RanjitSGhuman7ਭਲਾ ਸੋਚੋ, ਜੇਕਰ ਉਹ ਕਰੋੜਾਂ ਭਗਤਜਿਹਨਾਂ ਨੂੰ ਇਨ੍ਹਾਂ ਬਾਬਿਆਂ ਨੇ ਆਪਣੇ ਪਿੱਛੇ ਲਾਇਆ ਹੋਇਆ ਹੈ ...
(22 ਅਕਤੂਬਰ 2017)

 

ਤਕਰੀਬਨ ਸੋਲਾਂ ਸਾਲ ਪਹਿਲਾਂ ਪੰਜਾਬੀ ਟ੍ਰਿਬਿਊਨ ਵਿੱਚ ਮੇਰਾ ਇੱਕ ਲੇਖ “ਬਾਬਾ ਸਿਆਸਤ ਦੀ ਪ੍ਰਫੁਲਤਾ ਦੇ ਕਾਰਨ ਅਤੇ ਲੋਕ ਮਸਲੇ” ਛਪਿਆ ਸੀ ਹੁਣ ਜਦੋਂ ਸਿਰਸੇ ਵਾਲੇ ਡੇਰਾ ਸੱਚਾ ਸੌਦਾ ਦੇ ‘ਬਾਬਾ’ ਰਾਮ ਰਹੀਮ ਸਿੰਘ ਨੂੰ ਪੰਚਕੂਲਾ ਦੀ ਸੀ.ਬੀ.ਆਈ ਕੋਰਟ ਵਲੋਂ ਰੇਪ ਕੇਸ ਦੇ ਮੁਕੱਦਮੇ ਤਹਿਤ ਦੋਸ਼ੀ ਪਾਏ ਜਾਣ ਤੋਂ ਬਾਅਦ ਮੈਂ ਆਪਣੇ ਉਪਰੋਕਤ ਲੇਖ ਨੂੰ ਦੁਬਾਰਾ ਪੜ੍ਹਿਆ ਤਾਂ ਮੈਨੂੰ ਜਾਪਿਆ ਕਿ ਜਿਵੇਂ ਇਹ ਲੇਖ ਅੱਜ ਵੀ ਉੰਨਾ ਹੀ ਢੁੱਕਵਾਂ ਹੈ, ਜਿੰਨਾ 16 ਸਾਲ ਪਹਿਲਾਂ ਸੀ ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਮਾਨਯੋਗ ਹਾਈ ਕੋਰਟ ਵਲੋਂ ਵੀ ਟਿੱਪਣੀ ਕੀਤੀ ਗਈ ਹੈ ਕਿ ਰਾਜਨੀਤਕ ਪਾਰਟੀਆਂ ਵੀ ਬਾਬਿਆਂ ਦਾ ਸਿਆਸੀ ਲਾਹਾ ਲੈਂਦੀਆਂ ਹਨ ਜ਼ਾਹਿਰ ਹੈ ਕਿ ਰਾਜਨੀਤਕ ਲਾਹਾ ਵੋਟ ਬੈਂਕ ਦੇ ਰੂਪ ਵਿੱਚ ਹੀ ਹੁੰਦਾ ਹੈ ਪਰ ਜਦੋਂ ਪੰਚਕੂਲਾ ਵਰਗੀਆਂ ਹਿੰਸਕ ਘਟਨਾਵਾਂ ਹੁੰਦੀਆਂ ਹਨ ਤਾਂ ਉਸ ਦੇ ਮਾੜੇ ਪ੍ਰਭਾਵਾਂ ਦਾ ਸ਼ਿਕਾਰ ਬਾਬਿਆਂ ਦੇ ਭਗਤ ਅਤੇ ਆਮ ਲੋਕ ਹੀ ਬਣਦੇ ਹਨ ਪੰਚਕੂਲਾ ਵਿਖੇ ਵੀ ਇਹੋ ਕੁਝ ਹੋਇਆ ਹੈ

ਜਿਵੇ ਜਿਵੇਂ ਲੋਕਾਂ ਦੀਆਂ ਆਰਥਿਕ, ਸਮਾਜਿਕ, ਤੇ ਰਾਜਨੀਤਕ ਸਭਿਆਚਾਰਕ ਸਮੱਸਿਆਵਾਂ ਵਧਦੀਆਂ ਜਾਂਦੀਆਂ ਹਨ ਅਤੇ ਰਾਜਨੀਤਕ ਨੇਤਾਵਾਂ ਅਤੇ ਸਰਕਾਰਾਂ ਪਾਸ ਉਨ੍ਹਾਂ ਦਾ ਹੱਲ ਨਹੀਂ ਹੁੰਦਾ ਜਾਂ ਫਿਰ ਉਨ੍ਹਾਂ ਪਾਸ ਲੋਕਾਂ ਦੇ ਉਪਰੋਕਤ ਮਸਲਿਆਂ ਨੂੰ ਸੁਲਝਾਉਣ ਦੀ ਇੱਛਾ ਸ਼ਕਤੀ ਨਹੀਂ ਹੁੰਦੀ ਤਾਂ ਲੋਕ ਡੇਰੇ ਵਾਲੇ ਬਾਬਿਆਂ ਦੀ ਸ਼ਰਨ ਵਿੱਚ ਜਾ ਪੰਹੁਚਦੇ ਹਨ ਜ਼ਿਕਰਯੋਗ ਹੈ ਕਿ 1991 ਦੇ ਆਰਥਿਕ ਸੁਧਾਰਾਂ ਤੋਂ ਬਾਅਦ ਅਜਿਹਾ ਵਰਤਾਰਾ ਹੋਰ ਵੀ ਵਧ ਗਿਆ ਹੈ ਰਾਜਨੀਤਕ ਪਾਰਟੀਆਂ, ਸਰਕਾਰਾਂ ਅਤੇ ਬਾਬਿਆਂ ਵਿਚਾਲੇ ‘ਤਾਲਮੇਲ’ ਵੀ ਵਧ ਗਿਆ ਹੈ, ਕਿਉਂਕਿ ਅਜਿਹੇ ਬਾਬੇ ਲੋਕਾਂ ਨੂੰ ਵਿਗਿਆਨਕ ਅਤੇ ਤਰਕਸ਼ੀਲ ਸੋਚ ਤੋਂ ਦੂਰ ਰੱਖਣ ਵਿੱਚ ਕਾਮਯਾਬ ਹੁੰਦੇ ਹਨ ਭਲਾ ਸੋਚੋ, ਜੇਕਰ ਉਹ ਕਰੋੜਾਂ ਭਗਤ, ਜਿਹਨਾਂ ਨੂੰ ਇਨ੍ਹਾਂ ਬਾਬਿਆਂ ਨੇ ਆਪਣੇ ਪਿੱਛੇ ਲਾਇਆ ਹੋਇਆ ਹੈ, ਆਪਣੇ ਮਸਲਿਆਂ ਅਤੇ ਸਮੱਸਿਆਵਾਂ ਦਾ ਵਿਗਿਆਨਕ ਅਤੇ ਤਰਕਸ਼ੀਲ ਢੰਗ ਨਾਲ ਵਿਸਲੇਸ਼ਣ ਕਰਨ ਲੱਗ ਪਏ ਤਾਂ ਵਕਤ ਕਿਸ ਨੂੰ ਪਏਗਾ? ਜ਼ਾਹਿਰ ਹੈ ਕਿ ਸਰਕਾਰਾਂ ਅਤੇ ਰਾਜਨੀਤਕ ਪਾਰਟੀਆਂ ਨੂੰ ਹੀ ਵਕਤ ਪਏਗਾ ਅਤੇ ਉਨ੍ਹਾਂ ਨੂੰ ਲੋਕਾਂ ਦੇ ਮਸਲਿਆਂ ਅਤੇ ਸਮੱਸਿਆਵਾਂ ਬਾਰੇ ਜਵਾਬਦੇਹ ਹੋਣਾ ਪਵੇਗਾ ਇਸ ਤੋਂ ਬਚਣ ਲਈ ਹੀ ਰਾਜਨੀਤਕ ਨੇਤਾਵਾਂ ਅਤੇ ਬਾਬਿਆਂ ਵਿਚਾਲੇ ਤਾਲਮੇਲ ਵਧ ਰਿਹਾ ਹੈ

ਜੋ ਮੁੱਦੇ ਅਤੇ ਸਵਾਲ ਮੈਂ ਨਵੰਬਰ 2001 ਦੇ ਲੇਖ ਵਿੱਚ ਉਭਾਰੇ ਸਨ ਉਹ ਅਜੋਕੀਆਂ ਪ੍ਰਸਥਿਤੀਆਂ ਵਿੱਚ ਹੋਰ ਵੀ ਪ੍ਰਸੰਗਿਕ ਹਨ

**

ਮਸਲਾ ਬਹੁਤ ਗੰਭੀਰ ਅਤੇ ਟੇਢਾ ਹੈ ਸ਼ਾਇਦ ਹੀ ਕੋਈ ਸਮਾਜ ਹੋਵੇ ਜਿੱਥੇ ਇਹ ਬਾਬੇ ਮੌਜੂਦ ਨਾ ਹੋਣ ਪੰਜਾਬ ਵਿਚ ਵੀ ਇਨ੍ਹਾਂ ਦੀ ਬਹੁਤਾਤ ਹੈ ਪੰਜਾਬ ਭਾਰਤ ਦਾ ਇਕ ਨਿੱਕਾ ਜਿਹਾ ਸੂਬਾ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਬਾਬੇ, ਸੰਤ, ਮਹੰਤ, ਮਹਾਤਮਾ, ‘ਮਹਾਪੁਰਸ਼’, ਸਿਆਣੇ ਆਦਿ ਹਰ ਰੋਜ਼ ਲੱਖਾਂ ਦੀਨ-ਦੁਖੀਆਂ ਦਾ ‘ਕਲਿਆਣ’ ਕਰ ਰਹੇ ਹਨ ਹਰ ਰੋਜ਼ ਹਜ਼ਾਰਾਂ/ਲੱਖਾਂ ਦੀ ਗਿਣਤੀ ਵਿਚ ਕਿਸਮਤ ਦੇ ਮਾਰੇ ਇਹ ਲੋਕ ਆਪਣੇ ਕਿਸੇ ਮਸਲੇ, ਬਿਮਾਰੀ, ਕਲੇਸ਼, ਸੰਕਟ, ਡਰ ਆਦਿ ਦੀ ਨਵਿਰਤੀ ਲਈ ਬਾਬਿਆਂ ਦੀਆਂ ਚੌਂਕੀਆਂ ਭਰਦੇ ਹਨ ਬਹੁਤ ਸਾਰੇ ਅਜਿਹੇ ਵੀ ਹਨ ਜੋ ਕਿਸਮਤ ਦੇ ਧਨੀ ਹੁੰਦੇ ਹਨ ਪਰ ਮਨ ਦੀ ਸ਼ਾਂਤੀ ਇਨ੍ਹਾਂ ਬਾਬਿਆਂ ਦੇ ਡੇਰਿਆਂ ਤੋਂ ਭਾਲਦੇ ਹਨ ਖਾਸ ਕਰਕੇ ਐਤਵਾਰ ਵਾਲੇ ਦਿਨ ਤਾਂ ਇਨ੍ਹਾਂ ਡੇਰਿਆਂ ਉੱਪਰ ਖਾਸ ਹੀ ਰੌਣਕਾਂ ਹੁੰਦੀਆਂ ਹਨ ਇੱਥੋਂ ਤਕ ਕਿ ਜੀ.ਟੀ. ਰੋਡ ਵਰਗੀ ਮਹੱਤਵਪੂਰਨ ਸੜਕ ਉੱਤੇ ਵੀ ਇਨ੍ਹਾਂ ਦੇ ਸ਼ਰਧਾਲੂ ਟਰੈਫਿਕ ਰੋਕ ਦਿੰਦੇ ਹਨ ਅਤੇ ਆਪਣੀ ਹੀ ‘ਪੁਲੀਸ’ ਤਾਇਨਾਤ ਕਰ ਦਿੰਦੇ ਹਨ ਇਨ੍ਹਾਂ ਬਾਬਿਆਂ ਦੇ ਡੇਰਿਆਂ ਦੀ ਹਾਜ਼ਰੀ ਸਮਾਜ ਦੇ ਹਰ ਵਰਗ ਵਿੱਚੋਂ ਲੋਕ ਹੁਮ-ਹੁਮਾ ਕੇ ਭਰਦੇ ਹਨ ਕੀ ਰਾਜਸੀ ਨੇਤਾ, ਕੀ ਵੱਡੇ ਛੋਟੇ ਅਫਸਰ ਸਾਹਿਬਾਨ, ਕੀ ਗਰੀਬ, ਕੀ ਅਮੀਰ, ਕੀ ਕਿਸਾਨ, ਕੀ ਮਜ਼ਦੂਰ, ਕੀ ਪੜ੍ਹੇ ਲਿਖੇ, ਕੀ ਅਨਪੜ੍ਹ, ਕੀ ਛੋਟੇ ਦੁਕਾਨਦਾਰ ਅਤੇ ਕੀ ਵੱਡੇ ਵਪਾਰੀ ਤੇ ਉਦਯੋਗਪਤੀ ਸਭ ਦੀ ਪ੍ਰਤਿਨਿਧਤਾ ਉੱਥੇ ਹੁੰਦੀ ਹੈ

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਸਮਾਜ ਦੇ ਹਰ ਵਰਗ ਦੇ ਲੋਕ ਇਨ੍ਹਾਂ ਬਾਬਿਆਂ ਦੇ ਡੇਰਿਆਂ ਦੀ ਹਾਜ਼ਰੀ ਭਰਦੇ ਹਨ ਤਾਂ ਉੱਥੇ ਕੁਝ ਨਾ ਕੁਝ ਤਾਂ ਅਜਿਹਾ ਹੁੰਦਾ ਹੀ ਹੋਵੇਗਾ ਜਿਸ ਤੋਂ ਪ੍ਰਭਾਵਿਤ ਹੋ ਕੇ ਇਹ ਲੋਕ ਆਪਣੇ ‘ਕੀਮਤੀ ਵਕਤ’ ਵਿੱਚੋਂ ਵਕਤ ਕੱਢ ਕੇ ਜਾਂਦੇ ਹਨ ਇਕ ਗੱਲ ਹੋਰ, ਇਹ ਲੋਕ ਕਿਸੇ ਇਕ ਧਰਮ ਦੇ ਪੈਰੋਕਾਰ ਨਹੀਂ ਹੁੰਦੇ ਹਨ ਸੋਚਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਦੇ ਆਪਣੇ ਆਪਣੇ ਧਰਮ ਗ੍ਰੰਥਾਂ ਵਿਚ ਉਨ੍ਹਾਂ ਦੇ ਮਸਲਿਆਂ ਦਾ ਹੱਲ ਮੌਜੂਦ ਹੈ ਅਤੇ ਸਹੀ ਜੀਵਨ ਜਾਂਚ ਵੀ ਦੱਸੀ ਹੋਈ ਹੁੰਦੀ ਹੈ ਪਰ ਫਿਰ ਵੀ ਇਹ ਲੋਕ ਬਾਬਿਆਂ ਦੇ ਡੇਰਿਆਂ ਤੋਂ ਮਨ ਦੀ ਸੁਖ ਸ਼ਾਂਤੀ ਅਤੇ ਦੁੱਖਾਂ ਕਲੇਸ਼ਾਂ ਦੀ ਨਵਿਰਤੀ ਭਾਲਦੇ ਹਨ ਆਖਰ ਕਿਉਂ? ਇਹ ਪਰੰਪਰਾ ਲੰਬੇ ਸਮੇਂ ਤੋਂ ਸਮਾਜ ਵਿਚ ਮੌਜੂਦ ਹੈ, ਇਸ ਲਈ ਜ਼ਾਹਿਰ ਹੈ ਕਿ ਲੋਕਾਂ ਨੂੰ ਕੁਝ ਨਾ ਕੁਝ ਤਾਂ ਇਨ੍ਹਾਂ ਡੇਰਿਆਂ ਤੋਂ ਜ਼ਰੂਰ ਅਜਿਹਾ ਪ੍ਰਾਪਤ ਹੁੰਦਾ ਹੋਵੇਗਾ, ਜੋ ਉਨ੍ਹਾਂ ਨੂੰ ਆਪਣੇ ਧਰਮ ਜਾਂ ਧਰਮ ਗ੍ਰੰਥਾਂ ਵਿੱਚੋਂ ਨਹੀਂ ਲੱਭਦਾ ਧਾਰਮਿਕ ਰਹਿਬਰਾਂ ਅਤੇ ਸਮਾਜ ਸ਼ਾਸਤਰੀਆਂ ਨੂੰ ਇਸ ਬਾਰੇ ਨਿਰੰਤਰ ਖੋਜ ਕਰਦੇ ਰਹਿਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਪਰ ਇਕ ਗੱਲ ਤਾਂ ਜ਼ਰੂਰ ਹੈ ਕਿ ਜਦੋਂ ਵੀ ਸਮਾਜ ਜਾਂ ਧਰਮ ਵਿਚ ਵਿਗੜ ਪੈਦਾ ਹੋਏ ਹਨ ਤਦੋਂ ਹੀ ਕੋਈ ਨਾ ਕੋਈ ਸੁਧਾਰ ਲਹਿਰ ਵੀ ਸ਼ੁਰੂ ਹੁੰਦੀ ਰਹੀ ਹੈ ਉਮੀਦ ਹੈ ਹੁਣ ਵੀ ਕੋਈ ਨਾ ਕੋਈ ਸੁਧਾਰ ਲਹਿਰ ਜ਼ਰੂਰ ਉੱਠੇਗੀ।

ਪੰਜਾਬ ਅੱਜ ਵੀ ਇਕ ਅਜਿਹੀ ਹੀ ਹਨੇਰੀ ਗਲੀ ਦੇ ਬੰਦ ਮੋੜ ’ਤੇ ਖੜ੍ਹਾ ਹੈ ਅੱਜ ਵੀ ਜਦੋਂ ਮਰਜ਼ੀ ਕਿਸੇ ਬਾਬੇ ਨੂੰ ਜਗਾ ਕੇ ਕੋਈ ਨਾ ਕੋਈ ਅਜਿਹਾ ਮਸਲਾ ਖੜ੍ਹਾ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਦੇ ਮਹੱਤਵਪੂਰਨ ਮਸਲੇ ਧੁਰ ਪਤਾਲ ਅੰਦਰ ਜਾ ਧਸਦੇ ਹਨ ਅਤੇ ਬਾਬਿਆਂ/ਧਰਮ ਦਾ ਮਸਲਾ ਸਾਰੇ ਮਸਲਿਆਂ ਨੂੰ ਸਰਾਲ੍ਹ ਦੀ ਤਰ੍ਹਾਂ ਨਿਗਲ ਜਾਂਦਾ ਹੈ ਲੋਕ ਮਸਲੇ, ਲੋਕ ਲਹਿਰਾਂ ਅਤੇ ਵਿਚਾਰੇ ਲੋਕ ਫਿਰ ਸਿਫਰ ’ਤੇ ਪਹੁੰਚ ਜਾਂਦੇ ਹਨ ਆਖਰ ਅਜਿਹਾ ਕਿਉਂ ਹੁੰਦਾ ਹੈ? ਇਹ ਬਾਬਾ ਸਿਆਸਤ ਹੈ ਕੀ? ਇਸ ਦੀ ਲੋੜ ਕੀ ਹੈ? ਕੌਣ ਹੈ ਜੋ ਇਨ੍ਹਾਂ ਬਾਬਿਆਂ ਅਤੇ ਇਨ੍ਹਾਂ ਦੀ ਸਿਆਸਤ ਨੂੰ ਪ੍ਰਫੁਲਤ ਕਰਦਾ ਹੈ? ਇਸ ਬਾਬਾ ਸਿਆਸਤ ਦੇ ਸਰਪ੍ਰਸਤ ਇਸ ਨੂੰ ਕਿਵੇਂ ਅਤੇ ਕਦੋਂ ਵਰਤਦੇ ਹਨ? ਇਹ ਬਾਬਾ ਸਿਆਸਤ ਆਖਰ ਸਮਾਜ ਦੇ ਕਿਸ ਧਿਰ ਦੇ ਹਿਤ ਵਿਚ ਭੁਗਤਦੀ ਹੈ? ਇਹ ਸਿਆਸਤ, ਧਰਮ, ਸਮਾਜ ਅਤੇ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜਾਂ ਫਾਇਦਾ? ਅਜਿਹੇ ਕੁਝ ਸਵਾਲ ਹਨ ਜੋ ਹਰ ਸਹੀ ਸੋਚ ਵਾਲੇ ਵਿਅਕਤੀ ਦੇ ਮਨ ਵਿਚ ਉੱਭਰਦੇ ਹਨ ਪਰ ਇਨ੍ਹਾਂ ਸਵਾਲਾਂ ਦਾ ਜਵਾਬ ਲੱਭਣਾ ਅਤੇ ਦੱਸਣਾ ਅਤਿ ਮੁਸ਼ਕਿਲ ਜਾਪਦਾ ਹੈ, ਕਿਉਂਕਿ ਇਨ੍ਹਾਂ ਸਵਾਲਾਂ ਦਾ ਜਵਾਬ ਲੱਭਣ ਅਤੇ ਦੱਸਣ ਲਈ ਹੱਕ, ਸੱਚ, ਇਨਸਾਨੀਅਤ, ਨੇਕੀ, ਇਮਾਨਦਾਰੀ ਅਤੇ ਧਰਮ ਦੇ ਰਾਹ ’ਤੇ ਚੱਲਣਾ ਪਵੇਗਾ ਪਰ ਅੱਜ ਦੇ ਸਿਆਸਤਦਾਨ, ਅਫਸਰਸ਼ਾਹੀ, ਧਾਰਮਿਕ ਨੇਤਾ, ਇੱਥੋਂ ਤਕ ਕਿ ਕੁਝ ਬੁੱਧੀਜੀਵੀ ਵੀ ਇਸ ਬਾਬਾ ਸਿਆਸਤ ਤੋਂ ਆਪਣਾ ਆਪਣਾ ਉੱਲੂ ਸਿੱਧਾ ਕਰ ਰਹੇ ਹਨ ਅੱਜ ਹਾਲਾਤ ਇੰਨੇ ਸੰਗੀਨ ਹੋ ਗਏ ਹਨ ਕਿ ਸਮਾਜ ਦਾ ਚੇਤਨ ਵਰਗ ਵੀ ਇਸ ਬਿੱਖੜੇ ਰਾਹ ਤੋਂ ਪਾਸਾ ਵੱਟਣ ਲੱਗ ਪਿਆ ਹੈ

ਗੁਰਬਾਣੀ ਵਿਚ ਜੀਵਨ ਜਿਉਣ ਦੀ ਜਾਚ ਅਤੇ ਸੱਚ ’ਤੇ ਚੱਲਣ ਦਾ ਉਪਦੇਸ਼ ਦਿੱਤਾ ਗਿਆ ਹੈ ਅਤੇ ਦੇਹਧਾਰੀ ਗੁਰੂਆਂ ਦੀ ਨਿੰਦਿਆ ਕੀਤੀ ਗਈ ਹੈ ਫਿਰ ਵੀ ਪਤਾ ਨਹੀਂ ਕਿਉਂ ਲੱਖਾਂ/ਕਰੋੜਾਂ ਲੋਕ ਹਜ਼ਾਰਾਂ/ ਲੱਖਾਂ ਬਾਬਿਆਂ ਅਤੇ ਦੇਵੀ ਦੇਵਤਿਆਂ ਦੇ ਪਿੱਛੇ ਲੱਗੇ ਹੋਏ ਹਨ?

ਸੰਗਠਤ ਸਮਾਜ ਵਿਚ ਰਹਿੰਦਿਆਂ ਮਨੁੱਖ ਨੇ ਆਪਣੇ ਜੀਵਨ ਨੂੰ ਨਿਯਮਬੱਧ ਕਰਨ ਲਈ ਹੋਰਨਾਂ ਗੱਲਾਂ ਤੋਂ ਇਲਾਵਾ ਧਰਮ ਦੀ ਉਤਪਤੀ ਕੀਤੀ ਧਰਮ ਇਕ ਜੀਵਨ ਜਾਚ ਬਣ ਗਿਆ ਪਰ ਸੱਤਾ ਦੀ ਸਿਆਸਤ ਨੇ ਧਰਮ ਨੂੰ ਨਿੱਜ ਤਕ ਸੀਮਤ ਨਹੀਂ ਰਹਿਣ ਦਿੱਤਾ ਸਗੋਂ ਆਪਣੇ ਸੁਆਰਥਾਂ ਦੀ ਪੂਰਤੀ ਲਈ ਇਸ ਨੂੰ ਇਕ ਸ਼ਕਤੀਸ਼ਾਲੀ ਹਥਿਆਰ ਦੇ ਤੌਰ ’ਤੇ ਵਰਤਣਾ ਸ਼ੁਰੂ ਕਰ ਦਿੱਤਾ ਕੌਣ ਨਹੀਂ ਜਾਣਦਾ ਕਿ ਰਾਜ ਅਤੇ ਧਰਮ ਦਾ ਮੁੱਢ ਕਦੀਮ ਤੋਂ ਹੀ ਡੂੰਘਾ ਰਿਸ਼ਤਾ ਰਿਹਾ ਹੈ ਦੋਵੇਂ ਇਕ ਦੂਸਰੇ ਦੀ ਮਦਦ ਕਰਦੇ ਰਹੇ ਹਨ, ਕਰ ਰਹੇ ਹਨ ਅਤੇ ਕਰਦੇ ਰਹਿਣਗੇ ਜਦ ਰਾਜਾ ਖਤਰੇ ਵਿਚ ਹੈ ਤਾਂ ਉਹ ਧਰਮ ਤੋਂ ਮਦਦ ਲੈਂਦਾ ਹੈ ਜਦ ਧਰਮ ਖਤਰੇ ਵਿਚ ਹੁੰਦਾ ਹੈ ਤਾਂ ਉਹ ਰਾਜੇ ਤੋਂ ਮਦਦ ਭਾਲਦਾ ਹੈ ਇਸ ਤਰ੍ਹਾਂ ਦੋਵੇਂ ਮਿਲ ਕੇ ਬਾਖੂਬੀ ਇਕ ਦੂਜੇ ਦੀ ਸਹਾਇਤਾ ਕਰਦੇ ਰਹਿੰਦੇ ਹਨ ਅੱਜ ਵੀ ਸੱਤਾ ’ਤੇ ਕਾਬਜ਼ ਹੋਣ ਲਈ ਅਤੇ ਕਾਬਜ਼ ਰਹਿਣ ਲਈ ਧਰਮ ਦਾ ਸਹਾਰਾ ਲਿਆ ਜਾ ਰਿਹਾ ਹੈ ਕਿਤੇ ਰਾਮ ਜਨਮ ਭੂਮੀ ਅਤੇ ਕਿਧਰੇ ਬਾਬਰੀ ਮਸਜਿਦ ਦੇ ਮਸਲਿਆਂ ਹੇਠ ਲੋਕਾਂ ਦੇ ਅਸਲੀ ਮੁੱਦਿਆਂ ਗਰੀਬੀ, ਬੇਰੋਜ਼ਗਾਰੀ, ਭੁੱਖਮਰੀ, ਆਰਥਿਕ ਪਾੜੇ ਆਦਿ ਨੂੰ ਤਾਂ ਬਿਲਕੁਲ ਹੀ ਲੀਹੋਂ ਲਾਹ ਦਿੱਤਾ ਜਾਂਦਾ ਹੈ

ਬਾਬਾ ਪ੍ਰਥਾ ਦੀ ਲੋਕ ਪ੍ਰਿਅਤਾ ਦੀ ਜੜ੍ਹ ਆਰਥਿਕ, ਸਮਾਜਿਕ, ਧਾਰਮਿਕ, ਸਭਿਆਚਾਰਕ ਅਤੇ ਰਾਜਨੀਤਕ ਮਸਲਿਆਂ ਵਿਚ ਪਈ ਹੋਈ ਹੈ ਨਿੱਤ ਵਧ ਰਹੀ ਬੇਰੁਜ਼ਗਾਰੀ, ਗਰੀਬੀ, ਤੰਗੀ-ਤੁਰਸ਼ੀ, ਆਰਥਿਕ ਨਾ-ਬਰਾਬਰੀ ਅਤੇ ਭੁੱਖ ਮਰੀ ਕਾਰਨ ਲੋਕ ਬਾਬਿਆਂ ਦੇ ਡੇਰਿਆਂ ਤੋਂ ਇਸ ਦਾ ਹੱਲ ਢੂੰਡਦੇ ਹਨ ਐਲੋਪੈਥੀ ਦੇ ਮਹਿੰਗੇ ਇਲਾਜ ਨਾ ਕਰਵਾ ਸਕਣ ਦੀ ਸੂਰਤ ਵਿਚ ਲੋਕ ਬਾਬਿਆਂ ਦੀ ਸੁਆਹ ਦੀ ਚੁਟਕੀ ਨਾਲ ਸਸਤਾ ਇਲਾਜ ਕਰਵਾਉਣਾ ਚਾਹੁੰਦੇ ਹਨ ਅਨਪੜ੍ਹਤਾ, ਚੇਤਨਾ ਦਾ ਨੀਵਾਂ ਪੱਧਰ, ਸਿੱਖਿਆ ਦੀ ਘਾਟ, ਸਿੱਖਿਆ ਦਾ ਪਾਠ ਕ੍ਰਮ ਅਤੇ ਨੀਵਾਂ ਪੱਧਰ, ਪਰਿਵਾਰਕ ਕਲੇਸ਼ ਆਦਿ ਬਾਬਿਆਂ ਦੀ ਹੋਂਦ ਅਤੇ ਪ੍ਰਫੁਲਤਾ ਦੇ ਸਮਾਜਕ ਕਾਰਨ ਹਨ ਧਾਰਮਿਕ ਸੰਸਕਾਰ, ਅੰਧ-ਵਿਸ਼ਵਾਸ, ਸਵਰਗ ਦੀ ਲਾਲਸਾ, ਨਰਕ ਦਾ ਡਰ, ਅਗਲਾ ਜਨਮ ਸਵਾਰਨ ਦਾ ਲਾਰਾ, ਗੈਬੀ ਸ਼ਕਤੀਆਂ ਦੀ ਹੋਂਦ ਵਿਚ ਵਿਸ਼ਵਾਸ, ਰਾਸ਼ੀਫਲ ਆਦਿ ਬਾਬਿਆਂ ਦੀ ਮਹਾਨਤਾ ਦੇ ਧਾਰਮਿਕ ਕਾਰਨ ਹਨ ਸਿਆਸੀ ਪਾਰਟੀਆਂ ਅਤੇ ਨੇਤਾਵਾਂ ਵਲੋਂ ਸਮਾਜ ਦੀ ਧਰਮ, ਜਾਤ, ਬੋਲੀ, ਰੰਗ ਰੂਪ ਅਤੇ ਲਿੰਗ ਦੇ ਆਧਾਰ ’ਤੇ ਵੰਡ, ਇਸ ਦੇ ਰਾਜਨੀਤਕ ਕਾਰਨ ਹਨ ਜੇਕਰ ਕੋਈ ਵਿਅਕਤੀ ਜਾਂ ਜਥੇਬੰਦੀ ਬਾਬਿਆਂ ਦੀਆਂ ਗਤੀਵਿਧੀਆਂ ਉਜਾਗਰ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ ਕਰਦਾ ਹੈ ਤਾਂ ਉਸ ਦੀ ਆਵਾਜ਼ ਨੂੰ ਵਿੰਗੇ-ਟੇਢੇ ਤਰੀਕੇ ਅਪਣਾ ਕੇ ਦਬਾਉਣ ਦੇ ਯਤਨ ਕੀਤੇ ਜਾਂਦੇ ਹਨ ਇੱਥੋਂ ਤਕ ਕਿ ਮੌਕੇ ਦੀਆਂ ਸਰਕਾਰਾਂ ਵਲੋਂ ਵੀ ਅਜਿਹੀਆਂ ਜਥੇਬੰਦੀਆਂ ਨੂੰ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਦਿੱਤਾ ਜਾਂਦਾ ਪੰਜਾਬ ਦੀ ਤਰਕਸ਼ੀਲ ਸੁਸਾਇਟੀ ਲਗਾਤਾਰ ਇਨ੍ਹਾਂ ਬਾਬਿਆਂ/ਸਿਆਣਿਆਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦੀ ਆ ਰਹੀ ਹੈ ਪਰ ਰਾਜਨੀਤਕ ਪਾਰਟੀਆਂ ਅਤੇ ਸਰਕਾਰਾਂ ਉਨ੍ਹਾਂ ਦੀ ਪਿੱਠ ਪੂਰਨ ਦੀ ਬਜਾਏ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕਰਦੀਆਂ ਹਨ ਲੋਕ ਲਹਿਰਾਂ ਦੀ ਘਾਟ ਵੀ ਅਜਿਹੇ ਵਰਤਾਰੇ ਲਈ ਜ਼ਿੰਮੇਵਾਰ ਹੈ

ਲੋਕਾਂ ਦੇ ਮਸਲੇ ਕਿਸੇ ਵੀ ਰਾਜਨੀਤਕ ਪਾਰਟੀ ਦੇ ਏਜੰਡੇ ’ਤੇ ਹੀ ਨਹੀਂ ਹਨ ਇਨ੍ਹਾਂ ਦਾ ਏਜੰਡਾ ਤਾਂ ਹਰ ਹੀਲੇ ਸੱਤਾ ’ਤੇ ਕਾਬਜ਼ ਰਹਿਣ ਦਾ ਹੈ, ਲੋਕ ਜਾਣ ਢੱਠੇ ਖੂਹ ਵਿਚ ਹੁਣ ਸਿਆਸਤ ਲੋਕਾਂ ਦੀ ਸੇਵਾ ਲਈ ਨਹੀਂ, ਸਗੋਂ ਲੋਕ ਸਿਆਸਤ ਲਈ ਹਨ ਪ੍ਰਸ਼ਾਸਨ ਅਤੇ ਸਰਕਾਰਾਂ ਦਾ ਲੋਕਾਂ ਦੀਆਂ ਨਿੱਤ-ਪ੍ਰਤੀ ਦੀਆਂ ਸਮੱਸਿਆਵਾਂ ਅਤੇ ਲੰਬੇ ਸਮੇਂ ਦੀਆਂ ਲੋੜਾਂ ਪ੍ਰਤੀ ਅਵੇਸਲਾਪਨ, ਰਿਸ਼ਵਤਖੋਰੀ, ਸਰਕਾਰ ਦੀ ਬਦ-ਇੰਤਜ਼ਾਮੀ, ਨਾਲਾਇਕੀ ਅਤੇ ਲਾਪ੍ਰਵਾਹੀ ਧਰਮ ਵਿਚ ਵਿਗਾੜ ਅਤੇ ਬਾਬਿਆਂ ਦੀ ਮਾਣਤਾ ਵਧਾਉਣ ਵਿਚ ਉੱਘਾ ਯੋਗਦਾਨ ਪਾਉਂਦੇ ਹਨ ਲੋਕਾਂ ਸਾਹਮਣੇ ਚਾਰ/ਪੰਜ ਰਸਤੇ ਬਚਦੇ ਹਨ:

ਇਕ: ਬਾਬਿਆਂ, ਸਾਧਾਂ ਸੰਤਾਂ, ਸਿਆਣਿਆਂ ਅਤੇ ਡੇਰਿਆਂ ਦਾ ਓਟ-ਆਸਰਾ ਭਾਲਣ

ਦੋ: ਲਾਚਾਰੀ, ਬੇਵਸੀ ਅਧੀਨ ਦਿਨ ਕਟੀ ਕਰੀ ਜਾਣ

ਤਿੰਨ: ਗਰੀਬੀ, ਲਾਚਾਰੀ, ਬੇਵਸੀ ਤੋਂ ਤੰਗ ਆ ਕੇ ਆਤਮ-ਹੱਤਿਆ ਕਰਨ

ਚਾਰ: ਖਾੜਕੂਵਾਦ ਅਤੇ ਅਤਿਵਾਦ ਦੇ ਰਾਹ ਪੈ ਜਾਣ

ਪੰਜ: ਚੇਤੰਨ ਅਤੇ ਸੰਗਠਤ ਹੋ ਕੇ ਲੋਕ ਸ਼ਕਤੀ ਉਭਾਰਨ, ਮਜ਼ਬੂਤ ਹਾਂ-ਪੱਖੀ ਲੋਕ ਲਹਿਰਾਂ ਵਿਚ ਲਾਮਬੰਦ ਹੋਣ ਅਤੇ ਰਾਜਨੀਤੀ ਵਿਚ ਨਵੀਆਂ ਉਸਾਰੂ ਪਿਰਤਾਂ ਪਾ ਕੇ ਇਸ ਨੂੰ ਸਰਬੱਤ ਦੇ ਭਲੇ ਲਈ ਵਰਤਣ

ਸੱਭਿਆ ਸਮਾਜ ਵਿਚ ਪਹਿਲੇ ਚਾਰ ਵਿਕਲਪਾਂ ਦੀ ਕੋਈ ਥਾਂ ਨਹੀਂ ਪਰ ਹਾਲਾਤ ਇੰਨੇ ਦੁੱਭਰ ਹੋ ਚੱਕੇ ਹਨ ਕਿ ਅੱਜ ਦਾ ਸਿਆਸਤਦਾਨ, ਧਾਰਮਿਕ ਆਗੂ ਅਤੇ ਧਾਰਮਿਕ ਬੁੱਧੀਜੀਵੀ ਪਹਿਲੇ ਚਾਰੇ ਵਿਕਲਪਾਂ ਤੋਂ ਨਹੀਂ ਘਬਰਾਉਂਦੇ ਅਤੇ ਇਨ੍ਹਾਂ ਪ੍ਰਤੀ ਚਿੰਤਤ ਨਜ਼ਰ ਨਹੀਂ ਆਉਂਦੇ ਹਨ ਸਗੋਂ ਪਹਿਲੇ ਚਾਰ ਵਿਕਲਪਾਂ ਤੋਂ ਸਿਆਸੀ, ਧਾਰਮਿਕ ਅਤੇ ਨਿੱਜੀ ਲਾਹਾ ਲੈਣ ਵਿਚ ਪਰਬੀਨ ਹੋ ਚੁੱਕੇ ਹਨ ਜੇ ਇਹ ਘਬਰਾਉਂਦੇ ਹਨ ਤਾਂ ਕੇਵਲ ਪੰਜਵੇਂ ਵਿਕਲਪ ਤੋਂ, ਕਿਉਂਕਿ ਚੇਤਨ ਲੋਕ ਸ਼ਕਤੀ ਅਤੇ ਹਾਂ ਪੱਖੀ ਲੋਕ ਲਹਿਰਾਂ ਤੋਂ ਹੀ ਇਹ ਆਪਣੀ ਪ੍ਰਭੂਸੱਤਾ ਨੂੰ ਖਤਰਾ ਮਹਿਸੂਸ ਕਰਦੇ ਹਨ ਪਰ ਇਹ ਇੰਨੇ ਹੁਸ਼ਿਆਰ ਅਤੇ ਚੁਸਤ ਹਨ ਕਿ ਹਰ ਸੰਭਵ ਯਤਨ ਕਰਦੇ ਹਨ ਕਿ ਕਿਵੇਂ ਨਾ ਕਿਵੇਂ ਲੋਕ ਲਹਿਰਾਂ ਅਤੇ ਲੋਕਾਂ ਦੇ ਉਭਾਰ ਨੂੰ ਆਪਣੇ ਸੌੜੇ ਸਿਆਸੀ ਅਤੇ ਨਿੱਜੀ ਹਿਤਾਂ ਅਤੇ ਮੰਤਵਾਂ ਲਈ ਵਰਤ ਲਿਆ ਜਾਵੇ ਅਜਿਹੀ ਹਾਲਤ ਵਿਚ ਇਹ ਆਪਣੀ ਸਰਪ੍ਰਸਤੀ ਹੇਠ ਕੰਮ ਕਰ ਰਹੇ ਕਿਸੇ ਨਾ ਕਿਸੇ ਬਾਬੇ, ਸਿਆਣੇ, ਸਾਧ, ਸੰਤ ਦਾ ਸਿਵਾ ਜਗਾ ਲੈਂਦੇ ਹਨ ਅਤੇ ਕੋਈ ਨਾ ਕੋਈ ਅਜਿਹਾ ਸੇਹ ਦਾ ਤੱਕਲਾ ਗੱਡ ਦਿੰਦੇ ਹਨ, ਜਿੱਥੇ ਇਨ੍ਹਾਂ ਦੇ ਵਿਰੁੱਧ ਅਤੇ ਲੋਕਾਂ ਦੇ ਹੱਕ ਵਿਚ ਉੱਠਿਆ ਰੋਹ ਅਤੇ ਜਨਤਕ ਲਾਮਬੰਦੀ ਦਾ ਰੁਖ ਇਨ੍ਹਾਂ ਤੋਂ ਹੱਟ ਕੇ ਆਪਣੇ ਧਰਮ ਨੂੰ ਬਚਾਉਣ ਵੱਲ ਹੋ ਜਾਂਦਾ ਹੈ ਇਹ ਮਹਾਨ ਵਿਅਕਤੀ ਕੋਈ ਨਾ ਕੋਈ ਅਜਿਹਾ ਮੁੱਦਾ ਖੜ੍ਹਾ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ ਜਿਸ ਦੇ ਇਕ ਝਟਕੇ ਨਾਲ ਲੋਕਾਂ ਦੇ ਮੁੱਦੇ ਡੂੰਘੇ ਸਮੁੰਦਰ ਵਿਚ ਜਾ ਗਿਰਦੇ ਹਨ

ਅਜਿਹਾ ਵਰਤਾਰਾ ਸੱਤਾ ਦੀ ਖੇਡ ਵਿਚ ਰੁੱਝੀ ਹਰ ਸਿਆਸੀ ਪਾਰਟੀ (ਆਪਣੇ ਸਹਿਯੋਗੀਆਂ ਦੀ ਮਦਦ ਨਾਲ ਅਤੇ ਸਹਿਯੋਗੀ ਹੁੰਦੇ ਹਨ ਬਾਬਾ, ਸੰਤ, ਮਹਾਤਮਾ, ਸਿਆਣੇ ਅਤੇ ਉਨ੍ਹਾਂ ਦੇ ਬੁੱਧੀਜੀਵੀ) ਸਮੇਂ ਸਮੇਂ ਵਰਤਾਉਂਦੀ ਰਹਿੰਦੀ ਹੈ ਇਹ ਵਰਤਾਰਾ ਪਿੰਡ ਤੋਂ ਸ਼ੁਰੂ ਹੋ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤਕ ਚੱਲਦਾ ਹੈ ਆਜ਼ਾਦੀ ਦੇ 55 ਸਾਲ ਬਾਅਦ ਵੀ ਭਾਰਤ ਦੀ ਰਾਜਨੀਤੀ ਦੀਆਂ ਜੜ੍ਹਾਂ ਗਊ ਮਾਤਾ ਦੀ ਪੂਛ, ਬੀੜੀ ਅਤੇ ਸੂਰ ਦੇ ਕੰਨ ਨਾਲ ਹਿਲਾਈਆਂ ਜਾ ਸਕਦੀਆਂ ਹਨ ਕਿਸੇ ਵੀ ਧਰਮ ਦੇ ਧਾਰਮਿਕ ਸਥਾਨ ਅਤੇ ਧਾਰਮਿਕ ਗ੍ਰੰਥ ਦੀ ਬੇਅਦਬੀ ਨਾਲ ਸਮੁੱਚੀ ਮਾਨਵਤਾ ਨੂੰ ਫਿਰਕੂਪਣੇ ਦੀ ਭੱਠੀ ਵਿਚ ਝੋਕਿਆ ਜਾ ਸਕਦਾ ਹੈ ਅਜਿਹੇ ਮਸਲਿਆਂ ਨੂੰ ਨਜਿੱਠਣ ਲਈ ਸਰਕਾਰ ਸਿਆਸੀ ਪਾਰਟੀਆਂ, ਧਾਰਮਿਕ ਜਥੇਬੰਦੀਆਂ ਅਤੇ ਹੋਰ ਲੋਕਾਂ ਦਾ ਕਿੰਨਾ ਕੀਮਤੀ ਵਕਤ ਅਤੇ ਧਨ ਅਜਾਈਂ ਚਲਾ ਜਾਂਦਾ ਹੈ, ਕਦੇ ਕਿਸੇ ਨੇ ਸੋਚਣ ਦੀ ਖੇਚਲ ਕੀਤੀ ਹੈ?

ਮਸਲਾ ਬਹੁਤ ਸੰਜੀਦਾ ਹੈ ਇਕ ਪਾਸੇ ਸਮਾਜ ਨੂੰ ਸ਼ਾਂਤ ਅਤੇ ਰਹਿਣਯੋਗ ਥਾਂ ਬਣਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਮਸਲਿਆਂ ਨੂੰ ਸੁਲਝਾਉਣ ਦਾ ਸਵਾਲ ਅਤੇ ਦੂਜੇ ਪਾਸੇ ਉਪਰੋਕਤ ਵਰਤਾਰੇ ਨਾਲ ਨਜਿੱਠਣ ਦਾ ਮਸਲਾ ਇਸ ਲਈ ਮਜ਼ਬੂਤ ਅਤੇ ਨਿੱਗਰ ਲੋਕ ਲਹਿਰਾਂ ਉਸਾਰਨ ਦੀ ਲੋੜ ਹੈ ਸਮਾਜ ਨੂੰ ਜਾਗਰੂਕ ਅਤੇ ਚੇਤਨ ਕਰਨ ਦੀ ਲੋੜ ਹੈ ਗਿਆਨ ਰੂਪੀ ਦੀਵੇ ਨਾਲ ਹਨੇਰਾ ਦੂਰ ਕਰਨ ਦੀ ਲੋੜ ਹੈ। ਪਰ ਇਸ ਸਾਰੇ ਵਰਤਾਰੇ ਵਿਚ ਇਹ ਬਿਲਕੁਲ ਨਹੀਂ ਸਮਝ ਲੈਣਾ ਚਾਹੀਦਾ ਕਿ ਧਰਮ ਅਤੇ ਰਾਜਨੀਤੀ ਲੋਕਾਂ ਦੇ ਮਸਲਿਆਂ ਦੇ ਉਲਟ ਹਨ ਧਰਮ ਅਤੇ ਰਾਜਨੀਤੀ ਨੂੰ ਅੰਨ੍ਹੇਵਾਹ ਨਿੰਦਣਾ, ਕੋਈ ਠੀਕ ਗੱਲ ਨਹੀਂ। ਹਰ ਸਮਾਜ ਲਈ ਧਰਮ ਅਤੇ ਰਾਜਨੀਤੀ ਜ਼ਰੂਰੀ ਹਨ ਧਰਮ ਜੀਵਨ ਜਾਚ ਸਿਖਾਉਂਦਾ ਹੈ ਅਤੇ ਹਰ ਵਿਅਕਤੀ ਦਾ ਨਿੱਜੀ ਮਸਲਾ ਹੈ ਪਰ ਇਸ ਨੂੰ ਦੂਜੇ ਧਰਮਾਂ ਜਾਂ ਵਿਅਕਤੀਆਂ ਨੂੰ ਨੀਵਾਂ ਦਿਖਾਉਣ ਜਾਂ ਦੂਜੇ ਧਰਮ ਦੇ ਪੈਰੋਕਾਰਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਵਰਤਣਾ ਚਾਹੀਦਾ ਅਤੇ ਨਾ ਹੀ ਧਾਰਮਿਕ ਨੇਤਾਵਾਂ, ਮੂਲਵਾਦੀਆਂ ਅਤੇ ਰਾਜਨੀਤਕ ਨੇਤਾਵਾਂ ਨੂੰ ਧਰਮ ਨੂੰ ਇਕ ਹਥਿਆਰ ਦੇ ਰੂਪ ਵਿਚ ਵਰਤਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਦਰਅਸਲ ਨਾ ਤਾਂ ਧਰਮ ਅਤੇ ਨਾ ਹੀ ਸਿਆਸਤ ਆਪਣੇ ਆਪ ਵਿਚ ਮਾੜੇ ਹਨ ਜੇ ਮਾੜੇ ਹਨ ਤਾਂ ਉਹ ਧਾਰਮਿਕ ਅਤੇ ਰਾਜਨੀਤਕ ਨੇਤਾ ਜੋ ਧਰਮ ਨੂੰ ਲੋਕਾਂ ਵਿਚ ਵੰਡੀਆਂ ਪਾਉਣ ਅਤੇ ਲੜਾਉਣ ਲਈ ਵਰਤਦੇ ਹਨ ਅਤੇ ਹਮੇਸ਼ਾ ਆਪਣੀ ਚੌਧਰ ਬਣਾਈ ਰੱਖਣ ਦੇ ਚੱਕਰ ਵਿਚ ਧਰਮ ਅਤੇ ਸਿਆਸਤ ਦੀ ਵੇਦੀ ’ਤੇ ਲੋਕਾਂ ਦੀ ਬਲੀ ਚੜ੍ਹਾਉਂਦੇ ਰਹਿੰਦੇ ਹਨ ਅੱਜ ਅਜਿਹੇ ਅਨਸਰਾਂ ਨੂੰ ਪਛਾਣਨ ਅਤੇ ਨਿਖੇੜਨ ਦੀ ਲੋੜ ਹੈ ਧਰਮ ਅਤੇ ਰਾਜਨੀਤੀ ਦੀ ਵਾਗਡੋਰ ਉਨ੍ਹਾਂ ਲੋਕਾਂ ਦੇ ਹੱਥ ਵਿਚ ਦੇਣ ਦੀ ਲੋੜ ਹੈ ਜੋ ਲੋਕਾਂ ਨੂੰ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਆਪਣਾ ਧਾਰਮਿਕ ਅਤੇ ਰਾਜਨੀਤਕ ਏਜੰਡਾ ਬਣਾਉਣ ਅਤੇ ਸਮੁੱਚੇ ਦੇਸ਼ ਨੂੰ ਅੱਗੇ ਲਿਜਾਣ

*****

(871)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਡਾ. ਰਣਜੀਤ ਸਿੰਘ ਘੁੰਮਣ

ਡਾ. ਰਣਜੀਤ ਸਿੰਘ ਘੁੰਮਣ

Patiala, Punjab,India.
(91 - 98722 - 20714)
Email: (ghumanrs@yahoo.co.uk)