HazaraSCheema7“ਮੇਰੇ ਮਨ ਵਿੱਚ ਆਇਆ, ਉਸ ਨੂੰ ਕਹਾਂ, “ਚੁਆਨੀ ਦੀ ਮਹਿੰਦੀ ਲਾ ਕੇ ਐਂਵੇਂ ਜੁਆਨ ਨਾ ਬਣਿਆ ਫਿਰ ...””
(9 ਸਤੰਬਰ 2016)


ਇੱਕ ਦਿਨ ਸੁਵਿਧਾ ਕੇਂਦਰ ਵਿਚ ਰਾਸ਼ਨ ਕਾਰਡ ਬਣਾਉਣ ਲਈ ਫਾਰਮ ਜਮ੍ਹਾਂ ਕਰਵਾਕੇ ਮੈਂ ਕਚਹਿਰੀਆਂ ਲਾਗੇ ਕਿਚਲੂ ਚੌਂਕ ਪਾਰ ਕਰਨ ਲੱਗਾ ਹੀ ਸਾਂ ਕਿ ਅਚਾਨਕ ਲਾਲ ਬੱਤੀ ਹੋ ਜਾਣ ਕਾਰਨ ਕਾਰ ਨੂੰ ਇਕ
ਦਮ ਬਰੇਕ ਲਗਾਉਣੀ ਪਈ। ਅਜਿਹਾ ਸ਼ਾਇਦ ਮੈਂ ਨਾ ਕਰਦਾ ਜੇ ਦੋ ਕੁ ਮਹੀਨੇ ਪਹਿਲਾਂ ਇਸੇ ਤਰ੍ਹਾਂ ਲਾਲ ਬੱਤੀ ਲੰਘਣ ਕਰਕੇ ਚਲਾਨ ਨਾ ਭੁਗਤਿਆ ਹੁੰਦਾ। ਪਰ ਅੱਜ ਮੈਂ ਦੇਖਿਆ ਕਿ ਲਾਲ ਬੱਤੀ ਹੋਣ ਦੇ ਬਾਵਜੂਦ ਮੇਰੇ ਖੱਬਿਓਂ-ਸੱਜਿਓਂ ਵਾਹਨ ਲਗਾਤਾਰ ਬੜੀ ਤੇਜ਼ੀ ਨਾਲ ਲੰਘੀ ਜਾ ਰਹੇ ਸਨ। ਇੱਕ ਮੈਂ ਸੀ ਜੋ ਲਾਲ ਬੱਤੀ ਨੂੰ ਪਾਰ ਕਰਨ ਦੀ ਉਲੰਘਣਾ ਕਰਨ ਦਾ ਹੀਆ ਨਹੀਂ ਸੀ ਕਰ ਰਿਹਾ। ਮੇਰੇ ਪਿੱਛੇ ਵਾਲੀ ਕਾਰ ਦਾ ਸ਼ਖ਼ਸ ਜ਼ੋਰ-ਜ਼ੋਰ ਨਾਲ ਹਾਰਨ ਵਜਾ ਕੇ ਮੈਨੂੰ ਕਾਰ ਅੱਗੇ ਤੋਰਨ ਲਈ ਉਕਸਾਉਣ ਲੱਗਾ ਪਰ ਮੈਂ ਚਲਾਨ ਕੱਟੇ ਜਾਣ ਦੇ ਡਰ ਕਾਰਨ ਉਸਦੇ ਹਾਰਨ ਵੱਲ ਧਿਆਨ ਨਹੀਂ ਦਿੱਤਾ। ਅਖੀਰ ਉਹ ਸ਼ਖ਼ਸ ਗੱਡੀ ਬੈਕ ਕਰਕੇ ਫਟਾਫਟ ਮੇਰੇ ਖੱਬੇ ਪਾਸਿਓਂ ਕੱਢ ਕੇ ਔਹ ਗਿਆ। ਲਾਗਿਓਂ ਲੰਘਣ ਲੱਗਾ ਉਹ ਇਹ ਮਿਹਣਾ ਵੀ ਮਾਰ ਗਿਆ, ਬਾਪੂ, ਤੇਰੇ ’ਕੱਲੇ ਦਾ ਨਹੀਂ ਚਲਾਨ ਕੱਟਣ ਲੱਗਾ ਕੋਈ।”

ਉਸਦੇ ਵੱਲੋਂ ਮੈਨੂੰ ਬਾਪੂ ਕਹਿਣ ’ਤੇ ਮੇਰੇ ਮਨ ਵਿੱਚ ਆਇਆ, ਉਸ ਨੂੰ ਕਹਾਂ, “ਚੁਆਨੀ ਦੀ ਮਹਿੰਦੀ ਲਾ ਕੇ ਐਂਵੇਂ ਜੁਆਨ ਨਾ ਬਣਿਆ ਫਿਰ।” ਪਰ ਮੈਂ ਝਿਜਕ ਗਿਆ।

ਇਸੇ ਤਰ੍ਹਾਂ ਕੁਝ ਦਿਨ ਪਹਿਲਾਂ ਮੈਂ ਬੇਟੀ ਦਾ ਡਰਾਈਵਿੰਗ ਲਾਇਸੈਂਸ ਬਣਾਉਣ ਵਾਸਤੇ ਲਾਈਨ ਵਿੱਚ ਲੱਗਾ ਹੋਇਆ ਸਾਂ। ਲਾਈਨ ਕਾਫ਼ੀ ਲੰਬੀ ਸੀ। ਕਾਊਂਟਰ ’ਤੇ ਬੈਠਾ ਕਲਰਕ ਸੁਸਤ ਚਾਲ ਚੱਲਦਾ ਹੋਣ ਕਰਕੇ ਇਹ ਲਾਈਨ ਲੰਬੀ ਹੋ ਰਹੀ ਸੀ। ਉੱਪਰੋਂ ਬਿਜਲੀ ਗੁੱਲ ਹੋ ਜਾਣ ਕਾਰਨ ਕੋਈ ਪੱਖਾ ਆਦਿ ਵੀ ਨਹੀਂ ਸੀ ਚੱਲ ਰਿਹਾ। ਸਭਨਾਂ ਦਾ ਮਨ ਕਾਹਲਾ ਪੈ ਰਿਹਾ ਸੀ। ਇੰਨੇ ਨੂੰ ਇੱਕ ਚਿੱਟੇ ਕੁੜਤੇ ਪਜਾਮੇ ਅਤੇ ਮਹਿੰਗੇ ਬੂਟਾ ਵਾਲਾ ਨੌਜਵਾਨ ਅੰਦਰ ਆਇਆ ਅਤੇ ਕਾਊਂਟਰ ਵਾਲੇ ਕਲਰਕ ਨੂੰ ਕਾਗ਼ਜ਼ ਫੜਾਉਣ ਲੱਗਿਆ। ਅਸੀਂ ਲਾਈਨ ਵਿਚ ਖਲੋਣ ਵਾਲਿਆਂ ਨੇ ਰੌਲਾ ਪਾਇਆ ਅਤੇ ਦਲੀਲ ਦਿੱਤੀ ਕਿ ਉਹ ਵੀ ਸਾਡੇ ਵਾਂਗ ਲਾਈਨ ਵਿੱਚ ਖਲੋਵੇ। ਪਰ ਉਹ ਘੂਰਦੀਆਂ ਅੱਖਾਂ ਨਾਲ ਸਾਡੇ ਵੱਲ ਇੰਝ ਝਾਕਿਆ ਜਿਵੇਂ ਇਕੱਲੇ ਇਕੱਲੇ ਨਾਲ ਸਿੱਝਣ ਦੀ ਧਮਕੀ ਦੇ ਰਿਹਾ ਹੋਵੇ। ਇੰਨੇ ਨੂੰ ਕਲਰਕ ਨੇ ਆਵਾਜ਼ ਮਾਰਕੇ ਆਪ ਹੀ ਉਸਦੇ ਕਾਗਜ਼ ਫੜ ਲਏ ਅਤੇ ਕੈਮਰੇ ਸਾਹਮਣੇ ਖਲ੍ਹਾਰ ਕੇ ਫੋਟੋ ਵੀ ਖਿੱਚ ਲਈ। ਅਸੀਂ ਲਾਈਨ ਵਿੱਚ ਲੱਗੇ ਸਭ ਬੁੜਬੁੜਾਉਣ ਲੱਗੇ। ਮੈਂ ਸਿਰਫ ਇੰਨਾ ਹੀ ਕਹਿ ਸਕਿਆ, ਇੱਥੇ ਇਕੱਲਾ ਮਨਮੋਹਨ ਸਿੰਘ ਕੀ ਕਰੂ। ਉਹਦੇ ਵੱਲੋਂ ਲਾਈਨ ਵਿਚ ਲੱਗਕੇ ਡਰਾਈਵਿੰਗ ਲਾਇਸੈਂਸ ਬਣਾਉਣ ਨਾਲ ਦੁਨੀਆ ਸੁਧਰਨ ਵਾਲੀ ਨਹੀਂ।”

ਕਈ ਵਾਰ ਸੋਚੀਦਾ ਹੈ ਕਿ ਸਾਨੂੰ ਭਾਰਤੀਆਂ ਨੂੰ ਏਨੀ ਕਾਹਲ ਕਿਉਂ ਹੈ? ਅਸੀਂ ਕਿਉਂ ਨਹੀਂ ਕੋਈ ਕੰਮ ਕਾਇਦੇ ਸਿਰ ਕਰਦੇ? ਚੌਰਾਹੇ ਵਿਚ ਲਾਲ ਬੱਤੀ ਤੋਂ ਅਕਸਰ ਅਸੀਂ ਰੁਕਦੇ ਕਿਉਂ ਨਹੀਂ? ਕਿਉਂ ਅਸੀਂ ਸਿਰਫ਼ ਪੁਲਿਸ ਵਾਲੇ ਡੰਡੇ ਦੀ ਉਡੀਕ ਕਰਦੇ ਹਾਂ? ਬਿਜਲੀ ਪਾਣੀ ਆਦਿ ਦਾ ਬਿੱਲ ਜਮ੍ਹਾਂ ਕਰਵਾਉਣ ਲੱਗਿਆਂ ਲਾਈਨ ਤੋੜ ਕੇ ਕਿਉਂ ਅਸੀਂ ਅੱਗੇ ਲੱਗਣ ਦੀ ਕੋਸ਼ਿਸ਼ ਕਰਦੇ ਹਾਂ? ਸਕੂਟਰ-ਮੋਟਰਸਾਈਕਲ ਚਲਾਉਣ ਲੱਗਿਆਂ ਲਾਈਨ ਤੋੜ ਕੇ ਕਿਉਂ ਅਸੀਂ ਅੱਗੇ ਲੱਗਣ ਦੀ ਕੋਸ਼ਿਸ਼ ਕਰਦੇ ਹਾਂ? ਸਕੂਟਰ-ਮੋਟਰਸਾਈਕਲ ਚਲਾਉਣ ਲੱਗਿਆਂ ਅਸੀਂ ਹੈਲਮੈਟ ਨੂੰ ਸਿਰ ਉੱਤੇ ਰੱਖਣ ਦੀ ਬਜਾਏ ਹੱਥ ਵਿੱਚ ਫੜਨ ਨੂੰ ਆਪਣੀ ਟੌਹਰ ਸਮਝਦੇ ਹਾਂ ਅਤੇ ਕਿਸੇ ਨਾਕੇ ’ਤੇ ਪੁਲਿਸ ਵਾਲੇ ਨੂੰ ਦੇਖ ਕੇ ਹੀ ਸਿਰ ਉੱਪਰ ਟਿਕਾਉਣ ਦੀ ਖੇਚਲ ਕਰਦੇ ਹਾਂ? ਕੀ ਆਜ਼ਾਦੀ ਸਾਨੂੰ ਇਸ ਚੀਜ਼ ਦੀ ਮਿਲੀ ਹੈ ਕਿ ਅਸੀਂ ਆਪਣੀ ਸੁਰੱਖਿਆ ਅਤੇ ਸਹੂਲਤ ਲਈ ਬਣੇ ਨਿਯਮਾਂ ਨੂੰ ਤੋੜਨਾ ਆਪਣੀ ਸ਼ਾਨ ਸਮਝੀਏ। ਆਪਣੇ ਦੇਸ਼ ਵਿੱਚ ਨਿਯਮਾਂ ਦੀਆਂ ਇਸ ਤਰ੍ਹਾਂ ਧੱਜੀਆਂ ਉਡਾਉਣ ਵਾਲੇ ਜਦੋਂ ਬਾਹਰਲੇ ਮੁਲਕਾਂ ਵਿਚ ਦੋ ਚਾਰ ਸਾਲ ਲਾ ਕੇ ਵਾਪਸ ਮੁੜਦੇ ਹਨ ਤਾਂ ਉਹ ਉੱਥੋਂ ਦੇ ਪ੍ਰਬੰਧ ਅਤੇ ਨਿਯਮਾਂ ਦੀਆਂ ਸਿਫ਼ਤਾਂ ਕਰਦੇ ਨਹੀਂ ਥੱਕਦੇ ਕਿ ਉੱਥੇ ਆਹ ਗੱਲ ਵਧੀਆ ਹੈ, ਉੱਥੇ ਔਹ ਗੱਲ ਵਧੀਆ ਹੈ। ਅਖੇ ਅਮਰੀਕਾ, ਕੈਨੇਡਾ ਵਿੱਚ ਲਾਲ ਬੱਤੀ ਸਮੇਂ ਭਾਵੇਂ ਕੋਈ ਟਰੈਫਿਕ ਹੋਵੇ ਜਾਂ ਨਾ ਹੋਵੇ, ਹਰ ਕੋਈ ਲਾਲ ਬੱਤੀ ’ਤੇ ਰੁਕ ਕੇ ਹੀ ਲੰਘਦਾ ਹੈ। ਅੰਗਰੇਜ਼ਾਂ ਬਾਰੇ ਕਹਿਣਗੇ ਕਿ ਉਹ ਵਾਰੀ ਸਿਰ ਕੰਮ ਕਰਵਾਉਣ ਲਈ ਲਾਈਨ ਵਿਚ ਖੜ੍ਹਨ ਦੇ ਨਿਯਮ ਦਾ ਬਹੁਤ ਪਾਲਣ ਕਰਦੇ ਹਨ। ਇਸ ਸਬੰਧੀ ਮਜ਼ਾਕ ਨਾਲ ਕਿਹਾ ਜਾਂਦਾ ਹੈ ਕਿ ਜੇ ਕਿਸੇ ਅੰਗਰੇਜ਼ ਨੇ ਕੋਈ ਕੰਮ ਕਰਵਾਉਣਾ ਹੋਵੇ ਤਾਂ ਉਹ ਇਕੱਲਾ ਵੀ ਲਾਈਨ ਵਿੱਚ ਹੀ ਖਲੋਵੇਗਾ।

ਨਿਯਮ ਅਕਸਰ ਬੱਚੇ, ਬੁੱਢੇ, ਔਰਤ ਅਤੇ ਬੇਸਹਾਰਾ ਆਦਿ ਨੂੰ ਬਰਾਬਰ ਦਾ ਮੌਕਾ ਦੇਣ ਲਈ ਬਣਾਏ ਜਾਂਦੇ ਹਨ। ਸਾਡੇ ਵਿੱਚੋਂ ਬਹੁਤੇ ਉਹ ਹਨ ਜੋ ਮੌਕੇ ਨੂੰ ਆਪਣੇ ਹੱਥ ਲੈਣ ਲਈ ਹਰ ਹੀਲਾ ਵਰਤਦੇ ਹਨ। ਉਨ੍ਹਾਂ ਅਨੁਸਾਰ ਬੰਦੇ ਤਾਂ ਸਾਰੇ ਬਰਾਬਰ ਹਨ, ਪਰ ਉਹ ਦੂਜਿਆਂ ਤੋਂ ਜ਼ਰਾ ਖ਼ਾਸ ਹਨ। ਉਹ ਸ਼ਾਇਦ ਇਹ ਸਮਝਦੇ ਹਨ ਕਿ ਜ਼ਿੰਦਗੀ ਬੜੀ ਛੋਟੀ ਹੈ, ਇਸ ਨੂੰ ਜਿਵੇਂ-ਕਿਵੇਂ ਦਾਅ ਘਾਹ ਲਾ ਕੇ, ਨਿਯਮ ਤੋੜਕੇ, ਦੂਜਿਆਂ ਤੋਂ ਅੱਗੇ ਲੰਘ ਕੇ ਇਸ ਵਿੱਚ ਵਧੇਰੇ ਖੁਸ਼ੀ ਤੇ ਖੇੜਾ ਲਿਆਂਦਾ ਜਾ ਸਕਦਾ ਹੈ।

*****

(422)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਹਜ਼ਾਰਾ ਸਿੰਘ ਚੀਮਾ

ਡਾ. ਹਜ਼ਾਰਾ ਸਿੰਘ ਚੀਮਾ

Amritsar, Punjab, India.
Phone: (91- 98142 - 81938)
Email: (cheemahazarasingh@gmail.com)