈਕਲ ਤੇ ਸਟੇਸ਼ਨ ਵੱਲ ਜਾ ਰਿਹਾ ਸੀ। ਮੇਰੇ ਅੱਗੇ ਜਾ ਰਹੀ ਸਵਿਫਟ ਕਾਰ ਬਿਨਾਂ ਇਸ਼ਾਰਾ ਦਿੱਤੇ ਇੱਕਦਮ ਸੱਜੇ ਪਾਸੇ ਮੁੜੀ। ਉਸ ਨੂੰ ਦੇਖ ਕੇ ਮੈਂ ਵੀ ਸਾਈਕਲ ਸੱਜੇ ਵੱਲ ਕਰ ਲਿਆ। ਇੰਨੇ ਨੂੰ ਪਿੱਛੋਂ ਤੇਜ਼ ਰਫਤਾਰ ਆ ਰਿਹਾ ਇੱਕ ਮੋਟਰਸਾਈਕਲ ਮੇਰੇ ਵਿੱਚ ਆਣ ਵੱਜਦਾ ਹੈ। ਮੇਰੀ ਚੀਕ ਨਿੱਕਲ ਗਈ। ਗਿੱਟਾ ਛਿੱਲਿਆ ਗਿਆ। ਅੱਡੀ ਵਿੱਚ ਅਸਹਿ ਪੀੜ ਹੋਣ ਲੱਗੀ, ਸ਼ਾਇਦ ਕੋਈ ਹੱਡੀ ਟੁੱਟ ਗਈ ਸੀ। ਸਰੀਰ ਦਾ ਸਾਰਾ ਭਾਰ ਪੈਣ ਕਰਕੇ ਸੱਜਾ ਹੱਥ ਵੀ ਠੁਕ ਗਿਆ। ਸਾਈਕਲ ਦਾ ਚੱਕਾ ਦੂਹਰਾ ਹੋ ਗਿਆ। ਅਸਹਿ ਪੀੜ ਨਾਲ ਕਰਾਹੁੰਦਾ ਮੈਂ ਅਜੇ ਉੱਠਣ ਦੀ ਹਿੰਮਤ ਹੀ ਕਰਨ ਲੱਗਾ ਸੀ ਕਿ ਡਿੱਗੇ ਪਏ ਮੋਟਰਸਾਈਕਲ ਵਾਲੇ ਨੂੰ ਇੱਕ ਕਾਰ ਵਾਲੇ ਨੇ ਦਰੜ ਦਿੱਤਾ। ਉਸ ਕਾਰ ਵਾਲੇ ਉੱਪਰ ਮੈਂ ਚੀਕਣ ਲੱਗਿਆ ਕਿ ਲੋਕ ਅੱਗਾ ਪਿੱਛਾ ਦੇਖਕੇ ਗੱਡੀ ਕਿਉਂ ਨਹੀਂ ਚਲਾਉਂਦੇ। ਕਾਰ ਵਾਲਾ ਮੇਰੀ ਗੱਲ ਦਾ ਜਵਾਬ ਦੇਣ ਦੀ ਬਜਾਏ ਮੇਰੇ ਸਾਈਕਲ ਵੱਲ ਦੇਖ ਕੇ ਉਲਟਾ ਮੈਨੂੰ ਨਸੀਹਤ ਦੇਣ ਲੱਗ ਪਿਆ, “ਸਰਦਾਰ ਸਾਹਿਬ, ਜੀ ਟੀ ਰੋਡ ਉੱਪਰ ਸਾਈਕਲ ਕੌਣ ਚਲਾਉਂਦਾ ਹੈ? ਜੇ ਬਹੁਤਾ ਹੀ ਸ਼ੌਕ ਹੈ ਸਾਈਕਲ ਚਲਾਉਣ ਦਾ ਤਾਂ ਕਿਸੇ ਖੁੱਲ੍ਹੇ ਥਾਂ ਜਾ ਕੇ ਚਲਾਇਆ ਕਰੋ।”

ਮੈਂ ਨਿਰਉੱਤਰ ਹੋ ਗਿਆ, ਸੋਚਣ ਲੱਗਿਆ ਕਿ ਮੈਂ ਤਾਂ ਭਲਾ ਆਪਣੀ ਵਿਹਲ ਨੂੰ ਕਿਸੇ ਆਹਰੇ ਲਾਉਣ ਜਾਂ ਸਕੂਟਰ ਮੋਟਰ ਸਾਈਕਲਾਂ ਵੱਲੋਂ ਵਾਤਾਵਰਣ ਵਿੱਚ ਫੈਲਾਏ ਜਾ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਵਾਸਤੇ ਸਕੂਟਰ ਨੂੰ ਛੱਡ ਸਾਈਕਲ ਚਲਾਉਣ ਦਾ ਰਾਹ ਫੜਿਆ ਹੈ ਪਰ ਰੋਜ਼ ਦਿਹਾੜੇ ਆਪਣੇ ਕੰਮਾਂ ਕਾਰਾਂ ਲਈ ਜਾਂ ਰੋਟੀ ਰੋਜ਼ੀ ਕਮਾਉਣ ਖਾਤਰ ਆਪਣੇ ਘਰਾਂ, ਪਿੰਡਾਂ ਤੋਂ ਸ਼ਹਿਰ ਆਉਣ ਜਾਣ ਵਾਲੇ ਮਿਹਨਤਕਸ਼ ਮਜ਼ਦੂਰ, ਜਿਨ੍ਹਾਂ ਪਾਸ ਨਾ ਬੱਸ ਜਾਂ ਆਟੋ ਦੇ ਕਿਰਾਏ ਲਈ ਪੈਸੇ ਹਨ, ਨਾ ਹੀ ਉਹਨਾਂ ਦੀ ਸਕੂਟਰ ਮੋਟਰ ਸਾਈਕਲ ਖਰੀਦ ਸਕਣ ਦੀ ਸਮਰੱਥਾ ਹੁੰਦੀ ਹੈ, ਉਹਨਾਂ ਪਾਸ ਸਿਰਫ ਸਾਈਕਲ ਦੀ ਸਵਾਰੀ ਹੀ ਹੁੰਦੀ ਹੈ, ਉਹ ਵਿਚਾਰੇ ਕਿੱਧਰ ਜਾਣ? ਕੀ ਸਾਨੂੰ ਚੀਨ ਵਾਂਗ ਬੇਲੋੜੀਆਂ ਕਾਰਾਂ, ਸਕੂਟਰ ਮੋਟਰਸਾਈਕਲ ਚਲਾਉਣ ਉੱਪਰ ਪਾਬੰਦੀ ਨਹੀਂ ਲਗਾ ਦੇਣੀ ਚਾਹੀਦੀ?

*****

(1157)

About the Author

ਡਾ. ਹਜ਼ਾਰਾ ਸਿੰਘ ਚੀਮਾ

ਡਾ. ਹਜ਼ਾਰਾ ਸਿੰਘ ਚੀਮਾ

Amritsar, Punjab, India.
Phone: (91- 98142 - 81938)
Email: (cheemahazarasingh@gmail.com)